.

ਸੀਸ ਨਿਵਾਇਐ ਕਿਆ ਥੀਐ

ਮੱਥਾ ਟੇਕਣਾ, ਸੀਸ ਨਿਵਾਣਾ, ਡੰਡਉਤ ਕਰਨੀ ਜਾਂ ਚਰਨ ਛੋਹ ਪ੍ਰਾਪਤ ਕਰਨੀ ਪੁਰਾਤਨ ਪੂਰਬੀ ਪਰਮਪਰਾ ਦਾ ਹਿੱਸਾ ਹੈ ਤੇ ਇਸਨੂੰ ਆਦਰ ਜਾਂ ਸਤਿਕਾਰ ਅਤੇ ਨਿਮਰਤਾ ਦਾ ਪ੍ਰਤੀਕ ਮੰਨਿਆ ਗਿਆ ਹੈ। ਸਤਿਕਾਰ ਜਾਂ ਅਦਬ ਤਾਂ ਸਭਨਾਂ ਦਾ ਕਰਨਾ ਬਣਦਾ ਹੈ ਪਰ ਇਸ ਕਾਰਨ ਸਭਨਾ ਨੂੰ ਸੀਸ ਨਹੀ ਨਿਵਾਇਆ ਜਾਂਦਾ। ਸਤਿਕਾਰ ਇੱਕ ਅੰਦਰੂਨੀ ਭਾਵਨਾ ਹੈ ਜੋ ਗੁਣਾਂ ਤੋਂ ਪ੍ਰਭਾਵਕ ਹੋ ਕੇ ਦਿਲ ਅੰਦਰ ਜਾਗਦੀ ਹੈ, ਇਸ ਲਈ ਸਤਿਕਾਰ ਅਸਲ ਵਿੱਚ ਗੁਣਾਂ ਦਾ ਹੈ ਮਨੁੱਖ ਦਾ ਨਹੀ। ਜਿਵੇਂ ਗੁਣ ਕਮਾਉਣੇ ਪੈਂਦੇ ਹਨ ਤਿਵੇਂ ਸਤਿਕਾਰ ਵੀ ਕਮਾਉਣਾ ਹੀ ਪੈਂਦਾ ਹੈ। ਇਸਨੂੰ ਮਜਬੂਰੀ ਨਾਲ ਨਹੀ ਕਰਵਾਇਆ ਜਾ ਸਕਦਾ। ਸਤਿਕਾਰ ਲਈ ਅੰਦਰ ਜਾਗੀ ਭਾਵਨਾ ਦਾ ਬਾਹਰ ਪ੍ਰਗਟਾਵਾ ਚਰਨ ਛੋਹ ਕੇ, ਸੀਸ ਨਿਵਾ ਕੇ, ਡੰਡਉਤ ਕਰਕੇ ਜਾਂ ਮੱਥਾ ਟੇਕ ਕੇ ਕੀਤਾ ਜਾਂਦਾ ਸੀ। ਇਸ ਲਈ ਚਰਨ ਛੋਹ, ਸੀਸ ਨਿਵਾਉਣਾ ਜਾਂ ਮੱਥਾ ਟੇਕਣਾ ਅੰਦਰ ਜਾਗੀ ਸਤਿਕਾਰ ਦੀ ਭਾਵਨਾ ਦਾ ਪ੍ਰਗਟਾਵਾ ਹੈ ਪਰ ਜੇ ਅੰਦਰੂਨੀ (ਸਤਿਕਾਰ ਦੀ) ਭਾਵਨਾ ਤੋਂ ਬਿਨਾ ਹੀ ਪ੍ਰਗਟਾਵਾ ਕੀਤਾ ਜਾਵੇ ਤਾਂ ਇਹ ਇੱਕ ਰਸਮ ਜਾਂ ਕਰਮ ਕਾਂਡ ਹੀ ਬਣ ਕੇ ਰਹਿ ਜਾਵੇਗਾ। ਆਮ ਤੌਰ ਤੇ ਪੀਰਾਂ ਫਕੀਰਾਂ ਜਾਂ ਗੁਰੂਆਂ ਲਈ ਜਾਗੀ ਸਤਿਕਾਰ ਦੀ ਭਾਵਨਾ ਦਾ, ਚਰਨ ਛੋਹ ਦੁਆਰਾ ਜਾਂ ਮੱਥਾ ਟੇਕ ਕੇ ਆਦਰ ਸਤਿਕਾਰ ਜਾਂ ਨਿਮਰਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਸੀ ਪਰ ਮੌਜੂਦਾ ਸਮੇ ਵਿੱਚ (ਸਤਿਕਾਰ ਦੀ ਭਾਵਨਾ ਬਿਨਾ) ਇਹ ਇੱਕ ਰਸਮ ਦਾ ਰੂਪ ਹੀ ਧਾਰਨ ਕਰਿ ਗਿਆ ਹੈ। ਅਜ ਇਸਦੀ ਸਚਾਈ ਨੂੰ ਸਮਝੇ ਬਿਨਾ ਹਰ ਕੋਈ ਰਸਮੀ ਤੌਰ ਤੇ ਹੀ ਮੱਥਾ ਟੇਕ ਰਹੇ ਹਨ। ਸਬੂਤ ਦੇ ਤੌਰ ਤੇ ਅਗਿਆਨਤਾ ਕਾਰਨ ਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਅਜ ਮਨੁੱਖ ਮੜ੍ਹੀਆਂ ਮਸਾਣਾਂ, ਮੂਰਤੀਆਂ, ਤਸਵੀਰਾਂ, ਚੰਦ, ਸੂਰਜ, ਪਾਣੀ, ਅੱਗ, ਸੱਪ, ਚੂਹੇ, ਬਾਂਦਰ, ਧਾਰਮਕ ਇਮਾਰਤਾਂ, ਨਿਸ਼ਾਨਾਂ, ਬੇਰੀਆਂ, ਸ਼ਸ਼ਤਰਾਂ ਤੇ ਪਾਲਕੀਆਂ ਨੂੰ ਮੱਥੇ ਟੇਕਦਾ ਵੇਖਿਆ ਜਾ ਸਕਦਾ ਹੈ। ਅਖੌਤੀ ਸਾਧਾਂ, ਸੰਤਾਂ, ਪੀਰਾਂ, ਫਕੀਰਾਂ ਤੇ ਬਾਬਿਆਂ ਨੂੰ ਡੰਡਉਤਾਂ ਕਰਦੇ ਵੇਖਿਆ ਜਾ ਸਕਦਾ ਹੈ। ਇਹ ਸਭ, ਆਪਣੀਆਂ ਲੋੜਾਂ ਦੀ ਖਾਤਰ, ਮਜਬੂਰੀ ਹੈ, ਕੋਈ ਸਤਿਕਾਰ ਦੀ ਭਾਵਨਾ ਨਹੀ। ਕਿੱਡੀ ਤਰਸਯੋਗ ਹਾਲਤ ਹੈ ਮਨੁਖ ਦੀ ਕਿ ਆਪਣੀਆਂ ਮਨੋ ਕਾਮਨਾਂ ਦੀ ਪੂਰਤੀ ਲਈ ਅਗਿਆਨਤਾ ਕਾਰਨ ਹਰ ਦਰ ਤੇ, ਹਰ ਵੇਲੇ ਤੇ ਹਰ ਤਰਾਂ ਝੁਕਣ ਲਈ ਤਿਆਰ ਹੈ। ਅਗਿਆਨਤਾ, ਭਰਮਾਂ, ਭੁਲੇਖਿਆਂ ਤੇ ਵਹਿਮਾਂ ਨੇ ਇਸ ਨੂੰ ਮਾਨਸਕ ਤੌਰ ਤੇ ਇਤਨਾ ਕਮਜ਼ੋਰ, ਡਰਪੋਕ, ਆਲਸੀ ਤੇ ਖੁਦਗਰਜ਼ ਬਣਾ ਦਿੱਤਾ ਹੈ ਕਿ ਦਰ ਦਰ ਤੇ ਝੁਕਣਾ ਇਸ ਦੀ ਫਿਤਰਤ ਬਣ ਚੁਕੀ ਹੈ। ਸੱਚ ਹੀ ਕਿਹਾ ਹੈ ਕਿਸੇ ਨੇ:- ਸਰ ਦਰ ਪੇ ਨ ਝੁਕ ਜਾਏ ਉਸੇ ਦਰ ਨਹੀ ਕਹਿਤੇ। ਦਰ ਦਰ ਪੇ ਜੋ ਝੁਕ ਜਾਏ ਉਸੇ ਸਰ ਨਹੀ ਕਹਿਤੇ। ਉਹ ਸਿਰ ਹੀ ਕੀ, ਜੋ ਦਰ ਦਰ ਤੇ ਝੁਕਦਾ ਫਿਰੇ, ਨੱਕ ਜਾਂ ਗੋਡੇ ਰਗੜਦਾ ਫਿਰੇ? ਗੁਰਮਤਿ ਅਨੁਸਾਰ, ਗੁਰੂ ਅਗੇ, ਇਕੱਲੇ ਸੀਸ ਦੇ ਝੁਕ ਜਾਣ ਨੂੰ ਆਦਰ, ਸਤਿਕਾਰ ਜਾਂ ਨਿਮਰਤਾ ਨਹੀ ਮੰਨਿਆ ਗਿਆ ਬਲਿਕੇ ਉਸਦੇ ਗਿਆਨ ਭਰਪੂਰ ਬਚਨਾ ਨੂੰ ਮੰਨ ਕੇ ਗੁਣਾਂ ਨੂੰ ਧਾਰਨ ਕਰਨਾ ਹੀ ਉਸਦਾ ਸਤਿਕਾਰ ਮੰਨਿਆ ਗਿਆ ਹੈ। ਬਚਨਾ ਨੂੰ ਮੰਨੇ ਬਿਨਾ ਸੀਸ ਦਾ ਝੁਕ ਜਾਣਾ ਇੱਕ ਰਸਮ ਬਣ ਕੇ ਹੀ ਰਹਿ ਜਾਂਦਾ ਹੈ। ਗੁਰੂ ਨੇ ਤਾਂ ਸਿੱਖ ਨੂੰ :-

1. ਗਿਆਨ ਰਾਹੀਂ ਭਰਮ ਭੁਲੇਖਿਆਂ ਵਿਚੋਂ ਕੱਢ ਕੇ ਨਿਆਰਾ ਤੇ ਸੁਚੇਤ ਬਣਾਇਆ ਸੀ।

2. ਉਪਦੇਸ਼ ਰਾਹੀਂ ਉਦਮੀ, ਕਿਰਤੀ, ਹਿੰਮਤੀ ਤੇ ਬਲਵਾਨ ਬਣਾਇਆ ਸੀ।

3. ਗੁਰਮਤਿ ਰਾਹੀਂ ਨਿਰਭਉ ਤੇ ਨਿਰਵੈਰ ਬਣਾਇਆ ਸੀ।

4. ਗੁਰਬਾਣੀ ਰਾਹੀਂ ਸਚਿਆਰਾ ਤੇ ਅਡੋਲ ਬਣਾਇਆ ਸੀ।

5. ਸਿਖਿਆ ਰਾਹੀਂ ਖੁਦਗਰਜ਼ ਤੋਂ ਦਾਨੀ ਬਣਾਇਆ ਸੀ।

6. ਸਬਦ ਰਾਹੀਂ ਸਿਰ ਉਠਾ ਕੇ ਜਿਉਣਾ ਸਿਖਾਇਆ ਸੀ।

7. ਨਾਮ (ਹੁਕਮ) ਰਾਹੀਂ ਕੇਵਲ ਅਕਾਲ ਦਾ ਪੁਜਾਰੀ ਬਣਾਇਆ ਸੀ।

ਪਰ ਗੁਰੂ (ਗੁਰਬਾਣੀ) ਤੋਂ ਬੇਮੁਖ ਹੋ ਕੇ ਇਹ ਮੰਗਤਾ ਬਣ ਕੇ ਹਰ ਦਰ ਤੇ ਮੱਥੇ ਰਗੜਦਾ ਫਿਰਦਾ ਹੈ। ਗੁਰੂ ਨੇ ਭਰਮਾਂ, ਭੁਲੇਖਿਆਂ, ਵਹਿਮਾਂ, ਫੋਕੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿਚੋਂ ਕੱਢ ਕੇ ਬੁੱਧੀ ਪੁਰਖ ਬਣਾਇਆ ਸੀ ਪਰ ਗੁਰੂ ਨੂੰ ਵਿਸਾਰ ਕੇ, ਅਖੌਤੀ ਸਾਧਾਂ ਸੰਤਾਂ ਤੇ ਬਾਬਿਆਂ ਦੇ ਹੱਥ ਚੜ੍ਹ ਕੇ ਅੱਜ ਇਹ ਡਰਪੋਕ ਤੇ ਵਹਿਮੀ ਬਣ ਕੇ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਰਿਹਾ ਹੈ। ਵੁਲਵਰਹੈਂਪਟਨ ਵਿਖੇ ਪੀਰ ਦਰਬਾਰ ਦੀ ਹਾਜ਼ਰੀ ਭਰਨ ਆਏ ਲੋਕਾਂ ਵਿਚੋਂ ਸਿੱਖੀ ਬਾਣੇ ਵਿੱਚ ਸਿੰਘ ਸਿੰਘਣੀਆਂ ਨੂੰ ਆਉਂਦਿਆਂ ਅੱਖੀਂ ਵੇਖ ਕੇ ਇਹ ਯਕੀਨ ਹੋ ਗਿਆ ਕਿ ਜੋ ਗੁਰਸਿੱਖ ਹੋ ਕੇ ਅਜੇ ਵੀ ਭਰਮਾ ਤੇ ਭੁਲੇਖਿਆਂ ਵਿੱਚ ਫਸਿਆ ਹੋਇਆ ਹੈ, ਉਸਦਾ ਗੁਰੂ ਨੂੰ ਮੱਥਾ ਟੇਕਣਾ ਇੱਕ ਰਸਮ ਤੋਂ ਬਿਨਾ ਹੋਰ ਕੁਛ ਵੀ ਨਹੀ। ਅਗਰ ਗੁਰਮਤਿ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੁੰਦਾ (ਗੁਰੁ ਬਚਨਾਂ ਨੂੰ ਜਾਣਿਆ ਤੇ ਮੰਨਿਆ ਹੁੰਦਾ) ਤਾਂ ਹੋਰ ਦਰ ਤੇ ਜਾਣ ਦੀ ਲੋੜ ਹੀ ਨਾ ਰਹਿ ਜਾਂਦੀ। ਗੁਰੁ ਤਾਂ ਬਾਰ ਬਾਰ ਪੁਕਾਰ ਕੇ ਸੁਚੇਤ ਕਰਦਾ ਹੈ :

1. ਬਿਨ ਗੁਰੁ ਸਬਦ ਨ ਛੂਟੀਐ ਦੇਖਹੁ ਵੀਚਾਰਾ।। ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ।। (ਮ: ੧-੨੨੯) ਭਾਵ: ਹੇ ਭਾਈ, ਵਿਚਾਰ ਕੇ ਵੇਖ ਲਵੋ, ਗੁਰੂ ਦੇ ਸਬਦ ਤੋ ਬਿਨਾ (ਆਤਮਕ ਹਨੇਰੇ) ਭਰਮ ਭੁਲੇਖਿਆਂ ਤੋਂ ਖਲਾਸੀ ਨਹੀ ਹੋ ਸਕਦੀ।

2. ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ।। (੧੯)। ਭਾਵ: ਗੁਰੂ ਦੇ ਸਬਦ ਤੋਂ ਵਾਂਜਾ ਰਹਿ ਕੇ ਮਨੁਖ ਭਟਕਣਾ (ਭਰਮ ਭੁਲੇਖਿਆਂ) ਵਿੱਚ ਪਿਆ ਰਹਿੰਦਾ ਹੈ।

3. ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮ ਭੁਲਾਇ।। (੩੬)। ਭਾਵ: ਗੁਰੂ ਦੇ ਸਬਦ ਵਿੱਚ ਜੁੜਿਆਂ ਹੀ ਪਰਮਾਤਮਾ ਮਿਲਦਾ ਹੈ। ਗੁਰ ਸਬਦ ਤੋਂ ਬਿਨਾ ਮਨੁਖ ਭਟਕਣਾ (ਭਰਮ ਭੁਲੇਖਿਆਂ) ਵਿੱਚ ਪੈ ਕੇ (ਸਹੀ ਜੀਵਨ ਤੋਂ) ਖੁੰਝ ਜਾਂਦਾ ਹੈ।

ਸਾਲਾਂ ਤੋਂ ਗੁਰੂ ਨੂੰ (ਰਸਮੀ) ਮੱਥਾ ਟੇਕਦਿਆਂ ਜੇ ਅਜੇ ਵੀ ਮੋਹ ਮਾਇਆ ਦੇ ਭਰਮ ਭੁਲੇਖੇ ਦੂਰ ਨਹੀ ਹੋਏ, ਰੀਤਾਂ ਰਸਮਾ ਤੇ ਕਰਮ ਕਾਡਾਂ ਤੋਂ ਖਲਾਸੀ ਨਹੀ ਹੋਈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਨੂੰ ਅਜੇ ਤਕ ਮੱਥਾ ਨਹੀ ਟੇਕ ਹੋਇਆ।

ਦੁਨਿਆਵੀ ਬਾਦਸ਼ਾਹ ਦੇ ਦਰਬਾਰ ਵਿੱਚ ਜਦੋਂ ਰਾਜਾ ਆਪਣੇ ਅਹਿਲਕਾਰਾਂ ਨੂੰ ਹੁਕਮ ਕਰਦਾ ਸੀ ਤਾਂ ਅਗੋਂ ਸੀਸ ਨਿਵਾ ਕੇ ਹੁਕਮ ਨੂੰ ਸਵੀਕਾਰ ਕੀਤਾ ਜਾਂਦਾ ਸੀ। ਹੁਕਮ ਨੂੰ ਮੰਨਣਾ ਹੀ ਹੁਕਮੀ ਦਾ ਸਤਿਕਾਰ ਜਾਂ ਅਦਬ ਹੈ ਪਰ ਜੇ ਮੱਥਾ ਤਾਂ ਟੇਕੀ ਜਾਵੇ ਪਰ ਹੁਕਮ ਕੋਈ ਮੰਨੇ ਨਾ, ਤਾਂ ਸਤਿਕਾਰ ਕੀ ਹੋਇਆ? ਗੁਰੂ ਨੇ ਤਾਂ ਐਸੀ ਫੋਕੀ ਰਸਮ ਨੂੰ ਪਰਵਾਨਗੀ ਨਹੀ ਦਿੱਤੀ:- ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ।। ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ।। (ਮ: ੨-੪੭੪) ਭਾਵ: ਦੋਵੇਂ ਗੱਲਾਂ ਝੂਠੀਆਂ ਹਨ ਤੇ ਦਰ ਕਬੂਲ ਨਹੀ। ਨਾਲੇ ਮੱਥਾ ਟੇਕੀ ਜਾਣਾ ਤੇ ਨਾਲੇ ਬਚਨਾਂ ਤੋਂ ਮੁਨਕਰ ਹੋਈ ਜਾਣਾ। ਇਹ ਚਤੁਰਾਈਆਂ ਗੁਰੂ ਅਗੇ ਨਹੀ ਚਲ ਸਕਦੀਆਂ। ਕੀ ਗੁਰੂ ਦੇ ਹੁਕਮ ਨੂੰ ਮੰਨੇ ਬਿਨਾ, ਇਕੱਲੇ ਸਰੀਰ ਦਾ, ਉਸ ਅਗੇ ਝੁੱਕ ਜਾਣਾ ਉਸਦੀ ਕੋਈ ਵਡਿਆਈ, ਅਦਬ ਜਾਂ ਸਤਿਕਾਰ ਹੈ? ਗੁਰੂ ਸਬਦ (ਗਿਆਨ) ਹੈ ਸਰੀਰ ਨਹੀ (ਸਰੀਰ ਨਾਸਵੰਤ ਹੈ ਪਰ ਗੁਰੂ ਨਾਸਵੰਤ ਨਹੀ) ਇਸ ਲਈ ਉਹ ਮਨੁਖ ਦੇ ਸਤਿਕਾਰ, ਵਡਿਆਈ ਜਾਂ ਪ੍ਰਸੰਤਾ ਦਾ ਮੁਥਾਜ ਨਹੀ। ਕਿਸੇ ਦੇ ਕੁਛ ਆਖਣ ਜਾਂ ਕਰਨ ਨਾਲ ਉਸਦਾ ਕੁਛ ਵਧ ਜਾਂ ਘਟ ਨਹੀ ਜਾਣਾ। ਜੇ ਸਭਿ ਮਿਲਕੈ ਆਖਣ ਪਾਹਿ।। ਵਡਾ ਨ ਹੋਵੈ ਘਾਟਿ ਨ ਜਾਇ।। (ਮ: ੧-੩੪੯) ਕਿਸੇ ਸਰੀਰ ਦਾ ਉਹਦੇ ਅਗੇ ਝੁਕਣ ਜਾਂ ਨਾ ਝੁਕਣ ਨਾਲ ਉਸਨੂੰ ਕੋਈ ਫਰਕ ਨਹੀ ਪੈਂਦਾ। ਉਸਨੂੰ ਤਾਂ ਇਕੋ ਤਰਾਂ ਦਾ ਮੱਥਾ ਟੇਕਿਆ ਪ੍ਰਵਾਨ ਹੈ:- ਤੁਧਨੋ ਨਿਵਣੁ ਮੰਨਣੁ ਤੇਰਾ ਨਾਉ।। ਸਾਚੁ ਭੇਟ ਬੈਸਣ ਕਉ ਥਾਉ।। (ਮ: ੧-੮੭੮)। ਹੇ ਪ੍ਰਭੂ, ਤੇਰੇ ਨਾਮ (ਹੁਕਮ) ਨਾਲ ਡੂੰਗੀ ਸਾਂਝ ਪਾਣੀ ਤੇਰੇ ਅਗੇ ਸਿਰ ਨਿਵਾਣਾ ਹੈ ਤੇ (ਇਹੀ) ਤੇਰੀ ਸਿਫਤ ਸਾਲਾਹ (ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ।। ੧੦੦) ਹੀ ਤੇਰੀ ਸੱਚੀ ਭੇਟਾ ਹੈ ਜਿਸ ਦੁਆਰਾ ਤੇਰੀ ਹਜ਼ੂਰੀ ਵਿੱਚ ਬੈਠਣ ਲਈ ਥਾਂ ਪ੍ਰਾਪਤ ਹੁੰਦੀ ਹੈ। “ਨਾਮ” ਦੇ ਅਰਥ ਗੁਰਬਾਣੀ ਦੁਆਰਾ ਹੀ “ਹੁਕਮ” ਹਨ:- ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ।। (ਮ: ੧-੭੨) ਇਸ ਲਈ ਉਸਦੇ ਹੁਕਮ ਨੂੰ ਮੰਨਣਾ ਹੀ ਉਸਨੂੰ ਮੱਥਾ ਟੇਕਣਾ ਹੈ ਤੇ ਇਹੀ ਸਚੀ ਭੇਟਾ ਹੈ ਜੋ ਗੁਰੂ ਨੂੰ ਪ੍ਰਵਾਨ ਹੈ। ਏਸੇ ਨੂੰ ਹੀ ਗੁਰਬਾਣੀ ਨੇ ਇੱਕ ਵਡ੍ਹਾ ਪੁੰਨ ਆਖਿਆ ਹੈ: - ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ਕਰਿ ਡੰਡਉਤ ਪੁੰਨੁ ਵਡਾ ਹੇ।। (ਮ: ੪-੧੭੧)। ਸਾਧੂ ਸਬਦ ਗੁਰੂ (ਗੁਰਬਾਣੀ) ਲਈ ਹੀ ਵਰਤਿਆ ਹੈ, ਇਸ ਲਈ ਗੁਰਬਾਣੀ ਨੂੰ ਜੀਵਨ ਵਿੱਚ ਢਾਲਣਾ ਹੀ ਵਡਾ ਪੁੰਨ ਹੈ ਤੇ ਇਹੀ ਗੁਰੂ ਨੂੰ ਅੰਜੁਲੀ, ਡੰਡਉਤ ਜਾਂ ਮੱਥਾ ਟੇਕਣਾ ਹੈ। ਅਗਰ ਇਕੱਲੇ ਸਰੀਰ ਦੇ ਨਿਵਣ ਨੂੰ ਹੀ ਸਤਿਕਾਰ, ਪੁੰਨ ਜਾਂ ਵਡਿਆਈ ਮੰਨ ਲਿਆ, ਤਾਂ ਗੁਰੂ ਦਾ ਬਚਨ ਹੈ: ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ।। ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।। (ਮ: ੧-੪੭੦)। ਸਿੱਧੇ ਡੰਡੇ ਵਾਂਙੂੰ ਲੰਮਾ ਤਾਂ ਹਰਨ ਦਾ ਸ਼ਿਕਾਰੀ ਵੀ ਪੈਂਦਾ ਹੈ, ਪਰ ਉਹ ਕੋਈ ਹਰਨ ਦੇ ਸਤਿਕਾਰ, ਪੁੰਨ ਜਾਂ ਵਡਿਆਈ ਲਈ ਡੰਡਉਤ ਨਹੀ ਕਰ ਰਿਹਾ ਹੁੰਦਾ। ਇਸ ਲਈ ਇਕੱਲੇ ਸਰੀਰ ਜਾਂ ਸੀਸ ਦੇ ਝੁਕ ਜਾਣ (ਮੱਥਾ ਟੇਕਣ) ਦੀ ਗੁਰਮਤਿ ਵਿੱਚ ਵਡਿਆਈ ਨਹੀ ਮੰਨੀ ਗਈ ਪਰ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਮਹੱਦਤਾ ਜ਼ਰੂਰ ਦਰਸਾਈ ਗਈ ਹੈ। ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ।। ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ।। (ਮ: ੧-੮੪)। ਭਾਵ: ਮਨ ਦਾ ਨਿਸ਼ਾਨਾ, ਭਾਵਨਾ (ਹੁਕਮ ਮੰਨਣ ਨੂੰ) ਬਣਾ ਕਿਉਂਕਿ ਐਸਾ ਨਿਵਣਾ ਹੀ ਦਰ ਕਬੂਲ ਹੈ। ਜੋ ਸਿਰ ਇਸ ਤਰਾਂ ਨਹੀ ਝੁਕਦਾ (ਹੁਕਮ ਨਹੀ ਮੰਨਦਾ) ਉਸਨੂੰ ਬਾਬੇ ਫਰੀਦ ਦੀ ਤਾੜਨਾ ਇਸ ਤਰਾਂ ਹੈ:- ਜੋ ਸਿਰੁ ਸਾਈ ਨ ਨਿਵੈ ਸੋ ਸਿਰੁ ਕੀਜੈ ਕਾਂਇ।। ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ।। (ਫਰੀਦ-੧੩੮੧)। ਜੋ ਮਨ, ਗੁਰੂ ਦੇ ਉਪਦੇਸ਼ਾਂ ਤੇ ਨਹੀ ਚਲਦਾ, ਗਿਆਨ ਹਾਸਲ ਨਹੀ ਕਰਦਾ, ਉਸ ਮਨ ਨੂੰ ਕੀ ਕਰਨਾ ਹੈ? ਚੁੱਲੇ ਵਿੱਚ ਬਾਲਣ ਦੀ ਥਾਂ ਜਲਾ ਦੇਣਾ ਚਾਹੀਦਾ ਹੈ। ਗੁਰਬਾਣੀ ਦਾ ਫੁਰਮਾਨ ਹੈ ਕਿ ਉਹ ਮੱਥਾ ਭਾਗਾਂ ਵਾਲਾ ਹੈ ਜੋ ਗੁਰੂ ਦੇ ਚਰਨਾਂ ਤੇ ਨਿਉਂਦਾ ਹੈ ਤੇ ਉਹ ਪੈਰ ਪਵਿਤ੍ਰ ਹੋ ਜਾਂਦੇ ਹਨ ਜਿਹੜੇ ਪਰਮਾਤਮਾ (ਦੇ ਮਿਲਾਪ) ਦੇ ਰਸਤੇ ਉਤੇ ਚਲਦੇ ਹਨ। : ਸਫਲੁ ਓਹੁ ਮਾਥਾ ਸੰਤ ਨਮਸਕਾਰਸਿ।। ਚਰਣ ਪੁਨੀਤ ਚਲਹਿ ਹਰਿ ਮਾਰਗਿ।। (੧੯੧)। ਪਰ ਸਬਦ ਗੁਰੂ ਦੇ ਚਰਨ ਕਿਹੜੇ ਹਨ ਜਿਨਾ ਨੂੰ ਨਮਸਕਾਰ ਕੀਤੀ ਜਾਂ ਮੱਥਾ ਟੇਕਣਾ ਸਫਲ ਹੈ? ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ।। ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ।। (੬੮੦)। ਭਾਵ: ਹੇ ਪ੍ਰਭੂ, ਤੂੰ ਅਨੰਦ ਸਰੂਪ ਹੈਂ, ਮੰਗਲ ਰੂਪ ਹੈਂ, ਤੇਰੀ ਸਿਫਤਿ ਸਾਲਾਹ ਦੀ ਬਾਣੀ ਸੁੰਦਰ ਤੇ ਰਸੀਲੀ ਹੈ। ਹੇ ਨਾਨਕ, ਜਿਸ ਮਨੁੱਖ ਨੇ ਸਤਿਗੁਰ ਦੀ ਬਾਣੀ ਪੱਲੇ ਬੰਨ ਲਈ, ਉਸਦੇ ਹਿਰਦੇ ਵਿੱਚ ਸਤਿਗੁਰ ਦੇ ਚਰਨ ਵਸ ਜਾਂਦੇ ਹਨ। ਸੋ, ਸਪਸ਼ਟ ਹੈ ਕਿ ਸਤਿਗੁਰ ਦੀ ਬਾਣੀ ਹੀ ਸਤਿਗੁਰ ਦੇ ਚਰਨ ਹਨ ਤੇ ਇਸ ਲਈ ਸਤਿਗੁਰ ਦੇ ਚਰਨਾ ਵਿੱਚ ਮੱਥਾ ਟੇਕਣਾ ਸਤਿਗੁਰ ਦੀ ਬਾਣੀ ਨੂੰ ਮਨ ਵਸਾਉਣਾ (ਗੁਰਬਾਣੀ ਤੇ ਚਲਣਾ) ਹੀ ਹੈ। ਗੁਰੂ ਦੇ ਚਰਣਾ ਦਾ ਧਿਆਨ ਧਰਨਾ ਵੀ ਗੁਰੂ ਦੀ ਬਾਣੀ ਦਾ ਮਨ ਵਿੱਚ ਵਸਾਉਣਾ ਹੀ ਹੈ। ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ।। (੫੪੦)। ਭਾਵ: ਹੇ ਮੇਰੀ ਜਿੰਦੁੜੀਏ, ਉਹ ਸਿਰ ਭਾਗਾਂ ਵਾਲਾ ਤੇ ਪਵਿਤ੍ਰ ਹੈ ਜਿਹੜਾ ਗੁਰੂ ਦੇ ਚਰਨਾਂ (ਗੁਰਬਾਣੀ) ਵਿੱਚ ਜਾ ਲਗਦਾ ਹੈ। ਗੁਰ ਪ੍ਰਮਾਣਾ ਤੋਂ ਸਿੱਧ ਹੈ ਕਿ ਗੁਰਮਤਿ ਅਨੁਸਾਰ ਗੁਰੂ ਦੇ ਚਰਣਾਂ ਵਿੱਚ ਸੀਸ ਨਿਵਾਣਾ ਜਾਂ ਮੱਥਾ ਟੇਕਣਾ ਗੁਰੂ ਦੇ ਬਚਨਾ ਨੂੰ ਮੰਨਣਾ ਹੈ, ਜਿਸ ਤੋਂ ਬਿਨਾ ਇਹ ਇੱਕ ਫੋਕੀ ਰਸਮ ਹੀ ਰਹਿ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰੂ ਉਹਨਾ ਤੋਂ ਸਦਾ ਕੁਰਬਾਨ ਜਾਂਦਾ ਹੈ ਜੋ ਉਸਦੇ ਬਚਨਾਂ (ਗੁਰਬਾਣੀ) ਨੂੰ ਪੜ੍ਹ ਸੁਣ ਕੇ ਉਸਨੂੰ ਬੁੱਝਦੇ (ਵਿਚਾਰਦੇ) ਤੇ ਫਿਰ ਮਨ ਵਸਾਉਂਦੇ (ਉਸ ਤੇ ਚਲਦੇ) ਹਨ। ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ।। (੧੨੭)।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.