.

ਅੰਤਿਮ ਅਰਦਾਸ

ਹਰਦੇਵ ਸਿੰਘ ਜੰਮੂ

ਸਮਾਜ ਵਿੱਚ ਕੁੱਝ ਗਲਾਂ ਐਸੀਆਂ ਰਵਾਇਤਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ ਜਿਨਾਂ ਨਾਲ ਕਿਸੇ ਦਾ ਕੋਈ ਖ਼ਾਸ ਨੁਕਸਾਨ ਹੁੰਦਾ ਦਿਖਾਈ ਨਹੀਂ ਦਿੰਦਾ। ਪਰ ਜੇਕਰ ਐਸੀਆਂ ਰਵਾਇਤਾਂ ਬਾਰੇ ਤਰਕ ਦੇ ਅਧਾਰ ਤੇ ਕਿਸੇ ਟਿੱਪਣੀ ਜਾਂ ਨਿਰਣੈ ਦੀ ਗੱਲ ਉਠੇ ਤਾਂ ਫਿਰ ਗਲ ਕੇਵਲ ਉਠਦੀ ਹੀ ਨਹੀਂ ਬਲਕਿ ਤਰਕ ਦੇ ਅਧਾਰ ਤੇ ਦੂਰ ਤਕ ਵੀ ਜਾਂਦੀ ਹੈ।

ਜੇਕਰ ਅਸੀਂ ਪ੍ਰਚਲਿਤ ਸਿੱਖ ਪਰੰਪਰਾ ਦੀ ਗਲ ਕਰੀਏ ਤਾਂ ਜ਼ਿਆਦਾਤਰ ਵਿਦਵਾਨ ਸਿੱਖਮਤ ਨੂੰ ਆਵਾਗਮਨ ਨਾਲ ਜੋੜਦੇ ਹਨ ਜਿਸ ਮੁਤਾਬਿਕ ਆਤਮਾ ਪਰਮਾਤਮਾ ਦੇ ਹੁਕਮ ਅਨੁਸਾਰ ਲਖਾਂ ਜੂਨਾਂ ਵਿੱਚ ਭਟਕਦੀ ਹੋਈ ਜੀਵ ਦੇ ਕੀਤੇ ਕਰਮਾਂ (ਚੰਗਾ ਜੀਵਨ ਨਾ ਹੋਂਣ ਦੀ ਸੂਰਤ ਵਿਚ) ਦੇ ਅਧਾਰ ਤੇ ਸਜ਼ਾ ਪਾਉਂਦੀ ਹੈ ਅਤੇ ਪਰਮਾਤਮਾ ਇਸ ਸਜ਼ਾ ਦਾ ਨਿਰਣਾ, ਨਿਰੋਲ ਰੂਪ ਵਿਚ, ਜੀਵ ਦੇ ਆਪਣੇ ਕੀਤੇ ਕਰਮਾਂ ਦੇ ਆਧਾਰ ਤੇ ਕਰਦਾ ਹੈ ਨਾ ਕਿ ਕਿਸੇ ਦੂਜੇ ਬੰਦੇ ਦੀ ਸਿਫਾਰਸ਼ ਦੇ ਅਧਾਰ ਤੇ। ਇਹ ਕਿਹਾ ਜਾਂਦਾ ਹੈ ਕਿ ਜੇਕਰ ਜੀਵ ਗੁਰਮਤਿ ਅਨੁਸਾਰ ਆਪਣੇ ਜੀਵਣ ਨੂੰ ਉਚਾ ਕਰੇ ਤਾਂ ਹੀ ਉਹ ਐਸੀ ਸਜ਼ਾ ਤੋਂ ਬਚ ਸਕਦਾ ਹੈ।

ਗੁਰਮਤਿ ਹੁਕਮ ਨੂੰ ਅਟਲ ਮੰਨਦੀ ਹੈ ਅਤੇ ਇਸ ਗਲ ਤੇ ਸਾਰੇ ਵਿਦਵਾਨ ਸਹਿਮਤ ਨਜ਼ਰ ਆਉਂਦੇ ਹਨ। ਜੂਨਾਂ ਦੇ ਚੱਕਰ ਨੂੰ ਮੰਨਣ ਵਾਲੇ ਸਾਰੇ ਵਿਦਵਾਨ ਇਸ ਗਲ ਤੇ ਵੀ ਸਹਿਮਤ ਹਨ ਕਿ ਮੰਦੇ ਕਰਮਾਂ ਦੇ ਅਧਾਰ ਤੇ ਜੂਨਾਂ ਦਾ ਚੱਕਰ ਪਵੇਗਾ ਹੀ। ਹੁਣ ਇੱਕ ਬੰਦਾ ਆਪਣੇ ਜੀਵਨ ਕਾਲ ਵਿੱਚ ਚੰਗੇ ਕੰਮ ਵੀ ਕਰਦਾ ਹੈ ਤੇ ਮੰਦੇ ਵੀ। ਐਸੇ ਬੰਦੇ ਦੀ ਆਤਮਾ ਦਾ ਕੀ ਬਣੇਂਗਾ? ਉਸ ਦੇ ਮੰਦੇ ਕਰਮਾਂ ਦੀ ਸਜਾ ਵਜੋਂ ਉਸ ਦੀ ਆਤਮਾ ਨੂੰ ਜੋਨੀ ਚੱਕਰ ਤਾਂ ਪਵੇਗਾ ਹੀ ਪਰ ਉਸੇ ਬੰਦੇ ਦੇ ਚੰਗੇ ਕਰਮਾਂ ਦਾ ਇਨਾਮ ਕੀ ਹੋਵੇਗਾ? ਇਨਾਂ ਸਵਾਲਾਂ ਤੇ ਵਿਦਵਾਨ ਭੰਬਲਪੁਸੇ ਵਿੱਚ ਪਏ ਨਜ਼ਰ ਆਂਉਦੇ ਹਨ। (ਆਵਾਗਮਣ ਵਿਸ਼ੇ ਤੇ ਦਾਸ ਦਾ ਇੱਕ ਲੇਖ ਸਿੱਖ ਮਾਰਗ. ਕਾਮ ਤੇ ਲੇਖ ਲੜੀ ਚੌਥੀ ਵਿੱਚ ਪੜ੍ਹਿਆ ਜਾ ਸਕਦਾ ਹੈ ਜੋ ਕਿ ਹਿੰਦੀ ਸਨ ੨੦੦੪ ਵਿੱਚ ਛੱਪੀ ਦਾਸ ਦੀ ਇੱਕ ਕਿਤਾਬ ਦਾ ਇੱਕ ਲੇਖ ਹੈ।)

ਹੁਣ ਆਉ ਜ਼ਰਾ ਉਪਰਲੇ ਵਿਚਾਰਾਂ ਦੇ ਅਧਾਰ ਤੇ ਅਸੀਂ ਕਿਸੇ ਸਿੱਖ ਦੀ ਮੌਤ ਦੇ ਸੰਧਰਭ ਵਿੱਚ ਆਪਣੇ ਵਿਵਹਾਰ ਦੀ ਪੜਚੋਲ ਕਰੀਏ।

ਸਭ ਤੋਂ ਪਹਿਲੇ ਅਸੀਂ ਇਹ ਸਮਝ ਲਈਏ ਕਿ ਮ੍ਰਤਕ ਮੋਤ ਤੋਂ ਪਹਿਲਾਂ ਆਪਣੇ ਜੀਵਨ ਕਾਲ ਵਿੱਚ ਸੰਬੰਧੀਆਂ ਤੇ ਸਮਾਜ ਨਾਲ ਕਈ ਪੱਖੋਂ ਜੁੜਿਆ ਹੀ ਰਹਿੰਦਾ ਹੈ ਇਸ ਲਈ ਉਸਦੀ ਮੋਤ ਪਰਿਵਾਰ ਅਤੇ ਸਮਾਜ ਲਈ ਇੱਕ ਸੰਧਰਭ ਜਾਂ ਪ੍ਰਸੰਗ (context) ਹੁੰਦੀ ਹੀ ਹੈ। ਇਸ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।

ਇਕ ਸਿੱਖ ਦੀ ਮੌਤ ਹੋ ਜਾਂਣ ਤੇ ਉਸ ਦੇ ਦਾਹ ਸੰਸਕਾਰ ਤੋਂ ਬਾਦ ‘ਮ੍ਰਿਤਕ ਨਮਿਤ` ਆਖੰਡ ਪਾਠ ਰਖਵਾਇਆ ਜਾਂਦਾ ਹੈ। ‘ਨਮਿਤ` ਸਿੱਖ ਰਹਿਤ ਮਰਿਆਦਾ ਵਿੱਚ ਵਰਤਿਆ ਗਿਆ ਸ਼ਬਦ ਹੈ ਜਿਸ ਤੋਂ ਆਮ ਭਾਵ ‘ਮਰਣ ਵਾਲੇ ਲਈ`( For the dead one) ਲਿਆ ਜਾਂਦਾ ਹੈ। ਜੇਕਰ ਇਸ ਦਾ ਭਾਵ ‘ਮਰਣ ਵਾਲੇ ਦੀ ਮੌਤ ਦੇ ਸੰਧਰਭ ਵਿਚ` (In context of death of dead one) ਲਿਆ ਜਾਂਵੇ ਤਾਂ ਗੱਲ ਢੁਕਵੀਂ ਅਤੇ ਗੁਰਮਤਿ ਅਨੁਸਾਰ ਜ਼ਿਆਦਾ ਵਾਜਿਬ ਨਜ਼ਰ ਆਂਉਦੀ ਹੈ ਕਿਉਂਕਿ ਭਾਵ ‘ਮਰਣ ਵਾਲੇ ਲਈ` ਘਰ ਦੇ ਬਾਕਿ ਜੀਆਂ ਅਤੇ ਸੰਬੰਧਿਤ ਭਾਈਚਾਰੇ ਨੂੰ ਇੱਕ ਵਿਚੋਲੇ ਦੀ ਭੂਮਿਕਾ ਵਿੱਚ ਖੜਾ ਕਰ ਦਿੰਦਾ ਹੈ। ਇੱਕ ਐਸੀ ਭੂਮਿਕਾ ਜੋ ਕਿ ‘ਕੇਵਲ ਜੀਅ ਦੇ ਅਪਣੇ ਕੀਤੇ ਕਰਮਾਂ ਦੇ ਆਧਾਰ ਤੇ ਫੈਸਲਾ` ਵਰਗੀ ਮਾਨਤਾ ਦੇ ਬਿਲਕੂਲ ਉਲਟ ਪ੍ਰਤੀਤ ਹੂੰਦੀ ਹੈ। ਅਟਲ ਹੁਕਮ ਨੂੰ ਟਾਲਣ ਲਈ ਰੱਸਾਕਸ਼ੀ ਦੀ ਕੋਸ਼ਿਸ਼ ਵਰਗੀ। ਇਹ ਇੱਕ ਸਵੈ ਵਿਰੋਧੀ ਗਲ ਹੈ।

ਵੈਸੇ ਤਾਂ ਮੋਤ ਹੋਣ ਦੇ ਨਾਲ ਹੀ ਅਰਦਾਸਾਂ ਦਰ ਅਰਦਾਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਪਰ ਮੁਖ ਰੂਪ ਵਿੱਚ ਆਖੰਡ ਪਾਠ ਦੇ ਭੋਗ ਉਪ੍ਰੰਤ ਕੀਤੀ ਜਾਂਦੀ ਹੈ ਅੰਤਿਮ ਅਰਦਾਸ ਜਿਸ ਦੇ ਅੰਤ ਵਿੱਚ ਆਪਣੇ ਵਲੋਂ ਜੋੜੀ ਜਾਂਦੀ ਹੈ ਸਾਰਿਆਂ ਦੀ ਅਰਦਾਸ ਕਿ ‘ਹੇ ਸਚੇ ਪਾਤਸ਼ਾਹ (ਪਰਮਾਤਮਾ) ਵਿਛੜੀ ਹੇਈ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾਂ ਤੇ ਆਵਾਗਮਨ ਦੇ ਚੱਕਰ ਤੋਂ ਬਚਾਉਣਾ`।

ਐਸੀ ਅਰਦਾਸ ਤਾਂ ਹਰ ਸਿੱਖ ਦੀ ਮੋਤ ਤੇ ਕੀਤੀ ਜਾਂਦੀ ਹੈ। ਕਿਉਂਕਿ ਗੁਰਮਤਿ ਅਨੁਸਾਰ ਸਹੀ ਜੀਵਨ ਜੀਣ ਵਾਲੇ ਤਾਂ ਵਿਰਲੇ ਹੀ ਹੁੰਦੇ ਹਨ ਇਸ ਲਈ ਇਹ ਅਰਦਾਸ ਵਾਕ ਅਪੂਰਨ ਸਿੱਖੀ ਜੀਵਣ ਜੀਣ ਵਾਲਿਆਂ ਦੀ ਮੌਤ ਦੇ ਸੰਧਰਭ ਵਿੱਚ ਹੀ ਹੁੰਦੀ ਹੈ। ਵੈਸੇ ਵੀ ਵਿਰਲੇ ਸੂਚਾਚਾਰੀ ਵਿਚੋਲਿਆਂ ਦੀ ਐਸੀ ਸਹਾਇਤਾ ਦੇ ਮੁਹਤਾਜ ਨਹੀਂ ਹੋ ਸਕਦੇ। ਇਥੇ ਅਗਾਂਹ ਵਧਣ ਤੋਂ ਪਹਿਲੇ ਅਸੀਂ ‘ਪ੍ਰਚਲਤ ਅਰਦਾਸ` ਨਾਲ ਸੰਬਧਿਤ ਕੁੱਝ ਮਹਤਵ ਪੂਰਣ ਨੁਕਤਿਆਂ ਨੂੰ ਪਰਖ ਲਈਏ।

ਸਾਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਅਰਦਾਸ ਕੇਵਲ ‘ਹੋ ਸਕਣ ਵਾਲੀ ਅਵਸਥਾ` ਨੂੰ ਹੀ ਲੈ ਕੇ ਕੀਤੀ ਜਾ ਸਕਦੀ ਹੈ ਨਾ ਕਿ ‘ਹੋ ਚੁਕੀ ਅਵਸਥਾ` ਨੂੰ ਲੈ ਕੇ। ਇਹ ਅਰਦਾਸ ਦਾ ਮਹਤਵਪੂਰਨ ਨੁਕਤਾ ਹੈ। ‘ਹੋ ਸਕਣ ਵਾਲੀ ਅਵਸਥਾ` ਦਾ ਅਰਥ ਹੈ ਇੱਕ ‘ਸੰਭਾਵਨਾ ਭਰੀ ਅਵਸਥਾ`। ਇਸ ਨੂੰ ਥੋੜਾ ਸਮਝ ਲਈਏ।

ਜੇਕਰ ਅਸੀਂ ਮੰਦ ਬੁਧੀ ਹਾਂ ਤਾਂ ਅਸੀਂ ਅਰਦਾਸ ਕਰ ਸਕਦੇ ਹਾਂ ਸੁਮਤਿ ਪ੍ਰਾਪਤ ਕਰਣ ਦੀ ਕਿਉਂਕਿ ਸੰਭਾਵਨਾ ਹੈ ਕਿ ਗੁਰੂ ਕ੍ਰਿਪਾ ਕਰ ਸਕਦਾ ਹੈ। ਜੇ ਕੋਈ ਬਿਮਾਰ ਹੈ ਤਾਂ ਅਸੀਂ ਅਰਦਾਸ ਕਰ ਸਕਦੇ ਹਾਂ ਉਸਦੇ ਠੀਕ ਹੋਂਣ ਦੀ ਕਿਉਂਕਿ ਸੰਭਾਵਨਾ ਹੁੰਦੀ ਹੈ ਠੀਕ ਹੋਂਣ ਦੀ। ਜੇ ਕੋਈ ਵਪਾਰ ਕਰਦਾ ਹੈ ਤਾਂ ਅਰਦਾਸ ਕਰ ਸਕਦਾ ਹੈ ਵਪਾਰਿਕ ਤਰੱਕੀ ਦੀ ਕਿਉਂਕਿ ਸੰਭਾਵਨਾ ਹੋ ਸਕਦੀ ਹੈ ਤਰੱਕੀ ਦੀ। ਠੀਕ ਇਸੇ ਤਰਾਂ ਜੇਕਰ ਕੋਈ ਦੁਖੀ ਹੈ ਤਾਂ ਅਰਦਾਸ ਕਰ ਸਕਦਾ ਹੋਂਸਲਾ ਪ੍ਰਾਪਤੀ ਦੀ ਕਿਉਂਕਿ ਹੋਂਸਲਾ ਆ ਸਕਦਾ ਹੈ ਇਸ ਦੀ ਸੰਭਾਵਨਾ ਹੈ।

ਪਰ ਜੇਕਰ ਸੰਭਾਵਨਾ ਵਾਲੀ ਅਵਸਥਾ ਹੈ ਹੀ ਨਹੀਂ ਤਾਂ ਅਰਦਾਸ ਵਿਅਰਥ ਹੈ। ਅਰਥ ਹੀਣ ਹੈ। ਉਦਾਹਰਣ ਲਈ ਜੇਕਰ ਲੜਕੇ ਦੀ ਪ੍ਰਾਪਤੀ ਕਰਣ ਵਾਲੇ ਮਾਪਿਆਂ ਦੇ ਘਰ ਲੜਕੀ ਦਾ ਜਨਮ ਹੋ ਚੁਕਿਆ ਹੋਵੇ ਤਾਂ ਉਸ ਲੜਕੀ ਨੂੰ ਲੜਕੇ ਵਿੱਚ ਬਦਲ ਦੇਣ ਦੀ ਅਰਦਾਸ ਵਿਅਰਥ ਹੈ ਕਿਉਂਕਿ ਇਸ ਸਥਿਤੀ ਵਿੱਚ ਸੰਭਾਵਨਾ ਹੈ ਹੀ ਨਹੀਂ। ਜੇਕਰ ਜੁਆਨੀ ਬਾਦ ਬੁਢੇਪਾ ਉਤਰ ਆਇਆ ਹੋਵੇ ਤਾਂ ਬਚਪਨ ਨੂੰ ਫਿਰ ਤੋਂ ਪ੍ਰਾਪਤ ਕਰਣ ਦੀ ਅਰਦਾਸ ਵਿਅਰਥ ਹੈ ਕਿਉਂਕਿ ਇਸ ਦੀ ਸੰਭਾਵਨਾ ਹੈ ਹੀ ਨਹੀਂ। ਠੀਕ ਇਸੇ ਤਰਾਂ ਜੇ ਮੋਤ ਹੋ ਚੁਕੀ ਹੋਵੇ ਤਾਂ ਜਿੰਦਾਂ ਕਰ ਦੇਣ ਦੀ ਅਰਦਾਸ ਬੇਤੁੱਕੀ ਹੈ ਕਿਉਂਕਿ ਸੰਭਾਵਨਾ ਹੈ ਹੀ ਨਹੀਂ। ਸਪਸ਼ਟ ਹੁੰਦਾ ਹੈ ਕਿ ਪ੍ਰਚਲਤ ਅਰਦਾਸ ਦਾ ਅਰਥ ਕੇਵਲ ਸੰਭਾਵਨਾ ਹੋ ਸਕਣ ਦੇ ਨਾਲ ਜੁੜਿਆ ਹੈ।

ਹੁਣ ਜਦ ਮੋਤ ਵਾਪਰ ਜਾਂਦੀ ਹੈ ਕਿਸੇ ਐਸੇ ਪਰਿਵਾਰ ਜਾਂ ਭਾਈਚਾਰੇ ਵਿੱਚ ਜੋ ਕਿ ਜੂਨਾਂ ਦੇ ਚੱਕਰ ਵਿੱਚ ਵਿਸ਼ਵਾਸ ਰਖਦਾ ਹੈ ਤਾਂ ਰਸਮ ਮੁਤਾਬਿਕ ‘ਮ੍ਰਿਤਕ ਦੇ ਨਮਿਤ` (ਜਿਸ ਦਾ ਅਰਥ ਉਹ ਪਰਿਵਾਰ ‘ਮ੍ਰਿਤਕ ਵਾਸਤੇ` ਲੈਂਦਾ ਹੈ) ਪਾਠ ਰਖਿਆ ਜਾਂਦਾ ਹੈ ਜਿਸ ਦੇ ਅੰਤ ਵਿੱਚ ਹੁੰਦੀ ਹੈ ਇੱਕ ਅੰਤਿਮ ਅਰਦਾਸ ਜਿਸ ਦੇ ਅਖੀਰ ਵਿੱਚ ਰਸਮੀ ਤੋਰ ਤੇ ਬੋਲਿਆ ਜਾਂਦਾ ਹੈ ਕਿ ‘ਹੇ ਸਚੇ ਪਾਤਸ਼ਾਹ (ਪਰਮਾਤਮਾ) ਵਿਛੜੀ ਹੇਈ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾਂ ਤੇ ਆਵਾਗਮਨ ਦੇ ਚੱਕਰ ਤੋਂ ਬਚਾਉਣਾ` ਆਦਿ। ਹਾਲਾਂਕਿ ‘ਰਹਿਤ ਮਰਿਆਦਾ`ਵਿਚ ਐਸੀ ਸ਼ਬਦਾਵਲੀ ਵਰਤਨ ਦਾ ਕੋਈ ਉਚੇਚਾ ਸੰਕੇਤ ਨਹੀਂ।

ਇਥੇ ਜਰੂਰਤ ਹੈ ਉਨਾਂ ਲੋਕਾਂ ਦੀ ਵਿਚਾਰਕ ਕਮਜੋਰੀ ਨੂੰ ਸਮਝਣ ਦੀ ਜੋ ਜੂਨਾਂ ਦੇ ਚੱਕਰ ਵਿੱਚ ਵਿਸ਼ਵਾਸ ਕਰਦੇ ਜਾਂ ਉਸ ਦੀ ਪ੍ਰੋੜਤਾ ਕਰਦੇ ਹੋਏ ਐਸੀ ਅਰਦਾਸ ਕਰਦੇ ਹਨ। ਅਗਰ ਕਰਮਾਂ ਦੇ ਅਧਾਰ ਤੇ ਸਚਮੁਚ ਜੂਨਾਂ ਦਾ ਚੱਕਰ ਹੈ ਹੀ ਤਾਂ ਮ੍ਰਿਤਕ (ਵਿਰਲੇ ਸੂਚਾਚਾਰੀ ਨੂੰ ਛੱਡ ਕੇ) ਦੀ ਆਤਮਾ (ਜੀਵਾਤਮਾ) ਪਰਮਾਤਮਾ ਦੇ ਇਸ (ਜੂਨਾਂ ਦਾ ਚੱਕਰ) ਅਟਲ ਹੁਕਮ (ਕਿ ਮੰਦੇ ਕਰਮਾਂ ਲਈ ਜੂਨਾਂ ਵਿੱਚ ਜਾਣਾਂ ਹੀ ਪੈਂਦਾ ਹੈ) ਦੇ ਚਲਦੇ ਮੋਤ ਤੋਂ ਬਾਦ ਤਾਂ ਚਲੀ ਗਈ ਕਿਸੇ ਨਾ ਕਿਸੇ ਜੂਨ ਵਿਚ। ਤੇ ਜੇਕਰ ਮੋਤ ਤੋਂ ਬਾਦ ਮ੍ਰਿਤਕ ਦੀ ਆਤਮਾ ਜਨਮ ਲੈ ਹੀ ਚੁਕੀ ਹੈ ਤਾਂ ਸਾਡੀ ਉਸ ਅੰਤਿਮ ਅਰਦਾਸ ਵਿੱਚ ਆਵਾਗਮਨ ਸੰਬਧੀ ਸ਼ਬਦਾਵਲੀ ਦਾ ਕੀ ਮਤਲਬ? ਅਗਰ ਜੀਵਾਤਮਾ ਮੱਖੀ ਦੀ ਜੂਨ ਵਿੱਚ ਜਨਮ ਲੈ ਚੁਕੀ ਹੈ ਤਾਂ ਫਿਰ ‘ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ` ਦੇ ਕੀ ਮਾਇਨੇ?

ਕੁੱਝ ਕਹਿ ਸਕਦੇ ਹਨ ਕਿ ਮ੍ਰਿਤਕ ਦੀ ਆਤਮਾ ਕੁੱਝ ਖ਼ਾਸ ਸਮੇਂ ਲਈ ਬਿਨਾਂ ਜਨਮ ਲਏ ਕਿਸੇ ਵਿਸ਼ੇਸ਼ ਥਾਂ ਤੇ ਟਿਕੀ ਰੰਹਿਦੀ ਹੈ ਅਤੇ ਅੰਤਿਮ ਅਰਦਾਸ ਸਮੇ ਉਹ ਉਥੇ ਹੀ ਵਾਸ ਕਰ ਰਹੀ ਹੁੰਦੀ ਹੈ। ਜੇਕਰ ਸਚਮੁਚ ਐਸਾ ਹੈ ਤਾਂ ਵੀ ‘ਜੀਵ ਦੇ ਆਪਣੇ ਕੀਤੇ ਕਰਮਾਂ` ਅਤੇ ਪਰਮਾਤਮਾ ਦੇ ਇਸ ਅਟਲ ਨਿਯਮ ਨੂੰ ਵਿਚੋਲੀਏ ਕਿਸ ਤਰਾਂ ਬਦਲਵਾ ਸਕਦੇ ਹਨ? ਕਰਮ ਤਾਂ ਮ੍ਰਿਤਕ ਨੇ ਕੀਤੇ ਅਤੇ ਉਸ ਦੇ ਕਰਮਾਂ ਦੇ ਅਧਾਰ ਤੇ ਫੈਸਲਾ ਪਰਮਾਤਮਾ ਤਾਂ ਕਰ ਚੁਕਿਆ ਜਾ ਕਰੇਗਾ ਹੀ। ਫਿਰ ਐਸੀ ਸੂਰਤ ਵਿੱਚ ਪਹਿਲੀ ਅੰਤਿਮ ਅਰਦਾਸ, ਛਿਮਾਹੀ ਦੀ ਅਰਦਾਸ, ਬਾਰਖੀ ਦੀ ਅਰਦਾਸ, ਚੁਬਰਸੀ ਦੀ ਅਰਦਾਸ ਅਤੇ ਹੋਰ ਸਾਲਾਨਾ ਅਰਦਾਸਾਂ ਦਾ ਕੀ ਮਤਲਬ? ਆਵਾਗਮਨ ਦੇ ਕਥਿਤ ਸਿਧਾਂਤ ਮੂਤਾਬਿਕ ਇਹ ਤਾਂ ਇੱਕ ਨਿਰੋਲ ਮਾਮਲਾ ਹੈ ਪਰਮਾਤਮਾ ਅਤੇ ਮ੍ਰਿਤਕ ਦੀ ਜੀਵਾਤਮਾ ਦੇ ਵਿਚਕਾਰ ਦਾ। ਉਥੇ ਤਾਂ ਕਿਸੇ ਵਿਚੋਲੀਏ ਦਾ ਕੋਈ ਸਥਾਨ ਹੀ ਨਹੀਂ।

ਘਰ ਵਿੱਚ ਮੌਤ ਵਾਪਰਣ ਤੋਂ ਬਾਦ ਸ਼ਬਦ ਗੁਰੂ ਦਾ ਸਹਾਰਾ ਸਦਮੇ ਤੇ ਸ਼ੋਕ ਗ੍ਰਸਤ ਦਿਲਾਂ ਨੂੰ ਸਹੀ ਸੇਧ ਦੇ ਸਕਦਾ ਹੈ। ਅਤੇ ਜੇਕਰ ਇਸ ਲਈ ਗੁਰਬਾਣੀ ਪੜੀ-ਸੁਣੀ ਜਾਂਦੀ ਹੈ ਤਾਂ ਇਹ ਠੀਕ ਹੈ। ਪਾਠ ਦੀ ਸਮਾਪਤੀ ਉਪਰੰਤ ਅਰਦਾਸ ਤਾਂ ਜਰੂਰ ਹੋਣੀਂ ਚਾਹੀਦੀ ਹੈ। ਪਰ ਇਹ ਅਰਦਾਸ ਕੇਵਲ ਪਿਛੇ ਬਚੇ ਸੰਬੰਧੀਆਂ, ਮਿਤਰਾਂ ਤੇ ਹੋਰ ਭਾਈਚਾਰੇ ਵਲੋਂ ਪਰਮਾਤਮਾ ਦਾ ਭਾਣਾਂ ਮੰਨਣ ਤੇ ਉਸ ਦੀ ਰਜ਼ਾ ਵਿੱਚ ਤੁਰਨ ਦੇ ਰੂਪ ਵਿੱਚ ਹੋਣੀਂ ਚਾਹੀਦੀ ਹੈ। ਅਰਦਾਸ ਤਾਂ ਹਰ ਉਹ ਵਿਅਕਤੀ ਕਰ ਸਕਦਾ ਹੈ ਜੋ ਦੁਖੀ ਹੈ, ਵਿਚਲਿਤ ਹੈ ਅਤੇ ਉਸਨੂੰ ਹੋਂਸਲਾ ਚਾਹੀਦਾ ਹੈ ਹੁਕਮ ਨੂੰ ਮੰਨਣ ਦਾ ਅਤੇ ਆਪਣੇ ਜੀਵਨ ਵਿੱਚ ਅਗੇ ਵਧਣ ਦਾ। ਇਸ ਲਈ ਪ੍ਰਚਲਿਤ ਅਰਦਾਸ ਦਾ ਭਾਵ ਇਸੇ ਹੋਂਸਲੇ ਅਤੇ ਟਿਕਾਵ ਨੂੰ ਪ੍ਰਾਪਤ ਕਰਣ ਦਾ ਹੋਂਣਾ ਚਾਹੀਦਾ ਹੈ ਕਿਉਂਕਿ ਸਿਰਫ ਇਸੇ ਦੀ ਸੰਭਾਵਨਾ ਹੁੰਦੀ ਹੈ।

ਮਨੁੱਖਾ ਜੀਵਣ ਦੇ ਵਿਸ਼ਲੇਸ਼ਣ ਦਾ ਅਧਾਰ ਤਾਂ ਉਸ ਦੇ ਜੀਵਣ ਕਾਲ ਵਿੱਚ ਹੀ ਟਿੱਕਿਆ ਹੋਇਆ ਰਹਿੰਦਾਂ ਹੈ। ਅਸੀਂ ਅਕਸਰ ਕਿਸੇ ਮਨੁੱਖ ਦੀ ਮੌਤ ਉਪ੍ਰੰਤ ਹੋਣ ਵਾਲੇ ਭਾਈਚਾਰੇ ਦੇ ਇਕੱਠ ਵਿੱਚ ਮ੍ਰਿਤਕ ਸਬੰਧੀ ਟਿੱਪਣੀਆਂ ਕਰਦੇ ਜਾਂ ਸੁਣਦੇ ਹਾਂ। ਹੋ ਸਕਦਾ (ਅਤੇ ਹੁੰਦਾ ਵੀ ਹੈ) ਕਿ ਐਸੀਆਂ ਟਿੱਪਣੀਆਂ ਅਧੂਰੀਆਂ ਜਾਂ ਢੁੱਕਵੀਆਂ ਨਹੀਂ ਹੁੰਦੀਆਂ। ਪਰ ਫਿਰ ਵੀ ਉਨਾਂ ਟਿੱਪਣੀਆਂ ਵਿੱਚ ਮ੍ਰਿਤਕ ਦੇ ਜੀਵਣ ਦਾ ਕੁੱਝ ਵਿਸ਼ਲੇਸ਼ਣ ਤਾਂ ਝਲਕਦਾ ਹੀ ਹੈ।

ਇਥੇ ਇੱਕ ਗਲ ਹੋਰ ਧਿਆਨ ਦੇਣ ਯੋਗ ਹੈ ਕਿ ਕਿਸੇ ਮਨੁਖ ਦੀ ਮੌਤ ਨਾ ਕੇਵਲ ਮ੍ਰਿਤਕ ਬਲਕਿ ਕਈ ਜਿਉਂਦੇ ਮਨੁਖਾਂ ਦੇ ਜੀਵਣ ਦੇ ਵਿਸ਼ਲੇਸ਼ਣ ਦਾ ਅਧਾਰ ਬਣ ਜਾਂਦੀ ਹੈ। ਉਦਾਹਰਣ ਲਈ ਜੇ ਕੋਈ ਬਜੁਰਗ ਜਾਂ ਬਿਮਾਰ ਬਾਪ ਚਲ ਵਸੇ ਤਾਂ ਉਸਦੀ ਮੌਤ ਬਾਕੀ ਪਰਿਵਾਰਕ ਜੀਆਂ ਦੇ ਕਿਰਦਾਰ ਦੇ ਕੁੱਝ ਪਖਾਂ ਨੂੰ ਉਜਾਗਰ ਕਰਣ ਦਾ ਅਧਾਰ ਬਣ ਜਾਂਦੀ ਹੈ। ਜੇਕਰ ਪਰਿਵਾਰਕ ਜੀਆਂ ਨੇ ਬੀਮਾਰੀ ਜਾਂ ਬੁਢੇਪੇ ਵਿੱਚ ਬਜੁਰਗ ਦੀ ਚੰਗੀ ਦੇਖ ਭਾਲ ਕੀਤੀ ਹੋਵੇ ਤਾਂ ਬਜੁਰਗ ਦੀ ਮੋਤ ਉਪ੍ਰੰਤ ਜੁੜਿਆ ਭਾਈਚਾਰਾ ਆਪਸ ਵਿੱਚ ਪਰਿਵਾਰਕ ਜੀਆਂ ਦੇ ਕਿਰਦਾਰ ਨੂੰ ਤੋਲਦਾ ਹੈ। ਇਹੀ ਗਲ ਬਜੁਰਗ ਨਾਲ ਮਾੜਾ ਵਰਤਾਉ ਕਰਣ ਵਾਲੇ ਪਰਿਵਾਰਕ ਜੀਆਂ ਦੇ ਸੰਧਰਭ ਵਿੱਚ ਕੀਤੀ ਜਾਂਦੀ ਹੈ।

ਇਨਾਂ ਗਲਾਂ ਤੋਂ ਹਟ ਕੇ ਕਿਸੇ ਅਦਾਲਤ ਵਿੱਚ ਮ੍ਰਿਤਕ ਲਈ ਸਾਡੀ ਕਿਸੇ ਦੀ ਗਵਾਹੀ ਜਾਂ ਸਿਫਾਰਿਸ਼ ਭਰੀਆਂ ਅਰਦਾਸਾਂ ਕੋਈ ਮਾਇਨੇ ਨਹੀਂ ਰਖਦੀਆਂ। ਜੇਕਰ ਪਰਮਾਤਮਾ ਜਾਣੀ ਜਾਣ ਅਤੇ ਉਸ ਦਾ ਹੁਕਮ ਅਟਲ ਹੈ ਤਾਂ ਕਿਸੇ ਹੋਰ ਦੀ ਗਵਾਹੀ ਜਾਂ ਸਿਫਾਰਸ਼ ਦਾ ਕੀ ਮਤਲਬ?

ਹਰਦੇਵ ਸਿੰਘ, ਜੰਮੂ (ਛਪ ਰਹੀ ਅਗਲੀ ਕਿਤਾਬ ਵਿਚੋਂ)

094191-84990




.