ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 06)
ਜਿਉ
ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣ ਭਇਆ॥
ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮ ਵਿਸਾਰਿ ਭਵਜਲ ਪਇਆ॥ ੧॥
ਤਨੁ ਧਨੁ ਦੇਖਤ ਗਰਬਿ ਗਇਆ॥
ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ॥ ੧॥ ਰਹਾਉ॥
ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ॥
ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ॥ ੨॥
ਲਾਲਚ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ॥
ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ॥ ੩॥
ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ॥
ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨ ਨਰਕਿ ਗਇਆ॥ ੪॥
ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ॥
ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ॥ ੫॥
ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ॥
ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ॥ ੬॥
ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨ ਭਇਆ॥
ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ॥ ੭॥
ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭ ਤਿਸਹਿ ਮਇਆ॥
ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ॥ ੮॥
ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ॥
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ॥ ੯॥
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ॥
ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ॥ ੧੦॥
ਜਿਨਿ ਇਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ॥
ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ॥ ੧੧॥
ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ॥
ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਿਜ ਸਮਾਇ ਲਇਆ॥ ੧੨॥ ੭॥ (੯੦੬-੭)
॥ ਰਹਾਉ॥ ਤਨੁ ਧਨੁ ਦੇਖਤ ਗਰਬਿ ਗਇਆ॥
ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ॥ ੧॥ ਰਹਾਉ॥
ਹੇ ਜੀਵ, ਤੂੰ ਆਪਣਾ ਸੁੰਦਰ ਸਰੀਰ ਅਤੇ ਅਪਾਰ ਧਨ ਵੇਖ ਕੇ, ਗਰਬ ਵਿੱਚ ਅਹੰਕਾਰ ਵਿੱਚ ਫਸ ਗਿਆ ਹੈਂ।
ਤੂੰ ਸੋਨੇ ਨਾਲ, ਦੌਲਤ ਨਾਲ ਅਤੇ ਕਾਮਨੀ (ਕਾਮ ਦੀ ਪੂਰਤੀ ਕਰਨ ਵਾਲੇ ਜੀਵਨ ਸਾਥੀ) ਨਾਲ ਹੋਰ ਮੋਹ
ਵਧਾਈ ਜਾ ਰਿਹਾ ਹੈਂ। ਤੂੰ ਇਸ ਭਰਮ ਵਿੱਚ ਹੀ ਫਸਿਆ ਹੋਇਆ ਹੈਂ ਕਿ, ਇਹ ਮਾਇਆ, ਇਹ ਜਵਾਨੀ, ਇਹ ਐਸ਼
ਹੀ ਜ਼ਿੰਦਗੀ ਦੀ ਅਸਲੀਅਤ ਹੈ। ਤੂੰ ਕਰਤਾਰ ਦਾ ਨਾਮ, ਉਸ ਦੀ ਰਜ਼ਾ, ਉਸ ਦੇ ਹੁਕਮ ਨੂੰ ਕਿਉਂ ਭੁਲਿਆ
ਬੈਠਾ ਹੈਂ?
॥ ੧॥ ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣ ਭਇਆ॥
ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮ ਵਿਸਾਰਿ ਭਵਜਲ ਪਇਆ॥ ੧॥
ਜਿਵੇਂ ਤੂੰ ਇਸ ਸੰਸਾਰ ਵਿਚ, ਆਪਣੀ ਮਰਜ਼ੀ ਤੋਂ ਬਗੈਰ ਆਇਆ ਹੈਂ, ਓਸੇ ਤਰ੍ਹਾਂ ਤੂੰ ਆਪਣੀ ਮਰਜ਼ੀ ਤੋਂ
ਬਗੈਰ ਇਸ ਸੰਸਾਰ ਤੋਂ ਤੁਰ ਜਾਵੇਂਗਾ। ਜਨਮ ਤੇ ਮਰਨ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ, ਜੋ ਜੰਮੇਗਾ
ਉਹ ਮਰੇਗਾ ਵੀ ਜ਼ਰੂਰ। ਜਿਉ-ਜਿਉਂ ਤੂੰ ਪਰਮਾਤਮਾ ਦਾ ਹੁਕਮ ਵਿਸਾਰ ਕੇ, ਸੰਸਾਰ ਦੇ ਰਸਾਂ ਨੂੰ ਭੋਗਦਾ
ਹੈਂ, ਤਿਵੇਂ-ਤਿਵੇਂ ਤੇਰੇ ਤਨ ਅਤੇ ਮਨ ਨੂੰ ਵਿਕਾਰਾਂ ਦੇ ਦੁੱਖ ਲਗਦੇ ਜਾਂਦੇ ਹਨ। ਪਰਮਾਤਮਾ ਦੇ
ਹੁਕਮ ਵਿੱਚ ਚਲੇ ਬਗੈਰ, ਤੂੰ ਆਪਣੇ ਆਪ ਨੂੰ ਜਨਮ-ਮਰਨ ਦੇ ਗੇੜ ਵਿੱਚ ਪਇਆ ਸਮਝ।
॥ ੨॥ ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ॥
ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ॥ ੨॥
ਤੂੰ ਆਪਣੀਆਂ ਇੰਦਰੀਆਂ ਨੂੰ ਸੰਜਮ ਵਿੱਚ ਨਹੀਂ ਰਖਿਆ, ਤੂੰ ਆਪਣਾ ਸੁਭਾਅ ਵੀ ਇੰਸਾਨਾਂ ਵਾਲਾ ਨਹੀਂ
ਰਖਿਆ, ਸਾਧ-ਸੰਗਤ ਵਿੱਚ ਜੁੜੇ ਬਗੈਰ, ਤੇਰੇ ਵਿੱਚ ਕੋਈ ਵੀ ਚੰਗਾ ਗੁਣ ਪੈਦਾ ਨਹੀਂ ਹੋਇਆ, ਇਸ
ਤਰ੍ਹਾਂ ਤੇਰਾ ਜਨਮ ਵਿਅਰਥ ਬੀਤ ਰਿਹਾ ਹੈ। ਤੂੰ ਆਪਣੇ ਸਰੀਰ ਨੂੰ, ਪ੍ਰਭੂ ਦੀ ਥਾਂ ਬੁਰੇ ਕੰਮਾਂ ਦਾ
ਅੱਡਾ ਬਣਾ ਲਿਆ ਹੈ। ਇਸ ਤਰ੍ਹਾਂ ਤੇਰਾ ਮਨ ਵੀ ਆਪਣੇ ਚੰਗੇ ਗੁਣ, ਕਰਤਾਰ ਵਾਲੇ ਗੁਣ ਭੁਲ ਕੇ, ਲੱਕੜ
ਵਰਗਾ ਵਿਚਾਰ ਹੀਨ ਬਣ ਕੇ, ਮਾਇਆ ਮਗਰ ਹੀ ਭੱਜਾ ਫਿਰਦਾ ਹੈ।
॥ ੩॥ ਲਾਲਚ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ॥
ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ॥ ੩॥
ਤੂੰ ਪਰਮਾਤਮਾ ਦਾ ਨਾਮ ਵਿਸਾਰ ਕੇ, ਮਾਇਆ ਦੇ ਲਾਲਚ ਵਿੱਚ ਲੱਗਾ ਹੈਂ, ਮਾਇਆ ਦੀ ਦੌੜ ਭੱਜ ਵਿੱਚ
ਹੀ, ਤੇਰਾ ਅਮੋਲਕ ਜਨਮ ਵਿਅਰਥ ਬੀਤਦਾ ਜਾ ਰਿਹਾ ਹੈ। ਜਦੋਂ ਤੈਨੂੰ ਮੌਤ ਨੇ ਆ ਘੇਰਿਆ ਤਾਂ ਤੈਨੂੰ,
ਜਨਮ ਮਰਨ ਦੇ ਗੇੜ ਤੋਂ ਬਚਣ ਦਾ ਕੋਈ ਉਪਾਅ ਨਹੀਂ ਸੁਝਣਾ। ਇਸ ਲਈ ਤੁੰ ਹੁਣੇ ਉਪਾਅ ਕਰ, ਸਤ ਸੰਗਤ
ਵਿੱਚ ਜਾ ਕੇ, ਸ਼ਬਦ ਵਿਚਾਰ ਰਾਹੀਂ, ਮਾਇਆ ਮੋਹ ਤੋਂ ਬਚਣ ਦਾ ਕੋਈ ਉਪਰਾਲਾ ਕਰ।
॥ ੪॥ ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ॥
ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨ ਨਰਕਿ ਗਇਆ॥ ੪॥
ਦਿਨ ਰਾਤ ਤੂੰ ਪਰਾਈ ਨਿੰਦਾ ਕਰਦਾ ਹੈਂ, ਦੂਸਰਿਆਂ ਨਾਲ ਈਰਖਾ ਕਰਦਾ ਹੈਂ। ਨਾ ਤਾਂ ਤੇਰੇ ਹਿਰਦੇ
ਵਿੱਚ ਪਰਮਾਤਮਾ ਦਾ ਡਰ ਹੈ ਅਤੇ ਨਾ ਹੀ ਤੇਰੇ ਹਿਰਦੇ ਵਿਚ, ਦੂਸਰਿਆਂ ਲਈ ਦਇਆ ਹੈ ਅਤੇ ਨਾ ਹੀ ਪਿਆਰ
ਹੈ। ਸ਼ਬਦ ਗੁਰੂ ਦੀ ਸਿਖਿਆ ਤੋਂ ਬਗੈਰ, ਨਾ ਤੂੰ ਉਚੀ ਆਤਮਕ ਅਵਸਥਾ ਹਾਸਲ ਕਰ ਸਕੇਂਗਾ, ਨਾ ਹੀ
ਤੈਨੂੰ ਇਜ਼ਤ ਮਿਲੇਗੀ। ਪਰਮਾਤਮਾ ਦੇ ਨਾਮ ਤੋਂ ਖੁੰਝਿਆ, ਤੂੰ ਨਰਕ ਵਰਗਾ ਜੀਵਨ ਹੀ ਬਤੀਤ ਕਰ ਰਿਹਾ
ਹੈਂ।
॥ ੫॥ ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ॥
ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ॥ ੫॥
ਤੂੰ ਮਾਇਆ ਦੇ ਮੋਹ ਅਤੇ ਵਿਕਾਰਾਂ ਵਿੱਚ ਫਸਿਆ, ਪਲ-ਪਲ ਪਿੱਛੋਂ ਆਪਣਾ ਰੂਪ ਇਵੇਂ ਬਦਲਦਾ ਹੈਂ,
ਜਿਵੇਂ ਸਵਾਂਗ ਰਚਾਉਣ ਵਾਲੇ ਪਲ-ਪਲ ਪਿਛੋਂ, ਨਵਾਂ ਸਵਾਂਗ ਧਾਰਦੇ ਹਨ। ਤੂੰ ਤਾਂ ਹਰ ਪਾਸੇ ਮਾਇਆ ਦਾ
ਪਸਾਰਾ ਵੇਖ ਕੇ, ਉਸ ਵਿੱਚ ਹੀ ਮਸਤ ਹੋ ਰਿਹਾ ਹੈਂ।
॥ ੬॥ ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ॥
ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ॥ ੬॥
ਤੂੰ ਵਿਕਾਰਾਂ ਦੇ ਵਿਸਤਾਰ, ਪਸਾਰੇ ਦੇ ਤਾਂ ਬਹੁਤ ਯਤਨ ਕਰਦਾ ਹੈਂ, ਉਨ੍ਹਾਂ ਆਸਰੇ ਆਪਣੇ ਆਪ ਨੂੰ
ਧਰਮੀ ਸਾਬਤ ਕਰਨ ਲਈ, ਤਰ੍ਹਾਂ-ਤਰ੍ਹਾਂ ਦੇ ਅਖੰਡ-ਪਾਠ ਕਰਵਾਉਂਦਾ ਹੈਂ, ਗੁਰਦਵਾਰਿਆਂ ਵਿੱਚ ਦਾਨ
ਦੇਣ ਦੀ ਆੜ ਵਿਚ, ਪੱਥਰਾਂ ਤੇ ਆਪਣਾ ਨਾਮ ਲਿਖਵਾਉਂਦਾ ਹੈਂ। ਲੰਗਰ ਲਾ ਕੇ ਦੂਸਰਿਆਂ ਕੋਲੋਂ ਆਪਣੀ
ਤਾਰੀਫ ਕਰਵਾਉਂਦਾ ਹੈਂ। ਪਰ ਯਾਦ ਰੱਖ ਸ਼ਬਦ ਗੁਰੂ ਵਿੱਚ ਆਪਣੀ ਸੁਰਤ ਜੋੜੇ ਬਗੈਰ, ਇਹ ਸਾਰਾ ਕੋਝ
ਕਰਦਿਆਂ, ਤੂੰ ਵਿਕਾਰਾਂ ਵਿੱਚ ਹੀ ਭਟਕ ਰਿਹਾ ਹੈਂ। ਇਨ੍ਹਾਂ ਸਾਰੇ ਕਰਮਾ ਕਾਰਨ ਤੈਨੂੰ, ਹਉਮੈ ਦੇ
ਅਸਾਧ ਰੋਗ ਨੇ ਜਕੜਿਆ ਹੋਇਆ ਹੈ।
ਜੇ ਤੂੰ ਚਾਹੁੰਦਾ ਹੈਂ ਕਿ, ਹਉਮੈ ਦੇ ਅਸਾਧ ਰੋਗ ਤੋਂ ਤੇਰਾ ਛੁਟਕਾਰਾ ਹੋ ਜਾਵੇ, ਤਾਂ ਤੂੰ ਸ਼ਬਦ
ਨੂੰ ਵਿਚਾਰ ਕੇ, ਉਸ ਤੋਂ ਮੱਤ, ਅਕਲ ਲੈ, ਉਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ, ਆਸਰਾ ਬਣਾ, ਇਸ
ਤਰ੍ਹਾਂ, ਇਸ ਰੋਗ ਤੋਂ ਤੇਰੀ ਖਲਾਸੀ ਹੋ ਜਾਵੇਗੀ।
॥ ੭॥ ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨ ਭਇਆ॥
ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ॥ ੭॥
ਮਾਇਆ ਮੋਹ ਵਿੱਚ ਫਸਿਆ ਜੀਵ, ਜਦੋਂ ਦੁਨਿਆਵੀ ਸੁਖ ਦੇ ਸਾਧਨ, ਦੌਲਤ ਨੂੰ ਆਉਂਦੇ ਵੇਖਦਾ ਹੈ, ਤਾਂ
ਉਸ ਦੇ ਮਨ ਵਿੱਚ ਬੜਾ ਮਾਣ ਹੰਕਾਰ ਪੈਦਾ ਹੁੰਦਾ ਹੈ, ਉਹ ਦੂਸਰਿਆਂ ਨੂੰ ਕੀੜੇ ਮਕੌੜੇ ਹੀ ਸਮਝਦਾ
ਹੈ, ਪਰ ਉਸ ਦੇ ਮਨ ਵਿੱਚ ਹਮੇਸ਼ਾ ਇਹ ਤੌਖਲਾ ਬਣਿਆ ਰਹਿੰਦਾ ਹੈ ਕਿ ਜਿਸ ਨੇ ਮੈਨੂੰ ਇਹ ਸਰੀਰ, ਇਹ
ਦੌਲਤ ਦਿੱਤੀ ਹੈ, ਜੇ ਉਸ ਨੇ ਇਹ ਵਾਪਸ ਲੈ ਲਏ, ਫਿਰ ਕੀ ਹੋਵੇਗਾ? ਮਾਇਆ ਧਾਰੀ ਨੂੰ ਸਾਰੀ ਉਮਰ,
ਇਹੀ ਫਿਕਰ, ਇਹੀ ਸਹਿਮ ਦਾ ਰੋਗ ਅੰਦਰੋ-ਅੰਦਰੀ ਖਾਈ ਜਾਂਦਾ ਹੈ।
॥ ੮॥ ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭ ਤਿਸਹਿ ਮਇਆ॥
ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ॥ ੮॥
ਹੇ ਜੀਵ, ਜਦੋਂ ਤੇਰਾ ਅੰਤ ਸਮਾ ਆ ਜਾਂਦਾ ਹੈ, ਫਿਰ ਇਨ੍ਹਾਂ ਸੰਸਾਰਿਕ ਪਦਾਰਥਾਂ, ਸੋਨਾ-ਚਾਂਦੀ,
ਹੀਰੇ-ਜਵਾਹਰਾਤ, ਜ਼ਮੀਨ-ਜਾਇਦਾਦ, ਕੋਠੀਆਂ-ਕਾਰਾਂ, ਪਰਿਵਾਰਕ ਜੀਅ ਅਤੇ ਦੋਸਤਾਂ-ਮਿਤ੍ਰਾਂ, ਕਿਸੇ ਨੇ
ਵੀ ਤੇਰਾ ਸਾਥ ਨਹੀਂ ਦੇਣਾ। ਇਨ੍ਹਾਂ ਪਦਾਰਥਾਂ ਨੇ ਇਸ ਸੰਸਾਰ ਵਿੱਚ ਹੀ ਦੂਸਰੇ ਦੇ ਹੋ ਜਾਣਾ ਹੈ।
ਇਸ ਸੰਸਾਰ ਵਿੱਚ ਜੋ ਵੀ ਕੁੱਝ ਦਿਸ ਰਿਹਾ ਹੈ, ਉਹ ਸਭ ਉਸ ਪ੍ਰਭੂ ਦੀ ਬਖਸ਼ਿਸ਼ ਤੋਂ ਵੱਧ ਕੁੱਝ ਵੀ
ਨਹੀਂ। ਜੋ ਵਾਹਿਗੁਰੂ ਇਸ ਸੰਸਾਰ ਦਾ ਮੂਲ ਹੈ, ਉਸ ਦਾ ਕੋਈ ਹੱਦ-ਬੰਨਾ ਨਹੀਂ ਹੈ। ਉਸ ਨੂੰ ਹਿਰਦੇ
ਵਿੱਚ ਸਿਮਰਿਆਂ, ਉਸ ਦੇ ਹੁਕਮ ਵਿੱਚ ਚਲਿਆਂ ਹੀ ਇਸ ਘੁੰਮਣ-ਘੇਰੀ ਤੋਂ ਪਾਰ ਹੋ ਜਾਈਦਾ ਹੈ।
॥ ੯॥ ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ॥
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ॥ ੯॥
ਇਹ ਜਾਣਦੇ ਹੋਏ ਵੀ ਕਿ, ਇਸ ਸੰਸਾਰ ਵਿੱਚ ਜੋ ਪੈਦਾ ਹੋਇਆ ਹੈ, ਉਸ ਨੇ ਅੰਤ ਨੂੰ ਮਰਨਾ ਹੀ ਹੈ, ਫਿਰ
ਵੀ ਤੂੰ ਆਪਣੇ ਕਿਸੇ ਸਾਕ ਸਬੰਧੀ ਦੇ ਮਰਨ ਤੇ ਰੋ-ਰੋ ਕੇ ਕਿਸ ਨੂੰ ਸੁਣਾਉਂਦਾ ਹੈਂ? ਕੀ ਕਹਿਣਾ
ਚਾਹੁੰਦਾ ਹੈਂ ਕਿ ਇਹ ਸਿਰਫ ਤੇਰੇ ਨਾਲ ਹੀ ਵਾਪਰਿਆ ਹੈ? ਜਦ ਕਿ ਅਸਲੀਅਤ ਇਹ ਹੈ ਕਿ ਤੂੰ ਬੜੇ
ਡਰਾਉਣੇ ਸੰਸਾਰ ਸਮੁੰਦਰ ਵਿੱਚ ਵਿਚਰ ਰਿਹਾ ਹੈਂ। ਪਰਮਾਤਮਾ ਨੂੰ ਭੁਲ ਕੇ ਸਾਕਤ ਬੰਦਾ (ਏਥੇ ਸਾਕਤ
ਬਾਰੇ ਵਚਾਰ ਕਰਨੀ ਵੀ ਬਹੁਤ ਜ਼ਰੂਰੀ ਹੈ। ਸਾਕਤ ਲਫਜ਼, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਵਾਰੀ
ਆਇਆ ਹੈ। ਸਾਕਤ ਦਾ ਅੱਖਰੀ ਅਰਥ ਹੈ, ‘ਸ਼ਕਤੀ ਦਾ ਪੁਜਾਰੀ’।)
ਸ਼ਕਤੀ ਕੀ ਹੈ? ਪਰਮਾਤਮਾ ਵਲੋਂ ਸਿਰਜੀ ਉਹ ਸ਼ਕਤੀ, ਉਹ ਤਾਕਤ ਜਿਸ ਦੇ ਅਧੀਨ ਇਹ ਸਾਰਾ ਬ੍ਰਹਮੰਡ, ਚਲ
ਰਿਹਾ ਹੈ। ਇਸ ਨੂੰ ਹੀ ਗੁਰਮਤ ਵਿੱਚ ਮਾਇਆ ਆਖਿਆ ਗਿਆ ਹੈ। ਜਿਸ ਦੀ ਚਮਕ-ਦਮਕ ਵਿੱਚ ਫਸਿਆ ਬੰਦਾ,
ਸ਼ਕਤੀ ਨੂੰ ਪੈਦਾ ਕਰਨ ਵਾਲੇ, ਵਾਹਿਗੁਰੂ ਨੂੰ ਹੀ ਭੁੱਲ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ
ਲਫਜ਼ ਆਇਆ ਹੈ, ਭਗਉਤੀ, ਜਿਸ ਦੀ ਵਿਆਖਿਆ ਭਗਤਾਂ ਦੀ ਇੱਕ ਸ਼੍ਰੇਣੀ ਵਜੋਂ ਕੀਤੀ ਹੈ। ਦੂਸਰਿਆਂ ਧਰਮਾਂ
ਵਿੱਚ ਇਸ ਦੇ ਬਹੁਤ ਸਾਰੇ ਅਰਥ ਹਨ, ਜਿਵੇਂ ਦੁਰਗਾ ‘ਵਾਰ ਸ੍ਰੀ ਭਗਉਤੀ ਜੀ ਕੀ ‘ਅਤੇ ਮਹਾਂਕਾਲ
‘ਪ੍ਰਿਥਮ ਭਗੌਤੀ ਸਿਮਰ ਕੈ’। ਇਸ ਨੂੰ ਸਿੱਖਾਂ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ,
ਪੁਜਾਰੀਆਂ ਦੇ ਕੁਰਾਹੇ ਪਾਏ ਸਿੱਖ, ਦਿਨ ਵਿੱਚ ਕਈ ਕਈ ਵਾਰੀ, ਪਰਮਾਤਮਾ ਅੱਗੇ ਅਰਦਾਸ ਕਰਨ ਲਗੇ,
ਗੁਰੂਆਂ ਤੋਂ ਵੀ ਪਹਿਲਾਂ ਇਨ੍ਹਾਂ ਦੋਵਾਂ ਨੂੰ ਸਿਮਰਦੇ ਹਨ।
ਜਦ ਇਸ ਬਾਰੇ ਵਿਚਾਰ ਦੀ ਗੱਲ ਚਲਦੀ ਹੈ ਤਾਂ, ਗੁਰਦਵਾਰਿਆਂ ਦੇ ਪ੍ਰਬੰਧਕ, ਗੁਰਮਤ ਤੋਂ ਅਣਜਾਣ
ਸਿੱਖ, ਆਮ ਹੀ ਇਹ ਕਹਿ ਕੇ ਗੱਲ ਟਾਲਦੇ ਨਜ਼ਰ ਆਉਂਦੇ ਹਨ ਕਿ ‘ਤੁਹਾਡੀ ਤਾਂ ਆਦਤ ਹੀ ਗੁਰਦਵਰਿਆਂ
ਵਿੱਚ ਰੌਲਾ ਪਾਉਣ ਦੀ ਹੈ, ਇਸ ਦਾ ਅਰਥ ਦੁਰਗਾ ਆਦਿ ਨਹੀਂ ਹੈ, ਇਸ ਦਾ ਅਰਥ ਪਰਮਾਤਮਾ ਦੀ ਸ਼ਕਤੀ ਹੈ।
ਇਸ ਵਿੱਚ ਆਪਾਂ ਇਹੀ ਵਿਚਾਰਿਆ ਹੈ ਕਿ ਪਰਮਾਤਮਾ ਦੀ ਸ਼ਕਤੀ ਕੀ ਹੈ, ਅਤੇ ਉਸ ਦਾ ਪੁਜਾਰੀ (ਸਾਕਤ),
ਸਿੱਖੀ ਵਿੱਚ ਕੀ ਥਾਂ ਰੱਖਦਾ ਹੈ, ਇਹ ਆਪਾਂ ਹੁਣੇ ਵਿਚਾਰਦੇ ਹਾਂ।
(ਹਾਲਾਂਕਿ ਆਪਾਂ ਸਾਕਤ ਬਾਰੇ ਬਹੁਤ ਵਾਰੀ ਵਿਚਾਰਿਆਂ ਹੈ, ਪਰ ਸਾਕਤ ਦਾ ਅਰਥ ਪਤਾ ਨਾ ਹੋਣ ਕਾਰਨ,
ਇਸ ਨੂੰ ਪੂਰਨ ਤੌਰ ਤੇ ਨਹੀਂ ਸਮਝਿਆ ਜਾ ਸਕਦਾ। ਇਵੇਂ ਹੀ ਗੁਰੂ ਗਰੰਥ ਸਾਹਬ ਵਿੱਚ ਸੈਂਕੜੇ ਸ਼ਬਦ
ਅਜਿਹੇ ਹਨ ਜਿਨ੍ਹਾਂ ਨੂੰ ਸਮਝੈ ਬਗੈਰ, ਅਸੀਂ ਉਨ੍ਹਾਂ ਦਾ ਸਦਉਪਯੋਗ ਨਹੀਂ ਕਰ ਰਹੇ ਹੁੰਦੇ, ਬਲਕਿ
ਪੁਜਾਰੀਆਂ ਦੇ ਢਹੇ ਚੜ੍ਹੇ, ਉਨ੍ਹਾਂ ਦੀ ਕੁਵਰਤੋਂ ਕਰਦਿਆਂ, ਸਿੱਖੀ ਸਿਧਾਂਤ ਨੂੰ ਖੋਰਾ ਲਾ ਰਹੇ
ਹੁੰਦੇ ਹਾਂ। ਜਿਵੇਂ ਨਾਮ, ਸਿਮਰਨ, ਜਪ, ਕੀਰਤਨ ਆਦਿ। ਸਾਨੂੰ ਸਿੱਖੀ ਸਿਧਾਂਤ ਨੂੰ ਸਮਝਣ ਲਈ
ਇਨ੍ਹਾਂ ਲਫਜ਼ਾਂ ਦੇ ਅੱਖਰੀ ਅਰਥ ਸਮਝਣੇ ਬਹੁਤ ਜ਼ਰੂਰੀ ਜਨ।)
ਪਰਮਾਤਮਾ ਨੂੰ ਭੁੱਲ ਕੇ, ਉਸ ਦੀ ਸ਼ਕਤੀ, ਉਸ ਦੀ ਮਾਇਆ ਦਾ ਪੁਜਾਰੀ, ਸਾਕਤ ਬੰਦਾ ਆਪਣੇ ਪਰਵਾਰ,
ਆਪਣੀ ਧਨ-ਦੌਲਤ, ਅਪਣੀਆਂ ਮਹਿਲ-ਮਾੜਆਂ ਆਦਿ ਨੂੰ ਵੇਖ-ਵੇਖ ਕੇ, ਉਨ੍ਹਾਂ ਆਸਰੇ ਬੇਕਾਰ ਦੇ ਜੰਜਾਲ
ਵਿੱਚ ਹੀ ਉਲਝਿਆ ਪਿਆ ਹੈ।
॥ ੧੦॥ ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ॥
ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ॥ ੧੦॥
ਜਦੋਂ ਪਰਮਾਤਮਾ ਸਾਨੂੰ ਜੀਵਾਂ ਨੂੰ ਇਸ ਸੰਸਾਰ ਵਿੱਚ ਭੇਜਦਾ ਹੈ, ਤਾਂ ਅਸੀਂ ਇਸ ਸੰਸਾਰ ਵਿੱਚ ਆ
ਜਾਂਦੇ ਹਾਂ। (ਇਸ ਦਾ ਸਾਡੀ ਇੱਛਾ ਨਾਲ ਕੋਈ ਸਬੰਧ ਨਹੀਂ ਹੈ) ਏਵੇਂ ਹੀ ਜਦ ਉਹ ਸਾਨੂੰ ਇਸ ਸੰਸਾਰ
ਤੋਂ ਸੱਦ ਲੈਂਦਾ ਹੈ ਤਾਂ ਅਸੀਂ ਇਸ ਸੰਸਾਰ ਤੋਂ ਚਲੇ ਜਾਂਦੇ ਹਾਂ। ਜੋ ਕੁੱਝ ਉਸ ਪ੍ਰਭੂ ਦੀ ਰਜ਼ਾ
ਹੁੰਦੀ ਹੈ, ਉਹੀ ਕੁੱਝ ਉਹ ਕਰਦਾ ਹੈ, ਉਹੀ ਕੁੱਝ ਹੁੰਦਾ ਰਹਿੰਦਾ ਹੈ। ਅਸੀਂ ਜੀਵ ਤਾਂ ਭੁਲਣਹਾਰ
ਹੋਣ ਕਰ ਕੇ, ਉਸ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ, ਪਰ ਉਹ ਬਖਸ਼ਣਹਾਰ, ਸਾਨੂੰ ਫਿਰ ਵੀ ਮੁਆਫ ਕਰ
ਦਿੰਦਾ ਹੈ।
॥ ੧੧॥ ਜਿਨਿ ਇਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ॥
ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ॥ ੧੧॥
ਜਿਨ੍ਹਾਂ- ਜਿਨ੍ਹਾਂ ਬੰਦਿਆਂ ਨੇ ਸਾਰੇ ਰਸਾਂ ਦਾ ਘਰ, ਸਾਰੇ ਅਨੰਦ ਦੇਣ ਵਾਲੇ ਰਾਮ, ਪ੍ਰਭੂ ਦੇ
ਪਿਆਰ ਦੇ ਰਸ ਦਾ ਆਨੰਦ ਮਾਣਿਆ ਹੈ, ਉਨ੍ਹਾਂ ਦੀ ਸੰਗਤ ਵਿੱਚ ਰਿਹਾਂ ਇਹ ਸੋਝੀ ਹੋ ਜਾਂਦੀ ਹੈ ਕਿ,
ਸ਼ਬਦ ਗੁਰੂ ਦੀ ਸਰਨ ਪਿਆਂ ਹੀ, ਪਰਮਾਤਮਾ ਦੇ ਨਾਮ, ਪਰਮਾਤਮਾ ਦੇ ਹੁਕਮ ਦੀ ਸੋਝੀ ਹੁੰਦੀ ਹੈ। ਇਸ
ਹੁਕਮ ਵਿੱਚ ਚਲਿਆਂ ਹੀ, ਸਭ ਰਿੱਧੀਆਂ-ਸਿੱਧੀਆਂ, ਬਿਬੇਕ ਬੁੱਧੀ ਪ੍ਰਾਪਤ ਹੁੰਦੀ ਹੈ। ਗੁਰੂ ਦੀ ਸਰਨ
ਪਿਆਂ ਹੀ ਸਹੀ ਜੀਵਨ ਜਾਂਚ ਦਾ ਗਿਆਨ ਹੁੰਦਾ ਹੈ, ਪਰ ਮੁਕਤੀ ਪਰਮਾਤਮਾ ਦਾ ਓਟ-ਆਸਰਾ ਲੈਣ ਨਾਲ ਹੀ
ਮਿਲਦੀ ਹੈ।
॥ ੧੨॥ ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ॥
ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਿਜ ਸਮਾਇ ਲਇਆ॥ ੧੨॥ ੭॥ (੯੦੬-੭)
ਜਿਹੜਾ ਮਨੁੱਖ ਸ਼ਬਦ ਗੁਰੂ ਦੀ ਸਰਨ ਲੈਂਦਾ ਹੈ, ਉਹ ਦੁੱਖ ਵੇਲੇ, ਦੁਖੀ ਹੋਣ ਅਤੇ ਸੁਖ ਵੇਲੇ,
ਖੁਸ਼ੀਆਂ ਮਨਾਉਣ ਤੋਂ ਨਿਰਲੇਪ ਰਹਿੰਦਾ ਹੈ, ਕਿਉਂਕਿ ਸਰੀਰ ਦੇ ਹੁੰਦਿਆਂ, ਇਹ ਦੋਵੇਂ ਤਾਂ
ਆਉਂਦੇ-ਜਾਂਦੇ ਹੀ ਰਹਿਣੇ ਹਨ, ਇਨ੍ਹਾਂ ਕਾਰਨ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੁੰਦੀ।
ਗੁਰਮੁਖ, ਸ਼ਬਦ ਦੀ ਸਿਖਿਆ ਅਨੁਸਾਰ ਚੱਲਣ ਵਾਲਾ ਬੰਦਾ, ਆਪਾ ਭਾਵ, ਹਉਮੈਂ ਨੂੰ ਮਾਰ ਕੇ, ਪਰਮਾਤਮਾ
ਨਾਲ ਜੁੜਦਾ ਹੈ। ਹੇ ਨਾਨਕ, ਅਜਿਹੇ ਬੰਦੇ ਨੂੰ ਪਰਮਾਤਮਾ ਸਹਿਜੇ ਹੀ ਆਪਣੇ ਵਿੱਚ ਲੀਨ ਕਰ ਲੈਂਦਾ
ਹੈ, ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪