.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ- 11)

ਸਲੋਕ ਮ: ੧॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥ ੧॥

ਚੋਰਾਂ, ਲੁਚੇ ਲੰਡੇ ਬੰਦਿਆਂ, ਵਿਭਚਾਰਨ ਔਰਤਾਂ, ਅਤੇ ਦੱਲੇ ਦੱਲੀਆਂ, ਦੀ ਆਪਸ ਵਿੱਚ ਖੂਬ ਸਾਂਝ ਹੁੰਦੀ ਹੈ, ਇਹਨਾਂ ਦੀ ਇੱਕ ਹੀ ਮਜਲਸ ਹੁੰਦੀ ਹੈ। ਇਹਨਾਂ ਅਧਰਮੀਆਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ, ਖਾਣ ਪੀਣ ਸਾਂਝਾ ਹੁੰਦਾ ਹੈ। ਇਹਨਾਂ ਨੂੰ ਪ੍ਰਭੂ ਦੀ ਭੋਰਾ ਵੀ ਸਾਰ ਨਹੀਂ ਹੁੰਦੀ, ਇਹਨਾਂ ਦੇ ਮਨ ਵਿੱਚ ਹਮੇਸ਼ਾਂ ਸ਼ੈਤਾਨ ਵਸਦਾ ਹੈ। ਇਹਨਾਂ ਨੂੰ ਲੱਖ ਸਮਝਾਉਣ ਦੀ ਕੋਸ਼ਿਸ ਕਰੀਏ, ਪਰ ਇਹ ਨਹੀਂ ਸਮਝਦੇ, ਜਿਵੇਂ ਖੋਤੇ ਨੂੰ ਭਾਵੇਂ ਚੰਦਨ ਵੀ ਕਿਉਂ ਨਾਂ ਮਲ ਦੇਈਏ, ਅਖੀਰ ਉਹ ਧੁੱਦਲ ਵਿੱਚ ਲੇਟ ਕੇ ਹੀ ਖੁਸ਼ ਹੁੰਦਾ ਹੈ।

(ਸੂਤ ਤੋਂ ਬਿਨਾਂ ਤਾਣਾਂ ਨਹੀਂ ਤਣਿਆਂ ਜਾ ਸੱਕਦਾ। ਤਾਣਾਂ ਕੀ ਹੈ? ਸੱਭ ਜਾਣਦੇ ਹਨ)। ਪਹਿਲੇ ਝੂਠ ਦਾ ਸੂਤ ਕੱਤਿਆ, (ਝੂਠੇ ਮਨਮੁਖਾਂ ਵਾਲੇ ਕਰਮ) ਫਿਰ ਇਸ ਸੂਤ ਦਾ ਤਾਣਾਂ (ਚੌਰਾਸੀ ਦਾ ਜਾਲ) ਤਣਿਆਂ ਗਿਆ, (ਆਪਣੇਂ ਤਾਣੇਂ ਵਿੱਚ ਆਪ ਹੀ ਫਸੇ ਗਾ ਕਿਸੇ ਹੋਰ ਨੇਂ ਨਹੀਂ ਫਸਣਾਂ) ਜਿਹੋ ਜਿਹਾ ਸੂਤ ਕਤਿਆ ਸੀ, ਉਹੋ ਜਿਹਾ ਕਪੜਾ ਤਿਆਰ ਹੈ। “ਕੂੜਾ ਕੱਪੜ ਕਛੀਐ” ਕੂੜੇ ਕੱਪੜੇ ਦੇ ਫਿਰ ਸੂਟ (ਚੋਰਾਸੀ ਦੀਆਂ ਜੂਨਾਂ) ਬਣ ਗਏ। ਜਿਹੋ ਜਿਹੇ ਸੂਟ ਪਹਿਨੇਂ, ਉਹੋ ਜਿਹਾ ਫਿਰ ਮਾਣ ਮਿਲਿਆ। (ਕਦੇ ਖੋਤੇ ਦੀ ਉਪਾਧੀ (ਮਾਣ) ਮਿਲਦੀ ਹੈ, ਕਦੇ ਸੂਰ ਦੀ ਉਪਾਧੀ ਮਿਲਦੀ ਹੈ, ਕਦੇ ਕੁੱਤੇ ਦੀ, ਕਦੇ ਸੱਪ ਠੂੰਹੇ ਦੀ, ਜਾਂ ਆਪਣੇਂ ਕੱਪੜੇ ਨਾਲ ਸੀਤੀਆਂ ਹੋਰ ਹੋਰ ਪੁਸ਼ਾਕਾਂ (ਜੂਨਾਂ ਦੀਆਂ) ਪਹਿਨਦਾ ਹੈ।

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥ ੨੩॥

ਅਸੀਂ ਕੱਤਦੇ ਤਾਂ ਉੱਨ ਹਾਂ, ਅਤੇ ਚਾਹੁੰਦੇ ਹਾਂ ਰੇਸ਼ਮ ਪਹਿਨਣਾਂ, ਅਸੀਂ ਆਪਣੇਂ ਆਪ ਨੂੰ ਜਾਗਰੂਕ ਸਮਝਦੇ ਹਾਂ, ਫਿਰ ਵੀ ਅਜੇਹੀ ਭੁਲ (ਭਲੇਖਾ) ਆਪਣੇਂ ਮਨ ਵਿੱਚ ਪਾਲੀ ਬੈਠੇ ਹਾਂ। ਫਿਰ ਅਸੀਂ ਕਾਹਦੇ ਜਾਗਰੂਕ ਹੋਇ। ਬੀਜੀ ਅਸੀਂ ਕਿੱਕਰ ਬੈਠੇ ਹਾਂ, ਕੱਤੀ ਅਸੀਂ ਉੱਨ ਜਾਂਦੇ ਹਾਂ, ਅਤੇ ਲੋਚਦੇ ਹਾਂ ਸਾਨੂੰ ਖਾਣ ਨੂੰ ਮੇਵੇ ਮਿਲਣ ਗੇ ਅਤੇ ਪਹਿਨਣ ਨੂੰ ਰੇਸ਼ਮ ਮਿਲੇ ਗਾ। ਸਿਰਫ ਆਪਣੇਂ ਆਪ ਨੂੰ ਜਾਗਰੂਕ ਕਹਿਣ ਨਾਲ ਹੀ ਕੀ ਪ੍ਰਭੂ ਖੁਸ਼ ਹੋ ਜਾਵੇ ਗਾ, ਅਤੇ ਸਾਨੂੰ ਉੱਨ ਦੀ ਥਾਂ ਰੇਸ਼ਮ ਦੇ ਦੇਵੇ ਗਾ।

ਵਿਚਾਰ:- ਅਸੀਂ ਵਿਚਾਰਾਂ ਕਰਦੇ ਹਾਂ, ਕਾਹਦੇ ਵਾਸਤੇ, ਆਪਣੇਂ ਵਾਸਤੇ ਜਾਂ ਕਿਸੇ ਹੋਰਨਾਂ ਵਾਸਤੇ। ਕਰਮ ਕਰਦੇ ਹਾਂ, ਆਪਣੇਂ ਵਾਸਤੇ ਕਰਦੇ ਹਾਂ ਜਾਂ ਕਿਸੇ ਹੋਰ ਵਾਸਤੇ? ਮੇਰੇ ਕੀਤੇ ਕਰਮਾਂ ਦਾ ਫੱਲ ਮੈਂ ਭੋਗਾਂ ਗਾ ਜਾਂ ਕੋਈ ਹੋਰ? । ਜੇ ਮੇਰੇ ਕੀਤੇ ਕਰਮ ਮੈਂ ਹੀ ਭੋਗਣੇਂ ਹਨ, ਤਾਂ ਕਿਸੇ ਨੂੰ ਕੀ ਦੁੱਖ। ਫਿਰ ਝੱਗੜਾ ਕਾਹਦਾ। ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਕਿਸ ਦੇ ਪ੍ਰਥਾਇ ਹੈ? ਬ੍ਰਾਹਮਣਾਂ ਦੇ, ਮੁਸਲਮਾਨਾਂ ਦੇ, ਜਾਂ ਕਿਸੇ ਹੋਰ ਮਜ਼ਬ ਦੇ ਲੋਕਾਂ ਵਾਸਤੇ, ਪਹਿਲਾਂ ਤਾਂ ਇਹ ਵਿਚਾਰ ਕਰਨੀਂ ਚਾਹੀਦੀ ਹੈ। ਇਹ ਸ਼ਬਦ ਕਿਸ ਦੇ ਪ੍ਰਥਾਇ ਹੈ? ਗੁਰਮੁੱਖਾਂ ਦੇ ਜਾਂ ਮਨਮੁੱਖਾਂ ਦੇ, ਗੁਰਮੁਖ ਕੌਣ ਹਨ, ਮਨ ਮੁਖ ਕੌਣ ਹਨ। ਕੀ ਅਸੀਂ ਗੁਰਮੁਖ ਹਾਂ। ਕੀ ਇਹ ਸ਼ਬਦ ਜਾਂ ਬਾਣੀਂ ਸਾਡੇ ਵਾਸਤੇ ਨਹੀਂ ਹੈ। ਜੇ ਨਹੀਂ! ਤਾਂ ਚੋਰਾਂ, ਜਾਰਾ, ਰੰਡੀਆ, ਦੱਲੀਆਂ, ਆਦੀ ਕਿਸ ਨੂੰ ਕਿਹਾ ਹੈ। ਜੇ ਕਿਸੇ ਨਾਲ ਖੁੰਦਕ ਕੱਢਣੀਂ ਹੋਵੇ, ਕਿਸੇ ਦੀ ਬੇਜ਼ਤੀ ਕਰਨੀਂ ਹੋਵੇ, ਜਾਂ ਕਿਸੇ ਹੋਰ ਨੂੰ ਇਹਨਾਂ ਨਾਵਾਂ ਦੀ ਉਪਾਧੀ ਦੇਣੀਂ ਹੋਵੇ ਤਾਂ, ਇਹ ਬਹੁਤ ਹੀ ਵਧੀਆ ਹਥਿਆਰ ਹੈ।

ਸੱਭ ਆਪਣੀਂ ਸਲਾਹੁਤਾ ਚਾਹੁੰਦੇ/ਕਰਦੇ ਹਨ। ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ॥ ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ॥ ੫੮ ਪਰ ਗੁਰੂ ਰਾਮ ਦਾਸ ਜੀ, ਤਾਂ ਆਪਣੇਂ ਆਪ ਨੂੰ ਹੋਰ ਵੀ ਛੋਟਾ ਦੱਸਦੇ ਹਨ, ਆਪਣੇਂ ਆਪ ਨੂੰ ਕੀੜੇ ਅਤੇ ਕਿਰਮ ਦੱਸਦੇ ਹਨ।

ਮਹਲਾ ੪॥ ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ॥ ੧॥

ਜੇ ਇਹ ਬਾਣੀਂ ਕਿਸੇ ਹੋਰ ਨੂੰ ਸਮਝਾਉਣ ਵਾਸਤੇ ਬੋਲੀ ਹੈ, ਤਾਂ ਕੀ ਕੋਈ ਇਹ ਦੱਸੇ ਗਾ, ਕਿ ਇਹ ਬਾਣੀ ਕਿਸ ਨੂੰ ਸਮਝਾਉਣ ਵਾਸਤੇ ਬੋਲੀ ਹੈ। ਕੀ ਕੋਈ ਹੈ, ਜੋ ਇਹ ਸਮਝਦਾ ਹੋਵੇ, ਕਿ ਇਹ ਬਾਣੀਂ ਸਾਡੀ ਹੈ। ਜਿਸ ਨੂੰ ਬਾਣੀਂ ਨਾਲ ਪਿਆਰ ਹੈ, ਉਹੋ ਹੀ ਇਸ ਨੂੰ ਆਪਣੀਂ ਸਮਝੇ ਗਾ। ਜਿਹੜਾ ਬਾਣੀਂ ਨੂੰ ਪਿਆਰ ਨਹੀਂ ਕਰਦਾ, ਉਹ ਬਾਣੀਂ ਦੀ ਕੋਈ ਪ੍ਰਵਾਹ ਨਹੀਂ ਕਰੇ ਗਾ, ਬਾਣੀਂ ਭਾਵੇਂ ਕੁੱਝ ਵੀ ਕਹੀ ਜਾਵੇ, ਉਸ ਦੀ ਕੰਡ ਸੁਣਦੀ ਹੈ। ਅੱਜ ਅਸੀਂ ਸਾਰੇ ਹੀ ਸੂਤ ਕੱਤਣ ਲੱਗੇ ਹੋਇ ਹਾਂ। ਜਿਹੋ ਜਿਹਾ ਅਸੀਂ ਸੂਤ ਕੱਤਾਂ ਗੇ, ਉਹੋ ਹੀ ਪਹਿਨਣਾਂ ਪੈਣਾਂ ਹੈ।

ਮਃ ੧॥ ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ॥ ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ॥ ਨਾਨਕ ਜਿਨੀੑ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ॥ ੨॥

(ਇਕ ਨਾਮ ਦੀ ਗੱਲ ਸਮਝਾਉਣ ਵਾਸਤੇ ਵੇਖੋ ਗੁਰੂ ਨਾਨਕ ਜੀ ਕਿਨੇਂ, ਅਤੇ ਕੈਸੇ ਕੈਸੇ ਲੋਕਾਂ, ਦੇ ਹਵਾਲੇ ਦੇ ਰਹੇ ਹਨ, ਪਹਿਲੇ ਸਲੋਕ ਵਿੱਚ ਮਨਮੁਖ ਮਨੁੱਖਾਂ ਨੂੰ ਚੋਰਾਂ, ਜਾਰਾਂ, ਰੰਡੀਆਂ, ਦੀ ਸੰਗਿਆ ਦਿੱਤੀ, ਇਸ ਸਲੋਕ ਵਿਚ, ਕੁੱਝ ਧਰਮਾਂ, ਦੇ ਸਿਧਾਂਤਾਂ ਨੇਮਾਂ, (ਮਰਿਯਾਦਾ) ਆਦੀ ਨੂੰ ਸਿੱਧਾ ਹੀ ਚੋਟ ਕਰਦੇ ਹਨ।) ਜਿਵੇਂ ਕਿ ਮੁੱਲਾਂ ਬਾਂਗ ਦੇਂਦੇ ਹਨ, ਕੁੱਝ ਫਕੀਰ ਤੂਤੀਆਂ ਵਜਾਉਂਦੇ ਹਨ, ਜੋਗੀ ਸਿੰਙੀਂ ਵਜਾਉਂਦੇ ਹਨ, ਮਿਰਾਸੀ ਕਿਲਾਲਾਂ ਕਰਦੇ ਹਨ। ਗੁਰੂ ਨਾਨਕ ਜੀ ਨੇਂ, ਸਾਰੇ ਸੰਸਾਰ ਦੇ ਸੱਭ ਧਰਮਾਂ ਦੀਆਂ, ਪ੍ਰਮਾਤਮਾਂ ਨੂੰ ਮਿਲਣ ਦੀਆਂ ਜੁਗਤੀਆਂ, ਕੋਸ਼ਿਸ਼ਾਂ, ਸਾਧਨਾਂ, ਭਗਤੀਆਂ, ਕਰਮਾਂ ਧਰਮਾਂ, ਪੂਜਾ ਪਾਠਾਂ, ਪੁੱਨਾਂ ਦਾਨਾਂ, ਆਦੀ ਨੂੰ ਇੱਕ ਵੱਡਿਉਂ ਹੀ ਰੱਦ ਕਰ ਦਿੱਤਾ ਹੈ।

(ਸਾਰੀ ਦੁਨੀਆਂ ਦਾ ਚਾਹੇ ਕੋਈ ਵੀ ਧਰਮ ਹੋਵੇ, ਗੁਰੂ ਨਾਨਕ ਦੇਵ ਜੀ ਨੇਂ ਸਾਰਿਆਂ ਧਰਮਾਂ ਨੂੰ ਵੀ ਇੱਕ ਵੱਡਿਉਂ ਰੱਦ ਕਰ ਦਿੱਤਾ ਹੈ। ਦੱਸੋ ਜੇ ਗੁਰੂ ਨਾਨਕ ਨੇ ਦੁਨੀਆਂ ਦੇ ਕਿਸੇ ਇੱਕ ਵੀ ਧਰਮ ਦੀਆਂ ਮਰਿਯਾਦਾ ਵਗੈਰਾ ਨੂੰ ਸਹੀ ਠਹਿਰਾਇਆ ਹੋਵੇ। ਇਹ ਬਿਲਕੁਲ ਸੱਚ ਹੈ ਕੇ ਇੱਕ ਗੁਰੂ ਨਾਨਕ ਦੇ ਮੱਤ, ਗੁਰੂ ਨਾਨਕ ਦੀ ਸਿੱਖੀ, ਗੁਰੂ ਨਾਨਕ ਦੀ ਸਿੱਖ, ਤੋਂ ਬਿਨਾਂ ਬਾਕੀ ਸੱਭ ਕੂੜ ਹੈ। ਅਤੇ ਜਿਹੜਾ ਗੁਰੂ ਨਾਨਕ ਦਾ ਸਿੱਖ ਨਹੀਂ, ਉਹ ਜਮਾਂ ਤੋਂ ਨਹੀਂ ਬੱਚ ਸੱਕਦਾ। ਜਿਸ ਤਰਾਂ ਪ੍ਰਮਾਤਮਾਂ (ਅਕਾਲ ਪੁਰਖ) ਇੱਕ ਹੈ, ਬਾਕੀ ਸੱਭ ਦੂਜਾ ਹੈ। ਇਸੇ ਤਰਾਂ ਗੁਰੂ ਨਾਨਕ ਵੀ ਇੱਕ ਹੀ ਹੈ, ਬਾਕੀ ਸੱਭ ਦੂਜਾ ਹੈ। ਪਰ ਸਾਡੀ ਤਰਾਸਦੀ ਇਹ ਹੈ, (ਅਤੇ ਸੱਚ ਵੀ) ਕੇ, ਗੁਰਬਾਣੀ ਅਨੂੰਸਾਰ ਤਾਂ ਸਾਡੇ ਵਿਚੋਂ ਕੋਈ ਇੱਕ ਵੀ ਗੁਰੂ ਨਾਨਕ ਦਾ ਸਿੱਖ ਨਹੀਂ ਹੈ। ਸਾਇਦ ਮੈਂ ਗਲਤ ਹੋਵਾਂ, ਪਰ ਫਿਰ ਵੀ ਜੇ ਕੋਈ ਗੁਰੂ ਨਾਨਕ ਦਾ ਸਿੱਖ ਹੈ, ਤਾਂ ਉਹ ਜਰੂਰ ਦੱਸੇ। ਉਸ ਗੁਰਸਿੱਖ ਦਾ ਸਾਨੂੰ ਇਸ ਤਰਾਂ ਸਤਿਕਾਰ ਕਰਨਾਂ ਚਾਹੀਦਾ ਹੈ, ਜਿਵੇਂ ਕੇ ਬਾਣੀਂ ਵਿੱਚ ਲਿਖਿਆ ਹੋਇਆ ਹੈ। ਜੇ ਆਪ ਸਿੱਖ ਨਹੀਂ ਹੈ, ਤਾਂ ਕੋਈ ਗੱਲ ਨਹੀਂ, ਪਰ ਕਿਸੇ ਨੇਂ ਕਿਤੇ ਕੋਈ ਗੁਰੂ ਨਾਨਕ ਦਾ ਸਿੱਖ ਵੇਖਿਆ ਹੀ ਹੋਵੇ ਤਾਂ ਦੱਸੇ।)

ਹੁਣ ਜਿਹੜੇ ਆਪਣੇਂ ਆਪ ਨੂੰ ਗੁਰੂ ਨਾਨਕ ਦੇ ਸਿੱਖ ਕਹਾਉਂਦੇ ਹਨ, ਉਹ ਤਾਂ ਨਾਮ ਦੇ ਨੇੜੇ ਨਹੀਂ ਜਾਂਦੇ, ਨਾਮ ਦਾ ਨਾਂ ਵੀ ਨਹੀਂ ਸੁਣਨਾਂ ਚਾਹੁੰਦੇ “ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ”॥ ਮ; ੧ ੬੩੬, ਪਰ ਗੁਰੂ ਨਾਨਕ ਦੇਵ ਜੀ ਅਗਲੇ ਸ਼ਬਦ ਵਿੱਚ ਮੁਸਲਮਾਨਾਂ (ਮੁਲਾਂ) ਨੂੰ ਜੋ ਕਹਿ ਰਹੇ ਹਨ, ਕੀ ਕੋਈ ਇਸ ਗੱਲ ਨੂੰ ਮੰਨੇਂ ਗਾ, ਕੇ ਇਹ ਗੱਲ ਸੱਚ ਹੈ। ਅੱਗੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਪੱੜ੍ਹਦੇ ਹਾਂ।

ਸਿਰੀਰਾਗੁ ਮਹਲਾ ੧ ਘਰੁ ੪॥ ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ॥ ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ॥ ੧॥ ਮਰਣਾ ਮੁਲਾ ਮਰਣਾ॥ ਭੀ ਕਰਤਾਰਹੁ ਡਰਣਾ॥ ੧॥ ਰਹਾਉ॥ ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ॥ ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ॥ ੨॥ ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ॥ ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ॥ ੩॥ ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ॥ ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ॥ ੪॥ ੨੮॥

ਗੁਰੂ ਨਾਨਕ ਦੇਵ ਜੀ ਪਹਿਲੀਆਂ ਦੋ ਪੰਗਤੀਆਂ ਵਿੱਚ ਪ੍ਰਮਾਤਮਾਂ ਦੀ ਉਪਮਾਂ ਕਰਦੇ ਹਨ। ਅੱਗੇ ਰਹਾਉ ਵਾਲੀ ਪੰਗਤੀ ਵਿੱਚ ਕਹਿ ਰਹੇ ਹਨ, ਹੇ ਮੁਲਾਂ ਮੌਤ ਤੇਰੇ ਸਿਰ ਤੇ ਖੜੀ ਹੈ, ਇਸ ਵਾਸਤੇ ਕਰਤੇ ਤੋਂ ਡੱਰ। (ਮੁੱਲਾਂ ਜਾਂ ਕਾਜੀ ਹੋਣ ਦਾ ਹੰਕਾਰ ਨਾਂ ਕਰ, ਇਸ ਨਾਲ ਕੁੱਝ ਵੀ ਲਾਭ ਨਹੀਂ ਹੋਣਾਂ।) ਤੂੰ ਅਸਲੀ ਮੁੱਲਾਂ ਜਾਂ ਕਾਜ਼ੀ ਤਾਂ ਹੀ ਅਖਵਾ ਸੱਕਦਾ ਹੈਂ, ਜੇ ਤੂੰ ਨਾਮ ਨੂੰ ਜਾਣਦਾ ਹੈਂ, ਜੇ ਤੇਰੇ ਪਾਸ ਖੁਦਾ ਦਾ ਨਾਮ ਹੈ। ਜੇ ਤੇਰੇ ਪਾਸ ਨਾਮ ਨਹੀਂ, ਤਾਂ ਹੋਰ ਭਾਵੇਂ ਤੂੰ ਕਿਨਾਂ ਵੀ ਪੜ੍ਹਿਆ ਹੋਵੇਂ, ਆਲਮ ਫ਼ਾਜ਼ਲ, (ਸਮਝ ਲਵੋ ਅੱਜ ਦੀ ਪੀ. ਐਚ. ਡੀ.) ਹੋ ਜਾਵੇਂ, ਜਾਂ ਕਿਨੀਆਂ ਵੀ ਰੁਹਾਨੀਂ ਮਜ਼ਹਬਾਂ ਦੀਆਂ ਕਿਤਾਬਾਂ ਪੜ੍ਹ ਲਵੇਂ, ਜਦੋਂ ਸਵਾਸਾਂ ਦੀ ਪੂੰਜੀ ਮੁੱਕ ਗਈ “ਕੋ ਰਹੈ ਨ ਭਰੀਐ ਪਾਈ” ਕਿਸੇ ਨੇਂ ਵੀ ਨਹੀਂ ਰਹਿਣਾਂ, ਕਿਸੇ ਵੀ ਵਿਦਿਆ ਜਾਂ ਪੜ੍ਹਾਈ ਨੇਂ ਕੰਮ ਨਹੀਂ ਆਉਣਾਂ। (ਇਹਨਾਂ ਦਾ ਹੰਕਾਰ ਤਿਆਗ ਦੇ) ਕਾਜੀ ਉਹ ਹੈ, ਜਿਸ ਕੇਂ ਆਪਣਾਂ ਆਪ ਤਿਆਗ ਦਿੱਤਾ, ਅਤੇ ਇੱਕ ਨਾਮ ਦਾ ਹੀ ਆਸਰਾ ਲੈ ਲਿਆ। ਸਿਰਫ ਉਹ ਸੱਚਾ ਸਿਰਜਨ ਹਾਰੋ ਹੀ, ਜੋ ਹੁਣ ਭੀ ਹੈ, ਅਤੇ ਅਗਾਂਹ ਨੂμ ਭੀ ਹਮੇਸ਼ਾਂ ਹੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ। ਹੇ ਕਾਜ਼ੀ ਤੂੰ ਪੰਜੇ ਵਕਤ ਨਿਮਾਜ਼ਾਂ ਪੜ੍ਹਦਾ ਹੈਂ, ਕੁਰਾਨ ਅਤੇ ਮਜ਼ਹਬੀ ਕਿਤਾਬਾਂ ਦੇ ਪਾਠ ਕਰਦਾ ਹੈ। ਇਹ ਸਾਰੇ ਕੰਮ ਤੂੰ ਬਹਿਸ਼ਤਾਂ, ਵਿੱਚ ਜਾਣ ਵਾਸਤੇ ਜਾਂ ਖੁਦਾ ਦੇ ਮਿਲਾਪ ਵਾਸਤੇ ਕਰਦਾ ਹੈਂ। ਪਰ ਹੇ ਮੁੱਲਾਂ ਹੇ ਕਾਜ਼ੀ, ਜੋ ਤੂੰ ਸੋਚਦਾ ਹੈਂ ਇਸ ਤਰਾਂ ਨਹੀਂ ਹੋਣਾਂ, ਤੈਨੂੰ ਇਹ ਨਾਨਕ ਕਹਿੰਦਾ ਹੈ, ਤੇਰਾ ਦਾਣਾਂ ਪਾਣੀਂ ਜਾਣਾਂ ਹੈ, ਤੈਨੂੰ ਤਾਂ ਕਬਰ ਸੱਦਾ ਦੇ ਰਹੀ ਹੈ। ਜੇ ਖੁਦਾ ਨੂੰ ਮਿਲਣਾਂ ਚਾਹੁੰਦਾ ਹੈਂ ਤਾਂ, ਨਾਮ ਨਮਾਜ਼ਾਂ ਛੱਡ ਕੇ ਨਾਮ ਦਾ ਆਧਾਰ ਬਨਾ ਲੈ ਨਾਮ ਦਾ ਆਸਰਾ ਲੈ।

ਵਿਚਾਰ:- ਇਹੀ ਗੱਲ, ਜੇ ਅਸੀਂ ਕਿਸੇ ਮੁਸਲਮਾਨ ਨੂੰ ਕਹੀਏ, ਕੇ ਭਾਈ ਤੂੰ ਨਿਮਾਜ਼ਾਂ ਪੜ੍ਹਨੀਆਂ ਛੱਡ ਦੇ, ਨਾਮ ਜਪਿਆ ਕਰ, ਨਹੀਂ ਤਾਂ ਤੇਰਾ ਕਬਰਾਂ ਵਿੱਚ ਵਾਸਾ ਹੋ ਜਾਵੇਗਾ, ਅਤੇ ਤੈਨੂੰ ਕੋਈ ਖੁਦਾ ਨਹੀਂ ਮਿਲਣਾਂ। ਤਾਂ ਮੁਸਲਮਾਨਾਂ ਨੂੰ ਇਹ ਗੱਲ ਕਿਨੀਂ ਕੂ ਸੁਹਾਇ ਗੀ, ਅਤੇ ਮੁਸਲਮਾਨਾਂ ਦਾ ਕੀ ਪ੍ਰਤੀ ਕਰਮ ਹੋਵੇ ਗਾ? ਇਹ ਤੁਸੀਂ ਆਪ ਹੀ ਸਮਝ ਸੱਕਦੇ ਹੋ, ਕਹਿਣ ਦੀ ਕੋਈ ਲੋੜ ਨਹੀਂ ਹੈ। ਪਰ ਸੁਣਿਆ ਹੈ ਕੇ ਮੁਸਲਮਾਨ ਐਹਦ ਦੇ ਬਹੁਤ ਪੱਕੇ ਹੁੰਦੇ ਹਨ। ਜੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਆ ਜਾਵੇ, ਜਾਂ ਕੋਈ ਉਹਨਾਂ ਨੂੰ ਇਹ ਗੱਲ ਸਮਝਾ ਦੇਵੇ, ਕਿ ਨਾਮ ਨਾਲ ਸੱਚਮੁੱਚ ਖੁਦਾ ਮਿਲ ਜਾਂਦਾ ਹੈ ਤਾਂ, ਉਹ ਨਾਮ (ਖੁਦਾ) ਦੇ ਪਿੱਛੇ ਜਾਨ ਵੀ ਵਾਰਨ ਤੋਂ ਪਿੱਛੇ ਨਹੀਂ ਹਟਦੇ। ਇਸ ਵਿੱਚ ਤਾਂ ਕੋਈ ਤਾਂ ਕੋਈ ਛੱਕ ਨਹੀਂ ਕੇ ਮੁਸਲਮਾਨ ਅੱਜ ਵੀ ਗੁਰੂ ਨਾਨਕ ਨੂੰ ਆਪਣਾਂ ਪੀਰ ਮੰਨਦੇ ਹਨ। ਪਰ ਜੇ ਅੱਜ ਸਿੱਖ ਗੁਰੂ ਨਾਨਕ ਦੇ ਉਪਦੇਸ਼ ਨੂੰ ਭੁੱਲ ਚੁੱਕੇ ਹਨ, ਤਾਂ ਜੇ ਮੁਸਲਮਾਨ ਭੁੱਲ ਜਾਣ ਤਾਂ ਕੀ ਗੁਨਾਹ ਹੈ। ਗੁਰੂ ਨਾਨਕ ਦੇਵ ਜੀ ਜੇ ਮੁਸਲਮਾਨਾਂ ਨੂੰ ਨਾਮ ਦਾ ਉਪਦੇਸ਼ ਕਰ ਰਹੇ/ਸੱਕਦੇ ਹਨ। ਤਾਂ ਕੀ ਸਿੱਖਾਂ ਵਾਸਤੇ ਇਹ ਉਪਦੇਸ਼ ਸਿੱਖ ਸਿਧਾਂਤਾ ਦੇ ਉਲਟ ਹੈ? । ਜੇ ਨਾਮ ਤੋਂ ਬਿਨਾਂ ਕਾਜ਼ੀ, ਕਾਜ਼ੀ ਨਹੀਂ ਹੋ ਸੱਕਦਾ। ਜੇ ਨਾਮ ਤੋਂ ਬਿਨਾਂ ਜੋਗੀ, ਜੋਗੀ ਨਹੀਂ ਹੋ ਸੱਕਦਾ। ਜੇ ਨਾਮ ਤੋਂ ਬਿਨਾਂ ਬ੍ਰਾਹਮਣ, ਬ੍ਰਹਾਮਣ ਨਹੀਂ ਹੋ ਸੱਕਦਾ। ਤਾਂ ਅਸੀਂ ਨਾਮ ਤੋਂ ਬਿਨਾਂ ਸਿੱਖ ਕਿਵੇਂ ਹੋ ਸੱਕਦੇ ਹਾਂ।

ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ॥ ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ॥ ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ॥ ੨॥ (੨੮)

ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ॥ ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ॥ ੪॥ (੧੭)

ਬਾਬਾ ਮਾਇਆ ਰਚਨਾ ਧੋਹੁ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ॥ ੧॥ ਰਹਾਉ॥ ਮ; ੧ ੧੪

ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ॥ ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ॥ (੩੩)

ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ॥ ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ॥ (੩੩)

ਸਾਨੂੰ ਤਿੰਨ ਚਾਰ ਸਦੀਆਂ ਹੋ ਗਈਆਂ ਹਨ, ਇਹ ਬਾਣੀਂ ਪੜ੍ਹਦਿਆਂ, ਅਸੀਂ ਕੀ ਸਿੱਖਿਆ ਲਈ ਹੈ ਇਸ ਬਾਣੀਂ ਵਿਚੋਂ। ਅਤੇ ਖਾਸ ਕਰ ਇਸ ਸ਼ਬਦ ਵਿਚੋਂ ਕੀ ਸਿੱਖਿਆ ਮਿਲਦੀ ਹੈ? । ਕੀ ਇਸ ਦੀ ਵਿਚਾਰ ਕਰਨ ਦੀ ਜਰੂਰਤ ਨਹੀਂ ਹੈ।

ਗੁਰੂ ਨਾਨਕ ਜੀ ਨੇਂ ਬ੍ਰਾਹਮਣਾਂ, ਹਿੰਦੂਆਂ, ਮੁਸਲਮਾਨਾਂ, ਜੋਗੀਆਂ, ਜੈਨੀਆਂ, ਆਦੀ ਕੁੱਲ ਦੁਨੀਆਂ ਦੇ ਸੱਭ ਧਰਮਾਂ ਦੇ, ਧਾਰਮਿਕ ਸਿਧਾਂਤਾਂ/ਧਾਰਨਾਵਾਂ ਨੂੰ ਰੱਦ ਕਰਕੇ, ਇੱਕ ਨਾਮ ਦਾ ਉਪਦੇਸ਼ ਦਿੱਤਾ ਹੈ। ਇਹ ਉਪਦੇਸ਼ ਕਿਸੇ ਦੇ ਧਰਮ ਤਬਦੀਲੀ ਵਾਸਤੇ, ਜਾਂ ਕਿਸੇ ਨੂੰ ਸਿੱਖ ਧਰਮ ਵਿੱਚ ਰਲਾ ਕੇ ਸਿੱਖ ਧਰਮ ਦਾ ਫੈਲਾਅ ਕਰਨ ਵਾਸਤੇ ਨਹੀਂ ਸੀ ਕੀਤਾ, ਸਗੋਂ ਸੱਚਾ ਮੁਸਲਮਾਨ ਬਣਨ ਵਾਸਤੇ, ਸੱਚਾ ਕਾਜ਼ੀ ਬਣਨ ਵਾਸਤੇ, ਸੱਚਾ ਹਿੰਦੂ ਬਣਨ ਵਾਸਤੇ, ਸੱਚਾ ਬ੍ਰਾਹਮਣ ਬਣਨ ਵਾਸਤੇ, ਜਾਂ ਸੱਚਾ ਜੋਗੀ ਬਣਨ ਵਾਸਤੇ ਕੀਤਾ ਸੀ, ਕੌਣ ਦੱਸੇ ਗਾ ਕੇ ਗੁਰੂ ਨਾਨਕ ਦਾ ਆਪਣਾਂ ਧਰਮ ਕੀ ਸੀ, ਜਿਸ ਦਾ ਉਹ ਪਸਾਰ ਕਰਨਾਂ ਚਾਹੁੰਦੇ ਸਨ। ਗੁਰੂ ਨਾਨਕ ਜੀ, ਦੂਰ ਦੂਰ, ਵੱਖ ਵੱਖ, ਦੇਸਾਂ ਵਿੱਚ ਜਾ ਕੇ, ਉਥੋਂ ਦੇ ਧਰਮਾਂ ਵਾਲਿਆਂ ਨੂੰ ਉਪਦੇਸ਼ ਦਿੱਤਾ ਸੀ, ਕੀ ਕਿਸੇ ਪਰਾਣੇਂ ਤੋਂ ਪੁਰਾਣੇਂ ਲਿਖਾਰੀ ਨੇਂ ਕਿਸੇ ਗ੍ਰੰਥ ਵਿੱਚ ਇਹ ਲਿਖਿਆ ਹੈ, ਕੇ “ਪਹਿਲੇ ਗੁਰੂ” ਜੀ ਨੇਂ ਇਤਨੇਂ ਲੋਕਾਂ ਦਾ ਧਰਮ ਤਬਦੀਲ ਕਰ ਕੇ ਸਿੱਖ ਧਰਮ ਵਿੱਚ ਰਲਾਇਆਂ, ਦੂਸਰੇ ਗੁਰੂ ਨੇਂ ਅੇਨੇਂ, ਤੀਸਰੇ, ਚੌਥੇ, ਜਾਂ ਪੰਜਵੇਂ ਗੁਰੂ ਨੇਂ ਐਨੇਂ ਲੋਕਾਂ ਦਾ ਧਰਮ ਤਬਦੀਲ ਕਰਵਾ ਕੇ ਸਿੱਖ ਧਰਮ ਦਾ ਪਸਾਰ ਕੀਤਾ। ਕੀ ਉਹਨਾਂ ਦਾ ਇਹਨਾਂ ਧਰਮਾਂ ਦੇ ਲੋਕਾਂ ਤੋਂ ਕੋਈ ਰਾਜ ਨੀਤਕ, ਜਾਂ ਕੋਈ ਹੋਰ ਲਾਹਾ ਲੈਣ ਦਾ ਇਰਾਦਾ ਸੀ। ਜਾਂ ਕੇ ਉਹ ਇਹ ਸੋਚਦੇ ਸਨ, ਕੇ ਮੇਰੀ ਕੌਮ ਜਿਨੀਂ ਜਿਆਦਾ ਹੋਵੇ ਗੀ, ਉਨੀਂ ਹੀ ਤਾਕਤ ਵਰ ਹੋਵੇਗੀ। ਹੁਣ ਸਵਾਲ ਪੈਦਾ ਹੁੰਦਾ ਹੈ, ਕਿ ਗੁਰੂ ਨਾਨਕ ਦੀ ਕਿਹੜੀ ਕੌਮ ਸੀ। ਜਿਹੜੇ ਅੱਜ ਡਾਂਗਾਂ ਚੁੱਕੀ ਫਿਰਦੇ ਹਨ, ਅਤੇ ਕਹਿੰਦੇ ਹਨ, ਕਿ ਅਸੀਂ ਗੁਰੂ ਨਾਨਕ ਦੀ ਸਿੱਖੀ ਦਾ ਪਸਾਰ ਕਰਨਾਂ ਹੈ, ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਪਹੁੰਚਾਉਣਾਂ ਹੈ, ਉਸ ਪਿੱਛੇ ਉਹਨਾਂ ਦਾ ਕੀ ਮਕਸਦ ਹੈ, ਇਸ ਦਾ ਉਹਨਾਂ ਨੂੰ ਕੀ ਲਾਭ ਹੋਵੇ ਗਾ। ਅਤੇ ਗੁਰੂ ਨਾਨਕ ਦਾ ਸੰਦੇਸ਼ ਕੀ ਹੈ, ਜਿਸ ਨੂੰ ਉਹ ਘਰ ਘਰ ਪਹੁੰਚਾਉਣਾਂ ਚਾਹੁੰਦੇ ਹਨ? ? ? ? ? ? ? ? ? ? ? ? ? ? ? ? ? ? ? ? ? ? ? ? ? ? ? ? ? ? ? । ਕੀ ਨਾਮ ਤੋਂ ਬਿਨਾਂ ਗੁਰੂ ਨਾਨਕ ਦਾ ਕੋਈ ਹੋਰ ਵੀ ਉਪਦੇਸ਼ ਹੈ? ।

ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇਂ ਮੁਸਲਮਾਨਾਂ, ਮੁੱਲਾਂ, ਕਾਜੀਆਂ ਨੂੰ ਨਾਮ ਦਾ ਉਪਦੇਸ਼ ਦਿੱਤਾ ਹੈ, ਉਹਨਾਂ ਨੂੰ (ਮੁਸਲਮਾਨਾਂ ਨੂੰ) ਤਾਂ ਸ਼ਾਇਦ ਇਹ ਮਹਿਸੂਸ ਨਾਂ ਹੋਵੇ ਕੇ ਗੁਰੂ ਜੀ ਸਾਡਾ ਧਰਮ ਤਬਦੀਲ ਕਰਨਾਂ ਚਾਹੁੰਦੇ ਹਨ। ਪਰ ਸਾਨੂੰ ਜੇ ਕੋਈ ਨਾਮ ਦਾ ਉਪਦੇਸ਼ ਕਰੇ, ਤਾਂ ਸਾਨੂੰ ਇੰਜ ਜਰੂਰ ਲੱਗਦਾ ਹੈ, ਕਿ ਜਿਵੇਂ ਕੋਈ ਸਾਡਾ ਧਰਮ ਤਬਦੀਲ ਕਰਨਾਂ ਚਾਹੁੰਦਾ ਹੈ। ਸਿੱਖੀ ਨੂੰ ਢਾਹ ਲਾਉਣਾਂ ਚਾਹੁੰਦਾ ਹੈ। ਬਾਣੀਂ ਦੱਸਦੀ ਹੈ ਨਾਮ ਅੰਮ੍ਰਿਤ ਹੈ, ਪਰ ਸਾਨੂੰ ਇਹ ਕੌੜਾ ਲੱਗਦਾ ਹੈ। ਨਾਮ ਦੀ ਗੱਲ ਸੁਣ ਕੇ ਸਾਨੂੰ ਇੰਜ ਲੱਗਦਾ ਹੈ, ਜਿਵੇਂ ਬਿੱਛੂ ਨੇਂ ਡੰਗ ਮਾਰ ਦਿੱਤਾ ਹੋਵੇ।

ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥ ਕੂੜਿ ਕਪਟਿ ਅਹੰਕਾਰਿ ਰੀਝਾਨਾ॥ ਨਾਮੁ ਸੁਨਤ ਜਨੁ ਬਿਛੂਅ ਡਸਾਨਾ॥ ੨॥ (੮੯੨)

(ਆਪਾਂ ਆਹ ਜੋ ਬਾਣੀਂ ਪੜ੍ਹ ਰਹੇ ਹਾਂ, ਕੀ ਇਹ ਗੁਰੂ ਨਾਨਕ ਦਾ ਉਪਦੇਸ਼ ਨਹੀਂ ਹੈ? । ਕੀ ਗੁਰੂ ਨਾਨਕ ਦਾ ਉਪਦੇਸ਼ ਬਾਣੀਂ ਤੋਂ ਕਿਤੇ ਬਾਹਰ ਕੋਈ ਹੋਰ ਹੈ? । ਜੇ ਹੋਰ ਹੈ, ਅਤੇ ਜੇ ਮੈਂ ਗਲਤ ਪਾਸੇ ਜਾ ਰਿਹਾ ਹਾਂ, ਤਾਂ ਭਰਾਵੋ ਦੱਸ ਦੇਵੋ, ਮੈਂ ਇਸ ਨੂੰ ਬੰਦ ਕਰ ਦੇਵਾਂ, ਅਤੇ ਤੁਹਾਡੇ ਦੱਸੇ ਗੁਰੂ ਨਾਨਕ ਦੇ ਉਪਦੇਸ਼ ਤੇ ਚੱਲਾਂ ਗਾ। ਕਿਉਂ ਕੇ ਮੈਂ ਤਾਂ ਗੁਰੂ ਨਾਨਕ ਦੇ ਉਪਦੇਸ਼ ਤੋਂ ਬਿਨਾਂ ਹੋਰ ਕਿਸੇ ਉਪਦੇਸ਼ ਨੂੰ ਮੰਨਣਾਂ ਨਹੀਂ ਚਾਹੁੰਦਾ। ਮੈਂ ਸਿਰਫ ਗੁਰੂ ਨਾਨਕ ਦੇ ਉਪਦੇਸ਼ ਨੂੰ ਮੰਨਣਾਂ/ਲੱਭਣਾਂ ਚਾਹੁੰਦਾ ਹਾਂ।)

ਪਉੜੀ॥ ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ॥ ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ॥ ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ॥ ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ॥ ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ॥ ੧੪॥

ਜਿਥੇ ਮੋਹ ਹੈ ਉਹ ਸੱਭ ਮਾਇਆ ਹੈ, ਸੱਭ ਕੂੜ ਹੈ, ਇੱਕ ਦਿਨ ਸੱਭ ਕੂੜ (ਖਤਮ) ਹੋ ਜਾਂਣਾਂ ਹੈ। (ਔਲਾਦ ਤੋਂ ਵਧ ਕੇ ਤਾਂ ਹੋਰ ਕੁੱਝ ਨਹੀਂ ਹੁੰਦਾ, ਬਾਣੀ ਸਾਡੇ ਧੀਆਂ ਪੁਤਾਂ ਨੂੰ ਜਿੱਨ ਅਤੇ ਜਿਨੂਰੀਆਂ ਦੱਸਦੀ ਹੈ) ਕੌਮ ਜਾਂ ਧਰਮ ਨਾਲ ਮੋਹ ਹੈ, ਇਸ ਨੂੰ ਆਪਣਾਂ ਸਮਝਦਾ ਹੈ, ਇਸ ਵਾਸਤੇ ਹੰਕਾਰ ਕਰਦਾ ਹੈ, ਝਗੜਾ ਪਾਇਆ ਹੋਇਆ ਹੈ, ਇਸੇ ਝਗੜੇ ਵਿੱਚ ਸਾਰਾ ਜੱਗ ਮਰ ਰਿਹਾ ਹੈ। (ਦਨੀਆਂ ਵਿੱਚ ੯੦% ਤੋਂ ਵੀ ਵੱਧ ਝਗੜਾ ਅਤੇ ਆਤੰਕ ਸਿਰਫ ਧਰਮਾਂ ਦਾ ਹੈ, ਝਗੜੇ ਦੀ ਸਿੱਖਿਆ ਧਰਮਾਂ ਵਿਚੋਂ ਮਿਲਦੀ ਹੈ, ਜੇ ਦੁਨੀਆਂ ਤੇ ਧਰਮ ਨਾਂ ਹੁੰਦੇ ਤਾਂ ਸ਼ਾਇਦ ਕੋਈ ਝਗੜਾ ਨਹੀਂ ਹੋਣਾਂ ਸੀ) ਗੁਰੂ ਜੀ ਦੱਸ ਰਹੇ ਹਨ, ਜਿਹੜੇ ਗੁਰਮੁਖ ਹੁੰਦੇ ਹਨ ਉਹ ਇਸ ਝਗੜੇ ਵਿੱਚ ਨਹੀਂ ਪੈਂਦੇ, ਉਹਨਾਂ ਵਾਸਤੇ ਸੱਭ ਇੱਕ ਹੈ, ਉਹ ਦੇਖ ਰਹੇ ਹਨ, ਇਹ ਸੱਭ ਇੱਕ ਦਾ ਹੀ ਕੀਤਾ ਕਰਾਇਆ ਹੈ, ਇਸ ਵਾਸਤੇ ਉਹ ਖਮੋਸ਼ ਰਹਿੰਦੇ ਹਨ। ਗੁਰਮੁਖ ਆਤਮਾਂ ਨੂੰ ਵੀ ਅਤੇ ਰਾਮ (ਪ੍ਰਭੂ) ਨੂੰ ਵੀ ਪਛਾਣ ਲੈਂਦੇ ਹਨ, ਇਸ ਤਰਾਂ ਉਹ ਭਵਜਲ ਵਿਚੋਂ ਪਰ ਲੰਘ ਜਾਂਦੇ ਹਨ। ਜੋਤ ਵਿੱਚ ਜੋਤ ਰਲ ਗਈ, (ਸਵਾਲ; ਕਿਹੜੀ ਜੋਤ, ਜੋਤ ਵਿੱਚ ਰਲ ਗਈ) ਇਸ ਤਰਾਂ ਗੁਰਮੁਖ ਹਰੀ ਦੇ ਨਾਮ ਵਿੱਚ ਸਮਾ ਗਏ।

(ਅਸੀਂ ਸਮਝਦੇ ਹਾਂ ਨਾਮ ਤਾਂ ਜਪਨ ਵਾਲੀ ਚੀਜ ਹੈ, ਜਾਂ ਬਾਬਿਆਂ ਦਾ ਢਕਾਉਂਜ, (ਪਰ ਸੱਚ ਇਹ ਹੈ ਕਿ ਕੋਈ ਵੀ ਡੇਰੇਦਾਰ ਬਾਬਾ, ਨਾਮ ਨੂੰ ਨਹੀਂ ਜਾਣਦਾ, ਮੂੰਹ ਨਾਲ ਭਾਵੇਂ ਲੱਖ ਕਹੀ ਜਾਣ। ਇਸ ਵਾਸਤੇ ਇਸ ਗੱਲ ਦੀ ਚਿੰਤਾ ਨਹੀਂ ਕਰਨੀਂ ਚਾਹੀਦੀ, ਕੇ ਜੇ ਅਸੀਂ ਵੀ ਨਾਮ ਜਪਨ ਜਾਂ ਬਾਣੀਂ ਅਨੂਸਾਰ ਨਾਮ ਨੂੰ ਮੰਨਣ ਦਾ ਮਨ ਬਨਾ ਲਈਏ, ਤਾਂ ਇਹ ਬਾਬਿਆਂ ਦੀ ਗੱਲ ਨੂੰ ਮੰਨਣਾਂ ਸਾਬਤ ਹੋਵੇ ਗਾ।) ਨਾਮ ਵਿੱਚ ਸਮਾਉਣਾਂ ਕੀ ਹੋਇਆ? , ਨਾਮ ਦੇ ਵਿੱਚ ਕਿਵੇਂ ਸਮਾਈਦਾ ਹੈ। ਬਾਣੀਂ ਕਿਤੇ ਤਾਂ ਨਾਮ ਵਿੱਚ ਸਮਾਉਣਾਂ ਦੱਸਦੀ ਹੈ, ਕਿਤੇ ਸ਼ਬਦ ਵਿੱਚ ਸਮਾਉਣਾਂ ਦੱਸਦੀ ਹੈ, ਕਿਤੇ ਜੋਤ ਵਿੱਚ ਜੋਤ ਸਮਾਉਣਾਂ, ਕਿਤੇ ਹਰੀ ਨਾਲ ਮਿਲਣਾਂ ਦੱਸਦੀ ਹੈ, ਕਿਤੇ ਸ਼ਬਦ ਵਿੱਚ ਮਰਨਾਂ ਦੱਸਦੀ ਹੈ, ਕਦੇ ਕਹਿੰਦੀ ਹੈ ਜਿਉਂਦੇ ਜੀ ਮਰ ਜਾਉ। ਇਹ ਤਾਂ ਬਹੁਤ ਵੱਡੀ ਉਲਝਣ ਹੈ। ਸਚਾਈ ਕੀ ਹੈ ਇਸ ਦਾ ਕਿਵੇਂ ਪਤਾ ਲੱਗੇ।)

ਸਲੋਕ ਮਃ ੧॥ ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ॥ ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ॥ ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ॥ ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ॥ ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ॥ ੧॥

ਹੇ ਸਤਿਗੁਰੂ ਤੂੰ ਸੰਮ੍ਰਥੁ ਦਾਤਾਰ ਹੈਂ, ਮੈਨੂੰ ਨਾਮ ਦੀ ਭਿਖਿਆ ਦੇਹਿ, ਤਾਂ ਜੋ ਮੇਰੇ ਅੰਦਰੋ ਹਉਂ, ਮੈਂ, ਮੇਰਾ, ਕਾਮ, ਕ੍ਰੋਧ, ਹੰਕਾਰ, ਲੋਭ, ਮੋਹ, ਆਦਿ ਦੁਸ਼ਮਨ ਤਾਕਤਾਂ ਨਿਕਲ ਜਾਣ। ਹੇ ਸਤਿਗੁਰੂ ਜੇ ਤੇਰੇ ਨਾਮ ਦਾ ਆਸਰਾ ਮਿਲ ਜਾਵੇ, ਤਾਂ ਲੋਭ ਲਾਲਚ ਸੜ ਕੇ ਭਸਮ ਹੋ ਜਾਣ ਗੇ। ਹੇ ਸਤਿਗੁਰੂ ਤੇਰਾ ਨਾਮ ਦਿਨ ਰਾਤ ਹੀ ਨਵਾਂ ਹੈ, (ਨਾਮ ਐਸਾ ਹੈ ਕਿ ਜਿਸ ਦੇ ਜਪਨ ਵਾਸਤੇ ਦਿਨ ਜਾਂ ਰਾਤ, ਕੋਈ ਵੀ ਵੇਲਾ ਵਿਚਾਰਨ ਦੀ ਲੋੜ ਨਹੀਂ ਪੈਂਦੀ) ਇਹ ਕਦੇ ਵੀ (ਆਦਿ ਅੰਤ) ਮੈਲਾ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਹੇ ਭਾਈ ਜੇ ਕੋਈ ਜਨਮ ਮਰਣ ਤੋਂ ਛੁੱਟਣਾਂ ਚਾਹੁੰਦਾ ਹੈ, ਤਾਂ ਬਸ ਇਹੀ ਇੱਕ ਤਰੀਕਾ ਹੈ। ਹੇ ਸਤਿਗੁਰ ਇਹ ਸੁਖ ਤੇਰੀ ਕਿਰਪਾ ਨਾਲ ਤੇਰੀ ਮੇਹਰ ਭਰੀ ਇੱਕ ਨਜਰ ਨਾਲ ਹੀ ਮਿਲ ਸੱਕਦਾ ਹੈ।

ਕੀ ਇਸ ਸਲੋਕ ਵਿੱਚ ਗੁਰੂ ਨਾਨਕ ਦੇਵ ਜੀ ਸੱਚ ਕਹਿ ਰਹੇ ਹਨ? ਜੇ ਇਹ ਸੱਚ ਹੈ, ਤਾਂ ਮੇਰਾ ਵਿਚਾਰ ਹੈ, ਕੇ ਸਾਨੂੰ ਇੱਕ ਇਹੋ ਹੀ, ਇਕੋ ਹੀ ਸਲੋਕ ਕਾਫੀ ਹੈ, ਹੋਰ ਬਹੁਤੀ ਬਾਣੀਂ ਪੜ੍ਹਨ ਦੀ ਜਰੂਰਤ ਹੀ ਨਹੀਂ। ਜੇ ਇਸ ਸਲੋਕ ਵਿਚ, ਗੁਰੂ ਨਾਨਕ ਦੇਵ ਜੀ ਦੀ ਇਸ ਗੱਲ ਤੇ ਵੀ ਕੋਈ ਸ਼ੱਕ ਹੈ, ਤਾਂ ਕੋਈ ਵੀਰ ਜੋ ਵਿਦਵਾਨ, ਗਿਆਨੀਂ ਜਾਂ ਪ੍ਰਚਾਰਕ ਹੈ। ਗੁਰੂ ਨਾਨਕ ਦੇ ਇਸ ਬਚਨ ਨੂੰ ਰੱਦ ਕਰ ਕੇ, ਜੋ ਸੱਚ ਹੈ, ਉਹ ਦੱਸ ਸੱਕਦਾ ਹੈ।

ਮਃ ੧॥ ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ॥ ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ॥ ੨॥ ਮਃ ੧॥ ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ॥ ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ॥ ੩॥ ਮਃ ੧॥ ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ॥ ਸਭਿ ਰਾਤੀ ਸੋਹਾਗਣੀ ਇੱਕ ਮੈ ਦੋਹਾਗਣਿ ਰਾਤਿ॥ ੪॥

ਇਹ ਜਿਨੀਆਂ ਵੀ ਜੀਵ-ਇਸਤਰੀਆ ਪ੍ਰਭੂ ਦੇ ਦਰ (ਦਰਵਾਜ਼ੇ) ਤੇ ਖੜੀਆਂ ਹੋਈਆਂ ਹਨ, ਇਹਨਾਂ ਸਾਰੀਆਂ ਦਾ ਇਕੋ ਹੀ ਕੰਤ ਪਤੀ ਹੈ। ਹੇ ਨਾਨਕ ਜਿਹੜੀਆਂ ਆਪਣੇਂ ਕੰਤ ਦੇ ਪਿਆਰ ਵਿੱਚ ਰੰਗੀਆਂ ਹੋਈਆਂ ਹਨ, ਉਹ ਇੱਕ ਦੂਜੀ ਪਾਸੋਂ ਕੰਤ ਦੀਆਂ ਪਿਆਰੀਆਂ ਪਿਆਰੀਆਂ ਬਾਤਾਂ (ਗੱਲਾਂ) ਪੁੱਛਦੀਆਂ ਹਨ। ਉਹਨਾਂ ਦੀਆਂ ਮਨ ਨੂੰ ਮੋਹਣ ਵਾਲੀਆਂ ਗੱਲਾਂ ਸੁਣ ਕੇ, ਮੇਰਾ ਹਿਰਦਾ ਵਿਆਕੁਲ ਹੁੰਦਾ ਹੈ, ਕਿ ਉਹ ਤਾਂ ਸਾਰੀਆਂ ਸੁਹਾਗਣਾਂ ਹਨ, ਅਤੇ ਕੰਤ ਦੇ ਪਿਆਰ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ, ਪਰ ਇੱਕ ਮੈਂ ਹੀ ਦੁਹਾਗਣ ਕਿਉਂ ਹਾਂ। ਜਦ ਮੈ ਆਪਣੇਂ ਅੰਦਰ ਝਾਕ ਕੇ ਦੇਖਿਆ, ਤਾਂ ਮੈਨੂੰ ਪਤਾ ਲੱਗਾ। ਕਿ ਮੇਰੇ ਅੰਦਰ ਤਾਂ ਔਗੁਣ ਹੀ ਐਨੇ ਜਿਆਦਾ ਹਨ, ਉਹ ਖਸਮ ਮੇਰੇ ਵੱਲ ਆਪਣਾਂ ਚਿੱਤ ਧਿਆਨ ਹੀ ਨਹੀਂ ਕਰਦਾ। (ਕੀ ਅਸੀਂ ਆਪਣੇਂ ਅੰਦਰ ਕਦੇ ਝਾਕ ਕੇ ਵੇਖਿਆ ਹੈ, ਨਹੀਂ ਅਸੀਂ ਤਾਂ ਹਮੇਸ਼ਾਂ ਦੂਸਰਿਆਂ ਦੇ ਅੰਦਰ ਅਤੇ ਦੂਰਰਿਆਂ ਦੇ ਘਰ ਵਿੱਚ ਝਾਕਦੇ ਹਾਂ) ਮੈਂ ਉਹਨਾਂ ਤੋਂ ਵਾਰੇ ਬਲਿਹਾਰੇ ਜਾਂਦੀ ਹਾਂ, ਜਿੰਨ੍ਹਾਂ ਦੇ ਮੁੱਖ ਵਿੱਚ ਖਸਮ ਦਾ ਨਾਮ ਹੈ। ਹੇ ਸਾਈਂ, ਤੂੰ ਸੱਭੈ (ਸਾਰੀਆਂ) ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇੱਕ ਰਾਤ ਮੈਨੂੰ ਛੁੱਟੜ ਨੂੰ ਵੀ ਦੇ ਦੇ।

ਪਉੜੀ॥ ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ॥ ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ॥ ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ॥ ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ॥ ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ॥ ੧੫॥

ਹੇ ਮੇਰੇ ਸਾਈਂ ਮੈਂ ਮੰਗਤਾ ਤੇਰੇ ਦਰ ਤੋਂ ਇੱਕ ਭਿੱਖਿਆ ਮੰਗਦਾ ਹਾਂ, ਕਿਰਪਾ ਕਰ ਕੇ ਮੇਰੀ ਝੋਲੀ ਵਿੱਚ ਭਿੱਖਿਆ ਪਾ ਦੇਵੋ। ਕਿਰਪਾਂ ਕਰ ਮੈਨੂੰ ਕੋਈ ਐਸਾ ਗੁਰਮੁਖ ਮਿਲਾ ਦੇਵੋ, ਜਿਹੜਾ ਮੈਨੂੰ ਤੇਰੇ ਨਾਮ ਦਾ ਦਾਨ ਦੇ ਦੇਵੇ, ਜਿਹੜਾ ਮੈਨੂੰ ਅਨਹੱਦ, (ਕਦੇ ਨਾਂ ਸਮਾਪਤ ਹੋਣ ਵਾਲਾ ਸ਼ਬਦ) ਸੁਣਾਂ ਦੇਵੇ। ਮੇਰੀ ਆਤਮਾਂ (ਜੋਤ) ਨੂੰ ਪ੍ਰਭੂ ਦੀ (ਜੋਤ) ਨਾਲ ਮਿਲਾ ਦੇਵੇ। (ਜਦ ਮਿਲ ਗਿਆ) ਹਿਰਦੇ ਵਿੱਚ ਹਰੀ ਦਾ ਨਾਮ ਵੱਜਣ ਲੱਗਾ, ਹਰਿ ਦੇ ਸ਼ਬਦ ਦੀਆਂ ਜੈ ਜੈ ਕਾਰ ਦੀਆਂ ਧੁਨਾਂ ਉੱਠਣ ਲਗੀਆਂ।

ਸਲੋਕ ਮਃ ੧॥ ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ॥ ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ॥ ੧॥

ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ ਦਾ ਪਿਆਰ ਨਹੀ ਪਾਇਆ, ਜਿਨ੍ਹਾਂ ਨੇ ਖਸਮ ਦੇ ਮਿਲਾਪ ਦਾ ਸੁਆਦ ਨਹੀਂ ਚੱਖਿਆ। ਉਹ ਜੀਵ-ਇਸਤਰੀਆਂ ਮਨੁੰਖਾ ਦੇਹ ਪਾਕੇ, ਦੇਹ ਰੂਪੀ ਘਰ ਵਿੱਚ ਆ ਕੇ, ਇਸ ਤਰਾਂ ਖਾਲੀ ਦੀਆਂ ਖਾਲੀ ਤੁਰ ਗਈਆਂ, ਜਿਵੇਂ ਕਿਸੇ ਉੱਜੜੇ ਘਰ ਵਿੱਚ ਆਇ ਪਰਾਹੁਣੇਂ ਨੂੰ ਉਸ ਘਰ ਵਿਚੋਂ ਖਾਣ ਪੀਣ ਨੂੰ ਕੁੱਝ ਭੀ ਨਹੀਂ ਮਿਲਦਾ। ਜੇਹਾ ਆਉਂਦਾ ਹੈ, ਤੇਹਾ ਤੁਰ ਜਾਂਦਾ ਹੈ।

ਮਃ ੧॥ ਸਉ ਓਲਾਮੑੇ ਦਿਨੈ ਕੇ ਰਾਤੀ ਮਿਲਨਿੑ ਸਹੰਸ॥ ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ॥ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥ ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ॥ ੨॥

ਹੰਸਾਂ ਦਾ ਆਹਾਰ ਮੋਤੀ ਹੁੰਦੇ ਹਨ। ਪਰ ਹੰਸ ਮੋਤੀ ਛੱਡ ਕੇ, ਕੁਰੰਗ (ਮਰਦਾਰ) ਖਾਣ ਲੱਗਾ ਹੋਇਆ ਹੈ। ਇਸੇ ਤਰਾਂ ਆਤਮਾਂ ਰੂਪੀ ਹੰਸ, ਨਾਮ ਦਾ ਮੋਤੀ ਛੱਡ ਕੇ, ਹੋਰ ਹੋਰ ਕਰਮਾਂ ਧਰਮਾਂ, ਜਪਾਂ ਤਪਾਂ, ਹੱਠ ਯੋਗ, ਆਦੀ ਵਿੱਚ ਪੈ ਗਿਆ, ਪੂਜਾ ਦਾ ਧਾਨ ਖਾਣ ਲੱਗਾ। ਨਾਮ ਤੋਂ ਬਿਨਾਂ ਬਾਕੀ ਸਭ ਕਾਰ ਮੁਰਦਾਰ ਹੈ। ਫਿਟੇ ਮੂੰਹ ਹੈ ਅਜੇਹੇ ਜਿਊਣ ਨੂੰ, ਖਾ ਖਾ ਕੇ ਪੇਟ ਵਧਾਇਆ ਹੋਇਆ ਹੈ। ਇਸ ਤਰਾਂ ਮੰਦੇ ਕਰਮ ਕਰਦਿਆਂ, ਇੱਕ ਦਿਨ ਬਰਬਾਦ ਕਰਨ ਬਦਲੇ ਸੌ ਉਲਾਮ੍ਹੇ (ਜਮ ਡੰਡ) ਮਿਲਣ ਗੇ। ਅਤੇ ਇੱਕ ਰਾਤ ਦੇ ਬਦਲੇ ਹਜਾਰਾਂ ਡੰਨ ਲੱਗਣ ਗੇ। ਨਾਨਕ ਦਾ ਕਹਿਣਾਂ ਹੈ, ਇੱਕ ਸੱਚੇ ਨਾਮ (ਮੋਤੀ) ਤੋਂ ਬਿਨਾਂ ਸਾਰੇ ਹੀ ਦੁਸ਼ਮਨ ਹਨ, (ਸੱਚੇ ਨਾਮ ਤੋਂ ਬਿਨਾਂ ਹਰੀ ਵੀ ਦੁਸ਼ਮਣ ਹੈ)

ਇਥੇ ਇੱਕ ਵਿਚਾਰ ਮੇਰੇ ਮਨ ਵਿੱਚ ਅਇਆ ਹੈ। ਜਿਹੜੇ ਲੋਕ ਮੋਤੀ (ਨਾਮ) ਛੱਡ ਕੇ, ਹੋਰ ਹੋਰ ਕਰਮਾਂ ਧਰਮਾਂ, ਜਪਾਂ ਤਪਾਂ, ਹੱਠ ਯੋਗ, ਆਦੀ ਵਿੱਚ ਪੈ ਹੋਏ ਹਨ, ਜਾਂ ਪੂਜਾ ਦਾ ਧਾਨ ਲੁੱਟਣ ਖਾਣ ਲੱਗੇ ਹੋਏ ਹਨ, ਉਹ ਤਾਂ ਮਾਨੋਂ ਕੁਰੰਗ (ਮੁਰਦੇ) ਖਾਣ ਲੱਗੇ ਹੋਇ ਹਨ। ਸਾਨੂੰ ਉਹਨਾਂ ਮੁਰਦੇ ਖਾਣ ਵਾਲਿਆਂ ਦੀ ਨਿੰਦਾ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ। ਅਸੀਂ ਉਹਨਾਂ ਦੀ ਨਿੰਦਾ ਕਰਨ ਨੂੰ, ਉਹਨਾਂ ਦੇ ਪਾਪਾਂ ਦਾ ਦਿਨ ਰਾਤ ਲੇਖਾ ਜੋਖਾ ਕਰਨ ਨੂੰ ਹੀ, ਅਕਾਲ ਪੁਰਖ ਦੀ ਵੱਡੀ ਸੇਵਾ ਸਮਝ ਰਹੇ ਹਾਂ। ਨਿੰਦਾ ਕਰਨਾਂ ਹੀ ਸਾਡੀ ਭਗਤੀ ਹੈ, ਨਿੰਦਾ ਕਰਨਾਂ ਹੀ ਸਾਡੇ ਵਾਸਤੇ ਨਾਮ ਨਾਲੋਂ ਵੀ ਵੱਡਾ ਅਤੇ ਉੱਚਾ ਸੁਚਾ ਕਰਮ ਹੈ। ਕਿਉਂ ਕੇ ਨਾਮ ਦੀ ਗੱਲ ਕਰਨ ਵਾਲਿਆਂ ਨੂੰ ਅਸੀਂ ਬੁਰਾ ਕਹਿੰਦੇ/ਮੰਨਦੇ ਹਾਂ, ਅਤੇ ਅਜੇਹੀ ਨਿੰਦਾ ਕਰਨ ਵਾਲਿਆਂ ਨੂੰ ਅਸੀਂ ਬਹੁਤ ਸਨਮਾਣ ਦੇਂਦੇ ਹਾਂ। ਕਿਸੇ ਦੀ ਨਿੰਦਾ ਕਰਨ ਦਾ ਮਤਲਬ ਹੈ, ਉਸ ਦੇ ਸਾਰੇ ਪਾਪ ਆਪਣੇਂ ਸਿਰ ਤੇ ਲੈ ਲੈਣਾਂ। ਦੇਖਿਆ ਜਾਵੇ ਤਾਂ ਕਿਸੇ ਦੇ ਪਾਪ ਧੋਣਾਂ ਵੀ ਵੱਡਾ ਪੁਨ ਦਾ ਕੰਮ ਹੈ।

ਪਉੜੀ॥ ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ॥ ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ॥ ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ॥ ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ॥ ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ॥ ੧੬॥

ਢਾਡੀ ਪ੍ਰਭੂ ਦੇ ਨਿਤ ਗੁਣ ਗਾਉਂਦਾ ਹੈ, ਇਸ ਤਰਾਂ ਉਹ ਆਪਣਾਂ ਜਨਮ ਸਵਾਰ ਲੈਂਦਾ ਹੈ। ਉਹ ਗੁਰੂ ਦੀ ਮੱਤ ਨਾਲ ਪ੍ਰਭੂ ਦੀ ਬੰਦਗੀ ਕਰ ਕੇ ਪ੍ਰਭੂ ਦਾ ਨਾਮ ਜਪ ਕੇ, ਸੱਚੇ ਪ੍ਰਭੂ ਨੂੰ ਆਪਣੇਂ ਹਿਰਦੇ ਵਿੱਚ ਵਸਾ ਲੈਂਦਾ ਹੈ। ਸਚੇ ਨਾਮ ਨਾਲ ਪਿਆਰ ਕਰ ਕੇ, ਉਹ ਪ੍ਰਭੂ ਦੇ ਘਰ ਦਾ ਰਸਤਾ/ਦਰਵਾਜ਼ਾ ਲੱਭ ਲੈਦਾ ਹੈ, ਅਤੇ ਹਰੀ ਦੇ ਮਹਿਲ ਵਿੱਚ ਦਾਖਲ ਹੋ ਜਾਂਦਾ ਹੈ। ਮੈਂ ਗੁਰੂ ਤੋਂ ਆਪਣਾਂ ਸੱਭ ਕੁੱਝ ਵਾਰ ਵਾਰਦਾ ਹਾਂ, ਕੁਰਬਾਣ ਜਾਂਦਾ ਹਾਂ, ਗੁਰੂ ਤੋਂ ਹੀ ਸੱਚਾ ਨਾਮ ਪਾਇਆ ਜਾਂਦਾ ਹੈ। ਸਿਰਜਨਹਾਰਿ ਪ੍ਰਭੂ, ਜਿਸ ਨੂੰ ਤੂੰ ਬਖਸ਼ਣਾਂ ਚਾਹੁਂਦਾ ਹੈ, ਤਾਂ ਤੂੰ ਆਪ ਹੀ ਮੱਤ ਦੇ ਕੇ ਗੁਰੂ ਦੇ ਲੜ ਲਾ ਦੇਂਦਾ ਹੈ।

ਸਲੋਕ ਮਃ ੧॥ ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥ ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥ ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ ੧॥

ਜਿਸ ਤਰਾਂ ਦੀਵਾ ਬਲਣ ਨਾਲ ਘਰ ਵਿਚੋਂ ਅੰਧੇਰਾ ਦੂਰ ਹੋ ਜਾਂਦਾ ਹੈ, ਇਸੇ ਤਰਾਂ, ਵੇਦਾਂ ਵਿੱਚ ਜੋ ਲਿਖਿਆ ਹੈ, ਉਸ ਨੂੰ ਪੱੜ੍ਹ ਕੇ, ਅਤੇ ਉਸ ਵਿਚੋਂ ਮੱਤ ਲੈ ਕੇ, ਅਮਲ ਕਰਨ ਨਾਲ ਪਾਪਾਂ ਦਾ ਨਾਸ ਹੋ ਜਾਂਦਾ ਹੈ। ਜਦੋਂ ਸੂਰਜ ਚੜ੍ਹ ਪੈਂਦਾ ਹੈ, ਤਾਂ ਚੰਦਰਮਾਂ ਦਾ ਪ੍ਰਕਾਸ਼ ਨਾਂ ਹੋਏ ਦੇ ਬਰਾਬਰ ਹੋ ਜਾਂਦਾ ਹੈ। ਇਸੇ ਤਰਾਂ ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਥੇ ਅਗਿਆਨ ਦੀਆਂ ਗੱਲਾਂ (ਕਥਾ ਕਹਾਣੀਆਂ ਜੋ ਪਹਿਲੇ ਚੰਦ ਦੇ ਪ੍ਰਕਾਸ਼ ਵਾਂਗ ਬਹੁਤ ਚੰਗੀਆਂ ਲੱਗਦੀਆਂ ਸਨ) ਚੰਦ ਦੇ ਪ੍ਰਕਾਸ਼ ਵਾਂਗੂ ਅਲੋਪ ਹੋ ਗਈਆਂ। ਬਿਨਾਂ ਅਮਲ ਕਰਨ, ਅਤੇ ਮੱਤ ਲੈਣ ਦੇ ਸਿਰਫ ਪਾਠ ਕਰੀ ਜਾਣਾਂ, ਜਾਂ ਵਿਚਾਰ, ਵਿਵਾਦ ਕਰੀ ਜਾਣਾਂ, ਇਹ ਤਾਂ ਸੰਸਾਰੀ ਕੰਮ ਹੈ। ਪੰਡਿਤ ਤੇ ਸਿਆਣੇਂ ਲੋਕ ਪੜ੍ਹ ਪੜ੍ਹ ਕੇ ਬਿਚਾਰਾਂ ਕਰੀ ਜਾਂਦੇ ਹਨ, ਅਤੇ ਜਾਂ ਝਗੜਾ ਕਰੀ ਜਾਂਦੇ ਹਨ, ਕਹਿੰਦੇ ਹਨ, ਕਿ ਮੈਂ ਜੋ ਕਹਿ ਰਿਹ ਹਾਂ, ਬਸ ਉਹੀ ਸੱਚ ਹੈ। ਪਰ ਬਾਣੀਂ ਨੂੰ ਬੁੱਝਦੇ ਨਹੀਂ, ਅਮਲ ਨਹੀਂ ਕਰਦੇ, ਇਸ ਵਾਸਤੇ ਸਾਰੇ ਹੀ ਖੂਆਰ ਹੁੰਦੇ ਹਨ। ਪਰ ਜਿਹੜੇ ਗੁਰੂ ਦੀ ਮੱਤ ਲੈਂਦੇ ਹਨ, ਗੁਰੂ ਦੇ ਕਹੇ ਤੇ ਅਮਲ ਕਰਦੇ ਹਨ, ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ।

ਮਃ ੧॥ ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ॥ ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ॥ ੨॥

ਜਿਸ ਮਨੁੱਖ ਨੂੰ ਸ਼ਬਦ ਦਾ ਸਵਾਦ ਨਹੀਂ ਆਇਆ, ਜਿਸ ਨੇਂ ਸ਼ਬਦ ਦਾ ਰਸ ਨਹੀ ਚੱਖਿਆ, ਜਿਸ ਬੰਦੇ ਦਾ ਨਾਮ ਨਾਲ ਪਿਆਰ ਨਹੀਂ ਲੱਗਾ, ਉਹ ਬੰਦਾ ਸਦਾ ਹੀ ਮਾੜਾ (ਫਿਕਾ) ਬੋਲਦਾ ਹੈ। ਉਹ ਨਿਤ ਨਿਤ ਹੀ ਖੁਆਰ ਹੁੰਦਾ ਹੈ। ਉਹ ਬੰਦਾ ਜੋ ਇਥੇ ਕਮਾ ਰਿਹਾ ਹੈ, ਇਕੱਠਾ ਹੋਈ ਜਾ ਰਿਹਾ ਹੈ, ਇਸ ਨੂੰ ਕੋਈ ਮਿਟਾ ਨਹੀਂ ਸੱਕਦਾ, ਇਸ ਦਾ ਹਿਸਾਬ ਦੇਣਾਂ ਪਵੇ ਗਾ।

ਪਉੜੀ॥ ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ॥ ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ॥ ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ॥ ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ॥ ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ॥ ੧੭॥

ਇਸੇ ਹੀ ਮੂੰਹ ਜਾਂ ਜਬਾਨ ਨਾਲ ਜਿਹੜਾ ਮਨੁੱਖ ਪ੍ਰਭੂ ਦੀ ਉਪਮਾਂ ਕਰਦਾ ਹੈ, ਉਹ ਸੋਭਾ ਪਾਉਂਦਾ ਹੈ। ਉਹ ਆਪਣੇਂ ਅੰਦਰੋ ਹਾਉਮੈਂ ਨੂੰ ਮਾਰ ਕੇ (ਕੱਢ ਕੇ) ਸੱਚ ਨੂੰ ਅੰਦਰ ਵਸਾ ਲੈਂਦਾ ਹੈ। ਸੱਚੀ ਬਾਣੀਂ ਵਾਲੇ ਗੁਣਾਂ ਦਾ ਉਚਾਰਨ ਕਰਦਾ ਹੈ, ਉਹ ਸੱਚੇ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ। (ਸੱਚਾ ਸੁਖ ਕਿਵੇਂ ਮਿਲਿਆ!) ਚਿਰਾਂ ਤੋਂ (ਸੈਂਕੜੇ ਜੁਗਾਂ ਤੋਂ) ਆਪਣੇਂ ਪ੍ਰਭੂ ਨਾਲੋਂ ਵਿਛੜਿਆ ਹੋਇਆ ਸੀ, ਪੁਰਖ (ਮਨੁੱਖ ਜਾਂ ਮਰਦ) ਗੁਰੂ ਨੇਂ ਪ੍ਰਭੂ ਨਾਲ ਮੇਲ ਮਿਲਾ ਦਿੱਤਾ। ਮਨ ਤਾਂ ਮੈਲਾ ਸੀ, ਗੁਰੂ ਦੀ ਕਿਰਪਾ ਨਾਲ ਹਰੀ ਦਾ ਨਾਮ ਧਿਆ ਕੇ ਇਹ ਪਵਿਤ੍ਰ ਹੋ ਗਿਆ।

ਸਲੋਕ ਮਃ ੧॥ ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ॥ ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ॥ ੧॥ ਮਹਲਾ ੨॥ ਨਾਨਕ ਤਿਨਾ ਬਸੰਤੁ ਹੈ ਜਿਨੑ ਘਰਿ ਵਸਿਆ ਕੰਤੁ॥ ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲμਤ॥ ੨॥

ਸਾਡੀ ਇਹ ਕਾਇਆਂ (ਦੇਹ) ਫੁੱਲਾਂ ਵਾਲੇ ਬੂਟੇ ਦੀ ਕਰੂੰਬਲੀ ਹੈ। ਇਸ ਕਰੁੰਬਲੀ ਨੂੰ ਬਹੁਤ ਸੁਹਣੇਂ (ਹਰੀ ਦੀ ਸਿਫਤ ਦੇ ਚੰਗੇ ਗੁਣਾਂ ਵਾਲੇ) ਫੁੱਲ ਲੱਗਦੇ ਹਨ। ਕੋਈ ਭਾਗਾਂ ਵਾਲਾ ਬੰਦਾ ਇਹਨਾਂ ਫੁੱਲਾਂ ਨਾਲ, ਮਾਲਾ (ਹਾਰ) ਗੁੰਦਦਾ ਹੈ। ਜਿਸ ਮਨੁੱਖ ਨੂੰ ਇਹਨਾਂ ਫੁੱਲਾਂ (ਜਿਹੜੇ ਫੁੱਲ ਦੇਹੀ ਨੂੰ ਲਗਦੇ ਹਨ) ਦੀ ਲਗਨ ਲੱਗ ਜਾਂਦੀ ਹੈ। ਉਹ ਫਿਰ ਹੋਰ ਕਿਸੇ ਡਾਲੀ (ਜਿਸ ਡਾਲ ਦੇ ਫੁਲਾਂ ਨਾਲ ਸੰਸਾਰੀ ਲੋਗ ਪੂਜਾ ਦੇ ਹਾਰ ਬਨਾਉਂਦੇ ਹਨ) ਦੇ ਫੁੱਲ ਨਹੀਂ ਚੁਣਦੇ।

ਜਿਨ੍ਹਾਂ ਇਸਤਰੀਆਂ ਦਾ ਕੰਤ (ਪ੍ਰਭੂ) ਘਰ (ਸਰੀਰ) ਵਿੱਚ ਵੱਸਦਾ ਹੈ, ਉਹਨਾਂ ਇਸਤਰੀਆਂ ਵਾਸਤੇ ਹਰਦਿਨ, ਹਰ ਪੱਖ, ਹਰ ਮਾਸ, ਰਹ ਰੁੱਤ ਹੀ ਬਸੰਤ ਹੈ, ਜਿਨ੍ਹਾਂ ਦੇ ਕੰਤ ਪ੍ਰਦੇਸ ਗਏ ਹੋਇ ਹਨ, ਉਹ ਇਸਤਰੀਆਂ ਬਸੰਤ ਰੁਤ ਵੀ ਜੇਠ ਹਾੜ ਵਾਂਗੂੰ ਸੜਦੀਆਂ ਹਨ।

ਪਉੜੀ॥ ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ॥ ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ॥ ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ॥ ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ॥ ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ॥ ੧੮॥

ਮਾਲਿਕ ਆਪ ਹੀ ਦਇਆ ਕਰਦਾ ਹੈ, ਅਤੇ ਸਤਿਗੁਰ ਗੁਰੂ ਦੇ ਬਚਨ (ਨਾਮ) ਨਾਲ, ਜੀਵ ਬਖਸ਼ਿਆ ਜਾਂਦਾ ਹੈ। ਹੇ ਪ੍ਰਭੂ ਕਿਰਪਾ ਕਰ, ਮੈਂ ਦਿਨ ਰਾਤ ਹੀ ਤੇਰੇ ਗੁਣ ਗਾਉਂਦਾ ਰਹਾਂ, ਮੇਰਾ ਮਨ ਹਰ ਵੇਲੇ ਤੇਰੇ ਨਾਲ ਜੁੜਿਆ ਰਹੇ। ਮੇਰਾ ਪ੍ਰਭ ਬੇਅੰਤ ਹੈ, ਅੱਜ ਤੱਕ ਉਸ ਦਾ ਅੰਤ ਕਿਸੇ ਨੇਂ ਵੀ ਨਹੀਂ ਪਾਇਆ, ਸਤਿਗੁਰੂ ਦੇ ਚਰਨੀਂ ਲੱਗ ਕੇ ਹੀ, ਉਸ ਬੇਅੰਤ ਦਾ ਨਾਮ ਜਪਿਆ ਜਾ ਸੱਕਦਾ ਹੈ। ਅਤੇ ਜਿਹੜਾ ਵੀ ਉਸ ਦਾ ਨਾਮ ਜੱਪਦਾ ਹੈ, ਉਹ ਜਿਸ ਫਲ ਦੀ ਵੀ ਆਸ ਕਰਦਾ ਹੈ, ਉਸ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ।

ਸਲੋਕ ਮਃ ੧॥ ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ॥ ੧॥ ਮਃ ੨॥ ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ॥ ੨॥

ਮੇਰਾ ਪ੍ਰਭੂ ਬਸੰਤ ਦੀ ਰੁੱਤ ਆਉਣ ਤੋਂ ਵੀ ਪਹਿਲੋਂ ਦਾ ਖਿੜਿਆ ਹੋਇਆ ਹੈ। ਸੱਭ ਤੋਂ ਪਹਿਲੇ ਉਹ ਆਪ ਖਿਲਿਆ ਹੈ, ਉਸ ਦੇ ਖਿਲਨ ਨਾਲ ਹੀ ਸਾਰੀ ਸ੍ਰਿਸਟੀ ਖਿਲਦੀ ਹੈ। ਉਸ ਨੂੰ ਕੋਈ ਹੋਰ ਨਹੀਂ ਖਿੜਾਂਦਾ। ਜਿਹੜਾ ਬਸੰਤ ਤੋਂ ਵੀ ਪਹਿਲੋਂ ਦਾ ਖਿੜਿਆ ਹੋਇਆ ਹੈ, ਉਸਦਾ ਵਿਚਾਰ ਕਰੋ? (ਇਹ ਇੱਕ ਤਰਾਂ ਨਾਲ ਸਾਨੂੰ ਸਵਾਲ ਵੀ ਹੈ) ਨਾਨਕ, ਉਸ ਪ੍ਰਭੂ ਨੂੰ ਸਿਮਰੋ, ਜੋ ਸਾਰਿਆਂ ਨੂੰ ਆਸਰਾ ਦੇਂਦਾ ਹੈ।

ਮਃ ੨॥ ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ॥ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ॥ ੩॥

ਇਹ ਜਰੂਰੀ ਨਹੀਂ ਕਿ ਜੋ ਗੁਰੂ ਦੇ ਪਾਸ ਚਲਾ ਗਿਆ ਉਹ ਮਿਲਿਆ ਹੋਇਆ, ਜਾਂ ਮਿਲ ਗਿਆ ਹੈ, ਨਹੀ! ਜਿਹੜੇ ਅੰਦਰੋਂ ਮਿਲੇ ਹੋਇ ਹਨ, ਉਹ ਭਾਵੇਂ ਜ਼ਾਹਰਾ ਤੌਰ ਤੇ ਦੂਰ ਹੀ ਦਿੱਸਣ, ਪਰ ਅਸਲ ਵਿੱਚ ਮਿਲੇ ਹੋਏ ਤਾਂ ਉਹ ਹੀ ਹਨ।

ਪਉੜੀ॥ ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ॥ ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ॥ ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ॥ ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ॥ ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ॥ ੧੯॥

ਜਿਹੜਾ ਹਰੀ ਦਾ ਨਾਮ ਸਿਮਰਦਾ ਹੈ, ਉਹ ਸੱਚਾ ਕੰਮ ਹੈ, ਸੱਚੀ ਕਮਾਈ ਹੈ। ਜਿਹੜੇ ਨਾਮ ਨੂੰ ਛੱਡ ਕੇ, ਹੋਰ ਹੋਰ ਕਮਾਈਆਂ ਕਰਦੇ ਹਨ, ਸੱਭ ਨਿਹ ਫਲ ਹਨ, ਉਹ ਜੂਨੀਆਂ ਵਿੱਚ ਪਾਏ ਜਾਣ ਗੇ। ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੋਇ ਹਨ, ਉਹ ਹੀ ਨਾਮ ਨੂੰ (ਪ੍ਰਭੂ ਨੂੰ) ਪਾਉਂਦੇ ਹਨ, ਉਹ ਹੀ ਨਾਮ ਦੇ ਗੁਣ ਗਾ ਸੱਕਦੇ ਹਨ, ਜਿੱਨ੍ਹਾਂ ਨੇਂ ਨਾਮ ਨੂੰ ਵਿਸਾਰ ਦਿੱਤਾ, ਉਹਨਾਂ ਨੇਂ ਨਾਮ ਦੇ ਗੁਣ ਕੀ ਗਾਉਣੇਂ ਹਨ, ਨਾਮ ਉਹਨਾਂ ਨੂੰ ਵਿਸਾਰ ਦੇਂਦਾ ਹੈ। ਗੁਰੂ ਦੇ ਸ਼ਬਦ ਉਪਦੇਸ਼ ਨਾਲ, ਹੀ ਹਰੀ ਦੇ ਨਾਮ ਵਿੱਚ ਸਮਾਉਣਾਂ ਹੈ। ਹਰੀ ਦੇ ਘਰ ਸਿਰਫ ਸਤਿਗੁਰ ਦੀ ਸੇਵਾ ਹੀ ਮੰਨੀਂ ਜਾਣੀਂ ਹੈ, ਸਤਿਗੁਰ ਦੀ ਸੇਵਾ ਨਾਲ ਹੀ ਫਲ ਮਿਲਦਾ ਹੈ।

ਸੂਹੀ ਦੀ ਵਾਰ ਇਥੇ ਪੂਰੀ ਹੁੰਦੀ ਹੈ, ਸਾਰੀ ਵਾਰ ਵਿੱਚ ਸਾਨੂੰ ਜੀਵ-ਇਸਤਰੀਆਂ ਨੂੰ ਬਹੁਤ ਲੱਮਾ ਚੌੜਾ ਉਪਦੇਸ਼ ਕਰ ਕੇ ਹੁਣ ਅਖੀਰਲੇ ਦੋ ਸਲੋਕਾਂ ਅਤੇ ਇੱਕ ਪਾੳੜੀ ਵਿਚ, ਜੀਵ-ਇਸਤਰੀ ਗੁਰੂ ਨਾਲ ਸਵਾਲ ਜਵਾਬ ਕਰਦੀ ਹੈ। ਜੀਵ-ਇਸਤਰੀ ਕਹਿੰਦੀ ਹੈ।

ਸਲੋਕ ਮਃ ੨॥ ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ॥ ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ॥ ੧॥

ਕਿਸੇ ਦਾ ਕੋਈ ਆਸਰਾ ਹੈ, ਕਿਸੇ ਦਾ ਕੋਈ, ਮੇਰਾ ਨਿਮਾਣੀਂ ਦਾ ਤਾਂ ਇੱਕ ਤੂੰ ਹੀ ਹੈ। ਜਦੋਂ ਤੱਕ ਤੂੰ ਮੇਰੇ ਚਿੱਤ ਵਿੱਚ ਨਹੀਂ ਵੱਸਦਾ, ਰੋ ਰੋ ਕੇ ਮਰਨ ਤੋਂ ਬਿਨਾਂ ਹੋਰ ਮੈਂ ਕੀ ਕਰਾਂ।

ਇਸ ਊਪਰ ਵਾਲੇ ਸਲੋਕ ਵਿੱਚ ਜੀਵ-ਇਸਤਰੀ, ਜਿਸ ਨੂੰ ਗੁਰੂ ਦੀ ਇਸ ਸਿੱਖਿਆ ਦੀ ਸਮਝ ਆ ਗਈ ਹੈ, ਅਤੇ ਜੋ ਹੁਣ ਸਿਆਣੀਂ ਹੋ ਚੁੱਕੀ ਹੈ, ਤਰਲਾ ਕਰਦੀ ਹੈ।

ਅਤੇ ਹੇਠਲੇ ਸਲੋਕ ਵਿੱਚ ਗੁਰੂ ਜੀ ਜੀਵ-ਇਸਤਰੀ ਨੂੰ ਹੋਸਲਾ ਦੇਂਦੇ ਹੋਇ ਸਮਝਾਉਂਦੇ ਹਨ।

ਮਃ ੨॥ ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮਾੑਲਿਓਇ॥ ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ॥ ੨॥

ਹੇ ਸਿਆਣੀਏ, ਤੂੰ ਸੁਖ ਵਿੱਚ ਵੀ ਆਪਣੇਂ ਖਸਮ ਨੂੰ ਯਾਦ (ਸਿਮਰ) ਕਰ। ਜੇ ਦੁੱਖ ਆਵੇ ਤਾਂ ਵੀ ਉਸ ਦਾ ਚੇਤਾ ਨਾਂ ਭੁਲਾਵੀਂ। ਨਾਨਕ ਤੈਨੂੰ ਇਹ ਮੱਤ ਦੇਂਦਾ ਹੈ, ਪੱਲੇ ਬੰਨ ਲੈ, ਇਸਤਰਾਂ ਤੇਰਾ ਕੰਤ ਨਾਲ ਮੇਲਾ ਹੋ ਜਾਵੇ ਗਾ।

ਹੇਠਲੀ ਪਾਉੜੀ ਵਿੱਚ ਜੀਵ-ਇਸਤਰੀ ਹੋਰ ਵੀ ਬਹੁਤ ਹੀ ਨਿਮਾਣੀਂ ਹੋ ਕੇ ਦੁਬਾਰਾ ਬੇਨਤੀ ਕਰਦੀ ਹੈ।

ਪਉੜੀ॥ ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ॥ ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ॥ ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ॥ ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ॥ ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ॥ ੨੦॥ ੧॥

ਮੈਂ ਤੇਰੀ ਕੀ ਵਡਿਆਈ ਕਰਾਂ, ਮੈਂ ਤੇਰਾ ਕੀ ਸਿਮਰਨ ਕਰਾਂ, ਹੇ ਸਾਈਆਂ! ਮੈਂ ਤਾਂ ਇੱਕ ਕਿਰਮ ਹਾਂ, ਮੈਂ ਤਾਂ ਤੇਰਾ ਜੰਤ ਹਾਂ, ਤੇਰੀ ਲੀਲਾ ਬਹੁਤ ਵੱਡੀ ਹੈ। ਤੂੰ ਅਗੱਮ ਹੈ, ਤੂੰ ਦਇਆਲ ਹੈ, ਤੇਰੀ ਗਮਤਾ ਨਹੀ ਹੋ ਸੱਕਦੀ, ਤੈਨੂੰ ਕੋਈ ਪਹੁੰਚ ਨਹੀਂ ਸੱਕਦਾ, ਤੂੰ ਮੇਰੇ ਤੇ ਕਿਰਪਾ ਕਰ, (ਮੈਥੋਂ ਕੁੱਝ ਨਹੀਂ ਹੋਣਾਂ) ਅਤੇ ਤੂੰ ਆਪ ਹੀ ਮੈਨੂੰ ਆਪਣੇਂ ਨਾਲ ਮਿਲਾ ਲੈ।

ਤੇਰੇ ਤੋਂ ਬਿਨਾਂ ਮੇਰਾ ਕੋਈ ਵੀ ਬੇਲੀ ਨਹੀਂ ਹੈ, ਅਖੀਰ ਤੂੰ ਹੀ ਮੇਰਾ ਸਾਥੀ ਹੈਂ। ਜਿਹੜਾ ਤੇਰੀ ਸਰਨ ਵਿੱਚ ਆ ਜਾਂਦਾ ਹੈ, ਤੂੰ ਉਸ ਨੂੰ ਛੁਡਾ ਲੈਂਦਾ ਹੈ, ਮੈਨੂੰ ਵੀ ਛੁਡਾ ਲੈ। ਨਾਨਕ ਦੀ ਬੇਨਤੀ ਸੁਣ, ਤੂੰ ਕਿਸੇ ਦਾ ਮਥਾਜ ਨਹੀਂ ਹੈਂ, ਤੂੰ ਬੇ ਪ੍ਰਵਾਹ ਹੈ, ਤੈਨੂੰ ਰਤੀ ਭਰ ਦਾ ਵੀ ਤਮ੍ਹਾਂ ਲਾਲਚ ਨਹੀਂ ਹੈ। (ਪਰ ਤੂੰ ਮੇਰੀ ਸਹਾਇਤਾ ਕਰ)

ਬਲਦੇਵ ਸਿੰਘ ਫਿਰੋਜ਼ਪੁਰ ੫-੧੨-੨੦੧੦
.