.

ਨਾਮਾ ਛੀਬਾ ਕਾਣੀ ਕੌਡੀ ਦਾ?

ਸ਼ਾਇਦ ਤੁਸੀਂ ਹੈਰਾਨਗੀ ਵਿੱਚ ਇਹ ਹੈਡਿੰਗ ਪੜ੍ਹ ਕੇ ਸੋਚਦੇ ਹੋਵੋਂਗੇ ਕਿ ਇਹ ਕੀ ਲਿਖ ਰਿਹਾ ਹੈ ਅਤੇ ਇਸ ਨੂੰ ਤਾਂ ਗੱਲ-ਬਾਤ ਕਰਨ ਦੀ ਜਾਂ ਲਿਖਣ ਦੀ ਤਾਮੀਜ਼ ਹੀ ਕੋਈ ਨਹੀਂ ਹੈ। ਹੈਰਾਨ ਹੋ ਕੇ ਸੋਚਣ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਮੇਰੇ ਆਪਣੇ ਵਿਚਾਰ ਨਹੀਂ ਹਨ। ਇਹ ਵਿਚਾਰ ਹਨ ਨਾਮ ਦੇਵ ਦੇ ਸਮਕਾਲੀ ਲੋਕਾਂ ਦੇ ਅਤੇ ਇਸ ਨੂੰ ਲਿਖ ਕੇ ਦੁਹਰਾ ਰਹੇ ਹਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ। ਗੁਰਬਾਣੀ ਦਾ ਇਹ ਸ਼ਬਦ ਤੁਸੀਂ ਆਮ ਹੀ ਸੁਣਿਆਂ ਹੋਵੇਗਾ ਜੋ ਕਿ ਇਸ ਤਰ੍ਹਾਂ ਹੈ:

ਮਹਲਾ 5॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ, ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ, ਹੋਇਓ ਲਾਖੀਣਾ॥ 1॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ, ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ, ਭਇਓ ਗੁਨੀਯ ਗਹੀਰਾ॥ 1॥ ਰਵਿਦਾਸੁ ਢੁਵੰਤਾ ਢੋਰ ਨੀਤਿ, ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧ ਸੰਗਿ, ਹਰਿ ਦਰਸਨੁ ਪਾਇਆ॥ 2॥ ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ, ਭਗਤਾ ਮਹਿ ਗਨਿਆ॥ 3॥ ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡ ਭਾਗਾ॥ 4॥ 2॥ {ਪੰਨਾ 487}

ਇਹ ਸ਼ਬਦ ਭਗਤ ਧੰਨਾ ਜੀ ਦੇ ਸ਼ਬਦ ਦੇ ਨਾਲ ਲਿਖਿਆ ਹੋਇਆ ਹੈ। ਭਗਤ ਧੰਨਾ ਜੀ ਰੱਬ ਨੂੰ ਪਉਣ ਦੀ ਗੱਲ ਆਪਣੇ ਸ਼ਬਦ ਵਿੱਚ ਕੀਤੀ ਹੈ, ਉਸ ਨੂੰ ਸਹੀ ਠਹਿਰਾਉਣ ਵਾਸਤੇ ਅਤੇ ਪ੍ਰਚਲਤ ਪੱਥਰਾਂ ਵਿਚੋਂ ਰੱਬ ਮਿਲਣ ਵਾਲੀ ਕਹਾਣੀ ਦਾ ਖੰਡਨ ਕਰਨ ਵਾਸਤੇ ਇਹ ਸ਼ਬਦ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਪਰ ਸਾਡੇ ਇਸ ਲੇਖ ਦਾ ਵਿਸ਼ਾ ਧੰਨੇ ਭਗਤ ਦੀ ਕਹਾਣੀ ਦਾ ਨਹੀਂ ਬਲਕਿ ਇਸ ਸ਼ਬਦ ਵਿੱਚ ਹਰ ਭਗਤ ਦੇ ਨਾਮ ਨਾਲ ਵਰਤੇ ਜਾਤੀ ਸੂਚਕ ਨਾਲ ਸੰਬੰਧਿਤ ਹੈ। ਜੇ ਕਰ ਭਗਤਾਂ ਦੇ ਸਮਕਾਲੀ ਆਮ ਲੋਕ ਭਗਤਾਂ ਨੂੰ ਜਾਤੀ ਨਾਮ ਲੈ ਕੇ ਘਟੀਆ ਸਮਝਦੇ ਸਨ ਤਾਂ ਗੁਰੂ ਅਰਜਨ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਰੱਬ ਨਾਲ ਪ੍ਰੀਤੀ ਪਉਣ ਕਰਕੇ ਇਹ ਉਚੇ ਅਤੇ ਲੱਖਾਂਪਤੀ ਹੀਰੇ ਸਨ।

ਗੁਰਬਾਣੀ ਵਿੱਚ ਇੱਕ ਪਾਸੇ ਤਾਂ ਜਾਤ ਪਾਤ ਦਾ ਖੰਡਣ ਕੀਤਾ ਹੋੲਆ ਹੈ ਅਤੇ ਦੂਸਰੇ ਪਾਸੇ ਭਗਤਾਂ ਅਤੇ ਗੁਰੂਆਂ ਦੇ ਨਾਮ ਨਾਲ ਜਾਤੀ ਅਤੇ ਗੋਤੀ ਸੂਚਕ ਵੀ ਲੱਗੇ ਹੋਏ ਹਨ। ਐਸਾ ਕਿਉਂ ਹੈ? ਇਸ ਗੱਲ ਨੂੰ ਹੀ ਅਸੀਂ ਅੱਜ ਦੇ ਇਸ ਲੇਖ ਵਿੱਚ ਸਮਝਣ ਦਾ ਜਤਨ ਕਰਾਂਗੇ। ਆਓ ਪਹਿਲਾਂ ਕੁੱਝ ਉਹ ਸ਼ਬਦ ਲਈਏ ਜਿਹਨਾ ਵਿੱਚ ਜਾਤ-ਪਾਤ ਦਾ ਖੰਡਣ ਕੀਤਾ ਹੋਇਆ ਹੈ।

ੴ ਸਤਿਗੁਰ ਪ੍ਰਸਾਦਿ॥ ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ 1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ 1॥ ਰਹਾਉ॥ ਚਾਰੇ ਵਰਨ ਆਖੈ ਸਭੁ ਕੋਈ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥ 2॥ ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮਾੑਰਾ॥ 3॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਘਟਿ ਵਧਿ ਕੋ ਕਰੈ ਬੀਚਾਰਾ॥ 4॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥ 5॥ 1॥ {ਪੰਨਾ 1127-1128}

ਸਲੋਕ ਮ: 1॥ ਫਕੜ ਜਾਤੀ ਫਕੜੁ ਨਾਉ। ਸਭਨਾ ਜੀਆ ਇਕਾ ਛਾਉ॥ ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਇ॥ 1॥ {ਪੰਨਾ 83}

ਭਗਤਾਂ ਨੇ ਆਪਣੀ ਬਾਣੀ ਵਿੱਚ ਖੁਦ ਆਪ ਵੀ ਆਪਣੀ ਜਾਤ ਦਾ ਜ਼ਿਕਰ ਕੀਤਾ ਹੈ ਅਤੇ ਗੁਰੂਆਂ ਨੇ ਵੀ ਕਈ ਸ਼ਬਦਾਂ ਵਿੱਚ ਇਹਨਾ ਦੀ ਜ਼ਾਤ ਲਿਖੀ ਹੈ। ਇੱਕ ਪਹਿਲਾਂ ਲਿਖਿਆ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਤੁਸੀਂ ਪੜ੍ਹ ਹੀ ਲਿਆ ਹੈ। ਆਓ ਹੁਣ ਕੁੱਝ ਸ਼ਬਦ ਲਈਏ ਜਿਹਨਾ ਵਿੱਚ ਗੁਰੂਆਂ ਦੇ ਨਾਮ ਨਾਲ ਉਹਨਾ ਦੇ ਕੁੱਲ/ਗੋਤ/ਪ੍ਰਵਾਰਕ ਦਾ ਨਾਮ ਵੀ ਨਾਲ ਲਿਖਿਆ ਮਿਲਦਾ ਹੈ। ਗੁਰੂ ਅਮਰਦਾਸ ਜੀ ਦੇ ਨਾਮ ਨਾਲ ਭੱਲੇ ਅਤੇ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਸੋਢੀ ਲਿਖਿਆ ਹੋਇਆ ਹੈ ਜੋ ਕਿ ਇਸ ਤਰ੍ਹਾਂ ਹੈ:

ਰਾਮਦਾਸ ਸੋਢੀ ਤਿਲਕੁ ਦੀਆ, ਗੁਰ ਸਬਦੁ ਸਚੁ ਨੀਸਾਣੁ ਜੀਉ॥ 5॥ {ਪੰਨਾ 923}

ਗੁਰੁ ਨਾਨਕੁ, ਨਿਕਟਿ ਬਸੈ ਬਨਵਾਰੀ॥ ਤਿਨਿ ਲਹਣਾ ਥਾਪਿ, ਜੋਤਿ ਜਗਿ ਧਾਰੀ॥ ਲਹਣੈ, ਪੰਥੁ ਧਰਮ ਕਾ ਕੀਆ॥ ਅਮਰਦਾਸ ਭਲੇ ਕਉ ਦੀਆ॥ ਤਿਨਿ, ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ॥ ਹਰਿ ਕਾ ਨਾਮੁ ਅਖੈ ਨਿਧਿ ਅਪ੍ਯ੍ਯਉ॥ {ਪੰਨਾ 1401}

ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ, ਕਛੁ ਕਹੀ ਨ ਜਾਈ॥
ਸੋਢੀ, ਸ੍ਰਿਸ੍ਰਟਿ ਸਕਲ ਤਾਰਣ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬਡਾਈ॥ 3॥ (ਪੰਨਾ 1406)

ਭਯ ਭੰਜਨੁ, ਪਰ ਪੀਰ ਨਿਵਾਰਨੁ, ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ॥ ਕੁਲਿ ਸੋਢੀ, ਗੁਰ ਰਾਮਦਾਸ ਤਨੁ, ਧਰਮ ਧੁਜਾ, ਅਰਜੁਨੁ ਹਰਿ ਭਗਤਾ॥ 6॥ (ਪੰਨਾ 1407)

ਹੁਣ ਇੱਕ ਪਾਸੇ ਤਾਂ ਗੁਰਬਾਣੀ ਵਿੱਚ ਜਾਤ ਦੇ ਹੰਕਾਰ ਕਰਨ ਵਾਲੇ ਨੂੰ ਮੂਰਖ ਕਿਹਾ ਹੈ ਅਤੇ ਨਾਲ ਹੀ ਇਹਨਾ ਦਾ ਬਾਣੀ ਦੇ ਰਚੇਤਿਆਂ ਦੇ ਨਾਮ ਨਾਲ ਜ਼ਿਕਰ ਵੀ ਹੈ। ਐਸਾ ਕਿਉਂ ਹੈ? ਆਓ ਇਸ ਨੂੰ ਸਮਝਣ ਦਾ ਜਤਨ ਕਰੀਏ।

ਜਾਤ ਅਤੇ ਗੋਤ ਦਾ ਫਰਕ:

ਮੇਰੇ ਖਿਆਲ ਮੁਤਾਬਕ ਜਾਤ ਅਤੇ ਗੋਤ ਦੋ ਵੱਖਰੇ ਹਨ ਪਰ ਅਸੀਂ ਆਮ ਹੀ ਇਸ ਨੂੰ ਰਲਗੱਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਾਤ ਕਿਸੇ ਕਰਨੇਵਾਲੇ ਕੰਮ ਨਾਲ ਸੰਬੰਧ ਰੱਖਦੀ ਹੈ ਅਤੇ ਗੋਤ ਪ੍ਰਵਾਰਕ ਪਿਛੋਕੜ ਨਾਲ ਜਾਂ ਕਿਸੇ ਪਿੰਡ ਨਾਲ ਸੰਬੰਧ ਰੱਖਦਾ ਹੈ। ਮਿਸਾਲ ਦੇ ਤੌਰ ਤੇ ਇੱਕ ਪਿੰਡ ਦੇ ਬਹੁਤੇ ਲੋਕਾਂ ਦਾ ਗੋਤ ਭੰਗੂ ਹੈ। ਇਹਨਾ ਵਿਚੋਂ ਇੱਕ ਤਾਂ ਜੱਟਾਂ ਨਾਲ ਸੰਬੰਧਿਤ ਹਨ ਅਤੇ ਦੂਸਰੇ ਨਾਈਆਂ ਨਾਲ। ਕਈ ਉਂਜ ਹੀ ਆਪਣੇ ਨਾਮ ਨਾਲ ਕੋਈ ਤਖੱਲਸ ਰੱਖ ਲੈਂਦੇ ਹਨ ਅਤੇ ਬਾਅਦ ਵਿੱਚ ਹੌਲੀ-ਹੌਲੀ ਉਸ ਨੂੰ ਹੀ ਪ੍ਰਵਾਰਕ ਨਾਮ ਗੋਤ ਨਾਲ ਲਿਖਣਾ ਸ਼ੁਰੂ ਕਰ ਦਿੰਦੇ ਹਨ। ਭਾਈ ਕਾਨ ਸਿੰਘ ਨਾਭਾ ਨੇ ਗੋਤ ਦੇ ਖ਼ਾਨਦਾਨ ਅਤੇ ਵੰਸ਼ ਵੀ ਕੀਤੇ ਹਨ।

ਗੁਰਬਾਣੀ ਵਿੱਚ ਜਿਸ ਗੱਲ ਨੂੰ ਮਾੜਾ ਕਿਹਾ ਗਿਆ ਹੈ ਉਹ ਹੈ ਜਾਤ ਦਾ ਹੰਕਾਰ। ਕਿਉਂਕਿ ਜਿੱਥੇ ਬਾਣੀ ਰਚੇਤਾ ਜਿਸ ਸਮੇਂ ਰਹਿ ਰਹੇ ਸਨ ਅਤੇ ਜੋ ਉਸ ਸਮੇਂ ਹੋ ਰਿਹਾ ਸੀ ਉਹ ਬਹੁਤ ਹੀ ਮਾੜਾ ਅਤੇ ਨਾ ਸਹਿਣਯੋਗ ਸੀ। ਕਿਵੇਂ ਉਚ ਜਾਤੀਆਂ ਵਾਲੇ ਕਥਿਤ ਨੀਵੀਆਂ ਜਾਤਾਂ ਵਾਲਿਆਂ ਨੂੰ ਜ਼ਲੀਲ ਕਰਦੇ ਸਨ ਅਤੇ ਉਹਨਾ ਪ੍ਰਤੀ ਬਹੁਤ ਹੀ ਘਟੀਆ ਸ਼ਬਦਾਵਲੀ ਵਰਤਦੇ ਸਨ। ਜੇ ਕਰ ਕਿਸੇ ਸ਼ੂਦਰ ਦਾ ਪਰਛਾਵਾਂ ਵੀ ਕਿਸੇ ਬ੍ਰਾਹਮਣ ਤੇ ਪੈ ਜਾਂਦਾ ਸੀ ਤਾਂ ਉਹ ਆਪਣੇ ਆਪ ਨੂੰ ਭਿੱਟਿਆ ਹੋਇਆ ਮਹਿਸੂਸ ਕਰਦਾ ਸੀ। ਇਸ ਸੁੱਚ ਭਿੱਟ ਨੂੰ ਦੂਰ ਕਰਨ ਲਈ ਹੀ ਗੁਰੂ ਜੀ ਨੇ ਸਰੋਵਰ ਅਤੇ ਬਉਲੀਆਂ ਬਣਵਾਈਆਂ ਸਨ ਤਾਂ ਕਿ ਜਾਤ-ਪਾਤ ਅਤੇ ਸੁੱਚ ਭਿੱਟ ਵਾਲੀ ਚੁਰਾਸੀ ਕੱਟੀ ਜਾਵੇ। ਪਰ ਸਮਾਂ ਪਾ ਕੇ ਡੇਰਾਵਾਦੀ ਸਾਧਾਂ ਨੇ ਕਈ ਥਾਵਾਂ ਤੇ ਲਗਾਤਾਰ 84 ਵਾਰੀ ਨਹਾ ਕਿ ਪਾਠ ਕਰਨ ਨਾਲ 84 ਕੱਟੀ ਜਾਣ ਦਾ ਪਖੰਡ ਪ੍ਰਚੱਲਤ ਕਰ ਦਿੱਤਾ। ਜੇ ਕਰ ਇਸ ਤਰ੍ਹਾਂ ਹੋ ਸਕਦਾ ਹੋਵੇ ਤਾਂ ਫਿਰ ਇਹ ਤਾਂ ਬਹੁਤ ਹੀ ਸਸਤਾ ਅਤੇ ਸੌਖਾ ਤਰੀਕਾ ਹੈ। ਇੱਕ ਵਾਰੀ ਹੱਠ ਕਰਕੇ ਲਗਾਤਾਰ ਪਾਠ ਕਰ ਲਓ ਫਿਰ ਭਾਵੇਂ ਸਾਰੀ ਜਿੰਦਗੀ ਮੌਜਾਂ ਮਾਣੋਂ, ਐਸ਼ ਕਰੋ ਅਤੇ ਜੋ ਮਰਜੀ ਖਾਓ ਪੀਓ। ਕਿਉਂਕਿ ਹੁਣ 84 ਕੱਟੀ ਹੋਣ ਕਰਕੇ ਜੀਵਨ ਸਫਲਾ ਤਾਂ ਹੋ ਹੀ ਗਿਆ ਹੈ।

ਜਿਸ ਸਮੇਂ ਇਹ ਕਿਹਾ ਜਾਂਦਾ ਸੀ ਕਿ ਭਗਤੀ ਤੇ ਪਾਠ ਪੂਜਾ ਕਰਨਾ ਸਿਰਫ ਬ੍ਰਾਹਮਣਾ ਦਾ ਹੀ ਕੰਮ ਹੈ ਇਸ ਨੂੰ ਹੋਰ ਕੋਈ ਕਥਿਤ ਨੀਵੀਂ ਜਾਤ ਵਾਲਾ ਨਹੀਂ ਕਰ ਸਕਦਾ ਤਾਂ ਉਸ ਵੇਲੇ ਇਹਨਾਂ ਕਥਿਤ ਨੀਵੀਂ ਜਾਤ ਵਾਲਿਆਂ ਨੇ ਭਗਤੀ ਕਰਕੇ ਪ੍ਰਮਾਤਮਾ ਨੂੰ ਪਾ ਕੇ ਦੱਸ ਦਿੱਤਾ ਕਿ ਇਹ ਕੋਈ ਵੀ ਕਰ ਸਕਦਾ ਹੈ ਇਸੇ ਕਰਕੇ ਹੀ ਸ਼ਾਇਦ ਉਹਨਾ ਨੇ ਬਕਾਇਦਾ ਆਪਣੀ ਜਾਤ ਦਾ ਜ਼ਿਕਰ ਕੀਤਾ ਹੈ ਅਤੇ ਗੁਰੂਆਂ ਨੇ ਵੀ ਬਕਾਇਅਦਾ ਇਹਨਾ ਦੀ ਜਾਤ ਨਾਲ ਲਿਖ ਕੇ ਇਹਨਾ ਦੀ ਭਗਤੀ ਦੀ ਵਡਿਆਈ ਕੀਤੀ ਹੈ ਤਾਂ ਕਿ ਆਮ ਲੋਕਾਈ ਨੂੰ ਸਮਝ ਆ ਜਾਵੇ ਕਿ ਪ੍ਰਮਾਤਮਾ ਦੇ ਦਰ ਤੇ ਉਚੀ ਨੀਵੀਂ ਜਾਤ ਕੋਈ ਮਾਇਨੇ ਨਹੀਂ ਰੱਖਦੀ। ਉਂਜ ਬ੍ਰਾਹਮਵਾਦੀ ਸੋਚ ਇਤਨੀ ਚਲਾਕ ਅਤੇ ਮਕਾਰ ਸੀ ਕਿ ਉਹਨਾ ਨੇ ਬਕਾਇਦਾ ਐਸਾ ਸਾਹਿਤ ਰਚ ਕੇ ਸਿੱਖਾਂ ਨੂੰ ਐਸੇ ਭੰਬਲਭੁਸੇ ਵਿੱਚ ਪਾਇਆ ਹੋਇਆ ਹੈ ਕਿ ਸਦੀਆਂ ਬੀਤ ਜਾਣ ਤੇ ਵੀ ਬੂਝੜ ਸਿੱਖ ਕੌਮ ਨੂੰ ਇਹਨਾਂ ਦੀ ਇਸ ਮਕਾਰੀ ਦੀ ਸਮਝ ਨਹੀਂ ਆਉਂਦੀ ਕਿ ਕਿਵੇਂ ਉਹਨਾਂ ਨੇ ਤਕਰੀਬਨ ਹਰ ਭਗਤ ਨਾਲ ਐਸੀ ਕਹਾਣੀ ਜੋੜ ਦਿੱਤੀ ਹੈ ਕਿ ਇਹ ਭਗਤ ਜਾਂ ਤਾਂ ਪਿਛਲੇ ਜਨਮ ਕਰਕੇ ਬ੍ਰਾਹਮਣ ਸਨ ਅਤੇ ਜਾਂ ਫਿਰ ਬ੍ਰਾਹਮਣਾ ਰਾਹੀ ਹੀ ਇਹਨਾ ਨੂੰ ਰੱਬ ਦੀ ਪ੍ਰਾਪਤੀ ਹੋਈ ਸੀ।

ਆਪਣੇ ਨਾਮ ਨਾਲ ਗੋਤ, ਤਖੱਲਸ, ਖਾਲਸਾ ਜਾਂ ਕੋਈ ਹੋਰ ਪ੍ਰਵਾਰਕ ਨਾਮ ਲਿਖਣ ਬਾਰੇ:

ਆਪਾਂ ਉਪਰ ਗੁਰਬਾਣੀ ਦੇ ਉਹ ਸ਼ਬਦ ਪੜ੍ਹ ਆਏ ਹਾਂ ਜਿਹਨਾ ਵਿੱਚ ਗੁਰੂਆਂ ਦੇ ਗੋਤ ਜਾਂ ਪ੍ਰਵਾਰਕ ਨਾਮ ਲਿਖੇ ਹੋਏ ਹਨ। ਮੇਰੇ ਖਿਆਲ ਮੁਤਾਬਕ ਆਪਣਾ ਕੋਈ ਗੋਤ, ਤਖੱਲਸ ਜਾਂ ਪ੍ਰਵਾਰਕ ਨਾਮ ਵਰਤਣਾ ਗਲਤ ਨਹੀਂ ਹੈ। ਪਰ ਉਚੀ ਨੀਵੀਂ ਜ਼ਾਤ ਪਾਤ ਦਾ ਅਹੰਕਾਰ ਕਰਨਾ ਬਿੱਲਕੁੱਲ ਗਲਤ ਹੈ। ਕਈ ਹੋਰ ਸਾਰੇ ਉਪਨਾਮ ਛੱਡ ਕੇ ਸਿਰਫ ਖ਼ਾਲਸਾ ਲਿਖਣ ਨੂੰ ਤਰਜੀਹ ਦਿੰਦੇ ਹਨ। ਇਸ ਵਿੱਚ ਕੁੱਝ ਵੀ ਗਲਤ ਨਹੀਂ ਹੈ ਪਰ ਇਸ ਨਾਲ ਕਈ ਹੋਰ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ। ਇੱਕ ਤਾਂ ਇਹ ਹੈ ਕਿ ਜੇ ਕਰ ਇੱਕ ਹੀ ਨਾਮ ਦੇ ਇੱਕ ਹੀ ਥਾਂ ਤੇ ਕਈ ਵਿਆਕਤੀ ਰਹਿੰਦੇ ਹੋਣ ਤਾਂ ਫਿਰ ਹਰ ਥਾਂ ਤੇ ਕੰਮ ਕਾਜ ਵਿਚ, ਬੈਂਕਾਂ ਵਿੱਚ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਭੰਬਲਭੂਸਾ ਪੈ ਜਾਵੇਗਾ ਕਿ ਕੌਣ ਕਿਹੜਾ ਵਿਆਕਤੀ ਹੈ। ਸਿਰਫ ਨਾਮ ਨਾਲ ਖ਼ਾਲਸਾ ਲਿਖਣ ਨਾਲ ਕੋਈ ਸ਼ੁੱਧ ਖ਼ਾਲਸਾ ਨਹੀਂ ਬਣ ਸਕਦਾ। ਇੱਥੇ ਮੈਂ ਇੱਕ ਉਦਾਹਣ ਦੇਣੀ ਚਾਹਾਂਗਾ। ਇਹ ਗੱਲ ਕੋਈ ਤਿੰਨ ਦਹਾਕੇ ਤੋਂ ਵੀ ਵੱਧ ਪੁਰਾਣੀ ਹੈ। ਆਪਣੇ ਨਾਮ ਨਾਲ ਖ਼ਾਲਸਾ ਲਿਖਣ ਵਾਲੇ ਨਾਲ ਕੁੱਝ ਸੰਗਤ ਕੀਤੀ। ਉਹ ਇੱਕ ਕਥਿਤ ਮਹਾਂਪੁਰਸ਼ ਨਾਲ ਰਿਹਾ ਸੀ, ਉਹ ਉਸ ਦਾ ਸ਼ਰਧਾਲੂ ਸੀ ਅਤੇ ਕੀਰਤਨ ਵੀ ਕਰ ਲੈਂਦਾ ਸੀ। ਉਹ ਆਪ ਮਾਲਵੇ ਦੇ ਇਲਾਕੇ ਦਾ ਸੀ ਅਤੇ ਕਈ ਵਾਰੀ ਗੱਲਾਂ ਕਰਦਾ ਕਰਦਾ ਗਾਲ ਜਿਹੀ ਕੱਢ ਕੇ ਕਹਿ ਦਿੰਦਾ ਸੀ ਕਿ ਉਹ ਫਲਾਨਾ ਦੁਆਬੀਆਂ ਇੰਦਾਂ ਕਰਦਾ ਹੈ। ਜਦੋਂ ਮੈਂ ਕਹਿਣਾ ਕਿ ਮੈਂ ਵੀ ਦੁਆਬੀਆ ਹੀ ਹਾਂ ਤੁਸੀਂ ਇੰਦਾਂ ਕਿਉਂ ਕਹਿੰਦੇ ਹੋ? ਤਾਂ ਉਸ ਨੇ ਝੂਠੇ ਹੋਏ ਨੇ ਕਹਿਣਾ ਕਿ ਤੂੰ ਤਾਂ ਯਾਰ ਸਾਡੇ ਨਾਲ ਦਾ ਹੀ ਆਂ। ਕਹਿਣ ਤੋਂ ਭਾਵ ਹੈ ਕਿ ਸਿੱਖ ਨੂੰ ਤਾਂ ਸਾਰੇ ਬ੍ਰਹਿਮੰਡ ਨੂੰ ਹੀ ਕਾਦਰ ਦੀ ਕਿਰਤ ਜਾਣ ਕੇ ਸਮੁੱਚੀ ਮਨੁੱਖਤਾ ਅਤੇ ਕਾਦਰ ਦੀ ਕੁਦਰਤ ਨਾਲ ਨਫਰਤ ਨਹੀਂ ਕਰਨੀ ਚਾਹੀਦੀ ਅਤੇ ਜਿਹੜਾ ਬੰਦਾ ਹਾਲੇ ਮਾਝੇ, ਮਾਲਵੇ, ਦੁਆਬੇ ਜਾਂ ਹੋਰ ਕਿਸੇ ਇਲਾਕੇ ਬਾਜੀ ਵਿੱਚ ਹੀ ਫਸਿਆ ਹੋਇਆ ਹੈ ਉਹ ਖਾਲਸਾ ਛੱਡ ਕੇ ਭਾਵੇਂ ਜੋ ਮਰਜੀ ਲਿਖੀ ਜਾਵੇ, ਉਸ ਨੂੰ ਤਾਂ ਹਾਲੇ ਸਿੱਖੀ ਦੇ ਮੁੱਢਲੇ ਅਸੂਲਾਂ ਦੀ ਵੀ ਜਾਣਕਾਰੀ ਨਹੀਂ ਹੈ।

ਇੰਟਰਨੈੱਟ ਰਾਹੀਂ ਸਾਰੀ ਦੁਨੀਆਂ ਇੱਕ ਦੂਜੇ ਨਾਲ ਜੁੜ ਕੇ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ। ‘ਸਿੱਖ ਮਾਰਗ’ ਨੂੰ ਵੀ ਸਾਰੀ ਦੁਨੀਆਂ ਵਿੱਚ ਹਜ਼ਾਰਾਂ ਹੀ ਪਾਠਕ ਪੜ੍ਹਦੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲਿਖਦੇ ਹਨ। ਹੁਣ ਇੱਥੇ ਵੀ ਤਕਰੀਬਨ ਸਾਰੇ ਹੀ ਆਪਣੇ ਨਾਮ ਨਾਲ ਕੋਈ ਨਾ ਕੋਈ ਆਪਣਾ ਉਪਨਾਮ, ਤਖੱਲਸ ਜਾਂ ਫਿਰ ਆਪਣੇ ਸ਼ਹਿਰ ਦਾ ਨਾਮ ਲਿਖਦੇ ਹਨ। ਹੁਣ ਜੇ ਕਰ ਇਸ ਤਰ੍ਹਾਂ ਨਾ ਲਿਖਣ ਤਾਂ ਫਿਰ ਇਕੋ ਹੀ ਨਾਮ ਦੇ ਕਈ ਲਿਖਣ ਵਾਲਿਆਂ ਬਾਰੇ ਭੰਬਲਭੁਸਾ ਪੈ ਜਾਵੇਗਾ ਕਿ ਇਹ ਲਿਖਤ ਕਿਸ ਦੀ ਹੈ। ਅਸੀਂ ਸਾਰੇ ਇੱਕ ਦੂਜੇ ਨੂੰ ਦੇਖ ਕੇ ਕੋਈ ਵੱਖਰੀ ਸਰੀਰਕ ਪਹਿਚਾਣ ਤਾਂ ਕਰ ਨਹੀਂ ਸਕਦੇ ਇਸ ਲਈ ਵਿਖਰੇਵਾਂ ਰੱਖਣ ਲਈ ਕੋਈ ਵੱਖਰਾ ਨਾਮ ਨਾਲ ਲਿਖਣਾ ਹੀ ਪੈਣਾ ਹੈ। ਮੈਨੂੰ ਬਚਪਨ ਦੀ ਇੱਕ ਗੱਲ ਚੇਤੇ ਆ ਗਈ। ਇਹ ਕੋਈ 45 ਕੁ ਸਾਲ ਪਹਿਲਾਂ ਦੀ ਗੱਲ ਹੋਵੇਗੀ। ਮੇਰੇ ਬਾਬੇ ਹੁਣੀਂ ਦੋ ਭਰਾ ਸਨ। ਇਹਨਾ ਦੇ ਨਿਆਣੇ ਫਿਰ ਅਗਾਂਹ ਨਿਆਣਿਆਂ ਦੇ ਨਿਆਣੇ ਸਾਰੇ ਹੀ ਇੱਕ ਘਰ ਵਿੱਚ ਰਹਿੰਦੇ ਸਨ। ਉਂਜ ਭਾਵੇ ਜਮੀਨ ਅਤੇ ਘਰ ਵਿੱਚ ਚੁੱਲਾ ਚੌਂਕਾ ਵੰਡੇ ਹੋਏ ਸਨ ਪਰ ਬਾਹਰਲਾ ਦਰਵਾਜਾ ਇੱਕ ਹੀ ਸੀ। ਘਰ ਵਿੱਚ ਇੱਕ ਮੇਰੇ ਨਾਮ ਦਾ, ਮੇਰਾ ਹੀ ਹਾਣੀ ਰਿਸ਼ਤੇਦਾਰੀ ਵਿਚੋਂ ਨਾਲ ਹੀ ਘਰ ਵਿੱਚ ਰਹਿੰਦਾ ਸੀ। ਜਦੋਂ ਹਮਜੋਲੀ ਸਾਥੀਆਂ ਨੇ ਘਰ ਦੇ ਦਰਵਾਜੇ ਵਿੱਚ ਆ ਕੇ ਬਾਹਰ ਖੇਲਣ ਲਈ ਅਵਾਜ਼ ਮਾਰਨੀ ਤਾਂ ਨਾਲ ਹੀ ਵੱਖਰਾ ਵੇਰਵਾ ਦੇਣਾ ਕਿ ਕਿਹੜੇ ਮੱਖਣ ਨੂੰ ਸੱਦ ਰਹੇ ਹਨ। ਜੇ ਕਰ ਮੈਨੂੰ ਅਵਾਜ਼ ਮਾਰਨੀ ਤਾਂ ਨਾਲ ਹੀ ਗੁੱਟੀ ਵਾਲਾ ਮੱਖਣ ਕਹਿਣਾ ਅਤੇ ਜੇ ਕਰ ਦੂਸਰੇ ਮੱਖਣ ਨੂੰ ਅਵਾਜ਼ ਮਾਰਨੀ ਦੀ ਰੋਡਾ ਮੱਖਣ ਕਹਿਣਾ।

ਕਈਆਂ ਦਾ ਇਹ ਵਿਚਾਰ ਹੈ ਕਿ ਗੋਤ ਜਾਂ ਹੋਰ ਕੋਈ ਉਪਨਾਮ ਲਿਖਣ ਨਾਲ ਹੰਕਾਰ ਜਾਂ ਉਚ ਨੀਚ ਪੈਦਾ ਹੁੰਦੀ ਹੈ ਜੋ ਕਿ ਸਹੀ ਨਹੀਂ ਮੰਨੀ ਜਾ ਸਕਦੀ। ਪੱਛਮੀ ਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਹੀ ਭਲੀ ਭਾਂਤ ਜਾਣਦੇ ਹਨ ਕਿ ਇਹਨਾ ਦੇਸ਼ਾਂ ਵਿੱਚ ਗੋਤ ਜਾਂ ਪ੍ਰੀਵਾਰਕ ਨਾਮ ਪਹਿਲ ਦੇ ਅਧਾਰ ਤੇ ਵਰਤੇ ਜਾਂਦੇ ਹਨ। ਇਹ ਲੋਕ ਪਹਿਲੇ ਨਾਮ ਨਾਲੋਂ ਵੀ ਅਖੀਰਲੇ ਲਾਸਟਨੇਮ ਭਾਵ ਕਿ ਗੋਤ ਨੂੰ ਜ਼ਿਆਦਾ ਪਹਿਲ ਦਿੰਦੇ ਹਨ। ਟੈਲੀਫੂਨ ਡਾਇਰੈਕਟਰੀਆਂ ਅਤੇ ਹੋਰ ਥਾਵਾਂ ਤੇ ਲਿਸਟਾਂ ਇਹਨਾਂ ਗੋਤਾਂ ਨੂੰ ਹੀ ਮੁੱਖ ਰੱਖ ਕੇ ਬਣਾਈਆਂ ਜਾਂਦੀਆਂ ਹਨ। ਹੁਣ ਇਸ ਸਚਾਈ ਤੋਂ ਪੱਛਮ ਵਿੱਚ ਰਹਿਣ ਵਾਲੇ ਕੋਈ ਵੀ ਮੁਨਕਰ ਨਹੀਂ ਹੋ ਸਕਦੇ ਕਿ ਇਹਨਾ ਦੇਸ਼ਾਂ ਵਿੱਚ ਰੰਗ ਕਰਕੇ ਨਫਰਤ ਜਾਂ ਭਿੰਨਭਾਵ ਤਾਂ ਜ਼ਰੂਰ ਹੈ ਪਰ ਗੋਤ ਜਾਂ ਹੋਰ ਕੋਈ ਜ਼ਾਤ ਕਰਕੇ ਨਹੀਂ। ਇਸ ਦੇ ਉਲਟ ਇੰਡੀਆ ਵਿੱਚ ਜ਼ਾਤ ਕਰਕੇ ਨਫਰਤ ਹੈ ਪਰ ਰੰਗ ਕਰਕੇ ਬਹੁਤ ਘੱਟ ਹੈ। ਪੱਛਮੀ ਦੇਸ਼ਾਂ ਵਿੱਚ ਕਿਸੇ ਵੀ ਕੰਮ ਨੂੰ ਮਾੜਾ ਜਾਂ ਘਟੀਆ ਨਹੀਂ ਸਮਝਿਆ ਜਾਂਦਾ ਜਿਸ ਤਰ੍ਹਾਂ ਇੰਡੀਆ ਵਿੱਚ ਸਮਝਿਆ ਜਾਂਦਾ ਹੈ। ਇੰਡੀਆ ਵਿੱਚ ਸਫਾਈ ਕਰਨ ਵਾਲੇ ਨੂੰ ਬਹੁਤ ਨੀਵਾਂ ਸਮਝਿਆ ਜਾਂਦਾ ਹੈ ਪਰ ਪੱਛਮ ਵਿੱਚ ਨਹੀਂ। ਕਨੇਡਾ ਵਿੱਚ ਨਵੇਂ ਆਉਣ ਵਾਲੇ ਕਾਫੀ ਸਾਰੇ ਪਰਵਾਰ ਸਟੋਰਾਂ ਜਾਂ ਹੋਰ ਬਿੰਲਡਗਾਂ ਦੇ ਸਫਾਈ ਦੇ ਠੇਕੇ ਲੈ ਕੇ ਕੰਮ ਕਰਦੇ ਹਨ। ਇਸ ਵਿੱਚ ਹਰ ਤਰ੍ਹਾਂ ਦੀ ਸਫਾਈ ਕਰਨੀ ਪੈਂਦੀ ਹੈ।

ਅਖੀਰ ਤੇ ਇਸ ਲੇਖ ਦਾ ਤੱਤ ਸਾਰ ਇਹੀ ਬਣਦਾ ਹੈ ਕਿ ਜ਼ਾਤ ਪਾਤ ਦੇ ਅਧਾਰ ਤੇ ਕਿਸੇ ਨਾਲ ਨਫਰਤ ਕਰਨੀ ਗੁਰਮਤਿ ਦੇ ਉਲਟ ਹੈ। ਜੇ ਕਰ ਨਫਰਤ ਕਰਨੀ ਹੀ ਹੈ ਤਾਂ ਮਾੜੇ ਔਗਣਾ ਨਾਲ ਕਰੋ ਅਤੇ ਇਹ ਔਗਣ ਕਿਸੇ ਵਿੱਚ ਵੀ ਹੋ ਸਕਦੇ ਹਨ। ਆਪਣੇ ਨਾਮ ਨਾਲ ਗੋਤ ਜਾਂ ਕੋਈ ਹੋਰ ਤਖੱਲਸ ਲਿਖਣਾ ਗੁਰਮਤਿ ਦੇ ਉਲਟ ਨਹੀਂ ਹੈ। ਗੋਤ ਨਾ ਲਿਖਣ ਨਾਲ ਕੋਈ ਆਤਮਿਕ ਅਵਸਥਾ ਉਚੀ ਨਹੀਂ ਹੋ ਜਾਂਦੀ ਅਤੇ ਨਾ ਹੀ ਕਿਸੇ ਕਿਸੇ ਸਮੱਸਿਆ ਦਾ ਹੱਲ ਹੈ। ਹਾਂ ਇਸ ਦੇ ਨਾ ਲਿਖਣ ਨਾਲ ਸਮੱਸਿਆਵਾਂ ਵਧਣ ਦੀ ਸੰਭਾਵਨਾ ਜ਼ਰੂਰ ਹੈ। ਇਸ ਬਾਰੇ ਤੁਸੀਂ ਇੱਕ ਲੇਖ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਦਾ ਵੀ ਪੜ੍ਹ ਸਕਦੇ ਹੋ ਕਿ ਉਸ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਿਉਂ ਕਰਨਾ ਪਿਆ ਸੀ।

ਭਗਤ ਨਾਮ ਜੀ ਬਾਰੇ ਇੱਕ ਪੰਗਤੀ ਨਾਮ ਇਸ ਲੇਖ ਦੀ ਸ਼ਰੂਅਤ ਕੀਤੀ ਸੀ ਅਤੇ ਹੁਣ ਉਹਨਾ ਬਾਰੇ ਹੀ ਕੁੱਝ ਪੰਗਤੀਆਂ ਨਾਲ ਸਮਾਪਤੀ ਕਰਦੇ ਹਾਂ:

ਨਾਮਾ ਛੀਬਾ ਕਬੀਰੁ ਜਲਾਹਾ ਪੂਰੇ ਗੁਰ ਤੇ ਗਤਿ ਪਾਈ॥ ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨਾ ਮੇਟੈ ਭਾਈ॥ 3॥ ਪੰਨਾ 67॥

ਮੱਖਣ ਸਿੰਘ ਪੁਰੇਵਾਲ।

ਦਸੰਬਰ 26, 2010




.