.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ- 12)

ਰਾਮਕਲੀ ਮਹਲਾ 1 ਦਖਣੀ ਓਅੰਕਾਰੁ ੴ ਸਤਿਗੁਰ ਪ੍ਰਸਾਦਿ॥ ਪੰਨਾਂ (929)

ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥ ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥ ਓਨਮ ਅਖਰ ਸੁਣਹੁ ਬੀਚਾਰੁ॥ ਓਨਮ ਅਖਰੁ ਤ੍ਰਿਭਵਣ ਸਾਰੁ॥ 1॥ ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ 1॥ ਰਹਾਉ॥

ਓ = ਓਂ = ਓਅੰ

1 = 1 -ਇਕ + ਓਂ - ਓਅੰ = ਇੱਕ ਓਅੰ

ੴ = 1 - ਇੱਕ + ਓਂ - ਓਅੰ + - ਕਾਰ = ਇੱਕ ਓਅੰਕਾਰ

ਪਾਠਕ ਅਤੇ ਵਿਦਵਾਨ ਵੀਰੋ, ਇਥੇ ਅੱਜ ਮੈਂ ਇਕ/ਕੁੱਝ ਸੁਆਲ ਉਠਾ ਰਿਹਾ ਹਾਂ, ਜੋ ਸ਼ਾਇਦ ਅੱਜ ਤੱਕ ਕਿਸੇ ਨੇਂ ਨਹੀਂ ਉਠਾਏ ਹਨ। ਮੈਂ ਚਾਹੁੰਦਾ ਹਾਂ ਤੁਸੀਂ ਸੱਭ ਇਸ ਤੇ ਵਿਚਾਰ ਕਰੋ।

(1) ਇਸ ਸਬਦ ਵਿੱਚ ਇਥੇ ਗੁਰੂ ਜੀ ਨੇਂ ਓਅੰਕਾਰ ਨਾਲੋਂ “1” ਕੱਟ ਦਿੱਤਾ ਹੈ। ਮਤਲਬ! ਖਾਲੀ “ਓਅੰਕਾਰ” ਲਿਖਿਆ ਹੈ “ਇਕ ਓਅੰਕਾਰ” ਨਹੀਂ ਲਿਖਿਆ ਹੈ। ਜਦਿ ਕੇ ਇਸ ਪਹਿਲੀ ਪਾਉੜੀ ਵਿਚਲੇ ਓਅੰਕਾਰ ਦੇ ਸਾਰੇ ਗੁਣ ੴ ਵਾਲੇ ਹੀ ਹਨ। (ਪਰ ਇਸ ਸ਼ਬਦ ਦੇ ਸਿਰਲੇਖ ਨਾਲ ੴ ਸਤਿਗੁਰ ਪ੍ਰਸਾਦਿ॥ ਲਿਖਿਆ ਹੋਇਆ ਹੈ।) ਜੇ ਇੱਕ ਓਅੰਕਾਰ ਨਹੀਂ ਵੀ ਲਿਖਿਆ ਤਾਂ ਕੁੱਝ ਵੀ ਗਲਤ ਨਹੀਂ ਹੈ। ਸੱਭ ਨੂੰ ਪਤਾ ਹੈ ਕੇ ਓਅੰਕਾਰ (ਪ੍ਰਮਾਤਮਾਂ) ਤਾਂ ਇੱਕ ਹੀ ਹੈ। ਪਰ “1” ਅਤੇ “ਓ” ਦੋ ਵਖਰੇ ਵੱਖਰੇ ਅੱਖਰ ਹਨ। ਅਤੇ ਇਹਨਾਂ ਦਾ ਭੇਦ ਵੀ ਵੱਖਰਾ ਹੈ।

(2) ਇਹ ਸੱਚ ਹੈ ਕੇ “ਓਅੰ” ਸ਼ਬਦ ਵੇਦਾਂ ਆਦਿ ਵਿੱਚ ਵਰਤਿਆ ਗਿਆ ਸ਼ਬਦ ਓਂ (ਓਮ) ਹੀ ਹੈ। ਇਸ ਨਾਲ ਕਥਾ ਕਹਾਣੀ ਭਾਵੇਂ ਕੋਈ ਵੀ ਜੋੜ ਲਈਏ। ਜਾਂ ਇਸ ਓਅੰਕਾਰ ਨੂੰ ਕਿਸੇ ਵੀ ਕਥਾ ਨਾਲ ਜੋੜ ਦਿੱਤਾ ਜਾਵੇ। ਪਰ ਹੈ ਤਾਂ ਇਹ “ਓਮ ਨਮਹਿ” ਵਾਲਾ ਓਅੰ ਹੀ ਹੈ।

(3) ਗੁਰਬਾਣੀਂ ਵਿੱਚ ਵੇਦਾਂ, ਸ਼ਾਸਤਰਾਂ, ਦੇਵੀ ਦੇਵਤਿਆਂ ਦਾ ਵਰਨਣ ਤਾਂ ਆਮ ਹੀ ਹੈ, ਵੇਦਾਂ ਜਾਂ ਬ੍ਰਾਹਮਣ ਮੱਤ ਦੇ ਪ੍ਰਤੀਕ ਇਸ ਓਂ ਅੱਖਰ ਨੂੰ ਹੀ ਨਵਾਂ ਰੂਪ (ਵਿਸਥਾਰ) ਦੇ ਕੇ ਭਾਵ 1 ਨਾਲ ਜੋੜ ਕੇ ਇਸ ਓਂ ਨੂੰ ੴ ਬਨਾ ਕੇ ਸਾਰੀ ਬਾਣੀਂ ਦਾ ਮੂਲ ਮੁੱਢ, ੴ ਸਤਿਗੁਰ ਪ੍ਰਸਾਦਿ॥ ਬਨਾ ਦਿੱਤਾ ਤਾਂ ਕਿਉਂ? ।

(4) ੴ= ਇੱਕ ਓਅੰਕਾਰ = ਹਰੀ, ਪ੍ਰਮਾਤਮਾਂ ਇੱਕ ਹੈ! ਪਰ ਇਹ ਗੱਲ ਤਾਂ ਵੇਦ ਵੀ ਕਹਿੰਦੇ ਹਨ, ਕੇ ਓਅੰਕਾਰ (ਪ੍ਰਮਾਤਮਾਂ) ਇਕੋ ਹੀ ਹੈ। ਬਾਣੀਂ ਵਿੱਚ ਕਈ ਥਾਈਂ ਲਿਖਿਆ ਹੈ ਕੇ ਵੇਦ ਝੂਠੇ ਨਹੀ ਹਨ, ਇਸ ਸ਼ਬਦ ਵਿੱਚ ਵੀ ਲਿਖਿਆ ਹੈ ਕਿ “ਵੇਦ” ਓਅੰਕਾਰ (ਪ੍ਰਮਾਤਮਾਂ) ਨੇ ਆਪ ਰਚੇ ਹਨ। ਇਹ ਗੱਲ ਵੱਖਰੀ ਹੈ, ਪੰਡਿਤ ਜਾਂ ਬ੍ਰਾਹਮਣ ਵੇਦਾਂ ਵਿਚਲੇ ਭੇਦ (ਸੱਚ) ਅਸਲੀ ਓਅੰਕਾਰ ਨੂੰ ਭੁੱਲ ਕੇ ਮੂਰਤੀਆਂ ਨੂੰ ਹੀ ਓਅੰਕਾਰ ਸਮਝ ਕੇ ਪੂਜਣ ਲੱਗ ਪਏ, ਅਤੇ ਅੱਜ ਵੀ ਕਿਹੜਾ ਹਟ ਗਏ ਹਨ। ਇਸ ਵਿੱਚ ਵੀ ਕਿਹੜੀ ਵੱਡੀ ਗੱਲ ਹੈ। ਅਸੀਂ ਵੀ ਤਾਂ ਅੱਜ ਤੱਕ ਸ਼ਬਦ ਨੂੰ ਨਹੀਂ ਬੁੱਝ ਸੱਕੇ।

(5) ਜ਼ਾਹਰ ਹੈ ਕੇ ਵੇਦਾਂ ਵਿਚਲਾ ਓਅੰਕਾਰ ਵੀ ਮੂਰਤੀ ਨਹੀਂ ਹੈ, ਉਹ ਅਸਲੀ ਹੈ। ਮੂਰਤੀ ਓਅੰਕਾਰ ਨਹੀ ਹੋ ਸੱਕਦੀ। ਓਅੰਕਾਰ ਨੇਂ ਤਾਂ ਓਅੰਕਾਰ ਹੀ ਰਹਿਣਾਂ ਹੈ, ਭਾਵੇਂ ਕੋਈ (ਪੰਡਿਤ) ਮੂਰਤੀ ਨੂੰ ਓਅੰਕਾਰ ਸਮਝੇ, ਜਾਂ ਸ਼ਿਵਲਿੰਗ ਨੂੰ। ਪਰ ਅਸੀਂ ਇਥੇ ਮੂਰਤੀਆਂ ਜਾਂ ਕਥਾ ਕਹਾਣੀਆਂ ਦੀ ਬਹਿਸ ਵਿੱਚ ਨਹੀਂ ਪੈਣਾਂ ਹੈ। ਅਸੀ ਤਾਂ ਸਿਰਫ ਓਅੰਕਾਰ ਦੀ ਵਿਚਾਰ ਕਰਨੀਂ ਹੈ।

(6) ਇਕ ਸਵਾਲ ਇਹ ਵੀ ਹੈ, ਕਿ ਵੇਦਾਂ ਵਾਲਾ ਅੱਖਰ ਓਂ, ਜਿਸ ਦਾ ਉਚਾਰਨ ੳਅੰ ਹੈ, ਕੀ ਇਹ ਉਹੀ ਓਅੰ ਹੈ, ਜੋ ਗੁਰਬਾਣੀਂ ਵਿੱਚ ਓਅੰਕਾਰ ਕਰਕੇ ਲਿਖਿਆ ਹੈ। ਜਾਂ ਕੇ ਵੇਦਾਂ ਵਾਲਾ ਓਅੰਕਾਰ ਹੋਰ ਹੈ! ਅਤੇ ਗੁਰਬਾਣੀਂ ਵਾਲਾ ਓਅੰਕਾਰ ਕੋਈ ਹੋਰ ਹੈ। ਪਰ ਕਿਉਂ ਕੇ ਇਥੇ ਕਹਾਣੀਕਾਰਾਂ ਮੁਤਾਬਿਕ ਓਅੰਕਾਰ ਦੇ ਮੰਦਰ ਦੇ ਪੰਡਿਤਾਂ ਨਾਲ ਗੱਲ ਹੋ ਰਹੀ ਹੈ, ਬਾਣੀਂ ਇਥੇ ਦੱਸ ਰਹੀ ਹੈ, ਕਿ ਓਅੰਕਾਰ ਸ਼ਬਦ ਨਾਲ ਉਧਾਰ ਹੁੰਦਾ ਹੈ, ਓਅੰਕਾਰ ਅੱਖਰ ਹੀ ਗੁਰਮੁਖਾਂ ਨੂੰ ਤਾਰਦਾ ਹੈ, ਓਅੰਕਾਰ ਹੀ ਤਿੰਨਾਂ ਲੋਕਾਂ ਦਾ ਮੂਲ ਹੈ। “ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥ ਓਨਮ ਅਖਰ ਸੁਣਹੁ ਬੀਚਾਰੁ॥ ਓਨਮ ਅਖਰੁ ਤ੍ਰਿਭਵਣ ਸਾਰੁ॥ 1॥ ਇਸ ਵਾਸਤੇ ਵੇਦਾਂ ਵਾਲਾ ਓਅੰਕਾਰ ਹੀ ਗੁਰਬਾਣੀਂ ਵਾਲਾ ਓਅੰਕਾਰ ਹੈ। ਵੈਸੇ ਵੀ ਓਅੰਕਾਰ ਦੋ ਨਹੀਂ ਹੋ ਸੱਕਦੇ।

(7) ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਜੀ ਨੇਂ ਵੱਖ ਵੱਖ ਧਰਮਾਂ ਵਾਲਿਆਂ ਨੂੰ ਸਮਝਾਉਣ ਵੇਲੇ, ਉਹਨਾਂ ਦੀਆਂ ਧਾਰਮਿਕ ਮਾਨਤਾਵਾਂ (ਜਿਵੇਂ ਕੇ ਧਰਮਰਾਜ ਆਦਿ) ਦੀਆਂ ਲਕੀਰਾਂ ਨੂੰ ਰੱਦ ਕੀਤੇ ਬਗੈਰ (ਬਗੈਰ ਢਾਹੇ) ਉਸ ਕੋਲ ਆਪਣੀਂ ਵੱਡੀ ਲਕੀਰ ਖਿੱਚ ਦਿੱਤੀ ਹੈ। ਕੀ ਇਹ ਵੀ ਹਿੰਦੂ ਧਰਮ ਜਾਂ ਵੇਦਾਂ ਦੇ ਓਨਮ (ਓਂ ਨਮਹਿਂ) ਅੱਖਰ ਦੇ ਨਾਲ 1 ਲਾਕੇ, ਅਤੇ ਓਅੰਕਾਰ ਨੂੰ ੴ ਬਨਾਕੇ ਮਹਿਜ਼ ਇੱਕ ਐਵੇਂ ਲਕੀਰ ਖਿੱਚੀ ਹੈ? ਇਸ ਨੂੰ ਅਸੀਂ ਕੀ ਕਹਾਂ ਗੇ? ਜਿਸ ਤਰਾਂ ਕਿ ਅਸੀਂ ਕਹਿੰਦੇ ਹਾਂ, ਕਿ ਧਰਮਰਾਜ ਨਹੀਂ ਹੈ, ਕੀ ਇਸੇ ਤਰਾਂ ਹੀ, ਕੀ ਓਅੰਕਾਰ ਵੀ ਨਹੀਂ ਹੈ, ਕੀ ਇਥੇ ਵੀ ਅਸੀਂ ਇਹ ਕਹਾਂ ਗੇ ਕੇ ਓਅੰਕਾਰ ਤਾਂ ਹੁੰਦਾ ਹੀ ਨਹੀਂ, ਇਹ ਤਾਂ ਉਸ ਵੱਕਤ ਦੇ ਬ੍ਰਾਹਮਣਾਂ ਦੀ ਇੱਕ ਧਾਰਮਿਕ ਮਾਨਤਾ ਨੂੰ ਖਤਮ (ਰੱਦ) ਕੀਤੇ ਬਗੈਰ ਪ੍ਰਮਾਤਮਾਂ (ਅਕਾਲ ਪੁਰਖ) ਨੂੰ “ਇਕ ਓਅੰਕਾਰ” ਕਹਿ ਦਿੱਤਾ ਹੈ। (ਵੈਸੇ ਗੂਰੂ ਜੀ ਨੇਂ ਇਸ ਸ਼ਬਦ ਵਿੱਚ ਵੀ ਇਸ ਓਅੰਕਾਰ ਨੂੰ ਜੰਜਾਲ ਹੀ ਕਿਹਾ ਹੈ।) ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕੇ ਸਾਰਾ ਵੇਦ ਮੱਤ ਹੀ ਜੰਜਾਲ ਹੈ

(8) ਜੇ “ਓ” ਅਤੇ Ä ਦੀ ਕੋਈ ਹੋਂਦ ਹੀ ਨਾਂ ਹੋਵੇ (ਜਿਵੇਂ ਕੇ ਅਸੀਂ ਧਰਮਰਾਜ ਦੀ ਹੋਂਦ ਨੂੰ ਨਹੀਂ ਮੰਨਦੇ) ਕਿਉ ਕੇ ਗੱਲ ਤਾਂ ਇਥੇ ਵੀ ਉਹੋ ਹੀ ਹੈ। ਓ ਅੱਖਰ ਦੇ ਅਗੇ “1 ਇਕ” ਲਾ ਦਿੱਤਾ ਅਤੇ ਪਿੱਛੇ “Ä ਕਾਰ” ਲਾ ਦਿੱਤੀ ਹੈ। ਇਸ ਤਰਾਂ ਤਾਂ ੴ ਦਾ ਵੀ ਮੂਲ ਤਾਂ “ਓ” ਹੀ ਹੈ, ਇਤਿਹਾਸ ਮੁਤਾਬਿਕ ਤਾਂ “ਓਂ” ਪਹਿਲੇ ਅਤੇ “1” ਬਾਦ ਵਿੱਚ ਹੋਂਦ ਵਿੱਚ ਆਇਆ। ਪਰ ਸੱਚ ਵਿੱਚ “1” ਪਹਿਲੇ ਸੀ। ਜਿਵੇਂ ਕੇ ਬਾਣੀਂ ਕਹਿ ਰਹੀ ਹੈ, ਓਨਮ ਅਖਰ ਸੁਣਹੁ ਬੀਚਾਰੁ॥ ਓਨਮ ਅਖਰੁ ਤ੍ਰਿਭਵਣ ਸਾਰੁ॥ 1॥ ਬਾਣੀਂ ਦੱਸ ਰਹੀ ਹੈ, ਕਿ ਓਂ ਅੱਖਰ ਹੀ ਤਿੰਨਾਂ ਲੋਕਾਂ ਦਾ ਮੂਲ ਹੈ। ਧਰਮਰਾਜ ਦਾ ਵੀ ਬਾਣੀਂ ਵਿੱਚ ਜਿਕਰ ਹੈ, ਓਅੰਕਾਰ ਦਾ ਵੀ ਬਾਣੀਂ ਵਿੱਚ ਜਿਕਰ ਹੈ, ਨਾਂ ਕਿਸੇ ਨੇਂ ਧਰਮਰਾਜ ਨੂੰ ਵੇਖਿਆ ਹੈ, ਅਤੇ ਨਾਂ ਹੀ ਕਿਸੇ ਨੇਂ ਓਅੰਕਾਰ ਨੂੰ ਵੇਖਿਆ ਹੈ, ਜੇ ਧਰਮਰਾਜ ਦੀ ਹੋਂਦ ਨੂੰ ਰੱਦ ਕਰਦੇ ਹਾਂ, ਤਾਂ ਓਅੰਕਾਰ ਦੀ ਹੋਂਦ ਨੂੰ ਵੀ ਰੱਦ ਕਰਨਾਂ ਪਵੇ ਗਾ। ਅਤੇ ਹਰ ਉਸ ਚੀਜ ਨੂੰ ਰੱਦ ਕਰਨਾਂ ਪਵੇਗਾ, ਜੋ ਅਸੀਂ ਦੇਖਦੇ ਨਹੀਂ ਹਾਂ। ਅਤੇ ਜਿਸ ਚੀਜ ਦਾ ਵੇਦਾਂ ਜਾਂ ਹਿੰਦੂ ਧਰਮ ਗ੍ਰੰਥਾਂ ਵਿੱਚ ਜਿਕਰ ਹੈ। ਹਰ ਉਸ ਚੀਜ ਨੂੰ ਵੀ ਰੱਦ ਕਰਨਾਂ ਹੀ ਪਵੇ ਗਾ, ਬੇਸ਼ੱਕ ਉਸਦਾ ਜਿਕਰ ਬਾਣੀਂ ਵਿੱਚ ਆ ਚੁਕਾਂ ਹੋਵੇ। ਵੇਦ ਇਹ ਗੱਲ ਕਹਿੰਦੇ ਹਨ, ਕੇ ਕੋਈ ਪ੍ਰਮਾਤਮਾਂ ਹੈ, ਕੀ ਸਚਮੁਚ ਕੋਈ ਪ੍ਰਮਾਤਮਾਂ ਹੈ ਵੀ, ਜਾਂ ਵੇਦ ਐਵੇਂ ਝੂਠ ਹੀ ਕਹੀ ਜਾਂਦੇ ਹਨ? । ਕੀ ਕਦੇ ਕਿਸੇ ਨੇਂ ਪ੍ਰਮਾਤਮਾਂ ਨੂੰ ਵੇਖਿਆ ਹੈ। ਤਾਂ ਅਸੀਂ ਕਿਵੇਂ ਮੰਨ ਲਿਆ ਕੇ ਪ੍ਰਮਾਤਮਾਂ ਸਚਮੁਚ ਹੈ।

(9) ਜਿਵੇਂ ਕੇ ਸਾਡੀ ਧਾਰਨਾਂ ਹੈ, ਕਿ ਧਰਮ ਰਾਜ ਤਾਂ ਹੁੰਦਾ ਹੀ ਨਹੀਂ, ਤਾਂ ਕੀ ਇਸ ਤਰਾਂ ਓਂ ਵੀ ਨਹੀਂ ਹੈ, ਜੇ ਓ ਨਹੀਂ ਹੈ ਤਾਂ ੴ ਦੇ ਬਾਰੇ ਆਪਾਂ ਕੀ ਲਿਖਾਂ ਗੇ? । ਕਿਉਂ ਕੇ ਇਹ ਵੀ ਓਂ ਅੱਖਰ ਦਾ ਹੀ ਵਿਸਥਾਰ ਹੈ। ਓਅੰ ਅੱਖਰ ੴ ਦਾ ਕੇਂਦਰ ਬਿੰਦੂ ਹੈ।

(10) ਹੁਣ ਇਸ ਸ਼ਬਦ ਵਿੱਚ ਬਾਣੀਂ ਸਮਝਾ ਰਹੀ ਹੈ, ਕੇ ਓਅੰਕਾਰ ਤੋਂ ਸੱਭ ਦੀ ਉਤਪਤੀ ਹੋਈ ਹੈ। ਓਅੰਕਾਰ ਹੀ ਸੱਭ ਦਾ ਮੂਲ ਹੈ। ਜੇ ਤਾਂ ਓਅੰਕਾਰ ਦੀ ਵੀ ਧਰਮ ਰਾਜ ਵਾਂਗੂ ਕੋਈ ਹੋਂਦ ਨਹੀਂ ਹੈ, ਫਿਰ ਤਾਂ ਠੀਕ ਹੈ। ਨਹੀਂ ਤਾਂ ਕੀ ਇਹ ਇੱਕ ਤਰਾਂ ਨਾਲ ਵੇਦ ਮੱਤ (ਹਿੰਦੂ ਧਰਮ) ਨੂੰ, ਇੱਕ ਬਹੁਤ ਹੀ ਜਬਰ ਦੱਸਤ ਮਾਨਤਾ ਨਹੀਂ ਹੈ? । ਕਿਉਂ ਕੇ ਓਮ, ਓਂ ਜਾਂ ਓਅੰ ਤੋਂ ਹੀ ੴ ਬਨਿਆਂ ਹੈ, ਇਸ ਸਚਾਈ ਨੂੰ ਅਸੀਂ ਕਿਵੇਂ ਰੱਦ ਕਰਾਂ ਗੇ। ਇਹ ਸੱਚਮੁਚ ਹੀ ਬਹੁਤ ਵੱਡਾ ਜੰਜਾਲ ਹੈ। ਗੁਰੂ ਨਾਨਕ ਦੇਵ ਜੀ ਨੇਂ ਐਵੇਂ ਹੀ ਨਹੀਂ ਕਹਿ ਦਿੱਤਾ, ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ

(11) ਜੇ ਪੰਡਿਤਾਂ ਨੇਂ ਇਹਨਾਂ ਜੰਜਾਲਾਂ ਤੋਂ ਬਚਣਾਂ ਹੈ, ਤਾਂ ਪੰਡਿਤ ਵਾਸਤੇ ਤਾਂ ਗੁਰੂ ਨਾਨਕ ਦਾ ਇਹ ਉਪਦੇਸ਼ ਹੈ ਕਿ, “ਆਪਣੇਂ ਹਿਰਦੇ ਦੀ ਪੱਟੀ ਤੇ ਹਰੀ (ਰਾਮ) ਦਾ ਨਾਮ ਲਿਖ ਲੈ” ਪਰ ਜੇ ਅਸੀਂ ਇਸ ਜੰਜਾਲ ਤੋਂ ਬਚਣਾਂ ਹੋਵੇ, ਤਾਂ ਸਾਡੇ ਵਾਸਤੇ ਗੁਰੂ ਨਾਨਕ ਦਾ ਕੀ ਉਪਦੇਸ਼ ਹੈ। ਕੀ ਕੋਈ ਵਿਦਵਾਨ, ਗਿਆਨੀ, ਜਾਂ ਗੁਰੂ ਨਾਨਕ ਦੇ ਉਪਦੇਸ਼ ਦਾ ਪ੍ਰਚਾਰਕ ਸਾਨੂੰ ਇਹ ਦੱਸੇ ਗਾ? ।

ਜੇ ਅਸੀਂ ਆਪਣੀਂ ਆਪਣੀਂ ਮਨਮੱਤ ਨਾਲ ਵਿਚਾਰਾਂ ਕਰਾਂ ਗੇ, ਅਤੇ ਆਪਣੀਂ ਮਨ ਬੁੱਧੀ ਨਾਲ ਬਾਣੀਂ ਦੇ ਅਰਥ ਕਰਨ ਦੀ ਕੋਸ਼ਿਸ਼ ਕਰਾਂ ਗੇ, ਤਾਂ ਅਜੇਹੇ ਸੈਕੜੇ ਹੀ ਸਵਾਲ ਉੱਠਣ ਗੇ। ਕਿਉਂ ਕੇ ਬੁੱਧੀ ਤਾਂ ਸੱਭ ਦੀ ਵੱਖਰੀ ਵੱਖਰੀ ਹੈ, ਕਿੰਤੂ ਪ੍ਰੰਤੂ ਹੋਵੇ ਗਾ, ਫਿਰ ਜਿਸ ਤਰਾਂ ਅਸੀਂ ਹੋਰ ਵਿਸ਼ਿਆਂ ਨੂੰ ਸੱਚ ਉਜਾਗਰ ਹੋ ਜਾਣ ਦੇ ਡਰ ਤੋਂ ਬੰਦ ਕਰ ਦੇਂਦੇ ਹਾਂ। ਉਹਨਾਂ ਵਿਸ਼ਿਆਂ ਵਾਂਗ ਅਸੀਂ ਇਹ ਕਹਾਂ ਗੇ ਕੇ ਗੁਰਬਾਣੀਂ ਦੀ ਵਿਚਾਰ ਵੀ ਬੰਦ ਕਰ ਦੇਣੀਂ ਚਾਹੀਦੀ ਹੈ। ਕਿਉਂ ਕੇ ਇਸ ਨਾਲ ਸੱਚ ਸਾਹਮਣੇਂ ਆਉਂਦਾ ਹੈ। ਕੀ ਸੱਚ ਤੇ ਵੱਧ ਤੋਂ ਵੱਧ ਪਰਦਾ ਪਾਉਣਾਂ ਹੀ ਸੱਚੀ ਸਿੱਖੀ ਹੈ। ਜੇ ਅਸੀਂ ਗੁਰਮੱਤ ਨਾਲ ਬਾਣੀਂ ਦੇ ਅਰਥ ਕਰਾਂ ਗੇ, ਜਾਂ ਗੁਰਮੱਤ ਨਾਲ ਬਾਣੀਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਗੇ, ਤਾਂ ਕੀ ਬਾਣੀਂ ਦੇ ਅਰਥਾਂ ਵਿੱਚ ਝਗੜਾ ਜਾਂ ਕੋਈ ਭੇਦਭਾਵ ਰਹੇ ਗਾ? । ਜੇ ਗੁਰਮੱਤ ਨਾਲ ਵੀ ਇਹ ਝਗੜਾ ਖਤਮ ਨਹੀਂ ਹੋਣਾਂ, ਤਾਂ ਐਸੀ ਗੁਰਮੱਤ ਦਾ ਕੀ ਲਾਭ? । ਕੀ ਆਪਾਂ ਸਾਰੇ ਗੁਰਮੱਤ ਤੇ ਚੱਲਦੇ ਹਾਂ, ਕੀ ਆਪਾਂ ਸਾਰੇ ਗੁਰਮੱਤ ਨੂੰ ਜਾਣਦੇ ਹਾਂ। ਕੀ ਆਪਣੇਂ ਸਾਰਿਆਂ, ਖਾਸ ਕਰ ਲਿਖਾਰੀਆਂ ਵਿਚੋਂ ਕੋਈ ਇਹ ਮੰਨੇਂ ਗਾ, ਕੇ ਉਹ ਗੁਰਮੱਤ ਨਹੀਂ ਜਾਣਦਾ, ਇਸ ਕਰਕੇ ਉਹ ਮਨਮੁੱਖ ਹੈ। ਜੇ ਕਿਸੇ ਨੂੰ ਕਹੀਏ ਕੇ ਭਾਈ ਤੁਸਾਂ ਨੇਂ ਕੋਈ ਗੁਰਮੁਖ ਦੇਖਿਆ ਹੈ? ਤਾਂ ਕੋਈ ਨਹੀਂ ਕਹੇ ਗਾ, ਮੈਂ ਗੁਰਮੁਖ ਦੇਖਿਆ ਹੈ। ਕਿਉਂ ਕੇ ਅਸੀਂ ਆਪਣੇਂ ਤੋਂ ਇਲਾਵਾ ਹੋਰ ਕਿਸੇ ਨੂੰ ਗੁਰਮੁਖ ਮੰਨਦੇ ਹੀ ਨਹੀਂ। ਜੇ ਕਹੀਏ ਕੇ ਮਨਮੁਖ ਕੌਣ ਹੁੰਦੇ ਹਨ, ਤਾਂ ਅਸੀਂ ਆਪਣੇਂ ਤੋਂ ਬਿਨਾਂ ਸਾਰਿਆਂ ਨੂੰ ਹੀ ਮਨਮੁਖ ਸਮਝਦੇ ਹਾਂ। ਇਸ ਤਰਾਂ, ਵਿਚਾਰ ਕਿਵੇਂ ਮਿਲਣ, ਅਤੇ ਬਾਣੀਂ ਦੇ ਅਰਥਾਂ ਦਾ ਝਗੜਾ ਕਿਵੇਂ ਖਤਮ ਹੋਵੇ? । ਦੱਸੋ ਵੀਰੋ ਬਾਣੀਂ ਦੇ ਅਰਥਾਂ ਦਾ ਝਗੜਾ ਕਿਵੇਂ ਖਤਮ ਹੋਵੇ? ।

ਗੁਰਮੁਖ ਦੀ ਸੱਭ ਤੋਂ ਵੱਡੀ ਨਿਸ਼ਾਨੀ ਇਹ ਹੈ, ਕੇ ਉਹ ਹਰੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਲੈਂਦਾ ਹੈ। ਅਤੇ ਇਸ ਦਾ ਕੀ ਸਬੂਤ ਹੈ, ਕਿ ਗੁਰਮੁਖ ਨੇਂ ਸੱਚਮੁੱਚ ਹੀ ਹਰੀ ਨੂੰ ਵੇਖ ਲਿਆ, ਜਾਂ ਜਾਣ ਲਿਆ ਹੈ? ਤਾਂ ਇਸ ਗੱਲ ਦਾ ਸਬੂਤ ਜਾਂ ਨਿਸ਼ਾਨੀਂ ਇਹ ਹੈ। ਕੇ ਉਹ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦਾ, ਸੱਭ ਨੂੰ ਹੀ ਆਪਣੇਂ ਤੋਂ ਵੱਡਾ ਅਤੇ ਚੰਗਾ ਸਮਝਦਾ ਹੈ। ਕਿਉਂ ਕੇ ਉਹ ਦੇਖ ਲੈਦਾ ਹੈ, ਕਿ ਪ੍ਰਭੂ ਹਰ ਇੱਕ ਦੇ ਵਿੱਚ ਵੱਸਦਾ ਹੇ। ਪ੍ਰਭੂ ਹਰ ਚੰਗੇ, ਅਤੇ ਬੁਰੇ ਤੋਂ ਬੁਰੇ ਇਨਸਾਨ ਵਿੱਚ ਵੱਸਦਾ ਹੈ। ਜਿਹੜਾ ਵੀ ਮਨੁੱਖ, ਇੱਕ ਸੂਈ ਦੇ ਨੱਕੇ ਜਿਨੀਂ ਵੀ ਕਿਸੇ ਦੀ ਨਿੰਦਾ ਕਰ ਸੱਕਦਾ ਹੈ, ਜਾਂ ਜਿਹੜ੍ਹਾ ਕਿਸੇ ਦੀਆਂ ਬੁਰਾਈਆਂ ਦੇਖਦਾ ਹੈ, ਨਾਂ ਉਹ ਗੁਰਮੁਖ ਹੈ, ਨਾਂ ੳਥੇ ਗੁਰਮੱਤ ਹੈ। ਗੁਰਮੁਖ ਜਾਂ ਗੁਰਮੱਤ ਵਾਲੇ ਨੂੰ ਕਿਸੇ ਦੀ ਇੱਕ ਭੋਰਾ ਵੀ ਬੁਰਾਈ ਨਜ਼ਰ ਨਹੀਂ ਆਉਂਦੀ। ਕਿਸੇ ਦੀ ਬੁਰਾਈ ਦੇਖ ਕੇ ਉਹ ਖੁਦ ਡੱਰ ਜਾਂਦਾ ਹੈ, ਅਤੇ ਪ੍ਰਮਾਤਮਾਂ ਪਾਸ ਉਸ ਵਾਸਤੇ ਬੇਨਤੀ ਕਰਦਾ ਹੈ। ਗੁਰਮੁੱਖ ਬਣਨਾਂ, ਜਾਂ ਗੁਰਮੱਤ ਤੇ ਚੱਲਨਾਂ ਔਖਾ ਹੈ, ਪਰ ਤਲਵਾਰ ਦੀ ਧਾਰ ਤੇ ਚੱਲਣਾਂ ਸੌਖਾ ਹੈ, ਜੇ ਅਜੇਹਾ ਨਾਂ ਹੁੰਦਾ ਤਾਂ, ਬਾਣੀਂ ਗੁਰਮੁਖਾਂ ਨੂੰ ਵਿਰਲੇ ਨਾਂ ਕਹਿੰਦੀ, ਬਲਕਿ ਬਹੁਤ ਹੁੰਦੇ।

ਸ਼ਬਦ ਦੇ ਅਰਥ:- (ਓਅੰਕਾਰ ਸੱਭ ਦਾ ਆਦਿ ਹੈ, ਇਹ ਆਪਾਂ ਸਾਰੇ ਜਾਣਦੇ ਹਾਂ) ਉਅੰਕਾਰ ਨੇਂ ਬ੍ਰਹਮਾਂ ਨੂੰ ਪੈਦਾ ਕੀਤਾ, ਜਾਂ ਕਹਿ ਲਵੋ ਕੇ, ਬ੍ਰਹਮਾਂ ਦੀ ਉਤਪਤੀ ਓਅੰਕਾਰ ਤੋਂ ਹੋਈ ਹੈ। (ਬ੍ਰਹਮਾਂ ਇਸ ਸੰਸਾਰ ਦੀ ਸੱਭ ਤੋਂ ਪਹਿਲੀ ਪਦਾਇਸ਼, ਜਾਂ ਪਹਿਲਾ ਜੀਵ ਹੈ, ਜਿਸ ਦੀ ਸਿਰਜਨਾਂ ਓਅੰਕਾਰ ਨੇਂ ਕੀਤੀ) ਬ੍ਰਹਮਾਂ ਨੇਂ ਓਅੰਕਾਰ ਨੂੰ ਆਪਣੇਂ ਚਿੱਤ ਵਿੱਚ ਵਸਾਲਿਆ। ਫਿਰ ਓਅੰਕਾਰ ਤੋਂ ਹੀ ਸਾਰੀ ਧਰਤੀ ਪਹਾੜ ਅਤੇ ਜੁੱਗ ਆਦੀ ਬਨੇਂ। ਓਅੰਕਾਰ ਨੇਂ ਹੀ ਬੇਦਾਂ ਨੂੰ ਰਚਿਆ ਸੀ। (ਨੋਟ:-ਪਿਛੇ ਜਿਹੇ ਥੋੜੀ ਜਿਹੀ ਚਰਚਾ ਹੋਈ ਸੀ, ਕੇ ਬੇਦ ਕਿਸ ਨੇਂ ਲਿਖੇ ਹਨ, ਦੇਖ ਲਵੋ ਗੁਰੂ ਨਾਨਕ ਜੀ ਦੱਸ ਰਹੇ ਹਨ, ਕੇ ਵੇਦਾਂ ਦਾ ਨਿਰਮਾਣ ਓਅੰਕਾਰ ਨੇਂ ਆਪ ਕੀਤਾ ਸੀ, ਭਾਵ ਵੇਦ ਓਅੰਕਾਰ (ਪਰਮਾਤਮਾਂ) ਨੇਂ ਆਪ ਲਿੱਖੇ ਸਨ, ਇਹ ਕੀ ਜੰਜਾਲ ਨਹੀ (ਗੋਰਖ ਧੰਦਾ) ਹੈ? ? ? ਕੀ ਕੋਈ ਸਮਝੇ ਗਾ ਇਸ ਭੇਦ ਨੂੰ?) ਓਅੰਕਾਰ ਦੇ ਸ਼ਬਦ ਨਾਲ ਹੀ ਉਧਾਰ ਹੋਣਾਂ ਹੈ। (ਸ਼ਬਦ ਦੇ ਵਿਚਾਰਕ ਇਸ ਗੱਲ ਨੂੰ ਨੋਟ ਕਰਨ,) ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥ (ਹੁਣ ਓਅੰਕਾਰ ਸ਼ਬਦ ਕਿਹੜਾ ਹੈ?) ਗੁਰਮੁਖਾਂ ਦਾ ਉਧਾਰ (ਪਾਰ ਉਤਾਰਾ) ਓਅੰਕਾਰ ਕਰਦਾ ਹੈ। ਗੁਰੂ ਨਾਨਕ ਜੀ ਕਹਿ ਰਹੇ ਹਨ, ਸੁਣੋਂ ਅਸੀਂ ਤੁਹਾਨੂੰ ਓਨਮ (ਓਅੰ) ਓਅੰਕਾਰ ਅੱਖਰ ਦੀ ਵਿਚਾਰ ਦੱਸਦੇ (ਸਮਝਾਉਂਦੇ) ਹਾਂ। ਓਨਮ (ਓਂ) ਅੱਖਰ ਤਿੰਨਾਂ ਲੋਕਾਂ ਦਾ ਮੂਲ ਹੈ। ਸੁਣੋਂ! ਠਹਿਰੋ ਬੱਸ॥ ਰਹਾਉ॥ ਹੇ ਪਾਂਡੇ ਇਸ ਓਨਮ ਅੱਖਰ ਦਾ ਜੰਜਾਲ ਹੋਰ ਕੀ ਲਿਖਾਂ, (ਤੂੰ ਇਸ ਨੂੰ ਵੀ ਛੱਡ) ਤੂੰ ਆਪਣੀਂ ਪੱਟੀ ਤੇ ਗੁਰੂ ਦੀ ਮੱਤ ਨਾਲ ਰਾਮ ਦਾ ਨਾਮ ਲਿਖ ਲੈ, ਜੋ ਗੋਪਾਲ ਹੈ, ਜੀਵ ਰੂਪੀ ਗਉਆਂ ਦਾ ਪਾਲਣਹਾਰਾ। ਬਾਣੀਂ ਦੱਸ ਜਾਂ ਸਾਬਤ ਕਰ ਰਹੀ ਹੈ, ਕੇ ਨਾਮ ਓਅੰਕਾਰ ਤੋਂ ਵੱਡਾ ਹੈ।

ਨੋਟ:- ਗੁਰੂ ਨਾਨਕ ਜੀ ਨੇਂ ਜੇ ਸਿੱਧਾਂ ਨਾਲ ਗੋਸ਼ਟ ਕੀਤੀ ਤਾਂ ਨਾਮ ਨੂੰ ਹੀ ਸੱਭ ਦਾ ਨਬੇੜਾ ਦੱਸਿਆ। ਜੇ ਪਟੀ ਲਿਖੀ, ਤਾਂ ਵੀ ਨਾਮ ਦੀ ਹੀ ਗੱਲ ਸਮਝਾਉਂਣ ਵਾਸਤੇ, ਬਾਣੀਂ ਦਾ ਇੱਕ ਇੱਕ ਸ਼ਬਦ ਦੱਸ ਰਿਹਾ ਹੈ ਕਿ ਨਾਮ ਤੋਂ ਬਿਨਾਂ ਸੱਭ ਝੂਠ ਹੋ ਜਾਣਾਂ ਹੈ। ਇਹ ਓਅੰਕਾਰ ਵਾਣੀ ਬਾਣੀਂ ਨੇਂ ਵੀ ਰਹਾਉ ਵਾਲੀ ਬਾਣੀਂ ਵਿੱਚ ਵੀ ਨਾਮ ਬਾਰੇ ਨਬੇੜਾ ਕਰ ਦਿੱਤਾ ਹੈ। ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ 1॥ ਰਹਾਉ॥ ਅੱਗੇ ਇਸ ਸ਼ਬਦ ਜਾਂ ਬਾਣੀਂ ਦੀ ਅਖੀਰਲੀ ਪਾਉੜੀ ਵਿੱਚ ਗੁਰੂ ਨਾਨਕ ਜੀ ਨਾਮ ਦਾ ਹਾਰ ਆਪਣੇਂ ਗਲ ਵਿੱਚ ਪਾਉਣ ਦੀ ਹਦਾਇਤ ਦੇ ਰਹੇ ਹਨ। ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥ ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ॥ ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥ ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ (ਇਹ ਨਾਮ ਦਾ ਹਾਰ ਇਕੱਲੇ ਪੰਡਤਾਂ ਬ੍ਰਾਹਮਣਾਂ ਵਾਸਤੇ ਹੈ, ਜਾਂ ਸਾਡੇ ਵਾਸਤੇ ਵੀ ਹੈ? ਹੁਣ ਗੁਰੂ ਜੀ ਸਾਡੇ ਇੱਕ ਇੱਕ ਦਾ ਨਾਂ ਲੈ ਕੇ ਤਾਂ ਕਹਿਣੋਂ ਰਹੇ)

ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇੱਕ ਜੋਤੀ॥ ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ॥ ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ॥ ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ॥ 2॥

ਆਪਾਂ ਗੁਰੂ ਨਾਨਕ ਜੀ ਦਾ ਸ਼ਬਦ “ਪੱਟੀ ਲਿਖੀ” ਪੜ ਚੁਕੇ ਹਾਂ, ਵੈਸੇ ਤਾਂ ਸਾਰੀ ਹੀ ਬਾਣੀਂ, ਅਤੇ ਬਾਣੀਂ ਦਾ ਇੱਕ ਇੱਕ ਅੱਖਰ ਹੀ ਸਾਡੇ ਵਾਰਤੇ ਪੱਟੀ ਹੈ। ਇਹ ਸਬਦ ਵਿੱਚ ਵੀ, ਅਖੀਰਲੀਆਂ ਦੋ ਪੌੜੀਆਂ ਵਿਚ, ਗੁਰੂ ਨਾਨਕ ਜੀ ਸੱਚੀ ਪੱਟੀ ਪੜ੍ਹਨ ਦੀ ਹਦਾਇਤ ਦੇ ਰਹੇ ਹਨ। ਸ਼ੁੱਰੂ ਵਿੱਚ ਵੀ ਪਹਿਲੀਆਂ ਚਾਰ ਪੌੜੀਆਂ ਸਿਧੰਙਾਇਐ ਦੇ ਚਾਰ ਅੱਖਰਾਂ ਸ ਧ ਙ ਅਤ ਨਾਲ ਉਚਾਰੀਆਂ ਹਨ,

ਜਿਵੇਂ ਕੇ ਆਪਾਂ ਸੱਭ ਜਾਣਦੇ ਹਾਂ, ਪੁਰਾਣੇਂ ਵੱਕਤ ਵਿੱਚ ਬੱਚਾ ਜਦ ਪੜ੍ਹਨ ਵਾਸਤੇ ਜਦ ਪਾਂਧੇ ਦੇ ਪਾਸ ਜਾਂਦਾ ਸੀ ਤਾਂ ਪਾਂਧਾ ਪਹਿਲੇ ਦਿਨ ਚੇਲੇ (ਬੱਚੇ) ਦੀ ਪੱਟੀ ਉਤੇ ‘ਓਮ ਨਮਹ’ ਲਿਖ ਕੇ ਅੱਗੇ ਅਸੀਸ ਵਜੋਂ “ਸਿਧੰ ਆਇਐ” ਲਿਖਦੇ ਸਨ। ਜਿਸ ਦਾ ਅਰਥ ਇਹ ਹੁੰਦਾ ਹੈ, ਕਿ ‘ਤੈਨੂੰ ਇਸ ਵਿਦਿਆ ਵਿੱਚ ਸਿੱਧੀ ਪ੍ਰਾਪਤ ਹੋਵੇ’

ਸਿਧੰਙਾਇਐ ਸਿਮਰਹਿ ਨਾਹੀ ਨμਨੈ ਨਾ ਤੁਧੁ ਨਾਮੁ ਲਇਆ॥ ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ॥ 2॥

ਗੁਰੂ ਜੀ ਸਾਨੂੰ ਸਮਝਾ ਰਹੇ ਹਨ, ਹੇ ਨੰਨ੍ਹੈ ਬੱਚੇ ਨਾਂ ਤੇ ਤੂੰ ਸਿਧੰਙਾਇਐ (ਗੁਰੂ ਦੀ ਅਸੀਸ/ਬਖਸ਼ੀਸ਼ ਦਾ ਸਿਮਰਨ ਹੀ ਕਰਦਾ ਹੈਂ, ਅਤੇ ਨਾਂ ਹੀ ਤੂੰ ਨਾਮ ਲਿਆ ਹੈ। ਮੂਰਖ ਇੱਕ ਇੱਕ ਦਿਨ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ। ਵੇਲਾ ਨੇੜੇ ਆ ਰਿਹਾ ਹੈ, ਜਦੋਂ ਜਮਾਂ ਨੇਂ ਆਣ ਪਕੜਿਆ, ਤਾਂ ਜਮਾਂ ਤੋਂ ਕਿਵੇਂ ਛੁੱਟੇਂ ਗਾ। (ਇਸ ਵਿੱਚ ਜਿਹੜੀ ਗੱਲ ਝੂਠੀ ਹੈ, ਉਸ ਨੂੰ ਕੱਟ ਕਰ ਦੇਵੋ)

ਦੂਜੀ ਪਾਉੜੀ ਦੇ ਅਰਥ:- ਪ੍ਰਮਾਤਮਾਂ ਨੇਂ ਇਸ ਇਹ ਸਾਰੇ ਸੰਸਾਰ ਦੀ ਰਚਨਾਂ ਕੀਤੀ, ਤਿਨੋਂ ਲੋਕ ਬਨਾਇ ਹਨ। ਤਿੰਨਾਂ ਹੀ ਲੋਕਾਂ ਵਿਚ, ਉਸ ਪ੍ਰਮਾਤਮਾਂ ਨੇਂ ਆਪਣੀਂ ਜੋਤ ਰੱਖੀ ਹੈ। (ਪਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ) ਸਿਰਫ ਗੁਰਮੁਖਾਂ ਨੂੰ ਹੀ ਇਸ ਜੋਤ, ਦੇ ਦਰਸ਼ਨ ਹੁੰਦੇ ਹਨ। ਗੁਰਮੁਖ, ਮਾਣਕ ਮੋਤੀ ਹੀਰੇ ਜਵਾਹਰਾਤ ਤੋਂ ਵੀ ਕੀਮਤੀ ਨਾਮ ਦਾ ਧਨ ਇਕੱਠਾ ਕਰ ਲੈਦੇ ਹਨ। ਗੁਰਮੁਖ ਬਾਣੀਂ ਨੂੰ ਪੜ੍ਹਦੇ ਹਨ, ਸਮਝਦੇ ਹਨ, ਅਤੇ ਉਹ ਇਸ ਭੇਦ ਨੂੰ ਬੁਝ ਲੈਂਦੇ ਹਨ, ਕਿ ਅੰਤ ਨੂੰ ਉਹ ਇੱਕ ਸਚਾ ਪ੍ਰਭੂ ਹੀ ਥਿਰ ਰਹਿਣਾਂ ਹੈ, ਉਹੋ ਹੀ ਸੱਭ ਵਿੱਚ ਵਿਆਪਕ ਹੈ। ਗੁਰਮੁਖ ਉਸ ਸਚੇ ਪ੍ਰਭੂ ਨੂੰ ਸੱਭ ਜਗਹਾ, ਸੱਭ ਵਿੱਚ ਵੇਖਦੇ ਹਨ। ਉਹ ਸੱਚੇ ਪ੍ਰਭੂ ਨੂੰ ਆਪਣੇਂ ਹਿਰਦੇ ਵਿੱਚ ਸਮਾ ਲੈਂਦੇ ਹਨ। ਗੁਰਮੁਖਾਂ ਨੂੰ ਉਸ ਇੱਕ ਸੱਚੇ ਤੋਂ ਬਿਨਾਂ ਬਾਕੀ ਸੱਭ ਕੁੱਝ ਝੂਠ ਨਜ਼ਰ ਆਉਂਦਾ ਹੈ।

ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ॥ ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ॥ ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ॥ ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥ 3॥

ਜਿੱਥੇ ਸੱਤਿਸੰਗ ਹੈ ਉਹ ਧਰਮਾਂ ਪੁਰੀ ਹੈ। ਗੁਰਮੁਖ ਗੁਰੂ ਧਰਮਾਂ ਪੁਰੀ ਵਿਚ, ਸੱਚ ਧਰਮ ਦਾ ਉਪਦੇਸ਼ ਕਰਦਾ ਹੈ। ਸਤਿਗੁਰੂ “ਗੁਣਕਾਰੀ” ਹੈ ਗੁਣਾਂ ਨੂੰ ਪੈਦਾ ਕਰਨ ਵਾਲਾ ਹੈ, ਸਤਿਗੁਰੂ ਧੀਰਾ ਹੈ। ਜਿਨ੍ਹਾਂ ਦੇ ਮੁੱਖ ਵਿਚ, ਅਤੇ ਮੱਥੇ ਤੇ ਇਹੋ ਜਿਹੇ ਗੁਣਕਾਰੀ ਸਤਿਗੁਰੂ ਦੇ ਚਰਨਾਂ ਦੀ ਧੂੜ ਪੈ ਜਾਂਦੀ ਹੈ। ਲੋਹੇ ਦੇ ਜੰਗਾਲ ਵਰਗੇ ਉਹ ਮਨੁੱਖ ਸੋਨਾਂ ਬਣ ਜਾਂਦੇ ਹਨ। ਸਤਿ ਗੁਰੂ ਤੋਲ ਬੋਲ ਵਿੱਚ ਪੂਰਾ ਹੂੰਦਾ ਹੈ। ਅਤੇ ਪ੍ਰਮਾਤਮਾਂ, ਜੋ ਅਜੋਨੀਂ ਹੈ ਅਤੇ ਸਾਰੀ ਸ੍ਰਿਸਟੀ ਦਾ ਆਸਰਾ ਹੈ। ਉਹ ਪ੍ਰਮਾਤਮਾਂ ਆਪਣੀਂ “ਮਿਤਿ” ਮਾਪ ਤੋਲ, ਵਡਿਆਈ, ਕੀਮਤ, ਆਪ ਹੀ ਜਾਣਦਾ ਹੈ। ਅਤੇ ਜਾਂ ਫਿਰ ਕੋਈ ਪੂਰਾ ਸਤਿਗੁਰੂ, ਕੋਈ ਸੂਰਮਾਂ ਸਤਿਗੁਰੂ ਜਾਣਦਾ ਹੈ। ਹੋਰ ਕਿਸੇ ਦੀ ਤਾਕਤ ਨਹੀਂ।

ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ॥ ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ॥ ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ॥ ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ॥ 4॥

ਜੋ ਐਸੇ “ਗੁਣਕਾਰੀ” ਸਤਿਗੁਰੂ ਦੇ ਉਪਦੇਸ਼ ਨੂੰ ਵਿਸਾਰ ਦੇਂਦਾ ਹੈ, ਅਤੇ ਦੂਜੇ ਭਾਉ (ਸੂਹੇ ਰੰਗ ਵਿੱਚ ਰੰਗਿਆ ਜਾਂਦਾ ਹੈ) ਉਹ ਜ਼ਹਿਰ ਖਾਦੇ ਹਨ, ਅਤੇ ਬਾਰ ਬਾਰ ਜੰਮਦੇ ਅਤੇ ਮਰਦੇ ਹਨ, ਬਾਰ ਬਾਰ (ਕੁਤਿਆਂ ਸੂਰਾਂ ਦੇ) ਗਰਭ ਵਿੱਚ ਗਾਲੇ ਜਾਣ ਗੇ। ਨਾਂ ਤੇ ੳਹੁਨਾਂ ਨੂੰ ਗੁਰੂ ਦਾ ਰਸ (ਗਿਆਨ) ਚੰਗਾ ਲੱਗਦਾ ਹੈ। ਨਾਂ ਹੀ ਗੁਰੂ ਦੀ ਸੋਭਾ, ਅਤੇ ਨਾਂ ਹੀ ਗੁਰਬਾਣੀਂ (ਗੁਰੂ ਦੇ ਬਚਨ) ਦੀ ਵਿਚਾਰ ਚੰਗੀ ਲੱਗਦੀ ਹੈ। ਉਹ ਮਨੁੱਖ ਉਸ ਗਹਿਰ ਗੰਭੀਰ ਪ੍ਰਭੂ ਪ੍ਰਮਾਤਮਾਂ ਤੋਂ ਵਿੱਛੜ ਜਾਂਦਾ ਹੈ। ਜਿਨ੍ਹਾਂ ਨੇਂ ਗੁਰੂ ਦਾ ਹੁਕਮ ਮੰਨ ਕੇ ਸਚੇ ਪ੍ਰਭੂ ਦਾ ਸਿਮਰਨ ਕੀਤਾ। ਉਹਨਾਂ ਨੇਂ ਅਮ੍ਰਿਤ ਪੀਤਾ, ਉਹਨਾਂ ਨੂੰ ਮਨ ਵਿੱਚ ਅਤੇ ਸਰੀਰ ਵਿੱਚ ਉਹ ਪ੍ਰਮਾਤਮਾਂ ਬਹੁਤ ਹੀ ਪਿਆਰਾ ਲੱਗਦਾ ਹੈ। ਉਹ ਪ੍ਰਮਾਤਮਾਂ ਆਪ ਹੀ ਜੀਵ ਨੂੰ ਗੁਰੂ ਨਾਲ ਮਿਲਾ ਕੇ ਨਾਮ ਦੀ ਦਾਤ ਦਿਵਾਉਦਾ ਹੈ। ਅਤੇ ਆਪ ਹੀ ਨਾਮ ਦਾ ਅੰਮ੍ਰਿਤ ਵੀ ਪਿਲਾਂਦਾ ਹੈ।

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥ ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ॥ ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ॥ ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ॥ 5॥

ਸਾਰੇ ਹੀ ਕਹਿੰਦੇ ਹਨ ਪ੍ਰਮਾਤਮਾਂ ਇੱਕ ਹੈ। ਫਿਰ ਵੀ ਆਪੇ ਦਾ ਹੰਕਾਰ, ਭਾਵ ਆਪ ਨੂੰ ਦੂਜਿਆਂ ਨਾਲੋਂ ਵੱਖਰਾ, ਅਤੇ ਸ੍ਰੇਸ਼ਟ ਸਮਝਣ ਦਾ ਹੰਕਾਰ, ਹਰ ਵੇਲੇ ਮਨ ਤੇ ਹਾਵੀ ਰਹਿੰਦਾ ਹੈ। (ਇਕ, ਇਕ, ਇਕ, ਕਹਿੰਦਿਆਂ ਇਹਨਾਂ ਦੀ ਜੁਬਾਨ ਨਹੀਂ ਸੁਕਦੀ, ਲੋਕਾਂ ਨੂੰ ਇੱਕ ਪ੍ਰਮਾਤਮਾਂ ਦਾ ਗਿਆਨ ਦੇਂਦੇ ਹਨ। ਪਰ ਖੁੱਦ ਇਸ ਗੱਲ ਤੇ ਅਮਲ ਨਹੀਂ ਕਰਦੇ।) ਜੇ ਅੰਦਰ ਬਾਹਰ, ਉੱਚੀ ਨੀਵੀਂ ਜਾਤ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਚੋਰ, ਸਾਧ, ਮਿੱਤਰ, ਵੈਰੀ, ਸੱਭ ਵਿੱਚ ਇੱਕ ਪ੍ਰਮਾਤਮਾਂ ਨਜ਼ਰ ਆਵੇ ਗਾ, ਤਾਂ ਹੀ ਹਰੀ ਪ੍ਰਮਾਤਮਾਂ ਦੇ ਘਰ ਵਿੱਚ ਸਿਹਾਣਿਆਂ ਜਾਵੇ ਗਾ। (ਜੇ ਇਹਨਾਂ ਵਿਚੋਂ ਕਿਸੇ ਇੱਕ ਦੇ ਖਿਲਾਫ ਵੀ ਰਤੀ ਭਰ ਵੀ ਦਵੈਤ ਭਾਵਣਾਂ ਮਨ ਵਿੱਚ ਹੈ, ਤਾਂ ਭਾਵੇਂ ਬੰਦਾ ਸਾਰੀ ਉਮਰ ਸਿਰ ਦੇ ਬਲ ਖੜਾ ਹੋ ਕੇ ਭਗਤੀਆਂ ਕਰਦਾ ਰਹੇ, ਕਿਸੇ ਲੇਖੇ ਨਹੀਂ ਹੈ, ਹੰਕਾਰਿਆ ਸੋ ਮਾਰਿਆ, ਹੰਕਾਰਿਆ ਬੰਦਾ ਹਰੀ ਦੇ ਘਰ ਵਿੱਚ ਸਿਹਾਣਿਆਂ ਨਹੀਂ ਜਾਵੇ ਗਾ, ਬਲਕਿ ਉਪਰਾ ਸਮਝ ਕੇ ਧੱਕੇ ਮਾਰ ਕੇ ਮਹਿਲ ਚੋਂ ਕੱਢ ਦਿੱਤਾ ਜਾਵੇ ਗਾ) ਪ੍ਰਭੂ ਤਾਂ ਭਾਈ ਤੇਰੇ ਨੇੜੇ ਹੈ, ਤੇਰੇ ਵਿੱਚ ਵੀ ਹੈ, ਉਹ ਦੂਰ ਨਹੀਂ, ਇਕੱਲੇ ਤੇਰੇ ਵਿੱਚ ਹੀ ਨਹੀਂ, ਸਾਰੀ ਸ੍ਰਿਸ਼ਟੀ ਦੇ ਜੀਵਾਂ, ਚਲ ਅਚੱਲ, ਅਤੇ ਚੋਰਾਂ ਤੋਂ ਲੈਕੇ ਸਾਧਾਂ ਤੱਕ ਸੱਭ ਦੇ ਨਾਲ ਹੈ ਸੱਭ ਦੇ ਵਿੱਚ ਹੈ, ਜੇ ਤੂੰ ਚੋਰ ਨਾਲ ਵੀ ਨਫਰਤ ਕਰੇਂ ਗਾ, ਤਾਂ ਤੂੰ ਇਹ ਸਮਝ ਕੇ ਤੂੰ ਪ੍ਰਮਾਤਮਾਂ ਨਾਲ ਹੀ ਨਫਰਤ ਕਰ ਰਿਹਾ ਹੈ। ਤੂੰ ਤਾਂ ਪ੍ਰਮਾਤਮਾਂ ਨਾਲ ਨਫਰਤ ਕਰੇਂ, ਤੇ ਪ੍ਰਮਾਤਮਾਂ ਤੈਨੂੰ ਗੱਲ ਨਾਲ ਲਾਵੇ, ਇਹ ਕਿਵੇਂ ਹੋ ਸੱਕਦਾ ਹੈ। ਨਾਨਕ ਕਹਿੰਦਾ ਹੈ, ਇਕੋ ਹੀ ਪ੍ਰਮਾਤਮਾਂ ਸੱਭ ਵਿੱਚ ਤੇ ਹਰ ਥਾਂ ਸਮਾਇਆ ਹੋਇਆ ਹੈ, ਦੂਜਾ ਕੋਈ ਹੈ ਹੀ ਨਹੀਂ। (ਕੀ ਇਹ ਪੌੜੀ ਸੱਚ ਕਹਿ ਰਹੀ ਹੈ ਜਾਂ ਝੂਠ, ਕੀ ਕੋਈ ਗੁਰੂ ਦਾ ਸਿੱਖ, ਮੰਨਦਾ ਹੈ ਇਸ ਪੌੜੀ ਦੀ ਬਾਣੀਂ ਨੂੰ। ਇਹ ਬਾਣੀਂ ਖਾਲੀ ਵਿਚਾਰਾਂ ਦਾ ਝਗੜਾ ਕਰਨ ਵਾਸਤੇ, ਜਾਂ ਟੀਕੇ ਕਰ ਕੇ ਦੂਜਿਆਂ ਤੇ ਆਪਣੀਂ ਵਿਦਿਆ ਦਾ ਰੋਹਬ ਪਾਉਣ ਵਾਸਤੇ ਹੈ, ਜਾਂ ਕਿ ਇਸ ਵਿਚੋਂ ਕੁੱਝ ਸਿੱਖਣਾਂ ਵੀ ਚਾਹੀਦਾ ਹੈ)

ਇਸੁ ਕਰਤੇ ਕਉ ਕਿਉ ਗਹਿ ਰਾਖਉ ਅਪਰਿਓ ਤੁਲਿਓ ਨ ਜਾਈ॥ ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ॥ ਲਬਿ ਲੋਭਿ ਮੁਹਤਾਜਿ ਵਿਗੂਤੇ ਇਬਤਬ ਫਿਰਿ ਪਛੁਤਾਈ॥ ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ॥ 6॥

ਭਾਵੇਂ ਕੇ ਕਰਤਾਰ ਸਾਰਿਆਂ ਵਿੱਚ ਵੀ, ਅਤੇ ਮੇਰੇ ਵਿੱਚ ਵੀ ਵੱਸਦਾ ਹੈ। ਪਰ ਫਿਰ ਵੀ ਮੈਂ ਕਰਤਾਰ ਨੂੰ ਫੜ ਕੇ ਕਿਵੇਂ ਰੱਖਾਂ, ਉਹ ਫੜਿਆ ਨਹੀਂ ਜਾ ਸੱਕਦਾ, ਉਹ ਤੋਲਿਆ ਨਹੀਂ ਜਾ ਸੱਕਦਾ। (ਦੇਖ ਲਵੋ ਬਾਣੀਂ ਦੱਸ ਰਹੀ ਹੈ ਕੇ ਹਰੀ ਦੇ ਸਾਡੇ ਅੰਦਰ ਹੁੰਦੇ ਹੋਏ ਵੀ, ਅਸੀਂ ਇਸ ਨੂੰ ਫੜ ਨਹੀ ਸੱਕਦੇ। ਇਸ ਨਾਲ ਮੇਲਾ ਨਹੀਂ ਕਰ ਸੱਕਦੇ। ਪਰ ਅਸੀਂ ਸਮਝਦੇ ਹਾਂ, ਕੇ ਅਸੀਂ ਸਿੱਖ ਦੇ ਘਰ ਜੰਮ ਪਏ ਹਾਂ, ਇਸ ਕਰਕੇ ਹਰੀ ਦੇ ਵਿੱਚ ਸਮਾਉਣਾਂ ਸਾਡਾ ਜਨਮ ਸਿੱਧ ਅਧਿਕਾਰ ਹੈ, ਪਰ ਇਹ ਅਧਿਕਾਰ ਗੁਰੂ ਨਾਨਕ ਦੇ ਘਰ ਜੰਮੇਂ ਦੋ ਪੁੱਤਰਾਂ ਨੂੰ ਤਾਂ ਮਿਲ ਨਾਂ ਸਕਿਆ। ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ॥ ਪਰ ਅਸੀਂ ਮਾਇਆ ਦੇ ਆਸ਼ਕ, ਮਾਇਆ ਦੇ ਦਿਵਾਨੇਂ, ਕਾਮ ਕ੍ਰੋਧ ਹੰਕਾਰ ਦੇ ਗੁਲਾਮ, ਈਰਖਾ ਦੇ ਪੁਤਲੇ, ਝਗੜੇ ਦੇ ਖੁੰਡ, ਆਪਣੇਂ ਚੁਫੇਰੇ ਅਸੀਂ ਐਸੀਆਂ ਐਸੀਆਂ ਝੂਠੀਆਂ ਠੱਗੀਆਂ ਦਾ ਤਾਣਾਂ ਬਾਣਾਂ ਬਨਾਈ ਬੈਠੇ ਹਾਂ। (ਫਿਰ ਵੀ ਪ੍ਰਮਾਤਮਾਂ ਦੀ ਅਜੇਹੀ ਕਿਹੜੀ ਪੂਸ਼ ਸਾਡੇ ਹੱਥ ਲੱਗ ਗਈ, ਕੇ ਅਸੀਂ ਸਮਝਦੇ ਹਾਂ ਕਿ ਅਸੀਂ ਤਾਂ ਪ੍ਰਮਾਤਮਾਂ ਦੀ ਪੂਸ਼ ਫੜ ਕੇ ਪਾਰ ਲੰਘ ਜਾਵਾਂ ਗੇ। ਅਤੇ ਜੋ ਕੰਮ ਗੁਰੂ ਨਾਨਕ ਦੇ ਸਕੇ ਪੁੱਤਰ ਨਾਂ ਕਰ ਸਕੇ, ਜਿਸ ਨੂੰ ਅਸੀਂ ਅੇਨਾਂ ਆਸਾਨ ਸਮਝੀ ਬੈਠੇ ਹਾਂ) ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ॥ ਅਸੀਂ ਸਿਰਫ ਕਾਮ ਕ੍ਰੋਧ ਹੰਕਾਰ ਦੇ ਗੁਲਾਮ, ਈਰਖਾ ਦੇ ਪੁਤਲੇ, ਹੀ ਨਹੀਂ ਅਸੀਂ ਚਸਕਿਆਂ, ਅਤੇ ਲੋਭ ਲਾਲਚ ਦੇ ਮੁਥਾਜ ਹਾਂ, ਇਸ ਵਾਸਤੇ ਸਦਾ ਸਦਾ ਫਿਰ ਫਿਰ ਪਛਤਾਉਣਾਂ ਪਵੇ ਗਾ। ਜਦੋਂ ਅਸੀਂ ਏਕ ਨੂੰ ਸਿਮਰਾਂ ਗੇ, ਤਾਂ ਸਾਨੂੰ ਅਸਲੀ ਗਤਿ ਮਿਤਿ ਦਾ ਪਤਾ ਲੱਗੇ ਗਾ। ਅਤੇ ਜਨਮ ਮਰਨ ਦਾ ਚੱਕਰ ਤਾਂ ਹੀ ਮੁੱਕੇ ਗਾ। (ਨੋਟ:- ਏਕ ਨੂੰ ਕਿਵੇਂ ਸਿਮਰਨਾਂ ਹੈ, ਅਤੇ ਗਤਿ ਮਿਤਿ ਕਿਵੇਂ ਪਾਉਣੀਂ ਹੈ, ਕੋਈ ਇਹ ਦੱਸ ਦੇਵੇ ਤਾਂ ਉਹ ਗੁਰਮੁਖ ਹੈ। ਸਿਰਫ ਐਸਾ ਗੁਰਮੁਖ ਛੁਟੇ ਗਾ, ਬਾਕੀ ਸੱਭ ਉਥੇ ਢੋਇ ਜਾਣ ਗੇ, ਜਿਹੜਾ ਥਾਂ ਗੁਰਬਾਣੀਂ ਨੇਂ ਮਨਮੁਖਾਂ ਵਾਸਤੇ ਮੁਕਰਰ ਕੀਤਾ ਹੈ। ਇਸ ਪੌੜੀ ਦੀ ਇਸ ਅਖੀਰਲੀ ਪੰਗਤੀ ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ॥ 6॥ ਵਿੱਚ ਇਹ “ਏਕੁ” ਵਾਲਾ ਬੜਾ ਹੀ ਵੱਡਾ ਰਾਜ਼ ਛੁਪਿਆ ਹੋਇਆ ਹੈ। ਦੇਖਣ ਨੂੰ ਭਾਵੇਂ ਇਹ ਬਹੁਤ ਸਾਧਾਰਨ ਜਿਹੀ ਤੁਕ ਲੱਗਦੀ ਹੈ, ਅਗਲੀ ਪੌੜੀ ਵਾਹ ਏਕ ਦੇ ਬਾਰੇ ਕਿਆ ਖੂਬ ਸਮਝਾ ਰਹੀ ਹੈ, ਪਰ ਸਾਡੇ ਵਾਸਤੇ ਤਾਂ ਉਹੀ ਗੱਲ ਹੈ ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ)

(ਨੋਟ:-ਪਾਠਕ ਵੀਰੋ ਇਥੇ ਇੱਕ ਗੱਲ ਹੋਰ ਵੀ ਨੋਟ ਕਰਿਆ ਜੇ, ਕੇ ਇਸ “ਓਅੰਕਾਰ” ਵਾਲੇ ਸ਼ਬਦ ਦੀ ਬਾਣੀਂ ਕੀ ਸਿਰਫ ਪੰਡਤਾਂ ਵਾਸਤੇ ਹੈ, ਜੇਹਾ ਕੇ ਸਾਡੇ ਵਿਦਵਾਨ ਵੀਰ ਝੱਟ ਇਹ ਪ੍ਰਭਾਵ ਦੇ ਦੇਂਦੇ ਹਨ, ਜੇ ਕਿਤੇ ਕਿਸੇ ਸ਼ਬਦ ਵਿੱਚ ਇੱਕ ਵਾਰ ਵੀ ਬ੍ਰਾਹਮਣ ਦਾ ਨਾਓਂ ਆ ਜਾਵੇ। ਅੱਗੇ ਸਾਰਾ ਸ਼ਬਦ ਪੱੜ੍ਹ ਕੇ ਦੇਖਾਂ ਗੇ ਕਿ ਕੀ ਇਸ ਸ਼ਬਦ ਦੀ ਸਾਰੀ ਬਾਣੀਂ ਸਿਰਫ ਬ੍ਰਾਹਮਣਾਂ ਵਾਸਤੇ ਹੈ। ਅਤੇ ਜਿਨੀਆਂ ਕੂ ਪੌੜੀਆਂ ਆਪਾਂ ਪੱੜ੍ਹ ਚੁਕੇ ਹਾਂ, ਕੀ ਇਸ ਵਿੱਚ ਸਾਡੇ ਕੰਮ ਦੀ ਬਾਣੀਂ ਵੀ ਕੋਈ ਹੈ ਜਾਂ ਨਹੀਂ? । ਚਲੋ ਮੰਨ ਲਵੋ ਕੇ ਇਹ ਬਾਣੀਂ ਬ੍ਰਾਹਮਣਾਂ ਵਾਸਤੇ ਹੈ, ਜੇ ਬ੍ਰਾਹਮਣ ਇਸ ਬਾਣੀਂ ਤੇ ਅਮਲ ਕਰ ਲੈਣ ਤਾਂ ਅਸੀਂ ਆਪਣੇਂ ਆਪ ਨੂੰ ਸਿੱਖ ਅਖਵਾਉਣ ਵਾਲੇ, ਕੀ ਉਹਨਾਂ ਬ੍ਰਾਹਮਣਾਂ ਦੇ ਬਰਾਬਰ ਕਿਤੇ ਟਿਕ ਸੱਕਦੇ ਹਾਂ?

ਵੈਸੇ ਏਨੀਆਂ ਕੜੀਆਂ ਵਿੱਚ ਗੁਰਮੁਖਾਂ ਦਾ ਨਾਂ ਛੇ ਵਾਰ ਆ ਚੁੱਕਾ ਹੈ, ਅਤੇ ਪਾਂਡੇ ਦਾ ਨਾਂ ਸਿਰਫ ਇੱਕ ਵਾਰ ਆਇਆ ਹੈ, ਅਸੀਂ ਆਪਣੇਂ ਹੰਕਾਰ ਨੂੰ ਗੁਰਬਾਣੀਂ ਦੇ ਟੀਕੇ ਕਰਨ ਵੇਲੇ ਵੀ ਵਿੱਚ ਵਾੜਨੋਂ ਗੁਰੇਜ਼ ਨਹੀਂ ਕਰਦੇ, ਜਦ ਕੇ ਬਾਣੀਂ ਕਹਿੰਦੀ ਹੈ ਹੰਕਾਰ ਛੱਡੋ)

ਏਕੁ ਅਚਾਰੁ ਰੰਗੁ ਇਕੁ ਰੂਪੁ॥ ਪਉਣ ਪਾਣੀ ਅਗਨੀ ਅਸਰੂਪੁ॥ ਏਕੋ ਭਵਰੁ ਭਵੈ ਤਿਹੁ ਲੋਇ॥ ਏਕੋ ਬੂਝੈ ਸੂਝੈ ਪਤਿ ਹੋਇ॥ ਗਿਆਨੁ ਧਿਆਨੁ ਲੇ ਸਮਸਰਿ ਰਹੈ॥ ਗੁਰਮੁਖਿ ਏਕੁ ਵਿਰਲਾ ਕੋ ਲਹੈ॥ ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ॥ ਗੁਰੂ ਦੁਆਰੈ ਆਖਿ ਸੁਣਾਏ॥ 7॥

ਇਕ ਹੀ ਪ੍ਰਮਾਤਮਾਂ ਦਾ ਇਹ ਸੱਭ ਕੀਤਾ ਹੋਇਆ ਹੈ। ਸੰਸਾਰ ਦਾ ਇਹ ਰੂਪ ਰੰਗ, ਇੱਕ ਹੀ ਪ੍ਰਭੂ ਤੋਂ ਪ੍ਰਗਟ ਹੋਇਆ ਹੈ। ਸੰਸਾਰ ਦੇ ਸਾਰੇ ਤੱਤ ਹਵਾ, ਪਾਣੀਂ ਅਗਨੀਂ ਆਦੀ ਸਾਰੇ ਸਰੂਪ ਇਕੋ ਤੋਂ ਹੀ ਪੈਦਾ ਹੋ ਰਹੇ ਹਨ। ਤਿਨਾਂ ਲੋਕਾਂ ਵਿੱਚ ਇਕੋ ਹੀ ਆਤਮਾਂ ਜਾਂ ਪ੍ਰਭੂ ਦੀ ਜੋਤ ਵਿਚਰ ਰਹੀ ਹੈ। ਜਿਹੜਾ ਉਸ ਨੂੰ ਬੁੱਝ ਲਵੇ ਗਾ, ਉਸ ਦੀ ਪੱਤ, ਇਜ਼ਤ, ਆਦਰ, ਸਤਿਕਾਰ ਇਥੇ ਵੀ ਤੇ ਉਥੇ ਵੀ ਹੋਵੇ ਗੀ। ਐਸਾ ਗਿਆਨ ਕਿਸੇ ਵਿਰਲੇ ਗੁਰਮੁਖ ਨੂੰ ਹੀ ਹਾਸਲ ਹੁੰਦਾ ਹੈ। ਇਸ ਗਿਆਨ ਦੇ ਅਸਰੇ ਉਹ ਗੁਰਮੁਖ ਨੂੰ ਸਾਰੇ ਹੀ ਬਰਾਬਰ (ਇਕ ਸਮਾਨ) ਲੱਗਦੇ ਹਨ। ਗੁਰਮੁਖ ਕਦੇ ਵੀ ਕਿਸੇ ਨੂੰ ਬੁਰਾ ਨਹੀਂ ਕਹਿੰਦਾ। ਗੁਰਮੁਖ ਕਿਸੇ ਦੀ ਵੀ ਨਿੰਦਾ ਨਹੀਂ ਕਰ ਸੱਕਦਾ। ਪ੍ਰਭੂ ਜਿਸ ਨੂੰ ਕਿਰਪਾ ਕਰਕੇ ਇਹ ਗੁਣਾਂ (ਨਾਮ) ਦੀ ਦਾਤ ਦੇ ਦੇਂਦਾ ਹੈ, ਉਹ ਸੁਖੀ ਹੋ ਜਾਂਦਾ ਹੈ। ਇਹ ਉਪਦੇਸ਼, ਇਹ ਦਾਤ, ਗੁਰੂ ਦੇ ਦੁਆਰਾ ਮਿਲਦੀ ਹੈ।

ਊਪਰ ਵਾਲੀ ਪਾਉੜੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਹੈ, ਕਿ ਸੱਭ ਕੁੱਝ “ਏਕੋ” ਦਾ ਹੀ ਕੀਤਾ ਹੋਇਆ ਹੈ। ਕੀ ਕੋਈ ਉਸ ਏਕੋ ਦੇ ਕੀਤੇ ਹੋਇ ਕਿਸੇ ਵੀ ਕੰਮ ਨੂੰ ਨਿੰਦ ਸੱਕਦਾ ਹੈ। ਜਿਹੜਾ ਨਿੰਦ ਸੱਕਦਾ ਹੈ ਬਾਂਹ ਉਚੀ ਕਰੇ। ਇਸ ਸੰਸਾਰ ਤੇ ਕੋਈ ਐਸੀ ਚੀਜ ਹੈ ਜੋ “ਏਕੋ” ਤੋਂ ਬਿਨਾਂ ਕਿਸੇ ਹੋਰ ਨੇਂ ਬਨਾਈ ਹੋਵੇ। ਫਿਰ ਜਿੰਨ੍ਹਾਂ ਦੀ ਅਸੀਂ ਨਿੰਦਾ ਕਰਦੇ ਹਾਂ, (ਭਾਵੇਂ ਉਹ ਕੋਈ ਵੀ ਹੋਵੇ) ਉਹ ਕਿਸ ਨੇਂ ਬਨਾਇ ਹਨ। ਹਾਂ ਗਲਤ ਰਸਤੇ ਜਾਂਦੇ ਨੂੰ ਸਹੀ ਰਾਹ ਦਿਖਾਉਣਾਂ ਨਿੰਦਾ ਨਹੀਂ ਪਰਉਪਕਾਰ ਹੈ। ਇਸ ਵਾਸਤੇ ਜੇ ਆਪਾਂ ਨੂੰ ਕੋਈ ਗਲਤ ਰਸਤੇ ਜਾਂਦਾ ਲੱਗਦਾ ਹੈ, ਅਤੇ ਆਪਾਂ ਨੂੰ ਸਹੀ ਰਸਤੇ ਦਾ ਪਤਾ ਹੈ, ਤਾਂ ਉਸ ਨੂੰ ਸਹੀ ਰਸਤਾ ਦਿਖਾਉ। ਉਸ ਗਲਤ ਬੰਦੇ ਨਾਲ ਲੜਨਾਂ ਝਗੜਨਾਂ ਕਿਧਰ ਦੀ ਗੁਰਮੱਤ ਹੈ।

ਬਲਦੇਵ ਸਿੰਘ ਫਿਰੋਜ਼ਪੁਰ 12-12-2010

ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ, ਕਿ ਇਸ ਵਾਰ ਵਕਤ ਦੀ ਕਮੀ ਹੋਣ ਕਾਰਣ, ਇਹ ਲੇਖ ਲਿਖਣ ਤੋਂ ਬਾਦ ਇਸ ਲੇਖ ਨੂੰ ਸੋਧ ਨਹੀਂ ਸਕਿਆ। ਅਗਰ ਕੋਈ ਗਲਤੀ ਦਿੱਸੇ ਤਾਂ ਪਾਠਕਾਂ ਤੋਂ ਮਾਫੀ ਚਾਹਵਾਂ ਗਾ। ਧੰਨਵਾਦ ਜੀ।

(ਸੰਪਾਦਕੀ ਨੋਟ:- ਬਲਦੇਵ ਸਿੰਘ ਜੀ ਤੁਹਾਡੇ ਅੱਜ ਤੱਕ ਦੇ ਸਾਰੇ ਲੇਖ ਅਸੀਂ ਜਿਉਂ ਦੀ ਤਿਉਂ ਪਾ ਦਿੱਤੇ ਹਨ। ਆਮ ਲਿੱਪੀ ਵਾਲੀਆਂ ਸਾਰੀਆਂ ਲਗਾਂ ਮਾਤਰਾਂ ਯੂਨੀਕੋਡ ਵਿੱਚ ਨਹੀਂ ਹਨ। ਇਕੱਲੀ ਓਕਾਰ ਵਾਲੀ ਖੁੱਲੀ ਕਾਰ ਯੂਨੀਕੋਡ ਵਿੱਚ ਨਹੀਂ ਹੈ ਇਸ ਲਈ ਅੱਜ ਦੇ ਲੇਖ ਵਿੱਚ ਉਪਰ ਉਹ ਨਹੀਂ ਪਈ। ਅੱਜ ਤੋਂ ਬਾਅਦ ਤੁਹਾਡੇ ਹੋਰ ਲੇਖ ਅਸੀਂ ਹਾਲ ਦੀ ਘੜੀ ਅਸੀਂ ਨਹੀਂ ਪਾ ਸਕਦੇ। ਇਸ ਬਾਰੇ ਹੋਰ ਜਾਣਕਾਰੀ ਪਾਠਕਾਂ ਦੇ ਪੰਨੇ ਤੇ ਪੜ੍ਹ ਲੈਣੀ)
.