.

ਪੀਰ ਬੁੱਧੂਸ਼ਾਹ ਦੀ ਕੁਰਬਾਨੀ, ਗੰਗੂ ਅਤੇ ਹੋਰਾਂ ਦੀ ਲੂਣਹਰਾਮੀ
ਅਵਤਾਰ ਸਿੰਘ ਮਿਸ਼ਨਰੀ (5104325827)

ਪੀਰ ਬੁੱਧੂਸ਼ਾਹ ਸਢੌਰਾ ਜਿਲ੍ਹਾ ਅੰਬਾਲਾ (ਪੰਜਾਬ) ਦਾ ਰਹਿਣ ਵਾਲਾ ਸੀ। ਜਿਸ ਦਾ ਅਸਲ ਨਾਮ ਸਯਦ ਸ਼ਾਹ ਬਦਰੁੱਦੀਨ ਸੀ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਫਾਰਿਸ਼ ਕਰਕੇ 500 ਪਠਾਨ ਨੌਕਰ ਰਖਵਾਏ ਸਨ, ਜਿਨ੍ਹਾਂ ਦੇ ਚਾਰ ਮੁੱਖ ਸਰਦਾਰ ਕਾਲਾ ਖਾਂ, ਭੀਖਨ ਖਾਂ, ਨਿਯਾਬਤ ਖਾਂ ਅਤੇ ਹਯਾਤ ਖਾਂ ਸਨ। ਇਨ੍ਹਾਂ ਵਿੱਚੋਂ ਕਾਲਾ ਖਾਂ ਨੂੰ ਛੱਡ ਕੇ ਬਾਕੀ ਤਿੰਨੇ ਖਾਂਨ ਸਰਦਾਰ ਨਮਕਹਰਾਮੀ ਹੋ ਗਏ ਅਤੇ ਆਪਣੇ ਸਵਾਰਾਂ ਸਮੇਤ ਭੰਗਾਣੀ ਦੇ ਯੁੱਧ ਵਿੱਚ ਗੁਰੂ ਦਾ ਸਾਥ ਛੱਣ ਗਏ ਸਨ। ਜਦ ਇਸ ਨਮਕਹਰਾਮੀ ਦੀ ਖਬਰ ਪੀਰ ਬੁੱਧੂਸ਼ਾਹ ਨੂੰ ਮਿਲੀ ਤਾਂ ਪੀਰ ਜੀ ਦਾ ਹਿਰਦਾ ਬੜਾ ਦੁੱਖੀ ਹੋਇਆ। ਫਿਰ ਪੀਰ ਜੀ ਆਪਣੇ ਚਾਰ ਪੁੱਤਰ ਅਤੇ 700 ਮਰੀਦ ਲੈ ਕੇ ਦਸ਼ਮੇਸ਼ ਦੀ ਮਦਦ ਲਈ ਭੰਗਾਣੀ ਦੇ ਜੰਗ ਵਿੱਚ ਜਾ ਕੁੱਦਿਆ। ਇਸ ਜੰਗ ਵਿੱਚ ਪੀਰ ਜੀ ਦੇ ਦੋ ਸਪੁੱਤਰ ਅਤੇ ਬਹੁਤ ਸਾਰੇ ਮੁਰੀਦ ਸ਼ਹੀਦ ਹੋਏ ਅਤੇ ਜੰਗ ਦੀ ਸਮਾਪਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਵੀ ਲੱਗੇ ਹੋਏ ਸਨ ਅਤੇ ਛੋਟੀ ਕ੍ਰਿਪਾਨ ਪੀਰ ਬੁੱਧੂਸ਼ਾਹ ਨੂੰ, ਇੱਕ ਹੁਕਮਨਾਮੇ ਸਮੇਤ ਬਖਸ਼ੀ। ਨਾਭ੍ਹਾ ਦੇ ਮਹਾਂਰਾਜਾ ਭਰਪੂਰ ਸਿੰਘ ਨੇ ਪੀਰ ਜੀ ਦੀ ਸੰਤਾਨ ਨੂੰ ਬਹੁਤ ਭੇਟਾਵਾਂ ਅਤੇ ਜਗੀਰ ਦੇ ਕੇ, ਇਹ ਵਸਤਾਂ ਬਖਸ਼ਿਸ਼ ਜਾਣ ਕੇ ਲੈ ਲਈਆਂ, ਜੋ ਹੁਣ ਨਾਭ੍ਹਾ ਰਿਆਸਤ ਦੇ ਗੁਰਦੁਆਰੇ ਵਿੱਚ ਸੁਭਾਏਮਾਨ ਹਨ।
ਫਿਰ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਸਹਾਇਤਾ ਦੇਣ ਦਾ ਅਪਰਾਧ ਲਾ ਕੇ, ਸਰਦਾਰ ਅਸਮਾਨਖਾਂ ਹਾਕਮ ਸਢੌਰਾ ਨੇ ਪੀਰ ਜੀ ਨੂੰ ਧੌਖੇ ਨਾਲ ਪਕੜ ਕੇ, ਕਤਲ ਕਰਵਾ ਦਿੱਤਾ। ਇਸ ਬੇਗੁਨਾਹੇ ਦਰਵੇਸ਼ ਪੀਰ ਬੁੱਧੂਸ਼ਾਹ ਦੇ ਬੇ-ਰਹਿਮੀ ਨਾਲ ਕੀਤੇ ਗਏ ਕਤਲ ਦੀ ਸਜਾ, ਬਾਬਾ ਬੰਦਾ ਸਿੰਘ ਬਹਾਦਰ ਨੇ, ਸੰਮਤ 1766 ਸੰਨ (1709 ਈ.) ਨੂੰ ਸਢੌਰਾ ਫ਼ਤੇ ਕਰਕੇ ਅਸਮਾਨਖਾਂ ਨੂੰ ਕੀਤੇ ਦਾ ਫਲ ਭੁਗਤਾਉਂਦੇ ਹੋਏ, ਫਾਂਸੀ ਤੇ ਲਟਕਾ ਕੇ ਦਿੱਤੀ। ਇਹ ਸੀ ਸੰਖੇਪ ਹਾਲ ਪੀਰ ਸਯਦ ਸ਼ਾਹ ਬਦਰੁੱਦੀਨ (ਪੀਰ ਬੁੱਧੂਸ਼ਾਹ) ਦਾ ਜੋ ਇੱਕ ਸੱਚਾ ਸੁੱਚਾ ਮੁਸਲਮਾਨ ਪੀਰ ਸੀ ਅਤੇ ਇਲਾਕੇ ਵਿੱਚ ਪੀਰ ਜੀ ਦੀ ਬਹੁੱਤ ਮਾਨਤਾ ਸੀ। ਇਸ ਗਲ੍ਹ ਦਾ ਇੱਥੋਂ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਉਸ ਦੇ ਇੱਕੋ ਇਸ਼ਾਰੇ ਤੇ 700 ਮੁਰੀਦ ਜਾਨਾਂ ਵਾਰਨ ਨੂੰ ਤਿਆਰ ਹੋ ਗਏ ਸਨ। ਗੁਰੂ ਘਰ ਹਰੇਕ ਸੱਚ ਦੇ ਪਾਂਧੀ ਇਨਸਾਨ ਨਾਲ ਮਿਤਰਤਾ ਅਤੇ ਹਮਦਰਦੀ ਰੱਖਦਾ ਹੈ ਭਾਵੇਂ ਉਹ ਕਿਸੇ ਵੀ ਮਜ੍ਹਬ ਜਾਂ ਕੌਮ ਦਾ ਹੋਵੇ। ਇਸ ਕਰਕੇ ਸੱਚ ਦੇ ਮੁਤਲਾਸ਼ੀ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੁੜੇ ਰਹੇ ਹਨ। ਭਾਵੇਂ ਉਹ ਭਾਈ ਮਰਦਾਨਾ, ਸਾਂਈ ਮੀਆਂ ਮੀਰ, ਅਕਬਰ ਬਾਦਸ਼ਾਹ, ਪੀਰ ਬੁੱਧੂਸ਼ਾਹ, ਮਾਛੀਵਾੜੇ ਦੇ ਪੰਜਾਬਾ ਅਤੇ ਗੁਲਾਬਾ ਸਨ ਜੋ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਵੈਰੀਆਂ ਦੀ ਵਾੜ ਚੋ ਲੰਘ ਗਏ ਸਨ। ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਮੱਕੇ ਵੀ ਗਏ ਸਨ ਜਿੱਥੇ ਗੈਰ ਮੁਸਲਮਾਨ ਨੂੰ ਜਾਣ ਦਾ ਕੋਈ ਹੱਕ ਨਹੀਂ ਸੀ। ਓਥੇ ਹੋਈ ਵਿਚਾਰ ਚਰਚਾ ਵਿੱਚ ਓਥੋਂ ਦੇ ਮੁਸਲਮ ਆਗੂ ਗੁਰੂ ਜੀ ਦੇ ਵਿਚਾਰ ਸੁਣ ਕੇ ਬੜੇ ਪ੍ਰਭਾਵਿਤ ਹੋਏ ਸਨ ਜਦ ਬਾਬਾ ਜੀ ਨੇ ਇਹ ਕਿਹਾ ਕਿ ਜਿਧਰ ਅੱਲਾਹ ਦਾ ਘਰ ਨਹੀਂ ਤੁਸੀਂ ਮੇਰੇ ਪੈਰ ਓਧਰ ਕਰ ਦਿਓ। ਉਹ ਸੋਚੀਂ ਪੈ ਗਏ ਹੈਂ! ਅੱਲਾਹ ਕਿੱਥੇ ਨਹੀਂ ਹੈ? ਇਹ ਤਾਂ ਕੋਈ ਅੱਲਾਹ ਦਾ ਪੀਰ ਆਇਆ ਹੈ। ਇਸੇ ਕਰਕੇ ਓਦੋਂ ਤੋਂ ਲੈ ਕੇ ਅੱਜ ਤੱਕ ਅਸਲੀ ਮੁਸਲਮਾਨ ਗੁਰੂ ਬਾਬਾ ਜੀ ਨੂੰ ਨਾਨਕ ਸ਼ਾਹ ਪੀਰ ਕਹਿ ਕੇ ਆਦਰ ਨਾਲ ਯਾਦ ਕਰਦੇ ਹਨ।
ਆਓ ਹੁਣ ਦੂਜੇ ਪਾਸੇ ਦੀ ਤਸਵੀਰ ਦੇਖੀਏ ਭਾਵ ਗੰਗੂ ਬ੍ਰਾਹਮਣ ਬਾਰੇ ਜਾਣੀਏਂ। ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ, ਖੇੜੀ ਪਿੰਡ ਦਾ ਵਸਨੀਕ ਇੱਕ ਬ੍ਰਾਹਮਣ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਪਟੀ ਨੌਕਰ ਸੀ। ਜੋ ਸੰਮਤ 1761 ਮੁਤਾਬਿਕ ਸੰਨ 1704 ਈ. ਨੂੰ ਜਦ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ, ਉਸ ਵੇਲੇ ਇਹ ਕਪਟੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਅਤੇ ਮਾਤਾ ਜੀ ਦਾ ਸਾਰਾ ਧੰਨ ਰਾਤ ਨੂੰ ਚੁਰਾਕੇ ਸਵੇਰੇ ਮੋਰਿੰਡੇ ਦੇ ਥਾਂਣੇਦਾਰ ਨੂੰ ਆਪਣੇ ਪ੍ਰਤਪਾਲਕਾਂ ਨੂੰ ਫੜਾਉਣ ਲਈ ਭਾਰੀ ਲਾਲਚ ਵਿੱਚ ਆ ਕੇ ਅਤਿਅੰਤ ਅਕ੍ਰਿਤਘਣਤਾ ਦਾ ਸਬੂਤ ਦਿੰਦੇ ਹੋਇਆਂ, ਗੁਰੂ ਦੇ ਛੋਟੇ ਬੱਚਿਆਂ ਅਤੇ ਬਿਰਦ ਮਾਤਾ ਗੁਜਰੀ ਜੀ ਬਾਰੇ ਇਤਲਾਹ ਦਿੱਤੀ। ਤਿੰਨਾਂ ਨੂੰ ਕੈਦ ਕਰਵਾ ਕੇ ਸਰਹੰਦ ਭੇਜਵਾ ਦਿੱਤਾ, ਜਿੱਥੇ ਛੋਟੇ ਬੱਚਿਆਂ ਅਤੇ ਬਿਰਦ ਮਾਤਾ ਜੀ ਨੇ ਧਰਮ ਵਿੱਚ ਪ੍ਰਪੱਕ ਰਹਿ ਕੇ ਸ਼ਹੀਦੀਆਂ ਪਾਈਆਂ ਪਰ ਕਿਸੇ ਲਾਲਚ ਜਾਂ ਡਰਾਵੇ ਵਿੱਚ ਜ਼ਾਲਮ ਮੁਗਲ ਹਾਕਮਾਂ ਦੀ ਈਨ ਨਹੀਂ ਮੰਨੀ। ਓਥੇ ਹੀ ਇੱਕ ਹੋਰ ਅਕ੍ਰਿਤਘਣ ਸੁੱਚਾ ਨੰਦ (ਅਸਲ ਵਿੱਚ ਝੂਠਾ ਨੰਦ) ਖਤਰੀ ਜੋ ਚਾਰ ਛਿਲੜਾ ਖਾਤਰ ਮੁਗਲ ਹਕੂਮਤ ਦਾ ਝੋਲੀ ਚੁੱਕ ਬਣਿਆ ਹੋਇਆ ਸੀ ਨੇ ਕਿਹਾ ਕਿ ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਛੋਟਿਆਂ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ। ਇੱਥੇ ਹੀ ਇੱਕ ਅਕੀਦਤਮੰਦ ਸ਼ਰਧਾਲੂ ਮੋਤੀ ਮਹਿਰੇ ਨੇ ਜਾਨ ਹੂਲ ਕੇ ਵੀ ਬੱਚਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਲਾਇਆ ਅਤੇ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂਨ ਨੇ ਮਸੂਮ ਬੱਚਿਆਂ ਦੀ ਖਾਤਰ ਹਾਅ ਦਾ ਨਾਹਰਾ ਮਾਰਿਆ ਭਾਵੇਂ ਕਿ ਇਸ ਦਾ ਇੱਕ ਭਾਈ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਦਾ ਮਾਰਿਆ ਗਿਆ ਸੀ। ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਰਾਜ ਆਇਆ ਤਾਂ ਉਸ ਨੇ ਅਜਿਹੇ ਅਕ੍ਰਿਤਘਣਾਂ ਅਤੇ ਜ਼ਾਲਮਾਂ ਨੂੰ ਭਾਰੀ ਸਾਜਾਵਾਂ ਦਿੱਤੀਆਂ। ਉਸੇ ਹੀ ਕੜੀ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੰਮਤ 1767 (1710ਈ.) ਵਿੱਚ ਪਾਪੀ ਅਤੇ ਨਮਕਹਰਾਮੀ ਗੰਗੂ ਨੂੰ ਕਤਲ ਕਰਕੇ ਖੇੜੀ ਪਿੰਡ ਨੂੰ ਢਾਹ ਕੇ ਥੇਹ ਬਣਾ ਦਿੱਤਾ। ਹੁਣ ਨਵੀਂ ਬਸਤੀ ਦਾ ਨਾਉਂ ਖੇੜੀ ਨਹੀਂ ਸਗੋਂ ਸਹੇੜੀ ਹੈ।
ਸੋ ਇੱਕ ਪਾਸੇ ਨਮਕ ਹਲਾਲ ਹਨ ਅਤੇ ਦੂਜੇ ਪਾਸੇ ਨਮਕਹਰਾਮ ਹਨ ਪਰ ਅੱਜ ਦੇ ਸਿੱਖਾਂ ਨੇ ਨਮਕ ਹਲਾਲਾਂ ਭਾਵ ਗੁਰੂ ਨਾਲ ਨੇੜਤਾ ਰੱਖਣ ਅਤੇ ਗੁਰੂ ਖਾਤਰ ਕੁਰਬਾਨ ਹੋਣ ਵਾਲਿਆਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਦੀ ਕੋਈ ਢੁੱਕਵੀਂ ਯਾਦਗਾਰ ਵੀ ਨਹੀਂ ਬਣਾਈ ਅਤੇ ਨਮਕਹਰਾਮਾਂ ਦੀ ਸੰਤਾਨ ਅਜੋਕੇ ਡੇਰੇਦਾਰਾਂ ਨੂੰ ਸਿੱਰ ਉੱਤੇ ਚੁੱਕਿਆ ਹੋਇਆ ਹੈ। ਦੇਖੋ! ਸੰਤ ਮਹਾਂਰਾਜ ਬਾਬਿਆਂ ਦੀਆਂ ਬਰਸੀਆਂ ਅਤੇ ਸੰਗ੍ਰਾਂਦਾਂ ਤਾਂ ਗੁਰੂ ਘਰਾਂ ਵਿੱਚ ਧੂੰਮਧਾਮ ਨਾਲ ਮਨਾਈਆਂ ਜਾ ਰਹੀਆਂ ਹਨ ਪਰ ਭਾਈ ਮਰਦਾਨਾਂ, ਸਾਂਈ ਮੀਆਂ ਮੀਰ, ਪੀਰ ਬੁੱਧੂਸ਼ਾਹ ਅਤੇ ਨਵਾਬ ਸ਼ੇਰਖਾਂਨ ਮਲੇਰਕੋਟਲਾ ਆਦਿਕ ਗੁਰੂ ਘਰ ਦੇ ਅਤਿਅੰਤ ਸ਼ਧਾਲੂਆਂ ਅਤੇ ਕੁਰਬਾਨ ਹੋਣ ਵਾਲਿਆਂ ਨੂੰ ਭੁਲਾ ਦਿੱਤਾ ਹੈ। ਓਸ ਸਮੇਂ ਦੇ ਨਮਕਹਰਾਮੀ ਗੰਗੂ ਨੂੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਾਗਤ ਜ਼ਮੀਰ ਵਾਲਿਆਂ ਨੇ ਸਜਾ ਦੇ ਕੇ ਕੀਤੀ ਦਾ ਫਲ ਭੁਗਤਾ ਦਿੱਤਾ ਸੀ ਪਰ ਅਜੋਕੇ ਗੰਗੂ ਬ੍ਰਾਹਮਣ ਡੇਰੇਦਾਰ ਅਤੇ ਕਪਟੀ ਲੀਡਰਾਂ ਨੂੰ ਸਜਾ ਕੌਣ ਦੇਵੇਗਾ? ਜੋ ਇਸ ਵੇਲੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ “ਸ਼੍ਰੋਮਣੀ ਕਮੇਟੀ” ਅਕਾਲ ਤਖਤ ਅਤੇ ਹੋਰ ਗੁਰੂ ਘਰਾਂ ਵਿੱਚ ਵੀ ਪ੍ਰਬੰਧਕਾਂ ਅਤੇ ਬਾਬਿਆਂ ਦੇ ਰੂਪ ਵਿੱਚ ਕਬਜ਼ਾ ਕਰੀ ਬੈਠੇ ਹਨ। ਐਸੇ ਹਲਾਤਾਂ ਨੂੰ ਦੇਖ ਕੇ “ਸ਼ਰਮ ਸੀ ਆਤੀ ਹੈ ਐਸੇ ਪੰਥ ਕੋ ਪੰਥ ਕਹਿਤੇ ਹੂਏ” ਜੋ ਬ੍ਰਾਹਮਣਵਾਦੀ ਡੇਰੇਦਾਰਾਂ ਦੇ ਪ੍ਰਭਾਵ ਥੱਲੇ ਕੌਮੀ ਹੀਰਿਆਂ ਨੂੰ ਭੁਲਾ ਕੇ ਅਖੌਤੀ ਸਾਧਾਂ ਦੀਆਂ ਹੀ ਬਰਸੀਆਂ ਮਨਾਈ ਜਾ ਰਿਹਾ ਹੈ! ! ! ! !
.