.

ਕਲਿ ਕੀਰਤਿ ਸਬਦੁ ਪਛਾਨ

ਗੁਰਬਾਣੀ ਵਿੱਚ ਕੀਰਤਨ ਦੀ ਬੜੀ ਮਹੱਦਤਾ ਦਰਸਾਈ ਗਈ ਹੈ:- 1. ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥ (1075) 2. ਕੀਰਤਨੁ ਨਿਰਮੋਲਕ ਹੀਰਾ॥ ਆਨੰਦ ਗੁਣੀ ਗਹੀਰਾ॥ (893) 3. ਹਰਿ ਕੀਰਤਿ ਕਲਜੁਗ ਵਿੱਚ ਊਤਮ ਮਤਿ ਗੁਰਮਤਿ ਕਥਾ ਭਜੰਤੀ॥ (977)।

ਆਮ ਤੌਰ ਤੇ ਗੁਰਬਾਣੀ ਨੂੰ ਰਾਗਾਂ, ਸਾਜ਼ਾਂ ਤੇ ਤਾਲਾਂ ਵਿੱਚ ਗਉਣ ਨੂੰ ਕੀਰਤਨ ਮੰਨਿਆ ਜਾਂਦਾ ਹੈ। ਰਾਗ, ਸਾਜ਼ ਤੇ ਤਾਲ ਦਾ ਸੰਮੇਲ ਇੱਕ ਸੰਗੀਤਕ ਕਲਾ ਹੈ ਜੋ ਹਰ ਕਿਸੇ ਦੇ ਮਨ ਨੂੰ ਬਹੁਤ ਪ੍ਰਵਾਭਤ ਕਰਦੀ ਹੈ। ਮਨੁਖ, ਪਸੂ, ਪੰਛੀ ਤਾਂ ਇੱਕ ਪਾਸੇ, ਬਨਸਪਤੀ ਵੀ ਇਸਦਾ ਜਾਦੂ ਕਬੂਲਦੀ ਮੰਨੀ ਗਈ ਹੈ। ਜਿਥੇ ਇਸ ਕਲਾ ਦੀ ਵਰਤੋਂ ਮੰਦਰਾਂ, ਚਰਚਾਂ ਤੇ ਗੁਰਦੁਆਰਿਆਂ ਵਿੱਚ ਕੀਤੀ ਜਾਂਦੀ ਹੈ, ਉਥੇ ਇਹ ਕਲਾ ਕਲੱਬਾਂ, ਸਿਨਮਿਆਂ ਤੇ ਕੋਠਿਆਂ ਦਾ ਵੀ ਸ਼ਿੰਗਾਰ ਹੈ। ਜਿਥੇ ਇਸ ਕਲਾ ਨੂੰ ਭਜਨ, ਕੀਰਤਨ ਤੇ ਸੂਫੀ ਕਲਾਮ ਨੂੰ ਕਵਾਲੀਆਂ ਵਿੱਚ ਗਾਉਣ ਲਈ ਵਰਤਿਆ ਜਾਂਦਾ ਹੈ, ਉਥੇ ਇਸੇ ਕਲਾ ਨੂੰ ਵਿਸ਼ਈ ਗੀਤਾਂ, ਭੜਕਾਊ ਜੰਗੀ ਵਾਰਾਂ ਤੇ ਜਾਨਵਰਾਂ ਨੂੰ ਵੱਸ ਕਰਨ ਲਈ ਵੀ ਵਰਤਿਆ ਜਾਂਦਾ ਹੈ। ਆਪਣੇ ਆਪ ਵਿੱਚ ਇਹ ਸੰਗੀਤ ਨਾ ਕੀਰਤਨ ਹੈ ਤੇ ਨਾ ਹੀ ਧਰਮ ਦਾ ਕਰਮ ਹੈ ਪਰ ਪਰਵਾਭਸ਼ਾਲੀ ਹੋਣ ਕਰਕੇ ਇਸਨੂੰ ਧਰਮ ਪ੍ਰਚਾਰ ਲਈ ਸਹਾਇਕ ਲਿਆ ਗਿਆ ਹੈ। ਗੁਰੂ ਸਾਹਿਬਾਨਾ ਨੇ ਸਬਦ ਨੂੰ (ਮੁਖ ਰੱਖ ਕੇ) ਸੰਗੀਤ ਨਾਲ ਮਿਲਾ ਕੇ ਸਬਦ ਦੇ ਪ੍ਰਚਾਰ ਲਈ ਵਰਤਿਆ। ਜਦੋਂ ਤਕ ਸਬਦ ਮੁਖੀ ਹੈ ਉਦੋਂ ਤਕ ਇਹ ਕੀਰਤਨ ਹੈ ਪਰ ਜਦੋਂ ਸਬਦ ਤੇ ਸੰਗੀਤ ਹਾਵੀ ਹੋਵੇਗਾ ਉਦੋਂ ਇਸਦੀ ਕੋਈ ਮਹੱਤਾ ਨਹੀ ਰਹਿ ਜਾਂਦੀ। ਗੁਰਬਾਣੀ ਫੁਰਮਾਨ ਹੈ:- ਕੋਈ ਗਾਵੈ ਰਾਗੀ ਨਾਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੈ॥ (ਮ: 4-450) ਭਾਵ: ਕੋਈ ਮਨੁਖ ਰਾਗ ਗਾ ਗਾ ਕੇ, ਕੋਈ ਸੰਖ ਆਦਿਕ ਸਾਜ਼ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ, ਅਨੇਕ ਤਰੀਕਿਆਂ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ ਪਰ ਉਹ ਇਸ ਤਰਾਂ ਨਹੀ ਰੀਝਦਾ। ਸੋ ਜਿਤਨੀ ਦੇਰ ਤਕ ਸੰਗੀਤ ਸਬਦ ਤੇ ਹਾਵੀ ਹੈ ਉਤਨੀ ਦੇਰ ਤਕ ਪ੍ਰਭੂ ਨਹੀ ਰੀਝਦਾ। ਪ੍ਰਭੂ ਦੇ ਗੁਣਾਂ ਨੂੰ ਮਨ ਵਿੱਚ ਵਸਾਏ ਬਿਨਾ ਇਕੱਲੇ ਸੰਗੀਤ (ਰਾਗ, ਸਾਜ਼ ਤੇ ਤਾਲ) ਦੁਆਰਾ ਗਾਏ ਗਏ ਪ੍ਰਭੂ ਦੇ ਗੁਣ ਉਸਨੂੰ ਕਬੂਲ ਨਹੀ। ਕੋਰਾ ਰੱਬੀ ਗਿਆਨ ਇੱਕ ਅਲੂਣੀ ਚੱਟ ਹੈ ਇਸ ਲਈ ਪ੍ਰਵਾਭਸ਼ਾਲੀ ਸੰਗੀਤ ਨੂੰ ਇਸਦਾ ਸਹਾਇਕ ਬਣਾ ਕੇ ਅਲੂਣੀ ਚੱਟ ਨੂੰ ਮਿਠਾਸ ਨਾਲ ਮਿਲਾ ਦਿੱਤਾ ਗਿਆ। ਇਸ ਸੰਮੇਲ ਦਾ ਮੁਖ ਕਾਰਨ ਰੱਬੀ ਗਿਆਨ ਦਾ ਪ੍ਰਚਾਰ ਸੀ ਪਰ ਹੌਲੀ ਹੌਲੀ ਸੰਗੀਤ ਸਬਦ (ਗਿਆਨ) ਤੇ ਇਤਨਾ ਹਾਵੀ ਹੋ ਗਿਆ ਕੇ ਅਜ ਕੇਵਲ ਸੰਗੀਤ ਹੀ ਰਹਿ ਗਿਆ ਤੇ ਉਸ ਵਿਚੋਂ ਗਿਆਨ ਉਡ ਹੀ ਗਿਆ। ਅਜ ਮੁਖੀ ਧਰਮ ਅਸਥਾਨਾਂ ਤੇ ਵੀ ਕੇਵਲ ਸੰਗੀਤ ਹੀ ਰਹਿ ਗਿਆ, ਗਿਆਨ ਦਾ ਦੀਵਾ ਗੁਲ ਹੋ ਗਿਆ। ਇਹ ਇੱਕ ਹਕੀਕਤ ਹੈ ਕਿ ਜਦੋਂ ਕਿਸੇ ਕਾਰਜ ਵਿਚੋਂ ਸਚਾਈ ਨਿਕਲ ਜਾਵੇ ਤਾਂ ਪਿਛੇ ਖੋਖਲੀ ਰਸਮ (ਛਿਲੜ) ਹੀ ਰਹਿ ਜਾਂਦੀ ਹੈ। ਕੀਰਤਨ ਵਿਚੋਂ ਗਿਆਨ (ਸਚਾਈ) ਨਿਕਲ ਗਿਆ ਤੇ ਪੱਲੇ ਖੋਖਲੀ ਰਸਮ (ਛਿਲੜ) ਸੰਗੀਤ ਹੀ ਰਹਿ ਗਿਆ। ਸਹਾਇਕ ਹੀ ਪ੍ਰਧਾਨ ਬਣ ਬੈਠਾ। ਅਜ ਦੇ ਕੀਰਤਨ ਵਿੱਚ ਰਾਗ ਹੈ, ਸਾਜ਼ ਹੈ, ਤਾਲ ਹੈ, ਆਵਾਜ਼ ਹੈ, ਅਲਾਪ ਹੈ, ਤ੍ਰਾਨਾ ਹੈ, ਸਰਗਮ ਹੈ ਪਰ ਗਿਆਨ ਅਲੋਪ ਹੈ। ਅਜ ਕੀਰਤਨ ਕੇਵਲ ਰਸਮਾਂ ਨਿਭਾਉਣ ਲਈ ਹੀ ਰਹਿ ਗਿਆ ਹੈ। ਇਹੀ ਇੱਕ ਵਡ੍ਹਾ ਕਾਰਨ ਹੈ ਕਿ ਸਿਖ ਧਰਮ ਅਜ ਕੇਵਲ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿੱਚ ਹੀ ਉਲਝ ਕੇ ਰਹਿ ਗਿਆ ਹੈ। ਗੁਰੂ ਦੇ ਗਿਆਨ ਦਾ ਦੀਵਾ ਹਥ ਹੁੰਦਿਆਂ ਵੀ ਅਗਿਆਨਤਾ ਦੇ ਖੂਹ ਵਿੱਚ ਡਿਗੀ ਜਾ ਰਿਹਾ ਹੈ।

ਆਓ ਵੇਖੀਏ ਕਿ ਗੁਰਬਾਣੀ ਕਿਸ ਕੀਰਤਨ ਨੂੰ ਪ੍ਰਧਾਨਤਾ ਦਿੰਦੀ ਹੈ, ਨਿਰਮੋਲਕ ਹੀਰਾ ਆਖਦੀ ਹੈ ਤੇ ਉਤਮ ਪਦਵੀ ਬਖਸ਼ਦੀ ਹੈ। 1. ਹਰਿ ਕੀਰਤਿ ਉਤਮੁ ਨਾਮੁ ਹੈ ਵਿੱਚ ਕਲਜੁਗ ਕਰਣੀ ਸਾਰੁ॥ ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਹਾਰੁ॥ (ਮ: 4-1314)। ਭਾਵ: ਪਰਮਾਤਮਾ ਦੀ ਸਿਫਤ ਸਾਲਾਹ ਕਰਨੀ ਹੀ ਨਾਮ ਜਪਣਾ (ਹੁਕਮ ਨੂੰ ਜਾਨਣਾ) ਹੈ ਤੇ ਜਗਤ ਵਿੱਚ ਇਹੀ ਸ੍ਰੇਸ਼ਟ ਕੰਮ ਹੈ। ਗੁਰੂ ਦੀ ਮਤ, ਸਿਖਿਆ ਜਾਂ ਉਪਦੇਸ਼ ਤੇ ਚਲਣ ਨਾਲ ਹੀ ਇਹ ਨਾਮ (ਹੁਕਮ) ਦਾ ਅੰਦਰੂਨੀ ਹਾਰ ਪ੍ਰਾਪਤ ਹੁੰਦਾ ਹੈ। (ਸਿਫਤਿ ਸਾਲਾਹਣ ਤੇਰਾ ਹੁਕਮ ਰਜਾਈ॥ ਮ: 5-100 - ਗੁਰੂ ਦੇ ਹੁਕਮ (ਗੁਰਬਾਣੀ) ਅਨੁਸਾਰ ਚਲਣਾ ਹੀ ਪ੍ਰਭੂ ਦੀ ਸਿਫਤਿ ਸਾਲਾਹ (ਕੀਰਤਨ) ਹੈ।

2. ਹਰਿ ਕੀਰਤਿ ਸਾਧ ਸੰਗਤਿ ਹੈ ਸਿਰ ਕਰਮਨ ਕੈ ਕਰਮਾ॥ ਕਹੁ ਨਾਨਕ ਤਿਸੁ ਭਇਉ ਪਰਾਪਤਿ ਜਿਸ ਪੁਰਬ ਲਿਖੇ ਕਾ ਲਹਨਾ॥ (ਮ: 5-642) ਭਾਵ: ਸਾਧ ਦੀ ਸੰਗਤ ਦਾ ਭਾਵ ਗੁਰੂ (ਗੁਰਬਾਣੀ) ਦੀ ਸੰਗਤ ਹੈ ਇਸ ਲਈ ਗੁਰਬਾਣੀ ਤੇ ਚਲਣਾ ਹੀ ਹਰੀ ਦਾ ਕੀਰਤਨ (ਸਿਫਤ ਸਾਲਾਹ) ਸਭ ਨਾਲੋਂ ਸ੍ਰੇਸ਼ਟ ਕੰਮ ਹੈ ਪਰ ਇਹ ਪ੍ਰਾਪਤ ਉਸਨੂੰ ਹੀ ਹੁੰਦਾ ਹੈ ਜੋ ਇਸ ਤੇ ਚਲਣ ਦੀ ਕੋਸ਼ਿਸ਼ ਤੇ ਮਿਹਨਤ ਕਰਦਾ ਹੋਇਆ ਗੁਰੂ ਦੀ ਮਿਹਰ ਦਾ ਪਾਤਰ ਬਣੇਗਾ (ਪੁਰਬ ਲਿਖੇ ਕਾ ਲਹਨਾ ਦਾ ਮਤਲਬ ਪਿਛਲੇ ਲਿਖੇ ਭਾਗਾਂ ਦੀ ਪ੍ਰਾਪਤੀ ਨਹੀ ਪਰ ਇਸ ਜਨਮ ਦੇ ਕੀਤੇ ਉੱਧਮ ਜਾਂ ੳਪਰਾਲੇ ਦੀ ਪ੍ਰਾਪਤੀ ਹੈ)।

3. ਕਲਿ ਕੀਰਤਿ ਸਬਦੁ ਪਛਾਨੁ॥ ਏਹਾ ਭਗਤਿ ਚੂਕੈ ਅਭਿਮਾਨੁ॥ (ਮ: 3-424) ਭਾਵ: ਜਗਤ ਵਿੱਚ ਗੁਰੂ (ਗੁਰਬਾਣੀ) ਨਾਲ ਸਾਂਝ ਹੀ ਪਰਮਾਤਮਾ ਦੀ ਸਿਫਤਿ ਸਾਲਾਹ (ਕੀਰਤਨ) ਹੈ ਤੇ ਏਸੇ (ਭਗਤੀ) ਨਾਲ ਹੀ ਮਨ ਦਾ ਅਹੰਕਾਰ ਦੂਰ ਹੁੰਦਾ ਹੈ। ਇਹੀ ਅਸਲ ਵਿੱਚ ਪਰਮਾਤਮਾ ਦਾ ਕੀਰਤਨ, ਸਿਫਤਿ ਸਾਲਾਹ, ਵਡਿਆਈ ਜਾਂ ਸੋਭਾ, ਹੈ। ਜੋ ਗੁਰੂ ਦੀ ਸਿਖਿਆ ਤੇ ਨਹੀ ਚਲਦਾ, ਉਸਦਾ ਰਾਗਾਂ, ਸਾਜ਼ਾਂ ਤੇ ਤਾਲਾਂ ਵਿੱਚ ਗੁਰਬਾਣੀ ਨੂੰ ਗਾਇਆ (ਅਖੌਤੀ ਕੀਰਤਨ) ਗੁਰੂ ਨੂੰ ਪ੍ਰਵਾਨ ਨਹੀ ਹੋ ਸਕਦਾ। ਕੀਰਤਨ ਆਪਣੇ ਮਨ ਨੂੰ ਸਮਝਾਵਣ ਲਈ ਹੈ ਪਰ ਜੇ ਅਜੇ ਆਪਣਾ ਹੀ ਮਨ ਨਹੀ ਸਮਝਿਆ ਤਾਂ ਹੋਰਨਾ ਨੂੰ ਕੀ ਸਮਝਾਇਆ ਜਾ ਸਕਦਾ ਹੈ? ਅਜ ਕੀਰਤਨ ਇੱਕ ਰਸਮ ਤੇ ਉਪਜੀਵਕਾ ਦਾ ਸਾਧਨ ਹੀ ਬਣ ਕੇ ਰਹਿ ਗਿਆ ਹੈ ਜੋ ਗੁਰਮਤ ਵਿੱਚ ਪ੍ਰਵਾਨ ਨਹੀ:-

1. ਘੂੰਘਰ ਬਾਧਿ ਭਏ ਰਾਮਦਾਸ ਰੋਟੀਅਨ ਕੇ ਉਪਾਵਾ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖਿ ਦਿਖਾਵਾ॥ ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ॥ (ਮ: 5-1003)।

2. ਬਹੁ ਤਾਲ ਪੂਰੇ ਵਾਜੇ ਵਜਾਏ॥ ਨਾ ਕੋ ਸੁਣੇ ਨਾ ਮਨ ਵਸਾਏ॥ ਮਾਇਆ ਕਾਰਨ ਪਿੜ ਬੰਧਿ ਨਾਚੈ ਦੂਜੈ ਭਾਇ ਦੁਖ ਪਾਵਣਿਆ॥ (ਮ; 3-121)

3. ਗਾਵਹਿ ਗੀਤੇ ਚੀਤ ਅਨੀਤੇ॥ ਰਾਗ ਸੁਣਾਇ ਕਹਾਵਹਿ ਬੀਤੇ॥ ਬਿਨ ਨਾਵੈ ਮਨ ਝੁਠਿ ਅਨੀਤੇ॥ (ਮ: 1-414)

ਅਗਰ ਅੰਦਰੋਂ ਮਨ “ਹਰਿ ਹਰਿ” ਨਹੀ ਗਾ ਰਿਹਾ, ਉਸਨੂੰ “ਮਨ ਨਹੀ ਵਸਾਇਆ” ਉਸ ਨਾਲ “ਸਾਂਝ ਨਹੀ ਪਾਈ” ਤਾਂ ਬਾਹਰੋਂ ਗੁਰਬਾਣੀ ਨੂੰ ਰਾਗਾਂ, ਸਾਜ਼ਾਂ ਤੇ ਤਾਲਾਂ ਵਿੱਚ ਇਕੱਲਾ ਗਾਵਿਆ ਸਭ ਨਿਸਫਲ ਹੈ, ਕਿਉਂਕਿ ਕੀਰਤਨ ਦੀ ਕਸਵੱਟੀ “ਹਰੀ” ਨਾਲ ਸਾਂਝ ਪਾਉਣ (ਗੁਰਬਾਣੀ ਤੇ ਚਲਣ) ਦੀ ਹੈ। ਗੁਰਬਾਣੀ ਫੁਰਮਾਨ ਹੈ:-

1. ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ (ਮ: 4-669)। ਗੁਰਬਾਣੀ ਹੀ ਸਤਿਗੁਰ ਦੀ ਆਗਿਆ (ਹੁਕਮ) ਹੈ ਤੇ ਜੋ ਗੁਰਬਾਣੀ ਤੇ ਨਹੀ ਚਲਦਾ ਉਸਦਾ ਗਾਵਿਆ ਤੇ ਸੁਣਿਆ “ਥਾਇ” ਨਹੀ ਪੈ ਸਕਦਾ।

2. ਜਿਸਨੋ ਪਰਤੀਤ ਹੋਵੈ, ਤਿਸ ਕਾ ਗਾਵਿਆ ਥਾਇ ਪਵੈ, ਸੋ ਪਾਵੈ ਦਰਗਹਿ ਮਾਨ॥ ਜੋ ਬਿਨ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ, ਉਨ ਕਾ ਉਤਰ ਜਾਇਗਾ ਝੁਠਿ ਗੁਮਾਨ॥ (ਮ: 4-734)। ਜਿਸਨੂੰ ਗੁਰੂ (ਗੁਰਬਾਣੀ) ਤੇ ਪਰਤੀਤ (ਵਿਸ਼ਵਾਸ਼) ਹੋਵੇਗੀ, ਉਹ ਫਿਰ ਗੁਰਬਾਣੀ ਤੇ ਚਲੇਗਾ ਅਤੇ ਉਸਦਾ ਹੀ ਗਾਵਿਆ “ਥਾਇ” ਪਵੇਗਾ ਪਰ ਜੋ ਐਵੇਂ ਅਖਾਂ ਮੀਟ ਕੇ ਗਾਉਣ ਦਾ ਪਖੰਡ ਕਰਦੇ ਹਨ (ਤੇ ਗੁਰਬਾਣੀ ਤੇ ਨਹੀ ਚਲਦੇ) ਉਹਨਾ ਦਾ (ਅਖੌਤੀ ਕੀਰਤਨ ਦਾ) ਝੂਠਾ ਗੁਮਾਨ ਉਹਨਾ ਨੂੰ ਲੈ ਡੁਬੇਗਾ।

ਅਗਰ ਗੁਰਬਾਣੀ ਨੂੰ ਰਾਗਾਂ, ਸਾਜ਼ਾਂ ਤੇ ਤਾਲਾਂ ਵਿੱਚ ਗਉਣਾ ਕੀਰਤਨ ਹੈ, ਤਾਂ ਇਹ ਕਰਮ ਕਾਂਡ ਗੁਰਮਤਿ ਅਨੁਸਾਰ ਹਰ ਰੋਜ਼ ਤੇ ਰਾਤ ਦਿਨ ਗਉਣਾ ਕਠਨ ਹੀ ਨਹੀ ਬਲਿਕੇ ਅਸੰਭਵ ਵੀ ਹੈ ਇਸ ਲਈ ਗੁਰਬਾਣੀ ਨੂੰ ਰਾਗ, ਸਾਜ਼ ਤੇ ਤਾਲ ਵਿੱਚ ਗਉਣਾ ਕੀਰਤਨ ਨਹੀ ਪਰ ਗੁਰਬਾਣੀ ਤੇ ਚਲਣਾ (ਜੋ ਕੋਈ ਕਰਮ ਕਾਂਡ ਨਹੀ ਤੇ ਅਨਦਿਨ ਹੋਣਾ ਵੀ ਸੰਭਵ ਹੈ) ਹੀ ਕੀਰਤਨ ਹੈ। ਗੁਰਬਾਣੀ ਦਾ ਆਦੇਸ਼ ਹੈ:- (1) ਅਨਦਿਨ ਕੀਰਤਨ ਕਰਹਿ ਦਿਨ ਰਾਤਿ॥ ਸਤਿਗੁਰ ਗਵਾਈ ਵਿਚਹੁ ਜੂਠਿ ਭਰਾਂਤਿ॥ (ਮ: 3-1173) ਭਾਵ: ਜੋ ਮਨੁਖ ਹਰ ਰੋਜ਼ ਤੇ ਦਿਨ ਰਾਤ ਪ੍ਰਭੂ ਦੀ ਸਿਫਤ ਸਾਲਾਹ (ਕੀਰਤਨ) ਕਰਦੇ ਹਨ, (ਉਹਦੀ ਸਿਖਿਆ ਤੇ ਚਲਦੇ ਹਨ) ਗੁਰੂ ਉਹਨਾ ਦੇ ਦਿਲ ਵਿਚੋਂ ਮੋਹ ਮਾਇਆ ਦੀ ਭਟਕਣਾ ਦੂਰ ਕਰਿ ਦਿੰਦਾ ਹੈ। ਕੋਈ ਵੀ ਕੀਰਤਨੀਆ ਹਰ ਰੋਜ਼ ਤੇ ਰਾਤ ਦਿਨ ਕੀਰਤਨ ਨਹੀ ਕਰ ਸਕਦਾ ਇਸ ਲਈ ਸਪਸ਼ਟ ਹੈ ਕਿ ਕੀਰਤਨ ਕੋਈ ਕਰਮ ਕਾਂਡ ਨਹੀ ਹੋ ਸਕਦਾ। ਮਹੱਦਤਾ ਗਉਣ ਦੀ ਨਹੀ, ਪਰ ਅੰਦਰੋਂ ਮੋਹ ਮਾਇਆ ਦੀ ਜੂਠ ਕਢਣ ਦੀ ਹੈ ਜੋ ਗੁਰ ਗਿਆਨ (ਗੁਰਬਾਣੀ) ਤੇ ਚਲਿਆਂ ਹੀ ਦੂਰ ਹੋਵੇਗੀ। ਗੁਰੂ ਦੇ ਗਿਆਨ ਨੂੰ ਹਰ ਰੋਜ਼ ਤੇ ਰਾਤ ਦਿਨ ਹਿਰਦੇ ਅੰਦਰ ਦ੍ਰਿੜ ਕਰਨਾ ਹੀ ਹਰੀ ਦਾ ਕੀਰਤਨ ਹੈ। ਜੇ ਮੋਹ ਮਾਇਆ ਦੀ ਜੂਠ ਅੰਦਰੋਂ ਨਹੀ ਗਈ ਤਾਂ ਕੀਰਤਨ ਨਹੀ ਹੋਇਆ ਕਿਉਂਕਿ ਇਹੀ ਕੀਰਤਨ ਦੀ ਕਸਵੱਟੀ ਹੈ। (2) ਆਠ ਪਹਿਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤਿ॥ (ਮ: 5-820)। ਜੇ ਗਉਣਾ ਕੀਰਤਨ ਹੈ ਤਾਂ ਇਹ ਅੱਠੇ ਪਹਿਰ ਨਹੀ ਹੋ ਸਕਦਾ। ਸਾਜ਼ਾਂ ਨਾਲ ਗਉਣ ਦੀ ਮਹਾਨਤਾ ਨਹੀ ਬਲਿਕੇ (ਗੁਰਬਾਣੀ ਦੁਆਰਾ) ਕਾਮ ਕ੍ਰੋਧ ਨੂੰ ਅੰਦਰੋਂ ਕੱਢਣ ਦੀ ਮਹਾਨਤਾ ਹੈ। ਇਸ ਲਈ ਗੁਰਬਾਣੀ ਨੂੰ ਗਉਣਾ ਕੀਰਤਨ ਨਹੀ ਬਲਿਕੇ ਉਸਤੇ ਚਲਕੇ ਵਿਕਾਰਾਂ ਨੂੰ ਅੰਦਰੋਂ ਕੱਢਣਾ ਕੀਰਤਨ ਹੈ। (3) ਆਠ ਪਹਿਰ ਗਾਈਐ ਗੋਬਿੰਦ॥ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ॥ (ਮ: 5-866)। ਅੱਠੇ ਪਹਿਰ ਗਾਇਆ ਤਾਂ ਨਹੀ ਜਾ ਸਕਦਾ ਪਰ ਅੱਠੇ ਪਹਿਰ, ਹਰ ਰੋਜ਼ ਤੇ ਰਾਤ ਦਿਨ ਗੁਰਬਾਣੀ ਨੂੰ ਮਨ ਵਸਾ ਕੇ ਉਸਤੇ ਚਲਿਆ ਜ਼ਰੂਰ ਜਾ ਸਕਦਾ ਹੈ ਕਿਉਂਕਿ ਇਹ ਕੋਈ ਕਰਮ ਕਾਂਡ ਨਹੀ ਹੈ। ਕੀਰਤਨ (ਪ੍ਰਭੂ ਦੀ ਸਿਫਤਿ ਸਾਲਾਹ) ਇੱਕ ਨਿਜੀ ਮਾਮਲਾ ਹੈ ਜੋ ਰੱਬੀ ਗੁਣਾਂ ਦੁਆਰਾ ਮਨ ਨੂੰ ਸੋਧਕੇ ਪਰਮਾਤਮਾ ਨਾਲ ਸਾਂਝ ਪਉਣਾ ਹੈ। ਮਹੱਦਤਾ ਗੁਰਬਾਣੀ ਨੂੰ ਸੰਗੀਤ ਦੁਆਰਾ ਗਉਣ ਜਾਂ ਬੋਲਣ ਦੀ ਨਹੀ, ਮਹੱਦਤਾ ਗੁਰਬਾਣੀ ਨੂੰ ਮਨ ਵਸਾ ਕੇ ਉਸ ਤੇ ਚਲਣ ਦੀ ਹੈ। ਗੁਰਬਾਣੀ ਇਸ ਗਲ ਨੂੰ ਸਿਧ ਕਰਦੀ ਹੈ:- ਵਾਜਾ ਮਤਿ ਪਖਾਵਜੁ ਭਾਉ॥ ਹੋਇ ਅਨੰਦੁ ਸਦਾ ਮਨਿ ਚਾਉ॥ ਏਹਾ ਭਗਤਿ ਏਹੋ ਤਪ ਤਾਉ॥ ਇਤਿ ਰੰਗ ਨਾਚਹੁ ਰਖਿ ਰਖਿ ਪਾਉ॥ ਪੂਰੈ ਤਾਲ ਜਾਣੈ ਸਾਲਾਹ॥ ਹੋਰੁ ਨਚਣਾ ਖੁਸੀਆ ਮਨ ਮਾਹ॥ (ਮ: 1-350) ਭਾਵ:- ਜਿਸ ਮਨੁਖ ਨੇ ਸ੍ਰੇਸ਼ਟ ਬੁਧ ਨੂੰ ਵਾਜਾ ਤੇ ਪ੍ਰਭੂ ਪਿਆਰ ਨੂੰ ਜੋੜੀ ਬਨਾਇਆ ਹੈ, ਉਸਦੇ ਅੰਦਰ ਸਦਾ ਅਨੰਦ ਬਣਿਆ ਰਹਿੰਦਾ ਹੈ। ਇਹੀ ਅਸਲੀ ਭਗਤੀ, ਮਹਾਨ ਤਪ ਤੇ ਸੱਚਾ ਨਾਚ ਹੈ। ਜੋ ਮਨੁਖ ਪਰਮਾਤਮਾ ਦੀ ਸਿਫਤ ਸਾਲਾਹ ਕਰਨੀ ਜਾਣਦਾ ਹੈ (ਗੁਰਬਾਣੀ ਤੇ ਚਲਦਾ ਹੈ) ਉਹ ਪੂਰੀ ਤਾਲ ਵਿੱਚ ਹੈ ਤੇ ਬਾਕੀ ਹੋਰ ਨਚਣਾ ਕੇਵਲ ਮਨ ਦਾ ਚਾਉ ਹੀ ਹੈ। ਸਪਸ਼ਟ ਹੈ ਕਿ ਸੰਗੀਤ ਮਹਾਨ ਨਹੀ ਬਲਿਕੇ ਸਬਦ (ਗੁਰਬਾਣੀ) ਤੇ ਚਲਣਾ ਹੀ ਮਹਾਨ ਹੈ। ਗੁਰ ਫੁਰਮਾਨ ਹੈ:- ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ॥ ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ॥ ਕਉਣੁ ਸੁ ਚਾਲ ਜਿਤੁ ਪਾਰਬ੍ਰਹਮ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ॥ (131) ਭਾਵ: 1) ਉਹ ਕਿਹੜਾ ਸਬਦ ਹੈ ਜਿਸਦੇ ਰਾਹੀ ਵਿਕਾਰਾਂ (ਮੋਹ ਮਾਇਆ) ਵਲ ਦੌੜਦਾ ਮਨ ਟਿਕ ਜਾਵੇ, ਅਡੋਲ ਹੋ ਜਾਵੇ? 2) ਉਹ ਕਿਹੜਾ ਉਪਦੇਸ਼ ਹੈ ਜਿਸ ਤੇ ਚਲ ਕੇ ਮਨੁੱਖ ਦੁਖ ਸੁਖ ਨੂੰ ਇਕੋ ਤਰਾਂ ਸਹਾਰ ਸਕਦਾ ਹੈ? 3) ਉਹ ਕਿਹੜੀ ਜੀਵਨ ਜਾਚ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ? 4) ਕਿਸ ਤਰਾਂ ਪਰਮਾਤਮਾ ਦਾ ਕੀਰਤਨ ਗਾਇਆ ਜਾਵੇ? ਜਵਾਬ ਬੜਾ ਹੀ ਸਪਸ਼ਟ ਹੈ। ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ॥ ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ॥ ਗੁਰਮੁਖਿ ਚਾਲ ਜਿਤੁ ਪਾਰਬ੍ਰਹਮ ਧਿਆਏ ਗੁਰਮੁਖਿ ਕੀਰਤਨ ਗਾਏ ਜੀਉ॥ ਭਾਵ: ਗੁਰੂ ਦੀ ਸਿਖਿਆ ਤੇ ਤੁਰਨ ਵਾਲਾ ਮਨੁੱਖ ਮੋਹ ਮਾਇਆ ਦੇ ਬੰਧਨਾ ਤੋਂ ਮੁਕਤ ਹੋ ਜਾਂਦਾ ਹੈ ਤੇ ਉਸਦਾ ਮਨ ਅਡੋਲ ਹੋ ਜਾਂਦਾ ਹੈ। ਗੁਰਸਿਖਿਆ ਤੇ ਚਲਣ ਵਾਲਾ ਹੀ ਦੁਖ ਸੁਖ ਨੂੰ ਇਕੋ ਜਿਹਾ ਸਹਾਰ ਸਕਦਾ ਹੈ। ਗੁਰਸਿਖਿਆ ਤੇ ਚਲਣ ਵਾਲਾ ਹੀ ਪਰਮਾਤਮਾ ਨੂੰ ਸਿਮਰ ਰਿਹਾ ਹੈ ਤੇ ਉਹੀ ਪਰਮਾਤਮਾ ਦਾ ਕੀਰਤਨ ਗਾ ਰਿਹਾ ਹੈ। ਜੇ ਕੋ ਅਪਨੇ ਠਾਕੁਰ ਭਾਵੈ॥ ਕੋਟਿ ਮਧਿ ਏਹੁ ਕੀਰਤਨੁ ਗਾਵੈ॥ (ਮ: 5-885)। (ਪਰਮਾਤਮਾ ਨੂੰ ਤਾਂ ਸਾਰੇ ਉਸਦੇ ਬਣਾਏ ਜੀਵ ਜੰਤ ਪਿਆਰੇ ਹਨ) ਭਾਵ: ਕ੍ਰੋੜਾਂ ਵਿਚੋਂ ਜੋ ਮਨੁਖ ਉਸਦੀ ਰਜ਼ਾ ਵਿੱਚ ਚਲਦਾ ਹੈ ਉਹੀ ਅਸਲ ਵਿੱਚ ਉਸਦਾ ਕੀਰਤਨ (ਸਿਫਤਿ ਸਾਲਾਹ) ਗਾ ਰਿਹਾ ਹੈ। ਗੁਰੂ (ਗੁਰਬਾਣੀ) ਅਨੁਸਾਰ ਕ੍ਰੋੜਾਂ ਵਿਚੋਂ ਕੋਈ ਇੱਕ ਕੀਰਤਨ ਕਰਦਾ ਹੈ ਤੇ ਕਸਵੱਟੀ (ਗੁਬਾਣੀ ਦੁਆਰਾ) ਪਰਮਾਤਮਾ ਨਾਲ ਸਾਂਝ ਦੀ ਹੈ। ਜਿਸਦੀ ਗੁਰਬਾਣੀ ਦੁਆਰਾ ਪ੍ਰਭੂ (ਗੁਰੂ) ਨਾਲ ਸਾਂਝ ਨਹੀ ਪਈ ਉਸਦਾ ਗੁਰਬਾਣੀ ਨੂੰ ਰਾਗਾਂ, ਸਾਜ਼ਾਂ ਤੇ ਤਾਲਾਂ ਵਿੱਚ ਕੇਵਲ ਗਉਣਾ ਹੀ ਕੀਰਤਨ ਨਹੀ ਹੋ ਸਕਦਾ ਕਿਉਂਕਿ ਗੁਰਬਾਣੀ ਅਨੁਸਾਰ ਹੀ ਕੀਰਤਨ ਕੋਈ ਕਰਮ ਕਾਂਡ ਨਹੀ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.