.

Satnam Singh Johal

7790 Elwell St.

Burnaby BC, V5E 1M2

Cell: 604-307-3800

ਡਾ. ਅੰਬੇਡਕਾਰ ਸਿੱਖ ਕਿਉਂ ਨਹੀ ਬਣਿਆਂ?

ਡਾ: ਅੰਬੇਡਕਾਰ ਮਹਾਰ ਸ਼੍ਰੇਣੀ ਨਾਲ ਸਬੰਧ ਰਖਦਾ ਸੀ। ਜਿਸਨੂੰ ਹਿੰਦੂ ਦਲਿਤ ਕਹਿਕੇ ਪੁਕਾਰਦੇ ਸਨ ਜਿਹੜੀ ਕੇ ਇੱਕ ਵੱਡੀ ਪੱਧਰ ਉਪਰ ਆਰਥਿਕ ਅਤੇ ਸਮਾਜਿਕ ਵਿੱਤਕਰੇ ਦਾ ਸ਼ਿਕਾਰ ਸੀ। ਡਾ ਅੰਬੇਡਕਾਰ ਦਾ ਜਨਮ 14 ਅਪਰੈਲ 1891 ਨੂੰ ਮੋਹ (Mhow) ਵਿਖੇ ਹੋਇਆ ਜੋ ਮੱਧ ਪ੍ਰਦੇਸ ਵਿੱਚ ਹੈ। ਇਸ ਦੇ ਪਿਤਾ ਜੀ ਦਾ ਨਾਮ ਰਾਮਜੀ ਮਾਲੋਜੀ ਸਕਪਾਲ (Ramji Maloji Sakpal) ਸੀ ਉਸ ਪਾਸ ਮਰਾਠੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਡਿਗਰੀਆਂ ਸਨ। ਉਹ ਹੇਮਸ਼ਾਂ ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਦੱਬਕੇ ਮਿਹਨਤ ਕਰਨ ਅਤੇ ਉੱਚੀ ਵਿੱਦਿਆ ਹਾਸਲ ਕਰਨ ਲਈ ਸਦਾ ਉਤਸ਼ਾਹਿਤ ਕਰਦਾ ਰਹਿੰਦਾ ਸੀ।

ਡਾ ਅੰਬੇਡਕਾਰ ਦੇ 1907 ਵਿੱਚ ਗੋਰਮਿੰਟ ਹਾਈ ਸਕੂਲ ਬੰਬਈ ਤੋਂ ਮੈਟਰਿਕ ਪਾਸ ਕਰਨ ਉਪਰੰਤ ਬੰਬਈ ਯੂਨੀਵਿਰਸਟੀ ਵਿੱਚ ਦਾਖਲਾ ਲੈਣ ਨਾਲ ਇਸ ਦੀ ਕਮਿਉਨਟੀ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਜਿਸ ਤੋਂ ਪ੍ਰਸ਼ੰਨ ਹੋ ਕਿ ਇਸ ਦੇ ਅਧਿਆਪਕ ਕ੍ਰਿਸ਼ਨ ਜੀ ਅਰਜਨ ਕਿਲੌਸਕਰ (Krishanji Arjun Keluskar) ਜਿਹੜਾ ਕੇ ਦਾਦਾ ਕਿਲੌਸਕਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਨੇ ਮਹਾਤਮਾ ਬੁੱਧ ਦੀ ਜੀਵਨੀ ਤੋਹਫੇ ਦੇ ਤੌਰ ਤੇ ਇਸ ਨੂੰ ਦਿੱਤੀ। ਡਾ ਅੰਬੇਡਕਾਰ ਨੇ ਉਚੇਰੀ ਵਿੱਦਿਆ ਕੌਲੰਬੀਆ ਯੂਨੀਵਿਰਸਟੀ ਅਤੇ ਲੰਡਨ ਸਕੂਲ ਆਫ ਇਕਨੌਮਿਕਸ ( Columbia University and London School of Economics) ਤੋਂ ਹਾਸਲ ਕੀਤੀ। ਉਸ ਦੇ ਪਾਸ MA, Phd, Dsc, Dlitt, and Bar at Law ਦੀਆਂ ਡਿਗਰੀਆਂ ਸਨ। ਡਾ ਅੰਬੇਡਕਾਰ ਦੀ 1935 ਵਿੱਚ Bombay Law College ਦੇ ਪ੍ਰਿੰਸੀਪਲ ਦੇ ਤੌਰ ਤੇ ਨਿਯੁੱਕਤੀ ਕੀਤੀ ਗਈ। 15 ਅਗੱਸਤ 1947 ਨੂੰ ਭਾਰਤ ਦੀ ਅਜਾਦੀ ਤੋਂ ਉਪਰੰਤ ਕਾਂਗਰਸ ਸਰਕਾਰ ਨੇ ਦੇਸ ਦਾ ਪਹਿਲਾ ਕਾਨੂੰਨ ਮੰਤਰੀ ਬੁਣਉਣ ਦੀ ਪੇਸ਼ਕਸ ਕੀਤੀ ਜਿਸ ਨੂੰ ਇਸ ਨੇ ਸਵੀਕਾਰ ਕਰ ਲਿਆ। 19 ਅੱਗਸਤ 1947 `ਚ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ।

ਡਾ. ਅੰਬੇਡਕਾਰ ਪੜ੍ਹਣ ਵਿੱਚ ਕਾਫੀ ਹੁਸ਼ਿਆਰ ਸੀ। ਇਸ ਦੇ ਬਾਵਜੂਦ ਵੀ ਇਸ ਨੂੰ ਭੇਦ ਭਾਵ ਅਤੇ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਸਕੂਲ ਵਿੱਚ ਉਸਨੂੰ ਅਤੇ ਦੂਸਰੇ ਦਲਤ ਬੱਚਿਆਂ ਨੂੰ ਕਲਾਸ ਵਿੱਚ ਵੱਖਰੇ ਕਰ ਦਿੱਤਾ ਜਾਂਦਾ ਸੀ ਅਧਿਆਪਿਕ ਨਾਂ ਹੀ ਇਨ੍ਹਾਂ ਬੱਚਿਆਂ ਵੱਲ ਧਿਆਨ ਦਿੰਦੇ ਸਨ ਨਾ ਹੀ ਕੋਈ ਸਹਇਤਾ ਕਰਦੇ ਸਨ। ਇਨ੍ਹਾਂ ਨੂੰ ਕਲਾਸ ਵਿੱਚ ਵੀ ਨਹੀ ਬੈਠਣ ਦਿੱਤਾ ਜਾਂਦਾ ਸੀ ਇਥੇ ਹੀ ਬੱਸ ਨਹੀ ਜਦੋਂ ਪਾਣੀ ਪੀਣ ਦੀ ਜ਼ਰੂਰਤ ਪੈਂਦੀ ਤਾਂ ਕੋਈ ਉਚ ਜਾਤੀ ਦਾ ਵਿਅਕਤੀ ਉੱਚੀ ਦੂਰੀ ਉਪਰ ਰੱਖਕੇ ਪਾਣੀ ਪਿਲਾਂਉਂਦਾ ਸੀ। ਡਾ ਅੰਬੇਡਕਾਰ ਨੂੰ ਸਕੂਲ ਦਾ ਚਪੜਾਸੀ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ ਜਦੋ ਕਿਤੇ ਉਹ ਨਹੀ ਸੀ ਲੱਭਦਾ ਤਾਂ ਬਗੈਰ ਪਾਣੀ ਪੀਤਿਆ ਹੀ ਚਲੇ ਜਾਂਦਾ ਸੀ।

ਪੜ੍ਹਣ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਵੀ ਉਸ ਨੂੰ ਵੱਡੀ ਪੱਧਰ ਉਪਰ ਜਾਤੀ ਵਿੱਤਕਰੇ ਦਾ ਸ਼ਿਕਾਰ ਹੋਣਾ ਪਿਆ ਜਿਸ ਤੋਂ ਉਹ ਬੁਹਤ ਜਿਆਦਾ ਪਰੇਸ਼ਾਨ ਰਹਿੰਦਾ ਸੀ। ਡਾ ਅੰਬੇਡਕਾਰ ਦੇ ਪਰਸਨਲ ਸੈਕਟਰੀ MC NC Rattu ਆਮ ਕਿਹਾ ਕਰਦਾ ਸੀ ਕਿ ਜਦੋਂ ਉਹ ਆਪਣੇ ਲੋਕਾਂ ਦੀ ਹਾਲਤ ਵਾਰੇ ਲਿਖਵਾਂਉਦਾ ਸੀ ਤਾਂ ਫੁਟ ਫੁਟ ਕੇ ਰੋਣ ਲੱਗ ਪੈਂਦਾ ਸੀ। ਇਸ ਸਭ ਨੂੰ ਦੇਖ ਕੇ ਉਸ ਨੇ ਹਿੰਦੂ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਨੂੰ ਅਪਨਾਉਣ ਦਾ ਪੱਕਾ ਇਰਾਦਾ ਬਣਾ ਲਿਆ ਸੀ। ਪਹਿਲੀ ਵਾਰ ਉਸ ਨੇ 13 ਅਕਤੂਬਰ 1935 ਨੂੰ ਜੇਉਲਾ ਕਨਵਰਜਨ ਕਾਂਨਫਰੰਸ਼ (Yeolo Coversion Conference) ਉਪਰ ਬੋਲਦਿਆਂ ਹਿੰਦੂ ਧਰਮ ਨੂੰ ਛੱਡਣ ਅਤੇ ਕਿਸੇ ਹੋਰ ਧਰਮ ਨੂੰ ਧਾਰਨ ਕਰਨ ਦੀ ਇਛਾ ਪ੍ਰਗਟ ਕੀਤੀ। ਉਸ ਤੋਂ ਬਾਦ ਦੇਸ ਦੇ ਵੱਖ ਵੱਖ ਥਾਂਵਾਂ ਉਪਰ ਬੋਲਦਿਆਂ ਇਸ ਸੁਨੇਹੇ ਨੂੰ ਵਾਰ ਵਾਰ ਦੁਹਰਾਇਆ ਕਿ ਉਹ ਅੱਠ ਕਰੋੜ ਦਲਤਾਂ ਨੂੰ ਆਪਣੇ ਨਾਲ ਲੈ ਕੇ ਹਿੰਦੂ ਧਰਮ ਨਾਲੋਂ ਸਬੰਧ ਤੋੜ ਕੇ ਕਿਸੇ ਹੋਰ ਧਰਮ ਨੂੰ ਧਾਰਨ ਕਰ ਲਵੇਗਾ।

ਇਸ ਖਬਰ ਨਾਲ ਬਾਕੀ ਧਰਮਾਂ ਦੇ ਲੋਕਾਂ ਵਿੱਚ ਅੰਬੇਡਕਾਰ ਨੂੰ ਆਪਣੇ ਆਪਣੇ ਵੱਲ ਖਿਚਣ ਲਈ ਜਦੋ ਜਹਿਦ ਚਲ ਪਈ। ਬੋਧੀ, ਜੈਨੀ, ਇਸਾਈ, ਮੁਸਲਮਾਨ ਅਤੇ ਸਿੱਖਾਂ ਨੇ ਵੀ ਅੱਠ ਕਰੋੜ ਦਲਤਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਦੀ ਇਛਾ ਪ੍ਰਗਟਾਈ। ਇਸ ਸਬੰਧ ਵਿੱਚ ਡਾ ਅੰਬੇਡਕਾਰ ਨੇ ਵੱਖ ਵੱਖ ਧਰਮਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਸ. ਗੁਰਦਿਤ ਸਿੰਘ ਸੇਠੀ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ ਬੰਬਈ ਨੇ ਸਿੱਖਾਂ ਦੀ ਤਰਫੋਂ ਡਾ ਅੰਬੇਡਕਾਰ ਨਾਲ ਗੱਲਬਾਤ ਕੀਤੀ ਤੇ ਬਾਦ ਵਿੱਚ ਸਿੱਖ ਲੀਡਰਸ਼ਿਪ ਨੂੰ ਡਾ ਅੰਬੇਡਕਾਰ ਨਾਲ ਵਾਰਤਾਲਾਪ ਕਰਨ ਵਾਸਤੇ ਰਾਜ਼ੀ ਕਰਨ ਲਈ ਅੰਮ੍ਰਿਤਸਰ ਪੁੱਜਾ, ਜਿਸ ਤੋਂ ਪ੍ਰਭਾਵਿਤ ਹੋ ਕੇ ਸਿੱਖ ਲੀਡਰਸ਼ਿਪ ਨੇ ਸੰਨ 1935 ਵਿੱਚ ਪਹਿਲੀ ਵਾਰ ਡਾ ਅੰਬੇਡਕਾਰ ਨਾਲ ਗੱਲਬਾਤ ਕੀਤੀ, ਇਸ ਤੋਂ ਬਾਦ ਇਸ ਮਸਲੇ ਵਾਰੇ ਆਪਸ ਵਿੱਚ ਕਈ ਵਾਰ ਵਾਰਤਾਲਾਪ ਹੋਈ।

ਗੁਰਦੁਆਰਾ ਪ੍ਰਬੰਧਕ ਕਮੇਟੀ ਨਨਕਾਣਾ ਸਾਹਿਬ ਵਲੋਂ ਇੱਕ ਮਿਸ਼ਨ ਦੀ ਨਿਯੁੱਕਤੀ ਕੀਤੀ ਜਿਸ ਦਾ ਚੇਅਰਮੈਨ ਮੈਨੇਜਰ ਨਰੈਣ ਸਿੰਘ ਨੂੰ ਬਣਾਇਆ ਗਿਆ। ਇਸ ਮਿਸ਼ਨ ਦਾ ਮੁੱਖ ਉਦੇਸ਼ ਹਾਲਾਤ ਦਾ ਜ਼ਾਇਜਾ ਲੈਣਾ ਅਤੇ ਮਹਾਂਰਾਸ਼ਟਰ ਵਿੱਚ ਸਿੱਖ ਧਰਮ ਦਾ ਪਰਚਾਰ ਕਰਨਾ ਸੀ। ਮਿਸ਼ਨ ਦੇ ਦੂਸਰੇ ਮੈਂਬਰ ਸੰਤ ਤੇਜਾ ਸਿੰਘ, ਗਿਆਨੀ ਇੰਦਰ ਸਿੰਘ, ਸਮੁੰਦ ਸਿੰਘ ਦੇ ਨਾਲ ਕੀਰਤਨੀਏ ਵੀ ਸ਼ਾਮਿਲ ਸਨ। ਇਸ ਮਿਸਨ ਦੇ ਮੈਂਬਰ ਜਨਵਰੀ 1936 ਨੂੰ ਬੰਬਈ ਪੁਹੰਚੇ ਅਤੇ ਮਹਾਂਰਾਸ਼ਟਰ ਦੇ ਲੋਕਾਂ ਜਿਨ੍ਹਾਂ ਵਿੱਚ ਮਹਾਰ, ਮੈਗਜ਼, ਚਮਾਰ, ਭੰਗੀ ਅਤੇ ਹੋਰ ਪਛੜੀਆਂ ਜਾਤੀਆਂ ਸ਼ਾਮਿਲ ਸਨ, ਦੇ ਲੀਡਰਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ। ਮਿਸ਼ਨ ਦੇ ਮੈਂਬਰਾਂ ਨੇ ਇੰਗਲਿਸ਼ ਅਤੇ ਮਰਾਠੀ ਵਿੱਚ ਸਿੱਖ ਧਰਮ ਵਾਰੇ ਪੈਂਫਲਿਟ ਵੰਡੇ ਅਤੇ ਲੀਡਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਮਹਾਰ, ਮੈਗਜ਼ ਅਤੇ ਹੋਰ ਪਛੜੀਆਂ ਜਾਤੀਆਂ ਵਲੋਂ 11 ਤੇ 12 ਜਨਵਰੀ 1936 ਨੂੰ ਪੂਨੇ ਵਿਖੇ ਇੱਕ ਮੀਟੰਗ ਆਯੋਜਤ ਕੀਤੀ ਗਈ। ਸਿੱਖ ਡੈਲੀਗੇਸ਼ਨ ਨੇ ਇਸ ਕਾਨਫਰੰਸ਼ ਉਪਰ ਲੰਗਰ ਚਲਾਉਣ ਦਾ ਫੈਸਲਾ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਨਨਕਾਣਾ ਸਾਹਿਬ ਵਲੋਂ ਬੰਬਈ ਅਤੇ ਪੂਨੇ ਦੀਆਂ ਸਿੰਘ ਸੁਭਾਂਵਾਂ ਦੇ ਸਹਿਯੋਗ ਨਾਲ ਲੰਗਰ ਚਲਾਉਣ ਦਾ ਪ੍ਰਬੰਧ ਕੀਤਾ ਗਿਆ। ਜਿਸ ਨੂੰ ਕੇ ਅਛੂਤ ਜਾਤੀਆਂ ਅਤੇ ਸਿੱਖਾਂ ਨੇ ਰੱਲ ਕੇ ਤਿਆਰ ਕੀਤਾ ਅਤੇ ਸੰਗਤ ਵਿੱਚ ਵਰਤਾਇਆ, ਇੱਕਠਿਆਂ ਬੈਠ ਕੇ ਲੰਗਰ ਛਕਿਆ। ਡਾ ਅੰਬੇਡਕਾਰ ਵੀ ਇਸ ਕਾਨਫਰੰਸ ਵਿੱਚ ਸ਼ਾਮਿਲ ਸੀ। ਕਾਨਫਰੰਸ਼ ਦੇ ਪ੍ਰਬੰਧਕਾਂ ਨੇ ਸਿੱਖ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਇਸ ਇੱਕਤਰਤਾ ਨੂੰ ਸੰਬੋਧਨ ਕਰਨ ਅਤੇ ਕੀਰਤਨ ਕਰਨ ਦੀ ਆਗਿਆ ਦਿੱਤੀ।

ਇਹ ਡੈਲੀਗੇਸ਼ਨ ਮਹਾਂਰਸ਼ਟਰ ਵਿੱਚ ਵੱਖ ਵੱਖ ਥਾਂਵਾਂ ਉਪਰ ਹੁੰਦਾ ਹੋਇਆ ਤਿੰਨ ਹਫਤਿਆਂ ਬਾਦ ਵਾਪਿਸ ਆਇਆ ਅਤੇ ਆਪਣੀ ਰੀਪੋਰਟ ਦੀ ਇੱਕ ਕਾਪੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਨਕਾਣਾ ਸਾਹਿਬ ਅਤੇ ਦੂਸਰੀ ਕਾਪੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੀ। ਇਸ ਰੀਪੋਰਟ ਵਿੱਚ ਸਿੱਖ ਧਰਮ ਦੇ ਪਰਚਾਰ ਨੂੰ ਸੰਭਵ ਦਸਿਆ ਜਿਸ ਦੇ ਅਧਾਰ ਤੇ ਗੁਰ ਨਾਨਕ ਸਿੱਖ ਪ੍ਰਚਾਰ ਟਰੱਸਟ ਬਣਾਇਆ ਗਿਆ। ਜਿਸ ਦੇ 13 ਮੈਂਬਰ ਨੀਯਤ ਕੀਤੇ ਗਏ। ਇਹ ਟਰੱਸਟ ਬਣਾ ਕੇ 1936 ਵਿੱਚ ਰਾਜਿਸਟਰ ਕਰਵਾਇਆ ਗਿਆ ਇਸ ਟਰੱਸਟ ਨੂੰ ਤਿੰਨ ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਸ ਟਰੱਸਟ ਨੇ ਸਿੱਖ ਧਰਮ ਨੂੰ ਫਲਾਉਣ ਵਿੱਚ ਬੁਹਤ ਜਾਗਰੱਤੀ ਲਿਆਂਦੀ। ਇਸ ਤੋਂ ਪ੍ਰਰੇਰਿਤ ਹੋ ਕਿ ਸਿੱਖਾਂ ਦੇ ਵੱਖ ਵੱਖ ਧੜਿਆਂ ਦੀ ਇੱਕ ਸਾਂਝੀ ਮੀਟੰਗ ਬਾਗ ਆਕਾਲੀਆਂ ਅੰਮ੍ਰਿਤਸਰ ਵਿਖੇ ਸ. ਵਿਸਾਖਾ ਸਿੰਘ ਦੀ ਪ੍ਰਧਾਨਗੀ ਹੇਠ ਸੱਦੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ 13 ਅਪਰੈਲ 1936 ਨੂੰ ਸਰਬ ਹਿੰਦ ਸਿੱਖ ਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਗਿਆ। ਜਿਸ ਦਾ ਪ੍ਰਧਾਨ ਮਾ. ਤਾਰਾ ਸਿੰਘ, ਜਨਰਲ ਸੈਕਟਰੀ ਸੁਜਨ ਸਿੰਘ ਸਰਹਾਲੀ, ਸਕੱਤਰ ਸ. ਕੇਹਰ ਸਿੰਘ ਹੈਡ ਮਾਸਟਰ ਖਾਲਸਾ ਹਾਈ ਸਕੂਲ ਲਾਹੋਰ ਨੂੰ ਨਾਮਜ਼ਦ ਕੀਤਾ ਗਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਨਨਕਾਣਾ ਸਾਹਿਬ ਨੇ 1921 ਦੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ 1927 ਨੂੰ ਸਥਾਪਿਤ ਕੀਤਾ। ਇਸ ਦਾ ਪਰਬੰਧ ਵੀ ਸਰਬ ਹਿੰਦ ਸਿੱਖ ਮਿਸ਼ਨ ਨੂੰ ਸੌਂਪ ਦਿੱਤਾ। ਸਰਬ ਹਿੰਦ ਸਿੱਖ ਮਿਸ਼ਨ ਦਾ ਦਫਤਰ ਵੀ ਇਸ ਕਾਲਜ ਦੀ ਇਮਾਰਤ ਵਿੱਚ ਸਥਾਪਿਤ ਕੀਤਾ ਗਿਆ। ਸਿੱਖ ਲਡਿਰਸਿਪ ਨਾਲ ਸੁਲਾਹ ਕਰਕੇ ਇੱਕ ਸਿੱਖ ਮਿਸ਼ਨਰੀ ਕਾਨਫਰੰਸ਼ ਅੰਮ੍ਰਿਤਸਰ ਵਿਖੇ ਬੁਲਾਉਣ ਦਾ ਫੈਸਲਾ ਕੀਤਾ ਗਿਆ। ਇਸ ਕਾਨਫਰੰਸ਼ ਵਿੱਚ ਸਿੱਖ ਧੜਿਆਂ ਦੇ ਲੀਡਰਾਂ ਦੇ ਨਾਲ ਨਾਲ ਡਾ. ਅੰਬੇਡਕਾਰ, ਦੱਖਣ ਅਤੇ ਕੋਚੀਨ ਤੋਂ ਹੋਰ ਦਲਤਾਂ ਦੇ ਲੀਡਰਾਂ ਨੂੰ ਬੁਲਾਇਆ ਗਿਆ।

ਬਾਵਾ ਹਰਕਿਸ਼ਨ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਗੁਜ਼ਰਾਂਵਾਲੇ ਨੇ ਇੰਗਲਿਸ਼ ਵਿੱਚ ਆਪਣਾ ਭਾਸ਼ਨ ਦਿੱਤਾ। ਜਿਸ ਨੇ ਸਰੋਤਿਆਂ ਉਪਰ ਬੁਹਤ ਜ਼ਿਆਦਾ ਪ੍ਰਭਾਵ ਪਾਇਆ। ਜਿਸ ਤੋਂ ਦਲਿਤ ਜਾਤੀਆਂ ਦੇ ਲੀਡਰਾਂ ਨੂੰ ਗੁਰਮੱਤ ਦੇ ਧਾਰਨੀ ਬਣਨ ਲਈ ਕਾਫੀ ਉਤਸ਼ਾਹ ਮਿਲਿਆ। ਇਸ ਦੇ ਨਾਲ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜਿਸ ਨੂੰ ਵੇਖਕੇ ਬਾਹਰੋਂ ਆਏ ਲੀਡਰ ਬੁਹਤ ਖੁਸ਼ ਹੋਏ। ਮਹਾਂਰਾਸ਼ਟਰ ਤੋਂ ਆਏ ਹੋਏ ਲ਼ੀਡਰ ਆਪਣੇ ਨਾਲ 15 ਨੌਜਵਾਨਾਂ ਨੂੰ ਮਿਸ਼ਨਰੀ ਕੰਮ ਕਾਜ ਵਿੱਚ ਸਿੱਖਲਾਈ ਦਿਵਾਉਣ ਲਈ ਨਾਲ ਲਿਆਏ ਸਨ। ਜਿਸ ਦਾ ਉਦੇਸ਼ ਵਾਪਿਸ ਜਾ ਕੇ ਸਿੱਖ ਧਰਮ ਦਾ ਪਰਚਾਰ ਕਰਨਾ ਸੀ। ਬਾਵਾ ਹਰਕਿਸ਼ਨ ਸਿੰਘ ਪ੍ਰਿਸੀਪਲ ਗੁਰੂ ਨਾਨਕ ਖਾਲਸਾ ਕਾਲਜ ਨੇ ਉਨ੍ਹਾਂ ਨੂੰ ਸਿੱਖ ਧਰਮ ਦੀ ਮੁਢਲੀ ਸਿੱਖਿਆ ਦਿੱਤੀ ਅਤੇ ਫਿਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਦਾਖਲ ਕਰਵਾਇਆ, ਜਿਸ ਦਾ ਖਰਚਾ ਸ਼ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਾਲਰਸ਼ਿਪ ਫੰਡਜ਼ ਵਿੱਚੋਂ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਦੇ ਨਾਲ ਨਾਲ ਦੂਸਰੇ ਸੂਬੇ ਜਿਸ ਤਰਾਂ ਅਸਾਮ, ਬੰਗਾਲ ਅਤੇ ਤਰਾਵਨਕੋਰ ਵਿੱਚੋਂ ਆਏ ਕੁਛ ਵਿਦਿਆਰਥੀਆਂ ਨੇ ਵੀ ਦਾਖਲਾ ਲਿਆ।

ਸਰਬ ਹਿੰਦ ਸਿੱਖ ਮਿਸ਼ਨ ਦੀ ਸਥਾਪਨਾ ਦੇ ਨਾਲ ਦਲਤਾਂ ਵਿੱਚ ਅਤੇ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਸਿੱਖ ਧਰਮ ਦੇ ਪਰਚਾਰ ਲਈ ਬੁਹਤ ਵੱਡੀ ਪਹਿਲ ਕਦਮੀ ਕੀਤੀ ਗਈ। ਇਸ ਤੋਂ ਮਗਰੋਂ ਕਈ ਮੀਟੰਗਾਂ ਡਾ ਅੰਬੇਡਕਾਰ ਨਾਲ ਹੋਈਆ ਜਿਨ੍ਹਾਂ ਦਾ ਸਾਰਾ ਪ੍ਰਬੰਧ ਸ. ਕੇਹਰ ਸਿੰਘ ਨੇ ਸਰਬ ਹਿੰਦ ਸਿੱਖ ਮਿਸ਼ਨ ਵਲੋਂ ਕੀਤਾ। ਡਾ ਅੰਬੇਡਕਾਰ ਦੀਆਂ ਕੁਛ ਮੰਗਾਂ ਸਨ ਜਿਨ੍ਹਾਂ ਵਿਚੋਂ ਪ੍ਰਟਿੰਗ ਪ੍ਰੈਸ ਲਗਾਉਣਾ ਅਤੇ ਪੇਪਰ ਕਢੱਣਾ ਜਿਸ ਰਾਂਹੀ ਆਪਣਾ ਸੁਨੇਹਾ ਅੱਠ ਕਰੋੜ ਦਲਤਾਂ ਤੱਕ ਪੁਹੰਚਾਉਣਾ ਅਤੇ ਉਨ੍ਹਾਂ ਨੂੰ ਲਾਮਬੰਦ ਕਰਨਾ ਜ਼ਰੂਰੀ ਸੀ। ਦੂਸਰੀ ਵੱਡੀ ਮੰਗ ਕਾਲਜ ਬਣਾਉਣਾ ਜਿਸ ਵਿੱਚੋਂ ਦਲਤਾਂ ਦੇ ਬੱਚੇ ਉਚੇਰੀ ਵਿੱਦਿਆ ਹਾਸਲ ਕਰ ਸਕਣ ਇਸ ਦੇ ਨਾਲ ਕੁਛ ਹੋਰ ਛੋਟੀਆਂ ਮੰਗਾਂ ਵੀ ਸਨ। ਡਾ ਅੰਬੇਡਕਾਰ ਸਰਬ ਹਿੰਦ ਸਿੱਖ ਮਿਸ਼ਨ ਦੇ ਮੈਂਬਰਾਂ ਨੂੰ ਪ੍ਰਰੇਰਿਤ ਕਰਨ `ਚ ਕਾਮਯਾਬ ਰਹੇ ਜਿਸ ਦਾ ਸਿਟਾ ਇਹ ਨਿਕਲਿਆ ਕਿ ਮਿਸ਼ਨ ਦੇ ਮੈਂਬਰਾਂ ਨੇ ਇਨ੍ਹਾਂ ਮੰਗਾਂ ਨੂੰ ਸਵੀਕਾਰ ਕਰ ਲਿਆ। ਇਸ ਸਭ ਨੂੰ ਸਿਰੇ ਚਾੜਣ ਲਈ ਸਰਬ ਹਿੰਦ ਸਿੱਖ ਮਿਸ਼ਨ ਵਲੋਂ ਕੇਹਰ ਸਿੰਘ ਦੀ ਨਿਯੁੱਕਤੀ ਕੀਤੀ ਗਈ।

ਸਰਬ ਹਿੰਦ ਸਿੱਖ ਮਿਸ਼ਨ ਕੋਲ ਆਮਦਨ ਦਾ ਕੋਈ ਸਾਧਨ ਨਾਂ ਹੋਣ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰਚਾ ਦਾ ਪ੍ਰਬੰਧ ਆਪਣੇ ਸਿਰ ਲੈ ਲਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਖਰਚਾ ਗੁਰਦੁਆਰਿਆਂ ਵਿੱਚੋਂ ਇਕੱਤਰ ਹੋਏ ਦਸਬੰਧ ਵਿੱਚੋਂ ਕਰਦੀ ਸੀ। ਪਰ ਕਈ ਵਾਰ ਗੁਰਦੁਆਰਾ ਕਮੇਟੀਆਂ ਦਸਬੰਧ ਦੇਣ ਵਿੱਚ ਅਣਗਿਹਲੀ ਕਰਦੀਆਂ ਸਨ ਖਾਸ ਕਰਕੇ ਜਿਨ੍ਹਾਂ ਕਮੇਟੀਆਂ ਦਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਕਮੇਟੀ ਦੀ ਬਿਜਾਏ ਦੂਜੀਆਂ ਰਾਜਨੀਤਕ ਪਾਰਟੀਆਂ ਦੇ ਕੋਲ ਹੁੰਦਾ ਸੀ। ਇਸ ਦੀ ਇੱਕ ਸਮੱਸਿਆ ਹੋਰ ਖੜੀ ਹੋ ਗਈ ਕਿ ਬਟਾਲਾ ਵਿਧਾਨ ਸਭਾ ਦੀ ਚੋਣ ਅਕਾਲੀ ਪਾਰਟੀ ਅਤੇ ਯੂਨੀਅਨਇਸਟ ਪਾਰਟੀ ਵਿੱਚਕਾਰ ਹੋ ਰਹੀ ਸੀ। ਅਕਾਲੀ ਦੱਲ ਦੀ ਸ਼ਰੋਮਣੀ ਕਮੇਟੀ ਵਿੱਚ ਬੁਹਮੱਤ ਸੀ ਅਕਾਲੀ ਦੱਲ ਦੀ ਸਾਰੀ ਮਸ਼ੀਨਰੀ ਬਟਾਲੇ ਦੀ ਚੋਣ ਵਿੱਚ ਬੁਰੀ ਤਰਾਂ ਰੁੱਝੀ ਹੋਈ ਸੀ। ਅਕਾਲੀਆਂ ਵਾਸਤੇ ਇਲੈਕਸ਼ਨ ਨੂੰ ਜਿੱਤਨਾ ਪਹਿਲੇ ਨੰਬਰ ਤੇ ਸੀ। ਬਾਕੀ ਸਾਰੇ ਕੰਮ ਬਾਦ ਵਿੱਚ ਆਂਉਦੇ ਸਨ। ਪਰ ਫਿਰ ਵੀ ਡਾ ਅੰਬੇਡਕਾਰ ਨਾਲ ਕੀਤੇ ਹੋਏ ਵਾਇਦੇ ਅਨੁਸਾਰ ਸ. ਕੇਹਰ ਸਿੰਘ ਨੂੰ ਇਸ ਕੰਮ ਵਾਸਤੇ ਬੰਬਈ ਭੇਜ ਦਿੱਤਾ ਗਿਆ।

ਬੰਬਈ ਦੇ ਸਿੱਖ ਡਾ ਅੰਬੇਡਕਾਰ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਕਾਫੀ ਦਿਲਚਸਪੀ ਰੱਖਦੇ ਸਨ ਕਿਉਕਿ ਇਸ ਨਾਲ ਉਨ੍ਹਾਂ ਦਾ ਭਵਿੱਖ ਕਾਫੀ ਉਜਲਾ ਨਜ਼ਰ ਆਂਉਦਾ ਸੀ। ਇਸ ਕਰਕੇ ਸ. ਕੇਹਰ ਸਿੰਘ ਨਾਲ ਸੁਲਾਹ ਕਰਕੇ ਕਾਲਜ ਦੀ ਜ਼ਮੀਨ ਵਾਸਤੇ ਪਹਿਲੀ ਅਦਾਇਗੀ 5000 ਰੁਪਏ ਦੀ ਕਰ ਦਿੱਤੀ। ਕਾਲਜ ਵਾਸਤੇ ਮਿਉਂਸਪਲ ਕਾਰਪੋਰੇਸ਼ਨ ਬੰਬਈ ਕੋਲੋਂ 26642 ਵਰਗ ਗਜ਼ ਦਾ ਪਲਾਟ 179673 ਰੁਪਏ ਨੂੰ ਡਾ ਅੰਬੇਡਕਾਰ ਦੇ ਨਾਮ ਉਪਰ ਖਰੀਦ ਲਿਆ ਅਤੇ ਥਾਂ ਦਾ ਕਬਜਾ ਵੀ ਲੈ ਲਿਆ। ਡਾ ਅੰਬੇਡਕਾਰ ਕਾਲਜ ਦੀ ਇਮਾਰਤ ਦੀ ਉਸਾਰੀ ਜਰਮਨ ਤੋਂ ਲਿਆਂਦੇ ਹੋਏ ਵਿਦਿਅਕ ਇਦਾਰਿਆਂ ਦੇ ਡੀਜ਼ਾਈਨ ਉਪਰ ਕਰਨਾ ਚਾਂਹੁੰਦਾ ਸੀ।

ਹਿੰਦੂ ਸ਼ਭਾ ਦੇ ਮੈਂਬਰ ਨਹੀ ਸੀ ਚਾਂਹੁੰਦੇ ਕਿ ਅਛੂਤ ਮੁਸਲਮਾਨ ਧਰਮ ਨੂੰ ਧਾਰਨ ਕਰਨ ਕਿਉਂਕਿ ਉਨ੍ਹਾਂ ਲਈ ਇਸ ਨੂੰ ਸਹਿਣ ਕਰਨਾ ਬੁਹਤ ਕਠਨ ਸੀ। ਇਸ ਕਰਕੇ ਹਿੰਦੂ ਸਭਾ ਦੇ ਲੀਡਰ ਡਾ: ਮੂੰਜ਼ੇ, ਸਵਾਰਕਰ ਅਤੇ ਹੋਰ ਪਤਵੰਤੇ ਸਜਣ ਸ. ਕੇਹਰ ਸਿੰਘ ਨੂੰ ਮਿਲੇ ਅਤੇ ਦਲਤਾਂ ਦੇ ਸਿੱਖ ਧਰਮ ਨੂੰ ਧਾਰਨ ਕਰਨ ਲਈ ਇੱਕ ਰੂਪ ਰੇਖਾ ਤਿਆਰ ਕੀਤੀ। ਇਸ ਗੱਲਬਾਤ ਵਿੱਚ ਦਲਤਾਂ ਦੇ ਕੇਂਦਰੀ ਮੰਤਰੀ ਮਿਸਟਰ ਰਾਜਾ ਨੇ ਵੀ ਭਾਗ ਲਿਆ। ਜਿਸ ਫਾਰਮੂਲੇ ਮੁਤਾਬਕ ਦੱਲਤ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨਗੇ ਉਸਦਾ ਨਾਮ ਡਾ ਅੰਬਡਕਾਰ-ਰਾਜਾ ਫਾਰਮੂਲਾ ਰੱਖਿਆ ਗਿਆ। ਸਿਰਫ ਹੁਣ ਇਤਨਾ ਹੀ ਕੰਮ ਬਾਕੀ ਰਹਿ ਗਿਆ ਸੀ ਕਿ ਕਦੋ ਤੇ ਕਿਥੇ ਜਨਤਕ ਕਰਨਾ ਹੈ। ਸਨਾਨਤ ਹਿੰਦੂ ਜਗਤ ਦੇ ਪ੍ਰਸਿੱਧ ਨੇਤਾ ਪੰਡਤ ਮਦਨ ਮੋਹਨ ਮਾਲਵੀਆ ਅਤੇ ਜੁਗਲ ਕਿਸ਼ੋਰ ਬਿਰਲਾ ਵੀ ਇਸ ਫਾਰਮੂਲੇ ਨਾਲ ਸਹਿਮਤ ਸਨ, ਇਸ ਕਰਕੇ ਇਸ ਤਜ਼ਵੀਜ਼ ਵਾਸਤੇ ਜੁਗਲ ਕਿਸ਼ੋਰ ਬਿਰਲੇ ਨੇ 25000 ਰੁਪਇਆ ਮਾ: ਤਾਰਾ ਸਿੰਘ ਨੂੰ ਦਿੱਤਾ।

ਕਾਲਜ ਦੀ ਇਮਾਰਤ ਦਾ ਨਕਸ਼ਾ ਵੀ ਕਾਰਪੋਰੇਸ਼ਨ ਵਲੋਂ ਪਾਸ ਹੋ ਚੁੱਕਾ ਸੀ ਹੁਣ ਸ. ਕੇਹਰ ਸਿੰਘ ਨੇ ਕਾਲਜ ਦੀ ਉਸਾਰੀ ਵੱਲ ਬੁਹਤ ਹੀ ਦਿਲਚਸਪੀ ਨਾਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਬਾਬਾ ਭੋਲਾ ਸਿੰਘ ਇੰਜ਼ਨੀਅਰ ਸ. ਕੇਹਰ ਸਿੰਘ ਦੀ ਸਹਾਇਤਾ ਵਾਸਤੇ ਅਤੇ ਬਿਲਡਿੰਗ ਦੀ ਉਸਾਰੀ ਦੀ ਦੇਖ ਭਾਲ ਕਰਨ ਵਾਸਤੇ ਬੰਬਈ ਪੁੰਹਚ ਗਿਆ ਸੀ। ਅਰਦਾਸ ਤੋਂ ਉਪਰੰਤ ਨੀਹਾਂ ਦੀ ਖੁਦਾਈ ਕੀਤੀ ਗਈ ਅਤੇ ਲੋੜੀਂਦੇ ਸਮਾਨ ਵਾਸਤੇ ਆਰਡਰ ਬੁਕ ਕਰਵਾ ਦਿੱਤੇ। ਦੋ ਦਿਨਾਂ ਵਿੱਚ ਸਮਾਨ ਆਉਂਣਾ ਸ਼ੁਰੂ ਹੋ ਗਿਆ ਅਤੇ ਨਾਲ ਨਾਲ ਸਮਾਨ ਦੇ ਭੁਗਤਾਨ ਦੇ ਬਿੱਲ ਵੀ ਆਂਉਣੇ ਸ਼ੁਰੂ ਹੋ ਗਏ। ਕੋਈ ਲਗਭਗ 70000-80000 ਰੁਪਏ ਦਾ ਸਮਾਨ ਆ ਚੁੱਕਾ ਸੀ ਪਰਤੂੰ ਕੇਹਰ ਸਿੰਘ ਪਾਸ ਕਿਰਾਏ ਦਾ ਭੁਗਤਾਨ ਕਰਨ ਵਾਸਤੇ ਵੀ ਪੈਸੇ ਨਹੀ ਸਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਬਟਾਲੇ ਦੀ ਵਿਧਾਨ ਸਭਾ ਚੋਣ ਵਿੱਚ ਰੁੱਝੇ ਹੋਣ ਕਰਕੇ ਕਿਸੇ ਕੋਲ ਸ. ਕੇਹਰ ਸਿੰਘ ਨੂੰ ਜਵਾਬ ਦੇਣ ਦਾ ਸਮਾ ਨਹੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਸ. ਕੇਹਰ ਸਿੰਘ ਨੇ ਇਮਾਰਤ ਦੀ ਉਸਾਰੀ ਵਾਲੀ ਜਗ੍ਹਾ ਉਪਰ ਜਾਣਾ ਬੰਦ ਕਰ ਦਿੱਤਾ ਅਤੇ ਘਰੋਂ ਵੀ ਬਾਹਰ ਘੱਟ ਹੀ ਨਿਕਲ ਦਾ ਸੀ। ਜਦੋਂ ਕੋਈ ਵਿਅਕਤੀ ਪੈਸੇ ਲੈਣ ਵਾਸਤੇ ਆਂਉਂਦਾ ਤਾਂ ਭੋਲਾ ਸਿੰਘ ਇਹ ਕਹਿ ਕੇ ਵਾਪਿਸ ਭੇਜ ਦਿੰਦਾ “ਕਿ ਭੁਗਤਾਨ ਕਰਨ ਵਾਲੇ ਵਿਅਕਤੀ ਦੀ ਸਿਹਤ ਠੀਕ ਨਹੀ ਜਦੋਂ ਉਸ ਦੀ ਸਿਹਤ ਠੀਕ ਹੋ ਜਾਵੇਗੀ ਤਾਂ ਦਫਤਰ ਵਿੱਚ ਆਣ ਕੇ ਭੁਗਤਾਨ ਕਰੇਗਾ।”

ਡਾ: ਅੰਬੇਡਕਾਰ ਦੀ ਹਰ ਮੰਗ ਪੂਰੀ ਕਰਨ ਵਾਸਤੇ ਪੂਰਾ ਪੂਰਾ ਯਤਨ ਕੀਤਾ ਜਾ ਰਿਹਾ ਸੀ। ਪਰਤੂੰ ਜਦੋਂ ਕਾਂਗਰਸ ਦੇ ਹਿੰਦੂ ਲੀਡਰਾਂ ਨੂੰ ਪਤਾ ਲੱਗਾ ਤਾਂ ਉਹ ਇਸ ਤਜ਼ਵੀਜ਼ ਨੂੰ ਤਾਰਪੀਡੋ ਕਰਨ ਲਈ ਲਾਮ ਬੰਦ ਹੋ ਗਏ। ਜਿਹੜੀ ਪਲੈਨ ਹਿੰਦੂ ਮਹਾਂ ਸਭਾ ਦੇ ਲੀਡਰਾਂ, ਡਾ ਅੰਬੇਡਕਾਰ ਅਤੇ ਸ. ਕੇਹਰ ਸਿੰਘ ਵਿਚਕਾਰ ਤਿਆਰ ਹੋਈ ਸੀ ਉਸਦਾ ਦਲਤਾਂ ਦੇ ਦੂਸਰੇ ਲੀਡਰਾਂ ਨੂੰ ਵੀ ਪਤਾ ਲਗ ਚੁੱਕਾ ਸੀ ਇਸ ਫਾਰਮੂਲੇ ਵਾਰੇ ਕੇਂਦਰੀ ਮੰਤਰੀ ਰਾਜਾ ਨੇ ਗਾਂਧੀ ਨੂੰ ਦੱਸ ਦਿੱਤਾ। ਗਾਂਧੀ ਨੇ ਇਸ ਨੂੰ ਰੋਕਣ ਵਾਸਤੇ ਸਾਰੇ ਹੀਲੇ ਵਰਤਣੇ ਸ਼ੁਰੂ ਕਰ ਦਿੱਤੇ। ਕਿਉਕਿ ਅੱਠ ਕ+ੜ ਦਲਤਾਂ ਦੇ ਛਡਣ ਨਾਲ ਹਿੰਦੂ ਧਰਮ ਨੂੰ ਇੱਕ ਵੱਡਾ ਧੱਕਾ ਲੱਗਦਾ ਸੀ। ਕਟੜ ਹਿੰਦੂ ਲੀਡਰਾਂ ਨੇ ਦਲਤਾਂ ਨਾਲ ਫੋਕੇ ਵਾਇਦੇ ਕਰਕੇ ਉਨ੍ਹਾਂ ਨੂੰ ਆਪਣੇ ਪ੍ਰਭਾਵ ਥੱਲੇ ਲੈ ਆਂਦਾ। ਉਹਨਾਂ ਵਿੱਚੋਂ ਇੱਕ ਇਹ ਵਾਇਦਾ ਕੀਤਾ ਕਿ ਦਲਤਾਂ ਦੇ ਹਾਲਾਤ ਵਿੱਚ ਸੁਧਾਰ ਲਿਆ ਕੇ ਬਾਕੀ ਸ਼੍ਰੇਣੀਆਂ ਦੇ ਬਰਾਬਰ ਲੈ ਆਉਣਗੇ। ਕਾਂਗਰਸ ਅਤੇ ਸਰਮਾਏਦਾਰ ਲੀਡਰਾਂ ਨੇ ਦਲਤਾਂ ਦੀ ਬੁਹਮਤ ਨੂੰ ਹਿੰਦੂ ਰਹਿਣ ਲਈ ਮਨਾ ਲਿਆ। ਇਸ ਦੇ ਨਾਲ ਬੁਹਤ ਸਾਰੇ ਦਲਤ ਡਾ: ਅੰਬੇਡਕਾਰ ਤੋਂ ਦੂਰ ਹੋ ਗਏ ਅਤੇ ਇੱਕ ਵੱਖਰੀ ਹਰੀਜਨ ਜਮਾਤ ਸਥਾਪਿਤ ਕਰ ਲਈ।

ਗਾਂਧੀ ਨੇ ਆਪਣੇ ਰਾਜੀਨੀਤਕ ਸਾਥੀਆਂ ਨੂੰ ਮਨਾ ਲਿਆ ਕਿ ਦਲਤ ਹਿੰਦੂਆਂ ਦਾ ਇੱਕ ਹਿੱਸਾ ਹਨ ਇਨ੍ਹਾਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਖਾਸ ਰਿਆਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਗਾਂਧੀ ਨੇ ਇਸ ਗੱਲ ਉਪਰ ਜੋਰ ਦੇਣ ਲਈ ਮਰਨ ਵਰਤ ਵੀ ਰੱਖਿਆ ਇਸ ਮਰਨ ਵਰਤ ਨੇ ਕਾਂਗਰਸੀ ਲੀਡਰਾਂ ਨੂੰ ਵੀ ਬੁਹਤ ਪ੍ਰਭਾਵਿਤ ਕੀਤਾ। ਮਦਨ ਮੋਹਨ ਮਾਲਵੀਆ ਉਸ ਸਮੇ ਕੇਂਦਰੀ ਮੰਤਰੀ ਮੰਡਲ ਦਾ ਮੈਂਬਰ ਸੀ ਜਿਸ ਨੇ ਕੋਸ਼ਿਸ਼ ਕਰਕੇ ਦਲਤਾਂ ਨੂੰ ਹਿੰਦੂਆਂ ਦੇ ਤੌਰ ਤੇ ਮਾਨਤਾ ਦਿਵਾਈ, ਗਾਂਧੀ ਜੀ ਨੇ ਰਜਿਰਵੇਸ਼ਨ ਬਿਲ ਪਾਸ ਹੋਣ ਉਪਰੰਤ ਆਪਣਾ ਮਰਨ ਵਰਤ ਛੱਡਿਆ। ਇਸ ਦੇ ਪਿਛੇ ਅਸਲ ਮਕਸੱਦ ਇਹ ਸੀ ਕਿ ਦਲਤ ਹਿੰਦੂ ਧਰਮ ਨੂੰ ਛੱਡਣ ਦਾ ਵਿਚਾਰ ਬਦਲ ਲੈਣ। ਪਰ ਡਾ: ਅੰਬੇਡਕਾਰ ਜਾਣਦਾ ਸੀ ਕਿ ਮਹਾਤਮਾ ਗਾਂਧੀ ਦੇ ਇਹ ਫੋਕੇ ਵਾਇਦੇ ਹਨ ਡਾ: ਅੰਬੇਡਕਾਰ ਅੁਨਸਾਰ, “ਗਾਂਧੀ ਨੂੰ ਇੱਕ ਸੰਤ ਨਾ ਕਿਹੋ, ਉਹ ਇੱਕ ਤਜਰਬੇਕਾਰ ਰਾਜਨੀਤਕ ਹੈ ਜਦੋ ਸਾਰੇ ਹੀਲਾ ਫੇਲ ਹੋ ਜਾਣ, ਆਖਰ ਗਾਂਧੀ ਨੂੰ ਹੀ ਕੋਈ ਖੜਯੰਤਰ ਕਰਨ ਲਈ ਵਰਤਿਆ ਜਾਂਦਾ।” “ਗਾਂਧੀ ਦੀ ਵਰਗਬੰਦੀ ਵਿੱਚ ਨਾ ਕੀਲੇ ਜਾਇਉ ਉਹ ਰੱਬ ਨਹੀ। ਮਹਾਤਮਾ ਆਇਆ ਅਤੇ ਚਲੇ ਗਿਆ ਪ੍ਰਤੂੰ ਦਲਤ ਸਦਾ ਲਈ ਦੱਲਤ ਬਣੇ ਰਹੇ।”

Dr. Ambedkar: “Donot call Gandhi a saint; He is a seasoned politician. When Everything else fails, Gandhi will resort to intrigue.” “ Donot fall under Gandhi’s spell, he’s not a God. Mahatmas have come and Mahatms have gone but untochables remained untouchables.”

ਇਸ ਵਿੱਚ ਕੋਈ ਸ਼ੱਕ ਨਹੀ ਕਿ ਗਾਂਧੀ ਇੱਕ ਬੁਹਤ ਹੀ ਚਲਾਕ ਅਤੇ ਹੁਸ਼ਿਆਰ ਰਾਜਨੀਤਕ ਸੀ। ਲਾਰਡ ਵੇਵਲ ਨੇ ਵੀ ਇਸ ਵਾਰੇ ਇਸ ਤਰਾਂ ਵਰਨਣ ਕੀਤਾ:

“Gandhi is a very tough politician and not a saint.” Lord Wavell Viceroy of India, in his The Viceroy’s Journal, London 1973.

ਲਾਰਡ ਵੇਵਲ ਅਨੁਸਾਰ ਵੀ “ਮਹਾਤਮਾ ਗਾਂਧੀ ਇੱਕ ਪੱਕਾ ਰਾਜਨੀਤਕ ਸੀ ਉਹ ਕੋਈ ਸੰਤ ਨਹੀ ਸੀ। “

ਗਾਂਧੀ ਦੀ ਇਸ ਚਾਲ ਨੂੰ ਸਮਝਣ ਲਈ ਹੋਰ ਘਟਨਾਂਵਾਂ ਨੂੰ ਚੰਗੀ ਤਰਾਂ ਘੋਖਣ ਦੀ ਜ਼ਰੂਰਤ ਹੈ। ਗਾਂਧੀ ਇਹ ਚਾਂਹੁੰਦਾ ਸੀ ਕਿ ਮੁਲਾਜ਼ਮ ਅੰਗਰੇਜ਼ ਸਰਕਾਰ ਦਾ ਬਾਈਕਟ ਕਰਨ ਅਤੇ ਜੋ ਅੰਗਰੇਜ਼ ਸਰਕਾਰ ਲਈ ਕੰਮ ਕਰਦੇ ਹਨ ਉਹ ਕੰਮ ਕਰਨਾ ਬੰਦ ਕਰ ਦੇਣ। ਇਸ ਸਬੰਧ ਵਿੱਚ ਮਾ: ਤਾਰਾ ਸਿੰਘ ਨੇ ਗਾਂਧੀ ਨੂੰ ਇੱਕ ਪੱਤਰ ਲਿਖਿਆ ਕਿ ਸਿੱਖ ਤਾ ਜ਼ਿਆਦਾ ਤਰ ਮਿਲਟਰੀ ਅਤੇ ਪੁਲੀਸ ਵਿੱਚ ਕੰਮ ਕਰਦੇ ਹਨ ਇਸ ਤਰਾਂ ਬਾਈਕਾਟ ਕਰਨ ਨਾਲ ਅੰਗਰੇਜ਼ ਸਰਕਾਰ ਇਨ੍ਹਾ ਨੂੰ ਬਾਗੀ ਕਰਾਰ ਦੇ ਕੇ ਜੇਲ ਵਿੱਚ ਬੰਦ ਕਰ ਦੇਵੇਗੀ। ਤਾਂ ਗਾਂਧੀ ਦਾ ਜੁਵਾਬ ਸੀ:

“ਤੁਸੀ ਤਾਂ ਆਪਣੀ ਕਮਿਉਨਟੀ ਦੀ ਗੱਲ ਕਰਦੇ ਹੋ ਮੈਂ ਇੱਕ ਭਾਰਤੀ ਹਾਂ ਮੈਂ ਇਸ ਜਾਂ ਉਸ ਕਮਿਉਨਟੀ ਦੀ ਗੱਲ ਨਹੀ ਕਰਦਾ।”

ਇਸ ਤੋਂ ਇਹ ਸਾਫ ਜ਼ਾਹਿਰ ਹੋ ਜਾਂਦਾ ਸੀ ਕਿ ਗਾਂਧੀ ਇੱਕ ਪੱਕਾ ਦੇਸ ਭਗਤ ਹੈ ਉਹ ਹਿੰਦੂ ਸਿੱਖ ਅਤੇ ਮੁਸਲਮਾਨ ਦੇ ਵਿਤਕਰੇ ਤੋਂ ੳਪਰ ਹੈ। ਇਸ ਦੇ ਉਲਟ ਜਦੋਂ ਦਲਤਾਂ ਦੇ ਹਿੰਦੂ ਧਰਮ ਨੂੰ ਬਦਲਣ ਦਾ ਮਸਲਾ ਕਾਫੀ ਗਰਮ ਸੀ। ਮਾ: ਤਾਰਾ ਸਿੰਘ ਦਾ ਪੱਕਾ ਵਿਸ਼ਵਾਸ ਸੀ ਕਿ ਦਲਤ ਚਾਹੇ ਸਿੱਖ ਜਾਂ ਮੁਸਲਮਾਨ ਧਰਮ ਨੂੰ ਅਪਨਾਹ ਲੈਣ ਪਰ ਗਾਂਧੀ ਦੇ ਲਈ ਇਹ ਦੋਵੇ ਇੱਕ ਬਰਾਬਰ ਹਨ। ਇਸ ਕਰਕੇ ਮਾ: ਤਾਰਾ ਸਿੰਘ ਨੇ ਮਾ: ਸੁਜਨ ਸਿੰਘ ਨੂੰ ਗਾਂਧੀ ਕੋਲ ਦਲਤਾਂ ਦੇ ਸਿੱਖ ਧਰਮ ਨੂੰ ਧਾਰਨ ਕਰਨ ਦੇ ਸਬੰਧ ਵਿੱਚ ਵਿਚਾਰ ਜਾਨਣ ਲਈ ਭੇਜਿਆ:

ਮਾ: ਸੁਜਨ ਸਿੰਘ – ਕੀ ਤੁਹਾਂਨੂੰ ਕੋਈ ਇਤਰਾਜ਼ ਹੈ ਕਿ ਜੇ ਦਲਤ ਸਿੱਖ ਧਰਮ ਨੂੰ ਧਾਰਨ ਕਰ ਲੈਣ?

ਮਹਾਤਮਾ ਗਾਂਧੀ - ਕੀ ਸਿੱਖ ਹਿੰਦੂ ਹਨ?

ਮਾ: ਸੁਜਨ ਸਿੰਘ – ਨਹੀ।

ਮਹਾਤਮਾ ਗਾਂਧੀ – ਜੇ ਸਿੱਖ ਹਿੰਦੂ ਨਹੀ ਤਾਂ ਫਿਰ ਸਿੱਖ ਅਤੇ ਮੁਸਲਮਾਨ ਵਿੱਚ ਕੀ ਫਰਕ ਹੈ ਜੇ ਦਲਤ ਹਿੰਦੂ ਨਹੀ ਰਹਿਣਾ ਚਾਂਹੁੰਦੇ ਤਾਂ ਸਿੱਖ ਕਿਉ ਬਣਨ, ਕਿਉ ਨਹੀ ਦਲਤ ਮੁਸਲਮਾਨ ਧਰਮ ਧਾਰਨ ਕਰ ਲੈਂਦੇ?

ਇਹ ਸਭ ਸੁਨਣ ਉਪਰੰਤ ਸੁਜਨ ਸਿੰਘ ਨੇ ਗਾਂਧੀ ਦਾ ਮਾ: ਤਾਰਾ ਸਿੰਘ ਨੂੰ ਉਪਰ ਲਿਖੇ ਪੱਤਰ ਵਲ ਧਿਆਨ ਦਵਾਇਆ ਕਿ ਤੁਸੀ ਤਾਂ ਆਪਣੇ ਆਪ ਨੂੰ ਇੱਕ ਭਾਰਤੀ ਕਹਾਂਉਦੇ ਹੋ ਤਾਂ ਤੁਹਾਨੂੰ ਇੱਕ ਸਿੱਖ ਅਤੇ ਮੁਸਲਮਾਨ ਵਿੱਚ ਕਿਉ ਫਰਕ ਨਜ਼ਰ ਆਂਉਦਾ ਹੈ। ਆਖਿਰ ਨੂੰ ਉਹ ਭਾਰਤੀ ਹੀ ਹਨ। ਕੀ ਤੁਹਾਨੂੰ ਡਾ: ਅਬੇਡਕਾਰ ਦੇ ਇੱਕ ਸਿੱਖ ਬਣਨ, ਮੁਸਲਮਾਨ ਬਨਣ ਜਾਂ ਹਿੰਦੂ ਰਹਿਣ ਵਿੱਚ ਕਿਉ ਕੋਈ ਫਰਕ ਲੱਗਦਾ ਹੈ? ਇਹ ਸੁਣਕੇ ਗਾਂਧੀ ਨੇ ਬੁਹਤ ਹੈਰਾਨੀ ਨਾਲ ਜੁਵਾਬ ਦਿੱਤਾ ਕਿ ਮੇਰੇ ਪਾਸ ਗੱਲਬਾਤ ਲਈ ਹੋਰ ਸਮਾ ਨਹੀ।

ਮਾ: ਸੁਜਨ ਸਿੰਘ ਨੇ ਕਿਹਾ ਕਿ ਗਾਂਧੀ ਜੀ ਤੁਸੀ ਪਾਖੰਡੀ ਹੋ, ਇਹ ਕਹਿ ਕੇ ਉਹ ਉਥੋਂ ਚਲ ਪਿਆ।

ਮਹਾਤਮਾ ਗਾਂਧੀ ਸਿੱਖ ਕੌਮ ਪ੍ਰਸਤੀ ਨੂੰ ਮੁਸਲਮਾਨ ਰਾਸ਼ਟਰਵਾਦ ਨਾਲੋਂ ਕਿਤੇ ਵੱਧ ਨਫਰਤ ਦੀ ਨਿਗਾਹ ਨਾਲ ਵੇਖਦਾ ਸੀ। ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਗਾਂਧੀ ਨੇ ਕਦੇ ਵੀ ਸਵੀਕਾਰ ਨਹੀ ਸੀ ਕੀਤੀ। ਆਰ. ਐਸ. ਐਸ. ਵਾਂਗ ਗਾਂਧੀ ਵੀ ਸਿੱਖਾਂ ਨੂੰ ਹਿੰਦੂਆਂ ਦੀ ਹੀ ਇੱਕ ਸ਼ਾਖ ਮੰਨਦਾ ਸੀ। ਸਿੱਖਾਂ ਦੇ ਧਾਰਮਿਕ ਚਿੰਨ੍ਹਾ ਅਤੇ ਰੀਤੀ ਰਿਵਾਜਾਂ ਨਾਲ ਗਾਂਧੀ ਨੂੰ ਬੜੀ ਚਿੜ ਸੀ। ਰਾਜ ਕਰੇਗਾ ਖਾਲਸਾ ਤੋਂ ਬੁਹਤ ਜਲਦਾ ਸੀ। ਗਾਂਧੀ ਗੁਰਮੁੱਖੀ ਲਿੱਪੀ ਦਾ ਵੀ ਬੁਹਤ ਡੱਟ ਕੇ ਵਿਰੋਧ ਕਰਦਾ ਸੀ ਕਿਉਕਿ ਉਹ ਸਮਝਦਾ ਸੀ ਕਿ ਗੁਰਮੁੱਖੀ ਦੀ ਘਾੜਤ ਵੀ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖਰਾ ਕਰਨ ਵਾਸਤੇ ਘੜੀ ਗਈ ਸੀ। ਗਾਂਧੀ ਜੀ ਨੇ ਆਪਣੇ ਪੇਪਰ ਯੰਗ ਇੰਡੀਆ 9 ਅਪਰੈਲ 1925 ਨੂੰ ਗੁਰੂ ਗੋਬਿੰਦ ਸਿੰਘ ਜੀ ਵਾਰੇ ਜੋ ਜ਼ਹਿਰ ਉਗਲਿਆ ਉਸ ਨੂੰ ਸਿੱਖ ਕਦੇ ਭੁਲਾ ਨਹੀ ਸਕਦੇ ਕਿ “ਗੁਰੂ ਗੋਬਿੰਦ ਸਿੰਘ ਜੀ ਇੱਕ ਗੁਮਰਾਹਕੁਨ ਦੇਸ ਭਗਤ ਸਨ।”

Accrding to M. M. Kothari “ Gandhi was a crook in calling Shivaji, Rana Pratap Singh and Guru Govind Singh a misguided patriots.”

ਐਮ. ਐਮ. ਕੋਠਾਰੀ ਅਨੁਸਾਰ “ਸ਼ਿਵਾਜੀ, ਰਾਣਾ ਪਰਤਾਪ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਮਰਾਹਕੁੰਨ ਦੇਸ ਭਗਤ ਕਹਿਣ ਵਿੱਚ ਗਾਂਧੀ ਇੱਕ ਧੋਖੇਵਾਜ਼ ਸੀ।”

ਵਿਜ਼ੈ ਲਕਸ਼ਮੀ (ਕਸਮੀਰੀ ਬ੍ਰਹਾਮਣ) ਜਵਾਹਰ ਲਾਲ ਨਹਿਰੂ ਦੀ ਭੈਣ ਨੇ ਇਲਾਹਾਬਾਦ ਦੇ ਮੋਲਾਨਾ ਫਾਜ਼ੀਜ਼ ਦੀ ਰਾਂਹੀ ਇਸਲਾਮ ਕਬੂਲ ਕਰ ਲਿਆ ਸੀ ਅਤੇ ਸਾਈਦ ਹੁਸੈਨ (Syed Hussain ) ਨਾਲ ਨਿਕਾਹ ਵੀ ਕਰ ਲਿਆ ਸੀ। ਗਾਂਧੀ ਨੇ ਇਸ ਦਾ ਬੁਹਤ ਜ਼ਿਆਦਾ ਵਿਰੋਧ ਕੀਤਾ ਉਨਾ ਚਿਰ ਚੈਨ ਨਾਲ ਨਹੀ ਬੈਠਾ ਜਿਨਾ ਚਿਰ ਉਹਨਾ ਦਾ ਵਿਆਹ ਤੁੜਵਾ ਨਹੀ ਹਟਿਆ। ਬਾਦ ਵਿੱਚ ਵਿਜ਼ੈ ਲਕਸ਼ਮੀ ਨੂੰ ਆਪਣੇ ਆਸ਼ਰਮ ਵਿੱਚ ਧਾਰਮਿਕ ਸਿੱਖਲਾਈ ਦਿਤੀ ਅਤੇ ਉਸ ਦਾ ਵਿਆਹ ਐਸ ਕੇ ਪੰਡਤ ਨਾਲ ਕਰਵਇਆ। ਵਿਆਹ ਟੁੱਟਣ ਤੋਂ ਬਾਦ ਸਾਈਦ ਹੁਸੈਨ ਅਮਰੀਕਾ ਚਲੇ ਗਿਆ। (Hayat e-md. Ali Jinnah R.A. Jaferi. P 702-703 Taj Office Book Depot, Bombay 1946)

ਇਸ ਦੇ ਉਲਟ ਜਦੋਂ ਇੱਕ ਮੁਸਲਮਾਨ ਲੜਕੀ ਰਿਹਾਨਾ ਤੇਆਬਜ਼ੀ ਜੋ ਕਿ ਇਬਾਸ ਤੇਆਬਜ਼ੀ ਦੀ ਲੜਕੀ ਸੀ ਨੇ ਇੱਕ ਹਿੰਦੂ ਲੜਕੇ ਸ਼ੰਕਰ ਲਾਲ ਬੰਕਰ ਨਾਲ 1929 ਵਿੱਚ ਬਰਲਿਨ ਵਿਖੇ ਵਿਆਹ ਕਰਵਇਆ ਤਾਂ ਗਾਂਧੀ ਜੀ ਨੇ ਤਾਰ ਰਾਂਹੀ ਸ਼ੁਭ ਇਛਾਂਵਾਂ ਭੇਜੀਆਂ।

ਇਸ ਤੋਂ ਇਹ ਸਾਫ ਨਜ਼ਰ ਆਂਉਦਾ ਹੈ ਕਿ ਗਾਂਧੀ ਕਦੇ ਵੀ ਨਹੀ ਸੀ ਚਾਂਹੁੰਦਾ ਕਿ ਡਾ: ਅੰਬੇਡਕਾਰ ਸਿੱਖ ਧਰਮ ਜਾਂ ਮੁਸਲਮਾਨ ਧਰਮ ਨੂੰ ਆਪਣੇ ਸਾਥੀਆ ਸਮੇਤ ਧਾਰਨ ਕਰੇ। ਕਿਉਕਿ ਹਿੰਦੂ ਬੁਹਮਤ ਨੂੰ ਇੱਕ ਵੱਡਾ ਧੱਕਾ ਲਗਦਾ ਸੀ ਕਿਉਕਿ ਇਹ ਬਰਾਬਰ ਦੀ ਰਾਜਨੀਤਕ ਤਾਕਤ ਬਣ ਜਾਂਦੇ ਸਨ। ਗਾਂਧੀ ਹਮੇਸ਼ਾਂ ਇਹ ਚਾਂਹੁੰਦਾ ਸੀ ਕਿ ਉਹ ਬੁੱਧ ਧਰਮ ਜਾਂ ਜੈਨ ਧਰਮ ਨੂੰ ਧਾਰਨ ਕਰ ਲੈਣ, ਕਿਉਂਕਿ ਇਨ੍ਹਾਂ ਦੀ ਕੋਈ ਵੱਖਰੀ ਹੋਂਦ ਨਹੀ ਥੋੜੀ ਜਿਹੀ ਭਿੰਨਤਾ ਹੋਣ ਕਰਕੇ ਇਨ੍ਹਾਂ ਨੂੰ ਹਿੰਦੂ ਹੀ ਸਮਝਿਆ ਜਾਂਦਾ ਸੀ। ਇਸ ਸਭ ਤੋਂ ਇਹ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਗਾਂਧੀ ਨੇ ਡਾ: ਅੰਬੇਡਕਾਰ ਦੇ ਸਿੱਖ ਧਰਮ ਨੂੰ ਅਪਨਾਉਣ ਵਿੱਚ ਬੁਹਤ ਵੱਡੀ ਰਕਾਵਟ ਪਾਈ।

ਕਾਲਜ ਦੀ ਇਮਾਰਤ ਦੀ ਉਸਾਰੀ ਵਾਸਤੇ ਸਰਬ ਹਿੰਦ ਸਿੱਖ ਮਿਸ਼ਨ ਕੋਲ ਮਾਇਆ ਦੀ ਕਮੀ ਸੀ ਇਸ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਲਜ ਦੀ ਉਸਾਰੀ ਦਾ ਕੰਮ ਗੁਰਦੁਆਰਾ ਪ੍ਰਬੰਧਕ ਕਮੇਟੀ ਨਨਕਾਣਾ ਸਹਿਬ ਨੂੰ ਸੌਂਪ ਦਿੱਤਾ। ਉਨ੍ਹਾ ਵਲੋਂ ਮੈਨੇਜਰ ਨਰੈਣ ਸਿੰਘ ਨੂੰ ਬੰਬਈ ਭੇਜ ਦਿੱਤਾ ਗਿਆ। ਨੀਹਾਂ ਭਰਨ ਦਾ ਕੰਮ ਪੂਰਾ ਹੋ ਚੁੱਕਾ ਸੀ ਹੁਣ ਮਾਇਆ ਦੀ ਵੀ ਕੋਈ ਘਾਟ ਨਹੀ ਸੀ। ਇਮਾਰਤ ਦੀ ਉਸਾਰੀ ਦਾ ਕੰਮ ਬੁਹਤ ਜੋਰਾਂ ਉਪਰ ਸ਼ੁਰੂ ਕਰ ਦਿੱਤਾ ਗਿਆ ਸੀ। ਡਾ: ਅੰਬੇਡਕਾਰ 2-3 ਦਿਨ ਬਾਦ ਚਕੱਰ ਲਾਉਣ ਆਂਉਦਾ ਅਤੇ ਆਪਣੇ ਜ਼ਰੂਰੀ ਸੁਝਾਹ ਵੀ ਦਿੰਦਾ ਰਹਿੰਦਾ ਸੀ ਉਸਦੇ ਨਾਲ ਕਾਲਜ ਦੇ ਸਬੰਧ ਵਿੱਚ ਅਤੇ ਹੋਰ ਮਹੱਤਵ ਪਰੂਨ ਵਿਸ਼ਿਆਂ ਉਪਰ ਗੱਲਬਾਤ ਹੁੰਦੀ ਰਹਿੰਦੀ ਸੀ। ਡਾ: ਅੰਬੇਡਕਾਰ ਦੀ ਇੱਛਾ ਸੀ ਕਿ ਕਾਲਜ ਦੀ ਉਸਾਰੀ ਦੇ ਕੰਮ ਦੇ ਨਾਲ ਨਾਲ ਫਰਨੀਚਰ, ਲਾਇਬਰੇਰੀ ਦੀਆਂ ਕਿਤਾਬਾਂ ਅਤੇ ਪਰੈਕਟੀਕਲ ਦਾ ਸਾਰਾ ਸਮਾਨ ਵੀ 20 ਜੂਨ ਤੋਂ ਪਹਿਲੋਂ ਪੂਰਾ ਹੋਣਾ ਚਾਹੀਦਾ ਹੈ। ਕਿਉਕਿ ਦਾਖਲੇ ਵਾਸਤੇ ਯੂਨੀਵਰਸਟੀ ਵਲੋਂ 20 ਜੂਨ ਤੋਂ 10 ਜੁਲਾਈ ਤੱਕ ਦਾ ਸਮਾ ਨੀਯਤ ਹੋਇਆ ਸੀ ਜਿਸ ਦੁਰਾਨ ਵਿਦਿਆਰਥੀਆਂ ਦਾ ਦਾਖਲਾ ਹੋਣਾ ਜ਼ਰੂਰੀ ਸੀ। ਇਸ ਕਰਕੇ ਕਈ ਵਾਰ ਉਸਾਰੀ ਦਾ ਕੰਮ ਰਾਤ ਦੇ ਦੋ ਦੋ ਵਜੇ ਤੱਕ ਲੈਂਪਾਂ ਦੀ ਰੋਸ਼ਨੀ ਵਿੱਚ ਚਲਦਾ ਰਹਿੰਦਾ ਸੀ। ਇਸ ਸਭ ਕੁਛ ਦੇ ਹੁੰਦਿਆਂ ਹੋਇਆ ਵੀ ਡਾ: ਅੰਬੇਡਕਾਰ ਅਗਲਾ ਕਦਮ ਲੈਣ ਲਈ ਦੇਰੀ ਕਰ ਰਿਹਾ ਸੀ ਇਸ ਦੇ ਨਾਲ ਨਾਲ ਦਲਤਾਂ ਵਲੋਂ ਭੇਜੇ ਹੋਏ ਵਿਦਿਆਰਥੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਬੁਹਤ ਦਿਲਚਸਪੀ ਲੈ ਕੇ ਪੜ ਰਹੇ ਸਨ।

ਨਿਗਮ ਦੇ ਪਲਾਟ ਵਿੱਚ ਆਰਜ਼ੀ ਤੌਰ ਤੇ ਇਮਾਰਤ ਖੜੀ ਕਰ ਦਿੱਤੀ ਗਈ। ਪ੍ਰਿਟਿੰਗ ਦਾ ਕੰਮ ਉਸ ਵਿੱਚ ਸ਼ੁਰੂ ਹੋ ਚੁੱਕਾ ਸੀ ਜਨਤਾ ਨਾਮੀ ਪੇਪਰ ਵੀ ਕਢਿਆ ਜਾਂਦਾ ਸੀ। ਇਸ ਸਭ ਕੁੱਝ ਨੂੰ ਦੇਖਦਿਆਂ ਹੋਇਆ ਡਾ: ਅੰਬੇਡਕਾਰ ਕੋਈ ਵੀ ਵਾਇਦਾ ਨਹੀ ਸੀ ਕਰਨਾ ਚਾਹੁੰਦਾ। ਆਖਿਰ ਨੂੰ ਪਿੰਸੀਪਲ ਬਾਵਾ ਹਰਕਿਸ਼ਨ ਸਿੰਘ, ਕਸ਼ਮੀਰ ਸਿੰਘ, ਮਾ: ਸੁਜਨ ਸਿੰਘ ਸਰਹਾਲੀ, ਜਥੇਦਾਰ ਤੇਜਾ ਸਿੰਘ ਅਖਰਪੁਰੀ ਅਤੇ ਈਸ਼ਰ ਸਿੰਘ ਮਝੈਲ ਇਸ ਮਸਲੇ ਵਾਰੇ ਡਾ: ਅੰਬੇਡਕਾਰ ਨਾਲ ਗੱਲਬਾਤ ਕਰਨ ਲਈ ਬੰਬਈ ਪੁਹੰਚੇ। ਪਰ ਡਾ: ਅੰਬੇਡਕਾਰ ਗਰਮੀਆਂ ਦੀਆਂ ਛੁੱਟੀਆਂ ਵਾਸਤੇ ਜੰਜ਼ੀਰਾਂ ਟਾਪੂ (Janjeera Island ) ਨੂੰ ਜਾ ਚੁੱਕਾ ਸੀ। ਬੰਬਈ ਤੋਂ ਇਸ ਵਫਦ ਦੇ ਨਾਲ ਸਥਾਨਕ ਗੁਰਦੁਆਰਾ ਸਿੰਘ ਸਭਾ ਦਾ ਪ੍ਰਧਾਨ ਸ: ਗੁਰਦਿੱਤ ਸਿੰਘ ਸੇਠੀ ਅਤੇ ਨਰੈਣ ਸਿੰਘ ਵੀ ਸ਼ਾਮਲ ਹੋ ਗਏ। ਅਗਲੀ ਸਵੇਰ ਨੂੰ ਸਾਰੇ ਜੰਜੀਰਾ ਟਾਪੂ ਵਿਖੇ ਪੁਹੰਚ ਗਏ। ਡਾ: ਅੰਬੇਡਕਾਰ ਉਨ੍ਹਾਂ ਨੂੰ ਵੇਖਕੇ ਬੜਾ ਹੈਰਾਨ ਹੋਇਆ ਪਰ ਉਨ੍ਹਾ ਸਾਰਿਆਂ ਨਾਲੋਂ ਬੁਹਤ ਜ਼ਿਆਦਾ ਹੁਸ਼ਿਆਰ ਅਤੇ ਦੂਰ ਅੰਦੇਸ਼ ਹੋਣ ਕਰਕੇ ਬੜੀ ਗੰਭੀਰਤਾ ਨਾਲ ਗੱਲਬਾਤ ਕਰਨ ਉਪਰੰਤ ਸਾਰੇ ਦਾ ਸਾਰਾ ਦੋਸ਼ ਹਿੰਦੂ ਲੀਡਰਾਂ ਉਪਰ ਮੜ ਦਿੱਤਾ। ਕਿਉਕਿ ਫਿਰਕੂ ਹਿੰਦੂ ਲੀਡਰ ਇਸ ਨੂੰ ਤਾਰਪੀਡੋ ਕਰਨਾ ਚਾਂਹੁੰਦੇ ਸਨ ਇਸ ਕਰਕੇ ਉਨ੍ਹਾਂ ਨੇ ਇੱਕ ਵੱਡੀ ਗਿਣਤੀ ਵਿੱਚ ਦਲਤਾਂ ਨੂੰ ਮੇਰੇ ਖਿਲਾਫ ਖੜਾ ਕਰ ਲਿਆ ਹੈ। ਇਸ ਦੇ ਨਾਲ ਹੀ ਗਾਂਧੀ ਦੇ ਹਿੰਦੂ ਚੇਲਿਆ ਨੇ ਐਮ. ਸੀ. ਰਾਜਾ, ਇੱਕ ਤਾਮਿਲ ਹਰੀਜਨ ਨੂੰ ਮੇਰੇ ਖਿਲਾਫ ਵਰਤਣ ਲਈ ਖਰੀਦ ਲਿਆ ਜਿਹੜਾ ਕੇ ਵਿਸੇਸ਼ ਚੋਣ ਮੰਡਲ ਦਾ ਬੁਹਤ ਸਰਗਰਮ ਹਮਾਇਤੀ ਸੀ ਰਾਤੋ ਰਾਤ ਬਦਲ ਕੇ ਗਾਂਧੀ ਦਾ ਚਮਚਾ ਬਣ ਗਿਆ।

M.C. Raja, a Tamil Harijan, was purchased by Gandhi’s Hindu followers to fight Babasaheb. A fellow who was an ardent supporter of separate electorate became a Gandhi stooge over night. (Dr. Amedkar Writings and speeches Vol. 5 p.356 Govt of Maharastra,1989).

ਬਾਵਾ ਹਰਕਿਸ਼ਨ ਸਿੰਘ ਨੇ ਇੱਕ ਵੱਖਰੀ ਰੀਪੋਰਟ ਵਿੱਚ ਡਾ ਅੰਬੇਡਕਾਰ ਤੋਂ ਪੁੱਛਿਆ:

1. ਕੀ ਤੁਸੀ ਕੋਈ ਫੈਸਲਾ ਕੀਤਾ ਹੈ ਕਿ ਨਹੀ?

2. ਕੀ ਤਹਾਨੂੰ ਫੈਸਲਾ ਕਰਨ ਲਈ ਕਿੰਨਾ ਕੁ ਹੋਰ ਸਮਾ ਚਾਹੀਦਾ ਹੈ?

3. ਕੀ ਤੁਸੀ ਆਪਣਾ ਫੈਸਲਾ ਗੁਪਤ ਰੱਖਣਾ ਚਾਂਹੁੰਦੇ ਹੋ ਜਿਸ ਨੂੰ ਬਾਦ ਵਿੱਚ ਜਨਤਾ ਦੇ ਸਾਹਮਣੇ ਰੱਖਣਾ ਪਸੰਦ ਕਰਦੇ ਹੋ?

ਡਾ: ਅੰਬੇਡਕਾਰ ਦਾ ਜੁਵਾਬ ਸੀ ਕਿ ਉਹ ਕੋਈ ਫੈਸਲਾ ਨਹੀ ਲੈ ਸਕਦਾ ਅਤੇ ਨਾ ਹੀ ਹੋਰ ਸਮੇ ਦੀ ਜ਼ਰੂਰਤ ਹੈ। ਇਸ ਤੋਂ ਸਾਫ ਜ਼ਾਹਿਰ ਹੋ ਚੁੱਕਾ ਸੀ ਕਿ ਉਸ ਦਾ ਜੁਵਾਬ ਨਾ ਵਿੱਚ ਹੈ ਪਰ ਅਸੀ ਫੋਕੀਆਂ ਆਸਾਂ ਨਾ ਛੱਡੀਆ ਪਰ ਅਸੀ ਇਸ ਗੱਲ ਨੂੰ ਸਮਝਣ ਵਿੱਚ ਅਸਮਰਥ ਰਹੇ ਕਿ ਹਿੰਦੂ ਦੀ ਸੋਚ ਸੁਧਾਰਨ ਅਤੇ ਖੁਲ ਦਿਲੇ ਮਨੁੱਖ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੀ ਹੈ ਜਿਸਦੀ ਡੁੰਘਾਈ ਤੱਕ ਅਸੀ ਸੋਚ ਵੀ ਨਹੀ ਸਕਦੇ।

ਜਦੋਂ ਕਿ ਸਿੱਖ ਧਰਮ ਨੂੰ ਅਪਨਾਉਣ ਵਾਸਤੇ ਕਿਸੇ ਦੇ ਗੇੜੇ ਕਢਣ ਦੀ ਵੀ ਕੋਈ ਲੋੜ ਨਹੀ ਤੁਸੀ ਜਦੋਂ ਜੀਅ ਚਾਹੇ ਬਗੈਰ ਕਿਸੇ ਸ਼ਰਤ ਦੇ ਸਿੱਖ ਧਰਮ ਨੂੰ ਧਾਰਨ ਕਰ ਸਕਦੇ ਹੋ। ਸਿੱਖ ਦੀ ਪਰੀਭਾਸ਼ਾ ਅਨੁਸਾਰ “ਜੋ ਇਸਤਰੀ ਜਾ ਪੁਰਸ਼ ਇੱਕ ਅਕਾਲ ਪੁਰਖ ਦਸ ਗੁਰੂ ਸਾਹਿਬਾਨ, ਸ਼੍ਰੀ ਗੁਰੂ ਗੁਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀ ਮੰਨਦਾ, ਉਹ ਸਿੱਖ ਹੈ।” 21 ਸਾਲਾਂ ਬਾਦ 14 ਅਗੱਸਤ 1956 ਨੂੰ ਲੱਗਭਗ 500, 000 ਦਲਤਾਂ ਦੇ ਨਾਲ ਹਿੰਦੂ ਫਿਲਾਸ਼ਫੀ ਨੂੰ ਨਕਾਰ ਕੇ ਬੁੱਧ ਧਰਮ ਨੂੰ ਧਾਰਨ ਕਰ ਲਿਆ। ਇਨ੍ਹਾਂ ਲੰਮਾ ਸਮਾ ਲੈਣ ਦੀ ਕੀ ਜ਼ਰੂਰਤ ਪਈ ਇਸ ਵਾਰੇ ਤਾਂ ਉਹ ਆਪ ਹੀ ਜਾਣਦਾ ਹੋਵੇਗਾ। ਆਖਿਰ ਨੂੰ ਡਾ: ਅੰਬੇਡਕਾਰ 6 ਦਸੰਬਰ 1956 ਨੂੰ ਸਦਾ ਵਾਸਤੇ ਇਸ ਸੰਸਾਰ ਤੋਂ ਚਾਲੇ ਪਾ ਗਿਆ।

ਡਾ: ਅੰਬੇਡਕਾਰ ਨੂੰ ਬੁੱਧ ਧਰਮ ਵਾਰੇ ਜਾਣਕਾਰੀ ਬਚਪੱਨ ਤੋਂ ਹੀ ਹਾਸਿਲ ਸੀ ਇਸ ਵਾਰੇ ਬੁਹਤ ਪੜਿਆ ਅਤੇ ਸੁਣਿਆ ਹੋਣ ਕਰਕੇ ਬੁਧ ਧਰਮ ਵੱਲ ਝਕਾ ਹੋਣਾ ਕੁਛ ਕੁਦਰਤੀ ਸੀ। ਜਿਹੜੀ ਸੋਚ ਬੱਚਪਨ ਤੋਂ ਬਣ ਜਾਂਦੀ ਹੈ ਉਸ ਨੂੰ ਬਦਲਣਾ ਕੁਛ ਮੁਸ਼ਕਲ ਹੋ ਜਾਂਦਾ ਹੈ। ਅੰਬੇਡਕਾਰ ਨੂੰ ਸਿੱਖ ਬਨਣ ਤੋਂ ਰੋਕਣ ਵਿੱਚ ਜੋ ਰੋਲ ਮਹਾਤਮਾ ਗਾਂਧੀ ਨੇ ਨਿਭਾਇਆ ਉਹ ਵੀ ਅਤ ਨਿੰਦਣ ਯੋਗ ਹੈ। ਗਾਂਧੀ ਕਦੇ ਵੀ ਨਹੀ ਸੀ ਚਾਂਹੁੰਦਾ ਕਿ ਅਛੂਤ ਸਿੱਖ ਬਨਣ, ਕਿਉਕਿ ਉਸ ਨੇ ਸਿੱਖ ਕੌਮ ਦੀ ਅਜਾਦ ਹੱਸਤੀ ਨੂੰ ਕਦੇ ਵੀ ਸਵੀਕਾਰ ਨਹੀ ਸੀ ਕੀਤਾ। ਉਸ ਨੂੰ ਸਦਾ ਇਹ ਡਰ ਖਾ ਰਿਹਾ ਸੀ ਕਿ ਵੱਡੀ ਗਿਣਤੀ ਵਿੱਚ ਦਲਤਾਂ ਦੇ ਸਿੱਖ ਬਣਨ ਨਾਲ ਹਿੰਦੂਆਂ ਦੀ ਰਾਜਸੀ ਤਾਕਤ ਨੂੰ ਬੁਹਤ ਵੱਡਾ ਧੱਕਾ ਲਗ ਸਕਦਾ ਹੈ। ਇਸ ਕਰਕੇ ਗਾਂਧੀ ਨੇ ਹਰ ਦਾਅ ਵਰਤਿਆ ਕਿ ਉਹ ਸਿੱਖ ਧਰਮ ਦੀ ਬਿਜਾਏ ਬੁਧ ਧਰਮ ਜਾਂ ਜੈਨ ਧਰਮ ਨੂੰ ਧਾਰਨ ਕਰ ਲੈਣ ਜਿਸ ਨਾਲ ਹਿੰਦੂਆਂ ਨੂੰ ਕੋਈ ਫਰਕ ਨਹੀ ਪੈਂਦਾ ਕਿਉਕਿ ਦੋਵੇਂ ਆਖਰ ਨੂੰ ਹਿੰਦੂ ਹੀ ਹਨ। ਇਸ ਦੀ ਪ੍ਰੋੜਤਾ ਸਰ ਮਾਈਕਲ ਐਡਵਰਡ ਨੇ ਆਪਣੇ ਸ਼ਬਦਾਂ `ਚ ਇਸ ਤਰਾਂ ਕੀਤੀ: “ਗਾਂਧੀ ਜੀ ਦੀ ਜੀਵਨੀ ਹਿੰਦੂ ਸੀ, ਉਸਦਾ ਸਨੇਹਾ ਹਿੰਦੂ ਸੀ, ਉਸਦੀ ਸੋਚ ਹਿੰਦੂ ਸੀ”।

ਜਿਥੇ ਬੰਬਈ ਦੇ ਸਿੱਖ ਡਾ: ਅੰਬੇਡਕਾਰ ਨੂੰ ਸਿੱਖ ਧਰਮ ਵਿੱਚ ਲਿਆਂਉਣ ਲਈ ਕਾਫੀ ਉਤਸ਼ਾਹਿਤ ਸਨ ਕਿਉਕਿ ਏਡੀ ਵੱਡੀ ਗਿਣਤੀ ਵਿੱਚ ਦਲਤਾਂ ਦੇ ਸਿੱਖ ਬਨਣ ਨਾਲ ਉਨ੍ਹਾਂ ਨੂੰ ਆਪਣਾ ਭਵਿੱਖ ਕਾਫੀ ਉਜਲਾ ਨਜ਼ਰ ਆਂਉਦਾ ਸੀ। ਉਥੇ ਸਿੱਖ ਲੀਡਰਸ਼ਿਪ ਰਾਜਸੀ ਸਤ੍ਹਾ ਨੂੰ ਹਥਿਆਉਣ ਵਿੱਚ ਕਾਫੀ ਖੱਚਤ ਸੀ ਉਨ੍ਹਾਂ ਧਰਮ ਦੇ ਪ੍ਰਚਾਰ ਲਈ ਜਾਂ ਇਸ ਦੀ ਪ੍ਰਫੁਲਤਾ ਵਾਸਤੇ ਕਦੇ ਵੀ ਕੋਈ ਖਾਸ ਉਪਰਾਲੇ ਨਹੀ ਕੀਤੇ। ਜਿਸ ਦੀ ਮਿਸਾਲ ਅਜ ਵੀ ਤੁਹਾਡੇ ਸਾਹਮਣੇ ਹੈ ਕਿ ਕਿਸ ਤਰਾਂ ਭਾਰਤੀ ਜਨਤਾ ਪਾਰਟੀ ਦੇ ਹਿਮਾਇਤੀ ਆਰ. ਐਸ. ਐਸ. ਦੇ ਇਸ਼ਾਰੇ ਤੇ ਆਪਣਾ ਪਾਸ ਕੀਤਾ ਹੋਇਆ ਅਤੇ ਸਤ ਸਾਲ ਲਾਗੂ ਰਹਿਣ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਮਲੀਆ ਮੇਟ ਕੀਤਾ ਜਿਹੜਾ ਕਿ ਸਿੱਖ ਕੌਮ ਦਾ ਪ੍ਰਤੀਕ ਸੀ। ਅਤੇ ਦੀਵਾਲੀ ਵਾਲੇ ਦਿਨ ਕੌਮ ਦੇ ਨਾਮ ਤੇ ਇੱਕ ਹੋਰ ਸ਼ੰਦੇਸ ਜਾਰੀ ਕਰਕੇ ਨਵਾ ਭੰਬਲ ਭੂਸਾ ਖੜਾ ਕਰ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ 24 ਨਵੰਬਰ ਦੀ ਬਿਜਾਏ 10 ਦਸੰਬਰ ਨੂੰ ਮਨਾਉਣ ਦਾ ਐਲਾਨ ਕਢ ਮਾਰਿਆ। ਜਦੋ ਕਿ ਤਖ਼ਤ ਸ਼੍ਰੀ ਕੇਸਗੜ ਵਿਖੇ ਇਸ ਵਾਰ ਵੀ ਸ਼ਹੀਦੀ ਪੁਰਬ ਅਸਲ ਨਾਨਕਸ਼ਾਹੀ ਕੈਲੰਡਰ ਮਤਾਬਿਕ ਹੀ ਮਨਾਇਆ ਗਿਆ। ਇਥੇ ਹੀ ਬੱਸ ਨਹੀ ਹਰ ਰੋਜ਼ ਸਿੱਖੀ ਸਿਧਾਂਤਾਂ ਦਾ ਖਿਲਵਾੜ ਇਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਕੀਤਾ ਜਾ ਰਿਹਾ ਹੈ ਇਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ਜਿਸ ਕਰਕੇ ਇਨ੍ਹਾਂ ਉਪਰ ਕੋਈ ਅਸਰ ਨਹੀ ਹੁੰਦਾ। ਉਸ ਸਮੇ ਦੀ ਅਤੇ ਅਜੋਕੀ ਸਿੱਖ ਲੀਡਰਸ਼ਿਪ ਨੂੰ ਸਿੱਖ ਕੌਮ ਕਦੇ ਵੀ ਮਾਫ ਨਹੀ ਕਰੇਗੀ।
.