ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 02)
ਸ਼ਬਦ,
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ॥
ਈਹਾ ਸੁਖੁ ਨਹੀਂ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ॥ ੧॥
ਨਿੰਦਕਿ ਅਹਿਲਾ ਜਨਮੁ ਗਵਾਇਆ॥
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ॥ ੧॥ ਰਹਾਉ॥
ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ॥
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸ ਪਹਿ ਕਰੇ ਪੁਕਾਰਾ॥ ੨॥
ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ॥
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ॥ ੩॥
ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ॥
ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ॥ ੪॥ ੨॥ (੩੮੧)
॥ ਰਹਾਉ॥ ਨਿੰਦਕਿ ਅਹਿਲਾ ਜਨਮੁ ਗਵਾਇਆ॥
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ॥ ੧॥ ਰਹਾਉ॥
ਨਿੰਦਾ ਕਰਨ ਵਾਲੇ ਨੇ ਆਪਣਾ ਕੀਮਤੀ ਜੀਵਨ, ਬਿਨਾ ਕਿਸੇ ਕਮਾਈ ਦੇ, ਐਂਵੇਂ ਬੇਕਾਰ ਵਿੱਚ ਹੀ ਗਵਾ
ਲਿਆ। (ਇਸ ਵਿਚੋਂ ਇੱਕ ਚੀਜ਼ ਜ਼ਾਹਰ ਹੁੰਦੀ ਹੈ ਕਿ ਇਹ ਮਨੁੱਖਾ ਜੀਵਨ, ਬੜਾ ਕੀਮਤੀ ਹੈ। ਅਤੇ ਦੋ
ਚੀਜ਼ਾਂ ਵਿਚਾਰਨ ਵਾਲੀਆਂ ਹਨ। ੧. ਨਿੰਦਾ ਕੀ ਹੈ? ੨. ਇਸ ਬੇਸ਼ਕੀਮਤੀ ਜੀਵਨ ਵਿੱਚ ਬੰਦੇ ਨੂੰ ਕੀ
ਕਰਨਾ ਬਣਦਾ ਹੈ, ਜੋ ਉਸ ਨੇ ਨਹੀਂ ਕੀਤਾ?) ਆਉ ਵਿਚਾਰੀਏ।
੧, ਨਿੰਦਾ ਕੀ ਹੈ?
ਆਪਣੇ ਸਵਾਰਥ ਨੂੰ ਮੁੱਖ ਰੱਖ ਕੇ, ਬੰਦੇ ਦੇ ਉਹ ਅਵਗੁਣ ਪਰਚਾਰਨੇ, ਨਸ਼ਰ ਕਰਨੇ, ਜੋ ਉਸ ਵਿੱਚ ਨਾ
ਹੋਣ, ਉਸ ਦੀ ਨਿੰਦਾ ਹੈ। ਜੋ ਅਵਗੁਣ ਉਸ ਵਿੱਚ ਹਨ, ਜਿਨ੍ਹਾਂ ਕਰ ਕੇ ਸਮਾਜ ਜਾਂ ਕਿਸੇ ਵਿਅਕਤੀ ਦਾ
ਨੁਕਸਾਨ ਹੋ ਰਿਹਾ ਹੋਵੇ, ਜਾਂ ਹੋਣ ਦੀ ਸੰਭਾਵਨਾ ਹੋਵੇ, ਉਸ ਤੋਂ ਸਮਾਜ ਨੂੰ, ਜਾਂ ਉਸ ਬੰਦੇ ਨੂੰ
ਸੁਚੇਤ ਕਰਨਾ, ਨਿੰਦਾ ਨਹੀਂ, ਸੱਚ ਬੋਲਣਾ ਹੈ। ਇਵੇਂ ਹੀ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ, ਕਿਸੇ
ਬੰਦੇ ਉਹ ਗੁਣ ਪਰਚਾਰਨੇ, ਜੋ ਉਸ ਵਿੱਚ ਨਾ ਹੋਣ, ਉਸ ਦੀ ਵਡਿਆਈ ਨਹੀਂ, ਚਾਪਲੂਸੀ, ਖੁਸ਼ਾਮਦ ਹੈ। ਇਹ
ਦੋਵੇਂ ਕੰਮ ਬਹੁਤ ਸਾਰੇ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਕਰਦੇ (ਝੁਠ ਬੋਲਦੇ)
ਰਹਿੰਦੇ ਹਨ।
੨, ਇਸ ਬੇਸ਼ਕੀਮਤੀ ਮਨੁੱਖਾ ਜੂਨ ਵਿੱਚ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ?
ਇਸ ਬਾਰੇ ਗੁਰਬਾਣੀ ਸੇਧ ਦਿੰਦੀ ਹੈ,
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ॥
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ॥
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ॥ ੧॥
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ ੧॥ ਰਹਾਉ॥
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ॥
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ॥
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ॥ ੨॥
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ॥
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ॥
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ॥ ੩॥
ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ॥
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ॥
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ॥ ੪॥ (੪੩)
॥ ਰਹਾਉ॥ ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ ੧॥ ਰਹਾਉ॥
ਹੇ ਪ੍ਰਾਣੀ ਤੂੰ ਜਗਤ ਵਿੱਚ ਲਾਹਾ, ਲਾਭ ਫਾਇਦਾ ਖੱਟਣ ਆਇਆ ਸੀ। ਪਰ ਤੂੰ ਕਿਸ ਖੁਆਰੀ ਵਾਲੇ ਕੰਮ
ਵਿਚ ਰੁੱਝਾ ਪਿਆ ਹੈਂ? ਤੇਰੀ ਜ਼ਿੰਦਗੀ ਦਾ ਸਮਾ ਅਗਿਆਨਤਾ ਵਿੱਚ ਹੀ ਬੀਤਦਾ ਜਾ ਰਿਹਾ ਹੈ।
॥ ੧॥ ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ॥
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ॥
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ॥ ੧॥
ਹਰ ਰੋਜ਼ ਇਸ ਸਰੀਰ ਨੂੰ ਪਾਲਣ-ਪੋਸਣ ਦਾ ਯਤਨ ਤਾਂ ਕਰੀਦਾ ਹੈ, ਪਰ ਜ਼ਿੰਦਗੀ ਦਾ ਮਕਸਦ ਸਮਝੇ ਬਗੈਰ,
ਬੰਦਾ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ। ਇਸ ਨੂੰ ਕਦੀ ਪਰਮਾਤਮਾ ਦੀ ਯਾਦ ਨਹੀਂ ਆਉਂਦੀ, ਅਤੇ ਆਖਿਰ
ਵਿਚ, ਜਦ ਇਹ ਮਰ ਜਾਂਦਾ ਹੈ ਤਾਂ, ਮਸਾਣਾਂ ਜਾਂ ਕਬਰਿਸਤਾਨ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ।
ਹੇ ਪ੍ਰਾਣੀ, ਸਤਿਗੁਰ, ਸ਼ਬਦ ਗੁਰੂ ਨਾਲ ਮਨ ਜੋੜ ਕੇ ਸਦਾ ਕਾਇਮ ਰਹਿਣ ਵਾਲਾ ਆਨੰਦ ਮਾਣਦਾ ਰਹੁ।
॥ ੨॥ ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ॥
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ॥
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ॥ ੨॥
ਪਸੂ ਅਤੇ ਪੰਛੀ ਕਲੋਲਾਂ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਮੌਤ ਦੀ ਪਰਵਾਹ ਨਹੀਂ ਹੁੰਦੀ, ਪਰ ਮਨੁੱਖ
ਅਕਲ ਹੁੰਦੇ ਹੋਏ ਵੀ, ਮਾਇਆਂ ਮੋਹ ਦੇ ਜਾਲ ਵਿੱਚ ਫਸਿਆ, ਮੌਤ ਤੋਂ ਡਰਦਾ ਰਹਿੰਦਾ ਹੈ। ਇਸ ਮੌਤ ਦੇ
ਡਰ ਤੋਂ ਉਹੀ ਮੁਕਤ ਦਿਸਦੇ ਹਨ ਜਿਹੜੇ ਪਰਮਾਤਮਾ ਦੇ ਸਦਾ ਕਾਇਮ ਰਹਿਣ ਵਾਲੇ, ਅਟੱਲ ਨਾਮ ਦੀ ਸੰਭਾਲ
ਕਰਦੇ ਹਨ। ਉਸ ਪ੍ਰਭੂ ਦੇ ਹੁਕਮ ਦੀ ਪਾਲਣਾ ਕਰਦੇ ਹਨ।
॥ ੩॥ ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ॥
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ॥
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ॥ ੩॥
ਜਿਹੜਾ ਘਰ ਸਦਾ ਲਈ ਛੱਡ ਕੇ ਤੁਰ ਜਾਣਾ ਹੈ, ਉਹ ਤੈਨੂੰ ਮਨੋਂ ਪਿਆਰਾ ਲਗ ਰਿਹਾ ਹੈ। ਪਰ ਜਿਸ ਘਰ
ਵਿੱਚ ਜਾ ਕੇ ਤੂੰ ਵਰਤਣਾ ਹੈ, ਉਸ ਬਾਰੇ ਤੈਨੂੰ ਜ਼ਰਾ ਵੀ ਫਿਕਰ ਨਹੀਂ ਹੈ। ਇਸ ਮੋਹ-ਮਾਇਆ ਦੀ
ਘੁੱਮਣ-ਘੇਰੀ ਵਿਚੋਂ ਉਹੀ ਬੰਦੇ ਬਚਦੇ ਹਨ, ਜਿਹੜੇ ਸ਼ਬਦ ਗੁਰੂ ਦੀ ਚਰਨੀ ਲਗ ਜਾਂਦੇ ਹਨ, ਸ਼ਬਦ ਦੀ
ਵਿਚਾਰ ਅਨੁਸਾਰ ਚਲਦੇ ਹਨ।
॥ ੪॥ ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ॥
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ॥
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ॥ ੪॥
ਹੇ ਨਾਨਕ ਆਖ, ਮੈਂ ਚਾਰੇ ਕੁੰਡਾਂ, ਹਰ ਪਾਸੇ ਭਾਲ ਕੇ ਵੇਖ ਲਿਆ ਹੈ, ਮੈਨੂੰ ਸ਼ਬਦ ਗੁਰੂ ਦੀ ਚਰਨੀ
ਲੱਗਜ਼ ਨਾਲ ਸਮਝ ਆ ਗਈ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਅਜਿਹਾ ਨਹੀਂ ਹੈ, ਜਿਹੜਾ ਮੈਨੂੰ
ਸੰਸਾਰਿਕ ਭਵਸਾਗਰ ਤੋਂ ਬਚਾ ਸਕੇ। ਇਸ ਲਈ ਮੈਂ ਹੁਣ ਉਸ ਦੀ ਹੀ ਸਰਣ ਲਈ ਹੈ। ਅਤੇ ਉਸ ਨੇ ਮੈਨੂੰ
ਭਵਸਾਗਰ ਵਿੱਚ ਡੁੱਬਣ ਤੋਂ ਬਚਾ ਲਿਆ ਹੈ।
ਇਹ ਹੈ ਬੰਦੇ ਦੇ ਜੀਵਨ ਦਾ ਮਨੋਰਥ, ਜਿਸ ਦੀ ਪਰਾਪਤੀ ਲਈ ਬੰਦੇ ਨੂੰ ਬੇਸ਼ਕੀਮਤੀ ਮਨੁੱਖਾ ਜੂਨੀ ਮਿਲੀ
ਹੈ। ਜੋ ਨਿੰਦਕ ਨੇ ਨਿੰਦਾ ਕਰਨ ਵਿੱਚ ਹੀ, ਵਿਅਰਥ ਗਵਾ ਦਿੱਤੀ। ਉਹ ਆਪਣੀ ਅਕਲ ਦੀ ਕਿਸੇ ਸਿਆਣਪ
ਨਾਲ ਵੀ, ਪਰਮਾਤਮਾ ਨਾਲ ਮਿਲਣ ਦੀ ਅਵਸਥਾ ਵਿੱਚ ਨਹੀਂ ਪਹੁੰਚ ਸਕਦਾ। ਇਵੇਂ ਉਸ ਨੂੰ ਪਰਲੋਕ ਵਿਚ,
ਕੋਈ ਆਦਰ ਵਾਲੀ ਥਾਂ ਨਹੀਂ ਮਿਲਦੀ। ਕੋਈ ਚੰਗੀ ਜੂਨ ਨਹੀਂ ਮਿਲਦੀ।
॥ ੧॥ ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ॥
ਈਹਾ ਸੁਖੁ ਨਹੀਂ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ॥ ੧॥
ਨਿੰਦਕ ਦੂਸਰਿਆਂ ਦੀ ਨਿੰਦਾ ਕਰ-ਕਰ ਕੇ, ਉਨ੍ਹਾਂ ਦੀ ਜਨਮਾਂ-ਜਨਮਾਂ ਦੀ ਮੈਲ ਧੋਂਦਾ ਰਹਿੰਦਾ ਹੈ।
(ਏਥੇ ਵੀ ਇਹ ਗੱਲ ਵਿਚਾਰਨ ਵਾਲੀ ਹੈ ਕਿ ਉਹ, ੳਨ੍ਹਾਂ ਬੰਦਿਆਂ ਦੀ ਜਨਮਾਂ-ਜਨਮਾਂ ਦੀ ਮੈਲ ਕਿਵੇਂ
ਧੋਂਦਾ ਰਹਿੰਦਾ ਹੈ?)
ਜਦ ਕਿਸੇ ਬੰਦੇ ਦੀ ਨਿੰਦਿਆ ਹੁੰਦੀ ਹੈ, ਤਾਂ ਆਮ ਬੰਦਾ, ਨਿੰਦਿਆ ਕਰਨ ਵਾਲੇ ਨਾਲ ਉਲਝਦਾ ਰਹਿੰਦਾ
ਹੈ, ਕਿਉਂਕਿ ਉਹ ਨਿੰਦਾ ਨਹੀਂ ਹੁੰਦੀ, ਬਲਕਿ ਸੱਚ ਹੁੰਦਾ ਹੈ, ਜੋ ਉਸ ਨੂੰ ਕੌੜਾ ਲਗਦਾ ਹੈ। ਪਰ
ਗੁਰਮੁਖ ਬੰਦਾ,
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥ ੧॥ ਰਹਾਉ॥ (੭੨੭)
ਅਰਥ, ਹੇ ਭਾਈ, ਅਪਣੇ ਦਿਲ ਦੀ ਹਰ ਵੇਲੇ ਖੋਜ ਕਰਦਾ ਰਹੁ, ਐਵੇਂ ਵਾਦ-ਵਿਵਾਦ ਵਿੱਚ ਨਾ ਉਲਝਦਾ ਰਹੁ।
ਇਹ ਦੁਨੀਆਂ ਜਾਦੂਗਰੀ ਵਾਲਾ ਖੇਲ ਹੈ, ਇਸ ਵਿੱਚ ਕੋਈ ਕਿਸੇ ਦਾ ਹੱਥ ਫੜਨ ਵਾਲਾ ਨਹੀਂ, ਕਿਸੇ ਦਾ
ਭਲਾ ਚਾਹੁਣ ਵਾਲਾ ਨਹੀਂ। ਜਦ ਤੂੰ ਹਰ ਰੋਜ਼ ਆਪਣਾ ਦਿਲ ਖੋਜਦਾ ਰਹੇਂਗਾ, ਉਸ ਨੂੰ ਕਿਵਕਾਰਾਂ ਤੋਂ
ਬਚਾਈ ਰਖੇਂਗਾ, ਫਿਰ ਤੈਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ।
ਇਸ ਸਿਖਿਆ ਅਨੁਸਾਰ, ਚਲਦਿਆਂ, ਰੋਜ਼ ਆਪਣਾ ਦਿਲ ਖੋਜਦਿਆਂ, ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਇਸ
ਨੂੰ ਇਵੇਂ ਵੀ ਸਮਝਾਇਆ ਹੈ,
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ (੧੩੬)
ਜੋ ਅਠਾਹਟ ਤੀਰਥਾਂ ਦੇ ਇਸ਼ਨਾਨ ਦਾ ਪੁੰਨ, ਬ੍ਰਾਹਮਣਾ ਵਲੋਂ ਮਿਥੇ ਹੋਏ ਹਨ, ਉਹ ਸਾਰਾ ਕੁੱਝ ਤੈਨੂੰ
ਹਾਸਲ ਹੋ ਜਾਵੇਗਾ, ਜੇ ਤੂੰ ਆਪਣੇ ਜੀਅ, ਆਪਣੇ ਮਨ ਤੇ ਦਇਆ ਕਰ ਕੇ ਉਸ ਨੂੰ ਵਿਸ਼ੇ-ਵਿਕਾਰਾਂ ਤੋਂ
ਬਚਾ ਲਵੇਂ।
ਸੋ ਜੋ ਬੰਦੇ ਆਪਣੀ ਨਿੰਦਾ ਸੁਣ ਕੇ, ਉਸ ਦੀ ਅਸਲੀਅਤ ਜਾਨਣ ਲਈ, ਆਪਣਾ ਮਨ, ਨਿਰੰਤਰ ਖੋਜਦੇ ਰਹਿੰਦੇ
ਹਨ, ਉਹ ਆਪਣੇ ਮਨ ਨੂੰ ਬੁਰੇ ਕੰਮਾਂ ਤੋਂ ਬਚਾ ਕੇ, ਆਉਣ ਵਾਲੇ ਜਨਮਾਂ ਵਿੱਚ ਜਿਹੜੀ ਮੈਲ ਲਗਣੀ ਸੀ,
ਉਸ ਤੋਂ ਬਚ ਜਾਂਦੇ ਹਨ। ਜਿਸ ਵਿੱਚ ਨਿੰਦਕ ਉਨ੍ਹਾਂ ਦੀ ਮਦਦ ਕਰਦਾ ਹੈ। ਨਿੰਦਕ ਦੂਸਰਿਆਂ ਦੀ ਤਾਂ
ਜਨਮਾਂ-ਜਨਮਾਂ ਦੀ ਮੈਲ ਧੋ ਦੇਂਦਾ ਹੈ, ਪਰ ਅਪਣੇ ਕੀਤੇ ਦਾ ਫਲ ਪਾਉਣ ਤੋਂ ਆਪ ਨਹੀਂ ਬਚ ਸਕਦਾ। ਇਸ
ਤਰ੍ਹਾਂ ਉਸ ਨੂੰ ਇਸ ਦੁਨੀਆ ਵਿੱਚ ਸੁੱਖ ਨਹੀਂ ਮਿਲਦਾ, ਅਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਢੋਈ
ਨਹੀਂ ਮਿਲਦੀ, ਜਿਸ ਕਾਰਨ ਉਹ, ਜਮਾਂ ਦੀ ਪੁਰੀ ਵਿਚ, ਜਨਮ-ਮਰਨ ਦੇ ਗੇੜ ਵਿੱਚ ਪੈ ਕੇ ਖੁਆਰ ਹੁੰਦਾ
ਰਹਿੰਦਾ ਹੈ।
॥ ੨॥ ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ॥
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸ ਪਹਿ ਕਰੇ ਪੁਕਾਰਾ॥ ੨॥
ਪਰ ਨਿੰਦਕ ਵਿਚਾਰਾ ਵੀ ਕੀ ਕਰੇ? ਉਹ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਕਰ ਕੇ, ਬਣੇ ਸੰਸਕਾਰਾਂ
ਅਨੁਸਾਰ ਕਰਮ ਕਰਦਾ ਹੈ। (ਇਕ-ਇਕ ਕਰ ਕੇ ਕੀਤੇ ਕੰਮ, ਕਰਮ ਹੁੰਦੇ ਹਨ, ਬਾਰ-ਬਾਰ ਉਹੀ ਕਰਮ ਕਰਨ
ਨਾਲ, ਇੱਕ ਸੁਭਾਅ ਬਣ ਜਾਂਦਾ ਹੈ, ਉਸ ਨੂੰ ਕਿਰਤ, ਸੰਸਕਾਰ ਕਹਿੰਦੇ ਹਨ।) ਇਵੇਂ ਨਿੰਦਕ, ਅਜਿਹੀ
ਨਿਘਰੀ ਹੋਈ ਹਾਲਤ ਵਿੱਚ ਖੁਆਰ ਹੁੰਦਾ ਰਹਿੰਦਾ ਹੈ। ਉਸ ਅਵਸਥਾ ਵਿਚ, ਉਸ ਦੀ ਮਦਦ ਕਰਨ ਵਾਲਾ ਵੀ
ਕੋਈ ਨਹੀਂ ਹੁੰਦਾ। ਸਹਾਇਤਾ ਲਈ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਵੀ ਨਹੀਂ ਹੁੰਦਾ।
॥ ੩॥ ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ॥
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ॥ ੩॥
ਖਸਮ ਦੀ, ਪ੍ਰਭੂ ਦੀ ਰਜ਼ਾ ਇਵੇਂ ਹੀ ਹੈ ਕਿ, ਨਿੰਦਾ ਕਰਨ ਵਾਲੇ ਮਨੁੱਖ ਦਾ ਕਿਤੇ ਵੀ ਭਲਾ ਨਹੀਂ ਹੋ
ਸਕਦਾ। ਜਿਵੇਂ-ਜਿਵੇਂ ਉਹ ਸਤਸੰਗੀਆਂ ਦੀ ਨਿੰਦਾ ਕਰਦਾ ਹੈ, ਤਿਵੇਂ-ਤਿਵੇਂ ਸਤਸੰਗੀ ਆਪਣੇ ਮਨ ਦੀ
ਪੜਚੋਲ ਕਰ ਕੇ, ਉਸ ਵਿਚੋਂ ਵਿਕਾਰਾਂ ਨੂੰ ਦੂਰ ਕਟ ਕੇ, ਆਤਮਕ ਸੁਖ ਪਾਉਂਦੇ ਹਨ।
॥ ੪॥ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ॥
ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ॥ ੪॥
ਹੇ ਵਾਹਿਗੁਰੂ, ਸਤਸੰਗੀਆਂ ਨੂੰ ਤੇਰਾ ਹੀ ਆਸਰਾ ਹੈ, ਅਤੇ ਤੂੰ ਵੀ ਸਤਸੰਗੀਆਂ ਦੀ ਹਮੇਸ਼ਾ ਮਦਦ ਕਰਦਾ
ਹੈਂ, ਉਨ੍ਹਾਂ ਨੂੰ ਆਤਮਕ ਮਾਰਗ ਤੇ ਚੱਲਣ ਲਈ, ਸਦਾ ਸਹਾਈ ਹੁੰਦਾ ਹੈਂ।
ਹੇ ਨਾਨਕ ਆਖ, ਸਤਸੰਗੀਆਂ ਨੂੰ ਪਰਮਾਤਮਾ ਰੱਖ ਲੈਂਦਾ ਹੈ, (ਉਹ ਆਪਣੀ ਸਵੈ-ਪੜਚੋਲ ਆਸਰੇ ਬੁਰੇ
ਕੰਮਾਂ ਤੋਂ ਬਚ ਜਾਂਦੇ ਹਨ) ਪਰ ਨਿੰਦਕ ਅਜਿਹਾ ਨਹੀਂ ਕਰ ਪਾਉਂਦੇ, ਉਨ੍ਹਾਂ ਦਾ ਆਤਮਕ ਜੀਵਨ, ਮਾਇਆ
ਮੋਹ ਦੀਆਂ ਲਹਿਰਾਂ ਵਿੱਚ ਹੀ ਰੁੜ੍ਹ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪