.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 12)

ਜਪੁ ਜੀ ਦੀ ਯਾਰਵੀਂ ਪਉੜੀ ਦੇ ਮੂਲ ਪਾਠ, ਇਸ ਦੇ ਭਾਵਾਰਥ ਅਤੇ ਅਖੌਤੀ ਸ਼ਰਧਾ ਪੂਰਨ ਗ੍ਰੰਥ ਵਿੱਚ ਇਸ ਪਉੜੀ ਦੇ ਲਿਖੇ ਹੋਏ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਵਿੱਚ ਜੰਤ੍ਰ, ਮੰਤ੍ਰ ਅਤੇ ਤੰਤ੍ਰ ਬਾਰੇ ਚਰਚਾ ਕਰ ਰਹੇ ਹਾਂ।
ਮੰਤ੍ਰ ਦਾ ਅਰਥ ਸਲਾਹ ਮਸ਼ਵਿਰਾ, ਯੰਤ੍ਰ ਦਾ ਅਰਥ ਕਲ
(machine) ਅਰ ਤੰਤ੍ਰ ਦਾ ਅਰਥ ਪਦਾਰਥਾਂ ਦਾ ਮਿਲਾਪ ਹੈ, ਪਰ ਤਾਂਤ੍ਰਿਕਾਂ ਨੇ ਕਿਸੇ ਖ਼ਾਸ ਸ਼ਬਦ ਜਾਂ ਵਾਕ ਦੇ ਜਪ ਦਾ ਨਾਉਂ ਤੰਤ੍ਰ ਕਲਪ ਲਿਆ ਹੈ। ਗੁਰੁਮਤ ਵਿੱਚ ਐਸੇ ਮੰਤ੍ਰ ਤੰਤ੍ਰ ਨਿਸ਼ੇਧ ਕੀਤੇ ਗਏ ਹਨ। (ਗੁਰੁਮਤ ਮਾਰਤੰਡ)
ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਇਹੋ ਜਿਹੇ ਵਹਿਮਾਂ-ਭਰਮਾਂ ਦਾ ਲੋਕਾਈ ਬੁਰੀ ਤਰ੍ਹਾਂ ਸ਼ਿਕਾਰੀ ਹੋਈ ਹੋਈ ਸੀ। ਗੁਰੂ ਸਾਹਿਬਾਨ ਨੇ ਇਹੋ ਜਿਹੇ ਵਹਿਮਾਂ-ਤੋਂ ਹੀ ਤਾਂ ਲੋਕਾਈ ਨੂੰ ਬਾਹਰ ਕੱਢਿਆ ਸੀ। ਗੁਰ ਦੀ ਮਤ ਲੈਣ ਵਾਲੇ ਇਨ੍ਹਾਂ ਤੰਤ੍ਰਾਂ ਮੰਤ੍ਰਾਂ ਤੋਂ ਆਪਣਾ ਖਹਿੜਾ ਛੁਡਾ ਕੇ ਹੀ ਸਚਿਆਰ ਬਨਣ ਵਿੱਚ ਕਾਮਯਾਬ ਹੋਏ ਸਨ। ਰੱਬੀ ਗੁਣਾਂ ਨੂੰ ਧਾਰਨ ਕਰਨਾ ਹੀ ਉਨ੍ਹਾਂ ਲਈ ਮੰਤ੍ਰ ਤੰਤ੍ਰ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਸਬੰਧ ਵਿੱਚ ਚਰਚਾ ਕਰਦਿਆਂ ਹੋਇਆਂ ਇਉਂ ਕਿਹਾ ਗਿਆ ਹੈ:-
(ੳ) ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ॥ ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ॥ ਸਾਚਾ ਧਨੁ ਪਾਇਓ ਹਰਿ ਰੰਗਿ॥ ਦੁਤਰੁ ਤਰੇ ਸਾਧ ਕੈ ਸੰਗਿ॥ (ਪੰਨਾ 184)
ਅਰਥ: ਜੇਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿੰਦਾ ਹੈ, ਉਹ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਮਨੁੱਖ ਹਰੀ ਦੇ ਪ੍ਰੇਮ-ਰੰਗ ਵਿੱਚ (ਮਸਤ ਹੋ ਕੇ) ਸਦਾ ਨਾਲ ਨਿਭਣ ਵਾਲਾ ਨਾਮ-ਧਨ ਹਾਸਲ ਕਰ ਲੈਂਦਾ ਹੈ, ਹਰੀ ਦਾ ਨਾਮ ਹੀ ਉਸ ਮਨੁੱਖ ਦੀ ਜ਼ਿੰਦਗੀ ਦਾ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ, (ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ) ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਹੀ ਦਵਾਈ ਹੈ ਤੇ ਨਾਮ ਹੀ ਪ੍ਰਾਸ਼ਚਿਤ ਕਰਮ ਹੈ।
(ਅ) ਅਉਖਧ ਕੋਟਿ ਸਿਮਰਿ ਗੋਬਿੰਦ॥ ਤੰਤੁ ਮੰਤੁ ਭਜੀਐ ਭਗਵੰਤ॥ ਰੋਗ ਸੋਗ ਮਿਟੇ ਪ੍ਰਭ ਧਿਆਏ॥ ਮਨ ਬਾਂਛਤ ਪੂਰਨ ਫਲ ਪਾਏ॥ 3॥ (ਪੰਨਾ 866)
ਅਰਥ: ਹੇ ਭਾਈ! ਗੋਬਿੰਦ ਦਾ ਨਾਮ ਸਿਮਰਿਆ ਕਰ, ਇਹ ਨਾਮ ਹੀ ਕ੍ਰੋੜਾਂ ਦਵਾਈਆਂ (ਦੇ ਬਰਾਬਰ) ਹੈ। ਹੇ ਭਾਈ! ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ, ਇਹ ਨਾਮ (ਸਭ ਤੋਂ ਵਧੀਆ) ਤੰਤ੍ਰ ਹੈ ਅਤੇ ਮੰਤ੍ਰ ਹੈ। ਜੇਹੜਾ ਮਨੁੱਖ ਇਸ ਨਾਮ ਨੂੰ ਸਿਮਰਦਾ ਹੈ, ਉਸ ਦੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ। ਉਹ ਮਨੁੱਖ ਸਾਰੇ ਹੀ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ।
ਭਾਈ ਗੁਰਦਾਸ ਜੀ ਗੁਰਸਿੱਖ ਦੀ ਜੀਵਨ-ਜੁਗਤ ਦਾ ਵਰਣਨ ਕਰਦਿਆਂ ਹੋਇਆਂ ਤਾਂ ਹੀ ਲਿਖਦੇ ਹਨ:-
(ੳ). . ਤੰਤ ਨ ਮੰਤ ਨ ਫੁਰਨ ਵਿਚਾਰੇ। (ਵਾਰ 40, ਪਉੜੀ 6)
(ਅ) ਸਤਿਗੁਰੁ ਸਬਦ ਸੁਰਤਿ ਲਿਵ ਮੂਲ ਮੰਤ੍ਰ ਆਨ ਤੰਤ੍ਰ ਕੀ ਨ ਸਿਖਨ ਪ੍ਰਤੀਤਿ।
ਅਰਥ: ਸਤਿਗੁਰੂ ਦੇ ਸ਼ਬਦ ਵਿੱਚ ਸੁਰਤੀ ਦੀ ਲਿਵ ਲਗਣੀ ਹੀ ਸਤਿਗੁਰੂ ਦੇ ਸਨਮੁਖ ਸੇਵਕਾਂ ਦਾ ਮੰਤ੍ਰਾਂ ਸਿਰ ਮੰਤ੍ਰ ਹੈ, ਹੋਰ ਤੰਤ੍ਰਾਂ ਵਿੱਚ ਗੁਰਸਿੱਖਾਂ ਦਾ ਕੋਈ ਯਕੀਨ ਨਹੀਂ ਹੈ।
(ਨੋਟ: ਜਿਹੜੇ ਪ੍ਰਾਣੀ ਆਪਣੇ ਆਪ ਨੂੰ ਗੁਰਸਿੱਖ ਅਖਵਾਂਦੇ/ਸਮਝਦੇ ਹੋਏ ਗੁਰਬਾਣੀ ਨੂੰ ਹੀ ਜੰਤ੍ਰ ਮੰਤ੍ਰ ਅਤੇ ਤੰਤ੍ਰ ਵਾਂਗ ਪੜ੍ਹਨ ਦੀ ਪ੍ਰੇਰਨਾ ਅਥਵਾ ਪ੍ਰਚਾਰ ਕਰਦੇ ਹਨ, ਉਨ੍ਹਾਂ ਨੂੰ ਗੁਰੂ ਕੇ ਸਿੱਖ ਆਖਿਆ ਜਾਂ ਸਮਝਿਆ ਜਾਵੇ ਜਾਂ ਕੁੱਝ ਹੋਰ; ਇਸ ਗੱਲ ਦਾ ਪਾਠਕ ਖ਼ੁਦ ਹੀ ਫ਼ੈਸਲਾ ਕਰ ਲੈਣ।)
ਜੰਤ੍ਰ ਮੰਤ੍ਰ ਤੰਤ੍ਰ ਦੀ ਅਤਿ ਸੰਖੇਪ ਵਿੱਚ ਚਰਚਾ ਕਰਨ ਮਗਰੋਂ ਹੁਣ ਜਪੁ ਜੀ ਦੀ ਇਸ ਪਉੜੀ ਦੇ ਮੂਲ ਪਾਠ ਅਤੇ ਭਾਵਾਰਥ ਨੂੰ ਵਿਚਾਰਦੇ ਹਾਂ।
ਸੁਣਿਐ ਸਰਾ ਗੁਣਾ ਕੇ ਗਾਹ॥ ਸੁਣਿਐ ਸੇਖ ਪੀਰ ਪਾਤਿਸਾਹ॥ ਸੁਣਿਐ ਅੰਧੇ ਪਾਵਹਿ ਰਾਹੁ॥ ਸੁਣਿਐ ਹਾਥ ਹੋਵੈ ਅਸਗਾਹੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ 11॥ (ਪੰਨਾ 3) ਅਰਥ:- ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿੱਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿੱਚ ਸੁਰਤਿ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ, ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ। ਇਹ ਨਾਮ ਸੁਣਨ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ। ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿੱਚ ਆ ਜਾਂਦੀ ਹੈ।
(ਨੋਟ: ਸੁਨਣ ਤੋਂ ਭਾਵ ਕੇਵਲ ਸੁਨਣ ਤੀਕ ਹੀ ਸੀਮਤ ਨਹੀਂ ਹੈ; ਇਸ ਦਾ ਭਾਵਾਰਥ ਹੈ ਸੁਣ ਕੇ ਮੰਨ ਲੈਣ ਨਾਲ। ਰੱਬੀ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨ ਨਾਲ ਹੀ ਆਤਮਕ ਕਲੇਸ਼ਾਂ ਤੋਂ ਛੁਟਕਾਰਾ ਮਿਲਦਾ ਹੈ। ਮਨ ਵਿੱਚ ਉਕਰੇ ਹੋਏ ਮੰਦ ਸੰਸਕਾਰਾਂ ਦੇ ਪ੍ਰਭਾਵ ਤੋਂ ਮੁਕਤ ਹੋਇਆਂ ਹੀ ਆਤਮਕ ਖਿੜਾਓ ਨਸੀਬ ਹੁੰਦਾ ਹੈ। ਬਾਣੀ ਵਿੱਚ ਇਸ ਭਾਵ ਨੂੰ ਇਉਂ ਸਪਸ਼ਟ ਕੀਤਾ ਹੈ: ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ॥ (ਪੰਨਾ 27)
ਅਰਥ: ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿੱਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ, ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ।)
ਇਸ ਪਉੜੀ ਦਾ ਸਮੁੱਚਾ ਭਾਵਾਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇਹ ਦਰਸਾਇਆ ਹੈ:- “ਜਿਉਂ ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਂਦਾ ਹੈ। ਸੰਸਾਰ ਅਥਾਹ ਸਮੁੰਦਰ ਹੈ, ਜਿਥੇ ਰੱਬ ਨਾਲੋਂ ਵਿਛੜਿਆ ਹੋਇਆ ਜੀਵ ਅੰਨ੍ਹਿਆਂ ਵਾਂਗ ਹੱਥ ਪੈਰ ਮਾਰਦਾ ਹੈ। ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ।”
ਪਰੰਤੂ ਸ਼ਰਧਾ ਪੂਰਨ ਗ੍ਰੰਥ ਦਾ ਲੇਖਕ ਇਸ ਪਉੜੀ ਦੇ ਮਹਾਤਮ ਦੇ ਸਬੰਧ ਵਿੱਚ ਲਿਖਦਾ ਹੈ, “ਇਸ ਪਉੜੀ ਦਾ ਚਾਲੀ ਦਿਨਾਂ ਵਿੱਚ ਮੰਗਲਵਾਰ ਤੋਂ ਸੂਰਜ ਵਲ ਮੂੰਹ ਕਰਕੇ ਇੱਕ ਲਖ ਜਾਪ ਕਰਨਾ। ਜਾਪ ਕਰਨ ਸਮੇਂ ਪਾਣੀ ਦਾ ਬਰਤਨ ਪਾਸ ਰਖਣਾ, ਪਾਠ ਉਪਰੰਤ ਹਰ ਰੋਜ਼ ਉਸ ਪਾਣੀ ਦੇ ਅੱਖਾਂ ਉਤੇ ਛੱਟੇ ਮਾਰਨੇ। ਅੱਖੀਆਂ ਦਾ ਰੋਗ ਦੂਰ ਹੋ ਜਾਂਦਾ ਹੈ। ਜਿਸ ਨੇ ਇਹ ਪਉੜੀ ਸਿੱਧ ਕੀਤੀ ਹੋਵੇ ਉਹ ਕਿਸੇ ਦੂਜੇ ਦੀਆਂ ਅੱਖਾਂ ਉਤੇ ਵੀ ਇਸ ਪਉੜੀ ਦੇ ਪਾਠ ਨਾਲ ਜਲ ਫੂਕ ਕੇ ਛੱਟੇ ਮਾਰੇ ਤਾਂ ਉਸ ਦੀਆਂ ਅੱਖਾਂ ਵੀ ਰਾਜ਼ੀ ਹੋ ਜਾਣਗੀਆਂ।”
ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਸ਼ਬਦ ਨੂੰ ਕਿਸੇ ਤਾਂਤ੍ਰਿਕ ਵਿਧੀ ਨਾਲ ਸਿੱਧ ਕਰਨ ਦੀ ਗੱਲ ਕਿਧਰੇ ਵੀ ਨਹੀਂ ਆਈ ਹੈ। ਗੁਰਮਤਿ ਵਿੱਚ ਇਸ ਲਈ ਹੀ ‘ਝਾੜਾ ਫੂਕਾ’ ਕਰਨ ਵਾਲਿਆਂ ਨੂੰ ਆਤਮਕ ਤੌਰ `ਤੇ ਭਟਕਣਾ ਦਾ ਸ਼ਿਕਾਰ ਹੋਏ ਹੀ ਨਹੀਂ ਸਗੋਂ ਤਨਖਾਈਆ ਕਿਹਾ ਗਿਆ ਹੈ।
ਨੋਟ: “ਲੋਹੇ ਦੀ ਸੀਖ ਜਾਂ ਕਿਸੇ ਖ਼ਾਸ ਕਿਸਮ ਦੀ ਲਕੜੀ ਮੰਤ੍ਰ ਪੜ੍ਹਕੇ ਤੇ ਫੇਰਕੇ ਫੂਕਾਂ ਮਾਰਣੀਆਂ ‘ਝਾੜਾ ਫੂਕਾ’ ਹੈ। ਮੰਤ੍ਰ ਪੜ੍ਹਕੇ ਪਾਣੀ ਉਤੇ ਫੂਕਾਂ ਮਾਰਨੀਆਂ ਅਤੇ ਉਹ ਪਾਣੀ ਰੋਗੀ ਨੂੰ ਪਿਆਉਣਾ ਭੀ ‘ਫੂਕੇ’ ਅੰਦਰ ਸ਼ੁਮਾਰ ਹੈ।” (ਗੁਰੁਮੰਤ ਮਾਰਤੰਡ)
ਗੁਰਬਾਣੀ ਦਾ ਇਸ ਤਰ੍ਹਾਂ ਦਾ ਮਹਾਤਮ ਦਰਸਾਉਣ ਵਾਲੇ ਭਾਂਵੇ ਹਨੂਮਾਨ ਚਲੀਸੇ ਆਦਿ ਦੀ ਥਾਂ ਬਾਣੀ ਦੇ ਕਿਸੇ ਸ਼ਬਦ ਨੂੰ ਪੜ੍ਹਕੇ ਇਸ ਤਰ੍ਹਾਂ ਨਾਲ ਝਾੜਾ ਫੂਕਾ ਕਰਦੇ ਹਨ, ਪਰ ਝਾੜਾ ਫੂਕਾ ਤਾਂ ਝਾੜਾ ਫੂਕਾ ਹੀ ਹੈ। ਇਸ ਲਈ ਜੇਕਰ ਬਾਣੀ ਪੜ੍ਹਕੇ ਕੋਈ ਅਜਿਹਾ ਕਰਮ ਕਰ ਰਿਹਾ ਹੈ, ਉਹ ਤਨਖਾਈਆ ਹੀ ਹੈ।
ਜਿੱਥੋਂ ਤਕ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਨ ਸਮੇਂ ਪਾਣੀ ਰੱਖਣ ਅਤੇ ਫਿਰ ਉਸ ਪਾਣੀ ਦੇ ਅੱਖਾਂ ਵਿੱਚ ਛੱਟੇ ਮਾਰਨ ਨਾਲ ਅੱਖਾਂ ਦੇ ਰੋਗ ਦੂਰ ਹੋਣ ਦਾ ਸਵਾਲ ਹੈ, ਇਸ ਪਉੜੀ ਵਿੱਚ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੈ। ਨਾ ਹੀ ਗੁਰਬਾਣੀ ਦੇ ਕਿਸੇ ਹੋਰ ਸ਼ਬਦ ਵਿੱਚ ਇਸ ਤਰ੍ਹਾਂ ਦਾ ਵਰਣਨ ਹੈ। ਇਹ ਨਿਰੋਲ ਲੇਖਕ ਦੀ ਆਪਣੀ ਕਲਪਨਾ ਹੈ। ਅੱਖਾਂ ਦੀ ਬੀਮਾਰੀ ਕੋਈ ਇੱਕ ਨਹੀਂ ਹੈ, ਕਈ ਹਨ। ਕਈ ਬੀਮਾਰੀਆਂ ਲਾ-ਇਲਾਜ ਹਨ ਅਤੇ ਕਈਆਂ ਵਿੱਚ ਅੱਖਾਂ ਦਾ ਅਪਰੇਸ਼ਨ ਕਰਾਉਣਾ ਪੈਂਦਾ ਹੈ। ਕਈ ਭੋਲੇ-ਭਾਲੇ ਮਨੁੱਖ ਆਪਣੀਆਂ ਬੀਮਾਰੀਆਂ ਦਾ ਜੋਗ ਇਲਾਜ ਕਰਾਉਣ ਦੀ ਬਜਾਏ, ਇਹੋ ਜਿਹੀਆਂ ਵਿਧੀਆਂ ਨੂੰ ਅਪਣਾ ਕੇ ਸਾਧਾਰਨ ਬੀਮਾਰੀ ਨੂੰ ਵੀ ਭਿਆਨਕ ਬਣਾ ਲੈਂਦੇ ਹਨ।
ਇਤਿਹਾਸ ਵਿੱਚ ਵੀ ਅਜਿਹਾ ਕਿਧਰੇ ਜ਼ਿਕਰ ਨਹੀਂ ਮਿਲਦਾ ਕਿ ਕਿਸੇ ਗੁਰੂ ਸਾਹਿਬਾਨ ਨੇ ਸਰੀਰਕ ਰੋਗੀਆਂ ਨੂੰ ਇਸ ਤਰ੍ਹਾਂ ਦੀ ਕੋਈ ਵਿਧੀ ਦਰਸਾਈ ਹੋਵੇ। ਹਾਂ, ਇਤਿਹਾਸ ਵਿੱਚ ਇਸ ਗੱਲ ਦਾ ਜ਼ਰੂਰ ਵਰਣਨ ਹੈ ਕਿ ਸਰੀਰਕ ਰੋਗੀਆਂ ਦਾ ਵੈਦ/ਹਕੀਮ ਇਲਾਜ ਕਰਦੇ ਸਨ। ਜੇਕਰ ਇਸ ਤਰ੍ਹਾਂ ਸ਼ਬਦ ਰਾਂਹੀਂ ਸਿੱਧੀ ਕਰਕੇ ਰੋਗੀਆਂ ਦੇ ਰੋਗ ਦੂਰ ਹੋ ਸਕਦੇ ਹੁੰਦੇ, ਤਾਂ ਮਨੁੱਖਤਾ ਦੇ ਸੱਚੇ ਹਮਦਰਦ ਗੁਰੂ ਸਾਹਿਬਾਨ ਆਪ ਵੀ ਅਤੇ ਗੁਰਸਿੱਖਾਂ ਨੂੰ ਵੀ ਇਸ ਵਡਮੁੱਲੀ ਸੇਵਾ ਨਿਭਾਉਣ ਦੀ ਪ੍ਰੇਰਨਾ ਕਰਦੇ। ਗੁਰੂ ਸਾਹਿਬਾਨ ਨੂੰ ਵੈਦਾਂ/ਹਕੀਮਾਂ ਪਾਸੋਂ ਅਜਿਹੀਆਂ ਸੇਵਾਵਾਂ ਹਾਸਲ ਕਰਨ ਦੀ ਥਾਂ, ਝਾੜਾ ਫੂਕੇ ਨਾਲ ਹੀ ਰੋਗੀਆਂ ਦਾ ਇਲਾਕ ਕਰਨ ਦੀ ਵਿਵਸਥਾ ਕਾਇਮ ਕਰਦੇ। ਪਰੰਤੂ ਇਤਿਹਾਸ ਵਿੱਚ ਅਜਿਹਾ ਕਿਧਰੇ ਵੀ ਜ਼ਿਕਰ ਨਹੀਂ ਮਿਲਦਾ ਹੈ।
ਇਹ ਵੀ ਆਮ ਦੇਖਣ ਸੁਨਣ ਨੂੰ ਮਿਲਦਾ ਹੈ ਕਿ ਅਜਿਹੀਆਂ ਵਿਧੀਆਂ ਦਰਸਾਉਣ ਵਾਲੇ ਆਪ ਸਾਧਾਰਨ ਬੀਮਾਰੀ ਦੀ ਹਾਲਤ ਵਿੱਚ ਵੀ ਡਾਕਟਰ ਤੋਂ ਦਵਾਈ ਲੈਣ ਤੋਂ ਢਿੱਲ-ਮੱਠ ਨਹੀਂ ਕਰਦੇ।
ਸੋ, ਸਾਨੂੰ ਕਿਸੇ ਵੀ ਸਰੀਰਕ ਰੋਗ ਲਗਣ ਦੀ ਸੂਰਤ ਵਿੱਚ ਕਿਸੇ ਸਿਆਣੇ ਡਾਕਟਰ ਨੂੰ ਦਿਖਾਕੇ ਉਸ ਵਲੋਂ ਸੁਝਾਈ ਹੋਈ ਦਵਾਈ ਵਰਤਣ ਦੀ ਜ਼ਰੂਰਤ ਹੈ, ਨਾ ਕਿ ਇਹੋ ਜਿਹੀਆਂ ਵਿਧੀਆਂ ਨੂੰ ਅਪਣਾਉਣ ਦੀ। ਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਦੀ ਲੋੜ ਹੈ। ਬਾਣੀ ਮੁੱਖ ਰੂਪ ਵਿੱਚ ਸਾਨੂੰ ਜੀਵਨ ਦਾ ਅਦਰਸ਼ ਦ੍ਰਿੜ ਕਰਵਾਕੇ ਸੱਚਾ-ਸੁੱਚਾ ਇਨਸਾਨ ਬਣਾਉਂਦੀ ਹੈ। ਇਸ ਲਈ ਗੁਰਬਾਣੀ ਤੋਂ ਅਸਲ ਲਾਭ ਕੇਵਲ ਪੜ੍ਹਨ/ਸੁਨਣ ਨਾਲ ਨਹੀਂ ਸਗੋਂ ਇਸ ਅਨੁਸਾਰ ਆਪਣਾ ਆਚਰਣ ਬਣਾਉਣ ਨਾਲ ਹੀ ਉਠਾ ਸਕੀਦਾ ਹੈ। ਜਿਹੜੀ ਗੁਰਬਾਣੀ ਸਾਨੂੰ ਜਿਸ ਜੰਤ੍ਰ ਮੰਤ੍ਰ ਤੰਤ੍ਰ ਦੀ ਦਲਦਲ ਵਿਚੋਂ ਬਾਹਰ ਕੱਢਦੀ ਹੈ, ਅਸੀਂ ਉਸ ਬਾਣੀ ਦੀ ਹੀ ਇਸ ਰੂਪ ਵਿੱਚ ਵਰਤੋਂ ਕਰਨ ਲੱਗ ਪਏ ਹਾਂ। ਜਿਸ ਬਾਣੀ ਤੋਂ ਅਸੀਂ ਆਤਮਕ ਰੌਸ਼ਨੀ ਹਾਸਲ ਕਰਨੀ ਸੀ, ਉਸ ਬਾਣੀ ਨੂੰ ਹੀ ਅਸੀਂ ਵਹਿਮਾਂ-ਭਰਮਾਂ ਵਿੱਚ ਵਾਧਾ ਕਰਨ ਲਈ ਵਰਤੋਂ ਕਰਨ ਲੱਗ ਪਏ ਹਾਂ। ਐਸੀ ਹਾਲਤ ਵਿੱਚ ਸਾਡਾ ਇਨ੍ਹਾਂ ਵਹਿਮਾਂ-ਭਰਮਾਂ ਤੋਂ ਛੁਟਕਾਰਾ ਕਿਵੇਂ ਹੋਵੇਗਾ। ਭਾਈ ਗੁਰਦਾਸ ਜੀ ਦਾ ਨਿਮਨ ਲਿਖਤ ਕਬਿੱਤ ਕੁੱਝ ਇਸ ਤਰ੍ਹਾਂ ਦੀ ਤ੍ਰਾਸਦੀ ਨੂੰ ਹੀ ਬਿਆਨ ਕਰ ਰਿਹਾ ਹੈ:
ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ। ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ। ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ। ਮਾਇਆ ਡਰ ਡਰਪਤ ਹਾਰਿ ਗੁਰ ਦੁਆਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ।
ਅਰਥ: ਨਦੀ ਤੋਂ ਬਾਹਰ ਦੀ ਅੱਗ ਤਾਂ ਨਦੀ ਦੇ ਪਾਣੀ ਨਾਲ ਬੁਝਾਈ ਜਾ ਸਕਦੀ ਹੈ, ਪਰ ਜੇ ਨਦੀ ਵਿਚਲੀ ਬੇੜੀ ਨੂੰ ਹੀ ਅੱਗ ਲਗ ਜਾਏ ਤਾਂ ਉਹ ਕਿਵੇਂ ਬੁਝਾਈ ਜਾ ਸਕਦੀ ਹੈ?
ਬਾਹਰੋਂ ਕਿਸੇ ਧਾੜਵੀ ਦੀ ਮਾਰ ਤੋਂ ਭਜ ਕੇ ਜੇ ਕਿਸੇ ਪਨਾਹ ਲੈਣ ਵਾਲੇ ਥਾ (ਕਿਲ੍ਹੇ) ਦੀ ਓਟ ਲਈ ਜਾਵੇ, ਪਰ ਜੇ ਕਿਲ੍ਹੇ ਵਿੱਚ ਹੀ ਕੋਈ ਲੁਟ ਲਵੇ ਤਾਂ ਦਸੋ ਕਿਥੇ ਬਚ ਕੇ ਜਾਇਆ ਜਾਵੇ?
ਚੋਰਾਂ ਦੇ ਡਰੋਂ ਜੇ ਕਿਸੇ ਰਾਜੇ ਦੀ ਸ਼ਰਨ ਲਈ ਜਾਵੇ, ਪਰ ਜੇ ਰਾਜਾ ਹੀ ਡੰਨ ਦੇਵੇ ਤਾਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ?
ਇਸੇ ਤਰ੍ਹਾਂ ਮਾਇਕੀ ਜੰਜਾਲਾਂ ਦੀ ਪਕੜ ਦੇ ਡਰ ਤੋਂ ਡਰਦਿਆਂ ਜੇ ਗੁਰੂ ਦੇ ਦੁਆਰੇ ਜਾਇਆ ਜਾਵੇ, ਪਰ ਜੇ ਉੱਥੇ ਵੀ ਮਾਇਆ ਪ੍ਰਭਾਵ ਪਾ ਲਵੇ ਤਾਂ ਫਿਰ ਕਿਥੇ ਠਹਿਰਿਆ ਜਾ ਸਕਦਾ ਹੈ? ਭਾਵ, ਫਿਰ ਬਚਣ ਦੀ ਕੋਈ ਟਿਕਾਣਾ ਨਹੀਂ ਹੈ।
ਅੰਤ ਵਿੱਚ ਪਾਠਕਾਂ ਦਾ ਧਿਆਨ ਭਾਈ ਕਾਨ੍ਹ ਸਿੰਘ ਨਾਭਾ ਦੀ ਇਸ ਲਿਖਤ ਵਲ ਦੁਆ ਰਹੇ ਹਾਂ, ਸ਼ੋਕ ਹੈ ਗੁਰੁਬਾਣੀ ਨੂੰ ਨਿੱਤ ਪੜ੍ਹਦੇ ਹੋਏ ਭੀ ਅਨੇਕ ਸਿੱਖ ਭਾਈ ‘ਸਰਧਾ ਪੂਰਕ’ ਆਦਿ ਪੁਸਤਕਾਂ ਰਚਕੇ ਮੰਤ੍ਰਾਂ ਦੇ ਜਪ ਦੀ ਗਿਣਤੀ ਆਸਨ ਤੇ ਮਾਲਾ ਦੇ ਵੱਖ ਵੱਖ ਫਲ ਦੱਸਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।” (ਗੁਰੁਮਤ ਮਾਰਤੰਡ)
(ਸਭ ਤੋਂ ਵੱਡਾ ਹੱਥ ਦਾ ਲਿਖਿਆ ਇੰਦਰ ਜਾਲ) ਕੇ, ਅਨਾਰ ਦੀ ਜੜ੍ਹ ਨਾਲ ਇਹ ਜੰਤਰ ਲਿਖ ਕੇ, ਇੱਕ ਤਾਂਬੇ ਦੇ ਭਾਂਡੇ ਥੱਲੇ ਰੱਖ ਕੇ ਉਸ ਭਾਂਡੇ ਵਿੱਚ ਮੌਲੀ ਦੀ ਵੱਟੀ ਤੇ ਨਾਲ ਹੀ ਗਰੀ ਦਾ ਤੇਲ ਪਾ ਕੇ ਜੋਤ ਜਗਾ ਦਿਓ, ਅਤੇ ਗੁਲਾਬ ਦੇ ਫੁੱਲ ਚੜ੍ਹਾ ਕੇ ਹਨੂਮਾਨ ਚਲੀਸਾ 7 ਵਾਰੀ ਪੜ੍ਹੋ, ਹੁਣ ਇਹ ਜੰਤਰ ਹਨੂਮਾਨ ਸ਼ਕਤੀ ਭਰਪੂਰ ਸਿੱਧ ਹੋ ਗਿਆ ਹੈ। ਇਹ ਸਿੱਧ ਜੰਤਰ ਤਾਂਬੇ ਵਿੱਚ ਮੜ੍ਹਾ ਕੇ ਦੋਨਾਂ ਅੱਖਾਂ ਨੂੰ ਲਗਾਓ ਤੇ ਸੱਜੇ ਡੌਲੇ ਨਾਲ ਬੰਨ੍ਹ ਲਵੋ।
ਅੱਖਾਂ ਦੀ ਲਾਲੀ, ਧੁੰਦ, ਜਾਲਾ, ਅੰਧਰਾਤਾ ਤੇ ਨਜ਼ਰ ਦੀ ਕਮਜ਼ੋਰੀ ਵੀ ਨਹੀਂ ਰਹਿੰਦੀ।
ਜਸਬੀਰ ਸਿੰਘ ਵੈਨਕੂਵਰ




.