.

“ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਭਾਗ ਤੀਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਭਾਗ ਦੋ ਤੋਂ ਅੱਗੇ)

ਗੁਰਮਤਿ ਪਾਠ ਨੰ: ੨੧੩ ਦੇ ਪਹਿਲੇ ਦੋ ਭਾਗਾਂ `ਚ, “ਗੁਰੂ ਦਰ ਨਾਲ ਸਬੰਧਤ, ਸਿੱਖ ਤੇ ਗੁਰੂ ਵਾਲੇ ਰਿਸ਼ਤੇ ਲਈ, ਗੁਰਬਾਣੀ `ਚ’ ਵਰਤੇ ਗਏ ਸ਼ਬਦ ‘ਗੁਰੂ’ ਸਬੰਧੀ ਵਿਚਾਰ ਕਰ ਚੁੱਕੇ ਹਾਂ। ਇਹ ਵੀ ਸਮਝ ਚੁੱਕੇ ਹਾਂ ਕਿ ਅਜਿਹਾ ਗੁਰਬਾਣੀ ਆਧਾਰਤ ‘ਗੁਰੂ’ ਵਿਸ਼ੇਸ਼, ਨਿਵੇਕਲਾ ਤੇ ਗੁਰਬਾਣੀ `ਚ, ਇਸ ਪੱਖੋਂ ‘ਗੁਰੂ’ ਪਦ ਬਿਲਕੁਲ ਨਵੀਨ ਅਰਥਾਂ `ਚ ਹੈ।

ਗੁਰਬਾਣੀ ਅਧਾਰਤ ਗੁਰੂ ਪਦ ਅਤੇ ਅਜੌਕਾ ਦੁਖਾਂਤ-ਇਸ ਲਈ ਗੁਰਬਾਣੀ ਅਰਥ ਵਿਚਾਰ ਸਮੇਂ, ਜੇ ਕਰ ਲੇਸ਼ ਮਾਤ੍ਰ ਵੀ ਪੁਰਾਤਨ ਪ੍ਰਭਾਵਾਂ `ਚ ਗੁਰੂ ਪਦ ਦੇ ਅਰਥ ਲੈ ਲਏ ਜਾਂਦੇ ਹਣ; ਤਾਂ ਅਜਿਹੀ ਅਰਥ-ਵਿਆਖਿਆ ਗੁਰੂ ਕੀਆਂ ਸੰਗਤਾਂ ਤੇ ਬੁਲਾਰੇ ਦੋਨਾਂ ਪਾਸਿਓਂ, ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਦੁਰੇਡੇ ਲੈ ਜਾਣ ਦਾ ਹੀ ਕਾਰਨ ਬਣੇ ਗੀ। ਇਸ ਤੋਂ ਇਲਾਵਾ ਦੂਜੀ ਗੱਲ ਇਹ ਵੀ ਹੈ ਕਿ ਇਸ ਤਰ੍ਹਾਂ ਗੁਰਬਾਣੀ `ਚ, ਗੁਰਦੇਵ ਸੰਗਤਾਂ ਨੂੰ ਕੀ ਆਦੇਸ਼ ਤੇ ਸਿਖਿਆ ਦੇ ਰਹੇ ਹਨ, ਜਗਿਆਸੂ ਨੂੰ ਸਪਸ਼ਟ ਹੀ ਨਹੀਂ ਹੋ ਸਕੇਗੀ।

ਦਰਅਸਲ ਅਜੋਕੇ ਸਮੇਂ ਸਾਡੇ ਨਾਲ ਸਭ ਤੋਂ ਵੱਡਾ ਜੋ ਦੁਖਾਂਤ ਵਾਪਰ ਰਿਹਾ ਹੈ ਉਹ ਮੁੱਖ ਤੌਰ `ਤੇ ਇਹੀ ਹੈ। ਅੱਜ ਸਾਡੀਆਂ ਸੰਪੂਰਣ ਗੁਰਬਾਣੀ ਕਥਾਵਾਂ, ਕੀਰਤਨ ਅਤੇ ਗੁਰਬਾਣੀ ਦੇ ਜੋ ਪਾਠ ਹੋ ਰਹੇ ਹਨ, ਇਸ ਦੌਰਾਨ ਜੇਕਰ ੧੦੦% ਨਹੀਂ ਤਾਂ ਵੀ ੯੯. ੯% ਮਨਾਂ `ਤੇ ਗੁਰੂ ਪਦ ਦੇ ਅਰਥਾਂ ਦਾ ਪ੍ਰਭਾਵ ਪੁਰਾਤਨ ਤੇ ਪ੍ਰਚਲਤ ਹੀ ਚੱਲ ਰਿਹਾ ਹੁੰਦਾ ਹੈ। ਇਸ ਸਬੰਧ `ਚ, ਫ਼ਿਰ ਚਾਹੇ ਸਰੋਤੇ ਹੋਣ ਜਾਂ ਵੱਕਤੇ, ਗੱਲ ਦੋਵੇਂ ਪਾਸੇ ਇਕੋ ਹੀ ਹੁੰਦੀ ਹੈ ਭਾਵ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਜੀਵਨ ਦੀ ਤਿਆਰੀ ਹੀ ਸੰਭਵ ਨਹੀਂ।

ਦੂਜੇ ਪਾਸੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੱਕ, ਗੁਰੂ ਪ੍ਰਵਾਰਾਂ `ਚੋਂ ਹੀ ਦੰਭੀ ਤੇ ਪਾਖੰਡੀ ਗੁਰੂ ਪ੍ਰਗਟ ਹੁੰਦੇ ਰਹੇ, ਪਰ ਉਹਨਾਂ `ਚੋਂ ਇੱਕ ਵੀ ਸਫ਼ਲ ਨਾ ਹੋਇਆ। ਉਸ ਦਾ ਕਾਰਨ ਇੱਕੋ ਸੀ ਕਿ ਉਸ ਸਮੇਂ ਗੁਰੂ ਕੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਸਪਸ਼ਟ ਕੀਤਾ ਜਾ ਰਿਹਾ ਸੀ ਕਿ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਕਿਸ ‘ਗੁਰੂ ਨਾਲ ਜੋੜਿਆ ਜਾ ਰਿਹਾ ਹੈ’ ? ਇਸ ਤੋਂ ਇਲਾਵਾ ਗੁਰਬਾਣੀ ਰਾਹੀਂ ਕਿਸ ਗੁਰੂ ਦੀ ਆਗਿਆ `ਚ ਚਲਣ ਲਈ ਸੰਗਤਾਂ ਨੂੰ ਆਦੇਸ਼ ਕੀਤਾ ਜਾ ਰਿਹਾ ਹੈ?

ਇਸ ਦੇ ਉਲਟ ਗਹੁ ਨਾਲ ਵਿਚਾਰਿਆ ਜਾਵੇ ਤਾਂ ਅੱਜ ਜੇਕਰ ਗੁਰਦੁਆਰਿਆਂ `ਚੋਂ ਵੀ ਗੁਰੂ ਦੇ ਲੜ ਲਗਣ ਲਈ ਪ੍ਰੇਰਣਾ ਹੋ ਰਹੀ ਹੋਵੇ; ਤਾਂ ਉਸ ਦਾ ਵੀ ਬਹੁਤਾ ਲਾਭ ਪਾਖੰਡੀਆਂ ਨੂੰ ਹੀ ਹੋ ਰਿਹਾ ਹੁੰਦਾ ਹੈ। ਕਿਉਂਕਿ ਇੱਕ ਪਾਸੇ ਤਾਂ ਸੰਗਤਾਂ ਨੂੰ ਗੁਰੂ ਦੇ ਲੜ ਲਗਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੁੰਦਾ ਹੈ। ਜਦਕਿ ਇਥੇ ਵੀ ਸੰਗਤਾਂ ਨੂੰ ਇਹ ਸਪਸ਼ਟ ਨਹੀਂ ਹੋ ਰਿਹਾ ਹੁੰਦਾ ਕਿ ਗੁਰਬਾਣੀ ਅਨੁਸਾਰ ਸਿੱਖ ਨੂੰ ਕਿਸ ਗੁਰੂ ਦੇ ਲੜ ਲਗਣ ਲਈ ਪ੍ਰੇਰਿਆ ਗਿਆ ਹੈ? ਉਪ੍ਰੰਤ ਪੁਰਾਤਨ ਗੁਰੂ ਪਦ ਤੇ ਗੁਰਬਾਣੀ ਰਾਹੀਂ ਪ੍ਰਗਟ ਗੁਰੂ `ਚ ਫ਼ਰਕ ਕਿੱਥੇ ਹੈ? ਭਾਵ ਪ੍ਰਚਲਤ ਤੇ ਪੁਰਾਤਨ ਸਮੇਂ ਤੋਂ ਦਿੱਤੇ ਜਾ ਰਹੇ ਵਿਸ਼ਵਾਸਾਂ ਅਨੁਸਾਰ ਗੁਰੂ ਤੇ ਸਿੱਖ ਲਈ ਗੁਰਬਾਣੀ ਅਨੁਸਾਰ ਜਿਸ ਨਿਵੇਕਲੇ ਤੇ ਵਿਸ਼ੇਸ਼ ਗੁਰੂ ਦੀ ਗੱਲ ਹੈ, ਦੋਨਾਂ `ਚ ਫ਼ਰਕ ਕੀ ਹੈ? ਉਸੇ ਦਾ ਨਤੀਜਾ ਅੱਜ ਸਾਡੀਆਂ ਹੀ ਅਜਿਹੀਆਂ ਬਹੁਤੀਆਂ ਕਥਾਵਾਂ ਦਾ ਵੀ ਬਹੁਤਾ ਕਰਕੇ ਲਾਭ ਦੰਭੀਆਂ ਤੇ ਪਾਖੰਡੀਆਂ ਨੂੰ ਹੀ ਪੁੱਜ ਰਿਹਾ ਹੁੰਦਾ ਹੈ।

ਇਤਨਾ ਹੀ ਨਹੀਂ, ਬਲਕਿ ਪਹਿਲੇ ਪਾਤਸ਼ਾਹ ਤੋਂ ਦਸਮੇਸ਼ ਪਿਤਾ ਤੱਕ, ਗੁਰੂ ਕੀਆਂ ਸੰਗਤਾਂ ਨੂੰ ਅਕਾਲਪੁਰਖ ਦੇ ਮਿਲਾਵੇ ਤੇ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਨਾਲ ਜੋੜਣ ਸਮੇਂ, ਦਸਾਂ ਹੀ ਪਾਤਸ਼ਾਹੀਆਂ ਨੇ ਆਪਣੇ ਪਰਮ ਪਵਿਤ੍ਰ ਤੇ ਪਰਮ ਸਤਿਕਾਰ ਜੋਗ, ਸਰੀਰਾਂ ਨੂੰ ਵੀ ਵਿੱਚ ਨਹੀਂ ਸੀ ਆਉਣ ਦਿੱਤਾ। ਕਮਾਲ ਤਾਂ ਇਹ ਹੋ ਰਹੀ ਹੈ ਕਿ ਅਜੋਕੀਆਂ ਸੰਗਤਾਂ ਵਿਚਕਾਰ ਗੁਰਬਾਣੀ-ਗੁਰੂ ਰਾਹੀਂ ਪ੍ਰਗਟ ‘ਗੁਰੂ ਤੇ ਸਿੱਖ’ ਵਿਚਲੇ ‘ਗੁਰੂ’ ਪਦ’ ਬਾਰੇ ਸਪਸ਼ਟਤਾ ਤੇ ਗੁਰੂ ਕੀਆਂ ਸੰਗਤਾਂ ਨੂੰ ਠੀਕ ਸੇਧ ਨਾ ਮਿਲਣ ਕਰਕੇ ਹੀ ਗੁਰੂ ਕਾ ਪੰਥ ਦੋ ਪਾਸਿਆਂ ਤੋਂ ਭਾਰੀ ਨੁਕਸਾਨ ਉਠਾ ਰਿਹਾ ਹੈ, ਅਤੇ ਇਹ ਦੋ ਪਾਸੇ ਹਨ:-

ਪਹਿਲਾ- ਗੁਰੂ ਕੀਆਂ ਸੰਗਤਾਂ ਵਿਚਕਾਰ ਅੱਜ ਨਿੱਤ ਨਵੇਂ ਗੁਰੂ ਡੰਮ ਤੇ ਦੰਭੀ ਗੁਰੂ ਪ੍ਰਗਟ ਹੋ ਰਹੇ ਹਨ। ਇਹ ਪਾਖੰਡੀ, ਗੁਰਬਾਣੀ ਦਾ ਚੋਲਾ ਪਾ ਕੇ ਤੇ ਨਾਲ ਨਾਲ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਦਾ ਚੋਗਾ ਪਾ ਕੇ ਦਿਨ ਦੀਵੀਂ ਲੁੱਟ ਰਹੇ ਹਨ। ਇਹ ਲੋਕ, ਸੰਗਤਾਂ ਵਿਚਾਲੇ ਅਜੋਕੀ ਗੁਰਬਾਣੀ ਗਿਆਨ, ਅਰਥ ਵਿਚਾਰ ਤੇ ਗੁਰਬਾਣੀ ਜੀਵਨ ਦੀ ਘਾਟ ਦਾ ਪੂਰਾ-ਪੂਰਾ ਲਾਭ ਲੈ ਰਹੇ ਹਨ। ਉਸੇ ਦਾ ਨਤੀਜਾ, ਇਹ ਲੋਕ ਬਰਸਾਤੀ ਖੁੰਬਾ ਦੀ ਤਰ੍ਹਾਂ ਨਿੱਤ ਵਾਧ-ਫੁਲ ਰਹੇ ਤੇ ਦੂਜੇ ਪਾਸੇ ਗੁਰਦੁਆਰੇ ਖਾਲੀ ਪਏ ਹਨ। ਇਹਨਾ ਦੀਆਂ ਆਪਣੀਆਂ ਗੋਗੜਾਂ ਤਾਂ ਵੱਡੀਆਂ ਹੋ ਰਹੀਆਂ, ਜਦਕਿ ਗੁਰੂ ਕੀਆਂ ਸੰਗਤਾਂ ਉਹਨਾਂ ਹੱਥੋਂ ਦਬਾ-ਦਬ ਲੁੱਟੀਆਂ ਜਾ ਰਹੀਆਂ ਹਨ।

ਇਹ ਲੋਕ ਸੰਗਤਾਂ ਨੂੰ ਕਰਮਕਾਂਡਾਂ, ਟੂਣਿਆਂ-ਤਾਬੀਤਾਂ, ਮੰਗਾਂ-ਤ੍ਰਿਸ਼ਨਾ ਦੇ ਜਾਲ `ਚੋਂ ਕਢਣ ਦੀ ਬਜਾਏ ਉਲਟ ਫ਼ਸਾ ਰਹੇ ਹਨ। ਉਹਨਾਂ ਦੇ ਪਲਾਟਾਂ, ਜ਼ਮੀਨਾਂ, ਫ਼ਸਲਾਂ ਤੇ ਕੋਠੀਆਂ ਤੱਕ ਹੀ ਨਹੀਂ; ਬਲਕਿ ਉਹਨਾਂ ਦੇ ਪ੍ਰਵਾਰਾਂ ਦੀਆਂ ਜੁਆਣੀਆਂ (ਬੱਚੇ ਤੇ ਬੱਚੀਆਂ) ਦੇ ਬਰੇਨ-ਵਾਸ਼ ਕਰਕੇ, ਆਪਣੇ ਚੁੰਗਲ `ਚ ਫ਼ਸਾ ਰਹੇ ਹਨ। ਉਪ੍ਰੰਤ ਉਹਨਾਂ ਤੋਂ ‘ਗੁਰੂ’ ਤੇ ਗੁਰੂ ਘਰ ਦੀ ਸੇਵਾ’ ਦੇ ਨਾਮ `ਤੇ, ਆਪਣੀਆਂ ਬੇਅੰਤ ਲੋੜਾਂ ਪੂਰੀਆਂ ਕਰ ਰਹੇ ਹਨ। ਹੋਰ ਤਾਂ ਹੋਰ, ਭਾਵੇਂ ਸਾਰੇ ਨਹੀਂ ਪਰ ਇਹਨਾ `ਚੋਂ ਹ ਉਹ ਵੀ ਜੋ ਉਹਨਾਂ ਬੱਚਿਆਂ `ਚੋਂ ਬਹੁਤਿਆਂ ਨੂੰ ਪਤਿਤਪੁਣੇ ਵੱਲ ਧੱਕ ਰਹੇ ਹਨ। ਇਥੋਂ ਤੱਕ ਕਿ, ਨਿਜੀ ਲਾਭਾਂ ਲਈ ਉਹਨਾਂ ਨੂੰ ਨਸ਼ਿਆਂ ਤੇ ਜੁਰਮਾਂ `ਚ ਵੀ ਡੋਬਿਆ ਜਾ ਰਿਹਾ ਹੈ।

ਦੂਜਾ- ਨਿਤਾ-ਪ੍ਰਤੀ ਵੱਧ ਰਹੇ ਇਸੇ ਗੁਰੂ ਡੰਮ ਅਤੇ ਪਾਖੰਡੀ ਗੁਰੂਆਂ ਦੇ ਵਲੇਵੇਂ ਦਾ ਹੀ ਇੱਕ ਹੋਰ ਮਾੜਾ ਅਸਰ ਹੋ ਰਿਹਾ ਹੈ ਕਿ ਅੱਜ ਸਾਡੇ ਹੀ ਕੁੱਝ ਸੁਲਝੇ ਤੇ ਬੜੇ-ਬੜੇ ਸਤਿਕਾਰ ਯੋਗ ਪ੍ਰਚਾਰਕ, ਜੋ ਸਹੀ ਅਰਥਾਂ `ਚ ਪੰਥ ਦੀ ਕਰੀਮ ਹਨ, ਘਬਰਾਏ ਨਜ਼ਰ ਆ ਰਹੇ ਹਨ। ਉਹ ਸੱਜਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੱਕ, ਦਸਾਂ ਹੀ ਗੁਰੂ ਪਾਤਸ਼ਾਹੀਆਂ ਲਈ ‘ਗੁਰੂ’ ਪਦ ਵਰਤਣ ਤੋਂ ਹੀ ਘਬਰਾ ਰਹੇ ਹਨ। ਸ਼ਾਇਦ ਇਸ ਲਈ ਕਿਉਂਕਿ ਉਹਨਾਂ ਭਾਣੇ ਅੱਜ ਇਸ ਉੱਤਮ ਪਦ ਦੀ ਕੁਵਰਤੋਂ ਬੜੇ ਕੱਚੇ ਢੰਗ ਨਾਲ ਹੋ ਰਹੀ ਹੈ। ਫ਼ਿਰ ਵੀ ਦੇਖਿਆ ਜਾਵੇ ਤਾਂ ਜ਼ਾਹਿਰਾ ਤੌਰ `ਤੇ ਉਹ ਸੱਜਨ ਕੇਵਲ ਘਬਰਾ ਹੀ ਨਹੀਂ ਰਹੇ, ਬਲਕਿ ਕਿਸੇ ਹੱਦ ਤੱਕ, ਇਸ ਬਾਰੇ ਖੁਲਮ-ਖੁਲਾ ਪ੍ਰਚਾਰ ਵੀ ਅਰੰਭ ਹੋ ਚੁੱਕਾ ਹੈ ਕਿ ਗੁਰੂ ਹਸਤੀਆਂ ਲਈ ਗੁਰੂ ਪਦ ਨਾ ਵਰਤਿਆ ਜਾਵੇ। ਜਦਕਿ ਅਜਿਹੇ ਸਤਿਕਾਰਯੋਗ ਸੱਜਨ ਉਹ ਹਨ, ਕਿ ਪੰਥਕ ਸਤਿਕਾਰ ਵੱਜੋਂ ਜਿਨ੍ਹਾਂ ਦੀ ਨੀਯਤ `ਤੇ ਵੀ ਰੰਚਕ ਮਾਤ੍ਰ ਸ਼ੱਕ ਨਹੀਂ ਕੀਤਾ ਜਾ ਸਕਦਾ।

ਇਸ ਲਈ, ਇਸ ਸਬੰਧ `ਚ ਹੁਣ ਤੱਕ ਦੀ ਵਿਚਾਰ ਅਨੁਸਾਰ ਤਿੰਨ ਪੰਕਤੀਆਂ “ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਪੰ: ੧੪੦੭), “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯੳ” (ਪੰ: ੧੪੦੯), “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯੳ” (ਪੰ: ੧੩੯੫) ਨੂੰ ਸਪਸ਼ਟ ਕਰਣ ਲਈ ਇਹਨਾ ਵਿਚਲੇ ਮੁਖ ਵਿਸ਼ੇ ‘ਜੋਤਿ’, ‘ਕਲਾ ਧਾਰਿ’ ਅਤੇ ਪਰਤਖ੍ਯ੍ਯ ਹਰਿ” ਨੂੰ ਵੀ ਗੁਰਬਾਣੀ ਆਧਾਰ `ਤੇ ਸਮਝਣਾ ਜ਼ਰੂਰੀ ਹੈ।

ਜੋਤਿ- ਇਸ ਲੜੀ `ਚ ਪਹਿਲਾਂ ਲੈ ਰਹੇ ਹਾਂ ‘ਜੋਤਿ’। ਫ਼ੁਰਮਾਨ ਹੈ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ…” (ਪੰ: ੧੩) ਜਿਸ ਦੇ ਸਪਸ਼ਟ ਅਰਥ ਹੈ ਕਿ ਕੇਵਲ ਮਨੁੱਖ ਹੀ ਨਹੀਂ ਬਲਕਿ ਹਰੇਕ ਜੀਵ ਅੰਦਰ ਉਸੇ ਪ੍ਰਭੂ ਦੀ ਜੋਤ ਦਾ ਹੀ ਪ੍ਰਕਾਸ਼ ਹੈ। ਇਸ ਸਬੰਧ `ਚ ਕੁੱਝ ਹੋਰ ਗੁਰਬਾਣੀ ਪ੍ਰਮਾਣ; ਫ਼ੁਰਮਾਨ ਹੈ “ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ” (ਪੰ: ੧੯) ਹੋਰ “ਜਿਨਿ ਏਹੁ ਜਗਤੁ ਉਪਾਇਆ, ਤ੍ਰਿਭਵਣੁ ਕਰਿ ਆਕਾਰੁ॥ ਗੁਰਮੁਖਿ ਚਾਨਣੁ ਜਾਣੀਐ, ਮਨਮੁਖਿ ਮੁਗਧੁ ਗੁਬਾਰੁ॥ ਘਟਿ ਘਟਿ ਜੋਤਿ ਨਿਰੰਤਰ, ਬੂਝੈ ਗੁਰਮਤਿ ਸਾਰੁ” (ਪੰ: ੨੦)।

ਇਸ ਤਰ੍ਹਾਂ ਬੇਸ਼ਕ ਇਸ ਵਿਸ਼ੇ `ਤੇ ਸੈਂਕੜੇ ਗੁਰਬਾਣੀ ਪ੍ਰਮਾਣ ਮੌਜੂਦ ਹਨ ਕਿ ਗੁਰਬਾਣੀ ਅਨੁਸਾਰ ਅਕਾਲਪੁਰਖ ਦਾ ‘ਨੂਰ’ ਅਥਵਾ ‘ਜੋਤਿ’ ਹੀ ਹੈ ਜਿਸ ਨੂੰ ਸੰਸਾਰ ਅੰਦਰ ਜੀਵਨ ਦੀ ਰੋਹ ਕਰਕੇ ਵੀ ਪਹਿਚਾਣਦੇ ਹਾਂ। ਪ੍ਰਭੂ ਦੇ ਇਸੇ ਗੁਣ ਤੋਂ ਹੀ, ਗੁਰਬਾਣੀ `ਚ ਪ੍ਰਭੂ ਨੂੰ ਜਗਜੀਵਨ ਦਾਤਾ ਕਰਕੇ ਵੀ ਕਿਹਾ ਹੈ ਜਿਵੇਂ ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ” (ਪੰ: ੯੫) ਅਤੇ “ਖਿਨ ਮਹਿ ਥਾਪਿ ਉਥਾਪਨਹਾਰਾ॥ ਆਪਿ ਇਕੰਤੀ ਆਪਿ ਪਸਾਰਾ॥ ਲੇਪੁ ਨਹੀਂ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ (ਪੰ: ੧੦੮) ਭਾਵ ਪ੍ਰਭੂ ਦੀ ਹਰੇਕ ਰਚਨਾ ਤੇ ਹਰੇਕ ਜੀਵ ਅੰਦਰ ਪ੍ਰਭੂ ਦਾ ਅੰਸ਼ ਅਥਵਾ ਉਸ ਦੀ ਜੋਤ ਹੀ ਹਰੇਕ ਜੀਵ ਦਾ ਜੀਵਨ ਹੈ। ਤਾਂ ਤੇ ਇਸੇ ਤਰ੍ਹਾਂ ਗੁਰਬਾਣੀ `ਚ ਜੋਤ ਨੂੰ ‘ਨੂਰ’ ਵੀ ਕਿਹਾ ਹੈ ਜਿਵੇਂ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: ੧੩੪੯)।

ਦਰਅਸਲ ਮਨੁੱਖ ਸਮੇਤ ਹਰੇਕ ਜੀਵ ਅੰਦਰ ਪ੍ਰਭੂ ਦੀ ਜੋਤ ਹੀ ਜੀਵ ਦਾ ਜੀਵਨ ਹੁੰਦਾ ਹੈ। ਫ਼ਿਰ ਵੀ ਗੁਰਬਾਣੀ `ਚ ਮਨੁੱਖਾ ਜੀਵਨ ਦੇ ਦੋ ਪੱਖ ਬਿਆਨੇ ਗਏ ਹਨ। ਇਹ ਦੋ ਪੱਖ ਹਨ ਸਫ਼ਲ ਜੀਵਨ ਤੇ ਅਸਫ਼ਲ ਜੀਵਨ। ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਕਰਮਾਂ ਦਾ ਹੀ ਨਤੀਜਾ ਹੁੰਦਾ ਹੈ ਉਸ ਦਾ ਕਰਮ ਜਾਲ ਅਤੇ ਸੰਸਕਾਰ। ਇਸੇ ਤੋਂ ਮਨੁੱਖ ਨੂੰ ਭਿੰਨ ਭਿੰਨ ਜਨਮਾਂ-ਜੂਨਾਂ ਤੇ ਗਰਭਾਂ `ਚ ਭਟਕਣਾ ਪੈਂਦਾ ਹੈ। ਜਦਕਿ ਜੀਵਨ ਨੂੰ ਸਫ਼ਲ ਕਰਣ ਲਈ, ਹਉਮੈ ਰਹਿਤ ਹੋ ਕੇ ਗੁਰੂ ਦੀ ਆਗਿਆ `ਚ ਜੀਵਨ ਦੀ ਤਿਆਰੀ, ਜੀਵਨ ਦੀ ਸਫ਼ਲਤਾ ਤੇ ਜੀਉਂਦੇ ਜੀਅ ਪ੍ਰਭੂ `ਚ ਇੱਕ ਮਿੱਕ ਹੋਣ ਦਾ ਇਕੋ ਇੱਕ ਸਮਾਂ ਦਸਿਆ ਹੈ, ਜਿਸ ਤੋਂ ਜੀਵ ਨੂੰ ਬਾਰ ਬਾਰ ਦੇ ਜਨਮਾਂ `ਚ ਨਹੀਂ ਆਉਣਾ ਪੈਂਦਾ।

ਇਸ ਬਾਰੇ ਗੁਰਦੇਵ ਫ਼ੁਰਮਾਉਂਦੇ ਹਨ “ਇਹੁ ਸਰੀਰੁ ਮਾਇਆ ਕਾ ਪੁਤਲਾ, ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ, ਮਨਮੁਖਿ ਪਤਿ ਗਵਾਈ” (ਪੰ: ੩੧) ਅਤੇ ਜਦੋਂ ਇਸੇ ਸਰੀਰ ਰਾਹੀਂ ਮਨੁੱਖ, ਸਤਿਗੁਰ ਦੀ ਆਗਿਆ `ਚ ਰਹਿ ਕੇ ਜੀਵਨ ਦੀ ਕਮਾਈ ਕਰਦਾ ਹੈ ਤਾਂ “ਸਤਗੁਰੁ ਸੇਵਿ ਸਦਾ ਸੁਖੁ ਪਾਇਆ, ਜੋਤੀ ਜੋਤਿ ਮਿਲਾਈ” (ਪੰ: ੩੧। ਅਜਿਹਾ ਮਨੁੱਖ, ਜੀਉਂਦੇ ਜੀਅ ਵੀ ਜੀਵਨ ਦਾ ਅਨੰਦ ਨੂੰ ਮਾਣਦਾ ਹੈ। ਸਰੀਰ ਤਿਆਗਣ ਬਾਅਦ ਵੀ ਜਨਮ ਮਰਣ ਦੇ ਗੇੜ੍ਹ `ਚ ਨਹੀਂ ਪੈਂਦਾ। ਕਿਉਂਕਿ “ਸਚੈ ਸਬਦਿ ਮਨੁ ਮੋਹਿਆ, ਪ੍ਰਭਿ ਆਪੇ ਲਏ ਮਿਲਾਇ॥ ਅਨਦਿਨੁ ਨਾਮੇ ਰਤਿਆ, ਜੋਤੀ ਜੋਤਿ ਸਮਾਇ॥ ਜੋਤੀ ਹੂ ਪ੍ਰੁਭੁ ਜਾਪਦਾ, ਬਿਨੁ ਸਤਗੁਰ ਬੂਝ ਨ ਪਾਇ” (ਪੰ: ੩੫)।

ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ‘ਜੋਤਿ’ ਦੇ ਅਰਥ -ਇਸੇ ਤਰ੍ਹਾਂ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਦੁਆਰਾ ਰਚਿਤ ਮਹਾਨਕੋਸ਼ `ਚ ਗੁਰਬਾਣੀ ਆਧਾਰਿਤ ‘ਜੋਤਿ’ ਦੇ ਅਰਥ ਹਨ, ਇਸ ਤਰ੍ਹਾਂ-(i) ਚਮਕ. ਪ੍ਰਕਾਸ਼. ਰੌਸ਼ਨੀ.”ਨਾ ਸੂਰਜ ਚੰਦ ਨ ਜੋਤਿ ਅਪਾਰ.” (ਗੂਜਃਮਃ੧) () ਚਮਤਕਾਰੀ ਬੁੱਧਿ.”ਜਾਨਹੁ ਜੋਤਿ, ਨ ਪੁਛਹੁ ਜਾਤੀ.” (ਆਸਾ ਮਃ੧) (i) ਅਗਨਿ.”ਜੋਤਿ ਸ਼ਾਂਤ ਜਿਮਿ ਵਾਰਿ ਕਰ” (ਸਲੋਕ) (iv) ਪਰਮਾਤਮਾ, ਵਾਹਗੁਰੂ, “ਸਭ ਮਹਿ ਜੋਤਿ ਜੋਤਿ ਹੈ ਸੋਇ.” (ਸੋਹਿਲਾ) (v) ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ (ਪ੍ਰਭਾ ਕਬੀਰ) ਜਦਕਿ ਸਬੰਧਤ ਵਿਚਾਰ ਅਧੀਨ ਪੰਕਤੀਆਂ `ਚ ਸਾਡਾ ਸਬੰਧ ਜੋਤ ਦੇ ਇਹਨਾ ਸਾਰੇ ਅਰਥਾਂ `ਚੋਂ ਕੇਵਲ (iv) ਤੇ (v) ਨੰਬਰ ਨਾਲ ਹੀ ਲੋੜੀਂਦੇ ਹਨ।

ਕਲਾ- ਲਫ਼ਜ਼ ਕਲਾ ਗੁਰਬਾਣੀ `ਚ ਭਿੰਨ-ਭਿੰਨ ਅਰਥਾਂ `ਚ ਆਇਆ ਹੈ। ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨਕੋਸ਼ `ਚ ਗੁਰਬਾਣੀ ਨਾਲ ਸਬੰਧਤ ‘ਕਲਾ’ ਦੇ ਅਰਥ ਹਨ- (i) ਅੰਸ਼ () ਸ਼ਕਤੀ “ਧਰਣਿ ਅਕਾਸੁ ਜਾਕੀ ਕਲਾ ਮਾਹਿ”. (ਬਸੰ ਮਃ ੫) (i) ਬਾਗ਼ੀ, ਖੇਡ, “ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ” (ਵਾਰ ਆਸਾ) (iv) ਆਧਾਰ ਜਿਵੇਂ “ਬਾਝੁ ਕਲਾ ਧਰ ਗਗਨ ਧਰੀਆ.” (ਬਸੰ ਅਃ ਮਃ ੧) (v) ਹੁਨਰ “ਸਰਬ ਕਲਾ ਸਮਰਥ … “(ਬਾਵਨ) ਜਦਕਿ ਇਸ ਤੋਂ ਇਲਾਵਾ ਵੀ ਭਾਈ ਸਾਹਿਬ ਨੇ ਕਲਾ ਦੇ ਕੁੱਝ ਹੋਰ ਅਰਥ ਵੀ ਦਿੱਤੇ ਹਨ, ਪਰ ਉਹਨਾਂ ਦਾ ਸਬੰਧ ਗੁਰਬਾਣੀ ਵਿਚਲੇ ਅਰਥਾਂ ਨਾਲ ਨਹੀਂ।

ਸਰਬ ਕਲਾ ਸਮਰਥ- ਗੁਰਬਾਣੀ `ਚ ਲਫ਼ਜ਼ “ਸਰਬਾ ਕਲਾ ਭਰਪੂਰ” ਅਥਵਾ “ਸਰਬ ਕਲਾ ਸਮਰਥ” ਤੇ ਹੋਰ ਮਿਲਵੀਂ ਸ਼ਬਦਾਵਲੀ `ਚ ਵੀ ਅਨੇਕਾਂ ਵਾਰੀ ਲਫ਼ਜ਼ ‘ਕਲਾ’ ਆਇਆ ਹੈ ਪਰ ਉਹ ਕੇਵਲ ਅਕਾਲਪੁਰਖ ਲਈ ਹੀ ਆਇਆ ਹੈ, ਹੋਰ ਕਿਸੇ ਲਈ ਨਹੀਂ। ਇਸ ਵਿਸ਼ੇ `ਚ ਕੁੱਝ ਗੁਰਬਾਣੀ ਪ੍ਰਮਾਣ ਇਸ ਤਰ੍ਹਾਂ ਹਨ ਜਿਵੇਂ “ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ” (ਪੰ: ੬੧੩) ਅਤੇ “ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ” (ਪੰ: ੮੦੨) ਹੋਰ “ਸਰਬ ਕਲਾ ਭਰਪੂਰੁ ਦਿਸੈ ਜਤ ਕਤਾ॥ ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ” (ਪੰ: ੯੬੫) ਪੁਨਾ “ਕੀਮਤਿ ਪਾਈ ਪਾਵਣਹਾਰੈ॥ ਵੇਪਰਵਾਹ ਪੂਰੇ ਭੰਡਾਰੈ॥ ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ” (ਪੰ: ੧੦੩੬) ਇਸੇ ਤਰ੍ਹਾਂ “ਕਲਾ ਉਪਾਇ ਧਰੀ ਜਿਨਿ ਧਰਣਾ॥ ਗਗਨੁ ਰਹਾਇਆ ਹੁਕਮੇ ਚਰਣਾ॥ ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ” (ਪੰ: ੧੦੭੧) ਅਤੇ ਇਸ ਵਿਸ਼ੇ `ਤੇ ਅਨੇਕਾਂ ਗੁਰਬਾਣੀ ਪ੍ਰਮਾਣ ਪ੍ਰਾਪਤ ਹਨ।

ਇਤਨਾ ਹੀ ਨਹੀਂ ਬਲਕਿ ਜੇ ਪ੍ਰਭੂ ਆਪਣੀ ਇਸ ਕਲਾ ਅਥਵਾ ਸ਼ਕਤੀ ਨੂੰ ਆਪਣੀ ਰਚਨਾ ਵਿੱਚੋਂ ਖਿੱਚ ਲੈਂਦਾ ਹੈ ਤਾਂ ਰਚਨਾ ਦਾ ਵਜੂਦ ਖ਼ਤਮ ਹੁੰਦੇ ਵੀ ਸਮਾਂ ਨਹੀਂ ਲਗਦਾ ਜਿਵੇਂ “ਧਰਤਿ ਉਪਾਇ ਧਰੀ ਧਰਮ ਸਾਲਾ॥ ਉਤਪਤਿ ਪਰਲਉ ਆਪਿ ਨਿਰਾਲਾ॥ ਪਵਣੈ ਖੇਲੁ ਕੀਆ ਸਭ ਥਾਈ, ਕਲਾ ਖਿੰਚਿ ਢਾਹਾਇਦਾ” (ਪੰ: ੧੦੩੩)।

ਜੋਤ ਵੀ ਕਲਾ ਵੀ-ਗੁਰਬਾਣੀ `ਚ ਕਈ ਥਾਵੇਂ ‘ਜੋਤ’ ਤੇ ‘ਕਲਾ, ਦੋਵੇਂ ਲਫ਼ਜ਼ ਇੱਕ-ਇੱਕ ਸ਼ਬਦ `ਚ ਇਕੱਠੇ ਵੀ ਆਏ ਹਨ ਜਿਵੇਂ- “ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ॥ ਸਰਬ ਕਲਾ ਕਰਿ ਥਾਪਿਆ, ਅੰਤਰਿ ਜੋਤਿ ਅਪਾਰ” (ਪੰ: ੪੭) ਹੋਰ “ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ॥ ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ” (ਪੰ: ੪੬੯)

“ਜਨਮ ਲੈਣਾ” ਜਾਂ “ਪ੍ਰਗਟ ਹੋਣਾ” - ਦਰਅਸਲ ਸਬੰਧਤ ਪੰਕਤੀਆਂ ਸਬੰਧੀ ਸਾਡੇ ਜਿਹੜੇ ਸੱਜਨ ਉੱਖੜ ਰਹੇ ਹਨ, ਉਹਨਾਂ ਨੂੰ ਅਕਾਲਪਰਖ ਦਾ ‘ਪ੍ਰਗਟ ਹੋਣਾ’ ਤੇ ਅਕਾਲ ਪੁਰਖ ਰਾਹੀਂ ‘ਜਨਮ ਲੈਣਾ’, ਦੋਨਾਂ ਲਫ਼ਜ਼ਾਂ ਦੇ ਅੰਤਰ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਠੀਕ ਹੈ ਕਿ ਗੁਰਬਾਣੀ ਅਨੁਸਾਰ ਅਕਾਲਪੁਰਖ ਅਜੂਨੀ ਹੈ, ਜਨਮ ਮਰਣ `ਚ ਨਹੀਂ ਆਉਂਦਾ। ਇਸ ਤੋਂ ਬਾਅਦ ਇਥੇ ਇਹ ਵੀ ਦੇਖਣ ਦੀ ਲੋੜ ਹੈ ਕਿ ਇਥੇ ਸਬੰਧਤ ਪੰਕਤੀਆਂ `ਚ ਅਕਾਲਪੁਰਖ ਦੇ ਜਨਮ ਲੈਣ ਦਾ ਵਿਸ਼ਾ ਹੈ ਹੀ ਨਹੀਂ। ਇਥੇ ਤਾਂ “ਗੁਰੂ ਸਾਹਿਬਾਨ ਦੇ ਜੀਵਨ ਅੰਦਰੋਂ ਅਕਾਲਪੁਰਖ ਦੇ ਪ੍ਰਗਟ ਹੋਣ ਦਾ ਵਿਸ਼ਾ ਹੈ। ਦੋਨਾਂ ਗੱਲਾਂ `ਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਕੇਵੱਲ ਇਸ ਪਾਸੇ ਕੁੱਝ ਗਹਿਾਈ ਤੋਂ ਧਿਆਨ ਦੇਣ ਦੀ ਲੋੜ ਹੈ, ਵਿਸ਼ਾ ਆਪਣੇ ਆਪ ਸਪਸ਼ਟ ਹੋ ਜਾਵੇਗਾ।

“ਆਪਿ ਨਰਾਇਣੁ ਕਲਾ ਧਾਰਿ. .”-ਉਪ੍ਰੰਤ ਦਸੋਂ ਗੁਰੂ ਹਸਤੀਆਂ ਦੀ ਗੱਲ ਹੀ ਸੰਸਾਰ ਤੋਂ ਵੱਖਰੀ ਹੈ। ਉਹ ਗੁਰੂ ਹਸਤੀਆਂ ਜਿਨ੍ਹਾਂ ਦੀ ਬਦੋਲਤ ਹੀ ਅੱਜ ਸਾਨੂੰ ਉਸ ਕਰਤੇ ਅਕਾਲਪੁਰਖ ਦਾ ਪ੍ਰਗਟਾਵਾ, ਜੁਗੋ ਜੁਗ ਅਟੱਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਤੱਖ ਦਰਸ਼ਨ ਹੋ ਰਹੇ ਹਾਂ। ਵਿਚਾਰਣ ਦਾ ਵਿਸ਼ਾ ਹੈ, ਜੇਕਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸ ਜਾਮਿਆ `ਚ ੨੩੯ ਸਾਲਾਂ ਦਾ ਸਮਾਂ ਲਗਾ ਕੇ ਸੰਸਾਰ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਦਾਤ ਹੀ ਨਾ ਬਖ਼ਸ਼ੀ ਹੁੰਦੀ ਤਾਂ ਅੱਜ ਸਾਡੀ ਸੋਚ ਤੇ ਸਾਡੀ ਰਹਿਣੀ ਕੀ ਹੁੰਦੀ? ਯਕੀਨਣ ਸਾਡੀ ਸੋਚ ਵੀ ਅੱਜ ਉਹੀ ਹੁੰਦੀ ਜੋ ਬਾਕੀ ਸੰਸਾਰ ਦੀ ਹੈ। ਅਸੀਂ ਵੀ ਗੁਰੂ ਪਾਤਸ਼ਾਹੀਆਂ ਦੀ ਬਦੋਲਤ ਜਿਨ੍ਹਾਂ ਲਖਾਂ-ਕਰੋੜਾਂ, ਇਸ਼ਟਾਂ, ਥਿਤਾਂ-ਵਾਰਾਂ, ਵਹਿਮਾਂ-ਭਰਮਾਂ ਆਦਿ ਤੋਂ ਬਚੇ ਤੇ ਸੁਚੇਤ ਹੋਏ ਹਾਂ, ਉਥੇ ਦੇ ਉਥੇ ਹੀ ਫ਼ਸੇ ਹੁੰਦੇ। ਸਾਡੀ ਅਜਿਹੀ ਮਾਨਸਕ ਅਵਸਥਾ ਦੇ ਹੁੰਦਿਆਂ ਸਾਡੇ ਮਨਾਂ ਅੰਦਰ ਤਾਂ ਅਜਿਹੇ ਕੱਚੇ ਸੁਆਲ ਹੀ ਪੈਦਾ ਨਹੀਂ ਸਨ ਹੋਣੇ। ਬਲਕਿ ਗੁਰੂ ਸਾਹਿਬਾਨ ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਬਿਨਾ ਨਾ ਹੀ ਕੋਈ ਸਮਝਾ ਸਕਦਾ ਕਿ ਸਾਡੇ ਨਿੱਤ ਹੀ ਆਪ ਮਿਥੇ ਜਾ ਰਹੇ ਭਗਵਾਨਾਂ-ਇਸ਼ਟਾਂ `ਚ ਅਤੇ ਸਹੀ ਅਰਥਾਂ `ਚ ਸੰਸਾਰ ਦੇ ਇਕੋ-ਇੱਕ ਕਰਤੇ ਅਕਾਲਪੁਰਖ `ਚ ਫ਼ਰਕ ਕਿੱਥੇ ਹੈ?

ਇਸੇ ਤਰ੍ਰਾਂ ਅਜਿਹੀ ਸੋਚ ਕਿ ਭਟਾਂ ਨੇ ਪੰਚਮ ਪਾਤਸ਼ਾਹ ਬਾਰੇ ਪਰਤਖ੍ਯ੍ਯ ਹਰਿ” ਕਿਵੇਂ ਲਿਖ ਦਿੱਤਾ ਜਾਂ ਉਹਨਾਂ ਅੰਦਰ ਅਕਾਲਪੁਰਖ ਦੇ ਹੀ ਸਰਬ ਵਿਆਪੀ ਸਰਬਗੁਣਾਂ ਦੀ ਗੱਲ ਕਿਵੇਂ ਕੀਤੀ ਗਈ ਹੈ? ਉਹਨਾਂ ਲਈ ਸਰਬ ਵਿਆਪੀ ਆਦਿ ਵਰਗੀ ਸ਼ਬਦਾਵਲੀ ਕਿਵੇਂ ਵਰਤੀ ਗਈ? ਜਦਕਿ ਭਲੀ ਪ੍ਰਕਾਰ ਵੇਰਵਾ ਦੇ ਚੁੱਕੇ ਹਾਂ ਕਿ ਗੁਰਬਾਣੀ `ਚ, ਸਿੱਖ ਦੇ ਰਿਸ਼ਤੇ `ਚ ਜਿਸ ਗੁਰੂ ਪਦ ਦੀ ਗੱਲ ਕੀਤੀ ਗਈ ਹੈ ਗੁਰਬਾਣੀ `ਚ ਉਹ ਗੁਰੂ ਪਦ ਘਟੋ ਘਟ ਤਿੰਨ ਪੱਖਾਂ `ਚ ਆਇਆ ਹੈ। ਉਸ ਦੇ ਸਿੱਖ ਲਈ ਅਰਥ ਸੀਮਿਤ, ਵਿਸ਼ੇਸ਼ ਤੇ ਪ੍ਰਭੂ ਮਿਲਾਵੇ ਵੱਜੋਂ ਹਨ। ਉਸੇ ਹੀ ਗੁਰੂ ਤੇ ਅਕਾਲਪੁਰਖ ਨੂੰ ਇੱਕ ਵੀ ਦਸਿਆ ਹੈ। ਉਪ੍ਰੰਤ ਅਜਿਹੇ ਸ਼ਬਦ ਵੀ ਗੁਰਬਾਣੀ `ਚ ਬਹੁਤ ਆਏ ਹਨ ਜਦੋਂ ਅਕਾਲਪੁਰਖ ਦੇ ਸਰਬ ਗੁਣਾਂ ਨੂੰ ਗੁਰੂ ਦੇ ਗੁਣ ਤੇ ਉਸ ਗੁਰੂ ਦੀ ਸੀਮਾ ਵੀ ਬਿਆਨਿਆ ਹੈ। ਸ਼ਰਤ ਇੱਕੋ ਹੈ ਕਿ ਗੁਰਬਾਣੀ `ਚ ਗੁਰੂ ਪਦ ਦੇ ਉਹ ਵਿਸ਼ੇਸ਼, ਨਿਵੇਕਲੇ ਤੇ ਨਵੀਨ ਅਰਥ ਲਏ ਜਾਣ ਜਦੋਂ ਗੁਰੂ ਮਨੁੱਖਾ ਜੀਵਨ ਲਈ ਸਿਧਾ ਅਕਾਲਪੁਰਖ ਦਾ ਹੀ ਮਿਲਾਵਾ ਹੈ। ਇਸ ਦੇ ਨਾਲ ਹੀ ਗੁਰਬਾਣੀ ਰਾਹੀਂ ਸਿੱਖ ਲਈ ਪ੍ਰਗਟ ਅਜਿਹੇ ਗੁਰੂ ਪਦ ਦੇ ਅਰਥ ਲੈਣ ਸਮੇਂ ਸਾਡੇ ਮਨਾ `ਤੇ ਗੁਰੂ ਪਦ ਵਾਲੇ ਪੁਰਾਤਨ ਤੇ ਪ੍ਰਚਲਤ ਅਰਥਾਂ ਦਾ ਲੇਸ਼ ਮਾਤ੍ਰ ਵੀ ਪ੍ਰਭਾਵ ਨਹੀਂ ਹੋਣਾ ਚਾਹੀਦਾ।

“ਕਿਵ ਸਚਿਆਰਾ ਹੋਈਐ” -ਵਿਚਾਰਣ ਦਾ ਵਿਸ਼ਾ ਹੈ ਕਿ ਗੁਰਦੇਵ ਦਾ ਤਾਂ ਗੁਰਬਾਣੀ ਰਚਨਾ ਦਾ ਮਕਸਦ ਹੀ ਹਰੇਕ ਸਾਧਾਰਣ ਮਨੁੱਖ ਦੇ ਜੀਵਨ ਨੂੰ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ” (ਬਾਣੀ ਜਪੁ) ਅਕਾਲਪੁਰਖੀ ਗੁਣਾਂ ਨਾਲ ਭਰਪੂਰ ਕਰਣਾ ਤੇ ਉਸ ਦੇ ਜੀਵਨ ਅੰਦਰੋਂ ਕੂੜ ਦੀ ਪਾਲ ਨੂੰ ਤੋੜਣਾ ਹੈ। ਇਸ ਤਰ੍ਹਾਂ ਜਦੋਂ ਸੰਪੂਰਣ ਗੁਰਬਾਣੀ ਰਚਨਾ ਦਾ ਇੱਕ ਮਾਤ੍ਰ ਨਿਸ਼ਾਨਾ ਹੀ ਹਰੇਕ ਮਨੁੱਖ ਨੂੰ ਸਚਿਆਰਾ, ਜੀਵਨਮੁਕਤ, ਭਗਵਤੀ, ਵਡਭਾਗੀ, ਗੁਰਮੁਖ ਬਨਾਉਣਾ ਹੈ। ਮਨੁੱਖ ਦੀ ਆਤਮਿਕ ਅਵਸਥਾ ਨੂੰ ਗੁਰਦੇਵ ਨੇ ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ” ਸਰਬ ਉੱਚ `ਚ ਪਹੁੰਚਾਉਣਾ ਹੈ। ਮਨੁੱਖ ਦੇ ਜੀਵਨ ਦੀ ਅਜਿਹੀ ਉੱਚਤਮ ਅਵਸਥਾ ਘੜਣੀ ਹੈ ਜਿਸ ਦੇ ਲਈ ਗੁਰਦੇਵ ਦਾ ਫ਼ੁਰਮਾਨ ਹੈ “ਘੜੀਐ ਸਬਦੁ ਸਚੀ ਟਕਸਾਲ" (ਬਾਣੀ ਜਪੁ) `ਚ ਪਹੁੰਚਾਉਣਾ ਹੈ।

ਾਂ ਕੀ ਉਹ ਗੁਰੂ ਪਾਤਸ਼ਾਹ ਖ਼ੁਦ ਅਕਾਲਪੁਰਖ ਦਾ ਪ੍ਰਗਟ ਨੂਰ ਨਹੀਂ ਹੋ ਸਕਦ? ਕੀ ਉਸ ਗਰਦੇਵ ਲਈ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯) ਜਾਂ “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ” (ਪੰ: ੧੩੯੫) ਨਹੀਂ ਵਰਤੇ ਜਾ ਸਕਦੇ?

“ਜੋਤਿ ਰੂਪਿ ਹਰਿ ਆਪਿ” - ਦਰਅਸਲ ਵਿਚਾਰ ਅਧੀਨ ਇਹਨਾ ਤਿੰਨਾਂ ਪੰਕਤੀਆਂ ਨੂੰ ਚਲ ਰਹੇ ਸੰਪੂਰਣ ਗੁਰਮਤਿ ਪਾਠ ਦੇ ਤਿੰਨਾਂ ਭਾਗਾਂ ਦੀ ਰੋਸ਼ਨੀ `ਚ ਸਮੂਚੇ ਤੌਰ `ਤੇ ਦੇਖਣ ਚੇ ਘੋਖਣ ਦੀ ਲੋੜ ਹੈ। ਇਸ ਤੋਂ ਬਾਅਦ ਂਇਥੇ ਇਹਨਾ ਪੰਕਤੀਆਂ ਦੇ ਹੂ-ਬ-ਹੂ ਅਰਥ ਪ੍ਰੋ: ਸਾਹਿਬ ਸਿੰਘ ਜੀ ਲਿਖਿਤ ‘ਗੁਰੂ ਗ੍ਰੰਥ ਦਰਪਣ’ ਭਾਗ ਦਸਵੇਂ `ਚੋਂ ਦੇ ਰਹੇ ਹਾਂ। ਯਕੀਨਣ ਸਾਰੇ ਦਿੱਤੇ ਜਾ ਰਹੇ ਉਪ੍ਰੋਕਤ ਵੇਰਵੇ ਤੋਂ ਬਾਅਦ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਕੀਤੇ ਇਹਨਾ ਤੇ ਅਜਿਹੀਆਂ ਹੋਰ ਬੇਅੰਤ ਪੰਕਤੀਆਂ ਦੇ ਅਰਥ ਕਿਸੇ ਤਰ੍ਹਾਂ ਵੀ ਅਸੰਗਤ ਨਹੀਂ ਦਿਸਣਗੇ। ਇਸ ਲਈ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਇਹਨਾ ਪੰਕਤੀਆਂ ਦੇ ਨੰਬਰ ਵਾਰ ਅਰਥ ਕੀਤੇ ਹੋਏ ਅਰਤ ਹਨ:

(੧) “ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਪੰ: ੧੪੦੭) -ਪੂਰੀ ਪੰਕਤੀ ਹੈ “ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ ਕਛੁ ਭੇਦੁ ਨਹੀਂ ਗੁਰੁ ਅਰਜੁਨ ਪਰਤਖ੍ਯ੍ਯ ਹਰਿ”॥ ੭॥ ੧੯॥ (ਪੰ: ੧੪੦੭) (ਸਵਈਏ ਮਹਲੇ ਪੰਜਵੇ ਕੇ, ਮਥੁਰਾ ਜੀ) ਅਤੇ ਅਰਥ ਹਨ: (ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿੱਚ ਵਿਆਪ ਰਿਹਾ ਹੈ। ਹੇ ਮਥੁਰਾ! ਆਖਿ—ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ। ੭। ੧੯। ਉਪ੍ਰੰਤ

(੨) “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯) ਇਸ ਤਰ੍ਰਾਂ ਇਸ ਸਵਯਾ ਹੈ “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯੳ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ” (ਪੰ: ੧੪੦੮)

ਜਿਸ ਦੇ ਅਰਥ ਹਨ: ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ।

(ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ; (ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ। ਮਥੁਰਾ ਆਖਦਾ ਹੈ— ‘ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ। ੧।

ਇਸੇ ਤਰ੍ਹਾਂ ਵਿਸ਼ੇ ਅਨੁਸਾਰ ਇਸ ਲੜੀ `ਚ ਤੀਸਰੀ ਪੰਕਤੀ ਹੈ:

(੩) “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ” (ਪੰ: ੧੩੯੫) ਜਿਸ ਦੇ ਅਰਥ ਹਨ: (ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ। ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿੱਚ ਜੋਤਿ ਪ੍ਰਗਟਾਈ ਹੈ। #213s10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 213

“ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਭਾਗ ਤੀਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.