.

“ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਭਾਗ ਪਹਿਲਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ੳ) ਗੁਰਬਾਣੀ ਅਨੁਸਾਰ ‘ਗੁਰੂ’ ਕੌਣ ਹੈ ਤੇ ਇਸ ਗੁਰੂ ਪਦ ਦੇ ਅਰਥ ਅਤੇ ਇਲਾਹੀ ਸੀਮਾ ਕੀ ਹੈ?

(ਅ) ਗੁਰਬਾਣੀ ਆਧਾਰਤ ‘ਗੁਰੂ’ ਤੇ ਮਨੁੱਖਾ ਸਰੀਰ ਦਾ ਆਪਸੀ ਸਬੰਧ ਕੀ ਹੈ?

(ੲ) ਗੁਰਬਾਣੀ ਆਧਾਰਤ ‘ਗੁਰੂ’ ਦਾ ਸੰਸਾਰ `ਚ ਪ੍ਰਗਟਾਵਾ ਕਿਵੇਂ ਹੋਣਾ ਹੈ?

ਚੇਤੇ ਰਖਣਾ ਹੈ ਕਿ ਗੁਰਬਾਣੀ `ਚ ਪੁਰਾਤਨ ਕਾਲ ਤੋਂ ਗੁਰੂ ਪਦ ਦੇ ਜੋ ਵੀ ਚਲਦੇ ਆ ਰਹੇ ਹਨ, ਉਨ੍ਹਾਂ ਅਰਥਾਂ ਨੂੰ ਗੁਰੂ ਪਾਤਸ਼ਾਹ ਨੇ “ਗੁਰੂ ਦਰ ਦੇ ਸਿੱਖ ਤੇ ਗੁਰੂ ਵਾਲੇ ਰਿਸ਼ਤੇ ਲਈ” ਉੱਕਾ ਹੀ ਪ੍ਰਵਾਣ ਨਹੀਂ ਕੀਤਾ”। ਫ਼ਿਰ ਵੀ “ਗੁਰੂ ਦਰ ਦੇ ਸਿੱਖ ਤੇ ਗੁਰੂ ਵਾਲੇ ਰਿਸ਼ਤੇ ਲਈ” ਜਿਸ ਗੁਰੂ ਦੀ ਗੱਲ ਗੁਰਬਾਣੀ `ਚ ਆਦਿ ਤੋਂ ਅੰਤ ਤੱਕ ਕੀਤੀ ਗਈ ਹੈ ਉਸ ਦੇ ਵੀ ਤਿੰਨ ਮੁੱਖ ਪੱਖ ਹਨ ਜੋ ਇਸ ਤਰ੍ਹਾਂ ਹਨ:-

(i)ਜਿਸ ਗੁਰੂ ਦੇ ਚਰਨੀਂ ਲਗਣ ਲਈ ਸਿੱਖ ਨੂੰ ਤਾਕੀਦ ਕੀਤੀ ਗਈ ਹੈ। ਜਿਸ ਗੁਰੂ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਮਨੁਖਾ ਜੀਵਨ ਦੀ ਸਫ਼ਲਤਾ ਲਈ, ਇਕੋ ਇੱਕ ਸਾਧਨ ਤੇ ਰਾਹ ਦੱਸਿਆ ਹੈ। ਜਿਸ ਗੁਰੂ ਦੇ ਆਦੇਸ਼ਾਂ `ਤੇ ਚਲਣ ਲਈ ਗੁਰਬਾਣੀ `ਚ ਸਿੱਖ ਨੂੰ “ਅਦਿ ਤੋਂ ਅੰਤ” ਤੱਕ ਤਾਕੀਦ ਕੀਤੀ ਹੈ। ਉਹ ਗੁਰੂ, ਜਿਸ ਗੁਰੂ ਲਈ ਗੁਰਦੇਵ ਦਾ ਫ਼ੁਰਮਾਣ ਹੈ “ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ” (ਪੰ: ੧੦੪੦)। ਉਪ੍ਰੰਤ ਜਿਸ ਗੁਰੂ ਲਈ ਫ਼ੁਰਮਾਇਆ ਹੈ “ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ" (ਪੰ: ੧੩੯੯) ਇਥੋਂ ਤੱਕ ਕਿ ਗੁਰੂ ਵਿਹੂਣੇ ਜੀਵਨ ਲਈ ਗੁਰਦੇਵ ਦਾ ਫ਼ੈਸਲਾ ਹੈ “ਗੁਰ ਪੂਰੇ ਵਿਣੁ ਮੁਕਤਿ ਨ ਹੋਈ” (ਪੰ: ੧੦੩੨) ਅਤੇ ਬੇਅੰਤ ਅਜਿਹੇ ਫ਼ੁਰਮਾਨ। ਇਸੇ ਤਰ੍ਹਾਂ ਉਸੇ ‘ਗੁਰੂ’ ਪਦ ਨੂੰ ਗੁਰਬਾਣੀ `ਚ ਹੀ

() ਅਨੇਕਾਂ ਵਾਰੀ ਅਕਾਲਪੁਰਖ ਲਈ ਵੀ ਵਰਤਿਆ ਗਿਆ ਹੈ। ਉਪ੍ਰੰਤ

(i) ਗੁਰਬਾਣੀ `ਚ ਬੇਅੰਤ ਅਜਿਹੇ ਸ਼ਬਦ ਵੀ ਹਨ ਜਿੱਥੇ ਉਸੇ ‘ਗੁਰੂ’ ਅੰਦਰ, ਜਿਸ ਗੁਰੂ ਰਸਤੇ ਸਿੱਖ ਦੇ ਜੀਵਨ ਦੀ ਸੰਭਾਲ ਹੋਣੀ ਹੈ, ਅਕਾਲਪੁਰਖ ਦੇ ਸਮਸਤ ਗੁਣਾਂ ਨੂੰ ਵੀ ਉਸ ਗੁਰੂ ਦੇ ਗੁਣ ਵੀ ਬਿਆਨਿਆ ਹੈ। ਜਦਕਿ ਗੁਰਬਾਣੀ ਦੇ ਉਨ੍ਹਾਂ ਸ਼ਬਦਾਂ `ਚੋਂ ਹੀ ਇਥੇ ਅਸੀਂ ਕੇਵਲ ਮਿਸਾਲ ਵਜੋਂ ਪੰਨਾਂ ੪੯-੫੦, ਰਾਗ, ਸਿਰੀਰਾਗੁ ਅਤੇ ‘ਮਹਲਾ ੫’ ਦਾ ਇੱਕ ਸ਼ਬਦ ਲੈ ਰਹੇ ਹਾਂ ਜੋ ਇਸ ਪ੍ਰਕਾਰ ਹੈ:-

“ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ॥ ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ॥ ੧॥ ਰਹਾਉ॥ ਸਗਲ ਪਦਾਰਥ ਤਿਸੁ ਮਿਲੇ, ਜਿਨਿ ਗੁਰੁ ਡਿਠਾ ਜਾਇ॥ ਗੁਰ ਚਰਣੀ ਜਿਨ ਮਨੁ ਲਗਾ, ਸੇ ਵਡਭਾਗੀ ਮਾਇ॥ ਗੁਰੁ ਦਾਤਾ, ਸਮਰਥੁ ਗੁਰੁ, ਗੁਰੁ ਸਭ ਮਹਿ ਰਹਿਆ ਸਮਾਇ॥ ਗੁਰੁ ਪਰਮੇਸਰੁ ਪਾਰਬ੍ਰਹਮੁ, ਗੁਰੁ ਡੁਬਦਾ ਲਏ ਤਰਾਇ॥ ੨॥ ਕਿਤੁ ਮੁਖਿ ਗੁਰੁ ਸਾਲਾਹੀਐ, ਕਰਣ ਕਾਰਣ ਸਮਰਥੁ॥ ਸੇ ਮਥੇ ਨਿਹਚਲ ਰਹੇ, ਜਿਨ ਗੁਰਿ ਧਾਰਿਆ ਹਥੁ॥ ਗੁਰਿ ਅੰਮ੍ਰਿਤ ਨਾਮੁ ਪੀਆਲਿਆ, ਜਨਮ ਮਰਨ ਕਾ ਪਥੁ॥ ਗੁਰੁ ਪਰਮੇਸਰੁ ਸੇਵਿਆ, ਭੈ ਭੰਜਨੁ ਦੁਖ ਲਥੁ॥ ੩॥ ੨੦॥ ੯੦॥”

ਇਸ ਤੋਂ ਬਾਅਦ, ਦੇਖਣਾ ਇਹ ਹੈ ਕਿ ਭੱਟਾਂ ਦੇ ਸਵਯਾਂ `ਚ ਤਿੰਨ ਪੰਕਤੀਆਂ ਅਜਿਹੀਆਂ ਹਨ ਜਿੱਥੇ ਸਾਡੇ ਕੁੱਝ ਵਿਦਵਾਨ ਥਿੜਕ ਰਹੇ ਹਨ। ਬਲਕਿ ਕੁੱਝ ਸੱਜਨ ਤਾਂ ਇਸ ਹੱਦ ਤੱਕ ਚਲੇ ਜਾਂਦੇ ਹਨ ਕਿ ਉਨ੍ਹਾਂ ਅਨੁਸਾਰ ਭਟਾਂ ਦੇ ਸਵਯੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਥਵਾ ਗੁਰਬਾਣੀ ਦਾ ਹਿੱਸਾ ਹੀ ਨਹੀਂ ਹਨ।

ਜਦਕਿ ਅਜਿਹਾ ਸੋਚਣਾ ਹੀ ਗ਼ਲ਼ਤ ਹੈ ਤੇ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ। ੴ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਇੱਕ ਵੀ ਪੰਕਤੀ ਅਜਿਹੀ ਨਹੀਂ ਜਿਸ `ਤੇ ਕਿੰਤੂ ਕੀਤਾ ਜਾ ਸਕੇ। ਇਸ ਤਰ੍ਹਾਂ ਉਹ ਤਿੰਨ ਵਿਸ਼ੇ ਅਧੀਨ ਸਬੰਧਤ ਪੰਕਤੀਆਂ ਹਨ, ਜਿਨ੍ਹਾਂ `ਤੇ ਬਹੁਤਾ ਕਰ ਕੇ ਅਜਿਹੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ।

(੧) “ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਪੰ: ੧੪੦੭)

(੨) “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯)

(੩) “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ”

(ਪੰ: ੧੩੯੫)

ਇਥੇ ਦੌਰਾਹ ਦਿੰਦੇ ਹਾਂ ਕਿ ਇਨ੍ਹਾਂ ਪੰਕਤੀਆਂ `ਚ ਅਜਿਹਾ ਕੁੱਝ ਵੀ ਨਹੀਂ ਜਿਥੋਂ ਥਿੜਕਿਆ ਜਾਵੇ ਜਾਂ ਕਿੰਤੂ ਪ੍ਰੰਤੂ ਤੇ ਸ਼ੰਕੇ ਪ੍ਰਗਟ ਕੀਤੇ ਜਾਣ। ਬਲਕਿ ਲੋੜ ਹੈ ਤਾਂ ਇਸ ਪੱਖੋਂ ਗੁਰਮੱਤ ਸਿਧਾਂਤਾਂ ਨੂੰ ਗਹਿਰਾਈ ਤੋਂ ਵਿਚਾਰਣ ਤੇ ਸਮਝਣ ਦੀ।

ਇਸ ਲਈ ਸਚਾਈ ਤੱਕ ਪਹੁੰਚਣ ਲਈ ਪਹਿਲਾਂ ਸਾਨੂੰ ਕੁੱਝ ਵਿਸ਼ੇਸ਼ ਪੱਖਾਂ `ਤੇ ਗੁਰਮੱਤ ਅਨੁਸਾਰ ਸਪਸ਼ਟ ਹੋਣ ਦੀ ਲੋੜ ਹੈ। ਉਹ ਪੱਖ ਹਨ (ੳ) ਗੁਰਬਾਣੀ ਅਨੁਸਾਰ ‘ਗੁਰੂ’ ਕੌਣ ਹੈ ਤੇ ਗੁਰਬਾਣੀ ਆਧਾਰਿਤ ਗੁਰੂ ਪਦ ਦੇ ਅਰਥਾਂ ਦੀ ਉਪਰਲੀ ਤੇ ਇਲਾਹੀ ਸੀਮਾ ਕੀ ਹੈ? (ਅ) ਗੁਰਬਾਣੀ ਆਧਾਰਤ ‘ਗੁਰੂ’ ਤੇ ਮਨੁੱਖਾ ਸਰੀਰ ਦੇ ਆਪਸੀ ਸਬੰਧ ਕੀ ਹਨ? (ੲ) ਗੁਰਬਾਣੀ ਆਧਾਰਤ ‘ਗੁਰੂ’ ਦਾ ਪ੍ਰਗਟਾਵਾ ਸੰਸਾਰ ਪੱਧਰ `ਤੇ ਕਿਵੇਂ ਹੋਣਾ ਹੈ?

ਫ਼ਿਰ ਗੁਰਬਾਣੀ ਆਧਾਰ `ਤੇ ਇਹ ਵੀ ਦੇਖਣਾ ਤੇ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ “ਜੋਤਿ ਰੂਪਿ ਹਰਿ ਆਪਿ” ਭਾਵ ‘ਜੋਤ’ ਦੇ ਅਰਥ ਕੀ ਹਣ? ਇਸੇ ਤਰ੍ਹਾਂ ਗੁਰਬਾਣੀ ਅਨੁਸਾਰ ‘ਕਲਾ ਧਾਰਿ’ ਭਾਵ ‘ਕਲਾ’ ਦੇ ਅਰਥ ਕੀ ਹਣ? ਅਤੇ ਪਰਤਖ੍ਯ੍ਯ ਹਰਿ ਦੇ ਅਰਥ ਭਾਵ ਤੇ ਇਸ ਦਾ ਮਤਲਬ ਕੀ ਹੈ।

ਉਪ੍ਰੰਤ ਇਨ੍ਹਾਂ ਗੱਲਾਂ ਭਾਵ ਜੋਤ ਤੇ ਕਲਾ ਆਦਿ ਗੁਰਬਾਣੀ ਦੀ ਸ਼ਬਦਾਵਲੀ ਨਾਲ ਗੁਰੂ ਹਸਤੀਆਂ ਦਾ ਕਿਤਨਾ ਕੁ ਸਬੰਧ ਹੈ। ਸਾਧਾਰਣ ਮਨੁੱਖ ਲਈ ਗੁਰਬਾਣੀ ਅਨੁਸਾਰ ‘ਕਲਾ’ ਤੇ ‘ਜੋਤ’ ਆਦਿ ਸ਼ਬਦਾਵਲੀ ਕਿਸ ਅਰਥ `ਚ ਆਏ ਹਨ। ਇਸ ਦੇ ਨਾਲ ਹੀ ‘ਕਲਾ’ ਤੇ ‘ਜੋਤ’ ਦੇ ਪੱਖੋਂ ਗੁਰੂ ਹਸਤੀਆਂ ਤੇ ਸਾਧਾਰਣ ਮਨੁੱਖ ਦੇ ਜੀਵਨ `ਚ ਫ਼ਰਕ ਕਿੱਥੇ ਹੈ? ਫ਼ਿਰ ਜੇ ਇਹ ਫ਼ਰਕ ਹੈ ਵੀ ਤਾਂ ਉਹ ਕਿਉਂ ਤੇ ਕਿਸ ਸੀਮਾ ਤੱਕ ਹੈ? ਇਸ ਤਰ੍ਹਾਂ ਬਿਨਾ ਕਾਰਨ ਗੁੰਝਲਦਾਰ ਬਣ ਚੁੱਕਾ ਇਹ ਸਾਰਾ ਵਿਸ਼ਾ ਆਪਣੇ ਆਪ ਸਪਸ਼ਟ ਹੋ ਜਾਵੇਗਾ। ਇਹੀ ਨਹੀਂ ਬਲਕਿ ਇਸ ਬਾਰੇ ਕੋਈ ਭਰਮ-ਭੁਲੇਖਾ ਜਾਂ ਸ਼ੰਕਾ ਵੀ ਨਹੀਂ ਰਹਿ ਜਾਵੇਗਾ। ਇਸ ਲਈ ਇਨ੍ਹਾਂ ਪੱਖਾਂ ਨੂੰ ਅਸੀਂ ਇਥੇ ਨੰਬਰਵਾਰ ਪਰ ਅਤੀ ਸੰਖੇਪ `ਚ ਕੇਵਲ ਸਚਾਈ ਨੂੰ ਸਮਝਣ ਦੀ ਭਾਵਨਾ ਤੇ ਸੀਮਾ ਤੱਕ ਨਾਲ ਹੀ ਲੈਣਾ ਚਾਹਾਂਗੇ, ਤਾਂ ਤੇ:-

(ੳ) ਗੁਰਬਾਣੀ ਅਨੁਸਾਰ ‘ਗੁਰੂ’ ਕੌਣ ਹੈ ਤੇ ਉਸ ਗੁਰੂ ਦੇ ਅਰਥ ਤੇ ਉਸ ਦੀ ਇਲਾਹੀ ਸੀਮਾ ਕੀ ਹੈ? - ਅਕੱਟ ਸਚਾਈ ਹੈ ਕਿ ਗੁਰਬਾਣੀ ਅਨੁਸਾਰ ‘ਗੁਰੂ’, ਮਨੁੱਖਾ ਜੀਵਨ ਲਈ ਕੇਵਲ ਤੇ ਕੇਵਲ ਪ੍ਰਭੂ ਵੱਲੋਂ ਬਖ਼ਸ਼ਿਆ “ਆਤਮਕ ਗਿਆਨ ਤੇ ਜੀਵਨ ਦੀ ਸੋਝੀ ਹੈ”। ਅਜਿਹੀ ਮਾਨਸਿਕ ਸੋਝੀ ਜਿਸ ਦੀ ਪ੍ਰਾਪਤੀ ਬਿਨਾ, ਮਨੁੱਖਾ ਜਨਮ ਸਫ਼ਲ ਹੀ ਨਹੀਂ ਹੋ ਸਕਦਾ। ਜੀਵਨ ਸਫ਼ਲ ਕਰਣ ਦਾ ਮਤਲਬ ਹੈ ਜੀਉਂਦੇ ਜੀਅ ਮਨੁੱਖ ਰਾਹੀਂ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਣਾ, ਪ੍ਰਭੂ `ਚ ਸਮਾ ਜਾਣਾ, ਪ੍ਰਭੂ ਨਾਲ ਇੱਕ ਮਿਕ ਹੋ ਜਾਣਾ। ਗੁਰਬਾਣੀ `ਚ ਜੀਵਨ ਦੀ ਇਸੇ ਸਫ਼ਲਤਾ ਤੇ ਸਰਬਉੱਤਮ ਅਵਸਥਾ ਲਈ ਹੀ ਜੀਵਨਮੁੱਕਤ, ਸਚਿਆਰਾ, ਵਡਭਾਗੀ, ਗੁਰਮੁਖ ਆਦਿ ਸ਼ਬਦਾਵਲੀ ਵੀ ਆਈ ਹੈ।

ਕਿਉਂਕਿ ਗੁਰਬਾਣੀ ਅਨੁਸਾਰ ਜੀਵ ਅਕਾਲਪੁਰਖ ਦਾ ਹੀ ਅੰਸ਼ ਹੈ। ਇਸ ਲਈ, ਮਨੁੱਖ ਰਾਹੀਂ ਜੀਵਨ ਦੀ ਹਉਮੈ ਰਹਿਤ ਅਵਸਥਾ ਨੂੰ ਪ੍ਰਾਪਤ ਕਰਕੇ, ਮੁੜ ਉਸੇ ਪ੍ਰਭੂ `ਚ ਸਮਾ ਜਾਣਾ ਹੁੰਦਾ ਹੈ। ਪ੍ਰਭੂ `ਚ ਅਭੇਦ ਹੋ ਜਾਣਾ ਅਥਵਾ ਉਸ ਨਾਲ ਇੱਕ ਮਿੱਕ ਹੋ ਜਾਣਾ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਜਦੋਂ ਜੀਉਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਸਮਾ ਜਾਂਦਾ ਹੈ ਤਾਂ ਇਹੀ ਹੈ ਮਨੁੱਖਾ ਜੀਵਨ ਦੀ ਉਚਤੱਮ ਤੇ ਸਫ਼ਲ ਅਵਸਥਾ। ਇਸੇ ਅਵਸਥਾ ਦੀ ਪ੍ਰਾਪਤੀ ਲਈ ਹੀ ਪ੍ਰਭੂ ਵੱਲੋਂ ਜੀਵ ਨੂੰ ਮਨੁੱਖਾ ਜਨਮ ਮਿਲਦਾ ਹੈ। ਉਪ੍ਰੰਤ ਗੁਰਬਾਣੀ ਅਨੁਸਾਰ ਅਜਿਹਾ ਸਫ਼ਲ ਜੀਵਨ ਮਨੁੱਖ, ਫ਼ਿਰ ਤੋਂ ਜਨਮ ਮਰਣ ਦੇ ਗੇੜ੍ਹ `ਚ ਨਹੀਂ ਆਉਂਦਾ। ਦਰਅਸਲ ਸੰਪੂਰਣ ਗੁਰਬਾਣੀ ਰਚਨਾ `ਚ, ਮਨੁੱਖ ਰਾਹੀ ਇਸੇ ਉੱਤਮ ਅਵਸਥਾ ਨੂੰ ਪ੍ਰਾਪਤ ਕਰਣ ਲਈ ਜ਼ੋਰ ਦਿੱਤਾ ਗਿਆ ਹੈ।

ਇਤਨਾ ਹੀ ਨਹੀਂ, ਗੁਰਬਾਣੀ `ਚ ਇਸ ਦਾ ਦੂਜਾ ਪੱਖ ਵੀ ਬੜਾ ਸਪਸ਼ਟ ਕੀਤਾ ਗਿਆ ਹੈ। ਉਹ ਪੱਖ ਜਦੋਂ ਮਨੁੱਖ ਗੁਰੂ-ਗੁਰਬਾਣੀ ਦੀ ਆਗਿਆ `ਚ ਨਾ ਚਲ ਕੇ ਆਪਣੇ ਜੀਵਨ ਦੀ ਸੰਭਾਲ ਨਹੀਂ ਕਰਦਾ ਤੇ ਪ੍ਰਾਪਤ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਲੈਂਦਾ ਹੈ। ਇਸ ਦੇ ਨਾਲ, ਗੁਰਬਾਣੀ `ਚ ਇਹ ਵੀ ਚੰਗੀ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ ਕਿ ਮਨੁੱਖਾ ਜਨਮ ਦੇ ਅਸਫ਼ਲ ਤੇ ਬਿਰਥਾ ਹੋਣ ਦੇ ਕੀ-ਕੀ ਕਾਰਨ ਹਨ। ਅਜਿਹੇ ਘਾਟੇ ਜਿਨ੍ਹਾਂ ਤੋਂ ਜੀਵਨ `ਚ ਬਚਿਆ ਵੀ ਜਾ ਸਕਦਾ ਹੈ; ਤਾ ਕਿ ਮਨੁੱਖ ਸੁਚੇਤ ਹੋ ਕੇ ਚੱਲੇ ਤੇ ਜੀਵਨ ਨੂੰ ਅਜ਼ਾਈਂ ਨਾ ਗੁਆਵੇ।

ਦਰਅਸਲ ਗੁਰਬਾਣੀ ਅਨੁਸਾਰ ਪ੍ਰਭੂ ਮਿਲਾਪ ਲਈ ਜੀਵ ਲਈ, ਕੇਵਲ ਇਹ ਮਨੁੱਖਾ ਜੂਨ ਹੀ ਇਕੋ ਇੱਕ ਅਵਸਰ ਹੁੰਦਾ ਹੈ। ਦਰਅਸਲ ਜੀਵਨ ਦੀ ਇਸੇ ਪ੍ਰਾਪਤੀ ਲਈ ਅਕਾਲਪੁਰਖ ਜੀਵ ਨੂੰ ਬੇਅੰਤ ਜੂਨਾਂ ਚੋਂ ਕਢ ਕੇ, ਪ੍ਰਭੂ ਸਾਨੂੰ ਮਨੁੱਖਾ ਜੂਨ ਵਾਲਾ ਅਵਸਰ ਤੇ ਮੌਕਾ ਬਖ਼ਸ਼ਦਾ ਹੈ। ਉਹੀ ਮਨੁੱਖਾ ਜੂਨ ਜਿਸ ਨੂੰ ਜਨਮ-ਮਰਣ ਦੇ ਗੇੜ੍ਹ `ਚ ਫ਼ਸੇ ਹੋਏ, ਅਸੀਂ ਅੱਜ ਵੀ ਭੁਗਤਾਅ ਰਹੇ ਹਾਂ। ਲੋੜ ਹੈ ਤਾਂ ਇਸ ਗੱਲ ਦੀ ਹੈ ਕਿ ਹਉਮੈ ਰਹਿਤ ਹੋ ਕੇ ਅਤੇ ਗੁਰੂ-ਗੁਰਬਾਣੀ ਦੀ ਆਗਿਆ `ਚ ਜੀਵਨ ਦੀ ਕਮਾਈ ਕੀਤੀ ਜਾਵੇ। ਇਸ ਤਰ੍ਹਾਂ ਅਕਾਲਪੁਰਖ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣ ਕੇ ਪ੍ਰਾਪਤ ਜਨਮ ਦੀ ਸੰਭਾਲ ਕੀਤੀ ਜਾਵੇ। ਜਿਸ ਤੋਂ ਮੁੜ ਜਨਮਾਂ ਦੇ ਗੇੜ੍ਹ `ਚ ਨਾ ਆਉਣਾ ਪਵੇ।

ਉਪ੍ਰੰਤ ਇਸ ਪੱਖੋਂ ਗੁਰਬਾਣੀ ਦਾ ਇਹ ਨਿਰਣਾ ਵੀ ਹੈ ਕਿ ਬੇਸ਼ੱਕ ਮਨੁੱਖਾ ਜੂਨ ਵਾਲਾ ਅਵਸਰ ਤੇ ਬਰੀਆ ਹਰੇਕ ਮਨੁੱਖ ਲਈ ਹੁੰਦੀ ਹੈ, ਤਾ ਕਿ ਹਰੇਕ ਇਨਸਾਨ ਜੀਵਨ ਦੀ ਕਮਾਈ ਕਰੇ ਤੇ ਮੁੜ ਜਨਮ-ਮਰਣ `ਚ ਨਾ ਆਵੇ। ਇਸ ਦੇ ਬਾਵਜੂਦ ਵਿਰਲੇ ਹੀ ਹੁੰਦੇ ਹਨ ਜੋ ਇਸ ਜਨਮ ਦਾ ਲਾਭ ਲੈ ਕੇ, ਇਲਾਹੀ ਆਤਮਕ ਗਿਆਨ ਤੇ ਪ੍ਰਭੂ ਬਖ਼ਸ਼ਿਸ਼ ਦੇ ਪਾਤ੍ਰ ਬਣਦੇ ਹਨ। ਇਸ ਤਰ੍ਹਾਂ ਆਪਣੇ ਜਨਮ ਨੂੰ ਸਫ਼ਲ ਕਰ ਲੈਂਦੇ ਹਨ। ਜਦਕਿ, ਦੂਜੇ ਪਾਸੇ, ਪੂਰਾਂ ਦੇ ਪੂਰ ਤਾਂ ਇਸ ਜਨਮ ਨੂੰ ਵੀ ਅਸਫ਼ਲ ਤੇ ਬਿਰਥਾ ਕਰਕੇ ਜਾਂਦੇ ਹਨ। ਇਸੇ ਤੋਂ ਉਨ੍ਹਾਂ ਨੂੰ ਪ੍ਰਭੂ ਦੇ ਸੱਚੇ ਨਿਆਂ `ਚ ਮੁੜ ਜਨਮਾਂ-ਜੂਨਾਂ ਦੇ ਗੇੜ੍ਹ `ਚ ਪਾ ਦਿੱਤਾ ਜਾਂਦਾ ਹੈ।

ਇਹ ਵੱਖਰੀ ਗੱਲ ਹੈ ਕਿ ਬਿਰਥਾ ਤੇ ਅਸਫ਼ਲ ਜੀਵਨ ਤੋਂ ਬਾਅਦ, ਜੀਵ ਨੂੰ ਪ੍ਰਭੂ ਵੱਲੋਂ ਚਾਹੇ ਫ਼ਿਰ ਤੋਂ ਮਨੁੱਖਾ ਜੂਨ ਮਿਲੇ, ਜਾਂ ਕੋਈ ਹੋਰ। ਦਰਅਸਲ, ਮਨੁੱਖ ਨੂੰ ਪ੍ਰਭੂ ਦੇ ਸੱਚੇ ਨਿਆਂ `ਚ ਹੀ ਮੌਤ ਤੋਂ ਬਾਅਦ, ਆਪਣੇ ਮਨੁਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ ਤੇ ਮਾੜੇ ਕਰਮਾ-ਸੰਸਕਾਰਾਂ ਅਨੁਸਾਰ ਹੀ ਦੁਖ-ਸੁਖ ਤੇ ਜੂਨਾਂ ਭੋਗਣੀਆਂ ਪੈਂਦੀਆਂ ਹਨ। ਜੀਵ ਨੂੰ ਫ਼ਿਰ ਤੋਂ ਜਨਮਾਂ-ਜਨਮਾਂਤਰਾਂ ਤੱਕ ਜਨਮ-ਮਰਣ ਦੇ ਗੇੜ੍ਹ `ਚ ਪੈਂਦਾ ਹੈ। ਉਦੋਂ ਤੱਕ ਫ਼ਸਣਾ ਪੈਂਦਾ ਹੈ, ਜਦੋਂ ਤੱਕ ਪ੍ਰਭੂ ਦੀ ਨਦਰ-ਕਰਮ `ਚ ਜੀਵ ਨੂੰ ਫ਼ਿਰ ਤੋਂ ਆਪਣੀ ਸਫ਼ਲਤਾ ਲਈ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ ਹੀ ਨਾ ਮਿਲੇ ਤੇ ਉਸ ਨੂੰ ਵੀ ਜੇ ਕਰ ਸਫ਼ਲ ਕਰ ਲਵੇ ਤਾਂ। ਇਸ ਲਈ ਵੀ ਗੁਰਦੇਵ ਸਪਸ਼ਟ ਕਰ ਰਹੇ ਹਨ ਅਤੇ ਗੁਰਬਾਣੀ ਫ਼ੁਰਮਾਨ ਹੈ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦)

ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਆਦਿ-ਜੁਗਾਦੀ, ਇਲਾਹੀ, ਰੱਬੀ ਆਤਮਕ ਗਿਆਨ ਨੂੰ ਹੀ ਗੁਰੂ ਕਿਹਾ ਹੈ। ਮਨੁੱਖਾ ਜੀਵਨ ਲਈ ਪ੍ਰਭੂ ਦੀ ਬਖ਼ਸ਼ਿਸ਼ ਨਾਲ ਭਰਪੂਰ ਅਜਿਹੀ ਆਤਮਕ ਤੇ ਗੁਰਬਾਣੀ ਗੁਰੂ ਵਾਲੀ ਉੱਚਤਾ ਹੀ ਹੁੰਦੀ ਹੈ ਜੋ ਮਨੁਖ ਦੇ ਜੀਵਨ `ਚੋਂ ਹਉਮੈ, ਵਿਕਾਰਾਂ, ਅਉਗੁਣਾ, ਮੋਹ-ਮਾਇਆ, ਆਸ਼ਾ-ਮਨਸ਼ਾ, ਤ੍ਰਿਸ਼ਨਾ, ਭਟਕਣਾ ਆਦਿ ਨੂੰ ਖਤਮ ਕਰਕੇ ਜੀਵਨ ਅੰਦਰ ਟਿਕਾਅ ਲੈ ਆਉਂਦੀ ਹੈ। ਇਸ ਤਰ੍ਹਾਂ ਅਜਿਹਾ ਆਤਮਿਕ ਜੀਵਨ ਦਾ ਦਾਤਾ-ਗੁਰੂ ਹੀ ਕੇਵਲ ਜੀਵ ਨੂੰ ਉਸ ਦੇ ਅਸਲੇ ਪ੍ਰਭੂ ਨਾਲ ਮਿਲਾਉਣ ਦੇ ਸਮ੍ਰਥ ਹੁੰਦਾ ਹੈ। ਮਨੁੱਖ ਦੇ ਜੀਵਨ ਨੂੰ ਸਫ਼ਲ ਕਰਦਾ ਹੈ ਤੇ ਪ੍ਰਭੂ ਮਿਲਾਵਾ ਹੁੰਦਾ ਹੈ। ਇਸ ਤਰ੍ਹਾਂ ਇਲਾਹੀ ਆਤਮਕ ਗੁਰੂ ਗਿਆਨ `ਚ ਵਿਚਰ ਰਹੇ ਸਫ਼ਲ ਜੀਵਨ ਮਨੁੱਖ ਨੂੰ ਹੀ ਗੁਰਬਾਣੀ `ਚ ਸਚਿਆਰਾ, ਵਡਭਾਗੀ, ਜੀਵਨ ਮੁੱਕਤ, ਸਫ਼ਲ ਜੀਵਨ, ਗੁਰਮੁਖ ਆਦਿ ਹੋਰ ਵੀ ਕਈ ਲਫ਼ਜ਼ਾਂ ਨਾਲ ਬਿਆਣਿਆ ਹੈ।

ਇਸੇ ਇਲਾਹੀ ਗਿਆਨ ਨੂੰ ਗੁਰਬਾਣੀ `ਚ ਕੇਵਲ ਗੁਰੂ ਹੀ ਨਹੀਂ ਬਲਕਿ, ਸ਼ਬਦ ਗੁਰੂ, ਵਿਵੇਕ ਬੁਧ, ਸਤਿਗੁਰੂ ਆਦਿ ਸ਼ਬਦਾਲੀ ਨਾਲ ਵੀ ਪ੍ਰਗਟ ਕੀਤਾ ਹੈ। ਇਸ ਵਿਸ਼ੇਸ਼ ਗੁਰੂ ਪਦ ਵਾਲੇ ਸੱਚ ਨੂੰ ਸਮਝਣ ਲਈ ਆਪਣੇ ਮਨਾਂ ਵਿਚੋਂ ਪੁਰਾਤਨ ਸਮੇਂ ਤੋਂ ਚਲਦੇ ਆ ਰਹੇ ਗੁਰੂ ਵਾਲੇ ਸਾਰੇ ਅਰਥ ਤੇ ਪ੍ਰਭਾਵ ਮੂਲੋਂ ਹੀ ਕਢਣੇ ਜ਼ਰੂਰੀ ਹਨ, ਨਹੀਂ ਤਾਂ ਗੁਰਬਾਣੀ ਰਾਹੀ ਸਿੱਖ ਦੇ ਜੀਵਨ ਦੀ ਸਫ਼ਲ ਕਰਣ ਵਾਲੇ ਗੁਰੂ ਵਿਸ਼ੇਸ਼ ਦੀ ਕਦੇ ਵੀ ਸਮਝ ਨਹੀਂ ਆ ਸਕੇਗੀ।

ਗੁਰਬਾਣੀ ਵਿਚਲੇ ਗੁਰੂ ਪਦ ਦੀ ਇਲਾਹੀ ਸੀਮਾ- ਅਕਾਲਪੁਰਖ ਦੇ ਬੇਅੰਤ ਤੇ ਅਣਗਿਣਤ ਗੁਣ ਹਨ ਜੋ ਗਿਣੇ ਤੇ ਬਿਆਣੇ ਨਹੀਂ ਜਾ ਸਕਦੇ। ਫ਼ਿਰ ਵੀ ਗੁਰਬਾਣੀ ਅਨੁਸਾਰ ਉਹ ‘ਗੁਰੂ’, ਜਿਸ ਗੁਰੂ ਦੀ ਆਗਿਆ `ਚ ਵਿਚਰ ਕੇ ਮਨੁੱਖ ਨੇ ਆਪਣੇ ਜੀਵਨ ਨੂੰ ਸਫ਼ਲ ਕਰਣਾ ਹੈ; ਉੇਹ ‘ਗੁਰੂ’ ਗੁਣ ਅਕਾਲਪੁਰਖ ਦਾ ਆਪਣਾ, ਵਿਸ਼ੇਸ਼ ਤੇ ਨਿਵੇਕਲਾ ਗੁਣ ਹੈ। ਦੂਜੇ ਲਫ਼ਜ਼ਾਂ `ਚ, ਗੁਰਬਾਣੀ ਅਨੁਸਾਰ ਸਿੱਖ ਲਈ ਪ੍ਰਗਟ, ਅਕਾਲਪੁਰਖ ਦੇ ਮਿਲਾਵੇ ਗੁਰੂ ਵਾਲਾ ਪ੍ਰਭੂ ਦਾ ਗੁਣ, ਬਾਕੀ ਅਨੰਤ ਗੁਣਾਂ ਦੀ ਤਰ੍ਹਾਂ ਪ੍ਰਭੂ ਦਾ ਕੇਵਲ ਵਿਸ਼ੇਸ਼ਣ ਮਾਤ੍ਰ ਹੀ ਨਹੀਂ ਬਲਕਿ ਅਕਾਲਪੁਰਖ ਆਪ ਹੀ ਹੈ। ਇਸੇ ਲਈ ਗੁਰਬਾਣੀ `ਚ ਅਨੇਕਾਂ ਥਾਵੇਂ ਅਕਾਲਪੁਰਖ ਤੇ ਗੁਰੂ ਨੂੰ ਇਕੋ ਹੀ ਦੱਸਿਆ ਤੇ ਬਿਆਣਿਆ ਹੈ। ਬਲਕਿ ਗੁਰਬਾਣੀ `ਚ ਇਹ ਸ਼ਬਦ ਗੁਰੂ, ‘ਸਤਿਗੁਰੂ’, ਸ਼ਬਦ ਗੁਰੂ, ‘ਸਤਿਪੁਰਖੁ’, ‘ਗੁਰਦੇਵ’ ਆਦਿ ਅਕਾਲਪੁਰਖ ਤੇ ਉਸ ਗੁਰੂ ਲਈ ਸਮਅਰਥੀ ਵੀ ਆਏ ਹਨ।

ਹੋਰ ਤਾਂ ਹੋਰ, ਚੂੰਕਿ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਕਰਤੇ ਦਾ ਹੀ ਆਪਣਾ ਨਿਵੇਕਲਾ ਤੇ ਵਿਸ਼ੇਸ਼ ਗੁਣ ਹੈ, ਇਸ ਲਈ ਪ੍ਰਭੂ ਦਾ ਗੁਣ ਗੁਰੂ, ਪ੍ਰਭੂ ਦੇ ਆਪਣੇ ਹੀ ਦੂਸਰੇ ਬੇਅੰਤ ਤੇ ਅਨੰਤ ਗੁਣਾਂ ਤੋਂ ਭਿੰਨ ਤੇ ਵੱਖਰਾ ਹੈ। ਪ੍ਰਭੂ ਦੇ ਬਾਕੀ ਅਨੰਤ ਗੁਣ ਤਾਂ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ(ਪੰ: ੨੭੫) ਅਤੇ ਕਿਰਤਮ ਨਾਮ ਕਥੇ ਤੇਰੇ ਜਿਹਬਾ (ਪੰ: ੧੦੮੩), ਅਨੁਸਾਰ ਉੇਸ ਲਈ ਘੜੇ ਹੋਏ ਤੇ ਵਿਸ਼ੇਸ਼ਨ ਹੀ ਹਨ। ਜਦਕਿ ਉਸ ਦਾ ‘ਗੁਰੂ’ ਵਾਲਾ ਗੁਣ, ਸਰਬ ਪੱਖੀ ਹੈ। ਉਸ ਪ੍ਰਭੂ ਦੇ ਸਾਰੇ ਗੁਣਾਂ ਨੂੰ ਉਜਾਗਰ ਕਰਣ ਵਾਲਾ ਵੀ ਹੈ।

ਇਸ ਤੋਂ ਇਲਾਵਾ ਅਕਾਲਪੁਰਖ ਦਾ ਇਹ ਗੁਣ ਜਿੱਥੇ ਉਸ ਦਾ ਆਪਣਾ ਗੁਣ ਹੈ ਉਥੇ ਪ੍ਰਭੂ ਦਾ ਇਹੀ ਗੁਣ ਮਨੁੱਖ ਨੂੰ ਪ੍ਰਭੂ ਨਾਲ ਮਿਲਾਉਣ ਤੇ ਉਸ `ਚ ਅਭੇਦ ਕਰਣ ਵਾਲਾ ਵੀ ਹੈ। ਇਸ ਲਈ ਪ੍ਰਭੂ ਦਾ ਇਹ ਵਿਸ਼ੇਸ਼ ਗੁਣ, ਜਿਸ ਨੂੰ ਗੁਰਦੇਵ ਨੇ ਗੁਰੂ ਕਹਿ ਕੇ ਪ੍ਰਗਟ ਕੀਤਾ ਤੇ ਸਿੱਖ ਲਈ ਅਕਾਲਪੁਰਖ ਦਾ ਮਿਲਾਵਾ ਦਸਿਆ ਹੈ, ਉਸ ਗੁਰੂ ਪਦ ਦੀ ਇਲਾਹੀ ਸੀਮਾ, ਖੁਦ ਅਕਾਲਪੁਰਖ ਤੇ ਮਨੁੱਖ ਨੂੰ ਕਰਤੇ `ਚ ਹੀ ਅਭੇਦ ਕਰਣ ਵਾਲੀ, ਸਮ੍ਰਥ ਵੀ ਹੈ।

ਇਸ ਲਈ ਸੈਂਕੜੇ ਵਾਰੀ ਗੁਰਬਾਣੀ `ਚ ਗੁਰਦੇਵ ਰਾਹੀਂ ਅਕਾਲਪੁਖ ਨੂੰ ਵੀ ‘ਗੁਰੂ’, ‘ਸਤਿਗੁਰੂ’, ਸ਼ਬਦ ਗੁਰੂ, ‘ਸਤਿਪੁਰਖੁ’, ‘ਗੁਰਦੇਵ’ ਆਦਿ ਵਿਸ਼ੇਸ਼ਣਾ ਨਾਲ ਬਿਆਣਿਆ ਤੇ ਸੰਬੋਧਣ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਬਾਣੀ `ਚ ਹੀ ਇਹ ਸਾਰੀ ਸ਼ਬਦਾਵਲੀ ਭਾਵ ‘ਗੁਰੂ’, ਸ਼ਬਦ-ਗੁਰੂ, ‘ਸਤਿਗੁਰੂ’, ‘ਗੁਰਦੇਵ’ ਆਦਿ ਉਸ ਗੁਰੂ ਲਈ ਵੀ ਆਈ ਹੈ, ਜਿਸ ਗੁਰੂ ਨਾਲ ਜੁੜਣ ਤੇ ਜੀਵਨ ਨੂੰ ਸਫ਼ਲ ਕਰਣ ਲਈ, ਸੰਪੂਰਣ ਗੁਰਬਾਣੀ `ਚ ਸਿੱਖ ਨੂੰ ਤਾਕੀਦ ਕੀਤੀ ਗਈ ਹੈ।

ਸਪਸ਼ਟ ਹੋਇਆ ਕਿ ਗੁਰਬਾਣੀ ਅੰਦਰ ‘ਗੁਰੂ’, ‘ਸਤਿਗੁਰੂ’, ਸ਼ਬਦ-ਗੁਰੂ, ‘ਗੁਰਦੇਵ’ ਆਦਿ ਸਾਰੀ ਸ਼ਬਦਾਵਲੀ, ਗੁਰਬਾਣੀ ਰਾਹੀਂ ਸਿੱਖ ਦੇ ਜੀਵਨ ਦੀ ਸਫ਼ਲਤਾ ਲਈ ਪ੍ਰਗਟ ਕੀਤੇ ਗਏ ‘ਗੁਰੂ’ ਪਦ ਲਈ ਵੀ ਹੈ। ਇਸ ਦੇ ਨਾਲ ਇਹ ਸਾਰੀ ਸ਼ਬਦਾਵਲੀ ਅਕਾਲਪੁਰਖ ਲਈ ਵੀ ਹੈ, ਜਿਸ ਦੀ ਪਹਿਚਾਣ ਕੇਵਲ ਪ੍ਰਕਰਣ ਅਨੁਸਾਰ ਹੀ ਹੋਣੀ ਹੈ।

ਇਸ ਲਈ ਗੁਰਬਾਣੀ ਵਾਲੇ ਗੁਰੂ ਪਦ ਦੇ ਦੋ ਪੱਖ ਵਿਸ਼ੇਸ਼ ਹਨ- ਇਥੇ ਵੱਡਾ ਫ਼ਰਕ ਇਹ ਹੈ ਕਿ ਜਦੋਂ ਸਿੱਖ ਦੇ ਜੀਵਨ ਦੀ ਸਫ਼ਲਤਾ ਦਾ ਵਿਸ਼ਾ ਹੈ ਤਾਂ ਉਥੇ ਗੁਰੂ ਪਦ ਦਾ ਅਰਥ ਵੀ, ਉਸ ਦੇ ਲਈ, ਉਸੇ ਸੀਮਾ ਤੱਕ ਸੀਮਿਤ ਤੇ ਪ੍ਰਭੂ ਮਿਲਾਵਾ ਹੀ ਹੈ ਉਸ ਤੋਂ ਵੱਧ ਨਹੀਂ। ਇਸ ਤਰ੍ਹਾਂ ਉਸ ਵੱਕਤ ਉਸ ਦਾ ਅਰਥ ਕੇਵਲ ਆਤਮਕ ਗਿਆਨ ਜਾਂ ਵਿਵੇਕ ਬੁਧ ਆਦਿ ਹੀ ਹੈ, ਜਿਸ ਤੋ ਮਨੁੱਖਾ ਜਨਮ ਦੀ ਸੰਭਾਲ ਹੋਣੀ ਹੈ। ਇਸ ਦੇ ਨਾਲ ਜਦੋਂ ਗੁਰਬਾਣੀ `ਚ ਗੁਰੂ ਪਦ, ਗੁਰੂ ਦੀ ਉਪਮਾ ਤੇ ਸਮ੍ਰਥਾ ਨਾਲ ਸਬੰਧਤ ਹੈ ਤਾਂ ਉਥੇ ਉਸ ਦੀ ਅਰਥ-ਵਿਆਖਿਆ ਅਕਾਲਪੁਰਖ ਤੇ ਉਸ ਦੇ ਸਰਬਗੁਣਾਂ ਵਾਲੀ ਵੀ ਹੋਈ ਹੈ, ਠੀਕ ਉਸੇ ਤਰ੍ਹਾਂ ਜਿਵੇਂ ਅਕਾਲਪੁਰਖ ਦੀ ਹੁੰਦੀ ਹੈ, ਉਥੇ ਉਸ ਤੋਂ ਵੱਖ ਨਹੀਂ। ਇਸੇ ਕਰਕੇ ਗੁਰਬਾਣੀ `ਚ ਗੁਰੂ ਪਦ ਗੁਰੂ ਤੇ ਸਿੱਖ ਦੇ ਰਿਸ਼ਤੇ `ਚ ਪ੍ਰਭੂ ਮਿਲਾਵੇ ਦੇ ਤੌਰ `ਤੇ ਵੀ ਆਇਆ ਹੈ ਤੇ ਅਕਾਲਪੁਰਖ ਲਈ ਵੀ।

ਭਾਵ ਜਦੋਂ ਗੁਰਬਾਣੀ `ਚ ਗੁਰੂ ਪਦ ਦੇ ਆਪਣੇ ਤੌਰ `ਤੇ ਗੁਣ ਬਿਆਣੇ ਗਏ ਹਨ ਤਾਂ ਉਸ ਵੱਕਤ ਗੁਰੂ ਦੇ ਗੁਣ ਵੀ ਉਹੀ ਬਿਆਣੇ ਹਨ ਜੋ ਅਕਾਲਪੁਖ ਦੇ ਭਾਵ ਅਨੰਤ ਤੇ ਬੇਅੰਤ ਗੁਣ ਅਤੇ ਇਸ ਪ੍ਰਥਾਏ ਵੀ ਗੁਰਬਾਣੀ `ਚ ਕੁੱਝ ਨਹੀਂ ਬਹੁਤ ਸ਼ਬਦ ਹਨ।

ਇਸ ਲਈ ਜਦੋਂ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਦਾ ਸਬੰਧ ਮਨੁੱਖਾ ਜੀਵਨ ਨਾਲ ਬਿਆਣਿਆ ਹੈ ਤਾਂ ਉਸ ਸਮੇਂ ਉਥੇ ‘ਗੁਰੂ ਪਦ’ ਪ੍ਰਭੂ ਦੇ ਸਰਬ ਗੁਣਾ ਲਈ ਨਹੀਂ ਆਇਆ, ਬਲਕਿ ਮਨੁੱਖ ਦੇ ਜੀਵਨ ਨੂੰ ਹਉਮੈ-ਵਿਕਾਰ ਰਹਿਤ ਕਰਕੇ, ਪ੍ਰਭੂ `ਚ ਅਭੇਦ ਕਰਣ ਲਈ, ਅਕਾਪੁਰਖ ਦੇ ਮਿਲਾਵੇ ਭਾਵ ਨਿਵੇਕਲੇ ਤੇ ਵਿਸ਼ੇਸ਼ ਗੁਣ ਦੇ ਤੌਰ `ਤੇ ਹੀ ਆਇਆ ਹੈ।

ਕਿਉਂਕਿ ਉਸ ਸਮੇਂ ਮਨੁੱਖ ਨੂੰ ਪ੍ਰਭੂ ਦੇ ਬੇਅੰਤ ਗੁਣਾਂ `ਚੋਂ ਮਨੁੱਖਾ ਜਨਮ ਦੀ ਸਫ਼ਲਤਾ ਲਈ, ਪ੍ਰਭੂ ਦੇ ਇਕੋ ਇੱਕ ਵਿਸ਼ੇਸ਼ ਤੇ ਨਿਵੇਕਲੇ ਗੁਣ ਭਾਵ ਗੁਰੂ ਗਿਆਨ, ਸ਼ਬਦ ਗੁਰੂ, ਸਤਿਗੁਰੂ ਦੀ ਹੀ ਲੋੜ ਹੁੰਦੀ ਹੈ। ਉਸ ਸਮੇਂ ਪ੍ਰਭੂ ਦਾ ਇਹੀ ਇਕੋ ਇੱਕ ਤੇ ਵਿਸ਼ੇਸ਼ ਗੁਣ ਹੀ ਹੁੰਦਾ ਹੈ, ਜਿਸ ਦੀ ਲੋੜ ਮਨੁੱਖ ਦੇ ਜੀਵਨ ਨੂੰ ਹਉਮੈ ਤੇ ਵਿਕਾਰ ਰਹਿਤ ਬਨਾਉਣ ਲਈ ਹੁੰਦੀ ਹੈ। ਮਨੁੱਖ ਦੇ ਜੀਵਨ ਨੂੰ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣਾ ਕੇ, ਪ੍ਰਭੂ `ਚ ਅਭੇਦ ਕਰਣ ਦੀ ਹੁੰਦੀ ਹੈ।

ਦਰਅਸਲ, ਅਜਿਹਾ ਇਲਾਹੀ ਤੇ ਅਤਮਿਕ ਗਿਆਨ ਭਰਪੂਰ ਜੀਵਨ, ਕੇਵਲ ਮਨੁੱਖਾ ਜੂਨ ਸਮੇਂ ਹੀ ਸੰਭਵ ਹੈ, ਦੂਜੀ ਕਿਸੇ ਵੀ ਜੂਨ `ਚ ਨਹੀਂ। ਉਪ੍ਰੰਤ ਇਥੇ ਅਸਫ਼ਲ ਮਨੁੱਖਾ ਜਨਮ ਬਾਅਦ ਜੀਵ ਨੂੰ, ਫ਼ਿਰ ਤੋਂ ਬਾਰ ਬਾਰ ਦੇ ਜਨਮਾਂ-ਜੂਨਾਂ ਦੇ ਗੇੜ੍ਹ `ਚ ਹੀ ਪੈਣਾ ਪੈਂਦਾ ਹੈ। ਇਸ ਲਈ ਪ੍ਰਭੂ ਦੀਆਂ ਬੇਅੰਤ ਸਿਫ਼ਤਾਂ ਤੇ ਗੁਣ, ਜਿਨ੍ਹਾਂ ਦਾ ਨਾ ਅੰਤ ਹੈ ਨਾ ਪਾਰਾਵਾਰ; ਉਨ੍ਹਾਂ ਬੇਅੰਤ ਸਿਫ਼ਤਾਂ `ਚੋਂ ਹੀ ਪ੍ਰਭੂ ਦਾ ਹੀ ਵਿਸ਼ੇਸ਼ ਤੇ ਇਕੋ ਇੱਕ ਤੇ ਗੁਣ ਹੈ ਜਿਸ ਨੂੰ ‘ਗੁਰੂ’ ਕਿਹਾ ਹੈ ਅਤੇ ਜਿਸ ਨੂੰ, ਗੁਰਬਾਣੀ `ਚ ਉਸ ਸਮੇ ਕੇਵਲ ਉਤਨੇ ਹੀ ਸੰਦਰਭ `ਚ ਲਿਆ ਹੈ, ਵੱਧ ਨਹੀਂ। ਉਤਨੇ ਹੀ ਸੰਦਰਭ `ਚ ਜਿਤਨੀ ਕਿ ਮਨੁੱਖਾ ਜਨਮ ਦੀ ਸਫ਼ਲਤਾ ਲਈ ਇਸ ਦੀ ਲੋੜ ਹੈ। ਇਸ ਤਰ੍ਹਾਂ

(i) ਪਹਿਲਾਂ ਤਾਂ ਗੁਰਬਾਣੀ `ਚ, ਗੁਰਬਾਣੀ ਅਨੁਸਾਰ ਪ੍ਰਗਟਾਇਆ ਗਿਆ ਗੁਰੂ ਪਦ, ਪ੍ਰਭੂ ਦੇ ਨਿਜ ਗੁਣ ਦੇ ਤੌਰ `ਤੇ ਉਸ ਆਤਮਿਕ ਤੇ ਇਲਾਹੀ ਗਿਆਨ ਤੱਕ ਸੀਮਿਤ ਆਇਆ ਹੈ ਜਿਸ ਦਾ ਸਬੰਧ ਗੁਰਸਿੱਖ ਦੇ ਜੀਵਨ ਦੀ ਸਫ਼ਲਤਾ ਨਾਲ ਹੈ।

() ਉਪ੍ਰੰਤ ਗੁਰਬਾਣੀ `ਚ ਇਹੀ ਗੁਰੂ ਪਦ ਅਨੇਕਾਂ ਵਾਰੀ, ਸਮੂਚੇ ਤੌਰ `ਤੇ ਅਕਾਲਪੁਰਖ ਲਈ ਵੀ ਆਇਆ ਹੈ।

(i) ਇਤਨਾ ਹੀ ਨਹੀਂ, ਕਿਸੇ ਸੱਜਨ ਦੇ ਜੀਵਨ ਅੰਦਰੋਂ, ਇਸੇ ਗੁਰੂ ਦੇ ਪ੍ਰਗਟ ਹੋਣ ਦੀ ਸੂਰਤ `ਚ ਅਜਿਹੇ ਸਫ਼ਲ ਜੀਵਨ ਨਾਲ ਸਬੰਧਤ ਵੀ ਗੁਰਬਾਣੀ `ਚ ਅਨੇਕਾਂ ਸ਼ਬਦ ਹਨ ਜਿਵੇਂ:-

“ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: ੨੭੮) ਜਾਂ

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ” (ਪੰ: ੮੪੬) ਅਤੇ

ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ (ਪੰ: ੯੬੯) ਆਦਿ ਬੇਅੰਤ ਹੋਰ ਗੁਰ-ਫ਼ੁਰਮਾਨ ਵੀ ਆਏ ਹਨ।

ਇਸ ਤਰ੍ਹਾਂ ਇਹ ਤੇ ਅਜਿਹੇ ਬੇਅੰਤ ਫ਼ੁਰਮਾਨ ਮਨੁੱਖਾ ਸਰੀਰ ਲਈ ਹੀ ਹਨ। ਉਨ੍ਹਾਂ ਸਰੀਰਾਂ ਲਈ, ਜਿਨ੍ਹਾਂ ਜੀਊੜਿਆਂ ਦੇ ਜੀਵਨ ਅੰਦਰੋਂ ਉਸ ਉੱਚਤਮ ਆਤਮਿਕ ਅਵਸਥਾ, ਇਲਾਹੀ –ਗਿਆਨ ਭਾਵ ‘ਗੁਰੂ’, ‘ਸ਼ਬਦ ਗੁਰੂ’, ‘ਸਤਿਗੁਰੂ, ਵਿਵੇਕ ਬੁਧ” ਦਾ ਪ੍ਰਗਟਾਵਾ ਹੋਇਆ ਹੈ। ਭਾਵ ਮਨੁਖਾ ਜੀਵਨ ਦੀ ਉਹ ਅਵਸਥਾ ਜਦੋਂ ਮਨੁੱਖ ਜੀਉਦੇ ਜੀਅ “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” (ਬਾਣੀ ਜਪੁ) ਅਨੁਸਾਰ ਪ੍ਰਭੂ `ਚ ਹੀ ਅਭੇਦ ਹੋ ਗਏ ਅਤੇ ਪ੍ਰਭੂ ਦਾ ਹੀ ਰੂਪ ਬਣ ਗਏ ਹਨ। (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 213

ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਭਾਗ ਪਹਿਲਾ) For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.