.

“ਸ਼ਬਦ ਦੀ ਕਮਾਈ”

ਪੜਨ ਤੇ ਸੁਣਨ ਵਿੱਚ ਇਹ ਆਉਂਦਾ ਹੀ ਰਹਿੰਦਾ ਹੈ ਕਿ ਗੁਰਸਿਖ ਨੂੰ ਸ਼ਬਦ ਦੀ ਕਮਾਈ ਕਰਨ ਦਾ ਹੁਕਮ ਹੈ ਅਤੇ ਇਸ ਦਾ ਆਮ ਭਾਵ ਇਹ ਲਿਆ ਜਾਂਦਾ ਹੈ ਕਿ “ਵਾਹਿਗੁਰੂ” ਸ਼ਬਦ ਨੂੰ ਮੁਖੋਂ ਉਚਾਰਨਾ ਤੇ ਧਿਆਨ ਨੂੰ ਉਸ ਦੀ ਧੁਨ ਵਿੱਚ ਲਾਉਣਾ। ਏਸੇ ਵਿਧੀ ਦਾ ਸਾਧਾਂ ਸੰਤਾਂ ਤੇ ਬਾਬਿਆਂ ਦੀਆਂ ਟਕਸਾਲਾਂ ਡੇਰਿਆਂ ਤੇ ਠਾਠਾਂ ਤੋਂ ਵੀਡਿੳ, ਡੀ ਵੀ ਡੀ, ਤੇ ਸੀ ਡੀ ਰਾਹੀਂ ਜ਼ੋਰਦਾਰ ਪ੍ਰਚਾਰ ਹੋ ਰਿਹਾ ਹੈ। ਕਈ ਉਘੇ ਪ੍ਰਚਾਰਕ ਵੀ ਗਰੁਦੁਆਰਿਆਂ ਵਿੱਚ ਇਹੀ ਵਿਧੀ ਦਾ ਪ੍ਰਚਾਰ ਕਰਦੇ ਸੁਣੇ ਗਏ ਹਨ। ਬੜੀ ਅਸਚਰਜਤਾ ਦੀ ਗਲ ਹੈ ਕਿ ਜਿਸ “ਵਾਹਿਗੁਰੂ” ਸ਼ਬਦ ਦੀ ਕਮਾਈ ਜਾਂ ਸਿਮਰਨ ਦੀ ਵਿਧੀ ਨੂੰ ਜ਼ੋਰਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ ਉਸਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਜ਼ਿਕਰ ਵੀ ਨਹੀ ਆਉਂਦਾ। ਅਗਰ (ਗਿਆਨ ਗੋਚਰਾ) ਕਿਸੇ ਤੋਂ ਭੁਲਕੇ ਪੁਛ ਵੀ ਲਿਆ ਜਾਵੇ ਕਿ ਇਹ ਸ਼ਬਦ ਕਮਾਈ ਦੀ ਵਿਧੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਪੰਨੇ ਤੇ ਲਿਖੀ ਹੋਈ ਹੈ ਤਾਂ ਝਟ ਨਾਸਤਕ ਦਾ ਲੇਬਲ ਮੱਥੇ ਮੜ ਦਿਤਾ ਜਾਂਦਾ ਹੈ। ਹੱਦ ਹੋ ਗਈ, ਕੀ ਐਸਾ ਸਵਾਲ ਕਰਨਾ ਵੀ ਕੋਈ ਗੁਨਾਹ ਹੈ? ਜਿਥੇ ਵੀ ਸ਼ਬਦ ਕਮਾਈ ਦਾ ਸਵਾਲ ਉਠਦਾ ਹੈ ਉਥੇ ਹੀ (ਅਗਿਆਨਤਾ ਕਾਰਨ) ਟਕਰਾਓ ਪੈਦਾ ਹੋ ਜਾਂਦਾ ਹੈ। ਬੜੇ ਅਫਸੋਸ ਦੀ ਗਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਭੰਡਾਰ ਦੇ ਕੋਲ ਹੁੰਦਿਆਂ ਫੇਰ ਅਗਿਆਨਤਾ ਦੇ ਖੂਹ ਵਿੱਚ ਡੁੱਬੀ ਜਾ ਰਹੇ ਹਾਂ। ਜਿਨਾ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੋਂ ਗੁਰੂ ਨੇ ਮੁਕਤ ਕਰਾਇਆ ਸੀ ਉਹਨਾ ਵਿੱਚ ਹੀ ਫੇਰ ਫਸੀ ਜਾ ਰਹੇ ਹਾਂ। ਮੱਥਾ ਗੁਰੂ ਨੂੰ ਟੇਕਦੇ ਹਾਂ ਪਰ ਬਚਨ ਉਸਦਾ ਕੋਈ ਮੰਨਦੇ ਨਹੀ। ਮੱਥਾ ਟੇਕਣ ਦਾ ਤਾਂ ਮਤਲਬ ਹੀ ਉਸਦੇ ਹੁਕਮ ਨੂੰ ਮੰਨਣਾਂ ਹੁੰਦਾ ਹੈ (ਤੁਧਨੋ ਨਿਵਣੁ ਮੰਨਣੁ ਤੇਰਾ ਨਾਉ। ਮ: 1. . 878) ਪਰ ਜੋ ਮੱਥਾ ਵੀ ਟੇਕੀ ਜਾਂਦਾ ਹੈ ਤੇ ਬਚਨ ਵੀ ਨਹੀ ਮੰਨਦਾ ਉਸਦਾ ਤਾਂ ਬਿਸਮਿੱਲਾ ਹੀ ਗਲਤ ਹੈ। (ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ। ਮ: 2. . 474) ਗੁਰੂ ਦੇ ਬਚਨ ਮੰਨੇ ਬਿਨਾ ਮੱਥਾ ਟੇਕਣਾ ਇੱਕ ਰਸਮੀ ਕਾਰਵਾਈ ਹੀ ਬਣ ਕੇ ਰਹਿ ਜਾਂਦੀ ਹੈ। ਗੁਰੂ ਦੇ ਸ਼ਬਦ ਨੂੰ ਪੜਨਾ (ਜਾਂ ਸੁਣਨਾ) ਹੈ, ਫਿਰ ਬੁਝਣਾ (ਵਿਚਾਰਨਾ) ਹੈ ਅਤੇ ਫਿਰ ਉਸਨੂੰ ਮਨ ਵਸਾਉਣਾ (ਯਾਦ ਰਖਣਾ, ਜ਼ਿੰਦਗੀ ਵਿੱਚ ਅਮਲਾਉਣਾ) ਹੈ। (ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ ਮ: 3. . 127) ਇਹੀ ਗੁਰੂ ਦੇ ਸ਼ਬਦ (ਉਪਦੇਸ਼, ਬਚਨ, ਗਿਆਨ) ਦੀ ਅਸਲ ਕਮਾਈ ਹੈ ਜਿਸਨੂੰ ਉਲਝਾ ਕੇ ਇੱਕ ਫਜ਼ੂਲ ਰਸਮ ਦੇ ਰੂਪ ਵਿੱਚ ਪ੍ਰਚਲਤ ਕਰ ਦਿਤਾ ਗਿਆ ਹੈ।

ਗੁਰੂ ਦੇ ਗਿਆਨ ਭੰਡਾਰ ਵਿਚੋਂ ਇੱਕ ਸ਼ਬਦ ਦੀਆਂ ਇਹ ਪੰਗਤੀਆਂ ਲੈ ਕੇ ਇਹ ਭੁਲੇਖਾ ਪਾਇਆ ਜਾਂਦਾ ਹੈ:- ਧੁਨਿ ਮਹਿ ਧਿਆਨੁ ਧਿਆਨੁ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ॥ (ਮ: 1 … 878) ਸਿਖ ਜਗਤ ਦੇ ਇੱਕ ਪ੍ਰਸਿਧ ਪ੍ਰਚਾਰਕ ਇਸ ਪੰਗਤੀ ਦਾ ਅਰਥ ਕੁੱਝ ਇਸਤਰਾਂ ਕਰਦੇ ਹਨ:- “ਵਾਹਿਗੁਰੂ” ਸ਼ਬਦ ਦੀ ਧੁਨ ਨੂੰ ਮੂੰਹ ਵਿਚੋਂ ਅਲਾਪਣਾ ਹੈ ਤੇ ਧਿਆਨ ਨੂੰ ਉਸਦੀ ਧੁਨ (ਆਵਾਜ਼) ਵਿੱਚ ਜੋੜਨਾ ਹੀ ਸ਼ਬਦ ਦੀ ਕਮਾਈ ਹੈ ਤੇ ਇਹੀ ਨਾਮ ਸਿਮਰਨ ਦੀ ਵਿਧੀ ਹੈ ਜਿਸ ਦੁਆਰਾ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਪਰ ਇਸਤੋਂ ਉਲਟ ਮੰਨੇ ਪ੍ਰਮੰਨੇ ਟੀਕਾਕਾਰ ਇਸੇ ਪੰਗਤੀ ਦੇ ਵਿਆਕਰਨ ਅਨੁਸਾਰ ਅਰਥ ਇਉਂ ਕਰਦੇ ਹਨ:- ਭਾਵ: ਜਿਹੜਾ ਮਨੁਖ ਗੁਰੂ ਦੇ ਦਸੇ ਰਾਹ (ਗੁਰ ਉਪਦੇਸ਼) ਤੇ ਤੁਰਦਾ ਹੈ ਉਹ ਬਾਣੀ ਵਿੱਚ ਸੁਰਤ ਜੋੜ ਕੇ ਪਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਹੈ। ਬਾਣੀ ਵਿੱਚ ਸੁਰਤ ਜੋੜਨ ਤੋਂ ਭਾਵ ਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਉਸ ਉਤੇ ਚਲਣਾ ਹੀ ਹੈ। ਇਸੇ ਸ਼ਬਦ ਦੀ ਰਹਾੳ ਦੀ ਪੰਗਤੀ (ਜਿਸ ਵਿੱਚ ਸ਼ਬਦ ਦਾ ਤਤ ਹੁੰਦਾ ਹੈ) ਇਸ ਤਰਾਂ ਹੈ:- ਐਸਾ ਗਿਆਨੁ ਬੀਚਾਰੈ ਕੋਈ॥ ਤਿਸ ਤੇ ਮੁਕਤਿ ਪਰਮਗਤਿ ਹੋਈ॥ (879) ਭਾਵ: ਕੋਈ ਵਿਰਲਾ ਹੀ ਐਸੇ ਗੁਰ ਗਿਆਨ (ਗੁਰਬਾਣੀ) ਨੂੰ ਵਿਚਾਰਦਾ ਹੈ ਜਿਸ ਨਾਲ ਵਿਕਾਰਾਂ ਤੋਂ ਖਲਾਸੀ ਤੇ ਉਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਵਿਕਾਰਾਂ ਤੋਂ ਖਲਾਸੀ ਤੇ ਪਰਮਗਤ ਗੁਰ ਗਿਆਨ (ਗੁਰਬਾਣੀ) ਦੁਆਰਾ ਹੀ ਪ੍ਰਾਪਤ ਹੋਵੇਗੀ ਨਾ ਕੇ ਕਿਸੇ ਇੱਕ ਸ਼ਬਦ ਦੀ ਧੁਨ (ਅਵਾਜ਼) ਵਿੱਚ ਧਿਆਨ ਲਾਉਣ ਨਾਲ। ਇਸ ਸਾਰੇ ਸ਼ਬਦ ਵਿੱਚ ਕਿਤੇ ਵੀ “ਵਾਹਿਗੁਰੂ” ਸ਼ਬਦ ਨੂੰ ਅਲਾਪਣ ਅਤੇ ਉਸ ਦੀ ਧੁਨ ਵਿੱਚ ਧਿਆਨ ਨੂੰ ਜੋੜਨ ਦੀ ਗਲ ਨਹੀ ਹੋਈ ਪਰ ਫੇਰ ਵੀ ਪਤਾ ਨਹੀ ਕਿਉਂ ਐਸਾ ਭੁਲੇਖਾ ਪਾਇਆ ਜਾਂਦਾ ਹੈ। ਪਤਾ ਨਹੀ ਕਿਉਂ ਸ਼ਬਦ ਦੇ ਅਰਥ “ਵਾਹਿਗੁਰੂ” (ਪਰਮਾਤਮਾ ਦਾ ਨਾਮ) ਹੀ ਕਿਉਂ ਕੀਤੇ ਜਾਂਦੇ ਹਨ ਜਦ ਕਿ ਗੁਰਬਾਣੀ ਹੀ ਸਪਸ਼ਟ ਕਰਦੀ ਹੈ ਕਿ:-

ਸ਼ਬਦ ਗੁਰੂ ਸੁਰਤਿ ਧੁਨ ਚੇਲਾ॥ (943) ਗੁਰੂ ਦਾ ਸ਼ਬਦ (ਸਿਖਿਆ, ਗਿਆਨ) ਹੀ ਗੁਰੂ ਹੈ। ਬਾਣੀ ਗੁਰੂ ਗੁਰੂ ਹੈ ਬਾਣੀ … …. (982) ਗੁਰਬਾਣੀ (ਸਿਖਿਆ, ਗਿਆਨ, ਸ਼ਬਦ) ਹੀ ਗੁਰੂ ਹੈ। ਸਪਸ਼ਟ ਹੈ ਕਿ ਸ਼ਬਦ ਦੇ ਅਰਥ ਬਾਣੀ (ਗੁਰਸਿਖਿਆ, ਗੁਰਗਿਆਨ) ਹੀ ਢੁਕਦੇ ਹਨ। ਜਾਪਦਾ ਹੈ ਜਿਵੇਂ ਸ਼ਬਦ ਦੇ ਅਰਥ ਧੁਨ ਜਾਂ ਆਵਾਜ਼ ਕਰਨ ਨਾਲ ਹੀ ਇਹ ਭੁਲੇਖਾ ਪੈਂਦਾ ਹੈ ਪਰ ਐਸਾ ਕਰਨ ਨਾਲ ਸਾਰੇ (ਧੁਨ ਮਹਿ ਧਿਆਨ ਵਾਲੇ) ਸ਼ਬਦ ਦਾ ਪ੍ਰਸੰਗ ਟੁਟ ਜਾਵੇਗਾ ਤੇ ਰਹਾਉ ਵਾਲੀ ਪੰਗਤੀ (ਐਸਾ ਗਿਆਨੁ ਬੀਚਾਰੈ ਕੋਈ॥) ਨਾਲ ਮੇਲ ਨਹੀ ਖਾਇਗਾ। ਰਹਾਉ ਵਾਲੀ ਪੰਗਤੀ ਗਿਆਨ ਦੀ ਗਲ ਕਰਦੀ ਹੈ ਇਸ ਲਈ “ਧੁਨ ਮਹਿ ਧਿਆਨ” ਵਾਲੀ ਪੰਗਤੀ ਵੀ ਬਾਣੀ (ਸ਼ਬਦ, ਗਿਆਨ) ਦੀ ਹੀ ਗਲ ਕਰੇਗੀ। 1 ਜਿਨ ਸ਼ਬਦਿ ਗੁਰੂ ਸੁਣਿ ਮੰਨਿਆ ਤਿਨ ਮਨ ਧਿਆਇਆ ਹਰਿ ਸੋਇ॥ ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲ ਹੋਇ॥ (ਮ: 3 …. . 27) ਭਾਵ:- ਜਿਨਾ ਨੇ ਸ਼ਬਦ ਗੁਰੂ (ਗੁਰਬਾਣੀ, ਗੁਰਸਿਖਿਆ) ਨੂੰ ਸੁਣ ਕੇ ਮੰਨ ਲਿਆ ਉਹ ਹੀ ਅਸਲ ਵਿੱਚ ਨਾਮ ਧਿਆ ਰਹੇ ਹਨ। ਗੁਰਉਪਦੇਸ਼ ਤੇ ਚਲਣਾ ਹੀ ਭਗਤੀ ਵਿੱਚ ਰਤਣਾ ਹੈ ਤੇ ਏਸੇ ਨਾਲ ਹੀ ਮਨ ਤਨ ਨਿਰਮਲ (ਪਵਿਤਰ) ਹੋਵੇਗਾ। ਅਗਰ ਸ਼ਬਦ ਦਾ ਅਰਥ ਗੁਰਉਪਦੇਸ਼, ਗੁਰਬਾਣੀ, ਗੁਰਮਤ, ਗੁਰਗਿਆਨ ਹੈ ਤਾਂ ਸ਼ਬਦ ਕਮਾਈ ਦਾ ਅਰਥ ਗੁਰਉਪਦੇਸ਼ ਕਮਾਉਣਾ ਹੀ ਹੋ ਸਕਦਾ ਹੈ। 2. ਗੁਰ ਸ਼ਬਦੀ ਮਨਿ ਨਾਮਿ ਨਿਵਾਸੁ॥ ਨਾਨਕ ਸਚੁ ਭਾਂਡਾ ਜਿਸੁ ਸ਼ਬਦ ਪਿਆਸ॥ ਮ: 3. . 158 ਭਾਵ:- ਗੁਰੂ ਦੇ ਸ਼ਬਦ (ਉਪਦੇਸ਼) ਦੀ ਬਰਕਤ ਨਾਲ ਮਨੁਖ ਦੇ ਮਨ ਵਿੱਚ ਪਰਮਾਤਮਾ ਦੇ ਨਾਮ (ਹੁਕਮ) ਦਾ ਨਿਵਾਸ ਹੋ ਜਾਂਦਾ ਹੈ। ਹੇ ਨਾਨਕ, ਉਸ ਮਨੁਖ ਦਾ ਹਿਰਦਾ ਅਸਲ ਹਿਰਦਾ ਹੈ ਜਿਸਨੂੰ ਪਰਮਾਤਮਾ ਦੀ ਸਿਫਤ ਸਾਲਾਹ ਦੀ ਬਾਣੀ (ਗੁਰਬਾਣੀ, ਗੁਰਸਿਖਿਆ) ਦੀ ਤਾਂਘ ਲਗੀ ਰਹਿੰਦੀ ਹੈ। ਇਥੇ ਫੇਰ ਉਹੀ ਮਨੁਖ ਸਚ ਭਾਂਡਾ ਹੈ ਜਿਸਦੇ ਹਿਰਦੇ ਵਿੱਚ ਗੁਰਬਾਣੀ (ਗੁਰਉਪਦੇਸ਼) ਤੇ ਚਲਣ ਦੀ ਪਿਆਸ ਹੈ ਕਿਉਂਕਿ ਏਸੇ ਰਾਹੀਂ ਹੀ ਨਾਮ (ਹੁਕਮ) ਦੀ ਦਾਤ ਪ੍ਰਾਪਤ ਹੋਵੇਗੀ। ਸਪਸ਼ਟ ਹੈ ਕਿ ਸ਼ਬਦ ਦਾ ਅਰਥ ਗੁਰਬਾਣੀ ਹੈ ਤੇ ਉਸ ਤੇ ਚਲਣਾ ਹੀ ਸ਼ਬਦ ਕਮਾਈ ਹੈ।

3. ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ॥ ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ (798)

ਭਾਵ:- ਜਿਨਾ ਦੇ ਮਨ ਵਿੱਚ ਗੁਰੂ ਦਾ ਸ਼ਬਦ (ਉਪਦੇਸ਼, ਗਿਆਨ) ਹੈ ਉਹਨਾ ਦੇ ਮਨਾਂ ਵਿਚੋਂ ਅਗਿਆਨਤਾ ਦਾ ਅੰਧੇਰਾ ਮਿਟ ਜਾਂਦਾ ਹੈ। ਜਿਨਾ ਨੂੰ ਸਤਿਗੁਰ ਦਾ ਗਿਆਨ (ਉਪਦੇਸ਼) ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਂਦਾ ਹੈ।

ਸ਼ਬਦ, ਉਪਦੇਸ਼ ਅਤੇ ਗਿਆਨ ਦੇ ਅਰਥ ਇਕੋ ਹੀ ਹਨ ਇਸ ਲਈ ਸ਼ਬਦ ਕਮਾਈ ਦੇ ਅਰਥ ਗੁਰਉਪਦੇਸ਼ ਤੇ ਚਲਣਾ ਹੀ ਬਣਦੇ ਹਨ ਅਤੇ ਏਸੇ ਨਾਲ ਹੀ ਪਰਮਾਤਮਾ ਦਾ ਮੇਲ ਸੰਭਵ ਹੈ।

4. ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ॥ ਜਬ ਲਗੁ ਗੁਰ ਕਾ ਸ਼ਬਦੁ ਨ ਕਮਾਹੀ॥ ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਕਮਾਇਦਾ॥ (ਮ: 3 … 1060)

ਭਾਵ:- ਜਦੋਂ ਤਕ ਮਨੁਖ ਗੁਰੂ ਦੇ ਸ਼ਬਦ (ਉਪਦੇਸ਼) ਨੂੰ ਮਨ ਵਿੱਚ ਵਸਾਣ ਦੀ ਕਮਾਈ ਨਹੀ ਕਰਦਾ ਉਦੋਂ ਤਕ ਕੋਈ ਜਪੁ, ਤਪੁ, ਸੰਜਮ ਜਾਂ ਹੋਰ ਕੋਈ ਉਧਮ ਉਹਦੀ ਸਹਾਇਤਾ ਨਹੀ ਕਰਦਾ। ਜੋ ਮਨੁਖ ਗੁਰੂ ਦੇ ਸ਼ਬਦ (ਗੁਰ ਉਪਦੇਸ਼) ਨਾਲ ਜੁੜਦਾ ਹੈ (ਗੁਰਉਪਦੇਸ਼ ਤੇ ਚਲਦਾ ਹੈ, ਸ਼ਬਦ ਕਮਾਈ ਕਰਦਾ ਹੈ) ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹਦੇ ਵਿੱਚ ਲੀਨ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਚਲਣਾ ਹੀ ਸ਼ਬਦ ਦੀ ਕਮਾਈ ਕਰਨਾ ਹੈ।

5. ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥ ਮ: 3. . 88)

ਭਾਵ:- ਜਿਨਾ ਨੇ ਸਤਿਗੁਰ ਦੀ ਸੇਵਾ (ਗੁਰ ਕੀ ਸੇਵਾ ਸਬਦੁ ਵੀਚਾਰੁ॥ 223) ਨਹੀ ਕੀਤੀ, ਉਹਨਾ ਅੰਦਰਿ ਗਿਆਨ ਪ੍ਰਗਟ ਨਹੀ ਹੁੰਦਾ ਤੇ ਉਹ ਸੰਸਾਰ ਵਿੱਚ ਮਾਨੋ ਜਿਉਂਦੇ ਹੀ ਮਰੇ ਹੋਏ ਹਨ। ਭਾਵ ਫੇਰ ਸਪਸ਼ਟ ਹੈ ਕਿ ਗੁਰਬਾਣੀ ਹੀ ਗਿਆਨ ਦਾ ਭੰਡਾਰ ਹੈ ਜਿਸ ਦੁਆਰਾ ਗਿਆਨ ਦੀ ਪ੍ਰਾਪਤੀ ਹੋਵੇਗੀ, ਇਸ ਲਈ ਗੁਰਬਾਣੀ ਦੀ ਵਿਚਾਰ ਕਰਕੇ ਉਸ ਉਤੇ ਚਲਣਾ ਹੀ ਸ਼ਬਦ ਦੀ ਕਮਾਈ ਹੈ।

ਗੁਰਬਾਣੀ ਵਿੱਚ “ਸ਼ਬਦ” ਦੇ ਅਰਥ ਆਵਾਜ਼ ਜਾਂ ਧੁਨ ਤਾਂ ਆਏ ਹਨ ਪਰ ਕਿਤੇ ਵੀ “ਵਾਹਿਗੁਰੂ” ਦੀ ਆਵਾਜ਼ ਜਾਂ ਧੁਨ ਕਰਕੇ ਨਹੀ ਆਏ। ਅਗਰ “ਵਾਹਿਗੁਰੂ” ਦੀ ਆਵਾਜ਼ ਵਿੱਚ ਧਿਆਨ ਲਗਾਉਣ ਦੀ ਵਿਸ਼ੇਸ਼ਤਾ ਮੰਨੀ ਜਾਏ ਤਾਂ ਗੁਰਬਾਣੀ ਪੜਨ, ਸੁਣਨ, ਵਿਚਾਰਨ ਤੇ ਮਨ ਵਸਾਉਣ ਦੀ ਕੋਈ ਮਹੱਤਾ ਨਹੀ ਰਹਿ ਜਾਂਦੀ ਪਰ ਅਗਰ ਗੁਰਬਾਣੀ ਤੇ ਚਲਣਾ ਹੀ ਮਹਤਵ ਪੂਰਨ ਹੈ ਤਾਂ ਧੁਨ ਵਿੱਚ ਧਿਆਨ ਦੀ ਕਾਰਵਾਈ ਨਿਸਫਲ ਹੈ। ਇਹਨਾ ਦੋਨਾਂ ਨੂੰ ਮੰਨਣ ਵਾਲਾ ਦੁਬਿਧਾ ਜਾਂ ਭੁਲੇਖੇ ਵਿੱਚ ਹੈ ਤੇ ਗੁਰੂ ਦੀ ਬਾਣੀ ਤੋਂ ਅਨਜਾਣ ਹੈ ਕਿਉਂਕਿ ਇਹ ਦੋਨੋ ਆਪਾਵਿਰੋਧੀ ਹਨ। “ਵਾਹਿਗੁਰੂ” ਸ਼ਬਦ ਨੂੰ ਗੁਰ ਮੰਤ੍ਰ ਬਣਾ ਕੇ ਜਪਣ ਦਾ ਭੁਲੇਖਾ ਭਾਈ ਗੁਰਦਾਸ ਜੀ ਦੀ ਵਾਰ ਤੋਂ ਪਿਆ ਜਾਪਦਾ ਹੈ। ਭਾਈ ਗੁਰਦਾਸ ਜੀ ਦੀ ਵਾਰ ਇਸਤਰਾਂ ਹੈ:-

ਵਾਹਿਗੁਰੂ ਗੁਰ ਮੰਤ੍ਰ ਹੈ ਜਪੁ ਹਉਮੈ ਖੋਈ। (ਭਾਈ ਗੁਰਦਾਸ ਵਾਰ 13 ਪਉੜੀ 2) ਯਾਦ ਰਹੇ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਤੇ ਵਿਚਾਰਨ ਦਾ ਸੁਭਾਗ ਪ੍ਰਾਪਤ ਹੈ ਤੇ ਇਹ ਗਲ ਮੰਨਣ ਯੋਗ ਨਹੀ ਹੋਵੇਗੀ ਕਿ ਉਹ ਗੁਰਮਤ ਦੇ ਸਿਧਾਂਤਾਂ ਤੋਂ ਜਾਣੂੰ ਨਾ ਹੋਵਨ ਜਾਂ ਉਹਨਾ ਦੇ ਵਿਰੋਧ ਵਿੱਚ ਲਿਖਣ। ਆਉ ਪਹਿਲਾਂ ਵੇਖੀਏ ਕਿ ਭਾਈ ਗੁਰਦਾਸ ਜੀ ਗੁਰਬਾਣੀ ਬਾਰੇ ਕੀ ਲਿਖਦੇ ਹਨ (ਟੀਕਾ ਭ: ਵੀਰ ਸਿੰਘ) 1. ਹਉ ਤਿਸ ਘੋਲ ਘੁਮਾਇਆ ਸਤਿਗੁਰ ਕਾ ੳਪਦੇਸ਼ ਕਮਾਵੈ। (ਵਾਰ 12 ਪਉੜੀ 4) ਭਾਵ: ਮੈ ਉਸਤੋਂ ਵਾਰੇ ਜਾਂਦਾ ਹਾਂ ਜੋ ਸਤਿਗੁਰ ਦੇ ੳਪਦੇਸ਼ (ਗੁਰਬਾਣੀ) ਤੇ ਚਲਦੇ ਹਨ। ਭਾਈ ਜੀ ਨੇ ਗੁਰਬਾਣੀ (ਗੁਰ ਉਪਦੇਸ਼) ਦੀ ਵਿਸ਼ੇਸ਼ਤਾ ਬਿਆਨ ਕੀਤੀ ਹੈ।

2. ਤੇਰਹ ਰਤਨ ਅਕਾਰਥੇ ਗੁਰ ਉਪਦੇਸ਼ ਰਤਨ ਧਨ ਪਾਇਆ। (ਵਾਰ 7 ਪਉੜੀ 13) ਭਾਵ: ਤੇਰਾਂ ਰਤਨ ਵਿਅਰਥ ਹਨ। ਗੁਰ ਉਪਦੇਸ਼ ਰਤਨ (ਇਕ ਹੀ) ਜਿਨਾ ਕੋਲ ਹੈ ਉਹਨਾਂ ਨਾਮ ਧਨ ਪਾਇਆ ਹੈ। ਜਿਥੇ ਗੁਰਉਪਦੇਸ਼ ਦੀ ਮਹਾਨਤਾ ਦਰਸਾਈ ਹੈ ਉਥੇ ਇਹ ਵੀ ਸਪਸ਼ਟ ਹੈ ਕਿ ਗੁਰਉਪਦੇਸ਼ ਹੀ ਨਾਮ ਧਨ ਹੈ। 3 ਹਉ ਸਦਕੇ ਤਿਨਾ ਗੁਰਸਿਖਾਂ ਆਸਾ ਵਿੱਚ ਨਿਰਾਸ ਵਲਾਯਾ। ਸਤਿਗੁਰ ਕਾ ਉਪਦੇਸ਼ ਦ੍ਰਿੜਾਇਆ। (ਵਾਰ 12 ਪਉੜੀ 6) ਭਾਵ: ਮੈ ਉਹਨਾ ਗੁਰਸਿਖਾਂ ਤੋਂ ਬਲਿਹਾਰ ਹਾਂ ਜੋ ਆਸਾਂ ਵਿੱਚ ਨਿਰ-ਆਸ ਰਹਿੰਦੇ ਹਨ ਤੇ ਆਪਣੇ ਸਤਿਗੁਰ ਦੇ ਉਪਦੇਸ਼ ਨੂੰ ਹਿਰਦੇ ਵਿੱਚ ਪ੍ਰਪੱਕ ਕਰਿ ਲੈਂਦੇ ਹਨ। ਸਤਿਗੁਰ ਦੇ ਉਪਦੇਸ਼ ਦੀ ਫਿਰ ਮਹੱਦਤਾ ਦਰਸਾਈ ਹੈ। 4. ਗੁਰ ਪੂਰੇ ਉਪਦੇਸ਼ ਸਚ ਦ੍ਰਿੜਾਇਆ। (ਵਾਰ 14 ਪਉੜੀ 3) ਭਾਵ: ਗੁਰ ਪੂਰੇ ਦਾ ਉਪਦੇਸ਼ ਜਿਨਾ ਨੂੰ ਹੋਇਆ ਹੈ ਉਹਨਾ ਨੇ ਹੀ ਸਚ (ਪਰਮਾਤਮਾ) ਨੂੰ ਦ੍ਰਿੜ ਕੀਤਾ ਹੈ। ਗੁਰਉਪਦੇਸ਼ ਦੀ ਵਿਸ਼ੇਸ਼ਤਾ ਪ੍ਰਤਖ ਹੈ। 5. ਪਾਰਬ੍ਰਹਿਮ ਗੁਰ ਸ਼ਬਦ ਹੈ ਨਿਝ ਧਾਰ ਵਰੈ ਗੁਣ ਗੁਝੈ। (ਵਾਰ 7 ਪਉੜੀ 19) ਭਾਵ: ਗੁਰੂ ਦਾ ਸ਼ਬਦ (ਗੁਰਉਪਦੇਸ਼) ਭੀ ਪਾਰਬ੍ਰਹਿਮ ਦਾ ਰੂਪ ਹੈ। (ਯਥਾ- ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸਾਰੇ ….) ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਸਪਸ਼ਟ ਹੈ ਕਿ ਉਹ ਗੁਰਬਾਣੀ ਤੇ ਚਲਣ ਨੂੰ ਮਹਾਨਤਾ ਦਿੰਦੇ ਹਨ। ਹੁਣ ਵੇਖਣਾ ਹੈ ਕਿ ਭਾਈ ਗੁਰਦਾਸ ਜੀ ਅਨੁਸਾਰ “ਗੁਰ ਮੰਤ੍ਰ” ਜਾਂ “ਮੂਲ ਮੰਤ੍ਰ” ਕੀ ਹੈ:

1. ਮੰਤ੍ਰ ਮੂਲ ਸਤਿਗੁਰ ਬਚਨ ਇੱਕ ਮਨ ਹੋਇ ਆਰਾਧੈ ਕੋਈ। (ਵਾਰ 26 ਪਉੜੀ 6) ਭਾਈ ਜੀ ਅਨੁਸਾਰ ਗੁਰ ੳਪਦੇਸ਼ ਹੀ ਮੂਲ ਮੰਤ੍ਰ ਹੈ ਜਿਸਨੂੰ ਸੁਚੇਤ ਹੋ ਕੇ ਜਾਨਣਾ ਹੈ। 2. ਧ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤਿ ਨਾ ਧਰਨੀ। ਧ੍ਰਿਗ ਜਿਹਬਾ ਗੁਰ ਸ਼ਬਦ ਵਿਣ ਹੋਰ ਮੰਤ੍ਰ ਸਿਮਰਣੀ। (ਵਾਰ 27 ਪਉੜੀ 10)। ਭਾਵ: ਫਿਟਕਾਰ ਜੋਗ ਹਨ ਉਹ ਕੰਨ ਜੋ ਗੁਰਉਪਦੇਸ਼ ਨੂੰ ਸੁਣ ਕੇ ਧਿਆਨ ਨਹੀ ਦਿੰਦੇ ਤੇ ਫਿਟਕਾਰ ਜੋਗ ਹੈ ਉਹ ਜਿਹਬਾ ਜੋ ਗੁਰਉਪਦੇਸ਼ ਤੋਂ ਬਿਨਾ ਕੋਈ ਹੋਰ ਮੰਤਰ ਸਿਮਰਦੀ ਹੈ। 3. ਪੂਰਾ ਸਤਿਗੁਰ ਗੁਰਾਂ ਗੁਰ ਮੰਤ੍ਰ ਮੂਲ ਗੁਰਬਚਨ ਸੁਹੇਲੇ। (ਵਾਰ 16 ਪਉੜੀ 20) ਪੂਰਾ ਸਤਿਗੁਰ ਗੁਰੂਆਂ ਦਾ ਗੁਰੂ ਹੈ। ਸਤਿਗੁਰ ਦੇ ਬਚਨ (ਗੁਰਉਪਦੇਸ਼) ਹੀ ਸਾਰੇ ਮੰਤ੍ਰਾਂ ਦਾ ਮੂਲ (ਤਤ) ਹੈ। ਭਾਵ ਗੁਰਉਪਦੇਸ਼ ਹੀ ਮੂਲ ਮੰਤ੍ਰ ਹੈ। 4. ਮੰਤ੍ਰ ਮੂਲ ਗੁਰ ਵਾਕ ਹੈ ਸਚ ਸ਼ਬਦ ਸਤਿਗੁਰੂ ਸੁਣਾਇ। (ਵਾਰ 40 ਪਉੜੀ 22) ਭਾਵ: ਮੰਤ੍ਰਾਂ ਦਾ ਤਤ (ਮੂਲ) ਗੁਰੂ ਦਾ ਬਚਨ (ਗੁਰਉਪਦੇਸ਼) ਹੈ ਜੋ ਸਤਿਗੁਰੂ ਸੁਣਾਂਵਦਾ ਹੈ।

ਭਾਈ ਗੁਰਦਾਸ ਜੀ ਦੇ ਇਹ ਬਚਨ ਗੁਰ ਮੰਤ੍ਰ ਬਾਰੇ ਗੁਰਬਾਣੀ ਅਨੁਕੂਲ ਹੀ ਹਨ। ਗੁਰ ਮੰਤ੍ਰ ਬਾਰੇ ਗੁਰਬਾਣੀ ਦਾ ਫੁਰਮਾਨ ਇਹ ਹੈ:-

1. ਦੁਖੁ ਕਲੇਸ਼ ਨ ਭਉ ਬਿਆਪੈ ਗੁਰ ਮੰਤ੍ਰ ਹਿਰਦੇ ਹੋਇ॥ ਕੋਟਿ ਜਤਨਾ ਕਰਿ ਰਹੇ ਗੁਰ ਬਿਨ ਤਰਿਉ ਨ ਕੋਇ॥ (ਮ: 5 … 51) ਜਿਸ ਮਨੁਖ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸਦਾ ਹੈ ਉਸ ਨੂੰ ਕੋਈ ਦੁਖ ਕਲੇਸ਼ ਜਾਂ ਡਰ ਨਹੀ ਪੋਹ ਸਕਦਾ। ਕ੍ਰੋੜਾਂ ਯਤਨ ਕੀਤਿਆਂ ਵੀ ਗੁਰੂ ਦੀ ਸ਼ਰਨ ਪੈਣ ਬਿਨਾ (ਗੁਰਉਪਦੇਸ਼ ਤੇ ਚਲੇ ਬਿਨਾ) ਦੁਖਾਂ, ਕਲੇਸ਼ਾਂ ਜਾਂ ਡਰ ਤੋਂ ਛੁਟਕਾਰਾ ਨਹੀ ਹੋ ਸਕਦਾ।

2. ਮਨ ਆਨੰਦ ਮੰਤ੍ਰ ਗੁਰ ਦੀਆ॥ ਤ੍ਰਿਸਨਾ ਬੁਝੀ ਮਨ ਨਿਹਚਲ ਥੀਆ॥ (ਮ: 5. . 387) ਜਿਸ ਮਨੁਖ ਨੂੰ ਗੁਰੂ ਨੇ ਉਪਦੇਸ਼ (ਮੰਤ੍ਰ) ਦੀ ਬਖਸ਼ਿਸ਼ ਕੀਤੀ ਹੈ ਉਸਦੇ ਮਨ ਵਿੱਚ ਸਦਾ ਖੇੜਾ ਰਹਿੰਦਾ ਹੈ ਤੇ ਉਸਦੇ ਅੰਦਰੋਂ ਤ੍ਰਿਸ਼ਨਾ ਦੀ ਅਗ ਬੁਝ ਜਾਂਦੀ ਹੈ। ਮਨ ਅਡੋਲ ਹੋ ਜਾਂਦਾ ਹੈ

3. ਗੁਰਮੰਤ੍ਰ ਹੀਣਸ ਜੋ ਪ੍ਰਾਨੀ ਧ੍ਰਿਗੰਤ ਜਨਮ ਭ੍ਰਸਟਣਹ॥ (ਮ: 5. . 1357) ਜਿਹੜਾ ਬੰਦਾ ਗੁਰਮੰਤ੍ਰ (ਗੁਰਉਪਦੇਸ਼) ਤੋਂ ਸਖਣਾ ਹੈ ਉਹ ਭੈੜੀ ਬੁਧ ਵਾਲੇ ਦਾ ਜਨਮ ਫਿਟਕਾਰ ਜੋਗ ਹੈ।

ਗੁਰ ਪ੍ਰਮਾਣ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੁਆਰਾ ਸਪਸ਼ਟ ਹੋ ਜਾਂਦਾ ਹੈ ਕਿ ਗੁਰਉਪਦੇਸ਼ ਹੀ ਮੂਲ ਮੰਤ੍ਰ ਜਾਂ ਗੁਰਮੰਤ੍ਰ ਹੈ। ਅਗਰ ਬਾਣੀ “ਗੁਰੂ” ਹੈ (ਬਾਣੀ ਗੁਰੂ ਗੁਰੂ ਹੈ ਬਾਣੀ …) ਤੇ “ਜਪਹੁ” ਦੇ ਅਰਥ ਜਾਣੋਂ ਯਾ ਸਮਝੋ ਵੀ ਕੀਤੇ ਗਏ ਹਨ (ਐਸਾ ਗਿਆਨ ਜਪਹੁ ਮਨ ਮੇਰੇ) ਤਾਂ ਹੁਣ ਭਾਈ ਜੀ ਦੀ ਵਾਰ “ਵਾਹਿਗੁਰੂ ਗੁਰ ਮੰਤ੍ਰ ਹੈ ਜਪ ਹਉਮੈ ਖੋਈ” ਦੇ ਅਰਥ ਕੁੱਝ ਇਉ ਬਣਦੇ ਹਨ: “ਧਨ ਗੁਰਬਾਣੀ ਹੀ ਗੁਰਮੰਤ੍ਰ ਹੈ ਜਿਸਨੂੰ ਜਾਨਣ (ਸਮਝਣ) ਨਾਲ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ”। ਇਹੀ ਸਿਧਾਂਤ ਗੁਰਬਾਣੀ ਦਾ ਹੈ, ਇਹੀ ਸ਼ਬਦ ਕਮਾਈ ਹੈ, ਪਰ ਫੇਰ ਪਤਾ ਨਹੀ ਕਿਉਂ ਅਤੇ ਕਿਵੇਂ ਅਰਥਾਂ ਦੇ ਅਨਰਥ ਕਰਕੇ ਇੱਕ ਕਰਮ ਕਾਂਡ ਨੂੰ ਪ੍ਰਚਲਤ ਕੀਤਾ ਗਿਆ ਹੈ। ਮੌਜੂਦਾ ਅਖੌਤੀ ਮੰਤਰਾਂ ਦੇ ਜਾਪ ਗੁਰੂ (ਗੁਰਬਾਣੀ) ਦੀ ਨਿਰਾਦਰੀ ਹੈ। ਜੇ ਮੰਤਰਾਂ ਦੇ ਜਾਪ ਨਾਲ ਹੀ ਮਨ ਨਿਰਮਲ ਹੋ ਜਾਣਾ ਹੁੰਦਾ ਤਾਂ ਗੁਰਬਾਣੀ ਦੀ ਰਚਨਾ ਦਾ ਕੀ ਲਾਭ ਅਤੇ ਜੇ ਗੁਰਬਾਣੀ ਤੇ ਚਲੇ ਬਿਨਾ ਮਨ ਪਵਿਤਰ ਨਹੀ ਹੋ ਸਕਦਾ ਤਾਂ ਮੰਤਰਾਂ ਦੇ ਜਾਪ ਦਾ ਕੀ ਲਾਭ? ਦੋਨਾਂ ਨੂੰ ਹੀ ਕਰੀ ਜਾਣ ਵਾਲਾ ਦੁਬਿਧਾ ਦਾ ਸ਼ਿਕਾਰ ਹੈ। ਗੁਰਬਾਣੀ ਤੇ ਚਲਣਾ ਹੀ ਸਿਖ ਦਾ ਨਾਮ ਸਿਮਰਨ, ਤੇ ਮੰਤ੍ਰ ਦਾ ਜਾਪ ਹੈ ਤੇ ਇਹੀ ਸ਼ਬਦ ਦੀ ਕਮਾਈ ਹੈ।

ਦਰਸ਼ਨ ਸਿੰਘ

ਵੁਲਵਰਹੈਂਪਟਨ, ਯੂ. ਕੇ.
.