.

ਇਸ ਜਨਮ ਦੇ ਜਾਂ ਪਿਛਲੇ ਜਨਮਾਂ ਦਾ ਫਲ? ਨੰ: 02

ਇਹ ਗੱਲ ਕੋਈ 1995-96 ਦੀ ਹੋਣੀ ਹੈ। ਮੇਰੇ ਪਿੰਡ ਮੇਰੇ ਹੀ ਇੱਕ ਮਿਤਰ ਅਤੇ ਕਲਾਸਫੈਲੋ ਦੇ ਪਿਤਾ ਜੀ ਚੜ੍ਹਾਈ ਕਰ ਗਏ। ਗਰਮੀਆਂ ਦੀ ਰੁੱਤ ਸੀ ਹੋ ਸਕਦਾ ਹੈ ਕਿ ਜੂਨ ਦਾ ਮਹੀਨਾ ਹੋਵੇ। ਕਾਰ ਵਿੱਚ ਪੈਟਰੌਲ ਭਰਨ ਤੋਂ ਮਨ ਵਿੱਚ ਖਿਆਲ ਆਇਆ ਕਿ ਭੋਗ ਤੇ ਜਾਣ ਦਾ ਕੀ ਫਾਇਦਾ ਹੋਵੇਗਾ? ਕਿਉਂਕਿ ਭੋਗ ਤੇ ਅਕਾਲੀ ਲੀਡਰਾਂ ਜਿਵੇਂ ਸ੍ਰ. ਗੁਰਦੇਵ ਸਿੰਘ ਬਾਦਲ ਵਗੈਰਾ ਨੇ ਬੋਲਣਾ ਹੈ, ਮਨਾ ਤੈਨੂੰ ਚੰਗਾ ਨਹੀਂ ਲੱਗਦਾ ਤੇ ਤੂੰ ਇਸ ਤਰ੍ਹਾਂ ਦੇ ਇਕੱਠ ਵਿੱਚ ਜਾ ਕੇ ਕੀ ਕਰਨਾ ਹੈ? ਇਸ ਖਿਆਲ ਨੇ ਮੈਨੂੰ ਰੋਕ ਲਿਆ ਤੇ ਕੁੱਝ ਦਿਨਾਂ ਬਾਅਦ ਮੈਂ ਆਪਣੇ ਮਿਤਰ ਨਾਲ ਫੂਨ ਤੇ ਗੱਲਬਾਤ ਕੀਤੀ ਤੇ ਪੁਛਿਆ ਕਿ ਇਸ ਤਰ੍ਹਾਂ ਦੇ ਲੀਡਰਾਂ ਨਾਲ ਸਾਂਝ-ਮਿਤਰਤਾ ਪਾਉਣ ਦੀ ਤੁਹਾਨੂੰ ਕੀ ਜਰੂਰਤ ਹੈ? ਤੁਸੀਂ ਸਰਕਾਰੀ ਮੁਲਾਜ਼ਮ ਹੋ। ਛੇਤੀ ਕੀਤੇ ਤੁਸੀਂ ਕਿਸੇ ਨਾਲ ਵਗਾੜ ਨਹੀਂ ਪਾਉਂਦੇ ਇਸ ਕਰਕੇ ਇਨ੍ਹਾਂ ਨਾਲ ਮਿਤਰਤਾ ਦੀ ਤੁਹਾਨੂੰ ਕੀ ਜ਼ਰੂਰਤ? ਇਨ੍ਹਾਂ ਨਾਲ ਮਿਤਰਤਾ ਕਈ ਵਾਰੀ ਬਹੁਤ ਮਹਿੰਗੀ ਪੈਂਦੀ ਹੈ? ਮੇਰੇ ਦੋਸਤ ਦਾ ਘਰ ਇੱਕ ਐਸਾ ਘਰ ਹੈ ਜਿਨ੍ਹਾਂ ਦੀ ਪਿਛਲੀਆਂ ਤਿੰਨਾਂ ਪੀੜ੍ਹੀਆਂ ਤੋਂ ਕਦੇ ਵੀ ਕਿਸੇ ਨਾਲ ਨਹੀਂ ਖੜਕੀ ਅਤੇ ਆਪਸੀ ਵੰਡ ਵੰਡਾਈ ਸਮੇਂ ਵੀ ਕਿਸੇ ਦੀ ਲੋੜ ਨਹੀਂ ਪਈ। ਹੁਣ ਚੌਥੀ ਪੀੜ੍ਹੀ ਉੱਠੀ ਤੇ ਉਸਨੇ ਸਿੱਧਾ ਹੱਥ ਜਾ ਮਿਲਾਇਆ ਉਪਰਲੇ ਬਾਦਲ ਨਾਲ। ਕਿਉਂਕਿ ਘਰ ਦਾ ਮਹੌਲ ਬਦਲ ਚੁਕਿਆ ਸੀ, ਜਿਵੇਂ ਪੰਜਾਬੀ ਦੀ ਕਹਵੱਤ ਹੈ ਕਿ ਤੀਜੀ ਪੀੜ੍ਹੀ ਬਦਲ ਜਾਂਦੀ ਹੈ, ਇਸ ਕਰਕੇ ਘਰ ਵਾਲਿਆਂ ਨੇ ਵੀ ਨਹੀਂ ਰੋਕਿਆ। 22ਕ ੁਸਾਲ ਦਾ ਲੜਕਾ ਕਦੇ ਕਦੇ ਕਿਸੇ ਲੜਾਈ ਭੜਾਈ ਵਿੱਚ ਵੀ ਸ਼ਾਮਲ ਹੋਣ ਲੱਗਾ ਤੇ ਆਖਰ ਨੂੰ ਉਸ ਦੇ ਹੀ ਇੱਕ ਸਾਥੀ ਨੇ ਗੋਲੀਆਂ ਮਾਰ ਕੇ ਮੁਕਾ ਦਿੱਤਾ। ਇਸ ਮੌਤ ਦਾ ਕਾਰਣ ਸਾਡੇ ਹੀ ਪਿੰਡ ਦੀ ਕਿਸੇ ਲੜਕੀ ਦੇ ਇਨ੍ਹਾਂ ਨਾਲ ਸਬੰਧਾਂ ਦਾ ਹੈ। ਕਿਹੜੇ ਕਰਮਾਂ ਦਾ ਫਲ? ਇਸ ਜਨਮ ਦੇ ਜਾਂ ਪਿਛਲੇ ਜਨਮ ਦੇ?
ਇਸੇ ਹੀ ਤਰ੍ਹਾਂ ਮੇਰੇ ਇੱਕ ਹੋਰ ਮਿਤਰ ਦਾ ਲੜਕਾ ਮੂੰਹ ਸਿਰ ਮੁਨਾ ਕੇ ਘਰੋਂ ਭੱਜ ਕੇ, ਪਤਾ ਨਹੀਂ ਕਿਥੇ ਜਾਂ ਕਿਹੜੇ ਸ਼ਹਿਰ, ਜਾ ਕੇ ਨੌਕਰੀ ਕਰਨ ਲੱਗ ਪਿਆ। ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਲੜਕਾ ਵੈਨਕੂਵਰ ਵਿੱਚ ਹੈ। ਮੇਰਾ ਇਹ ਮਿਤਰ, ਜਦੋਂ ਸਾਡਾ ਘਰ ਦਮਦਮੀ ਟਕਸਾਲ ਨਾਲ ਜੁੜਿਆ ਹੋਇਆ ਸੀ, ਉਦੋਂ ਭਾਈ ਰਣਧੀਰ ਸਿੰਘ ਦੇ ਜੱਥੇ ਨਾਲ ਹੱਥ ਮਿਲਾਉਂਦਾ ਸੀ। ਪਰ ਅੱਜ-ਕਲ੍ਹ ਦੇ ਬੱਚੇ ਇਸ ਤਰ੍ਹਾਂ ਦੀ ਪੰਡਤਾਈ ਤਰੀਕੇ ਦੀ ਸਿੱਖੀ ਨੂੰ ਕਦੋਂ ਪ੍ਰਵਾਣ ਕਰਦੇ ਹਨ। ਜਿਸ ਸਿੱਖੀ ਵਿੱਚ ਛੂਤ-ਛਾਤ, ਸੁੱਚ-ਭਿੱਟ, ਮੇਰਾ-ਤੇਰਾ, ਸਾਡਾ ਜੱਥਾ-ਤੁਹਾਡਾ ਜੱਥਾ, ਸਾਡਾ ਬਾਟਾ-ਤੁਹਾਡਾ ਬਾਟਾ, ਤੁਹਾਡੀ ਪੱਗ ਦਾ ਬੰਨਣ ਦਾ ਤਰੀਕਾ ਤੇ ਸਾਡਾ ਤਰੀਕਾ ਆਦਿ। ਲੋਹੇ ਦੇ ਨਿਸ਼ਾਨ ਗਾਤਰੇ ਤੇ, ਫਿਰ ਅੱਗੇ ਤੇ ਪਿੱਛੇ, ਪੱਗ ਤੇ ਅਤੇ ਹੋਰ ਨਹੀਂ ਕਿਤਨੇ ਪਰਕਾਰ ਦੇ ਬਾਹਰੀ ਚਿੰਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸਰੋਕਾਰ ਨਹੀਂ ਕਦੋਂ ਪਰਵਾਨ ਕਰਦੇ ਹਨ। ਮੇਰਾ ਮਿਤਰ ਜਾਣੀ ਲੜਕੇ ਦਾ ਬਾਪ ਆਪਣੇ ਆਪ ਨੂੰ ਦੋਸ ਤਾਂ ਦਿੰਦਾ ਹੈ ਪਰ ਨਾਲ ਇਹ ਵੀ ਕਹਿਣ ਲੱਗ ਪਿਆ ਹੈ ਕਿ ਇਹ ਮੇਰੇ ਕਿਸੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹੀ ਹੋ ਸਕਦਾ ਹੈ। ਅਸੀਂ ਗੱਲਾਂ ਕਰਦਿਆਂ ਕਈ ਵਾਰ ਔਖੇ ਭਾਰੇ ਵੀ ਹੋਏ ਹਾਂ ਪਰ ਅਸੀਂ ਮਿਤਰ ਹਾਂ ਇਸ ਕਰਕੇ ਕੋਈ ਚੁਭਵੀਂ ਗੱਲ ਵੀ ਇੱਕ ਦੂਜੇ ਨੂੰ ਕਹਿ ਸਕਦੇ ਹਾਂ। ਮੈਂ ਕਿਹਾ ਭਲਿਆ ਤੈਨੂੰ ਪਤਾ ਹੈ ਕਿ ਪਿਛਲੇ ਜਨਮ ਵਿੱਚ ਤੂੰ ਇਸਦਾ ਬਾਪ ਸੀ ਜਾਂ ਇਹ ਤੇਰਾ? ਕੀ ਤੈਨੂੰ ਇਹ ਵੀ ਪਤਾ ਹੈ ਕਿ ਇਸ ਲੜਕੇ ਦਾ ਤੇਰੇ ਨਾਲ ਪਿਛਲੇ ਜਨਮ ਵਿੱਚ ਕੋਈ ਰਿਸ਼ਤਾ ਸੀ ਵੀ ਜਾਂ ਨਹੀਂ? ਹੋ ਸਕਦਾ ਹੈ ਕਿ ਅੱਜ ਤੋਂ 100 ਸਾਲ ਪਹਿਲਾਂ ਤੁਹਾਡੇ ਵਿਚੋਂ ਕੋਈ ਇੱਕ ਜਣਾ ਗਿਦੜ ਹੋਵੇ ਤੇ ਦੂਜਾ ਗੰਦਗੀ ਦਾ ਕੀੜਾ। ਫਿਰ ਉਸ ਕੋਲ ਕੋਈ ਉਤਰ ਤਾਂ ਨਹੀਂ ਹੁੰਦਾ ਪਰ ਦੰਦੀਆਂ ਕਰੀਚਣੋ ਫਿਰ ਵੀ ਨਹੀਂ ਹੱਟਦਾ। ਇਸ ਤਰ੍ਹਾਂ ਦੇ ਸੈਂਕੜੇ ਸਵਾਲ ਉਠਾਏ ਜਾ ਸਕਦੇ ਹਨ। ਪਰ ਇਸ ਜਨਮ ਤੋਂ ਪਿਛਲੇ ਜਨਮ ਬਾਰੇ ਜਦੋਂ ਗੁਰੂ ਨਾਨਕ ਪਿਤਾ ਹੀ ਇਹ ਫੁਰਮਾਨ ਕਰਦੇ ਹਨ ਕਿ ਪਤਾ ਨਹੀਂ ਅਸੀਂ ਕਿਥੋਂ ਆਏ ਹਾਂ ਤੇ ਪਹਿਲਾਂ ਸਾਡਾ ਕੌਣ ਮਾਈ ਬਾਪ ਸੀ ਤਾਂ ਸਾਨੂੰ ਕੀ ਜ਼ਰੂਰਤ ਹੈ ਪਿਛਲੇ ਜਨਮ ਦੇ ਕਰਮਾਂ ਦੇ ਫਲ਼ ਬਾਰੇ ਸੋਚਣ ਦੀ।
ਗਉੜੀ ਚੇਤੀ ਮਹਲਾ 1॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ 1॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥ 1॥ ਰਹਾਉ॥ {ਪੰਨਾ 156}
ਇਸ ਸਲੋਕ ਤੇ ਇਸਦੇ ਪਿਛਲੇ ਅਤੇ ਅਗਲੇ ਸਲੋਕਾਂ ਵਿੱਚ ਵੀ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਹੀ ਦਿੱਤਾ ਗਿਆ ਹੈ। ਰਹਾਉ ਦੀਆਂ ਪੰਗਤੀਆਂ ਵਰਤਮਾਨ ਕਾਲ ਵਿੱਚ ਹਨ ਤੇ ਪਹਿਲੀਆਂ ਪੰਗਤੀਆਂ ਭੂਤ ਕਾਲ ਵਿਚ। ਗੁਰੂ ਸਾਹਿਬ ਦਾ ਨੰਗਾ ਚਿੱਟਾ ਜਵਾਬ ਹੈ ਕਿ ਪਤਾ ਨਹੀਂ ਕਿ ਸਾਡੀ ਪਹਿਲਾਂ ਮਾਂ ਕੌਣ ਸੀ ਤੇ ਬਾਪ ਕੌਣ? ਕਿਦੂ ਥਾਵਹੁ ਹਮ ਆਏ ਤੇ ਅਸੀਂ ਕਿਥੋਂ ਆਏ ਹਾਂ ਤੇ ਹੁਣ ਸਾਡੇ ਮਾਂ ਬਾਪ ਨੇ ਆਪਣੇ ਮੇਲ ਤੋਂ ਕਿਹੜੇ ਕੰਮ ਵਾਸਤੇ ਸਾਨੂੰ ਪੈਦਾ ਕੀਤਾ ਹੈ। ‘ਕਾਹੇ ਕੰਮਿ ਉਪਾਏ’ ਦਾ ਮਤਲਬ ਹੀ ਇਹੀ ਹੈ ਕਿ ਸਾਨੂੰ ਇਨ੍ਹਾਂ ਨੇ ਆਪਣੇ ਮੇਲ ਤੋਂ ਕਿਹੜੇ ਕੰਮ ਵਾਸਤੇ ਪੈਦਾ ਕੀਤਾ ਹੈ?
ਅੱਜ ਤਕ ਮਰਨ ਤੋਂ ਬਾਅਦ ਕਿਸੇ ਨੇ ਉਸੇ ਦੇਹੀ ਵਿੱਚ ਘੰਟੇ ਜਾਂ ਦੋ ਘੰਟਿਆਂ ਬਾਅਦ ਖੜੇ ਹੋ ਕਿ ਇਹ ਨਹੀਂ ਦੱਸਿਆ ਕਿ ਮੈਂ ਆਹ ਕੁੱਝ ਵੇਖ ਕੇ ਆਇਆ ਹਾਂ। ਐਵੇਂ ਗੱਲਾਂ ਹੀ ਉਡਾ ਦਿੱਤੀਆਂ ਜਾਂਦੀਆਂ ਹਨ ਕਿ ਪੰਜਗਰਾਈਂ ਪਿੰਡ ਦੀ ਇੱਕ ਬੁੜੀ ਜਿਉਂਦੀ ਹੋ ਗਈ ਸੀ ਤੇ ਉਸਨੇ ਆਹ ਆ ਕੇ ਕਿਹਾ। ਸਾਨੂੰ ਆਪਣੇ ਆਪ ਤੇ ਇਹ ਸਵਾਲ ਪਾਉਣਾ ਬਣਦਾ ਹੈ ਕਿ ਇਸ ਔਤਰ ਜਾਂ ਬੰਦੇ ਦਾ ਸਰੀਰ ਤਾਂ ਇੱਥੇ ਹੀ ਪਿਆ ਸੀ ਤੇ ਇਥੋਂ ਸਫਰ ਕਰਕੇ ਕਿਹੜੀ ਚੀਜ਼ ਕਿਤੇ ਜਾ ਕੇ ਕੁੱਝ ਦੇਖ ਕੇ ਆਈ ਹੈ? ਇਸ ਤੋਂ ਬਾਅਦ ਆਤਮਾ ਦੇ ਸਫਰ ਕਰਨ ਦੀ ਕਹਾਣੀ ਸ਼ੁਰੂ ਹੋਵੇਗੀ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਤਮਾ ਦਾ ਵਜ਼ੂਦ ਕੀ ਹੈ? ਇਹ ਸਫਰ ਕਿਵੇਂ ਕਰਦੀ ਹੈ? ਇਸਦੀ ਪਹਿਚਾਣ ਕੀ ਹੈ? ਕਿਸੇ ਨੇ ਇਸ ਨੂੰ ਕਿਹੜੀ ਅੱਖ ਨਾਲ ਸਫਰ ਕਰਦਿਆ ਵੇਖਿਆ ਹੈ? ਆਦਿ। ਇਹ ਉਸ ਜਮਾਨੇ ਦੀ ਗੱਲ ਹੈ ਜਦੋਂ ਆਵਾ-ਜਾਈ ਤੇ ਸੰਚਾਰ ਦੇ ਸਾਧਨ ਨਹੀਂ ਹੁੰਦੇ ਸਨ ਤੇ ਕਿਸੇ ਕੋਈ ਪੁੱਛ-ਤਾਛ ਜਾਂ ਪੜਤਾਲ ਨਹੀਂ ਕਰਨੀ ਹੁੰਦੀ ਸੀ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਿਸੇ ਬੱਚੇ ਨੂੰ ਲਾਲਚ ਵੱਸ ਹੋ ਕਿ ਕੁੱਝ ਗੱਲਾਂ ਸਿਖਾ ਦਿੱਤੀਆਂ ਜਾਂਦੀਆਂ ਹਨ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਲੜਕਾ/ਲੜਕੀ ਪਿਛਲੇ ਜਨਮ ਵਿੱਚ ਫਲਾਣੇ ਪਿੰਡ ਵਿੱਚ ਫਲਾਣਾ ਸੀ। ਪੂਰੀ ਘੋਖ ਫੜਤਾਲ ਕਰਨ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਇਸ ਲੜਕੇ/ ਲੜਕੀ ਦੇ ਮਾਤ ਪਿਤਾ ਦੀ ਫਲਾਣੇ ਪਿੰਡ ਵਾਲਿਆਂ ਦੀ ਜ਼ਮੀਨ ਜਾਇਦਾਦ ਤੇ ਅੱਖ ਸੀ।
ਇਸ ਸਾਰੇ ਵਿਵਾਦ ਦੀ ਜੜ੍ਹ ਹੈ ਸਮੇਂ ਦੀ ਸਰਕਾਰ। ਪ੍ਰੋ. ਕਿਸ਼ਨ ਸਿੰਘ ਆਪਣੀ ਪੁਸਤਕ, ‘ਸਿੱਖ ਲਹਿਰ’ ਵਿੱਚ ਲਿਖਦੇ ਹਨ ਕਿ ਹਰ ਸਮੇਂ ਦੁਨੀਆਂ ਦੇ ਚੰਗੇ ਸਹਿਤ ਨਾਲ ਇਹੀ ਹੁੰਦਾ ਆਇਆ ਹੈ। ਜੋ ਸਿੱਖ ਸਾਹਿਤ ਨਾਲ ਵਾਪਰਿਆ ਹੈ ਇਹ ਕੋਈ ਨਵਾ ਨਹੀਂ। ਚੰਗਾ ਸਾਹਿਤ ਸਮੇਂ ਦੀ ਸਰਕਾਰ ਨੂੰ ਮੁਆਫਕ ਨਹੀਂ ਹੁੰਦਾ ਤੇ ਸਮੇਂ ਦੀ ਸਰਕਾਰ ਇਸੇ ਤਾਕ ਵਿੱਚ ਹੁੰਦੀ ਹੈ ਕਿ ਕਦੋਂ ਇਸਦੇ ਅਰਥ ਬਦਲੇ ਜਾਣ ਤੇ ਲੋਕਾਂ ਨੂੰ ਕੁਰਾਹੇ ਪਾਇਆ ਜਾਵੇ। ਜਿਨ੍ਹਾਂ ਲੋਕਾਂ ਨੇ ਗੁਰਬਾਣੀ ਦੇ ਅਰਥ ਸਮਝੇ ਸਨ ਉਨ੍ਹਾਂ ਨੇ ਕਦੇ ਪਿਛਲੇ ਅਗਲੇ ਜਨਮਾਂ ਦੇ ਕਰਮਾਂ ਦੀ ਸਵਾਰਣ ਦੀ ਗੱਲ ਨਹੀਂ ਕੀਤੀ। ਮਰਨ ਤੋਂ ਬਾਅਦ ਭੇਡ, ਬੱਕਰੀ, ਕਾਂ, ਕੁੱਤਾ, ਸ਼ੇਰ ਜਾਂ ਗਿਦੜ ਅਤੇ ਗੰਦਗੀ ਦੇ ਕੀੜੇ ਬਣਨ ਬਾਰੇ ਨਹੀਂ ਸੀ ਸੋਚਿਆ ਸਗੋਂ ਨਿਤਾਣਿਆਂ ਨੂੰ ਬਾਣੀ ਨੇ ਇਤਨਾ ਬਲ ਬਖਸ਼ਿਆ ਕਿ ਜਿਉਂਦੇ ਜੀਅ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾ ਦਿੱਤੇ। ਜਿਹੜੇ ਲੋਕ ਕਦੀ ਸਰਕਾਰੀ ਹਾਕਮ ਦੇ ਸਾਹਮਣੇ ਆਪਣਾ ਸਿਰ ਉੱਚਾ ਨਹੀਂ ਸਨ ਕਰਦੇ ਉਨ੍ਹਾਂ ਨੇ ਮੌਕਾ ਮਿਲਣ ਦੇ ਹਾਕਮ ਦਾ ਸਿਰ ਉਤਾਰ ਕੇ ਲੋਕਾਂ ਦੀ ਕਚਿਹਰੀ ਵਿੱਚ ਜਾ ਹਾਜ਼ਰ ਕੀਤਾ। ਇਹ ਹੈ ਬਾਣੀ ਦੀ ਕਰਾਮਾਤ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਸਹਿਬਾਨ ਨੇ ਭਗਤੀ ਲਹਿਰ ਨਹੀਂ ਸੀ ਚਲਾਈ ਸਗੋਂ ਸ਼ਕਤੀ ਲਹਿਰ ਖੜੀ ਕੀਤੀ ਸੀ ਜਿਸਦੀ ਬਦੌਲਤ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਧਿਓ ਵੱਧ ਪੰਜਾਬ ਤੇ ਕੁੱਝ ਸਮੇਂ ਤਕ ਕੇਸਰੀ ਨਿਸ਼ਾਨ ਝੁਲਾਈ ਰੱਖਿਆ ਤੇ ਫਿਰ ਇਸੇ ਲਹਿਰ ਨੇ ਮਿਸਲਾਂ ਦੇ ਰੂਪ ਵਿੱਚ ਰੰਗ ਵਿਖਾਇਆ। ਪਰ ਬਦਕਿਸਮਤੀ ਸਿੱਖਾਂ ਦੀ ਕਿ ਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਇਸ ਲਹਿਰ ਨੂੰ ਖਤਮ ਕਰਨ ਲਈ ਯੂ. ਪੀ. ਦੇ ਬ੍ਰਾਹਮਣ ਡੋਗਰਿਆਂ ਦੇ ਰੂਪ ਵਿੱਚ ਦਰਬਾਰ ਵਿੱਚ ਆਪਣੀ ਸ਼ਿਕਰਤ ਕਰਕੇ ਸਿੱਖ ਰਾਜ ਦਾ ਭੋਗ ਪਾਉਣ ਵਿੱਚ ਸਫਲ ਹੋ ਗਏ। ਇਹ ਵੀ ਇਸੇ ਜਨਮ ਦੇ ਕਰਮਾਂ ਦਾ ਫਲ ਹੈ ਨਾ ਕਿ ਕਿਸੇ ਅਣ-ਪਛਾਤੇ ਪਿਛਲੇ ਜਨਮ ਦੇ ਕਰਮਾਂ ਦਾ ਫਲ਼।
ਹਾਂ ਆਪਣੇ ਮਾਂ-ਬਾਪ ਦੇ ਸਪਰਮਿਜ਼ ਰਾਹੀਂ ਜੋ ਬਿਮਾਰੀਆਂ ਜਾਂ ਗੁਣ ਜਿਵੇਂ ਕੱਦ-ਕਾਠ, ਰੰਗ-ਰੂਪ ਕਿਸੇ ਬੱਚੇ ਦੀ ਜਿੰਦਗੀ ਵਿੱਚ ਪ੍ਰਵੇਸ ਕਰਦੇ ਹਨ ਉਨ੍ਹਾਂ ਨੂੰ ਤਾਂ ਪਿਛਲੇ ਕਰਮਾਂ ਦਾ ਫਲ਼ ਮੰਨਿਆ ਕਾ ਸਕਦਾ ਹੈ ਪਰ ਕਿਸੇ ਬੱਚੇ ਦੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦਾ ਫਲ਼ ਇਸ ਜਨਮ ਵਿੱਚ ਭੁਗਤਣ ਦਾ ਸਿਧਾਂਤ ਤਾਂ ਬ੍ਰਾਹਮਣ ਦਾ ਹੈ ਨਾ ਕਿ ਗੁਰੂ ਸਹਿਬਾਨ ਦਾ।
ਜਿਹੜਾ ਮਨੁੱਖ ਇਸ ਜਨਮ ਵਿੱਚ ਆਈਆਂ ਮੁਸ਼ਕਲਾਂ ਨਾਲ ਖਿੜੇ ਮੱਥੇ ਸਿਝ ਨਹੀਂ ਸਕਦਾ ਉਹ ਕਾਇਰ ਹੈ, ਉਹ ਬੁਜ਼ਦਿਲ ਹੈ, ਉਹ ਡਰਪੋਕ ਹੈ ਅਤੇ ਅੰਤ ਵਿੱਚ ਉਹ ਇੱਕ ਜਿਉਂਦੀ ਲਾਸ਼ ਹੈ। ਜਿਸ ਨੂੰ ਗੁਰੂ ਨਾਨਕ ਸਾਹਿਬ ਫੁਮਾਉਂਦੇ ਹਨ:
ਮ: 1 ਸਲੋਕੁ॥ ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ ਜੇ ਜੀਵੈ, ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ {ਪੰਨਾ 142}
ਗਿਆਨੀ ਸੁਰਜੀਤ ਸਿੰਘ ਜੀ ਇਹ ਦੱਸੋ ਕਿ ਬਾਬਾ ਬੰਦਾ ਸਿੰਘ ਬਹਾਦਰ ਪਿਛਲੇ ਜਨਮ ਦੇ ਕਿਹੜੇ ਕਰਮਾਂ ਕਰਕੇ ਪੰਜਾਬ ਵਿੱਚ ਰਾਜ-ਭਾਗ ਸਥਾਪਤ ਕਰਨ ਵਿੱਚ ਕਾਮਯਾਬ ਹੋਇਆ ਤੇ ਉਸੇ ਹੀ ਜਨਮ ਵਿੱਚ ਫਿਰ ਪਿਛਲੇ ਜਨਮ ਦੇ ਕਰਮਾਂ ਕਰਕੇ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। ਸੈਲ#716 536 2346.
.