.

ਨਾਸਤਿਕ

ਮੈਂ ਤੇ ਮੇਰਾ ਦੋਸਤ ਕਾਰ ਵਿੱਚ ਅੰਮ੍ਰਿਤਸਰ ਨੂੰ ਜਾ ਰਹੇ ਸਾਂ। ਬਿਆਸ ਦਰਿਆ ਦਾ ਪੁਲ ਟੱਪ ਕੇ ਦੋ ਚਾਰ ਮੀਲ ਹੀ ਗਏ ਸਾਂ ਕਿ ਇੱਕ ਥਾਂ `ਤੇ ਸੜਕ ਦੇ ਕੰਢੇ ਸ਼ਾਮਿਆਨੇ ਲੱਗੇ ਹੋਏ ਸਨ ਅਤੇ ਲੰਗਰ ਲੱਗਾ ਹੋਇਆ ਸੀ ਤੇ ਸਪੀਕਰ ਵਿਚੀਂ ਰਾਹਗੀਰਾਂ ਨੂੰ ਲੰਗਰ ਛਕਣ ਦੀ ਬੇਨਤੀ ਕੀਤੀ ਜਾ ਰਹੀ ਸੀ। ਸੜਕ ਦੇ ਵਿਚਕਾਰ ਦੋ ਉਚੇ ਲੰਬੇ ਨੌਜੁਆਨ ਲੰਘਣ ਵਾਲੀ ਹਰੇਕ ਗੱਡੀ ਮੋਟਰ ਨੂੰ ਰੁਕਣ ਦਾ ਇਸ਼ਾਰਾ ਕਰ ਰਹੇ ਸਨ ਤੇ ਲੰਗਰ ਛਕਣ ਦੀ ਬੇਨਤੀ ਕਰ ਰਹੇ ਸਨ।
ਸਾਨੂੰ ਮਜਬੂਰਨ ਕਾਰ ਰੋਕਣੀ ਪਈ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਥੋੜ੍ਹੀ ਦੇਰ ਹੀ ਹੋਈ ਨਾਸ਼ਤਾ ਕਰਕੇ ਚਲੇ ਸਾਂ ਪਰ ਉਹ ਕਿਥੇ ਮੰਨਣ ਵਾਲੇ ਸਨ। ਅਸੀਂ ਚਾਹ ਦਾ ਅੱਧਾ ਅੱਧਾ ਕੱਪ ਪੀਤਾ ਤੇ ਆਗਿਆ ਲਈ।
ਜਿਉਂ ਜਿਉਂ ਅੰਮ੍ਰਿਤਸਰ ਨੇੜੇ ਆ ਰਿਹਾ ਸੀ, ਸੜਕ ਕੰਢੇ ਲੱਗੇ ਲੰਗਰਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਸੀ। ਪੰਜ ਛੇ ਥਾਵਾਂ ਤੋਂ ਅਸੀਂ ਬੜੀ ਨਿਮਰਤਾ ਸਹਿਤ ਛੁੱਟੀ ਲੈ ਲਈ ਸੀ ਪਰ ਅਗਲੇ ਲੰਗਰ ਵਾਲੀ ਜਗ੍ਹਾ `ਤੇ ਸੇਵਾਦਾਰਾਂ ਨੇ ਅੱਧੀ ਸੜਕ ਉੱਪਰ ਦਰਖ਼ਤ ਦਾ ਵੱਡਾ ਸਾਰਾ ਮੋਛਾ ਰੱਖ ਕੇ ਸੜਕ ਰੋਕੀ ਹੋਈ ਸੀ ਤੇ ਦੂਸਰੇ ਪਾਸੇ ਉਹ ਮੋਟਾ ਸਾਰਾ ਰੱਸਾ ਲਈ ਖੜ੍ਹੇ ਸਨ। ਜਦੋਂ ਵੀ ਕੋਈ ਵਾਹਨ ਆਉਂਦਾ ਤਾਂ ਸੇਵਾਦਾਰ ਰੱਸਾ ਉੱਪਰ ਚੁੱਕ ਦਿੰਦੇ ਤੇ ਡਰਾਈਵਰ ਨੂੰ ਮਜਬੂਰਨ ਗੱਡੀ ਰੋਕਣੀ ਪੈਂਦੀ। ਸਾਨੂੰ ਵੀ ਕਾਰ ਰੋਕਣੀ ਪਈ।
ਕਾਰ ਇੱਕ ਪਾਸੇ ਲਾਕੇ ਉੱਤਰਦਿਆਂ ਹੀ ਮੈਂ ਇੱਕ ਸੇਵਾਦਾਰ ਨੂੰ ਪੁੱਛਿਆ ਪਈ ਸਾਰੇ ਰਾਹ ਵਿੱਚ ਥਾਂ ਥਾਂ ਲੰਗਰ ਲੱਗੇ ਹੋਏ ਸਨ ਇਸ ਦੀ ਕੋਈ ਖ਼ਾਸ ਵਜਾਹ ਸੀ? ਉਹਨੇ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਦੇਖਿਆ ਜਿਵੇਂ ਮੈਂ ਕੋਈ ਅੱਲੋਕਾਰ ਸਵਾਲ ਪੁੱਛ ਲਿਆ ਹੋਵੇ ਤੇ ਉਹ ਬੜੀ ਉੱਚੀ ਆਵਾਜ਼ ਵਿੱਚ ਬੋਲਿਆ ਜਿਵੇਂ ਆਲੇ ਦੁਆਲੇ ਖੜ੍ਹੇ ਹੋਰ ਲੋਕਾਂ ਨੂੰ ਵੀ ਆਪਣੀ ਵਿਦਵਤਾ ਦੱਸਣੀ ਚਾਹੁੰਦਾ ਹੋਵੇ ਤੇ ਕਹਿਣ ਲੱਗਾ, “ਤੁਹਾਨੂੰ ਨਈਂ ਪਤਾ, ਅੱਜ ਸੋਮਪਤੀ ਮੱਸਿਆ ਐ ਜੀ।”
“ਸੋਮਪਤੀ ਮੱਸਿਆ ਦੀ ਕੋਈ ਖ਼ਾਸ ਗੱਲ ਹੁੰਦੀ ਐ?” ਮੈਂ ਚਿਹਰੇ `ਤੇ ਹੈਰਾਨੀ ਭਰੇ ਭਾਵ ਲਿਆਉਂਦਿਆਂ ਪੁੱਛਿਆ।
“ਬਹੁਤ ਮਹਾਤਮ ਹੁੰਦੈ ਜੀ ਇਹਦਾ, ਸੋਮਪਤੀ ਮੱਸਿਆ ਨੂੰ ਦਰਬਾਰ ਸਾਬ੍ਹ ਦੇ ਸਰੋਵਰ `ਚ ਚੁੱਭਾ ਲਾਉਣ ਨਾਲ ਸੱਤਾਂ ਕੁਲਾਂ ਦੇ ਪਾਪ ਧੋਤੇ ਜਾਂਦੇ ਐ ਜੀ। ਬਾਬਾ ਜੀ ਨੇ ਤਾਂ ਇਹਦੇ ਬਾਰੇ ਬਾਣੀ `ਚ ਵੀ ਲਿਖ਼ਿਆ ਹੋਇਐ” ਸੇਵਾਦਾਰ ਜੇਤੂ ਅੰਦਾਜ਼ ਨਾਲ ਮੇਰੇ ਵਲ ਵੇਖ਼ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿੱਦਾਂ ਦੇ ਅਨਪੜ੍ਹਾਂ ਨਾਲ ਵਾਹ ਪੈ ਗਿਐ।
ਮੇਰੇ ਪਾਸੋਂ ਰਿਹਾ ਨਾ ਗਿਆ ਤੇ ਮੈਂ ਕਿਹਾ “ਗੁਰਮੁਖਾ, ਬਾਬਾ ਜੀ ਨੇ ਤਾਂ ਬਾਣੀ ਰਾਹੀਂ ਸਿੱਖਾਂ ਦਾ ਖਹਿੜਾ ਮੱਸਿਆ, ਸੰਗਰਾਂਦਾਂ ਅਤੇ ਪੂਰਨਮਾਸ਼ੀਆਂ ਤੋਂ ਛੁਡਵਾ ਕੇ ਇਨ੍ਹਾਂ ਨੂੰ ਬ੍ਰਾਹਮਣਵਾਦ ਦੇ ਜੂਲੇ ਹੇਠੋਂ ਕੱਢਿਆ ਸੀ। ਬਾਬਾ ਜੀ ਨੇ ਤਾਂ ਵਹਿਮ ਭਰਮ ਦੂਰ ਕਰਨ ਲਈ ਬਾਣੀ `ਚ ਲਿਖ਼ਿਆ ਸੀ ‘ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ’
ਮੈਂ ਬੋਲਦਾ ਹੀ ਰਹਿ ਗਿਆ, ਸੇਵਾਦਾਰ ਮੇਰੀ ਗੱਲ ਅਣਸੁਣੀ ਕਰ ਕੇ ਕਿਸੇ ਹੋਰ ਵਾਹਨ ਨੂੰ ਰੋਕਣ ਚਲੇ ਗਏ।
ਲੰਗਰ ਦਾ ਇੱਕ ਇੱਕ ਪ੍ਰਸ਼ਾਦਾ ਛਕ ਕੇ ਜਦੋਂ ਅਸੀਂ ਵਰਾਂਡੇ ਨਾਲ ਲਗੇ ਹੋਏ ਨਲਕੇ ਉੱਪਰ ਹੱਥ ਧੋਣ ਗਏ ਤਾਂ ਉਹੀ ਸੇਵਾਦਾਰ ਵਰਾਂਡੇ `ਚ ਖੜ੍ਹਾ ਸੀ ਅਤੇ ਮੰਜੇ ਉੱਪਰ ਬੈਠਾ ਇੱਕ ਪੀਲੇ ਪਟਕੇ ਵਾਲਾ ਬਜ਼ੁਰਗ ਉਹਨੂੰ ਪੁੱਛ ਰਿਹਾ ਸੀ ਕਿ ਉਹ ਸਾਡੇ ਨਾਲ ਕੀ ਗੱਲਾਂ ਕਰਦਾ ਰਿਹਾ ਸੀ। ਨਲਕੇ ਵਲ ਦੇ ਪਾਸੇ ਵਰਾਂਡੇ `ਚ ਸਕਰੀਨ ਬਲਾਕ ਲੱਗੇ ਹੋਣ ਕਰ ਕੇ ਉਨ੍ਹਾਂ ਦੀਆਂ ਗੱਲਾਂ ਬਾਤਾਂ ਸਾਨੂੰ ਸੁਣ ਰਹੀਆਂ ਸਨ।
ਸੇਵਾਦਾਰ ਕਹਿਣ ਲੱਗਾ “ਭਾਊ, ਕੱਪੜਿਆਂ ਸ਼ੱਪੜਿਆਂ ਤੋਂ ਤਾਂ ਬੰਦੇ ਪੜ੍ਹੇ ਲਿਖ਼ੇ ਲਗਦੇ ਸੀ ਪਰ ਕਮਲ਼ਿਆਂ ਨੂੰ ਤਾਂ ਸੋਮਪਤੀ ਮੱਸਿਆ ਦਾ ਵੀ ਨਈਂ ਸੀ ਪਤਾ।”
ਬਜ਼ੁਰਗ ਨੇ ਖੰਘੂਰਾ ਮਾਰਿਆ ਤੇ ਬੋਲਿਆ, “ਓਏ, ਇਹ ਸਹੁਰੀ ਦੇ ਕੜੇ ਕੌਮਨਸ਼ਟ ਹੋਣੇ ਆਂ, ਇਹ ਨਈਂ ਬਾਬੇ ਦੀ ਬਾਣੀ ਨੂੰ ਮੰਨਦੇ।”
ਅੰਮ੍ਰਿਤਸਰ ਤੱਕ ਜਾਂਦਿਆਂ ਜਾਂਦਿਆਂ ਸਾਡੀ ਗੱਲ ਬਾਤ ਦਾ ਵਿਸ਼ਾ ਇਹੀ ਰਿਹਾ ਕਿ ਕਿਵੇਂ ਗੁਰੂ ਸਾਹਿਬਾਨ ਜੀ ਨੇ ਤਕਰੀਬਨ ਢਾਈ ਸੌ ਸਾਲ ਦਾ ਸਮਾਂ ਲਾ ਕੇ ਸਿੱਖਾਂ ਨੂੰ ਬ੍ਰਾਹਮਣਵਾਦ ਤੋਂ ਮੁਕਤੀ ਦਿਵਾਈ ਪਰ ਇਹ ਗਾਡੀ ਰਾਹ ਨੂੰ ਛੱਡ ਕੇ ਫੇਰ ਬ੍ਰਾਹਮਣਵਾਦ ਦੇ ਜੂਲ਼ੇ ਵਿੱਚ ਆਪਣਾ ਸਿਰ ਖ਼ੁਦ ਹੀ ਫ਼ਸਾਈ ਜਾ ਰਹੇ ਹਨ।

ਨਿਰਮਲ ਸਿੰਘ ਕੰਧਾਲਵੀ
.