.

ਗੁਰਬਾਣੀ ਦੀਆਂ ਪੋਥੀਆਂ ਗੁਰਮਤਿ ਪ੍ਰਚਾਰ ਲਈ ਜਾਂ ਘਰਾਂ ਦੇ ਸ਼ਿੰਗਾਰ ਲਈ!

ਅਵਤਾਰ ਸਿੰਘ ਮਿਸ਼ਨਰੀ (5104325827)

ਰੱਬੀ ਗਿਆਨ ਜੋ ਗੁਰੂਆਂ ਅਤੇ ਭਗਤਾਂ ਨੇ ਪ੍ਰਮਾਤਮਾਂ ਨਾਲ ਇਕਮਿਕ ਹੋ ਕੇ ਪ੍ਰਾਪਤ ਕੀਤਾ ਅਤੇ ਜਲਦੇ ਬਲਦੇ ਸੰਸਾਰ ਵਿੱਚ ਵੰਡਿਆ ਅਤੇ ਪ੍ਰਚਾਰਿਆ ਜਿਸ ਸਦਕਾ ਭਰਮਾਂ ਵਿੱਚ ਜਨਤਾ ਜਾਗ ਪਈ। ਲੋਕਾਂ ਨੇ ਪੁਜਾਰੀਵਾਦ ਦਾ ਜੂਲਾ ਗੁਰ ਗਿਆਨ ਦੇ ਬਲ ਸਦਕਾ ਲਾਹ ਦਿੱਤਾ। ਗੁਰੂ ਬਾਬਾ ਨਾਨਕ ਜੀ ਦੇ ਕਥਨ ਅਨੁਸਾਰ ਧਰਮ ਦੇ ਆਗੂ ਭ੍ਰਿਸ਼ਟ ਹੋ ਚੁੱਕੇ ਸਨ-ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥ (662) ਮੁਸਲਮ ਆਗੂ ਕਾਜ਼ੀ ਇਨਸਾਫ ਦੀ ਕੁਰਸੀ ਤੇ ਬੈਠ ਕੇ ਵੀ ਰਿਸ਼ਵਤ ਲੈ ਕੇ ਝੂਠੇ ਫੈਸਲੇ ਕਰ ਦਿੰਦੇ ਸਨ। ਹਿੰਦੂਆਂ ਦੇ ਆਗੂ ਬ੍ਰਾਹਮਣ ਵੀ ਧਰਮ ਦੇ ਨਾਂ ਤੇ ਜੀਵਾਂ ਦੀਆਂ ਬਲੀਆਂ ਦਿਵਾ ਕੇ ਘਾਤ ਕਰਦੇ ਸਨ। ਜੋਗੀ ਗ੍ਰਿਹਸਤ ਨੂੰ ਛੱਡ ਕੇ ਜੰਗਲਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦੇ, ਖਾਣ ਪੀਣ ਲਈ ਗ੍ਰਿਹਸਤੀ ਲੋਕਾਂ ਤੋਂ ਮੰਗ ਲਿਆਉਂਦੇ ਅਤੇ ਉਨ੍ਹਾਂ ਨੂੰ ਹੀ ਨਿੰਦਦੇ ਸਨ। ਇਹ ਸਭ ਲੋਕ ਧਰਮ ਦਾ ਮਖੌਟਾ ਪਾ ਕੇ ਧਰਮ ਦਾ ਵਾਪਾਰ ਕਰਦੇ ਸਨ। ਧਰਮ ਗ੍ਰੰਥ ਵੀ ਇਨ੍ਹਾਂ ਨੇ ਔਖੀਆਂ ਬੋਲੀਆਂ ਵਿੱਚ ਲਿਖੇ ਅਤੇ ਉਨ੍ਹਾਂ ਨੂੰ ਪੜ੍ਹਨ ਅਤੇ ਵਿਚਾਰਨ ਦਾ ਅਧਿਕਾਰ ਆਂਮ ਲੋਕਾਂ ਨੂੰ ਨਹੀਂ ਸੀ। ਦੂਜਾ ਧਰਮ ਗ੍ਰੰਥ ਰੇਸ਼ਮੀ ਰਮਾਲਿਆਂ ਵਿੱਚ ਵਲੇਟ ਕੇ ਉੱਚੀਆਂ ਥਾਵਾਂ ਤੇ ਰੱਖ ਕੇ ਪੂਜੇ ਜਾਂਦੇ ਸਨ। ਲੋਕ ਉਨ੍ਹਾਂ ਨੂੰ ਰੁਪਿਆ ਪੈਸਾ ਮੱਥੇ ਟੇਕਦੇ, ਧੂਪਾਂ ਧੁਖਾਉਂਦੇ ਅਤੇ ਧਰਮ ਪੁਜਾਰੀਆਂ ਤੋਂ ਆਪਣੇ ਦੁੱਖਾਂ ਦੀ ਨਵਿਰਤੀ ਲਈ ਪਾਠ ਕਰਾਉਂਦੇ ਸਨ।

ਇਸ ਸਬੰਧ ਵਿੱਚ ਈਸਾਈ ਵੀਰ ਵਧਾਈ ਦੇ ਪਾਤਰ ਹਨ ਜੋ ਪਵਿਤਰ ਬਾਈਬਲ ਨੂੰ ਰੁਮਾਲਿਆਂ ਵਿੱਚ ਵਲੇਟ ਕੇ ਨਹੀਂ ਰੱਖਦੇ ਸਗੋਂ ਵੱਧ ਤੋਂ ਵੱਧ ਹੋਰਨਾਂ ਨੂੰ ਪੜ੍ਹਾਉਂਦੇ ਅਤੇ ਫਰੀ ਵੰਡਦੇ ਹਨ। ਦੁਨੀਆਂ ਦੀ ਹਰੇਕ ਲਾਇਬ੍ਰੇਰੀ ਵਿੱਚ ਬਾਈਬਲ ਮਿਲ ਜਾਵੇਗੀ। ਇਸ ਕਰਕੇ ਦੁਨੀਆਂ ਵਿੱਚ ਈਸਾਈਆਂ ਦੀ ਗਿਣਤੀ ਸਭ ਤੋਂ ਵੱਧ ਹੈ ਕਿਉਂਕਿ ਉਨ੍ਹਾਂ ਦਾ ਪ੍ਰਚਾਰ ਢੰਗ ਅਖੌਤੀ ਰੀਤਾਂ ਰਸਮਾਂ ਤੋਂ ਉੱਪਰ ਹੈ। ਉਹ ਇਹ ਨਹੀਂ ਮੰਨਦੇ ਕਿ ਜੇ ਬਾਈਬਲ ਕਿਸੇ ਲਾਇਬ੍ਰੇਰੀ ਵਿੱਚ ਬਿਨਾ ਰੁਮਾਲੇ ਰੱਖੀ ਗਈ ਤਾਂ ਕੋਈ ਬੇ ਅਦਬੀ ਹੋਵੇਗੀ। ਸਿੱਖ ਧਰਮ ਜੋ ਦੁਨੀਆਂ ਦਾ ਨਵਾਂ ਅਤੇ ਅਧੁਨਿਕ ਧਰਮ ਹੈ ਇਸ ਦੇ ਧਰਮ ਆਗੂ ਅੱਜ ਪੁਜਾਰੀਆਂ ਦਾ ਰੂਪ ਧਾਰਨ ਕਰ ਗਏ ਹਨ ਜਾਂ ਬ੍ਰਾਹਮਣ ਭਾਊ ਨੇ ਸਿੱਖੀ ਦਾ ਮਖੌਟਾ ਪਾ ਕੇ ਧਰਮ ਆਗੂਆਂ ਦੀ ਥਾਂ ਲੈ ਲਈ ਹੈ। ਉਸ ਨੇ ਬੜੀ ਦੂਰ ਅੰਦੇਸ਼ੀ ਨਾਲ ਸੋਚਿਆ ਹੈ ਕਿ ਗੁਰਬਾਣੀ ਜੋ ਨਿਰੋਲ ਸੱਚ ਹੈ ਅਤੇ ਸਭ ਪ੍ਰਕਾਰ ਦੇ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਚੰਗੇ ਗੁਣ ਅਤੇ ਸਚਾਈ ਧਾਰਨ ਕਰਨ ਦਾ ਉਪਦੇਸ਼ ਦਿੰਦੀ ਹੈ ਜਿਸ ਨਾਲ ਸਾਡਾ ਸਦੀਆਂ ਤੋਂ ਚਲਦਾ ਆ ਰਿਹਾ ਹਲਵਾ ਮੰਡਾ ਬੰਦ ਹੁੰਦਾ ਹੈ। ਕਿਉਂ ਨਾਂ ਸਿੱਖਾਂ ਨੂੰ ਐਸੇ ਵਹਿਮਾਂ ਵਿੱਚ ਪਾ ਦਿੱਤਾ ਜਾਵੇ ਜੋ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦੀ ਬਜਾਏ ਸੁਹਣੇ-ਸੁਹਣੇ ਰੇਸ਼ਮੀ ਰੁਮਾਲਿਆਂ ਵਿੱਚ ਵਲੇਟ ਕੇ, ਉੱਚੀ ਥਾਂ ਤੇ ਰੱਖ ਕੇ ਮੱਥੇ ਟੇਕੀ ਜਾਣ, ਧੂਫਾਂ ਧੁਖਾਈ ਜਾਣ, ਚੌਰਾਂ ਹੀ ਕਰੀ ਜਾਣ ਅਤੇ ਸਾਡੇ ਧਰਮ ਆਗੂਆਂ ਤੋਂ ਪੂਜਾ ਪਾਠ ਕਰਾ ਕੇ ਭੇਟਾ ਦਈ ਜਾਣ। ਬਾਮਣ ਇਸ ਚਾਲ ਵਿੱਚ ਉਦਾਸੀਆਂ, ਨਿਰਮਲਿਆਂ ਅਤੇ ਟਕਸਾਲੀਆਂ ਦੇ ਰੂਪ ਵਿੱਚ ਕਾਮਯਾਬ ਹੋ ਗਿਆ।

ਕਾਫੀ ਦੇਰ ਬਾਅਦ ਸਿੰਘ ਸਭਾ ਲਹਿਰ ਉੱਠੀ ਉਸ ਨੇ ਲੋਕਾਂ ਨੂੰ ਜਾਗਰਤ ਕਰਕੇ ਇਸ ਭੇਖੀ ਭਾਊ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢਿਆ। ਇਸ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਪਰ ਨਰੈਣੂ ਮਹੰਤਾਂ ਤੋਂ ਆਪਣੇ ਧਰਮ ਅਸਥਾਨ ਅਜ਼ਾਦ ਕਰਵਾ ਲਏ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਚਾਰ ਲਈ ਸ੍ਰੋਮਣੀ ਕਮੇਟੀ ਚੁਣੀ ਗਈ, ਜਿਸ ਨੇ ਬੜੀ ਤਨਦੇਹੀ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਪਰ ਸਮਾਂ ਪਾ ਕੇ ਇਹ ਉਦਾਸੀ, ਨਿਰਮਲੇ ਅਤੇ ਟਕਸਾਲੀ ਫਿਰ ਇਸ ਵਿੱਚ ਇੰਟਰ ਹੋਣ ਵਿੱਚ ਕਾਮਯਾਬ ਹੋ ਗਏ, ਫਿਰ ਬ੍ਰਾਹਮਣੀ ਕਰਮਕਾਂਡ ਦੁਬਾਰਾ ਪ੍ਰਚਲਿਤ ਕਰ ਦਿੱਤੇ ਗਏ। ਜਿਵੇਂ ਪਾਠ ਸਿਰਫ ਟਕਾਸਲੀ ਪਾਠੀ ਹੀ ਕਰ ਸਕਦਾ ਹੈ, ਗੁਰੂ ਨੂੰ ਵੀ ਸਾਡੇ ਵਾਂਗ ਸਰਦੀ ਗਰਮੀ ਲਗਦੀ ਹੈ। ਇਸ ਲਈ ਸਰਦੀਆਂ ਵਿੱਚ ਗਰਮ ਰੁਮਾਲੇ, ਹੀਟਰ ਅਤੇ ਗਰਮੀਆਂ ਵਿੱਚ ਠੰਡੇ ਰੁਮਾਲੇ ਅਤੇ ਏਅਰ ਕੰਡੀਸ਼ਨ ਜਰੂਰੀ ਕਰ ਦਿੱਤੇ। ਪਾਠਾਂ ਨਾਲ ਧੂਪਾਂ, ਦੀਪਾਂ, ਸਗੱਗਰੀਆਂ ਚਲਾ ਦਿੱਤੀਆਂ। ਆਂਮ ਸਿੱਖ ਨੂੰ ਇਹ ਕਹਿ ਕੇ ਗੁਰਬਾਣੀ ਤੋਂ ਤੋੜ ਦਿੱਤਾ ਗਿਆ ਕਿ ਇਸ ਨੇ ਸੰਥਿਆ ਨਹੀਂ ਕੀਤੀ, ਇਹ ਗੁਰਬਾਣੀ ਨਹੀਂ ਪੜ੍ਹ ਸਕਦਾ ਜੇ ਪੜ੍ਹੇਗਾ ਤਾਂ ਗੁਰਬਾਣੀ ਦੀ ਬੇਅਦਬੀ ਹੈ। ਇਸ ਦਾ ਸਿੱਟ ਇਹ ਨਿਕਲਿਆ ਕਿ ਆਂਮ ਸਿੱਖ ਵੀ ਇਨ੍ਹਾਂ ਡੇਰੇਦਾਰਾਂ ਤੇ ਹੀ ਡੀਪੈਂਡ ਹੋ ਗਿਆ। ਅੱਜ ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਤਾਂ ਕੀ ਆਮ ਸਿੱਖਾਂ ਦੇ ਘਰਾਂ ਵਿੱਚ ਵੀ ਨਹੀਂ ਹਨ। ਸਿੱਖ ਬੇਅਦਬੀ ਤੋਂ ਡਰਦੇ ਗੁਰਬਾਣੀ ਤੋਂ ਹੀ ਦੂਰ ਹੋ ਗਏ। ਦੂਜਾ ਵਾਰ ਇਹ ਕੀਤਾ ਕਿ ਵੇਖਣਾ ਕਿਤੇ ਗੁਰਬਾਣੀ ਅਖਬਾਰਾਂ, ਰਸਾਲਿਆਂ ਅਤੇ ਲਿਟਰੈਚਰ ਰੂਪ ਵਿੱਚ ਨਾਂ ਲਿਖੀ ਅਤੇ ਵੰਡੀ ਜਾਵੇ ਇਹ ਬੇਅਦਬੀ ਹੈ। ਜਿਹੜਾ ਕੰਮ ਬ੍ਰਾਹਮਣ ਕਰ ਰਿਹਾ ਸੀ ਉਹ ਹੀ ਅੱਜ ਦੇ ਡੇਰੇਦਾਰ ਅਤੇ ਟਕਸਾਲੀ ਕਰ ਰਹੇ ਹਨ। ਗਿਣਤੀ ਮਿਣਤੀ ਦੇ ਮੰਤ੍ਰ ਅਤੇ ਸੰਪਟ ਪਾਠ ਕੀਤੇ ਕਰਾਏ ਜਾ ਰਹੇ ਹਨ। ਦਾਸ 12-11-2010 ਨੂੰ ਅੱਜ ਹੀ ਰੋਜ਼ਾਨਾਂ ਸਪੋਕਸਮੈਨ ਅਖਬਾਰ ਪੜ੍ਹ ਰਿਹਾ ਸੀ ਜਿਸ ਵਿੱਚ ਖਬਰ ਲੱਗੀ ਹੈ ਕਿ ਕੁੱਝ ਪ੍ਰੇਮੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਦੀ ਦੁਕਾਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਪਹੁੰਚੇ ਪਰ ਓਥੋਂ ਦੇ ਅਧਿਕਾਰੀਆਂ ਨੇ ਦੋਵੇਂ ਪੋਥੀਆਂ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਗੁਰਬਾਣੀ ਦੀ ਬੇਅਦਬੀ ਹੈ। ਫਿਰ ਉਹ ਸਿੱਖ ਓਥੋਂ ਦੇ ਹੈੱਡ ਗ੍ਰੰਥੀ ਨੂੰ ਮਿਲੇ ਤਾਂ ਉਸ ਨੇ ਵੀ ਕਿਹਾ ਕਿ ਗੁਰਬਾਣੀ ਦੀਆਂ ਦੋਵੇਂ ਪੋਥੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਦੋ ਮਿਲ ਕੇ ਗੁਰੂ ਬਣ ਜਾਂਦਾ ਹੈ। ਫਿਰ ਉਹ ਸ਼ਰਧਾਲੂ ਸਿੱਖ, ਸ਼ਹਿਰ ਵਿੱਚੋਂ ਕਿਸੇ ਕਿਤਾਬਾਂ ਦੀ ਦੁਕਾਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈ ਗਏ।

ਇਹ ਸਾਰਾ ਵਰਤਾਰਾ ਪੜ੍ਹ, ਸੁਣ ਅਤੇ ਦੇਖ ਕੇ ਜਿੱਥੇ ਦੁੱਖ ਲਗਦਾ ਹੈ ਓਥੇ ਸਿੱਖ ਧਰਮ ਨੂੰ ਅਗਾਂਹ ਵਧੂ ਵਿਗਿਆਨਕ ਧਰਮ ਕਹਿਣ ਵਾਲੇ ਕਿਉਂ ਸੌਂ ਗਏ ਹਨ? ਅੱਜ ਸਿੱਖੀ ਬਾਗ ਗਾਲੜ ਪਟਵਾਰੀ ਬਣ ਕੇ ਇਸ ਨੂੰ ਉਜਾੜ ਰਹੇ ਹਨ। ਅੱਜ ਸਾਡੇ ਬਾਣਾਧਾਰੀ ਵੀਰ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰਨ ਵਾਲਿਆਂ ਨੂੰ ਤਾਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਹੁਲੜਬਾਜੀ ਕਰਕੇ ਰੋਕ ਰਹੇ ਹਨ ਪਰ ਨੰਗੀਆਂ ਲੱਤਾਂ ਵਾਲੇ ਡੇਰੇਦਾਰਾਂ ਨੂੰ ਬੁਲਾ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਸਾਡੇ ਪੜ੍ਹੇ ਲਿਖੇ ਸਿੱਖ ਨੌਜਵਾਨ ਅਤੇ ਆਗੂ ਕਿਉਂ ਨਹੀਂ ਉੱਠ ਰਹੇ? ਗੁਰੂ ਘਰਾਂ ਦੀਆਂ ਸਟੇਜਾਂ ਤੇ ਡੇਰੇਦਾਰ ਹੀ ਕਿਉਂ ਹਾਵੀ ਹੋ ਰਹੇ ਹਨ? ਸਿੱਖੋ! ਜਾਗੋ ਅੱਜ ਸਾਡੀ ਸ੍ਰੋਮਣੀ ਕਮੇਟੀ ਵੀ ਗੁਰਬਾਣੀ ਦੀਆਂ ਪੋਥੀਆਂ ਦੇਣ ਤੋਂ ਇਨਕਾਰ ਕਰ ਰਹੀ ਹੈ। ਫਿਰ ਵੀ ਕਹਿੰਦੇ ਹਨ ਕਿ ਬੀਜ ਨਾਸ ਨਹੀਂ ਹੁੰਦਾ ਹੁਣ ਕੁੱਝ ਵੈਬਸਾਈਟਾਂ ਅਤੇ ਅਖਬਾਰ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਹੁਣ ਗੁਰੂ ਗ੍ਰੰਥ ਸਾਹਿਬ ਇੰਟ੍ਰਨੈੱਟ ਤੇ ਆ ਚੁੱਕਾ ਹੈ। ਹੁਣ ਇਹ ਡੇਰੇਦਾਰ ਆਗੂ ਕਿਵੇਂ ਰੋਕਣਗੇ? ਕਿਉਂਕਿ ਇੰਟ੍ਰਨੈੱਟ ਵਿੱਚ ਵੜ ਕੇ ਕੌਣ ਰੁਮਾਲੇ ਚੜ੍ਹਾਵੇਗਾ? ਕੌਣ ਧੂਪਾਂ ਧੁਖਾਵੇਗਾ? ਅਤੇ ਕੌਣ ਇੰਟ੍ਰਨੈੱਟ ਤੇ ਜਾਣ ਤੋਂ ਲੋਕਾਂ ਨੂੰ ਰੋਕੇਗਾ? ਅਤੇ ਕਹੇਗਾ ਕਿ ਦੋਵੇਂ ਪੋਥੀਆਂ ਤੁਸੀਂ ਇੰਟ੍ਰਨੈੱਟ ਤੇ ਵੀ ਨਹੀਂ ਪੜ੍ਹ ਸਕਦੇ? ਸਿੱਖੋ ਹੋਸ਼ ਕਰੋ! ਗੁਰਬਾਣੀ ਦੀ ਬੇਅਦਬੀ, ਗੁਰਬਾਣੀ ਕਿਸੇ ਚੀਜ ਵਿੱਚ ਲਕੋ ਕੇ ਰੱਖਣ ਅਤੇ ਨਾਂ ਪੜ੍ਹਨ ਵਿਚਾਰਨ ਅਤੇ ਧਾਰਨ ਵਿੱਚ ਹੈ ਨਾਂ ਕਿ ਗੁਰਬਾਣੀ ਦਾ ਵੱਧ ਤੋਂ ਵੱਧ ਅਧੁਨਿਕ ਤਰੀਕਿਆਂ ਰਾਹੀਂ ਪ੍ਰਚਾਰ ਕਰਨ ਵਿੱਚ? ਪੰਚਮ ਪਾਤਸ਼ਾਹ ਹੀ ਗੁਰਬਾਣੀ ਦੀਆਂ ਪੋਥੀਆਂ ਲਿਖਣ, ਪੜ੍ਹਨ, ਵਿਚਾਰਨ, ਧਾਰਨ ਅਤੇ ਵੱਧ ਤੋਂ ਵੱਧ ਹੋਰਨਾਂ ਨੂੰ ਵੰਡਣ ਦਾ ਹੁਕਮ ਕਰ ਗਏ ਸਨ ਜਿਸ ਨੁੰ ਭਾਈ ਗੁਰਦਾਸ ਜੀ ਨੇ ਇਉਂ ਬਿਆਨ ਕੀਤਾ ਹੈ “ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰੁਬਾਬਾ ਬਜਾਵੈ” ਸਾਡਾ ਗੁਰੂ ਸ਼ਬਦ ਹੈ ਜੋ ਕਦੇ ਖਾਂਦਾ, ਪੀਂਦਾ ਅਤੇ ਸੌਂਦਾ ਥਕਦਾ ਨਹੀਂ। ਜੋ ਗਿਆਨ ਰੂਪ ਹੈ ਗਿਆਨ ਨੂੰ ਧੂਪਾਂ ਰੁਮਾਲਿਆਂ ਅਤੇ ਉੱਚੀਆਂ ਥਾਵਾਂ ਦੀ ਲੋੜ ਨਹੀਂ। ਗੁਰਬਾਣੀ ਦਾ ਫੁਰਮਾਣ ਹੈ ਸਚੁ ਪੁਰਾਣਾ ਨਾ ਥੀਏ ਨਾਮ ਨ ਮੈਲਾ ਹੋਏ॥ (1248) ਸੋਨਾ ਸੋਨਾ ਹੀ ਰਹਿੰਦਾ ਹੈ ਭਾਂਵੇ ਉਸ ਨੂੰ ਮੈਲੇ ਥਾਂ ਤੇ ਵੀ ਰੱਖ ਦਿਤਾ ਜਾਵੇ ਕਦੇ ਜੰਗਾਲਦਾ ਨਹੀਂ ਇਵੇਂ ਹੀ ਗੁਰਬਾਣੀ ਸ਼ਬਦ ਗਿਆਨ ਦੀ ਕਦੇ ਬੇਅਦਬੀ ਨਹੀਂ ਹੁੰਦੀ ਜੋ ਵੀ ਮਾਈ ਭਾਈ ਇਸ ਨੂੰ ਜਦੋਂ ਵੀ ਜਿਸ ਸਮੇ ਧਿਆਨ ਨਾਲ ਪੜ੍ਹੇ, ਵਿਚਾਰੇ ਅਤੇ ਧਾਰੇਗਾ ਉਹ ਮੁਕਤੀ ਦਾ ਮਾਰਗ ਪ੍ਰਾਪਤ ਕਰ ਲਵੇਗਾ। ਇਸ ਲਈ ਸਾਨੂੰ ਇਸ ਵਹਿਮ ਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਨਹੀਂ ਰੱਖੀਆਂ ਜਾ ਸਕਦੀਆਂ ਪਰ ਇਹ ਅਸੀਂ ਤਾਂ ਹੀ ਕਰ ਸਕਾਂਗੇ ਜਦ ਡੇਰਾਵਾਦ ਦਾ ਜੂਲਾ ਸਾਡੇ ਮੋਢਿਆਂ ਤੋਂ ਉੱਤਰ ਜਾਵੇਗਾ। ਸੋ ਗੁਰਬਾਣੀ ਪੋਥੀਆਂ ਗੁਰਮਤਿ ਪ੍ਰਚਾਰ ਲਈ ਹਨ ਨਾਂ ਕਿ ਘਰਾਂ ਦੇ ਸ਼ਿੰਗਾਰ ਲਈ। ਗੁਰੂ ਭਲੀ ਕਰੇ॥
.