.

ਨਵਾਂ ਸਾਲ, ਸਾਡੇ ਲਈ ਕਰਨਯੋਗ ਕਰਮ-ਧਰਮ ਅਤੇ ਪਰਣ

ਅਵਤਾਰ ਸਿੰਘ ਮਿਸ਼ਨਰੀ (5104325827)

ਨਵਾਂ ਸਾਲ-ਉਹ ਹਰ ਸਮਾਂ ਹੀ ਨਿੱਤ ਨਵਾਂ ਹੈ ਜੋ-ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ (660) ਦੀ ਯਾਦ ਵਿੱਚ ਲੰਘੇ-ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੇ ਪਾਰਬ੍ਰਹਮੁ ਫਿਟੁ ਭੁਲੇਰੀ ਰੁਤਿ (318) ਸੋ ਕੋਈ ਵੀ ਨਿਮਖ, ਪਲ, ਘੜੀ, ਪਹਰ, ਮਹੂਰਤ, ਦਿਨ-ਰਾਤ ਹਫਤਾ, ਮਹੀਨਾ ਅਤੇ ਸਾਲ ਮਾੜਾ ਨਹੀਂ ਸਗੋਂ ਮਾੜੇ ਚੰਗੇ ਸਾਡੇ ਕਰਮ ਹਨ। ਜਿਵੇਂ ਹਰ ਸਾਲ ਬਨਾਸਪਤੀ ਨੂੰ ਨਵੇਂ ਫੁੱਲ ਖਿੜਦੇ ਅਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ਇਵੇਂ ਹੀ ਸਾਡੇ ਹਿਰਦੇ ਵੀ ਸ਼ੁਭ ਗੁਣਾਂ ਦੇ ਫੁੱਲ ਅਤੇ ਅਗਾਂਹ ਵਧੂ ਵਿਚਾਰਾਂ ਦੀਆਂ ਕਰੂੰਬਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕੱਟ ਕੇ ਪਰੂਣੀ ਕੀਤੀ ਵੇਲ ਨੂੰ ਵਧੀਆ ਫਲ ਲੱਗਦੇ ਹਨ ਇਵੇਂ ਹੀ ਬੁਰੇ ਕਰਮ, ਗੰਦੀ ਸੋਚ, ਪਿਛਾਂਹ ਖਿੱਚੂ ਪੁਰਾਣੇ ਤੇ ਬੋਸੇ ਵਿਚਾਰ ਜੋ ਭਰਮ-ਗਿਆਨੀਆਂ, ਮਿਥਿਹਾਸਕ ਗ੍ਰੰਥਾਂ ਅਤੇ ਮਨਮਤਿ ਰਾਹੀਂ ਸਾਡੇ ਹਿਰਦੇ ਤੇ ਦਿਲ ਦਿਮਾਗ ਵਿੱਚ ਪਾ ਅਤੇ ਅਮਰਵੇਲ ਵਾਂਗ ਉੱਪਰ ਚੜ੍ਹਾ ਦਿੰਦੇ ਹਨ। ਉਨ੍ਹਾਂ ਨੂੰ ਗੁਰੂ ਸ਼ਬਦ ਗਿਆਨ ਦੇ ਨਸ਼ਤ੍ਰ ਨਾਲ ਕੱਟ ਛੱਟ ਕੇ ਹਰ ਸਾਲ ਪਰੂਣੀ ਕਰਨ ਦੀ ਲੋੜ ਹੈ ਤਾਂ ਕਿ ਸ਼ੁਭ ਗੁਣਾਂ ਅਤੇ ਸਰਬ ਪ੍ਰਵਾਣਤ ਅਗਾਂਹ ਵਧੂ ਉਸਾਰੂ ਵਿਚਾਰਾਂ ਦੇ ਚੰਗੇ ਫਲ ਲੱਗ ਸੱਕਣ। ਜਿਵੇਂ ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿਨ੍ਹਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ। ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਉਣੇ ਚਾਹੀਦੇ ਹਨ। ਸਿੱਖ ਰਹਿਤਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈਆਂ ਅਤੇ ਪੁਜਾਰੀਆਂ ਤੇ ਹੀ ਨਿਰੀ ਟੇਕ ਨਹੀਂ ਰੱਖਣੀ ਚਾਹੀਦੀ ਜੋ ਜੋਕਾਂ ਵਾਂਗ ਸਿੱਖ ਕੌਮ ਦਾ ਖੂਨ ਪੀਂਦੇ ਹੋਏ ਕੌਮ ਵਿੱਚ ਵਹਿਮ-ਭਰਮ, ਫੋਕਟ-ਕਰਮਕਾਂਡ, ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਆਦਿ ਫਲਾ ਰਹੇ ਹਨ। ਜਿਨ੍ਹਾਂ ਨੇ ਅਰਸ਼ੀ ਸਿੱਖੀ ਨੂੰ ਪੱਥਰ ਯੁੱਗ ਦਾ ਧਰਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਬ੍ਰਾਹਮਣੀ ਗ੍ਰੰਥਾਂ ਦੀਆਂ ਬੇ-ਫਜ਼ੂਲ ਮਿਥਿਹਾਸਕ ਕਥਾ ਕਹਾਣੀਆਂ, ਗੁਰਦੁਆਰਿਆਂ ਵਿੱਚ ਸੁਣਾ-ਸੁਣਾ ਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗੰਦੀ ਕਵਿਤਾ ਵਾਲੇ ਗ੍ਰੰਥ ਨੂੰ ਹਿੱਕ ਦੇ ਜੋਰ ਨਾਲ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਾ ਕੇ ਸਿੱਖ ਸਿਧਾਤਾਂ ਦੀਆਂ ਜੜ੍ਹਾਂ ਵੱਢ ਰਹੇ ਹਨ। ਸੋ ਜਿਵੇਂ ਸਮੇਂ ਦੀ ਚਾਲ ਹਰ ਵੇਲੇ ਚਲਦੀ ਰਹਿੰਦੀ ਹੈ ਇਵੇਂ ਹੀ ਸਿੱਖ ਵੀ ਹਰ ਵੇਲੇ ਸਿੱਖਦਾ ਸਿਖਾਂਦਾ ਅਤੇ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਕਰਨਯੋਗ ਕਰਮ ਧਰਮ ਅਤੇ ਪਰਣ ਕਰਦਾ ਹੋਇਆ ਯਤਨਸ਼ੀਲ ਰਹਿੰਦਾ ਹੈ।

ਕਰਨਯੋਗ ਕਰਮ-ਧਰਮ ਅਤੇ ਪਰਣ

ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ।

ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ।

ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਵਾਂਗੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ। ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਅਦਿਕ ਖੋਲਾਂਗੇ ਜਿੱਥੇ ਦਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ।

ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਟ੍ਰੇਂਡ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ ਦਾ ਭਗਵਾਕਰਨ ਨਾਂ ਕਰਨ।

ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂ ਦੇਵਾਂਗੇ ਅਤੇ ਨਾਂ ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ ਜਾਂ ਪਿਛੇ ਸੰਤ ਸ਼ਬਦ ਵਰਤਾਂਗੇ ਸਗੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਕਰਾਂਗੇ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। ਨੋਂਟ-ਡੇਰੇਦਾਰ ਤੇ ਟਕਸਾਲੀ ਅਜਿਹਾ ਅਨਰਥ ਸ਼ਰੇਆਂਮ ਕਰ ਰਹੇ ਹਨ।

ਸਿੱਖ ਗੁਰਦੁਆਰਿਆਂ ਤੇ ਫਿਰ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨ ਨੁਮਾਂ ਗੁਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ।

ਮਾਰੂ ਨਸ਼ਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸ਼ਿਆਂ ਨਾਲ ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਹਨ ਓਥੇ ਮਤਿ ਵੀ ਮਾਰੀ ਜਾਂਦੀ ਹੈ-ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ … ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (554)

ਔਰਤ ਦਾ ਮਰਦ ਦੇ ਬਰਾਬਰ ਸਨਮਾਨ ਕਰਾਂਗੇ, ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿਉਂਕਿ ਇਹ ਮਾਨ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (473) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁੱਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ ਅਜੋਕੇ ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੀਬੀਆਂ ਨੂੰ 52 ਪੀਹੜੇ ਬਖਸ਼ੇ ਸਨ।

ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-ਸਭੇ ਸਾਂਝੀਵਾਲ ਸਦਾਇਨਿ (97) ਅਤੇ ਉਪਦੇਸ਼ੁ ਚਹੁ ਵਰਨਾ ਕਉ ਸਾਂਝਾ (747)

ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਫਿਲੌਸਫੀ ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ। ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ, ਰਸਾਲੇ, ਸੀਡੀਆਂ, ਟੀ. ਵੀ. , ਮੂਵੀਆਂ ਅਤੇ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ ਸਭ ਪ੍ਰਕਾਰ ਦੇ ਮੀਡੀਏ ਰਾਹੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਇਸ ਨੂੰ ਗੁਰਬਾਣੀ ਦਾ ਪ੍ਰਚਾਰ ਸਮਝਾਂਗੇ ਨਾ ਕਿ ਬੇਅਦਬੀ।

ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰ਼ੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਖੰਡੇ ਪਾਹੁਲ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ।

ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਚਲਾ ਕੇ ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕੀਤੇ ਜਾਣ।

ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ।

ਜੋ ਡੇਰੇ ਜਾਂ ਗੁਰਦੁਆਰੇ ਸ਼੍ਰੀ ਅਕਾਲ ਤਖ਼ਤ ਦੀ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ ਦੀ ਕੀਤੀ ਕਮਾਈ ਚੋਂ ਭੇਟਾ ਚੜਾਉਣੀ ਬੰਦ ਕੀਤੀ ਜਾਵੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।

ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ ਡੋਰ ਹਰੇਕ ਮਾਈ ਭਾਈ ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ।

ਜੇ ਅਜਿਹਾ ਕਰਦੇ ਹਾਂ ਤਾਂ ਨਵਾਂ ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਜੀ ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਉਂਦੇ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ। ਪੁਜਰੀਵਾਦ, ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਤਾਂ ਨਵਾਂ ਸਾਲ ਮੁਬਾਰਕ ਹੈ।
.