.

ਗੁਰੂ ਪਦ, ਗੁਰੂ ਹਸਤੀਆਂ ਤੇ ਗੁਰਗਦੀ ਸੌਪਣਾ

ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿਚੋਂ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਗੁਰੂ ਪਦ ਅਤੇ ਗੁਰੂ ਨਾਨਕ ਪਾਤਸ਼ਾਹ- ਧਿਆਨ ਰਹੇ! ਵਿਸਾਖੀ ੧੪੬੯, ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਅਰੰਭ ਹੋ ਕੇ, ਗੁਰੂ ਨਾਨਕ ਪਾਤਸ਼ਾਹ ਨੇ ਆਪ ਹੀ ਆਪਣੇ ਦਸਵੇਂ ਜਾਮੇਂ `ਚ ੬ ਅਕਤੂਬਰ ਸੰਨ ੧੭੦੮ ਸ਼ਾਮ ਸਮੇਂ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ਅਤੇ ਉਨ੍ਹਾਂ ਪ੍ਰਤੀ “ਪੂਜਾ ਅਕਾਲਪੁਰਖ ਕੀ, ਪਰਚਾ ਸ਼ਬਦ, ਦੀਦਾਰ ਖਾਲਸੇ ਕਾ” ਫ਼ੁਰਮਾਣ ਜਾਰੀ ਕਰ ਕੇ ਨਾਲ ਹੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸਨਮੁਖ ਮੱਥਾ ਵੀ ਟੇਕ ਦਿੱਤਾ। ਇਸ ਤਰ੍ਹਾਂ ਆਪ ਨੇ ਇੱਕ ਤਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜੀ ਦੀ ਸੰਪੂਰਣਤਾ ਦਾ ਐਲਾਨ ਕੀਤਾ। ਦੂਜਾ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਸਦੀਵ ਕਾਲ ਲਈ ਗੁਰਗਦੀ ਸੌਂਪਣਾ ਵਾਲਾ ਐਲਾਨ ਵੀ ਕਰ ਦਿੱਤਾ। ਇਸ ਤਰ੍ਹਾਂ ਆਪ ਨੇ ਧੁਰ ਤੋਂ ਪ੍ਰਾਪਤ ਹੋਈ, ਗੁਰੂ ਦਰ `ਤੇ, ਗੁਰੂ ਪਦ ਵਾਲੀ ਸਰੀਰਕ ਜ਼ਿਮੇਂਵਾਰੀ ਨੂੰ ਵੀ ਸਦਾ ਲਈ ਸਮਾਪਤ ਕਰ ਦਿੱਤਾ।

ਦੂਜੇ ਲਫ਼ਜ਼ਾਂ `ਚ ਖੁਦ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਦਰ `ਤੇ ਆਪਣੇ ਆਪ ਤੋਂ ਧੁਰ ਦਰਗਾਹੀ ਅਰੰਭ ਹੋਏ ਸਰੀਰਕ ਗੁਰੂ ਵਾਲੇ ਨਿਯਮ ਨੂੰ ਦੱਖਣ ਸ੍ਰੀ ਨਾਦੇੜ ਸਸਾਹਿਬ ਦੇ ਸਥਾਨ `ਤੇ ਸਦਾ ਲਈ ਸਮਾਪਤ ਕਰ ਦਿੱਤਾ। ਉਪ੍ਰੰਤ ਦੂਜੇ ਹੀ ਦਿਨ ਭਾਵ ੭ ਅਕਤੂਬਰ ਸੰਨ ੧੭੦੮ ਨੂੰ ਕਲਗੀਧਰ ਦਸਮੇਸ਼ ਪਿਤਾ ਜੋਤੀ ਜੋਤ ਸਮਾ ਗਏ। ਸਪਸ਼ਟ ਹੈ ਕਿ ਪਦ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਹਸਤੀ ਨੂੰ ਸਦੀਵ ਕਾਲ ਲਈ ਸੰਸਾਰ `ਚ ਪ੍ਰਗਟ ਕਰਣ ਲਈ ਹੀ ਦਸ ਸਰੀਰਕ ਗੁਰੂਆਂ ਵਾਲਾ ਇਹ ਇਲਾਹੀ ਤੇ ਧੁਰ ਦਰਗਾਹੀ ਪ੍ਰੋਗ੍ਰਾਮ ਅਰੰਭ ਹੋਇਆ ਸੀ ਜੋ ਅਨੇਕਾਂ ਸੰਸਾਰਕ ਰੁਕਾਵਟਾਂ ਦੇ ਬਾਵਜੂਦ ਨੇਪਰੇ ਚੜ੍ਹਿਆ ੬ ਅਕਤੂਬਰ ਸੰਨ ੧੭੦੮ ਨੂੰ।

ਕੁਝ ਗੁਰੂ ਪਦ ਪ੍ਰਤੀ- ਇਸ ਲਈ ਕਾਰਨ ਚਾਹੇ ਕੁੱਝ ਵੀ ਹੋਣ ਪਰ ਸਾਡੇ ਕਿਸੇ ਵੀ ਸੱਜਨ ਦੇ ਮਨ `ਚ ਆਉਣਾ ਕਿ ਗੁਰੂ ਹਸਤੀਆਂ ਲਈ ਗੁਰੂ ਪਦ ਵਰਤਣਾ ਯੋਗ ਨਹੀਂ ਜਾਂ ਗੁਰੂ ਕੇਵਲ ਗੁਰੂ ਨਾਨਕ ਪਾਤਸ਼ਾਹ ਹੀ ਹਨ ਤੇ ਬਾਕੀ ਨੌਂ ਗੁਰੂ ਵਿਅਕਤੀ, ਗੁਰੂ ਨਹੀਂ ਹਨ। ਉਪ੍ਰੰਤ ਅਜਿਹਾ ਵਿਚਾਰ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਨੂੰ ਗੁਰਗਦੀ ਦੀ ਸੌਂਪਣਾ ਨਹੀਂ ਕੀਤੀ-ਅਜਿਹੀਆਂ ਸਾਰੀਆਂ ਸੋਚਣੀਆਂ ਤੇ ਧਾਰਨਾਵਾਂ ਨਿਰਮੂਲ ਹਨ। ਫ਼ਿਰ ਬੇਸ਼ੱਕ ਇਹ ਧਾਰਨਾਵਾਂ ਕਿਸੇ ਬਾਹਰੀ ਪ੍ਰਭਾਵ `ਚ ਹੋਣ ਜਾਂ ਕਿਸੇ ਵੀ ਕਾਰਨ, ਘਟੋਘਟ ਸੁਲਝੇ ਹੋਏ ਤੇ ਸਤਿਕਾਰਤ ਤੇ ਸੋਝੀ ਵਾਨ ਸਿੱਖ ਵਿਦਵਾਨਾਂ ਨੂੰ ਅਜਿਹੀਆਂ ਸੋਚਣੀਆਂ ਤੋਂ ਪੂਰੀ ਤਰ੍ਹਾਂ ਬਚਣ ਦੀ ਲੋੜ ਹੈ।

“ਸਤਿਗੁਰੁ ਰਹਿਆ ਭਰਪੂਰੇ…. .” (ਪ: ੯੨੨) -ਸ਼ੱਕ ਨਹੀਂ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ ਜਿਸ “ਗੁਰੂ, ਸਤਿਗੁਰੂ ਤੇ ਸ਼ਬਦ-ਗੁਰ” ਨਾਲ ਜਗਿਆਸੂ ਨੂੰ ਜੋੜਿਆ ਹੈ ਅਤੇ ਜਿਸ ਗੁਰੂ ਨਾਲ ਸਿੱਖ ਦੇ ਰਿਸ਼ਤੇ ਦੀ ਗੱਲ ਕੀਤੀ ਹੈ-ਉਹ ਗੁਰੂ, ਸਤਿਗੁਰੂ ਤੇ ਸ਼ਬਦ-ਗੁਰ” ਸਦਾ ਥਿਰ, ਸਰਬਕਾਲੀ, ਸਰਬਵਿਆਪੀ, ਸਦਾ-ਸਦਾ ਤੇ ਕਰਤੇ ਅਕਾਲਪੁਰਖ ਦਾ ਹੀ ਨਿਜ ਗੁਣ ਹੈ; ਕਰਤੇ ਤੋਂ ਭਿੰਨ ਨਹੀਂ। ਉਸ ਸ਼ਬਦ ਗੁਰੂ ਬਾਰੇ ਦੇ ਸਰਬ ਵਿਆਪੀ ਹੋਣ ਬਾਰੇ ਕੁੱਝ ਗੁਰਬਾਣੀ ਫ਼ੁਰਮਾਨ ਫ਼ੁਰਮਾਨ “ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ, ਤ੍ਰਿਭਵਣ ਜੋਤਿ ਸੁ ਸਬਦਿ ਲਹੈ” (ਪੰ: ੯੪੫) ਅਤੇ “ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ” (ਪੰ: ੬੩੫) ਹੋਰ “ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ, ਜਹ ਦੇਖਾ ਤਹ ਸੋਈ” (ਪੰ: ੯੪੪) ਪੁਨ: “ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ॥ ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ” (ਪੰ: ੧੩੯੫) ਬਲਕਿ ਬਾਣੀ ਅਨੰਦ ਸਾਹਿਬ `ਚ ਇਸ ਬਾਰੇ ਰੋਜ਼ ਹੀ ਪੜਦੇ ਹਾਂ “ਸਤਿਗੁਰੁ ਰਹਿਆ ਭਰਪੂਰੇ…. .” (ਪ: ੯੨੨)

ਇਸ ਦੇ ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਜੇ ਕਰ ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਦਸ ਜਾਮਿਆ ਦਾ ਸੰਸਾਰ `ਚ ਆਗਮਨ ਤੇ ਪ੍ਰਕਾਸ਼ ਹੀ ਨਾ ਹੋਇਆ ਹੁੰਦਾ ਤਾਂ ਇਸ ਸਦੀਵੀ ਤੇ ਸਦਾ ਥਿਰ ਗੁਰੂ ਵਾਲੀ ਗੱਲ ਨੂੰ ਪ੍ਰਗਟ ਹੀ ਕਿਸ ਨੇ ਕਰਣਾ ਸੀ? ਭਾਵ ਉਸ ਬਿਨਾ ਤਾਂ ਇਹ ਸਚਾਈ ਦੁਨੀਆਂ ਤੱਕ ਪ੍ਰਗਟ ਹੀ ਨਹੀਂ ਸੀ ਹੋ ਸਕਦੀ। ਦੂਜਾ, ਜੇ ਗੁਰੂ ਨਾਨਕ ਪਾਤਸ਼ਾਹ ਨੇ ਹੀ ਆਪਣੇ ਦਸ ਜਾਮਿਆਂ ਰਾਹੀਂ ੨੩੯ ਸਾਲ ਦਾ ਸਮਾਂ ਲੱਗਾ ਕੇ ਸੰਸਾਰ ਨੂੰ ਸਦੀਵੀ, ਸੰਸਾਰ ਦਾ ਰਹਿਬਰ ਤੇ ਇਕੋ ਇੱਕ ਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਾਲੀ ਦਾਤ ਹੀ ਨਾ ਬਖ਼ਸ਼ੀ ਹੁੰਦੀ ਤਾਂ ਅੱਜ ਵੀ ਸੰਸਾਰ ਨੇ ਇਸ ਤੋਂ ਵਾਂਝਾ ਹੀ ਹੋਣਾ ਸੀ।

“ਬਿਨੁ ਸਬਦੈ ਜਗੁ ਬਉਰਾਨੰ” (ਪੰ: ੬੩੫) -ਇਸ ਲਈ ਇਹ ਵੀ ਸੱਚ ਹੈ ਕਿ ਸਦੀਵੀ ਤੇ ਸਦਾ ਥਿਰ ਗੁਰੂ-ਸਤਿਗਰੂ ਤੇ ਸ਼ਬਦ ਗੁਰੂ ਅਥਵਾ ਮਨੁੱਖਾ ਜੀਵਨ ਵਾਲੀ ਉੱਚਤਮ ਆਤਮਕ ਅਵਸਥਾ ਵਾਲਾ ਸਿਧਾਂਤ ਵੀ ਗੁਰਬਾਣੀ ਨੇ ਹੀ ਪ੍ਰਗਟ ਕੀਤਾ ਹੈ, ਕਿਸੇ ਹੋਰ ਥਾਵੋਂ ਨਹੀਂ ਆਇਆ। ਜਦਕਿ ਇਸ ਤੋਂ ਪਹਿਲਾਂ ਸੰਸਾਰ ਇਸ ਤੋਂ ਵਾਂਝਾ ਸੀ ਤੇ ਗੁਰਬਾਣੀ ਗਿਆਨ ਤੋਂ ਬਿਨਾ ਅੱਜ ਵੀ ਇਸ ਬਾਰੇ ਅਣਜਾਣ ਹੈ। ਇਹ ਵੀ ਸਮਝਣਾ ਹੈ ਕਿ ੳੇੁਸ ਸਦੀਵੀ ਤੇ ਸਦਾ ਥਿਰ ਗੁਰੂ-ਸਤਿਗਰੂ ਤੇ ਸ਼ਬਦ ਗੁਰੂ ਅਥਵਾ ਮਨੁੱਖਾ ਜੀਵਨ ਵਾਲੀ ਉੱਚਤਮ ਆਤਮਕ ਅਵਸਥਾ ਤੇ ਆਦਿ ਜੁਗਾਦੀ ਗੁਰੂ ਵਾਲਾ ਜੋ ਸਿਧਾਂਤ ਜੋ ਗੁਰੂ ਸਾਹਿਬਾਨ ਨੇ ਬਖ਼ਸ਼ਿਆ ਹੈ ਉਹ ਕਿਸ ਦੇ ਲਈ ਹੈ? ਅਤੇ ਉਸ ਦਾ ਸਬੰਧ ਹੈ ਕਿਸ ਦੇ ਨਾਲ?

ਗੁਰਬਾਣੀ ਅਨੁਸਾਰ ਹੀ ਇਸ ਸੁਆਲ ਦਾ ਸਪਸ਼ਟ ਉੱਤਰ ਹੋਵਗਾ ਕਿ ਇਸ ਸਦੀਵੀ ਤੇ ਅਵਿਨਾਸ਼ੀ ਗੁਰੂ ਦਾ ਸਬੰਧ ਹੈ ਹੀ ਮਨੁੱਖਾ ਜੂਨ ਤੇ ਇਸ ਦੀ ਸਫ਼ਲਤਾ ਨਾਲ; ਜਦਕਿ ਬਾਕੀ ਅਨੰਤ ਜੂਨਾਂ ਨਾਲ ਇਸ ਦਾ ਸਬੰਧ ਹੈ ਵੀ ਨਹੀਂ। ਨਹੀਂ ਤਾਂ ਗੁਰਦੇਵ ਨੂੰ “ਬਿਨੁ ਸਬਦੈ ਜਗੁ ਬਉਰਾਨੰ” (ਪੰ: ੬੩੫) ਵਾਲੀ ਸ਼ਬਦਾਵਲੀ ਵਰਤਣ ਦੀ ਕਿਉਂ ਲੋੜ ਪਈ? ਕਿਉਂਕਿ ਇਥੇ ਲਫ਼ਜ਼ “ਬਉਰਾਨੰ” ਹੈ ਹੀ ਮਨੁੱਖ ਮਾਤ੍ਰ ਲਈ ਜਿਵੇਂ “ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਤੇ ਇਸ ਵਿਸ਼ੇ `ਤੇ ਹੋਰ ਅਨੇਕਾਂ ਗੁਰਬਾਣੀ ਪ੍ਰਮਾਣ। ਇਸੇ ਲਈ ਗੁਰਬਾਣੀ ਰਾਹੀਂ ਪ੍ਰਗਟ ਇਸ ਗੁਰੂ-ਸਤਿਗਰੂ ਤੇ ਸ਼ਬਦ ਗੁਰੂ ਅਥਵਾ ਮਨੁੱਖਾ ਜੀਵਨ ਦੀ ਹਉਮੈ ਰਹਿਤ ਉੱਚਤਮ ਆਤਮਕ ਅਵਸਥਾ ਤੇ ਆਦਿ ਜੁਗਾਦੀ ਗੁਰੂ ਵਾਲਾ ਵਾਸਾ ਤੇ ਹੋਂਦ ਵੀ ਹਰੇਕ ਮਨੁੱਖ ਦੇ ਅੰਤਰ-ਆਤਮੇ ਹੈ ਜਿਸ ਦਾ ਪ੍ਰਗਟਾਵਾ ਤੇ ਜੀਵਨ ਨਾਲ ਸਾਂਝ “ਗੁਰਪ੍ਰਸਾਦਿ” ਨਾਲ ਹੀ ਹੋਣੀ ਹੈ, ਉਸ ਤੋਂ ਬਿਨਾ ਨਹੀਂ। ਬਸ ਇਹੀ ਮੁੱਖ ਨੁੱਕਤਾ ਹੈ ਜਿਸ ਨੂੰ ਸਮਝਣਾ ਹੈ ਅਤੇ ਗੁਰਬਾਣੀ ਸਮੁੰਦਰ ਨੂੰ ਰਿੜਕਣ ਤੇ ਇਸ ਨੂੰ ਘੋਖਣ ਨਾਲ ਹੀ ਇਸ ਬਾਰੇ ਗੁਰਬਾਣੀ ਸੱਚ ਦੀ ਸਮਝ ਆਵੇਗੀ।

ਉਹ ਸਦੀਵੀ ਗੁਰੂ ਜੋ “ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਤੇ “ਸਤਿਗੁਰੁ ਰਹਿਆ ਭਰਪੂਰੇ…. .” (ਪ: ੯੨੨) ਹੈ ਉਸੇ ਗੁਰੂ ਬਾਰੇ ਹੀ ਗੁਰਦੇਵ ਫ਼ੁਰਮਾਅ ਰਹੇ ਹਨ “ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ” (ਪੰ: ੪੬੩) ਅਥਵਾ “ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ” (ਪੰ: ੪੬੯) ਅਤੇ ਅਨੇਕਾਂ ਗੁਰਬਾਣੀ ਫ਼ੁਰਮਾਨ ਜੋ ਸਾਬਤ ਕਰਦੇ ਹਨ ਕਿ ਉਸ ਸਤਿਗੁਰੂ, ਗੁਰੂ ਅਥਵਾ ਸ਼ਬਦ-ਗੁਰੂ ਦਾ ਸਿੱਧਾ ਸਬੰਧ ਹੀ ਮਨੁੱਖਾ ਜਨਮ ਦੀ ਸੰਭਾਲ ਤੇ ਸਫ਼ਲਤਾ ਨਾਲ ਹੈ। ਬਸ ਇਹੀ ਮੌਲਿਕ ਵਿਸ਼ਾ ਹੈ ਕਿ ਸਤਿਗੁਰੂ ਜੋ ਮੂਲ ਰੂਪ `ਚ ਸਭ ਮਹਿ ਰਹਿਆ ਸਮਾਇ” (ਪੰ: ੭੫੯) ਹੈ ਮਨੁੱਖ ਮਾਤ੍ਰ ਦੀ ਸੰਭਾਲ ਲਈ ਉਸੇ ਸਤਿਗੁਰੂ ਦਾ ਹੀ ਜੰਮਾਂਦਰੂ ਸਰੀਰਕਮ ਪ੍ਰਗਟਾਵਾ ਹਨ ਗੁਰੂ ਨਾਨਕ ਪਾਤਸ਼ਾਹ ਉਨ੍ਹਾਂ ਦੇ ਬਾਕੀ ਨੌ ਜਾਮੇ ਤੇ ਅੱਤ ਅੱਖਰ ਰੂਪ `ਚ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”

ਇਸ ਲਈ ਸਪਸ਼ਟ ਰਹੇ ਕਿ ਜਿਸ ਸਦੀਵੀ ਤੇ ਸਦਾ ਥਿਰ ਗੁਰੂ-ਸਤਿਗਰੂ, ਸ਼ਬਦ ਗੁਰੂ ਅਥਵਾ ਮਨੁੱਖਾ ਜੀਵਨ ਦੀ ਉੱਚਤਮ ਆਤਮਕ ਅਵਸਥਾ ਤੇ ਆਦਿ ਜੁਗਾਦੀ ਗੁਰੂ ਵਾਲਾ ਸਿਧਾਂਤ, ਗੁਰਬਾਣੀ ਨੇ ਪ੍ਰਗਟ ਕੀਤਾ ਹੈ ਉਸ ਆਦਿ ਜੁਗਾਦੀ ਗੁਰੂ ਦਾ ਸਰੀਰਕ ਪ੍ਰਗਟਾਵਾ ਹਨ, ਦਸੋਂ ਗੁਰੂ ਪਾਤਸ਼ਾਹੀਆਂ ਤੇ ਉਨ੍ਹਾਂ ਰਾਹੀਂ ਸਦੀਵ ਕਾਲ ਲਈ ਸਥਾਪਤ ਸਤਿਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”, ਹੋਰ ਕੋਈ ਨਹੀਂ।

ਇਸ ਲਈ ਸੰਸਾਰ ਤੱਲ `ਤੇ ਉਸ ਸਦੀਵੀ ਗੁਰੂ ਦਾ ਸਰੀਰਕ ਪ੍ਰਗਟਾਵਾ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਅਰੰਭ ਹੋ ਕੇ ਦਸ ਪਾਤਸ਼ਾਹੀਆਂ ਹੀ ਹਨ ਦੂਜਾ ਕੋਈ ਨਹੀਂ। ਇਸ ਲਈ ਉਨ੍ਹਾਂ ਦਸ ਪਾਤਸ਼ਾਹੀਆਂ ਲਈ ਗੁਰੂ ਲਫ਼ਜ਼ ਦੀ ਵਰਤੋਂ ਤੋਂ ਸੰਕੋਚ ਸਾਡੀ ਕਮਜ਼ੋਰੀ ਜਾਂ ਨਾਸਮਝੀ ਹੀ ਹੋ ਸਕਦੀ ਹੈ। ਜਦਕਿ ਗੁਰਬਾਣੀ ਅਰਥਾਂ `ਚ ਸੰਸਾਰ ਤੱਲ `ਤੇ ਗੁਰੂ ਪਦ ਜੇਕਰ ਸਰੀਰਾਂ ਲਈ ਵਰਤਿਆ ਜਾ ਸਕਦਾ ਹੈ ਤਾਂ ਕੇਵਲ ਦਸ ਪਾਤਸ਼ਾਹੀਆਂ ਦੇ ਸਰੀਰਾਂ ਲਈ ਅਤੇ ਉਪ੍ਰੰਤ ਅੱਖਰ ਰੂਪ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਲਈ ਹੀ, ਹੋਰ ਕਿਸੇ ਵੀ ਸਰੀਰ ਜਾਂ ਗ੍ਰੰਥ ਲਈ ਨਹੀਂ। ਫ਼ਿਰ ਇਸ ਸਾਰੇ ਦੀ ਸਮਝ ਤੇ ਇਸ ਬਾਰੇ ਜਾਗ੍ਰਿਤੀ ੴ ਤੋਂ “ਤਨੁ ਮਨੁ ਥੀਵੈ ਹਰਿਆ ਤੱਕ” ਦੀ ਰਚਨਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਡੁਬਕੀ ਲਗਾਏ ਬਿਨਾ ਤੇ ਉਸ ਦੇ ਲਈ ਕਰਤੇ ਦੀ ਬਖ਼ਸ਼ਿਸ਼ ਬਿਨਾ ਕਤੱਈ ਸੰਭਵ ਨਹੀਂ।

“ਹਉਮੈ ਤ੍ਰਿਸਨਾ ਸਭ ਅਗਨਿ ਬੁਝਈ” -ਦਰਅਸਲ ਇਸ ਪੱਖੋਂ ਅੱਜ ਸਭ ਤੋਂ ਵੱਡਾ ਨੁੱਕਸ ਜੋ ਸਾਡੇ ਸਮੂਚੇ ਪ੍ਰਚਾਰ ਪ੍ਰਬੰਧ `ਚ ਹੈ ਉਹ ਇਹ ਕਿ ਅਸੀਂ ਗੁਰਬਾਣੀ ਆਧਾਰ `ਤੇ ਗੁਰੂ ਪਦ ਦੇ ਦੋ ਪੱਖ- ਪਹਿਲਾ-ਗੁਰੂ ਦੇ ਲੜ ਲਗਣ ਜਾਂ ਗੁਰੂ ਨੂੰ ਧਾਰਨ ਕਰਣ ਤੇ ਦੂਜਾ ਪੱਖ, ਗੁਰਬਾਣੀ ਰਾਹੀਂ ਪ੍ਰਗਟਾਏ, ਗੁਰੂ ਦੇ ਬੇਅੱਤ ਗੁਣਾਂ ਦਾ ਪ੍ਰਚਾਰ ਤਾਂ ਬਹੁਤ ਕਰ ਰਹੇ ਹਾਂ। ਉਨ੍ਹਾਂ ਗੁਣਾਂ ਦੇ ਜਿਨ੍ਹਾਂ ਗੁਣਾਂ ਦਾ, ਆਪਣੇ ਅੰਦਰ ਹੋਣ ਦਾ ਧੋਖਾ ਤੇ ਭੁਲੇਖਾ ਇਹ ਪਾਖੰਡੀ ਦੰਭੀ ਗੁਰੂ ਵੀ ਦੇ ਰਹੇ ਹਨ ਅਤੇ ਭੋਲੀਆਂ ਭਾਲੀਆਂ ਸੰਗਤਾਂ ਅਜਿਹਾ ਧੋਖਾ ਖਾ ਵੀ ਰਹੀਆਂ ਹਨ।

ਇਸ ਤੋਂ ਬਾਅਦ ਗੁਰਬਾਣੀ ਰਾਹੀਂ ਹੀ ਪ੍ਰਗਟਾਏ ‘ਗੁਰੂ’ ਦੇ ਤੀਜੇ ਪਖ ਨੂੰ ਇਹ ਸੱਜਨ ਸਪਸ਼ਟ ਨਹੀਂ ਕਰ ਪਾ ਰਹੇ। ਗੁਰਬਾਣੀ ਰਾਹੀ ਪ੍ਰਗਟ ਗੁਰੂ ਦਾ ਹੀ ਤੀਜਾ ਪੱਖ ਹੈ ਕਿ ਗੁਰਬਾਣੀ ਰਾਹੀ ਪ੍ਰਗਟ ਗੁਰੂ ਸਰਬਕਾਲੀ, ਮਨੁੱਖਾ ਜੀਵਨ ਅੰਦਰੋਂ “ਹਉਮੈ ਤ੍ਰਿਸਨਾ ਸਭ ਅਗਨਿ ਬੁਝਈ” (ਪੰ: ੨੩੩) ਭਾਵ ਹਉਮੈ, ਵਿਕਾਰ, ਆਸ਼ਾ, ਤ੍ਰਿਸ਼ਨਾ, ਭਟਕਣਾ, ਮੰਗਾਂ ਆਦਿ ਦਾ ਨਿਵਾਰਣ ਕਰਦਾ ਹੈ। ਜਦਕਿ ਦੂਜੇ ਪਾਸੇ ਉਨ੍ਹਾਂ ਹੀ ਆਸ਼ਾਵਾਂ, ਤ੍ਰਿਸ਼ਨਾਵਾਂ, ਭਟਕਣਾ, ਸੰਸਾਰਕ ਤੇ ਸਰੀਰਕ ਮੰਗਾਂ ਆਦਿ ਨੂੰ ਇਹ ਸੰਸਾਰਕ ਤੇ ਢੋਂਗੀ ਗੁਰੂ, ਸ਼੍ਰਧਾਲੁਆਂ ਦੇ ਜੀਵਨ ਅੰਦਰ ਵਧਾਉਂਦੇ ਹਨ; ਕਿਉਂਕਿ ਇਸੇ ਤੋਂ ਇਨ੍ਹਾਂ ਦੀਆਂ ਦੁਕਾਨਾਂ ਚਲਦੀਆਂ ਹਨ।

ਇਸ ਤੋਂ ਇਲਾਵਾ ਬਹੁਤਾ ਕਰਕੇ ਸਾਡੇ ਪ੍ਰਚਾਰਕ ਇਹ ਵੀ ਨਹੀਂ ਦੱਸ ਪਾ ਰਹੇ ਕਿ ਗੁਰਬਾਣੀ ਰਾਹੀਂ ਪ੍ਰਗਟ ਸਦੀਵੀ ਤੇ ਸਦਾ ਥਿਰ ਗੁਰੂ-ਸਤਿਗਰੂ, ਸ਼ਬਦ ਗੁਰੂ ਆਪਣੇ ਜਗਿਆਸੂ ਨੂੰ ਆਪਣੇ ਨਾਲ ਨਹੀਂ ਬਲਕਿ ਉਸ ਦੇ ਜੀਵਨ ਅੰਦਰੋਂ ਹਉਮੈ ਤੇ ਮੈਂ-ਮੇਰਾ ਦਾ ਨਾਸ ਕਰਕੇ ਜਗਿਆਸੂ ਨੂੰ “ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ(ਪੰ: ੪੭੦) ਭਾਵ ਸਦਾ ਥਿਰ ਅਕਾਲਪੁਰਖ ਨਾਲ ਹੀ ਬਜੋੜਦਾ ਹੈ। ਦਸਾਂ ਪਾਤਸ਼ਾਹੀਆਂ ਦੇ ਜੀਵਨ ਅੰਦਰੋਂ ਇਸ ਵਿਸ਼ੇ ਨੂੰ ਵੀ ਸਹਿਜੇ ਹੀ ਪਹਿਚਾਣਿਆ ਜਾ ਸਕਦਾ ਹੈ ਕਿ ਗੁਰੂ ਪਾਤਸ਼ਾਹੀਆਂ ਨੇ ਕਿਧਰੇ ਵੀ ਗਗਿਆਸੂ ਨੂੰ ਆਪਣੇ ਸਰੀਰਾਂ ਨਾਲ ਨਹੀਂ ਬਲਕਿ ਸਿੱਧਾ ੴ ਨਾਲ ਹੀ ਜੋੜਿਆ ਹੈ।

ਜਦਕਿ ਇਥੇ ਵੀ ਅਤੇ ਇਸ ਦੇ ਉਲਟ ਇਹ ਦੰਭੀ-ਪਾਖੰਡੀ, ਮਨੁਖ ਅੰਦਰ ਸਰੀਰਕ ਪੂਜਾ ਨੂੰ ਪ੍ਰਚੰਡ ਕਰਦੇ ਤੇ ਆਪਣੇ ਨਾਲ ਜੋੜਦੇ ਹਨ ਤਾਕਿ ਉਹ ਲੋਕ ਇਨ੍ਹਾਂ ਦੇ ਅੱਗੇ ਪਿਛੇ ਘੁੰਮਦੇ ਰਹਿਣ। ਅਤੇ ਇਸ ਤਰ੍ਹਾਂ ਇਹ ਦੰਭੀ, ਉਨ੍ਹਾਂ ਪ੍ਰਵਾਰਾਂ ਦੀਆਂ ਜੁਆਨੀਆਂ ਨੂੰ ਆਪਣੇ ਚੁੰਗਲ `ਚ ਫ਼ਸਾਉਂਦੇ, ਉਨ੍ਹਾਂ ਦੇ ਪਲਾਟਾਂ-ਜਾਇਦਾਦਾ ਫ਼ਸਲਾਂ ਆਦਿ ਨੂੰ ਹੜਪਦੇ ਤੇ ਹੋਰ ਬਹੁਤ ਕੁੱਝ ਕਰਦੇ ਹਨ।

ਇਸ ਲਈ ਸਚਾਈ ਇਹੀ ਹੈ ਕਿ ਜੇਕਰ ਸੰਸਾਰ ਤੱਲ `ਤੇ ਗੁਰਬਾਣੀ ਰਾਹੀਂ ਪ੍ਰਗਟ ਸਦੀਵੀ ਗੁਰੂ ਵਾਲੇ ਸਿਧਾਂਤ ਤੇ ਲਫ਼ਜ਼ ਨੂੰ ਵਰਤਿਆ ਜਾ ਸਕਦਾ ਉਹ ਕੇਵਲ ਦਸ ਪਾਤਸ਼ਾਹੀਆਂ ਅਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਲਈ ਹੀ ਅਤੇ ਉਨ੍ਹਾਂ ਤੋਂ ਇਲਾਵਾ ਗੁਰਬਾਣੀ ਆਧਾਰ `ਤੇ ਸੰਸਾਰ ਤੱਲ `ਤੇ ਮਨੁੱਖੀ ਸਰੀਰਾਂ ਲਈ ਲਫ਼ਜ਼ ‘ਗੁਰੂ’ ਹੋਰ ਕਿਸੇ ਲਈ ਨਹੀਂ ਵਰਤਿਆ ਜਾ ਸਕਦਾ। ਇਸ ਤਰ੍ਹਾਂ ਸਾਡੇ ਪ੍ਰਚਾਰਕਾਂ ਲਈ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਪਦ ਦੇ ਗੁਰਬਾਣੀ ਆਧਾਰਤ ਅਰਥਾਂ ਨੂੰ ਪੁਰਾਤਨ ਅਰਥਾਂ ਤੋਂ ਪੂਰੀ ਤਰ੍ਹਾਂ ਨਿਖੇੜ ਕੇ ਦ੍ਰਿੜਤਾ ਨਾਲ ਇਸ ਤੀਜੇ ਪੱਖ ਨੂੰ ਆਧਾਰ ਬਨਾ ਕੇ ਗੁਰੂ ਕੀਆਂ ਸੰਗਤਾਂ ਵਿਚਕਾਰ ਸਪਸ਼ਟ ਕਰਣ ਅਤੇ ਇਸ ਸਬੰਧੀ ਭਰਵੇਂ ਤੇ ਯੋਗ ਪ੍ਰਚਾਰ ਦੀ ਲੋੜ ਹੈ।

ਇਹ ਨਹੀਂ ਕਿ ਗੁਰੂ ਪਾਤਸ਼ਾਹੀਆਂ ਲਈ ਹੀ ਗੁਰੂ ਲਫ਼ਜ਼ ਦੇ ਵਰਤਣ ਤੋਂ ਸੰਕੋਚ ਤੇ ਪਰਹੇਜ਼ ਕੀਤਾ ਜਾਵੇ ਕਿਉਕਿ ਪਾਖੰਡੀ ਇਸ ਦੀ ਕੁਵਰਤੋਂ ਕਰਕੇ ਸੰਗਤਾਂ ਨੂੰ ਉਲਝਾ ਰਹੇ ਹਨ। ਅਜਿਹਾ ਹੋਣਾ ਯਕੀਨਣ ਸਾਡੇ ਪ੍ਰਚਾਰ ਪ੍ਰਬੰਧ ਦੀ ਕਮਜ਼ੋਰੀ ਹੈ ਜਿਸ ਨੂੰ ਸੰਭਲਣ ਦੀ ਲੋੜ ਹੈ ਨਾ ਕਿ ਵਿਰੋਧੀਆਂ ਤੇ ਦੋਖੀਆਂ ਨੂੰ ਇਸ ਦੇ ਲਈ ਖੁੱਲਾ ਅਵਸਰ ਤੇ ਮੌਕਾ ਦੇਣ ਦੀ।

ਗੁਰੂ ਪਦ ਗੁਰੂ ਕਾਲ ਸਮੇਂ ਤੇ ਅੱਜ- ਇਹੀ ਮੁੱਖ ਕਾਰਨ ਹੈ ਜੋ ਗੁਰੂ ਕਾਲ ਭਾਵ ਦਸਾਂ ਹੀ ਗੁਰੂ ਪਾਤਸ਼ਾਹੀਆਂ ਵੇਲੇ ਬਲਕਿ ਗੁਰੂ ਪ੍ਰਵਾਰਾਂ `ਚੋਂ ਪਾਖੰਡੀ ਗੁਰੂਆਂ ਦੀਆਂ ਦੁਕਾਨਾ ਖੁੱਲੀਆਂ ਤਾਂ ਬਹੁਤ ਪਰ ਪੂਰੀ ਤਰ੍ਹਾਂ ਅਸਫ਼ਲ ਹੋਈਆਂ; ਉਨ੍ਹਾਂ `ਚੋਂ ਇੱਕ ਵੀ ਸਫ਼ਲ ਨਾ ਹੋਈ। ਕਿਉਂਕਿ ਗੁਰੂ ਕੀਆਂ ਸੰਗਤਾਂ ਤੱਕ ਗੁਰਬਾਣੀ ਅਨੁਸਾਰ ਸੰਗਤਾਂ ਨੂੰ ਨਿਵੇਕਲਾ ਗੁਰੂ ਪਦ ਪੂਰੀ ਤਰ੍ਹਾਂ ਸਪਸ਼ਟ ਸੀ। ਇਤਨਾ ਹੀ ਨਹੀਂ ਬਲਕਿ ਗੁਰਬਾਣੀ ਦੇ ਸੱਚ ਰਾਹੀਂ ਉਨ੍ਹਾਂ ਦੇ ਜੀਵਨ ਅੰਦਰ ਸੱਚੇ ਤੇ ਸਦਾ ਥਿਰ ਸਤਿਗੁਰੂ, ਸ਼ਬਦ ਗੁਰੂ ਦਾ ਪ੍ਰਕਾਸ਼ ਹੋ ਵੀ ਰਿਹਾ ਸੀ, ਉਨ੍ਹਾਂ ਦੀ ਆਤਮਕ ਅਵਸਥਾ ਨਿੱਤ ਇਲਾਹੀ ਉੱਚਾਈਆਂ ਵੱਲ ਜਾ ਰਹੀ ਸੀਨ ਨਿਵਾਣ ਨੂੰ ਨਹੀਂ।

ਇਸ ਦੇ ਉਲਟ ਅੱਜ ਜੇ ਕੋਈ ਬਿਹਾਰ ਤੋਂ ਨੂਰਮਹਲੀਆ ਵੀ ਉਠ ਕੇ ਆਉਂਦਾ ਹੈ. ਕੋਈ ਭਨਿਆਰਾ, ਜਾਂ ਕੋਈ ਗੁਗੇ ਦਾ ਪੁਜਾਰੀ ਜਾਂ ਫ਼ਿਰ ਤੋਂ ਸ੍ਰੀ ਚੰਦ-ਰਾਮਰਾਇ ਆਦਿ ਦੇ ਨਾਮ `ਤੇ ਹੀ ਦੁਕਾਨਾਂ ਖੁਲਦੀਆਂ ਹਨ ਤਾਂ ਉਥੇ ਸੰਗਤਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਗੁਰਦੁਆਰੇ ਖਾਲੀ ਪਏ ਹਨ।

ਉਂਜ ਇਹ ਸਾਰੇ ਵਿਸ਼ੇ ਅਸੀਂ ਗੁਰਮੱਤ ਪਾਠ ੨੧੦ “ਗੁਰੁ ਨਾਨਕੁ ਤੁਠਾ, ਕੀਨੀ ਦਾਤਿ” ਤੇ ੨੧੧ “ਗੁਰੂ ਪਦ ਅਤੇ ਗੁਰੂ ਹਸਤੀਆਂ” `ਚ ਵੀ ਅਤੇ ਲੋੜ ਅਨੁਸਾਰ ਕੁੱਝ ਹੋਰ ਗੁਰਮੱਤ ਪਾਠਾਂ ਵਿਚਾਰ ਚੁੱਕੇ ਹਾਂ ਇਸ ਲਈ ਉਸ ਬਾਰੇ ਇਥੇ ਬਹੁਤੇ ਤੇ ਇਸ ਤੋਂ ਵੱਧ ਵੇਰਵੇ ਦੀ ਲੋੜ ਨਹੀਂ। ਇਸ ਤੋਂ ਬਾਂਅਦ, ਕਿਉਂਕਿ ਇਸੇ ਪੱਖ ਤੋਂ ਹੱਥਲੇ ਗੁਰਮੱਤ ਪਾਠ ਦਾ ਬਹੁਤਾ ਸਬੰਧ ਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ `ਚੋਂ ਇਸ ਸਚਾਈ ਤੱਕ ਪੁੱਜਣਾ ਹੈ। ਇਹ ਦੇਖਣਾ ਹੈ ਕਿ ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਪਾਤਸ਼ਾਹ ਤੇ ਉਸ ਸਮੇਂ ਤੱਕ ਦੀਆਂ ਬਾਕੀ ਗੁਰੂ ਹਸਤੀਆਂ ਲਈ ਗੁਰੂ ਪਦ ਖੁੱਲ ਕੇ ਵਰਤਿਆ ਹੈ। ਇਸ ਲਈ ਇਸ ਵਿਸ਼ੇ ਨੂੰ ਇਥੇ ਅਸੀਂ ਨਿਰੋਲ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿਤਾਂ `ਚੋਂ ਹੀ ਲੈ ਰਹੇ ਹਾਂ ਜੋ ਇਸ ਪ੍ਰਕਾਰ ਹੈ:-

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ (੧-੨੭-੧)

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ (੧-੨੭-੨)

====

ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ॥ (੧-੪੫-੪)

ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ॥ (੧-੪੫-੫)

ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥ (੧-੪੫-੬)

ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥ (੧-੪੫-੭)

ਕਾਯਾਂ ਪਲਟ ਸਰੂਪ ਬਣਾਯਾ॥ (੧-੪੫-੮)

====
ਸੋ ਟਿਕਾ ਸੋ ਛਤ੍ਰ ਸਿਰ ਸੋਈ ਸਚਾ ਤਖਤ ਟਿਕਾਈ॥ (੧-੪੬-੧)

ਗੁਰ ਨਾਨਕ ਹੰਦੀ ਮੋਹਰ ਹਥ ਗੁਰ ਅੰਗਦ ਦੀ ਦੋਹੀ ਫਿਰਾਈ॥ (੧-੪੬-੨)

====

ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ॥ (੧-੪੬-੫)

ਗੁਰ ਬੈਠਾ ਅਮਰ ਸਰੂਪ ਹੋ ਗੁਰਮੁਖ ਪਾਈ ਦਾਤ ਇਲਾਹੀ॥ (੧-੪੬-੬)

====

ਗੁਰ ਚੇਲੇ ਰਹਿਰਾਸ ਅਲਖ ਅਭੇਉ ਹੈ॥ (੩-੨-੧)

ਗੁਰ ਚੇਲੇ ਸ਼ਾਬਾਸ਼ ਨਾਨਕ ਦੇਉ ਹੈ॥ (੩-੨-੨)

====

ਸਤਿਗੁਰ ਨਾਨਕ ਦੇਉ ਗੁਰਾਂ ਗੁਰ ਹੋਇਆ॥ (੩-੧੨-੧)

ਅੰਗਦ ਅਲਖ ਅਮੇਉ ਸਹਿਜ ਸਮੋਇਆ॥ (੩-੧੨-੨)

ਅਮਰਹੁ ਅਮਰ ਸਮੇਉ ਅਲਖ ਅਲੋਇਆ॥ (੩-੧੨-੩)

ਰਾਮ ਨਾਮ ਅਰਿ ਖੇਉ ਅੰਮ੍ਰਿਤ ਚੋਇਆ॥ (੩-੧੨-੪)

ਗੁਰ ਅਰਜਨ ਕਰ ਸੇਉ ਢੋਐ ਢੋਇਆ॥ (੩-੧੨-੫)

ਗੁਰ ਹਰਿ ਗੋਬਿੰਦ ਅਮੇਉ ਵਿਲੋਇ ਵਿਲੋਇਆ॥ (੩-੧੨-੬)

ਸੱਚਾ ਸਚ ਸੁਚੇਉ ਸਚ ਖਲੋਇਆ॥ (੩-੧੨-੭)

====

ਪਾਰਬ੍ਰਹਮ ਪੂਰਣ ਬ੍ਰਹਮ ਗੁਰ ਨਾਨਕ ਦੇਉ॥ (੧੩-੨੫-੧)

ਗੁਰ ਅੰਗਦ ਗੁਰ ਅੰਗ ਤੇ ਸਚ ਸ਼ਬਦ ਸਮੇਉ॥ (੧੩-੨੫-੨)

ਅਮਰਾ ਪਦ ਗੁਰੁ ਅੰਗਦਹੁੰ ਅਤਿ ਅਲਖ ਅਭੇਉ॥ (੧੩-੨੫-੩)

ਗੁਰ ਅਮਰਹੁੰ ਗੁਰੁ ਰਾਮਦਾਸ ਗਤਿ ਅਛਲ ਛਲੇਉ॥ (੧੩-੨੫-੪)

ਰਾਮਦਾਸ ਅਰਜਨ ਗੁਰੂ ਅਬਿਚਲ ਅਰਖੇਉ॥ (੧੩-੨੫-੫)

ਹਰਿਗੋਵਿੰਦ ਗੋਵਿੰਦ ਗੁਰੁ ਕਾਰਣ ਕਰਣੇਉ॥ (੧੩-੨੫-੬)

=====

ਸਤਿਗੁਰ ਨਾਨਕ ਦੇਉ ਆਪ ਉਪਾਇਆ॥ (੨੦-੧-੨)

ਗੁਰ ਅੰਦਰ ਗੁਰਸਿਖੁ ਬਬਾਣੈ ਆਇਆ॥ (੨੦-੧-੩)

ਗੁਰਸਿਖੁ ਹੈ ਗੁਰ ਅਮਰ ਸਤਿਗੁਰ ਭਾਇਆ॥ (੨੦-੧-੪)

ਰਾਮਦਾਸੁ ਗੁਰਸਿਖੁ ਗੁਰੁ ਸਦਵਾਇਆ॥ (੨੦-੧-੫)

ਗੁਰੁ ਅਰਜਨੁ ਗੁਰਸਿਖੁ ਪਰਗਟੀ ਆਇਆ॥ (੨੦-੧-੬)

ਗੁਰਸਿਖੁ ਹਰ ਗੋਵਿੰਦ ਨ ਲੁਕੈ ਲੁਕਾਇਆ॥ (੨੦-੧-੭)

====

ਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ॥ (੨੪-੨-੬)

ਜਗਤੁ ਗੁਰੂ ਗੁਰੁ ਨਾਨਕ ਦੇਉ॥॥ (੨੪-੨-੭)

=====

ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ॥ (੨੪-੩-੧)

ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ॥ (੨੪-੩-੨)

ਬੇਸੁਮਾਰੁ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ॥ (੨੪-੩-੩)

ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ॥ (੨੪-੩-੪)

ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ॥ (੨੪-੩-੫)

ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ॥ (੨੪-੩-੬)

ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ॥ (੨੪-੩-੭)

ਜਾਹਰ ਪੀਰ ਜਗਤੁ ਗੁਰੁ ਬਾਬਾ॥ (੨੪-੩-੮)

= ===

ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ॥ (੨੪-੨੫-੧)

ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ॥ (੨੪-੨੫-੨)

ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ॥ (੨੪-੨੫-੩)

ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ॥ (੨੪-੨੫-੪)

ਰਾਮਦਾਸਹੁ ਅਰਜਨੁ ਗੁਰੂ ਦਰਸਨੁ ਦਰਪਨਿ ਵਿਚਿ ਦਿਖਾਇਆ॥ (੨੪-੨੫-੫)

ਹਰਿਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦ ਨਾਉ ਸਦਵਾਇਆ॥ (੨੪-੨੫-੬)

ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥ (੨੪-੨੫-੭)

ਪੈਰੀ ਪਾਇ ਸਭ ਜਗਤੁ ਤਰਾਇਆ॥ (੨੪-੨੫-੮)

=====

ਸਤਿਗੁਰ ਨਾਨਕ ਦੇਉ ਹੈ ਪਰਮੇਸਰੁ ਸੋਈ॥ (੩੮-੨੦-੧)

ਗੁਰੁ ਅੰਗਦੁ ਗੁਰੁ ਅੰਗ ਤੇ ਜੋਤੀ ਜੋਤਿ ਸਮੋਈ॥ (੩੮-੨੦-੨)

ਅੰਰਾਪਦੁ ਗੁਰੁ ਅੰਗਦਹੁੰ ਹੁਇ ਜਾਣੁ ਜਣੋਈ॥ (੩੮-੨੦-੩)

ਗੁਰੁ ਅਮਰਹੁੰ ਗੁਰਬ ਰਾਮਦਾਸ ਅੰਮ੍ਰਿਤ ਰਸੁ ਭੋਈ॥ (੩੮-੨੦-੪)

ਰਾਮਦਾਸਹੁੰ ਅਰਜਨ ਗੁਰੂ ਗੁਰੁ ਸਬਦ ਸਥੋਈ॥ (੩੮-੨੦-੫)

ਹਰਿਗੋਵਿੰਦ ਗੁਰੁ ਅਰਜਨਹੁੰ ਗੁਰੁ ਗੋਵਿੰਦੁ ਹੋਈ॥ (੩੮-੨੦-੬)

ਗੁਰਮੁਖਿ ਸੁਖਫਲ ਪਿਰਮ ਰਸੁ ਸਤਿਸੰਗ ਅਲੋਈ॥ (੩੮-੨੦-੭)

ਗੁਰੁ ਗੋਵਿੰਦਹੁੰ ਬਾਹਿਰਾ ਦੂਜਾ ਨਹੀ ਕੋਈ॥ (੩੮-੨੦-੮)

=====

ਸਤਿਗੁਰ ਨਾਨਕ ਦੇਉ ਹੈ ਗੁਰੁ ਅੰਗਦੁ ਅੰਗਹੁਂ ਉਪਜਾਇਆ॥ (੩੯-੨-੭)

ਅੰਗਦ ਤੇ ਗੁਰੁ ਅਮਰਪਦ ਅੰਮ੍ਰਿਤ ਰਾਮ ਨਾਮੁ ਗੁਰੁ ਭਾਇਆ॥ (੩੯-੨-੮)

ਰਾਮਦਾਸ ਗੁਰੁ ਅਰਜਨ ਛਾਇਆ॥ (੩੯-੨-੯)

====== ਕਬਿਤਾਂ ਵਿਚੋਂ ======

ਸੋਰਠਾ: ਅਬਿਗਤਿ ਅਲਖ ਅਭੇਵ ਅਗਮ ਆਰ ਅਨੰਤ ਗੁਰ॥ (੨-੧)

ਸਤਿਗੁਰ ਨਾਨਕ ਦੇਵ ਪਾਰਬ੍ਰਹਮ ਪੂਰਨ ਬ੍ਰਹਮ॥ (੨-੨)

ਦੋਹਰਾ: ਅਗਮ ਅਪਾਰ ਅਨੰਤ ਗੁਰ ਅਬਿਗਤ ਅਲਖ ਅਭੇਵ॥ (੨-੩)

ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕਦੇਵ॥ (੨-੪)

ਛੰਦ: ਸਤਿਗੁਰ ਨਾਨਕਦੇਵ ਦੇਵ ਦੇਵੀ ਸਭ ਧਿਆਵਹਿ॥ (੨-੫)

ਮੁੱਕਦੀ ਗੱਲ ਕਿ ਇਸ ਪਾਸਿਓਂ ਸਾਨੂੰ ਬਹੁਤ ਸੁਚੇਤ ਹੋ ਕੇ ਚਲਣ ਦੀ। ਬਲਕਿ ਇਸ ਸਾਰੇ ਦੇ ਬਦਲੇ ਲੋੜ ਹੈ ਕਿ ਅਸੀਂ ਕੌਮ ਅੰਦਰ ਬਣ ਚੁੱਕੇ ਵਾਧੂ ਦੇ ਬਖੇੜਿਆਂ ਨੂੰ ਨਿਰੋਲ ਗੁਰਬਾਣੀ ਆਧਾਰ `ਤੇ ਹੰਸ ਬਿਰਤੀ ਨਾਲ ਸਮੇਟੀਏ ਤਾ ਕਿ ਗੁਰੂ ਕੀਆਂ ਸੰਗਤਾਂ ਨੂੰ ਯੋਗ ਸੇਧ ਦੇ ਸਕੀਏ। ਨਾ ਕਿ ਅਸੀਂ ਖੁੱਦ ਬੇਸ਼ੱਕ ਅਨਜਾਣੇ `ਚ ਹੀ ਸਹੀ ਪਰ ਕਿਸੇ ਨਵੇਂ ਬਖੇੜਿਆਂ ਨੂੰ ਜਨਮ ਤੇ ਹਵਾ ਦੇਣ ਦਾ ਕਾਰਨ ਬਣੀਏ।

ਯਕੀਨਣ, ਗੁਰਬਾਣੀ ਅਨੁਸਾਰ ਸਰੀਰਕ ਗੁਰੂ ਉਹ ਲੋਕ ਨਹੀਂ ਹਨ ਜਿਨ੍ਹਾਂ ਬਾਰੇ ਪੁਰਾਤਨ ਤੇ ਲੰਮੇਂ ਸਮੇਂ ਤੋਂ ਗੁਰੂ ਲਫ਼ਜ਼ ਵਰਤਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਬਲਕਿ ਗੁਰਬਾਣੀ ਅਨੁਸਾਰ ਜੋ ਗੁਰੂ ਪਦ ਹੈ ਉਹ ਗੁਰੂ ਸਰਬਕਾਲੀ, ਸਰਬ ਵਿਆਪੀ, ਸਦਾ ਥਿਰ ਤੇ ਜਨਮ-ਮਰਣ ਤੋਂ ਰਹਿਤ “ਗੁਰੁ ਪਰਮੇਸਰੁ ਪਾਰਬ੍ਰਹਮੁ. .” (ਪੰ: ੪੯) ਅਥਵਾ “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨) ਭਾਵ ਗੁਰਬਾਣੀ ਰਾਹੀਂ ਪ੍ਰਗਟ ਗੁਰੂ, ਪ੍ਰਭੂ ਤੋਂ ਭਿੰਨ ਨਹੀਂ। ਇਸ ਤਰ੍ਹਾਂ ਦਸੋਂ ਹੀ ਗੁਰੂ ਹਸਤੀਆਂ ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ ਇਲਾਹੀ ਤੇ ਰੱਬੀ ਸੱਚ ਦਾ ਸਬੂਤ ਹਨ, ਜਿਨ੍ਹਾਂ ਤੋਂ ਬਿਨਾ ਇਹ ਸਦੀਵੀ ਸੱਚ ਕਦੇ ਪ੍ਰਗਟ ਹੀ ਨਹੀਂ ਸੀ ਹੋਣਾ। #212s10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 212

ਗੁਰੂ ਪਦ, ਗੁਰੂ ਹਸਤੀਆਂ ਤੇ ਗੁਰਗਦੀ ਸੌਪਣਾ

ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿਚੋਂ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.