.

ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਬੰਧ ਰਾਜਨੀਤਕਾਂ ਦੇ ਹੱਥ ਕਿਉਂ?
ਗੁਰਚਰਨ ਸਿੰਘੇਕਾ ਪੱਖੋਕਲਾਂ ਮੋ; 9417727245

ਸਿੱਖ ਧਰਮ ਤੋਂ ਬਿਨਾਂ ਦੁਨੀਆਂ ਦੇ ਕਿਸੇ ਭੀ ਧਰਮ ਦੇ ਪ੍ਰਬੰਧਕ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ ਫਿਰ ਇਹ ਅਖੌਤੀ ਲੋਕਤੰਤਰ ਤਰੀਕਾ ਸਿੱਖਾਂ ਉਪਰ ਹੀ ਕਿਉਂ ਥੋਪਿਆ ਹੋਇਆ ਹੈ? ਦੁਨੀਆ ਦੇ ਵਿੱਚ ਅੱਜ ਤੱਕ ਕੋਈ ਇੱਕ ਭੀ ਧਾਰਮਿਕ ਆਗੂ ਪੈਦਾ ਨਹੀਂ ਹੋਇਆ ਜੋ ਇਸ ਤਰਾਂ ਚੋਣਾਂ ਰਾਹੀ ਅੱਗੇ ਆਇਆ ਹੋਵੇ। ਅਸਲੀ ਧਾਰਮਿਕ ਆਗੂ ਕਦੇ ਭੀ ਚੁਣੇ ਜਾਣ ਲਈ ਲੋਕਾਂ ਜਾਂ ਰਾਜਸੱਤਾ ਦੀ ਝੋਲੀ ਨਹੀਂ ਚੁੱਕਦਾ। ਧਾਰਮਿਕ ਲੋਕ ਅਜਾਦ, ਨਿਸਕਾਮ, ਤਿਆਗ ਦੀ ਮੂਰਤੀ ਹੁੰਦੇ ਹਨ। ਇਸ ਦੇ ਉਲਟ ਰਾਜਨੀਤਕ ਲੋਕ ਕਿਸੇ ਭੀ ਤਰਾਂ ਦੀ ਕੁਰਸੀ ਮੱਲਣ ਲਈ ਵਕਤੀ ਤੌਰ ਤੇ ਲੋਕ ਤਾਂ ਕੀ ਗਧੇ ਨੂੰ ਭੀ ਬਾਪ ਕਹਿ ਸਕਦੇ ਹਨ। ਕੁਰਸੀ ਮੱਲ ਲੈਣ ਤੋਂ ਬਾਅਦ ਬਾਪ ਦੇ ਭੀ ਬਾਪ ਬਣ ਜਾਂਦੇ ਹਨ। ਕਿਸੇ ਸਮੇ ਰਾਜਸੱਤਾ ਦੁਆਰਾ ਸਿੱਖ ਧਰਮ ਸਥਾਨਾਂ ਵਿੱਚ ਪੁਜਾਰੀਆਂ ਦੇ ਰੂਪ ਵਿੱਚ ਦਾਖਲ਼ ਕੀਤੇ ਗਏ ਰਾਜਭਗਤਾਂ ਨੂੰ ਕੱਢਣ ਲਈ ਧਾਰਮਿਕ ਰੁਚੀਆਂ ਵਾਲੇ ਲੋਕਾਂ ਦੁਆਰਾ ਸੰਘਰਸ ਕੀਤਾ ਗਿਆ। ਉਸ ਵਕਤ ਦੇ ਸਮੇ ਦੀ ਅੰਗਰੇਜ ਸਰਕਾਰ ਦੁਆਰਾ ਖਾੜਕੂ ਸਿੱਖ ਕੌਮ ਨੂੰ ਹੱਥੋਂ ਜਾਣ ਤੋਂ ਰੋਕਣ ਦੇ ਹਰ ਸੰਭਵ ਹੀਲੇ ਕੀਤੇ ਗਏ। ਰਾਜਨੀਤਕ ਲੋਕ ਧਾਰਮਿਕ ਸਥਾਨਾਂ ਵਿੱਚ ਦਾਖਲ ਕਰਨ ਲਈ ਹੀ ਅਖੌਤੀ ਚੋਣ ਸਿਸਟਮ ਦੀ ਪੁਸਤ ਪਨਾਹੀ ਜਾਰੀ ਰੱਖੀ। ਇਸ ਅੰਦੋਲਨ ਦੇ ਸੁਰੂਆਤੀ ਸਮੇਂ ਭਾਵੇ ਧਾਰਮਿਕ ਰੁਚੀਆਂ ਵਾਲੇ ਰਾਜਨੀਤਕ ਅੱਗੇ ਆਏ ਸਨ ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ ਇਹ ਲੋਕ ਬਾਹਰ ਹੁੰਦੇ ਗਏ ਅਤੇ ਨੀਤੀਆਂ ਦੇ ਭੇਤ ਗੁਪਤ ਰੱਖਣ ਵਾਲੇ ਰਾਜਨੀਤਕਾਂ ਨੇ ਸਾਰੀ ਤਾਕਤ ਮੱਲ ਲਈ। ਦੇਸ ਅਜਾਦ ਹੋਣ ਤੋਂ ਬਾਅਦ ਜਿਉਂ ਹੀ ਧਾਰਮਿਕ ਰੂਪ ਵਾਲੇ ਅਕਾਲੀ ਦਲ ਨੇ ਰਾਜਨੀਤੀ ਵਿੱਚ ਰੁਚੀ ਲੈਣੀ ਸੁਰੂ ਕੀਤੀ ਤਦ ਹੀ ਸਿੱਖ ਧਰਮ ਦੀ ਉਲਟੀ ਗਿਣਤੀ ਸੁਰੂ ਹੋ ਗਈ। ਸਿਆਸਤ ਦਾ ਖੁਨ ਜਿਉਂ ਹੀ ਅਕਾਲੀ ਦਲ ਦੇ ਆਗੂਆਂ ਦੇ ਮੂੰਹ ਨੂੰ ਲੱਗਿਆ ਤਦ ਹੀ ਇਹਨਾਂ ਵਿਸਾਲ ਖੁੱਲੇ ਪੰਜਾਬ ਨੂੰ ਰਾਜਨੀਤਕ ਕੁਰਸੀ ਸਾਂਭਣ ਲਈ ਟੋਟੇ ਟੋਟੇ ਕਰਵਾਉਣ ਦੀ ਮੁਹਿੰਮ ਸੁਰੂ ਕਰ ਦਿੱਤੀ। ਪੰਜਾਬ ਨੂੰ ਛੋਟਾ ਕਰਵਾਉਣ ਦੀ ਮੰਗ ਪੂਰੀ ਹੋਣ ਨਾਲ ਪੰਜਾਬੀ ਭਾਸਾ ਦੀ ਭੀ ਮੌਤ ਹੋਣੀ ਸੁਰੂ ਹੋ ਗਈ ਕਿਉਂਕਿ ਪੰਜਾਬ ਵਿੱਚੋਂ ਨਿਕਲਣ ਵਾਲੇ ਸੂਬਿਆਂ ਨੇ ਹਿੰਦੀ ਨੁੰ ਪਹਿਲ ਦੇਣੀ ਸੀ। ਸਿੱਖ ਧਰਮ ਦੀ ਜੜ ਪੰਜਾਬੀ ਭਾਸਾ ਹੀ ਹੈ। ਇਸ ਤਰਾਂ ਰਾਜਨੀਤਕਾਂ ਨੇ ਕੁਰਸੀ ਉਪਰੋਂ ਸਿੱਖ ਸਿਧਾਂਤ ਨੂੰ ਵਾਰ ਦਿੱਤਾ। ਸਿੱਖ ਸੋਚ ਦੀ ਜੜ ਗੁਰੂ ਗਰੰਥ ਜਿੰਨਾਂ ਵਧੀਆ ਪੰਜਾਬੀ ਭਾਸ਼ਾ ਵਿੱਚ ਸਮਝਿਆ ਜਾ ਸਕਦਾ ਹੈ ਕਿਸੇ ਹੋਰ ਭਾਸ਼ਾ ਵਿੱਚ ਨਹੀਂ।

1947 ਵਿੱਚ ਭੀ ਇਹਨਾਂ ਰਾਜਨੀਤਕਾਂ ਸਿੱਖਧਰਮ ਦੇ ਪ੍ਰਸਾਰ ਸੋਚ ਮੱਖ ਨਹੀਂ ਰੱਖਿਆ ਸੀ ਰਾਜਨੀਤਕ ਹਿੱਤ ਹੀ ਮੁੱਖ ਰੱਖੇ ਸਨ। 1947 ਵਿੱਚ ਜੇ ਪੰਜਾਬ ਟੋਟੇ ਨਾਂ ਹੋਣ ਦਿੱਤਾ ਹੁੰਦਾ ਤਾਂ ਜਿੱਥੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਦੀਆਂ ਪੰਜਾਬੀ ਭਾਸਾ ਨੇ ਭੀ ਵਿਸਾਲ ਇਲਾਕੇ ਵਿੱਚ ਪੈਰ ਜਮਾਈ ਰੱਖਣੇ ਸਨ। ਅੱਜ ਪਾਕਿਸਤਾਨੀ ਪੰਜਾਬ ਵਿੱਚ ਗੁਰਮੁਖੀ ਦੀ ਥਾਂ ਉਰਦੂ ਨੇ ਮੱਲ ਲਈ ਹੈ, ਹਰਿਆਣਾ, ਹਿਮਾਚਲ ਵਿੱਚ ਹਿੰਦੀ ਨੇ ਮੱਲ ਲਈ ਹੈ, ਦਿੱਲੀ, ਚੰਡੀਗੜ ਵਿੱਚ ਅੰਗਰੇਜੀ ਅਤੇ ਹਿੰਦੀ ਭਾਰੂ ਹੋ ਗਈਆਂ ਹਨ ਜਿੰਮੇਵਾਰ ਸਿੱਖ ਰਾਜਨੀਤਕ ਹੀ ਤਾਂ ਹਨ। 1000 ਕਿਲੋਮੀਟਰ ਦੇ ਘੇਰੇ ਵਿੱਚ ਵਰਤੀ ਜਾਣ ਵਾਲੀ ਭਾਸਾ ਹੁਣ 200 ਕਿਲੋਮੀਟਰ ਦੇ ਘੇਰੇ ਵਿੱਚ ਭੀ ਔਖੇ ਸਾਹ ਲੈਣ ਲੱਗ ਪਈ ਹੈ ਕਿਉਂ? ਜੇ ਪੰਜਾਬੀ ਭਾਸਾ1947 ਤੋਂ ਪਹਿਲਾਂ ਵਾਲੇ ਪੰਜਾਬ ਜਿੰਨੇ ਏਰੀਏ ਵਿੱਚ ਹੁੰਦੀ ਤਦ ਅੱਜ ਇਸ ਨੇ ਦੁਨੀਆਂ ਦੀ ਤੀਜੀ ਵੱਡੀ ਵਰਤੀ ਜਾਣ ਵਾਲੀ ਲਿਪੀ ਹੋਣਾ ਸੀ। ਜਿੰਨਾਂ ਵੱਡਾ ਘੇਰਾ ਪੰਜਾਬੀ ਲਿਪੀ ਜਾਨਣ ਵਾਲਿਆ ਦਾ ਹੁੰਦਾ ਉਹਨਾਂ ਵੱਡਾ ਘੇਰਾ ਗੁਰੂ ਗਰੰਥ ਨੂੰ ਸਮਝਣ ਵਾਲਿਆਂ ਦਾ ਹੁੰਦਾ। ਜੇ ਗੁਰੂ ਗਰੰਥ ਨੂੰ ਪੜਨ ਵਾਲਾ ਮੂਲ ਸਰੋਤ ਪੰਜਾਬੀ ਲਿਪੀ ਹੀ ਘੱਟਦਾ ਰਿਹਾ ਸਿੱਖ ਫਲਸਫੇ ਨੂੰ ਸਮਝਣ ਵਾਲਿਆਂ ਦਾ ਘੇਰਾ ਭੀ ਉਹਨਾਂ ਹੀ ਘੱਟਦਾ ਜਾਵੇਗਾ। ਸੋ ਜਿੰਨਾਂ ਚਿਰ ਸਿੱਖ ਸਰੂਪ ਵਾਲੀਆਂ ਰਾਜਨੀਤਕ ਪਾਰਟੀਆਂ ਰਹਿਣਗੀਆਂ ਸਿੱਖੀ ਪ੍ਰਚਾਰ, ਪ੍ਰਸਾਰ ਘੱਟਦਾ ਹੀ ਜਾਵੇਗਾ। ਸਿੱਖ ਫਲਸਫੇ ਦਾ ਪ੍ਰਸਾਰ ਉਨਾਂ ਵੱਧਦਾ ਜਾਵੇਗਾ ਜਿੰਨਾਂ ਪੰਜਾਬੀ ਲਿਪੀ ਦਾ ਘੇਰਾ ਵੱਧਦਾ ਜਾਵੇਗਾ। ਕਿਸੇ ਭੀ ਫਲਸਫੇ ਦਾ ਪ੍ਰਚਾਰ, ਪ੍ਰਸਾਰ ਮਨਘੜਤ ਕਥਾਂਵਾ ਸੁਣਾਕੇ ਨਹੀਂ ਹੁੰਦਾ, ਇਹ ਤਾਂ ਉਸਦੇ ਮੂਲ ਵਿਚਾਰਧਾਰਕ ਗਰੰਥ ਵਿੱਚ ਹੀ ਲੁਕਿਆ ਹੁੰਦਾ ਹੈ। ਹਰ ਮਨੁੱਖ ਮੂਲ ਨੂੰ ਆਪੋ ਆਪਣੀ ਦਿਮਾਗੀ ਤਾਕਤ ਅਨੁਸਾਰ ਮੂਲ ਗਰੰਥ ਤੋਂ ਹੀ ਸਭ ਤੋਂ ਵੱਧ ਸਮਝ ਸਕਦਾ ਹੈ, ਕਿਸੇ ਪ੍ਰਚਾਰਕ ਤੋਂ ਸੁਣਕੇ ਨਹੀਂ। ਸੋ ਕੀ ਅਸੀਂ ਕਦੀ ਸਮਝ ਸਕਾਂਗੇ ਕਿ ਜਿੰਨਾਂ ਚਿਰ ਸਿੱਖ ਧਰਮ ਦਾ ਪ੍ਰਸਾਰ ਦਾ ਕੰਮ ਰਾਜਨੀਤਕਾਂ ਹੱਥ ਰਹੇਗਾ ਇਹ ਕੌਮ ਘੱਟਦੀ ਜਾਵੇਗੀ। ਰਾਜਨੀਤੀ ਨੇ ਤਾਂ ਤਖਤਾਂ ਦੇ ਸੇਵਾਦਾਰਾਂ ਦੀ ਥਾਂ ਜਥੇਦਾਰ ਪੈਦਾ ਕਰ ਦਿੱਤੇ ਹਨ। ਜਥੇਦਾਰ ਵੀ ਉਹ ਜਿਹੜੇ ਗੁਲਾਮ ਵਿਰਤੀਆਂ ਵਾਲੇ ਰਾਜਨੀਤਕ ਹੀ ਹਨ। ਸਮੱਰਥਾ ਉਹਨਾਂ ਦੀ ਇਹ ਹੈ ਕਿ ਆਪੋ ਆਪਣੇ ਪ੍ਰੀਵਾਰਾਂ ਲਈ ਰਿਆਇਤਾਂ ਲਈ ਜਾ ਰਹੇ ਹਨ। ਕਿਸੇ ਨੇ ਮੁੰਡਾ ਨੌਕਰੀ ਲਵਾ ਲਿਆ ਕਿਸੇ ਨੇ ਕੁੜੀ, ਕਿਸੇ ਨੇ ਜਮੀਂਨਾਂ ਦੀਆਂ ਧੱਕੇ ਨਾਲ ਰਜਿਸਟਰੀਆਂ ਕਰਵਾ ਲਈਆਂ, ਕਿਸੇ ਨੇ ਔਲਾਦ ਬਾਹਰਲੇ ਮੁਲਕਾਂ ਵਿੱਚ ਸੈੱਟ ਕਰਵਾ ਲਈ। ਧਾਰਮਿਕ ਵਿਅਕਤੀ ਲੋੜਾਂ, ਪ੍ਰੀਵਾਰਾਂ, ਜਿੰਦਗੀ, ਰਾਜਨੀਤਕਾਂ ਦੇ ਗੁਲਾਮ ਨਹੀਂ ਹੁੰਦੇ। ਜਿਹੜੇ ਗੁਲਾਮ ਹੁੰਦੇ ਹਨ ਉਹ ਕਦੀ ਧਾਰਮਿਕ ਨਹੀਂ ਹੁੰਦੇ।
ਜਦ ਵੀ ਸਿੱਖ ਕੌਮ ਦੇ ਵਾਰਸ ਇਹ ਸਮਝ ਲੈਣਗੇ ਕਿ ਰਾਜਨੀਤਕਾਂ ਦੇ ਹੱਥ ਕੌਮ ਦੀ ਵਾਗਡੋਰ ਨਹੀਂ ਰਹਿਣ ਦੇਣੀ, ਗੁਰੂਘਰਾਂ ਦਾ ਪ੍ਰਬੰਧ ਚੋਣਾਂ ਰਾਹੀਂ ਰਾਜਨੀਤਕਾਂ ਹੱਥ ਨਹੀਂ ਦੇਣਾ, ਅਜਾਦ ਧਾਰਮਿਕ, ਨਿਸਕਾਮ ਸੇਵਾਦਾਰ ਹੀ ਗੁਰੂ ਘਰਾਂ ਦੇ ਪ੍ਰਬੰਧਕ ਬਣਾਉਣੇ ਹਨ ਤਦ ਹੀ ਸਿੱਖੀ ਦੀ ਚੜਦੀ ਕਲਾ ਸੁਰੂ ਹੋ ਜਾਣੀ ਹੈ।
ਪਤਾ; ਪਿੰਡ ਪੱਖੋਕਲਾਂ ਜਿਲਾ ਬਰਨਾਲਾ ਮੋ 9417727245
.