ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 05)
ਮੋਹੁ
ਕੁਟੰਬੁ ਮੋਹੁ ਸਭ ਕਾਰ॥ ਮੋਹੁ ਤੁਮ ਤਜਹੁ ਸਗਲ ਵੇਕਾਰ॥ ੧॥
ਮੋਹੁ ਅਰੁ ਭਰਮੁ ਤਜਹੁ ਤੁਮੑ ਬੀਰ॥ ਸਾਚੁ ਨਾਮੁ ਰਿਦੇ ਰਵੈ ਸਰੀਰ॥ ੧॥ ਰਹਾਉ॥
ਸਾਚੁ ਨਾਮੁ ਜਾ ਨਵ ਨਿਧਿ ਪਾਈ॥ ਰੋਵੈ ਪੂਤੁ ਨ ਕਲਪੈ ਮਾਈ॥ ੨॥
ਏਤੁ ਮੋਹਿ ਡੂਬਾ ਸੰਸਾਰੁ॥ ਗੁਰਮੁਖਿ ਕੋਈ ਉਤਰੈ ਪਾਰਿ॥ ੩॥
ਏਤੁ ਮੋਹਿ ਫਿਰਿ ਜੂਨੀ ਪਾਹਿ॥ ਮੋਹੇ ਲਾਗਾ ਜਮ ਪੁਰਿ ਜਾਹਿ॥ ੪॥
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ॥ ਨਾ ਮੋਹੁ ਤੂਟੈ ਨਾ ਥਾਇ ਪਾਹਿ॥ ੫॥
ਨਦਰਿ ਕਰੇ ਤਾ ਇਹੁ ਮੋਹੁ ਜਾਇ॥ ਨਾਨਕ ਹਰਿ ਸਿਉ ਰਹੈ ਸਮਾਇ॥ ੬॥ (੩੫੬)
॥ ਰਹਾਉ॥ ਮੋਹੁ ਅਰੁ ਭਰਮੁ ਤਜਹੁ ਤੁਮੑ ਬੀਰ॥ ਸਾਚੁ ਨਾਮੁ ਰਿਦੇ ਰਵੈ ਸਰੀਰ॥ ੧॥ ਰਹਾਉ॥
ਹੇ ਭਾਈ, ਦੁਨੀਆ ਦਾ ਮੋਹ ਛੱਡ ਅਤੇ ਮਨ ਦੀ ਭਟਕਣਾ, ਭਰਮ-ਭੁਲੇਖਾ, ਦੁਵਿਧਾ ਦਾ ਤਿਆਗ ਕਰ। ਏਥੇ
ਬਹੁਤ ਜ਼ਰੂਰੀ, ਵਿਚਾਰਨ ਵਾਲੀ ਗੱਲ ਹੈ ਕਿ, ਇਹ ਮੋਹ, ਇਹ ਭਰਮ-ਭੁਲੇਖਾ, ਕੀ ਚੀਜ਼ ਹੈ, ਜਿਸ ਦਾ ਤਿਆਗ
ਕਰਨ ਦੀ ਗੱਲ ਹੋ ਰਹੀ ਹੈ? ਅਤੇ ਇਸ ਦਾ ਤਿਆਗ ਕਿਵੇਂ ਕਰਨਾ ਹੈ?
ਮੋਹ ਕੀ ਹੈ?
ਇਹ ਸਰੀਰ ਨਾਲ ਸਬੰਧਤ, ਦੁਨਿਆਵੀ ਚੀਜ਼ ਹੈ। ਕਰਤਾਰ ਨੇ ਸਰੀਰ ਨੂੰ ਚਲਦਾ, ਰਿਸ਼ਟ-ਪੁਸ਼ਟ ਰੱਖਣ ਲਈ
ਸੰਸਾਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ, ਜਿਵੇਂ ਹਵਾ, ਪਾਣੀ, ਅੱਗ ਆਦਿ ਜੋ ਚੀਜ਼ਾਂ
ਸਿੱਧੀਆਂ ਪ੍ਰਭੂ ਦੇ ਕੰਟਰੋਲ ਵਿੱਚ ਹਨ, ਨੂੰ ਛੱਡ ਕੇ ਸਰੀਰ ਲਈ ਸੱਭ ਤੋਂ ਵੱਧ ਲੋੜੀਂਦੀ ਚੀਜ਼
ਖੁਰਾਕ, ਰੋਟੀ ਹੈ। ਇਹ ਸਰੀਰ ਨੂੰ ਕਾਇਮ ਅਤੇ ਰਿਸ਼ਟ-ਪਸ਼ਟ ਰੱਖਣ ਲਈ ਅੱਤ ਲੋੜੀਂਦੀ ਚੀਜ਼ ਹੈ, ਜਿਸ
ਤੋਂ ਬਗੈਰ ਕੁੱਝ ਦਿਨ ਵੀ ਜਿਊਂਦਾ ਰਹਿਣਾ ਮੁਸ਼ਕਿਲ ਹੈ। ਪਰ ਸਰੀਰ ਨੂੰ ਠੀਕ-ਠਾਕ ਰੱਖਣ ਲਈ, ਇਸ ਨੂੰ
ਲੋੜੀਂਦੀ ਮਾਤ੍ਰਾ ਵਿੱਚ ਹੀ ਖਾਣ ਦੀ ਲੋੜ ਹੁੰਦੀ ਹੈ। ਇਸ ਦਾ ਮੋਹ, ਇਸ ਦਾ ਚਸਕਾ, ਬੰਦੇ ਨੂੰ
ਲੋੜੋਂ ਵੱਧ ਖਾਣ ਲਈ ਪਰੇਰਦਾ ਹੈ। ਜਿਸ ਦੇ ਸਿੱਟੇ ਵਜੋਂ ਬੰਦੇ ਨੂੰ ਰੰਗ-ਰੰਗ ਦੀਆਂ ਬਿਮਾਰੀਆਂ
ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ
ਸੋ ਇਸ ਦੇ ਮੋਹ ਨੂੰ, ਲੋੜੋਂ ਵੱਧ ਖਾਣ ਦੇ ਲਾਲਚ ਨੂੰ ਤਿਆਗਣ ਦੀ ਲੋੜ ਹੈ, ਨਾ ਕਿ ਇਸ ਨੂੰ ਮੂਲੋਂ
ਹੀ ਤਿਆਗਣ ਦੀ ਲੋੜ ਹੈ। ਜਿਵੇਂ ਕਿ ਪੁਜਾਰੀ ਲਾਣੇ ਨੇ ਆਪਣੀ ਵਡਿਆਈ ਵਜੋਂ ਮਿਥਿਆ ਹੋਇਆ ਹੈ ਕਿ, ਇਹ
ਮਹਾਂ ਪੁਰਸ਼, ਬ੍ਰਹਮ-ਗਿਆਨੀ ਤਾਂ ਪਉਣ ਆਹਾਰੀ ਹਨ, ਇਹ ਤਾਂ ਦੁਧਾ-ਧਾਰੀ ਹਨ, ਇਹ ਤਾਂ ਫਲਾਹਾਰੀ ਹਨ,
ਭਾਵੇ ਗੁਰੂ ਸਾਹਿਬ ਦੇ ਕਹਿਣ ਮੁਤਾਬਕ ਅੰਦਰ ਲੁਕ ਕੇ, ਦੋ-ਚਾਰ ਬੰਦਿਆਂ ਦੀ ਖੁਰਾਕ ਖਾ ਜਾਣ। ਸੋਚਣ
ਦੀ ਲੋੜ ਹੈ ਕਿ, ਇਹ ਵੇਹਲੜ ਲੋਕ ਵਡਿਆਈ ਦੇ ਪਾਤਰ ਹਨ ਜਾਂ ਉਹ ਬੰਦੇ ਜਿਹੜੇ ਕਿਰਤ ਕਮਾਈ ਕਰ ਕੇ
ਪਰਿਵਾਰ ਦਾ ਪੇਟ ਤਾਂ ਭਰਦੇ ਹੀ ਹਨ, ਇਨ੍ਹਾਂ ਸਮਾਜ ਤੇ ਭਾਰੂ, ਵੇਹਲੜਾਂ ਦਾ ਢਿੱਡ ਵੀ ਭਰਦੇ ਹਨ।
ਜਿਹੜੇ ਬੰਦੇ ਕਿਰਤ ਆਸਰੇ ਖਾਣ ਲਈ ਲੋੜੀਂਦਾ ਸਮਾਨ ਪੈਦਾ ਕਰ ਕੇ, ਆਪਣੇ ਸਰੀਰ ਨੂੰ ਵੀ ਰਿਸ਼ਟ-ਪੁਸ਼ਟ
ਰਖਦੇ, ਸਮਾਜ ਦੀ ਉਸਾਰੀ ਦਾ ਕੰਮ ਵੀ ਕਰਦੇ ਹਨ, ਲੋੜਵੰਦਾਂ ਦੀ ਮਦਦ ਵੀ ਕਰਦੇ ਹਨ। ਜੇ ਇਨ੍ਹਾਂ
ਵੇਹਲੜਾਂ ਵਾਙ ਸਾਰੇ ਹੀ ਸੰਤ-ਮਹਾਂਪੁਰਸ਼. ਬਰ੍ਹਮ ਗਿਆਨੀ ਬਣ ਜਾਣ ਤਾਂ, ਦੁਨੀਆਂ ਦਾ ਕੀ ਹਾਲ
ਹੋਵੇਗਾ? (ਜ਼ਰਾ ਸੋਚੋ, ਭੋਲੇ ਭਾਲੇ ਲੋਕਾਂ ਦੀ ਕਮਾਈ ਆਸਰੇ ਇਹ ਜਿਨ੍ਹਾਂ ਚੀਜ਼ਾਂ, ਕਾਰਾਂ, ਟੀ-ਵੀ,
ਕੈਮਰੇ, ਮੋਬਾਈਲ ਫੋਨ, ਲਾਊਡ ਸਪੀਕਰਾਂ, ਏਥੋਂ ਤਕ ਕਿ ਜਿਹੜੇ ਚਿਮਟੇ-ਛੈਣੇ, ਢੋਲਕੀਆਂ-ਵਾਜੇ, ਤਬਲੇ
ਆਦਿ ਦੀ ਵਰਤੋਂ ਇਹ ਕਰਦੇ ਹਨ, ਕੀ ਇਹ ਉਨ੍ਹਾਂ ਨੂੰ ਬਨਾਉਣ ਦੇ ਸਮਰੱਥ ਹਨ? ਜੇ ਏਨਾ ਛੋਟਾ ਕੰਮ ਵੀ
ਨਹੀਂ ਕਰ ਸਕਦੇ ਤਾਂ ਇਨ੍ਹਾਂ ਦੀ ਵਡਿਆਈ ਕੀ ਹੈ?)
ਇਵੇਂ ਹੀ ਮਾਇਆ ਦੀ ਗੱਲ ਹੈ। ਗੁਰਮਤਿ ਅਨੁਸਾਰ ਮਾਇਆ ਦੇ ਮੋਹ ਨੂੰ ਤਿਆਗਣ ਦੀ ਲੋੜ ਹੈ, ਹਰ ਵੇਲੇ
ਮਾਇਆ ਦੇ ਚੱਕਰ ਵਿਚ, ਬੇਈਮਾਨੀ, ਹੇਰਾ-ਫੇਰੀ, ਦੂਸਰੇ ਦਾ ਹੱਕ ਮਾਰਨ ਦੀ ਆਦਤ ਨੂੰ ਤਿਆਗਣ ਦੀ ਲੋੜ
ਹੈ, ਮਾਇਆ ਨੂੰ ਤਿਆਗਣ ਦੀ ਲੋੜ ਨਹੀਂ ਹੈ। ਇਹ ਦੁਨੀਆਂ ਵਿਚਲੀ ਅੱਤ ਲੋੜੀਂਦੀ ਚੀਜ਼ ਹੈ। ਸਿੱਖੀ
ਵੇਹਲੜ ਬਨਾਉਣ ਦਾ ਧਰਮ ਨਹੀਂ ਹੈ, ਕਿਰਤੀ ਬਨਣ ਦਾ ਧਰਮ ਹੈ। ਪਰਮਾਤਮਾ ਨੇ ਦੁਨੀਆ ਦੀ ਹਰ ਚੀਜ਼,
ਬੰਦੇ ਦੇ ਸਰੀਰ ਦੀ ਲੋੜ ਪੂਰੀ ਕਰਨ ਲਈ ਬਣਾਈ ਹੈ। ਉਸ ਦੀ ਲੋੜੋਂ ਵੱਧ ਵਰਤੋਂ ਕਰਨ ਦੀ ਲਾਲਸਾ ਹੀ
ਮੋਹ ਹੈ।
ਭਰਮ-ਭੁਲੇਖਾ ਕੀ ਹੈ?
ਜਿਵੇਂ ਉਪਰ ਵਿਚਾਰਿਆ ਹੈ ਕਿ ਮਾਇਆ ਵਿਚਲੀਆਂ ਸਾਰੀਆਂ ਚੀਜ਼ਾਂ, ਸਿਰਫ ਬੰਦੇ ਦੀਆਂ ਸਰੀਰਕ
ਲੋੜਾਂ ਪੂਰੀਆਂ ਕਰਨ ਲਈ ਹੀ ਹਨ। ਏਵੇਂ ਹੀ ਦੁਨੀਆ ਵਿਚ, ਬੰਦੇ ਦਾ ਟੀਚਾ, ਪਰਮਾਤਮਾ ਦੀ ਭਾਲ ਕਰ ਕੇ
(ਜੋ ਬੰਦੇ ਦੇ ਅੰਦਰ ਹੀ ਵਸਦਾ ਹੈ) ਉਸ ਨਾਲ ਪਿਆਰ ਪਾ ਕੇ, ਉਸ ਨਾਲ ਇੱਕ ਮਿਕ ਹੋ ਕੇ (ਜਿਸ ਬਾਰੇ
ਢੰਗ-ਤਰੀਕਾ, ਸ਼ਬਦ ਗੁਰੂ ਦੱਸਦਾ ਹੈ) ਜਨਮ-ਮਰਨ ਦੇ ਗੇੜ ਤੋਂ ਮੁਕਤ ਹੋਣਾ ਹੈ। ਇਹ ਸਾਰਾ ਕੰਮ ਮਨ ਦਾ
ਹੈ, ਜਿਸ ਵਿੱਚ ਸਰੀਰ, ਮਨ ਦੀ ਮਦਦ ਕਰਦਾ ਹੈ। ਜੇ ਮਨ ਆਪ ਹੀ ਮਾਇਆ ਦੇ ਮੋਹ ਵਿੱਚ ਫਸਿਆ ਪਿਆ ਹੈ,
ਤਾਂ ਉਹ ਆਪਣਾ ਕੰਮ ਕਿਵੇਂ ਕਰੇਗਾ? ਆਪਣਾ ਕੰਮ ਸੁਚੱਜਾ ਕਰਨ ਲਈ ਮਨ ਨੂੰ ਸ਼ਬਦ ਗੁਰੂ ਦੀ ਸਰਨ ਵਿੱਚ
ਜਾਣਾ ਪਵੇਗਾ, ਉਸ ਕੋਲੌਂ ਪ੍ਰਭੂ ਮਿਲਾਪ ਦਾ ਢੰਗ, ਜਾਨਣਾ ਪਵੇਗਾ।
ਪਰ ਜਦ ਮਨ, ਸ਼ਬਦ ਗੁਰੂ ਕੋਲੋਂ ਸੇਧ ਲੈਣ ਦੀ ਥਾਂ, ਅਪਣੀਆਂ ਚਤਰਾਈਆਂ ਨੂੰ ਹੀ ਸਰਵ-ਸ੍ਰੇਸ਼ਟ
ਮੰਨੇਗਾ, ਤਾਂ ਉਹ ਪਰਮਾਤਮਾ ਦੀ ਹੋਂਦ ਤੋਂ ਹੀ ਮੁਨਕਿਰ ਹੋ ਕੇ, ਮਾਇਆ ਨੂੰ ਹੀ ਦੁਨੀਆ ਦੀ ਅਸਲੀਅਤ
ਮੰਨੇਗਾ। ਏਹੀ ਭਰਮ-ਭੁਲੇਖਾ, ਦੁਬਿਧਾ ਹੈ।
ਇਨ੍ਹਾਂ ਦਾ ਤਿਆਗ ਕਿਵੇਂ ਕਰਨਾ ਹੈ?
ਮਾਇਆ ਮੋਹ ਦਾ ਤਿਆਗ, ਮਾਇਆ ਨੂੰ ਤਿਆਗਣ ਨਾਲ ਨਹੀਂ ਹੋਣਾ, (ਜਿਵੇ ਕਿ ਪੁਰਾਣਿਆਂ ਵੇਲਿਆਂ ਤੋਂ
ਮਿਥਿਆ, ਚਲਿਆ ਆਉਂਦਾ ਹੈ ਕਿ ਘਰ-ਬਾਰ, ਜ਼ਮੀਨ-ਜਾਇਦਾਦ, ਬਾਲ-ਬੱਚੇ ਦਾਨ ਕਰ ਕੇ ਜੰਗਲਾਂ ਵਿਚ,
ਪਹਾੜਾਂ ਤੇ ਜਾ ਕੇ ਨਾਮ ਜਪਣ ਦਾ ਪਖੰਡ ਕਰਦੇ ਸਰੀਰ ਤਿਆਗਣਾ ਹੈ) ਪਰ ਇਤਿਹਾਸ ਗਵਾਹ ਹੈ ਕਿ ਬਾਲ
ਬੱਚੇ ਤਿਆਗ ਕੇ, ਆਪਣੀ ਜ਼ਿੱਮੇਦਾਰੀ ਤੋਂ ਭਗੌੜੇ ਹੋ ਕੇ, ਬੱਚਿਆਂ ਨੂੰ ਸਾਰੀ ਉਮਰ ਲਈ, ਬ੍ਰਾਹਮਣ ਦੇ
ਗੁਲਾਮ ਬਣਾ ਕੇ, ਉਹ ਬੰਦੇ ਕਾਮ ਨੂੰ ਨਹੀਂ ਤਿਆਗ ਸਕੇ ਸਨ।
ਇਤਿਹਾਸ ਅਜਿਹੇ ਦੇਵਤਿਆਂ, ਰਿਸ਼ੀਆਂ-ਮੁਨੀਆਂ ਦੇ ਵਿਭਚਾਰ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ।
ਘਰ-ਬਾਰ, ਜ਼ਮੀਨ-ਜਾਇਦਾਦ ਤਿਆਗਣ ਮਗਰੋਂ ਵੀ ਉਹ, ਨਾ ਤਾਂ ਅਹੰਕਾਰ ਤਿਆਗ ਸਕੇ, ਨਾ ਹੀ ਮਨ ਦੀਆਂ
ਇਛਿਆਵਾਂ ਦਾ ਤਿਆਗ ਕਰ ਸਕੇ, ਇਹ ਸਾਰੀਆਂ ਵਿਭਚਾਰ ਦੀਆਂ ਬਿਰਤੀਆਂ, ਉਨ੍ਹਾਂ ਦੇ ਨਾਲ ਹੀ ਰਹੀਆਂ
ਸਨ।
ਸੋ ਲੋੜ, ਮਾਇਆ ਨੂੰ ਤਿਆਗਣ ਦੀ ਨਹੀਂ, ਮਾਇਆ ਦੇ ਮੋਹ ਨੂੰ ਤਿਆਗਣ ਦੀ ਹੈ। ਸੰਸਾਰ ਵਿੱਚ
ਰਹਿੰਦਿਆਂ, ਸੰਸਾਰਿਕ ਕਾਰ ਵਿਹਾਰ ਕਰਦਿਆਂ, ਆਪਣੀਆਂ ਲੋੜਾਂ ਤੋਂ ਵੱਧ ਦੀਆਂ ਇਛਿਆਵਾਂ ਦਾ ਤਿਆਗ
ਕਰਨ ਦੀ ਹੈ।
ਅਤੇ ਇਹ ਕੰਮ ਸ਼ਬਦ ਗੁਰੂ ਤੋਂ ਸਿਖਿਆ ਲੈ ਕੇ, ਮਨ ਨੂੰ ਸੰਤੋਖੀ ਬਣਾਉਣ ਨਾਲ ਹੀ ਹੋ ਸਕਦਾ ਹੈ। ਇਹ
ਦੁਨੀਆਂ ਦੀ ਸਾਰੀ ਮਾਇਆ ਇਕੱਠੀ ਕਰਨ ਨਾਲ ਵੀ ਸੰਭਵ ਨਹੀੰ ਹੋ ਸਕਦਾ। ਲੋੜ ਮਾਇਆ ਤਿਆਗਣ ਦੀ ਨਹੀਂ,
ਕਿਉਂਕਿ ਇਸ ਨਾਲ ਹੀ ਦੁਨੀਆਂ ਦੇ ਸਾਰੇ ਕਾਰ-ਵਿਹਾਰ ਚਲ ਰਹੇ ਹਨ, ਲੋੜ ਹੈ ਮਨ ਦੀਆਂ ਇਛਿਆਵਾਂ ਨੂੰ
ਸੀਮਤ ਕਰਨ ਦੀ। ਇਸ ਤਰ੍ਹਾਂ ਇਨ੍ਹਾਂ ਦਾ ਤਿਆਗ ਸੰਭਵ ਹੈ।
ਜੇ ਬੰਦਾ, ਇਸ ਮੋਹ ਦਾ ਤਿਆਗ ਕਰ ਦੇਵੇ, ਤਾਂ ਹੀ ਉਹ ਅੰਦਰ ਵਸਦੇ ਪਰਮਾਤਮਾ ਦਾ ਨਾਮ ਸਿਮਰ ਸਕਦਾ
ਹੈ, ਉਸ ਦੀ ਰਜ਼ਾ ਵਿੱਚ ਚਲ ਸਕਦਾ ਹੈ।
॥ ੧॥ ਮੋਹੁ ਕੁਟੰਬੁ ਮੋਹੁ ਸਭ ਕਾਰ॥ ਮੋਹੁ ਤੁਮ ਤਜਹੁ ਸਗਲ ਵੇਕਾਰ॥ ੧॥
ਮੋਹ ਦਾ ਹੀ ਰੂਪ ਪਿਆਰ, ਬੰਦੇ ਦੇ ਮਨ ਵਿੱਚ ਕੁਟੰਭ ਲਈ ਮਮਤਾ ਪੈਦਾ ਕਰਦਾ ਹੈ, ਜਿਸ ਨਾਲ ਇਸ
ਸ੍ਰਿਸ਼ਟੀ ਦੇ ਜੀਵਾਂ ਦੀ ਉਤਪਤੀ ਦਾ ਚੱਕਰ ਚਲਦਾ ਰਹਿੰਦਾ ਹੈ। ਮੋਹ ਹੀ ਅਪਣਤਵ ਵਿੱਚ ਸੰਸਾਰ ਦਾ ਕਾਰ
ਵਿਹਾਰ ਚਲਾ ਰਿਹਾ ਹੈ, ਪਰ ਜਿੱਥੇ ਇਹ ਮੋਹ, ਵਿਕਾਰਾਂ ਦਾ ਰੂਪ ਧਾਰਨ ਕਰ ਲੈਂਦਾ ਹੈ, ਉਸ ਹਾਲਤ
ਵਿੱਚ ਇਸ ਨੂੰ ਤਿਆਗਣਾ ਹੀ ਬਣਦਾ ਹੈ।
॥ ੨॥ ਸਾਚੁ ਨਾਮੁ ਜਾ ਨਵ ਨਿਧਿ ਪਾਈ॥ ਰੋਵੈ ਪੂਤੁ ਨ ਕਲਪੈ ਮਾਈ॥ ੨॥
ਜਦੋਂ ਬੰਦੇ ਨੂੰ ਸ੍ਰਿਸ਼ਟੀ ਦੇ ਨੌਵਾਂ ਖਜ਼ਾਨਿਆ ਦੇ ਮਾਲਿਕ, ਪ੍ਰਭੂ ਦੇ ਨਾਮ, ਉਸ ਦੇ ਹੁਕਮ ਦੀ ਸੋਝੀ
ਹੋ ਜਾਂਦੀ ਹੈ, ਤਾਂ ਉਸ ਨੂੰ ਦੁਨਿਆਵੀ ਖੇਡ ਦੀ ਸੋਝੀ ਹੋ ਜਾਂਦੀ ਹੈ। ਉਸ ਹਾਲਤ ਵਿੱਚ ਉਹ ਨਾ ਆਪਣੇ
ਵੱਡਿਆਂ ਨਾਲੋਂ ਵਿਛੜ ਕੇ
ਰੋਂਦਾ ਹੈ, ਨਾ ਆਪਣੇ ਛੋਟਿਆਂ ਨਾਲੋਂ ਵਿਛੜ ਕੇ ਕਲਪਦਾ ਹੈ। ਪਰਮਾਤਮਾ ਦੀ ਰਜ਼ਾ ਨੂੰ ਸਹਿਜ ਨਾਲ
ਪਰਵਾਨ ਕਰਦਾ ਹੈ।
॥ ੩॥ ਏਤੁ ਮੋਹਿ ਡੂਬਾ ਸੰਸਾਰੁ॥ ਗੁਰਮੁਖਿ ਕੋਈ ਉਤਰੈ ਪਾਰਿ॥ ੩॥
ਇਸ ਮੋਹ ਵਿੱਚ ਸਾਰਾ ਸੰਸਾਰ ਡੁੱਬ ਰਿਹਾ ਹੈ। ਇਸ ਤੋਂ ਸਿਰਫ ਉਹੀ ਬਚਦਾ ਹੈ, ਜਿਹੜਾ ਗੁਰਮੁਖ ਹੋ
ਕੇ, ਗੁਰੂ ਦੀ ਸਿਖਿਆ ਅਨੁਸਾਰ ਚਲਦਾ ਹੈ। ਅਜਿਹਾ ਬੰਦਾ ਹੀ ਇਸ ਭਵਜਲ ਸੰਸਾਰ ਸਮੁੰਦਰ ਤੋਂ ਪਾਰ
ਹੁੰਦਾ ਹੈ, ਜਨਮ-ਮਰਨ ਦੇ ਗੇੜ ਤੋਂ ਮੁਕਤ ਹੁੰਦਾ ਹੈ।
॥ ੪॥ ਏਤੁ ਮੋਹਿ ਫਿਰਿ ਜੂਨੀ ਪਾਹਿ॥ ਮੋਹੇ ਲਾਗਾ ਜਮ ਪੁਰਿ ਜਾਹਿ॥ ੪॥
ਇਸ ਮੋਹ ਵਿੱਚ ਫਸਿਆ ਬੰਦਾ ਹੀ, ਜਮ ਪੁਰ ਵਿਚ, ਜਮਾਂ ਦੀ ਪੁਰੀ ਵਿਚ, ਲੇਖਾ ਦੇਣ ਲਈ ਪਰਮਾਤਮਾ ਦੇ
ਦਰਬਾਰ ਵਿੱਚ ਪੇਸ਼ ਹੁੰਦਾ ਹੈ। ਅਤੇ ਇਸ ਮੋਹ ਕਾਰਨ ਹੀ, ਦੁਬਾਰਾ ਜਨਮ ਲੈਂਦਾ ਹੈ। ਜਨਮ-ਮਰਨ ਦੇ ਗੇੜ
ਵਿੱਚ ਪੈਂਦਾ ਹੈ।
॥ ੫॥ ਗੁਰ ਦੀਖਿਆ ਲੇ ਜਪੁ ਤਪੁ ਕਮਾਹਿ॥ ਨਾ ਮੋਹੁ ਤੂਟੈ ਨਾ ਥਾਇ ਪਾਹਿ॥ ੫॥
ਜਿਹੜੇ ਬੰਦੇ, ਸ਼ਬਦ ਗੁਰੂ ਤੋਂ ਇਲਾਵਾ, ਪਖੰਡੀ ਗੁਰੂਆਂ ਦੇ ਮਗਰ ਲਗਦੇ ਹਨ, ਉਨ੍ਹਾਂ ਕੋਲੋਂ ਸਿਖਿਆ
ਲੈ ਕੇ, ਉਨ੍ਹਾਂ ਦੇ ਕਹੇ ਅਨੁਸਾਰ ਜਪ-ਤਪ ਆਦਿ ਕਰਮ ਕਾਂਡ ਹੀ ਕਰਦੇ ਰਹਿੰਦੇ ਹਨ, ਉਨ੍ਹਾਂ ਦਾ ਮੋਹ
ਖਤਮ ਨਹੀਂ ਹੁੰਦਾ, ਬਲਕਿ ਉਨ੍ਹਾਂ ਕਰਮ ਕਾਂਡਾਂ ਆਸਰੇ, ਉਨ੍ਹਾਂ ਦੀ ਹਉਮੈ ਵਿੱਚ ਹੋਰ ਵਾਧਾ ਹੁੰਦਾ
ਹੈ, ਇਵੇਂ ਉਹ ਪ੍ਰਭੂ ਦੇ ਦਰ ਤੇ ਕਬੂਲ ਨਹੀਂ ਹੁੰਦੇ।
॥ ੬॥ ਨਦਰਿ ਕਰੇ ਤਾ ਇਹੁ ਮੋਹੁ ਜਾਇ॥ ਨਾਨਕ ਹਰਿ ਸਿਉ ਰਹੈ ਸਮਾਇ॥ ੬॥ (੩੫੬)
ਹੇ ਨਾਨਕ, ਜਿਸ ਮਨੁੱਖ ਤੇ ਦਿਆਲ ਹੋ ਕੇ, ਪਰਭੂ ਆਪ ਬਖਸ਼ਿਸ਼ ਕਰਦਾ ਹੈ, ਉਸ ਦਾ ਮਿਲਾਪ, ਸ਼ਬਦ ਗੁਰੂ
ਨਾਲ ਕਰਾਉਂਦਾ ਹੈ, ਉਸ ਵਿਚੋਂ ਹੀ ਇਹ ਮਾਇਆ ਦਾ ਮੋਹ ਖਤਮ ਹੁੰਦਾ ਹੈ। ਉਹ ਹੀ ਹਮੇਸ਼ਾ ਵਾਹਿਗੁਰੂ ਦੇ
ਪਿਆਰ ਵਚ, ਜੁੜਿਆ ਰਹਿੰਦਾ ਹੈ। ਹਮੇਸ਼ਾ ਉਸ ਦੀ ਯਾਦ ਵਿੱਚ ਹੀ ਮਸਤ ਰਹਿੰਦਾ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪