ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 04)
ਰਾਮਿ
ਨਾਮਿ ਚਿਤੁ ਰਾਪੈ ਜਾ ਕਾ॥ ਉਪਜੰਪਿ ਦਰਸਨੁ ਕੀਜੈ ਤਾ ਕਾ॥ ੧॥
ਰਾਮ ਨਾ ਜਪਹੁ ਅਭਾਗੁ ਤੁਮਾਰਾ॥ ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ॥ ੧॥ ਰਹਾਉ॥
ਗੁਰਮਤਿ ਰਾਮੁ ਜਪੈ ਜਨੁ ਪੂਰਾ॥ ਤਿਤੁ ਘਟ ਅਨਹਤ ਬਾਜੈ ਤੂਰਾ॥ ੨॥
ਜੋ ਜਨ ਰਾਮ ਭਗਤਿ ਹਰਿ ਪਿਆਰਿ॥ ਸੇ ਪ੍ਰਭਿ ਰਾਖੇ ਕਿਰਪਾ ਧਾਰਿ॥ ੩॥
ਜਿਨ ਕੈ ਹਿਰਦੈ ਹਰਿ ਹਰਿ ਸੋਈ॥ ਤਿਨ ਕਾ ਦਰਸੁ ਪਰਸਿ ਸੁਖੁ ਹੋਈ॥ ੪॥
ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ॥ ੫॥
ਸੋ ਬੂਝੈ ਜੋ ਸਤਿਗੁਰੁ ਪਾਏ॥ ਹਉਮੈ ਮਾਰੇ ਗੁਰ ਸਬਦੇ ਪਾਏ॥ ੬॥
ਅਰਧ ਉਰਧ ਕੀ ਸੰਧਿ ਕਿਉ ਜਾਨੈ॥ ਗੁਰਮੁਖਿ ਸੰਧਿ ਮਿਲੈ ਮਨੁ ਮਾਨੈ॥ ੭॥
ਹਮ ਪਾਪੀ ਨਿਗੁਣ ਕਉ ਗੁਣੁ ਕਰੀਐ॥ ਪ੍ਰਭ ਹੋਇ ਦਇਆਲੁ ਨਾਨਕ ਜਨੁ ਤਰੀਐ॥ ੮॥ (੨੨੮)
॥ ਰਹਾਉ॥ ਰਾਮ ਨਾ ਜਪਹੁ ਅਭਾਗੁ ਤੁਮਾਰਾ॥ ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ॥ ੧॥ ਰਹਾਉ॥
ਹੇ ਭਾਈ, ਜੇ ਤੁਸੀਂ ਰਾਮ ਦਾ ਨਾਮ ਨਹੀਂ ਜਪਦੇ, ਤਾਂ ਇਹ ਤੁਹਾਡਾ ਅਭਾਗ, ਤੁਹਾਡੀ ਬਦ-ਕਿਸਮਤੀ ਹੀ
ਹੈ।
ਜੁਗਾਂ ਜੁਗਾਂ ਤੋਂ ਪਰਮਾਤਮਾ ਹੀ ਸਾਨੂੰ, ਦਾਤਾਂ ਦੇ ਰਿਹਾ ਹੈ, ਉਹ ਵੀ ਕਿਸੇ ਕੀਮਤ ਤੋਂ ਬਗੈਰ,
ਬਿਨਾ ਕਿਸੇ ਲਾਲਚ, ਬਿਨਾ ਕਿਸੇ ਵਿਤਕਰੇ ਦੇ। ਅਜਿਹੇ ਦਾਤੇ ਨੂੰ, ਵਿਸਾਰ ਦੇਣਾ, ਮੰਦੇ ਭਾਗਾਂ ਦੀ
ਨਿਸ਼ਾਨੀ ਹੀ ਹੈ।
॥ ੧॥ ਰਾਮਿ ਨਾਮਿ ਚਿਤੁ ਰਾਪੈ ਜਾ ਕਾ॥ ਉਪਜੰਪਿ ਦਰਸਨੁ ਕੀਜੈ ਤਾ ਕਾ॥ ੧॥
ਜਿਸ ਬੰਦੇ ਦਾ ਮਨ, ਰਾਮ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ, ਜਿਸ ਦਾ ਮਨ ਪ੍ਰਭੂ ਦੇ ਹੁਕਮ ਵਿੱਚ
ਚਲ ਕੇ ਖੁਸ਼ ਹੁੰਦਾ ਹੈ, ਨਿਤ ਸਵੇਰੇ ਉਠ ਕੇ ਉਸ ਦਾ ਦਰਸ਼ਨ ਕਰਨਾ ਚਾਹੀਦਾ ਹੈ। ਉਸ ਦੀ ਸੰਗਤ ਕਰ ਕੇ
ਉਸ ਦੇ ਜ਼ਿੰਦਗੀ ਦੇ ਫਲਸਫੇ ਨੂੰ ਸਮਝਣਾ ਚਾਹੀਦਾ ਹੈ। ਪਤਾ ਨਹੀਂ ਸਿੱਖਾਂ ਨੇ ਪੁਜਾਰੀਆਂ ਦੇ ਆਖੇ ਲਗ
ਕੇ ਕਿਵੇ, ਇਸ ਦਰਸ਼ਨ ਕਰਨ ਨੁੰ ਮੂੰਹ ਵੇਖਣਾ ਕਰ ਦਿੱਤਾ ਹੈ? ਅਸੀਂ ਗੋਲਪੱਗੇ ਵੇਹਲੜਾਂ ਦੇ ਮੂੰਹ
ਵੇਖ ਕੇ ਹੀ ਆਪਣੇ ਆਪ ਨੂੰ ਖੁਸ਼-ਕਿਸਮਤ ਸਮਝ ਲੈਂਦੇ ਹਾਂ। ਜਦ ਕਿ ਗੁਰਬਾਣੀ ਕਹਿੰਦੀ ਹੈ,
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (੫੯੪)
ਜਿੰਨਾ ਵੀ ਸੰਸਾਰ ਹੈ, ਉਹ ਸਾਰਾ ਕਿਸੇ ਨ ਕਿਸੇ ਰੂਪ ਵਿਚ, ਸ਼ਬਦ ਗੁਰੂ ਨੂੰ ਵੇਖਦਾ ਹੈ। (ਸਿੱਖ ਉਸ
ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਵੇਖਦੇ ਹਨ) ਪਰ ਖਾਲੀ ਵੇਖਣ ਨਾਲ ਹੀ ਬੰਦਾ ਮੁਕਤ ਨਹੀਂ
ਹੋ ਜਾਂਦਾ, ਮੁਕਤ ਹੋਣ ਲਈ, ਉਸ ਨੂੰ, ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦ ਨੂੰ ਵਿਚਾਰਨ ਦੀ ਲੋੜ ਹੈ।
ਫਿਰ ਉਸ ਵਿਚਾਰੇ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਲੋੜ ਪੈਂਦੀ ਹੈ। ਕੀ ਅਸੀਂ ਕਦੀ ਇਸ ਬਾਰੇ ਵਿਚਾਰ
ਕੀਤਾ ਹੈ ਕਿ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਾਲੀ ਵੇਖਣ ਨਾਲ ਹੀ ਸਾਡਾ ਕੁੱਝ ਵੀ ਭਲਾ ਨਹੀਂ
ਹੋਣ ਵਾਲਾ, ਤਾਂ ਮਿੱਟੀ ਦੇ ਪੁਤਲਿਆਂ ਨੂੰ ਵੇਖ ਕੇ ਕਿਵੇਂ ਸਾਡਾ ਪਾਰ ਉਤਾਰਾ ਹੋ ਜਾਵੇਗਾ?
ਦਰਸ਼ਨ ਦਾ ਮਤਲਬ ਹੈ ਫਲਸਫਾ, ਅਤੇ ਫਲਸਫਾ, ਕਿਸੇ ਦਾ ਮੂੰਹ ਵੇਖਣ ਨਾਲ ਨਹੀਂ ਸਮਝ ਜਾਈਦਾ, ਉਸ ਨੂੰ
ਸਮਝਣ ਲਈ, ਗੁਰੂ ਦਾ ਉਪਦੇਸ਼ ਸੁਣਨਾ, ਜਾਂ ਪੜ੍ਹਨਾ ਪੈਨਦਾ ਹੈ। ਜੇ ਕੋਈ ਸਾਨੂੰ ਪੜ੍ਹ ਕੇ ਸੁਣਾ
ਰਿਹਾ ਹੋਵੇ, ਅਤੇ ਸਾਡਾ ਮਨ ਉਸ ਵਿੱਚ ਨਾ ਹੋਵੇ, ਤਾਂ ਅਸੀਂ ਉਸ ਨੂੰ ਸੁਣ ਨਹੀਂ ਰਹੇ ਹੁੰਦੇ। ਕਈ
ਵਾਰੀ ਕੋਈ ਬੰਦਾ ਕੁੱਝ ਕਹਿ ਰਿਹਾ ਹੁੰਦਾ ਹੈ, ਪਰ ਸਾਡਾ ਧਿਆਨ ਉਸ ਵੱਲ ਨਹੀਂ ਹੁੰਦਾ, ਤਾਂ ਅਸੀਂ
ਇੱਕ ਦਮ ਕਹਿੰਦੇ ਹਾਂ, ਕੀ ਆਖਿਆ? ਇਵੇਂ ਹੀ ਜੇ ਅਸੀਂ ਪੜ੍ਹ ਰਹੇ ਹੋਈਏ, ਸਾਡਾ ਧਿਆਨ ਉਸ ਵਿੱਚ ਨਾ
ਹੋਵੇ, ਤਾਂ ਉਹ ਵੀ ਸੁਣ ਨਹੀਂ ਹੁੰਦਾ। ਇਸ ਹਾਲਤ ਵਿੱਚ ਹੀ ਬੀਬੀਆਂ ਬੰਦੇ ਕਹਿੰਦੇ ਹਨ ਕਿ “ਜੀ
ਸਾਡਾ ਤਾਂ ਮਨ ਹੀ ਪਾਠ ਵਿੱਚ ਨਹੀਂ ਲਗਦਾ” ਇਹ ਸ਼ਿਕਾਇਤ ਵੀ ਮੂੰਹ ਜ਼ਬਾਨੀ ਪੜ੍ਹਨ ਵਾਲਿਆ ਨੂੰ ਜ਼ਿਆਦਾ
ਹੁੰਦੀ ਹੈ। ਜੇ ਅਸੀਂ ਪਾਠ ਨੂੰ ਵਿਚਾਰ ਕੇ ਪੜ੍ਹੀਏ, ਤਾਂ ਸਾਡਾ ਮਨ ਉਸ ਬਾਰੇ ਜਾਨਣ ਵਿੱਚ ਹੀ ਲੱਗਾ
ਹੁੰਦਾ ਹੈ, ਕਿਸੇ ਹੋਰ ਥਾਂ ਭਟਕਦਾ ਨਹੀਂ ਹੁੰਦਾ।
॥ ੨॥ ਗੁਰਮਤਿ ਰਾਮੁ ਜਪੈ ਜਨੁ ਪੂਰਾ॥ ਤਿਤੁ ਘਟ ਅਨਹਤ ਬਾਜੈ ਤੂਰਾ॥ ੨॥
ਜਿਹੜਾ ਬੰਦਾ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ, ਕਰਤਾਰ ਦਾ ਨਾਮ ਜਪਦਾ ਹੈ, ਉਸ ਦੇ ਹੀ ਕਾਰਜ ਪੂਰੇ
ਹੁੰਦੇ ਹਨ। (ਏਥੇ ਇਹ ਵੀ ਸਮਝਣ ਦੀ ਲੋੜ ਹੈ ਕਿ, ਜਪਣ ਦਾ ਮਤਲਬ, ਮੂੰਹ ਨਾਲ ਜਪਣਾ ਨਹੀਂ ਹੈ, ਇਸ
ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਵਾਰੀ ਇਹ ਲਿਖ ਕੇ ਕਿ “ਜਪ ਮਨ ਮੇਰੇ” ਸਮਝਾਇਆ ਹੈ।)
ਜੋ ਬੰਦਾ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦੇ ਹਿਰਦੇ ਵਿਚ, ਖੁਸ਼ੀ
ਦੇ ਇੱਕ ਰਸ ਵਾਜੇ ਵਜਦੇ ਰਹਿੰਦੇ ਹਨ, ਖੁਸ਼ੀ ਖੇੜਾ ਬਣਿਆ ਰਹਿੰਦਾ ਹੈ।
॥ ੩॥ ਜੋ ਜਨ ਰਾਮ ਭਗਤਿ ਹਰਿ ਪਿਆਰਿ॥ ਸੇ ਪ੍ਰਭਿ ਰਾਖੇ ਕਿਰਪਾ ਧਾਰਿ॥ ੩॥
ਜਿਹੜੇ ਮਨੁੱਖ ਪਰਮਾਤਮਾ ਦੀ ਪ੍ਰੇਮਾ-ਭਗਤੀ ਨਾਲ ਜੁੜਦੇ ਹਨ, ਪਰਮਾਤਮਾ ਉਨ੍ਹਾਂ ਤੇ ਕਿਰਪਾ ਕਰ ਕੇ,
ਉਨ੍ਹਾਂ ਨੂੰ ਵਿਸ਼ੇ ਵਿਕਾਰਾਂ ਤੋਂ ਬਚਾਈ ਰਖਦਾ ਹੈ।
॥ ੪॥ ਜਿਨ ਕੈ ਹਿਰਦੈ ਹਰਿ ਹਰਿ ਸੋਈ॥ ਤਿਨ ਕਾ ਦਰਸੁ ਪਰਸਿ ਸੁਖੁ ਹੋਈ॥ ੪॥
ਜਿਨ੍ਹਾਂ ਬੰਦਿਆਂ ਦੇ ਮਨ ਵਿਚ, ਸ਼੍ਰਿਸ਼ਟੀ ਦਾ ਇਕੋ-ਇਕ, ਸਰਬ ਵਿਆਪਿਕ, ਸਭ ਕੁੱਝ ਕਰਨ ਦੇ ਸਮਰੱਥ,
ਮਾਲਕ ਵਸਦਾ ਹੈ, ਜੋ ਸਿਰਫ ਓਸੇ ਦੇ ਆਸਰੇ ਦੀ ਤਾਙ ਰਖਦੇ ਹਨ, ਅਜਿਹੇ ਬੰਦਿਆਂ ਦੀ ਸੰਗਤ ਕਰਨ ਨਾਲ
ਸੁੱਖ ਮਿਲਦਾ ਹੈ।
॥ ੫॥ ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ॥ ੫॥
ਸਾਰਿਆਂ ਜੀਵਾਂ ਵਿੱਚ ਇਕੋ ਪਰਮਾਤਮਾ ਹੀ ਰਮਿਆ ਹੋਇਆ ਹੈ, ਵਿਆਪਕ ਹੈ, ਪਰ ਮਨਮੁਖ ਬੰਦਾ, ਸ਼ਬਦ ਗੁਰੂ
ਦੀ ਸਿਖਿਆ ਤੋਂ ਵਿਹੂਣਾ, ਆਪਣੇ ਮਨ ਦੀਆਂ ਚੁਸਤੀਆਂ ਪਿੱਛੇ ਲੱਗਾ, ਹੰਕਾਰ ਨਾਲ ਭਰਿਆ ਆਪਣੇ ਆਪ ਨੂੰ
ਦੂਸਰਿਆਂ ਨਾਲੋਂ ਸ੍ਰੇਸ਼ਟ ਮੰਨਦਾ ਹੈ, ਇਹ ਸਮਝ ਕੇ ਰਾਜ਼ੀ ਨਹੀਂ ਹੈ ਕਿ ਜੋ ਚੀਜ਼ ਮੇਰੇ ਅੰਦਰ ਹੈ,
ਉਹੀ ਦੂਸਰਿਆਂ ਦੇ ਅੰਦਰ ਵੀ ਹੈ। ਏਸੇ ਹੰਕਾਰ, ਜਉਮੈ ਵਿੱਚ ਫਸਿਆ, ਉਹ ਸਾਰੀ ਉਮਰ, ਪਰਮਾਤਮਾ ਨਾਲੋਂ
ਵਿੱਥ ਬਣਾ ਕੇ, ਵਿਅਰਥ ਹੀ ਗਵਾ ਲੈਂਦਾ ਹੈ। ਜਿਸ ਦੇ ਫਲ ਸਰੂਪ ਉਹ, ਜੂਨੀਆਂ ਦੇ ਗੇੜ ਕੱਟਦਾ
ਰਹਿੰਦਾ ਹੈ।
॥ ੬॥ ਸੋ ਬੂਝੈ ਜੋ ਸਤਿਗੁਰੁ ਪਾਏ॥ ਹਉਮੈ ਮਾਰੇ ਗੁਰ ਸਬਦੇ ਪਾਏ॥ ੬॥
ਇਹ ਸਾਰੀ ਗੱਲ ਕਿ, ਸਭ ਵਿੱਚ ਇਕੋ ਪਰਮਾਤਮਾ ਹੀ ਵਰਤ ਰਿਹਾ ਹੈ, ਉਹੀ ਬੰਦਾ ਸਮਝਦਾ ਹੈ, ਜੋ ਸ਼ਬਦ
ਗੁਰੂ ਨੂੰ ਵਿਚਾਰ ਕੇ, ਸਮਝ ਕੇ, ਉਸ ਦੀ ਸਿਖਿਆ ਅਨੁਸਾਰ ਆਪਣਾ ਜੀਵਨ ਢਾਲ ਕੇ, ਆਪਣੇ ਅੰਦਰੋਂ ਹਉਮੈ
ਮਾਰ ਲੈਂਦਾ ਹੈ। ਏਵੇਂ ਮਨ ਵਿਚੋਂ ਹਉਮੈ ਦੂਰ ਕਰ ਕੇ, ਮਨ ਵਿੱਚ ਵਸਦੇ ਕਰਤਾਰ ਨੂੰ ਪਛਾਣ ਕੇ, ਉਹ
ਇਹ ਸਾਰੀ ਗੱਲ ਸਮਝ ਲੈਂਦਾ ਹੈ। ਫਿਰ ਉਸ ਨੂੰ ਸਾਰੇ, ਰੱਬ ਦਾ ਰੂਪ ਹੀ ਦਿਸਦੇ ਹਨ, ਸਭ ਨਾਲ ਪਿਆਰ
ਹੋ ਜਾਂਦਾ ਹੈ, ਉਹੀ ਬੰਦਾ ਆਤਮਕ ਸੁਖ ਪਾਉਂਦਾ ਹੈ।
॥ ੭॥ ਅਰਧ ਉਰਧ ਕੀ ਸੰਧਿ ਕਿਉ ਜਾਨੈ॥ ਗੁਰਮੁਖਿ ਸੰਧਿ ਮਿਲੈ ਮਨੁ ਮਾਨੈ॥ ੭॥
ਜੋ ਬੰਦਾ ਸ਼ਬਦ ਗੁਰੂ ਤੋਂ ਸੇਧ ਲੈ ਕੇ ਨਹੀਂ ਚਲਦਾ, ਉਸ ਨੂੰ ਜੀਵ-ਆਤਮਾ ਅਤੇ ਪਰਮਾਤਮਾ ਦੇ ਮਿਲਾਪ
ਬਾਰੇ ਸੋਝੀ ਨਹੀਂ ਆ ਸਕਦੀ। ਜਦ ਉਸੇ ਬੰਦੇ ਦਾ, ਗੁਰਮੁਖਿ ਹੋ ਕੇ, ਸ਼ਬਦ ਗੁਰੂ ਨਾਲ ਪਿਲਾਪ ਹੋ
ਜਾਂਦਾ ਹੈ, ਤਾਂ ਸ਼ਬਦ ਵਿਚਾਰ ਆਸਰੇ, ਉਸ ਦੇ ਮਨ ਨੂੰ ਸੋਝੀ ਹੋ ਜਾਂਦੀ ਹੈ, ਉਸ ਨੂੰ ਆਤਮਾ ਅਤੇ
ਪਰਮਾਤਮਾ ਦੇ ਮਿਲਾਪ ਬਾਰੇ ਗਿਆਨ ਹੌ ਜਾਂਦਾ ਹੈ।
॥ ੮॥ ਹਮ ਪਾਪੀ ਨਿਗੁਣ ਕਉ ਗੁਣੁ ਕਰੀਐ॥ ਪ੍ਰਭ ਹੋਇ ਦਇਆਲੁ ਨਾਨਕ ਜਨੁ ਤਰੀਐ॥ ੮॥ (੨੨੮)
ਹੇ ਪ੍ਰਭੂ, ਅਸੀਂ ਜੀਵ ਤਾਂ ਪਾਪੀ ਹਾਂ, ਗੁਣ-ਹੀਣ ਹਾਂ, ਤੂੰ ਹੀ ਕਿਰਪਾ ਕਰ ਕੇ, ਸਾਨੂੰ ਗੁਣ ਬਖਸ਼
ਕੇ ਗੁਣ-ਵਾਨ ਬਣਾ ਦੇਹ। ਹੇ ਨਾਨਕ, ਜਦੋਂ ਪ੍ਰਭੂ ਦਿਆਲ ਹੋ ਕੇ, ਕਿਰਪਾ ਕਰਦਾ ਹੈ ਤਾਂ ਉਸ ਦੇ ਜਨ,
ਉਸ ਦੇ ਦਾਸ, ਉਸ ਦੇ ਭਗਤ, ਇਸ ਭਵਜਲ ਸੰਸਾਰ ਦੀ ਘੁੰਮਣ-ਘੇਰੀ ਵਿਚੋਂ ਪਾਰ ਹੋ ਜਾਂਦੇ ਹਨ। ਉਸ ਨਾਲ
ਇੱਕ ਮਿਕ ਹੋ ਕੇ, ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪