.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 09)

ਜਪੁ ਜੀ ਦੀ ਅਠਵੀਂ ਪਉੜੀ (ਸੁਣਿਐ ਸਿਧ ਪੀਰ ਸੁਰਿ ਨਾਥ) ਦੇ ਮਹਾਤਮ ਬਾਰੇ ਲੇਖਕ ਲਿਖਦਾ ਹੈ:-ਇਸ ਪਉੜੀ ਦਾ ਬੁਧਵਾਰ ਤੋਂ ਆਰੰਭ ਕਰਕੇ ਇਕਤਾਲੀ ਦਿਨਾਂ ਵਿੱਚ ਪ੍ਰਾਤਹਕਾਲ ਨੌਂ ਹਜ਼ਾਰ ਪਾਠ ਕਰਨਾ, ਇਸ ਨਾਲ ਸਰਬ ਪਾਪਾਂ ਦਾ ਨਾਸ ਹੋ ਜਾਂਦਾ ਹੈ ਅਤੇ ਦੁਖਾਂ ਤੋ ਛੁਟਕਾਰਾ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਤਾਂ ਇਸ ਪਉੜੀ ਵਿੱਚ ਇਹ ਕਹਿ ਰਹੇ ਹਨ ਕਿ ਪ੍ਰਭੂ ਦੀ ਸਿਫ਼ਤ ਸਾਲਾਹ ਦੀ ਬਰਕਤ ਨਾਲ ਮਨੁੱਖ ਆਤਮਕ ਬੁਲੰਦੀਆਂ ਨੂੰ ਮਾਨਣ ਦੇ ਜੋਗ ਹੋ ਜਾਂਦਾ ਹੈ। ਆਤਮਕ ਬੁਲੰਦੀਆਂ ਨੂੰ ਛੂਹਣ ਵਾਲੇ ਪ੍ਰਾਣੀ ਨੂੰ ਹਰੇਕ ਥਾਂ ਪਰਮਾਤਮਾ ਹੀ ਵਿਆਪਕ ਨਜ਼ਰ ਆਉਂਦਾ ਹੈ। ਆਤਮਕ ਬੁਲੰਦੀ `ਤੇ ਇਸ ਪਉੜੀ ਦੇ ਕੇਵਲ ਪਾਠ ਕਰਨ ਨਾਲ ਨਹੀਂ, ਸਗੋਂ ਇਸ ਵਿੱਚ ਦਰਸਾਈ ਹੋਈ ਜੀਵਨ-ਜਾਚ ਨੂੰ ਅਪਣਾਉਣ ਨਾਲ ਹੀ ਪਹੁੰਚ ਸਕੀਦਾ ਹੈ। ਅਚੰਭੇ ਵਾਲੀ ਗੱਲ ਇਹ ਹੈ ਕਿ ਪੁਸਤਕ ਕਰਤਾ ਇਸ ਪਉੜੀ ਦੇ ਇਕਤਾਲੀ ਦਿਨ, ਨੌਂ ਹਜ਼ਾਰ ਪਾਠ ਕਰਨ ਨਾਲ ਸਰਬ ਪਾਪਾਂ ਦੇ ਨਾਸ ਹੋ ਜਾਣ ਦੇ ਨਾਲ ਨਾਲ ਦੁੱਖਾਂ ਤੋਂ ਛੁਟਕਾਰਾ ਹੋਣ ਦੀ ਗੱਲ ਕਰ ਰਿਹਾ ਹੈ। ਅਚੰਭੇ ਵਾਲੀ ਗੱਲ ਇਹ ਹੈ ਕਿ ਸਰਬ ਪਾਪਾਂ ਦਾ ਨਾਸ ਹੋਣਾ ਅਤੇ ਦੁੱਖਾਂ ਤੋਂ ਛੁਟਕਾਰਾ ਹੋਣਾ ਤਾਂ ਇਸ ਪਉੜੀ ਵਿੱਚ ਕਿਧਰੇ ਵੀ ਸੰਕੇਤ ਤਕ ਨਹੀਂ ਮਿਲਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਪਾਪਾਂ ਦਾ ਨਾਸ ਕਿਸੇ ਸ਼ਬਦ ਦੇ ਕੇਵਲ ਗਿਣਤੀ ਦੇ ਪਾਠ ਕਰਨ ਨਾਲ ਨਹੀਂ ਸਗੋਂ ਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਨਾਲ ਹੁੰਦਾ ਹੈ। ਪਾਪਾਂ ਦੇ ਨਾਸ ਹੋਣ ਦਾ ਅਰਥ ਹੈ ਮਨ ਵਿੱਚ ਉਕਰੇ ਹੋਏ ਮੰਦ ਕਰਮਾਂ ਦੇ ਸੰਸਕਾਰਾਂ ਤੋਂ ਮਨ ਦਾ ਮੁਕਤ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਪਾਂ ਦੇ ਨਾਸ ਕਰਨ ਦੀ ਜੁਗਤੀ ਇਉਂ ਦਰਸਾਈ ਹੈ:-
(ੳ) ਸਗਲ ਪਰਾਛਤ ਲਾਥੇ॥ ਮਿਲਿ ਸਾਧਸੰਗਤਿ ਕੈ ਸਾਥੇ॥ ਗੁਣ ਨਿਧਾਨ ਹਰਿ ਨਾਮਾ॥ ਜਪਿ ਪੂਰਨ ਹੋਏ ਕਾਮਾ॥ 3॥ (ਪੰਨਾ 621) ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਸਾਰੇ ਪਾਪ ਲਹਿ ਜਾਂਦੇ ਹਨ, (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ।
(ਅ) ਜਿਉ ਪਾਵਕ ਸੰਗਿ ਸੀਤ ਕੋ ਨਾਸ॥ ਐਸੇ ਪ੍ਰਾਛਤ ਸੰਤਸੰਗਿ ਬਿਨਾਸ॥ (ਪੰਨਾ 914) ਅਰਥ: ਹੇ ਭਾਈ! ਜਿਵੇਂ ਅੱਗ ਨਾਲ ਠੰਢ ਦਾ ਨਾਸ ਹੋ ਜਾਂਦਾ ਹੈ, ਤਿਵੇਂ ਸੰਤਾਂ ਦੀ ਸੰਗਤ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ।
(ੲ) ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ॥ (ਪੰਨਾ 1017) ਅਰਥ: ਹੇ ਭਾਈ! ਹਿਰਦੇ ਵਿੱਚ ਭਗਵਾਨ (ਦਾ ਨਾਮ) ਜਪ ਕੇ ਇੱਕ ਛਿਨ ਵਿੱਚ ਹੀ ਅਨੇਕਾਂ ਪਾਪ ਮਿਟ ਜਾਂਦੇ ਹਨ।
(ਸ) ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ॥ (ਪੰਨਾ 1303) ਅਰਥ: ਹੇ ਮੇਰੇ ਠਾਕੁਰ! (ਜਿਹੜੇ ਭੀ ਵਡਭਾਗੀ ਤੇਰੀ ਸਰਨ ਪੈਂਦੇ ਹਨ, ਉਹ) ਤੇਰਾ ਦਰਸਨ ਕਰ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟਾ ਲੈਂਦੇ ਹਨ।
(ਹ) ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ॥ (ਪੰਨਾ 1385) ਅਰਥ: ਕੋਈ ਹੋਰ ਹਰੀ ਵਰਗਾ ਨਹੀਂ ਹੈ; ਉਸ ਦਾ ਨਿਰਮਲ ਚਾਨਣਾ ਹੈ; ਉਸ ਹਰੀ ਦਾ ਨਾਮ ਲਿਆਂ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਫ਼ਰਮਾਨਾਂ ਵਿੱਚ ਮਨੁੱਖ ਪਾਪਾਂ ਦਾ ਨਾਸ ਕਿਵੇਂ ਕਰ ਸਕਦਾ ਹੈ ਜਾਂ ਪਾਪ ਨਾਸ ਕਿਵੇਂ ਹੁੰਦੇ ਹਨ, ਇਨ੍ਹਾਂ ਸਬੰਧੀ ਭਰਪੂਰ ਚਰਚਾ ਕੀਤੀ ਗਈ ਹੈ। ਇਨ੍ਹਾਂ ਪੰਗਤੀਆਂ ਅਤੇ ਇਸ ਤਰ੍ਹਾਂ ਦੇ ਭਾਵ ਨੂੰ ਦਰਸਾਉਣ ਵਾਲੀਆਂ ਹੋਰ ਪੰਗਤੀਆਂ ਵਿੱਚ ਬਾਣੀ ਅਨੁਸਾਰ ਪਾਪਾਂ ਦੇ ਨਾਸ ਹੋਣ ਦੀ ਜੁਗਤੀ ਦਰਸਾਈ ਗਈ ਹੈ। ਜੇਕਰ ਕੋਈ ਵਿਅਕਤੀ ਇਸ ਜੁਗਤੀ ਤੋਂ ਇਲਾਵਾ ਕਿਸੇ ਜੁਗਤੀ ਦੀ ਗੱਲ ਕਰ ਰਿਹਾ ਹੈ ਤਾਂ ਉਹ ਉਸ ਵਿਅਕਤੀ ਦੀ ਆਪਣੀ ਅਕਲ ਦਾ ਹੀ ਚਮਤਕਾਰ ਸਮਝਣਾ ਚਾਹੀਦਾ ਹੈ। ਗੁਰਸਿੱਖ ਗੁਰੂ ਦੀ ਮਤ ਲੈ ਕੇ ਹੀ ਬਣ ਸਕੀਦਾ ਹੈ। ਕਿਸੇ ਹੋਰ ਦੀ ਮਤ ਲੈ ਕੇ ਗੁਰਸਿੱਖ ਨਹੀਂ ਬਣ ਸਕੀਦਾ ਹੈ।
ਪੁਸਤਕ ਕਰਤਾ ਕੇਵਲ ਇਸ ਪਉੜੀ ਦੇ ਗਿਣਤੀ ਦੇ ਪਾਠ ਨਾਲ ਹੀ ਸਮੂਹ ਪਾਪਾਂ ਦੇ ਨਾਸ ਹੋ ਜਾਣ ਦੀ ਗੱਲ ਕਰ ਰਿਹਾ ਹੈ। ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਮੰਨਣਾ ਹੈ ਜਾਂ ਲੇਖਕ ਦੀ? ਨਿਰਸੰਦੇਹ ਹਰੇਕ ਗੁਰਸਿੱਖ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਹੀ ਸਵੀਕਾਰ ਕਰਕੇ ਇਸ ਅਨੁਸਾਰ ਆਚਰਣ ਬਣਾਉਣ ਦਾ ਹੀ ਹੋਵੇਗਾ।
ਜਿੱਥੋਂ ਤੱਕ ਇਸ ਪਉੜੀ ਦੇ ਪਾਠ ਨਾਲ ਦੁਖਾਂ ਤੋਂ ਛੁਟਕਾਰਾ ਮਿਲਣ ਦਾ ਸਵਾਲ ਹੈ, ਇਸ ਬਾਰੇ ਭਾਵੇਂ ਲੇਖਕ ਸਪਸ਼ਟ ਰੂਪ ਵਿੱਚ ਨਹੀਂ ਲਿਖਦਾ ਕਿ ਕੇਹੜੇ ਦੁਖਾਂ ਤੋਂ ਛੁਟਕਾਰਾ ਮਿਲਦਾ ਹੈ। ਚੂੰਕਿ ਆਮ ਤੌਰ `ਤੇ ਤਿੰਨ ਪ੍ਰਕਾਰ ਦੇ ਦੁਖ ਮੰਨੇ ਜਾਂਦੇ ਹਨ: ਆਧਯਾਤਮਿਕ-ਸ਼ਰੀਰ ਅਤੇ ਮਨ ਦਾ ਕਲੇਸ਼, ਆਧਿਭੌਤਿਕ-ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ, ਆਧਿਦੈਵਿਕ-ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁੰਚਦਾ ਹੈ। (ਨੋਟ: ਦੁੱਖਾਂ ਦਾ ਇਹ ਵਰਗੀਕਰਨ ਸਾਂਖਯ ਸ਼ਾਸਤਰ ਦੇ ਕਰਤਾ ਕਪਲ ਮੁਨਿ ਨੇ ਕੀਤਾ ਹੈ।) ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਤਿੰਨ੍ਹਾਂ ਪ੍ਰਕਾਰ ਦੇ ਦੁਖਾਂ ਤੋਂ ਇਲਾਵਾ, ਦੁਖਾਂ ਦੇ ਰੂਪ ਦਾ ਇਸ ਤਰ੍ਹਾਂ ਦਾ ਵਰਗੀਕਰਨ ਵੀ ਮਿਲਦਾ ਹੈ:-ਦੁਖੁ ਵੇਛੋੜਾ ਇਕੁ ਦੁਖੁ ਭੂਖ॥ ਇਕੁ ਦੁਖੁ ਸਕਤਵਾਰ ਜਮਦੂਤ॥ ਇਕੁ ਦੁਖੁ ਰੋਗੁ ਲਗੈ ਤਨਿ ਧਾਇ॥ ਵੈਦ ਨ ਭੋਲੇ ਦਾਰੂ ਲਾਇ॥ 1॥ (ਪੰਨਾ 1256) ਅਰਥ: ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ (ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ? ਵੇਖ, ਮਨੁੱਖ ਲਈ ਸਭ ਤੋਂ ਵੱਡਾ) ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਦੂਜਾ ਰੋਗ ਹੈ ਮਾਇਆ ਦੀ ਭੁੱਖ। ਇੱਕ ਹੋਰ ਰੋਗ ਭੀ ਹੈ, ਉਹ ਹੈ ਡਾਢੇ ਜਮਦੂਤ (ਭਾਵ, ਜਮਦੂਤਾਂ ਦਾ ਡਰ, ਮੌਤ ਦਾ ਡਰ)। ਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿੱਚ ਆ ਚੰਬੜਦਾ ਹੈ (ਜਦ ਤਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਕ ਰੋਗ ਮੌਜੂਦ ਹਨ, ਤੇਰੀ ਦਵਾਈ ਕਾਟ ਨਹੀਂ ਕਰ ਸਕਦੀ)।
ਅਸੀਂ ਆਮ ਤੌਰ `ਤੇ ਜੋ ਦੁੱਖ ਸਮਝਦੇ ਹਾਂ, ਇਨ੍ਹਾਂ ਦੁੱਖਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰਮਾਨ ਹੈ:-
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ 2॥ (ਪੰਨਾ 149) ਅਰਥ: ਹੇ ਨਾਨਕ! (ਇਹ ਜੋ) ਦੁੱਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ, ਸੁਖ ਤੇ ਦੁੱਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ); ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿੱਚ ਤੁਰਨਾ ਸਭ ਤੋਂ ਚੰਗਾ ਹੈ)।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਦੁੱਖਾਂ ਨੂੰ ਜੀਵਨ ਦਾ ਅਤੁੱਟ ਅੰਗ ਮੰਨਦਿਆਂ ਹੋਇਆਂ, ਇਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਨਹੀਂ ਸਗੋਂ ਇਨ੍ਹਾਂ ਨੂੰ ਰੱਬੀ ਰਜ਼ਾ ਵਿੱਚ ਸਮਝਣ ਦੀ ਹੀ ਪ੍ਰੇਰਨਾ ਦਿੱਤੀ ਗਈ ਹੈ। ਅਕਾਲ ਪੁਰਖ ਦੇ ਭਾਣੇ ਵਿੱਚ ਜ਼ਿੰਦਗੀ ਗੁਜ਼ਾਰਨ ਵਾਲੇ ਸਬੰਧੀ ਇਹੀ ਕਹਿੰਦੇ ਹਨ ਕਿ ਦੁੱਖ ਤਾਂ ਉਸ ਦੇ ਜੀਵਨ ਵਿੱਚ ਵੀ ਆਉਂਦੇ ਹਨ ਪਰ ਅਜਿਹਾ ਪ੍ਰਾਣੀ ਇਨ੍ਹਾਂ ਦੁੱਖਾਂ ਵਿੱਚ ਘਾਬਰਾਉਣ ਦੀ ਬਜਾਏ ਅਡੋਲ ਰਹਿੰਦਾ ਹੈ:-ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ (ਪੰਨਾ 633)
ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਣ ਨਾਲ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਨਹੀਂ ਬਲਕਿ ਦੁੱਖ ਸੁਖ ਨੂੰ ਇੱਕ ਸਮਾਨ ਦੇਖ ਸਕਣ ਦੀ ਸੋਝੀ ਹਾਸਲ ਹੁੰਦੀ ਹੈ:-
ਗੁਰ ਬਚਨੀ ਸਮਸਰਿ ਸੁਖ ਦੂਖ॥ ਕਦੇ ਨ ਬਿਆਪੈ ਤ੍ਰਿਸਨਾ ਭੂਖ॥ ਮਨਿ ਸੰਤੋਖੁ ਸਬਦਿ ਗੁਰ ਰਾਜੇ॥ ਜਪਿ ਗੋਬਿੰਦੁ ਪੜਦੇ ਸਭਿ ਕਾਜੇ॥ (ਪੰਨਾ 897) ਅਰਥ: ਹੇ ਭਾਈ! ਗੁਰੂ ਦੇ ਬਚਨਾਂ ਦੀ ਰਾਹੀਂ (ਸਾਰੇ) ਸੁਖ ਦੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ, ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ। ਗੁਰੂ ਦੇ ਸ਼ਬਦ ਦੀ ਰਾਹੀਂ ਮਨ ਵਿਚ ਸੰਤੋਖ ਪੈਦਾ ਹੋ ਜਾਂਦਾ ਹੈ, (ਮਨ) ਰੱਜ ਜਾਂਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਸਾਰੇ ਪੜਦੇ ਕੱਜੇ ਜਾਂਦੇ ਹਨ (ਲੋਕ ਪਰਲੋਕ ਵਿਚ ਇੱਜ਼ਤ ਬਣ ਜਾਂਦੀ ਹੈ) ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰੇਕ ਤਰ੍ਹਾਂ ਦੇ ਆਤਮਕ ਦੁੱਖ ਨੂੰ ਦੂਰ ਕਰਨ ਦੀ ਵਿਧੀ ਦਰਸਾਈ ਹੋਈ ਹੈ। ਇਨ੍ਹਾਂ ਦੁੱਖਾਂ ਸਬੰਧੀ ਮੁੱਢਲੇ ਰੂਪ ਵਿੱਚ ਇਹ ਗੱਲ ਸਮਝਾਈ ਹੈ ਕਿ ਇਹ ਦੁੱਖ ਤਦ ਹੀ ਵਾਪਰਦੇ ਹਨ, ਜਦ ਅਸੀਂ ਪ੍ਰਭੂ ਦੀ ਯਾਦ ਆਪਣੇ ਮਨੋਂ ਭੁਲਾ ਦੇਂਦੇ ਹਾਂ:- ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ॥ (ਪੰਨਾ 813) ਅਰਥ: (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ।
ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਗੁਰਬਾਣੀ ਦੇ ਕਿਸੇ ਸ਼ਬਦ ਦੇ ਗਿਣਤੀ ਦੇ ਪਾਠ ਕਰਨ ਨਾਲ ਨਹੀਂ ਸਗੋਂ ਬਾਣੀ ਦੇ ਭਾਵ ਨੂੰ ਆਪਣੇ ਹਿਰਦੇ ਵਿੱਚ ਵਸਾਇਆਂ ਹੀ ਹੁੰਦਾ ਹੈ:-
ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ॥ ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ॥ 3॥ (ਪੰਨਾ 247) ਅਰਥ: ਮਾਇਆ ਦੇ (ਮੋਹ ਦੇ) ਬੰਧਨਾਂ ਦੇ ਕਾਰਨ ਮਨੁੱਖ ਦਾ ਮਨ (ਇੱਕ ਥਾਂ) ਟਿਕਦਾ ਨਹੀਂ, (ਹਰੇਕ ਕਿਸਮ ਦਾ) ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦੇਂਦਾ ਹੈ। ਹੇ ਨਾਨਕ! ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁੱਕਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿੱਚ ਆਪਣਾ ਚਿੱਤ ਜੋੜਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਚਾਹਵਾਨ ਮਨੁੱਖਾਂ ਦਾ ਮਾਰਗ ਦਰਸ਼ਨ ਕਰਦਿਆਂ ਹੋਇਆਂ, ਪ੍ਰਭੂ ਤੋਂ ਉਹ ਸ਼ੈ ਮੰਗਣ ਲਈ ਉਤਸ਼ਾਹਤ ਕੀਤਾ ਹੈ, ਜਿਸ ਦੇ ਮਿਲਿਆਂ ਮਨੁੱਖ ਇਨ੍ਹਾਂ ਦੁੱਖਾਂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਉਣ ਵਿੱਚ ਕਾਮਯਾਬ ਹੋ ਸਕੇ:-
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ॥ 2॥ (ਪੰਨਾ 958) ਅਰਥ: ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਤੈਥੋਂ) ਕੁੱਝ ਹੋਰ ਮੰਗਣਾ ਭਾਰੇ ਦੁੱਖ ਸਹੇੜਨੇ ਹਨ; (ਹੇ ਪ੍ਰਭੂ!) ਮੈਨੂੰ ਆਪਣਾ ਨਾਮ ਦੇਹ ਤਾਂ ਜੁ ਮੈਨੂੰ ਸੰਤੋਖ ਆ ਜਾਏ ਤੇ ਮੇਰੇ ਮਨ ਦੀ ਤ੍ਰਿਸ਼ਨਾ ਮੁੱਕ ਜਾਏ।
ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਹੋਈ ਵਿਧੀ ਨੂੰ ਹੀ ਅਪਣਾਉਣ ਦੀ ਲੋੜ ਹੈ। ਇਸ ਜੁਗਤੀ ਨਾਲ ਹੀ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾ ਸਕੀਦਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ-ਸ਼ਰਨ ਵਿੱਚ ਆ ਕੇ ਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਕੇ ਇਸ ਅਨੁਸਾਰ ਆਪਣਾ ਆਚਰਣ ਬਣਾਈਏ। ਯਕੀਨਨ ਇਸ ਤਰ੍ਹਾਂ ਦਾ ਉਪਰਾਲਾ ਕਰਨ ਨਾਲ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਵਿਆਪੇ ਗਾ। ਕੁਦਰਤ ਦੇ ਨੇਮਾਂ ਅਨੁਸਾਰ ਦੁੱਖ ਆਉਂਦੇ ਹਨ, ਉਨ੍ਹਾਂ ਵਿੱਚ ਵੀ ਅਸੀਂ ਅਡੋਲ ਰਹਿ ਸਕਾਂਗੇ।
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ॥ (ਪੰਨਾ 50) ਅਰਥ: (ਹੇ ਜਿੰਦੇ!) ਗੁਰੂ ਨੂੰ ਮਿਲ ਕੇ ਜੀਵਨ-ਜਾਚ ਸਿੱਖ, ਚੰਗਾ ਆਚਰਨ ਬਣਾਣਾ ਸਿੱਖ, ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ।
ਸੋ, ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਪਾਪਾਂ ਦਾ ਨਾਸ ਬਾਣੀ ਅਨੁਸਾਰ ਆਪਣੇ ਆਚਰਣ ਨੂੰ ਢਾਲਣ ਨਾਲ ਅਤੇ ਦੁਖਾਂ ਤੋਂ ਛੁਟਕਾਰਾ ਪਰਮਾਤਮਾ ਦੀ ਰਜ਼ਾ ਅਨੁਸਾਰ ਜੀਵਨ ਗੁਜ਼ਾਰਨ ਨਾਲ ਹੀ ਹੁੰਦਾ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਜੀਵਨ-ਜੁਗਤ ਨੂੰ ਅਪਣਾਉਣ ਦੀ ਹੀ ਲੋੜ ਹੈ ਨਾ ਕਿ ਤੰਤ੍ਰ ਵਿਧੀਆਂ ਅਨੁਸਾਰ ਬਾਣੀ ਦੇ ਗਿਣਤੀ ਦੇ ਕੇਵਲ ਪਾਠ ਦੁਆਰਾ ਪਾਪਾਂ ਦੇ ਨਾਸ ਤੇ ਦੁਖਾਂ ਛੁਟਕਾਰਾ ਹੋਣ ਦੇ ਭਰਮ ਵਿੱਚ ਵਿਸ਼ਵਾਸ ਕਰਨ ਦੀ।
ਅੰਤ ਵਿੱਚ ਜਪੁ ਜੀ ਦੀ ਇਸ ਪਉੜੀ ਦਾ ਮੂਲ ਪਾਠ ਅਤੇ ਅਰਥ ਲਿਖ ਰਹੇ ਹਾਂ:-
ਸੁਣਿਐ ਸਿਧ ਪੀਰ ਸੁਰਿ ਨਾਥ॥ ਸੁਣਿਐ ਧਰਤਿ ਧਵਲ ਆਕਾਸ॥ ਸੁਣਿਐ ਦੀਪ ਲੋਅ ਪਾਤਾਲ॥ ਸੁਣਿਐ ਪੋਹਿ ਨ ਸਕੈ ਕਾਲੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ 8॥ (ਪੰਨਾ 2) ਅਰਥ: ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿੱਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿੳਂਕਿ) ਉਸ ਦੀ ਸਿਫ਼ਤਿ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਨਾਮ ਹਿਰਦੇ ਵਿੱਚ ਟਿਕਣ ਦੀ ਹੀ ਬਰਕਤਿ ਹੈ ਕਿ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਤੇ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ, ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿੱਚ ਵਿਆਪਕ ਹੈ। 8.
ਜਸਬੀਰ ਸਿੰਘ ਵੈਨਕੂਵਰ
.