.

‘ਗੁਰੂ ਨਾਨਕ ਲਈ ਧਿਆਇ`

ਹਰਦੇਵ ਸਿੰਘ, ਜੰਮੂ

ਸਿੱਖੀ ਦੇ ਦਰਸ਼ਨ ਵਿੱਚ ਅਰਦਾਸ ਦੇ ਅਸਲ ਸੰਕਲਪ ਬਾਰੇ ਅਪਣੇ ਵਿਚਾਰ ਅਪਣੀ ਇੱਕ ਕਿਤਾਬ ਦੇ ਲੇਖ ‘ਅਰਦਾਸ` ਵਿੱਚ ਦੇ ਚੁੱਕਿਆ ਹਾਂ। ਪਰ ਗੁਰਦੁਆਰਿਆਂ ਵਿੱਚ ਗੁਰੂ ਦੀ ਮਤਿ ਪ੍ਰਾਪਤ ਕਰਨ ਲਈ ਰੋਜ਼ਾਨਾ ਹੋਂਣ ਵਾਲੀ ਸੰਗਤੀ ਚਰਿਆ ਦੇ ਆਰੰਭ-ਸਮਾਪਤੀ ਆਦਿ ਲਈ ਲੋੜੀਂਦੀ ਸਮਝੀ ਜਾ ਸਕਣ ਵਾਲੀ ਪ੍ਰਚਲਤ ਅਰਦਾਸ ਦੇ ਇੱਕ ਪੱਖ ਦੀ ਪੜਚੋਲ ਕਰਨੀ ਬੜਦੀ ਹੈ। ਇਹੀ ਪੱਖ ਇਸ ਲੇਖ ਦਾ ਸਿਰਲੇਖ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦਾ ਨਾਮ ਧਿਆਉਂਣ ਦੀ ਜੁਗਤ ਹੈ। ਇਹ ਜੁਗਤ ਕਰਮਕਾਂਡੀ ਨਹੀਂ। ਗੁਰੂ ਦੇ ਉਪਦੇਸ਼ਾਂ ਅਤੇ ਕਿਰਤ ਨੂੰ ਪੜਨਾ ਅਤੇ ਯਾਦ ਰੱਖਣਾ ਚਾਹੀਦਾ ਹੈ ਤਾ ਕਿ ਵਿਵਹਾਰ ਰਾਹੀਂ ਨਾਮ ਜੱਪਿਆ ਜਾ ਸਕੇ। ਸਿੱਖੀ ਦੇ ਦਰਸ਼ਨ ਅੰਦਰ ਪਰਮਾਤਮਾ ਵਿੱਚ ਅਕੀਦੇ ਦੀ ਗੱਲ ਗੁਰੂ ਨਾਨਕ ਵਿੱਚ ਸਿੱਖਾਂ ਦੇ ਅਕੀਦੇ ਤੋਂ ਆਰੰਭ ਹੁੰਦੀ ਹੈ। ਗੁਰੂ ਨਾਨਕ ਫ਼ੁਰਮਾਉਂਦੇ ਹਨ:

ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥ (ਪੰਨਾ, 938, ਸਿਧ ਗੋਸ਼ਟਿ)

ਸੰਖੇਪ ਭਾਵਅਰਥ: ਜੋ ਮਨੁੱਖ ਇਕਾਂਤ ਵਿੱਚ (ਅੰਜਨ ਵਿੱਚ ਨਿਰੰਜਨ ਰਹਿੰਦੇ ਹੋਏ) ਵੱਸਦੇ ਹਨ ਅਤੇ ਸੰਸਾਰ ਦੀਆਂ ਝੁਠੀਆਂ ਅਤੇ ਗਲਤ ਆਸਾਵਾਂ ਦੀ ਆਸ ਨਾ ਰੱਖਦੇ ਹੋਏ ਉਨ੍ਹਾਂ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਦੇ ਮਨ ਵਿੱਚ (ਗਲਤ ਅਸਾਵਾਂ ਦੀ ਥਾਂ) ਇੱਕ ਪ੍ਰਭੂ ਹੀ ਵੱਸਦਾ ਹੈ। ਅਜੇਹੇ ਜੀਵਨ ਵਾਲਾ ਜੋ ਮਨੁੱਖ ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ, ਭਾਵਅਰਥ ਪਰਮਾਤਮਾ ਦੀ ਸਮਝ ਪ੍ਰਾਪਤ ਕਰ, ਹੋਰਨਾਂ ਨੂੰ ਵੀ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ। ੫।

ਗੁਰੂ ਨਾਨਕ ਅਤੇ ਹੋਰ ਗੁਰੂ ਠੀਕ ਐਸੀ ਅਵਸਥਾ ਦੇ ਮਾਲਕ ਸਨ ਜਿਨ੍ਹਾਂ ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਸਮਝ ਕੇ ਆਪਣੇ ਸ਼ਬਦਾਂ ਰਾਹੀਂ ਸਿੱਖਾਂ ਨੂੰ ਇਸ ਬਾਰੇ ਮਤਿ ਦਿੱਤੀ ਗੁਰੂ ਨਾਨਕ ਨੇ ਇਹ ਸ਼ਬਦ ਗਿਆਨ ਇੱਕ ਲੱਤ ਤੇ ਖੜੇ ਹੋ ਕੇ ਜਾਂ ਕਿਸੇ ਜੰਗਲ ਵਿੱਚ ਉਲਟਾ ਲਟਕ ਕੇ ਇੱਕ ਵਰਦਾਨ ਦੇ ਰੂਪ ਵਿੱਚ ਹਾਸਲ ਨਹੀਂ ਸੀ ਕੀਤਾ। ਸ਼ਬਦ ਗਿਆਨ ਗੁਰੂ ਨਾਨਕ ਦੇ ਬਿਬੇਕ ਦੀ ਪ੍ਰਾਪਤੀ ਸੀ। ਉਸਦੀ ਆਪਣੀ ਕਮਾਈ ਸੀ। ਉਹ ਨਾਮ ਦਾ ਵਪਾਰੀ ਸੀ। ਵਪਾਰ ਵਿੱਚ ਅਤੇ ਭੀਖ ਮੰਗਣ ਵਿੱਚ ਫ਼ਰਕ ਹੁੰਦਾ ਹੈ। ਅਸੀਂ ਤਾਂ ਸ਼ਬਦ ਗਿਆਨ ਨੂੰ ਗੁਰੂ ਨਾਨਕ ਦੀ ਵਿਚਾਰਧਾਰ ਦੇ ਮਾਰਫ਼ਤ ਹੀ ਸਿੱਖਣ ਦਾ ਜਤਨ ਕਰਨਾ ਹੈ। ਅਸੀਂ ਤਾਂ ਗੁਰੂ ਨਾਨਕ ਦੀ ਕਮਾਈ ਵਿਚੋਂ ਕੁੱਝ ਪ੍ਰਾਪਤ ਕਰਨ ਦਾ ਜਤਨ ਕਰਨ ਜੋਗੇ ਹੀ ਹੋ ਸਕਦੇ ਹਾਂ।

ਇਹੀ ਕਾਰਣ ਹੈ ਕਿ ਬਾਦ ਦੇ ਗੁਰੂ ਬਾਣੀ ਵਿੱਚ ਬਾਰ-ਬਾਰ ਨਾਨਕ ਲਿਖ ਕੇ ਗੁਰੂ ਨਾਨਕ ਵਿਚਾਰਧਾਰਾ ਵਿੱਚ ਆਪਣੇ ਅਕੀਦੇ ਨੂੰ ਦਰਸਾਉਂਦੇ ਹਨ। ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਬਾਣੀ ਪੜਨ ਵੇਲੇ ਮਹਲਿਆਂ ਦੇ ਸੰਕੇਤ, ਇਹ ਚੇਤੇ ਕਰਵਾਉਂਣ ਵਾਸਤੇ ਹਨ ਕਿ ਅਸੀਂ ਯਾਦ ਰੱਖੀਏ ਕਿ ਕਿਹੜੇ ਸ਼ਬਦ ਵਿੱਚ ਕਿਹੜੇ ਗੁਰੂ ਗੱਲ ਸਮਝਾ ਰਹੇ ਹਨ।

ਗੁਰੂ ਅਰਜਨ ਫ਼ਰਮਾਉਂਦੇ ਹਨ:

ਅਰਦਾਸ ਕਰੀ ਪ੍ਰਭ ਅਪਣੇ ਆਗੇ ਸੁਣਿ ਸੁਣਿ ਜੀਵਾ ਤੇਰੀ ਬਾਣੀ।। (ਮਹਲਾ ੫)

ਸਿੱਖੀ ਵਿੱਚ ਅਰਦਾਸ ਦਾ ਦਰਸ਼ਨ ਬਾਣੀ ਸੁਣਨ-ਸਮਝਣ ਅਤੇ ਚਲਣ ਦਾ ਭਾਵ ਹੈ। ਪਰ ਇਸ ਸ਼ਬਦ ਨੂੰ ਪੜਨ-ਸੁਣਨ ਵੇਲੇ ਕੀ ਅਸੀਂ ਇਹ ਨਹੀਂ ਪੜਦੇ-ਸੁਣਦੇ ਕਿ ਇਹ ਬਚਨ ਪੰਜਵੇਂ ਮਹਲੇ ਦੇ ਹਨ? ਬੇਸ਼ਕ ਅਸੀਂ ਪੜਦੇ ਸੁਣਦੇ ਹਾਂ! ਤਾਂ ਕੀ ਫ਼ਿਰ ਬਾ-ਰੂਹੇ ਅਰਦਾਸ ਦੇ ਇਸ ਸ਼ਬਦ ਰਾਹੀਂ, ਅਰਦਾਸ ਦਾ ਭਾਵ ਪ੍ਰਗਟ ਕਰਦੇ ਵੇਲੇ, ਸਾਡੇ ਜਹਿਨ ਵਿੱਚ ਗੁਰੂ ਨਾਨਕ ਜਾਂ ਅਰਜਨ ਦਾ ਨਾਮ ਆ ਜਾਣਾ ਗੁਰਮਤਿ ਦੇ ਸਿਧਾਂਤ ਦੀ ਉਲੰਘਣਾਂ ਹੈ? ਨਿਰਸੰਦੇਹ ਨਹੀਂ! ਸ਼ਬਦ ਗਿਆਨ ਪੜਦੇ ਹੋਏ ਲਿਖਾਰੀ ਨੂੰ ਜਹਿਨ ਵਿਚੋਂ ਨਹੀਂ ਕੱਢਿਆ ਜਾ ਸਕਦਾ। ਇਹ ਜਾਗਰੂਕ ਬੰਦੇ ਲਈ ਬੇ-ਅਦਬ ਹੋਣ ਵਾਲੀ ਗੱਲ ਹੋ ਜਾਂਦੀ ਹੈ। ਗੁਰੂਆਂ ਨੇ ਬਾਣੀ ਵਿੱਚ ਭਗਤਾਂ ਆਦਿ ਦੇ ਨਾਮ ਲਿਖ ਕੇ ਅਦਬ ਦੀ ਇਸ ਵਾਜਬ ਸ਼ਰਤ ਦਾ ਪਾਲਨ ਕੀਤਾ ਸੀ। ਅੱਜ ਵੀ, ਗੁਰਬਾਣੀ ਦਾ ਕੋਈ ਵੀ ਸ਼ਬਦ ਪੜਨ-ਸੁਣਨ ਵੇਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਾਡੀਆਂ ਭਾਵਨਾਵਾਂ ਦੇ ਕੇਂਦਰ ਵਿੱਚ ਆ ਹੀ ਜਾਂਦੇ ਹਨ।

ਪਰਮਾਤਮਾ ਨੂੰ ਗੁਰੂ ਨਾਨਕ ਦੇ ਆਮ ਸਮਕਾਲੀ ਸਿੱਖਾਂ ਨੇ ਨਹੀਂ ਵੇਖਿਆ ਸੀ, ਪਰ ਨਿਰਸੰਦੇਹ, ਉਨ੍ਹਾਂ ਗੁਰੂ ਨਾਨਕ ਨੂੰ ਲੋਕਾਈ ਵਿੱਚ ਵਿਚਰਦੇ-ਵਰਤਦੇ ਵੇਖਿਆ ਸੀ। ਕੋਲ ਬੈਠੇ ਸੀ। ਨਾਲ ਤੁਰੇ ਸੀ। ਵਿਚਾਰਾਂ ਦੀ, ਸੁਖਾਂ-ਦੁਖਾਂ ਦੀ ਸਾਂਝ ਸੀ। ਇੱਕ ਦਿਨ ਗੁਰੂ ਨਾਨਕ ਸਰੀਰਕ ਰੂਪ ਵਿੱਚ ਸੰਸਾਰ ਤੋਂ ਚਲੇ ਗਏ। ਫ਼ਲਸਫ਼ੇ ਦੇ ਨਾਲ-ਨਾਲ ਆਚਰਣ ਦੀਆਂ ਯਾਦਾਂ ਰਹਿ ਗਈਆਂ। ਨਾ ਗੁਰੂ ਅੰਗਦ ਭੁੱਲੇ ਅਤੇ ਨਾ ਹੀ ਹੋਰ ਸਮਕਾਲੀ। ਅਸੰਭਵ ਸੀ ਭੁੱਲਣਾ! ਸਮਾਂ ਵਰਤਦਾ ਹੋਈਆ ਇਤਿਹਾਸ ਬਣਦਾ ਗਿਆ। ਸਿੱਖੀ ਦਰਸ਼ਨ ਦੀ ਹੋਰ ਵਿਆਖਿਆ ਹੋਈ, ਸਿੱਖੀ ਜੀਵਨ ਦੀਆਂ ਹੋਰ ਮਿਸਾਲਾਂ ਉਸਰੀਆਂ ਅਤੇ ਯਾਦਾਂ ਦਾ ਦਾਇਰਾ ਵੱਧਦਾ ਗਿਆ। ਲੋਕਾਈ ਯਾਦ ਕਰਦੀ ਰਹੀ। ਮਿਸਾਲਾਂ ਦਿੱਤੀਆਂ ਜਾਂਦੀਆਂ ਰਹਿਆਂ। ਸਿੱਖੀ ਦੇ ਅਚਾਰਣ ਨੂੰ ਯਾਦ ਕਰਨਾ ਹੀ ਸੀ ਕਿਉਂਕਿ ਇਹੀ ਤਾਂ ਸੱਚ ਦਾ ਅਮਲੀ ਪ੍ਰਗਟਾਵਾ ਸੀ। ਗੁਰੂ ਸਚਿਆਰੇ ਸਨ। ਸਿੱਖੀ ਦੇ ਦਰਸ਼ਨ ਨੂੰ ਸਿੱਖੀ ਦੇ ਆਚਰਣ ਨਾਲੋਂ ਵੱਖ ਕਰਨ ਵਿੱਚ ਅਧੁਰਾਪਨ ਹੈ। ਇਹ ਦਰਸ਼ਨ ਨੂੰ ਨਾ ਸਮਝਣ ਵਰਗੀ ਗੱਲ ਹੈ। ਸੱਚੇ ਗਿਆਨ ਨੂੰ ਗੁਰੂਆਂ ਨੇ ਅਚਾਰ ਰਾਹੀਂ ਹੋਰ ਉੱਚਾ ਚੁਕਿਆ ਸੀ।

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ (ਮਂ ੧, ਪੰਨਾ ੬੨, ਆਦਿ ਗੁਰੂ ਗ੍ਰੰਥ ਸਾਹਿਬ)

Meaning: Truth is higher than everything; but higher still is truthful living.

ਫ਼ਿਲਹਾਲ ‘ਕੁੱਝ` ਇਤਰਾਜ਼ਾਂ ਵੱਲ ਨਾ ਜਾਂਦੇ ਹੋਏ ਪ੍ਰਚਲਤ ਅਰਦਾਸ ਦੇ ਇੱਕ ਦੋ ਪੱਖਾਂ ਦੀ ਚਰਚਾ ਕਰੀਏ ਤਾਂ ਕਿ ਇਹ ਸਮਝ ਬਣ ਸਕੇ ਕਿ ਸਚਮੁਚ ਸਭ ਕੁੱਝ ਗਲਤ ਨਹੀ ਹੈ। ਕੁੱਝ ਸਾਂਝੇ ਮੁੱਦਿਆਂ ਬਾਰੇ, ਬਿਨਾਂ ਵਿਚਾਰ ਸਾਂਝੇ ਕੀਤੇ, ਵੱਖੋ-ਵੱਖ ਚਰਮ ਸੀਮਾਵਾਂ (Extreme Positions) ਤੇ ਬੈਠ ਜਾਣਾਂ ਕਈ ਵਾਰ ਠੀਕ ਨਹੀਂ ਹੁੰਦਾ। ਇਸ ਬਾਰੇ ਆਪਸੀ ਸਮਝ ਬਣਾਉਣਾਂ ਇਸ ਲੇਖ ਦਾ ਮਕਸਦ ਹੈ।

ਇਸ ਚਰਚਾ ਵਿੱਚ ਅਸੀਂ ਇਹ ਵਿਚਾਰ ਕਰਣ ਦਾ ਜਤਨ ਕਰਾਂ ਗੇ ਕਿ ਕੀ ਪ੍ਰਚਲਤ ਅਰਦਾਸ ਕਰਨ ਵੇਲੇ ਦੱਸ ਗੁਰੂ ਸਾਹਿਬਾਨ ਦੇ ਕੀਤੇ ਜੀਵਨ ਆਚਰਣ ਨੂੰ ਸੰਖੇਪ ਵਿੱਚ ਯਾਦ (ਧਿਆਉਂਣਾ) ਕਰਨਾ ਗਰੁਮਤਿ ਵਿਰੋਧੀ ਗੱਲ ਹੈ? ਇੱਕ ਐਸੀ ਹਕੀਕਤ ਦੇ ਮੱਧੇ ਨਜ਼ਰ, ਕਿ ਜਿਸ ਵੇਲੇ ਅਸੀਂ ਇਸ ਗੱਲ ਉਤੇ ਸਹਿਮਤ ਹੋਈਏ ਕਿ ਗੁਰੂ ਸਾਹਿਬਾਨ ਦਾ ਜੀਵਨ, ਨਿਸ਼ਚਤ ਤੋਰ ਤੇ, ਸ਼ਬਦ ਗੁਰੂ ਅਨੁਸਾਰੀ ਹੀ ਸੀ, ਤਾਂ ਗੁਰੂ ਸਾਹਿਬਾਨ ਦੇ ਜੀਵਨ ਆਚਰਣ ਨੂੰ ਸ਼ਬਦ ਗੁਰੂ ਦੇ ਸਿਧਾਂਤਾਂ ਦਾ ਅਮਲੀ ਪ੍ਰਗਟਾਵਾ ਤਸਲੀਮ ਕਰਣ ਵਿੱਚ ਕਿਸੇ ਨੂੰ ਹਿੱਚਕ ਨਹੀਂ ਹੋਂਣੀ ਚਾਹੀਦੀ।

ਰੋਜ਼ ਗੁਰਬਾਣੀ ਪੜਨ ਬਾਰੇ ਕੁੱਝ ਮਰਿਆਦਾ ਹੋ ਸਕਦੀ ਹੈ ਪਰ ਇਸ ਦਾ ਮਤਲਭ ਕਦਾਚਿਤ ਇਹ ਨਹੀਂ ਹੋ ਸਕਦਾ ਕਿ ਅਸੀਂ ਇਹ ਯਾਦ ਨਾ ਕਰੀਏ ਕਿ ਗੁਰੂ ਨਾਨਕ ਦਾ ਜੀਵਣ ਆਚਰਣ ਕੀ ਸੀ? ਅਸੀਂ ਇਹ ਯਾਦ ਨਾ ਕਰੀਏ ਕਿ ਗੁਰੂ ਅਰਜਨ ਪਾਤਿਸ਼ਾਹ ਨੇ ਸ਼ਬਦ ਗੁਰੂ ਦੇ ਸਿਧਾਂਤ ਦੀਆਂ ਕਰਦਾਂ ਕੀਮਤਾਂ ਲਈ ਕਿਸ ਜ਼ਹਿਨੀ ਅਤੇ ਜਿਸਮਾਨੀ ਦ੍ਰਿੜਤਾ ਨਾਲ ਤੱਤੀ ਲੋਅ ਵੱਲ ਕਦਮ ਪੁੱਟਿਆ ਸੀ? ਅਸੀਂ ਇਹ ਵੀ ਨਾ ਯਾਦ ਕਰੀਏ ਕਿ ਗੁਰੂ ਤੇਗ ਬਹਾਦਰ ਕਿੰਝ ਆਪਣਾ ਸੀਸ ਭੇਂਟ ਕਰ ਮਨੁੱਖਤਾ ਦੇ ਹੱਕ ਦੀ ਚਾਦਰ ਬਣੇ ਸੀ? ਅਸੀਂ ਇਹ ਵੀ ਨਾ ਯਾਦ ਕਰੀਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਫ਼ਰਜੰਦਾਂ ਅਤੇ ਜਾਂ-ਨਿਸਾਰਾਂ ਨੇ ਕਿੰਝ ਅਤੇ ਕਿਉਂ ਸ਼ਹੀਦੀਆਂ ਦੇ ਜਾਮ ਪੀਤੇ ਸੀ? ਮਿਸਾਲਾਂ ਹੋਰ ਵੀ ਬਹੁਤ ਹਨ। ਸਿੱਖੀ ਦੇ ਦਰਸ਼ਨ ਦਾ ਸਰਹਿੰਦ ਦੀਆਂ ਦਿਵਾਰਾਂ ਨਾਲ ਰਿਸ਼ਤਾ ਕਿਵੇਂ ਅਤੇ ਕਿਉਂ ਨਾ ਯਾਦ ਕਰੀਏ? ਗੁਰਮਤਿ ਵਿੱਚ ਸੁਚੇਤ ਹੋਣ ਦੀ ਗੱਲ ਹੈ ਨਾ ਕਿ ਬੇ-ਹੋਸ਼ ਹੋਂਣ ਦੀ।

ਸਾਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਰੀਰਾਂ ਨੂੰ ਸ਼ਹੀਦ ਕੀਤਾ ਗਿਆ ਸੀ ਨਾ ਕਿ ਸ਼ਬਦ ਗੁਰੂ ਨੂੰ। ਸਰੀਰਾਂ ਨੇ ਸ਼ਬਦ ਗੁਰੂ ਤੇ ਪਹਿਰਾ ਦਿੰਦੇ ਇਤਹਾਸ ਲਿਖਿਆ ਸੀ। ਹਾਂ ਸ਼ਬਦ ਗੁਰਬਾਣੀ ਵਿੱਚ ਮਿਲਗੋਭੇ ਵੀ ਇੱਕ ਅਲਗ ਪ੍ਰਕਾਰ ਦੀਆਂ ਸਾਜਸ਼ਾਂ ਸਨ ਜਿਨ੍ਹਾਂ ਨੂੰ ਠੱਲ ਗੁਰੂਆਂ ਨੇ ਆਪ ਪਾਈ ਸੀ। ਸ਼ਬਦ ਗੁਰੂ ਦੀ ਨਿਰੋਲਤਾ ਤੇ ਪਹਿਰਾ ਜੰਤਰਾਂ-ਮੰਤਰਾਂ ਰਾਹੀਂ ਨਹੀਂ ਬਲਕਿ ਸੁਰਤਿ ਭਰੇ ਸਰੀਰਾਂ ਰਾਹੀਂ ਹੋਈਆ ਸੀ।

ਜੇਕਰ ਅਸੀਂ ਇਹ ਗੱਲਾਂ ਯਾਦ ਨਹੀਂ ਰੱਖਣੀਆਂ ਤਾਂ ਗੁਰੂ, ਗੁਰੂ ਹੋਣ ਜਾਂ ਪਾਤਿਸ਼ਾਹ ਅਸੀਂ ਉਨ੍ਹਾਂ ਦਾ ਕਰਨਾ ਕੀ ਹੈ? ਉਹ ਸਾਡੇ ਕਿਸ ਕੰਮ ਦੇ? ਕੀ ਗੁਰੂਆਂ ਆਦਿ ਨੂੰ ਯਾਦ ਕਰਨ ਲਈ ਪ੍ਰਚਲਤ ਅਰਦਾਸ ਤੋਂ ਅਲਗ ਇੱਕ ਵੱਖਰੀ ਸਮੇਂ ਸਾਰਣੀ ਬਨਾਉਂਣੀ ਪਵੇਗੀ? ਜਿਹੜਾ ਜਿਗਿਆਸੂ ਸ਼ਬਦ ਗੁਰੂ ਪੜਦੇ, ਸੁਣਦੇ ਅਤੇ ਸਮਝਣ ਦਾ ਜਤਨ ਕਰਦੇ ਗੁਰੂਆਂ ਅਤੇ ਸਿੱਖੀ ਦੇ ਵਿਰਸੇ ਦੇ ਆਚਰਣ ਨੂੰ ਚੇਤੇ ਨਹੀਂ ਰੱਖਦਾ ਉਹ ਸ਼ਬਦ ਗੁਰੂ ਨੂੰ ਸਹੀ ਸੰਧਰਭ ਵਿੱਚ ਕਦੇ ਨਹੀਂ ਸਮਝ ਸਕਦਾ। ਕੀ ਇਹ ਸਭ ਕੁੱਝ ਕੇਵਲ ਸਰੀਰਾਂ ਨਾਲ ਜੁੜਨ ਦੀ ਗੱਲ ਹੈ? ਨਿਰਸੰਦੇਹ ਇਹ ਨਹੀਂ ਹੈ!

ਕੀ ਅਪਣੇ ਵਿਲੱਖਣ ਵਿਰਸੇ ਨੂੰ ਧਿਆਉਂਣ (ਧਿਆਨ ਵਿੱਚ ਲਿਆਉਂਣ, ਯਾਦ ਕਰਨ ਨਾਲ) ਨਾਲ ਪਰਮਾਤਮਾ ਦਾ ਨਾਮ ਧਿਆਉਂਣ ਦਾ ਜਾਂ ਕੇਵਲ ਸ਼ਬਦ ਗੁਰੂ ਦੇ ਲੜ ਲੱਗਣ ਵਰਗਾਂ ਦ੍ਰਿੜ ਸਿਧਾਂਤ ਟੁੱਟਦਾ ਹੈ? ਨਿਰਸੰਦੇਹ ਬਿਲਕੁਲ ਨਹੀਂ! ਜਿਸ ਵੇਲੇ ਅਸੀਂ ਪ੍ਰਚਲਤ ਅਰਦਾਸ ਵਿੱਚ ਗੁਰੂਆਂ ਨੂੰ ਧਿਆਉਂਣ ਦੀ ਗੱਲ ਕਰਦੇ ਹਾਂ ਤਾਂ ਉਸਦਾ ਭਾਵ ਨਿਰਸੰਦੇਹ ਉਸ ਆਚਰਨ ਦੇ ਸਿਰਮੋਰਾਂ ਨੂੰ ਯਾਦ ਕਰਨਾ ਹੁੰਦਾ ਹੈ ਜਿਨ੍ਹਾਂ ਦਾ ਆਚਰਣ, ਉਨ੍ਹਾਂ ਦੇ ਦਰਸ਼ਨ ਸ਼ਬਦ ਗੁਰੂ ਦੇ ਸਿਧਾਂਤਾਂ ਦਾ ਅਮਲ ਸੀ। ਇਸ ਸੰਧਰਭ ਵਿੱਚ ਇਹ ਗੱਲ ਬਿਲਕੁਲ ਵਾਜਬ ਨਹੀਂ ਪ੍ਰਤੀਤ ਹੁੰਦੀ ਕਿ ਪਰਮਾਤਮਾ ਨੂੰ ਚੇਤੇ ਕਰਨ, ਨਾਮ ਧਿਆਉਂਣ ਜਾਂ ਸ਼ਬਦ ਗੁਰੂ ਨੂੰ ਧਿਆਉਂਣ ਵੇਲੇ ਅਸੀਂ ਗੁਰੂਆਂ ਦੇ ਜੀਵਨ ਆਚਰਣ ਨੂੰ ਨੱਥੀ ਕਰ ਪਰੇ ਕਿਸੇ ਕੋਨੇ ਵਿੱਚ ਰੱਖ ਦਈਏ। ਉਹ ਵੀ ਇਸ ਦਲੀਲ ਨਾਲ ਕਿ ਇਹ ਕੇਵਲ ਪੜਨ ਦੀਆਂ ਕਿਤਾਬੀ ਗੱਲਾਂ ਹਨ ਅਤੇ ਇਨ੍ਹਾਂ ਨੂੰ ਪੜਨਾ ਤਾਂ ਚਾਹੀਦਾ ਹੈ ਪਰ ਲੋੜੀਂਦੀ ਪ੍ਰਚਲਤ ਅਰਦਾਸ ਵੇਲੇ ਨਹੀਂ, ਕਿਉਂਕਿ ਨਿਜੀ ਜਾਂ ਸਾਮੁਹਕ ਤੋਰ ਤੇ ਸੰਖੇਪ ਰੂਪ ਵਿੱਚ ਇਹ ਇਹ ਗੱਲਾਂ ਪ੍ਰਚਲਤ ਅਰਦਾਸ ਰਾਹੀਂ ਯਾਦ ਕਰ ਲੇਣਾ ਗੁਰਮਤਿ ਦੇ ਕਿਸੇ ਸਿਧਾਂਤ ਦੀ ਉਲੰਘਣਾ ਹਨ।

ਸੱਜਣੋਂ! ਜਿਸ ਵੇਲੇ ਕੋਈ ਜਾਗਰੂਕ ਬੋਲਦਾ ਹੈ ਕਿ ‘ਗੁਰ ਤੇਗ਼ ਬਾਹਦਰ ਸਿਮਰਿਐ ਘਰ ਨਉਨਿਧਿ ਆਵੈ ਧਾਇ` ਜਾਂ ਫ਼ਿਰ ‘ਸ੍ਰੀ ਹਰਿਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ` ਤਾਂ ਉਸ ਦਾ ਮੂਲ ਭਾਵ ਉਨਾਂ ਗੁਰੂਆਂ ਦੇ ਜੀਵਨ ਆਚਰਣ ਨੂੰ ਚੇਤੇ ਰੱਖਣ ਦਾ ਹੁੰਦਾ ਹੈ ਨਾ ਕਿ ਦੇਹ ਨੂੰ ਸਿਮਰਨ ਦਾ ਜਾਂ ਪ੍ਰਤਖ ਡਿੱਠਣ ਦਾ। ‘ਗੁਰੂ ਨਾਨਕ ਲਈ ਧਿਆਈ` ਪੰਗਤੀ ਦਾ ਭਾਵ ਕਵਿਤਾ ਰੂਪ ਵਿੱਚ ‘ਗੁਰ ਤੇਗ਼ ਬਾਹਦਰ ਸਿਮਰਿਐ` ਨਾਲ ਸਪਸ਼ਟ ਹੁੰਦਾ ਹੈ। ਪ੍ਰਚਲਤ ਅਰਦਾਸ ਦੇ ਇਹ ਸ਼ਬਦ ਵਿਰਸੇ ਨੂੰ ਧਿਆਉਂਣ ਜਾਂ ਯਾਦ ਕਰਨ ਦੇ ਭਾਵ ਨਾਲ ਜੁੜਦੇ ਹਨ ਨਾ ਕਿ ਪੂਜਾ ਨਾਲ। ਇਨ੍ਹਾਂ ਸ਼ਬਦਾਂ ਦਾ ਭਾਵ ਸਮਝਣ ਦੀ ਜੁਗਤ ਤਾਂ ਸ਼ਬਦ ਗੁਰੂ ਤੋਂ ਹੀ ਸਿੱਖੀ ਜਾ ਸਕਦੀ ਹੈ। ਉਦਾਹਰਣ ਲਈ, ਇਹ ਸ਼ਬਦ ਲਿੱਖਣ ਦੀ ਮੂਲ ਭਾਵਨਾ ਇਹੀ ਸੀ:

ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥ (ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ 346)

ਅਰਥ: ਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇੱਕ ਖਿਨ ਭਰ ਲਈ (ਹੀ) ਦੀਦਾਰ ਦੇਹ। ੧। ਰਹਾਉ।

ਇਥੇ ਭਗਤ ਰਵੀ ਦਾਸ ਜੀ ਦੀ ਪਰਮਾਤਮਾ ਅੱਗੇ ‘ਦਰਸ` ਦਿਖਾਉਂਣ ਦੀ ਬੇਨਤੀ ਦਾ ਭਾਵ ਪਰਮਾਤਮਾ ਦੇ ਗੁਣਾਂ ਨੂੰ ਸਮਝ ਸਕਣ ਜਾਂ ਪ੍ਰਾਪਤ (ਧਾਰਨ) ਦੀ ਗੁਹਾਰ ਦਾ ਹੈ ਨਾ ਕਿ ਕਿਸੇ ਪ੍ਰਤਖ ਦਰਸਨ ਦਾ ਕਿੳਂਕਿ ਭਗਤ ਜੀ ਜਾਣਦੇ ਹਨ ਕਿ ਪਰਮਾਤਮਾ ਇੱਕ ਵਿਸ਼ੇਸ਼ ਸਵਰੂਪ ਨਹੀਂ। ਭਾਵ ਸਮਝਣ ਦੀ ਇਸ ਜੁਗਤ ਨੂੰ ਅਸੀਂ ਗੁਰੂਆਂ ਨੂੰ ਧਿਆਉਂਣ, ਸਿਮਰਨ, ਡਿਠਣ ਆਦਿ ਦੇ ਸੰਧਰਭ ਵਿੱਚ ਕਿਉਂ ਨਹੀਂ ਸਮਝਦੇ? ਅਣਜਾਂਣ ਸੱਜਣਾ ਦੀ ਗੱਲ ਛੱਡੋ, ਕੀ ਇਹ ਭਾਵ ਵਿਦਵਾਨ ਸੱਜਣਾ ਲਈ ਸਮਝਣਾਂ ਔਖਾ ਹੈ? ਇੱਥੇ ਵੀ ਚਿੰਤਨ ਦੀ ਲੋੜ ਹੈ।

ਪਿੱਛੋਕੜ ਵਿੱਚ ਵੀ ਕੁੱਝ ਸੁਝਵਾਨ ਸਿੱਖ ਸਨ। ਪਿੱਛੋਕੜ ਦਾ ਅਰਥ ਹਰ ਗੱਲ ਤੇ ‘ਪਿੱਛੜੇ ਹੋਏ` ਨਹੀਂ ਨਿਕਲਦਾ। ਨਿਰਸੰਦੇਹ, ਪਿੱਛੋਕੜ ਦੇ ਕੁੱਝ ਉਪਰਾਲਿਆਂ ਬਾਰੇ ਸਾਡੀ “ਨਵੀਨ ਸੋਚ” ਵੀ ਤਾਂ ਗੁਰਮਤਿ ਤੋਂ ਪਿੱਛੜੀ ਹੋਈ ਹੋ ਸਕਦੀ ਹੈ। ਨਵੀਨ ਸੌਚ ਬਾਣੀ ਦੇ ਤਰਕ ਦੇ ਮਾਪਦੰਡਾਂ ਤੇ ਪੁਰੀ ਉਤਰਨੀ ਚਾਹੀਦੀ ਹੈ।

ਇਕ ਹੋਰ ਉਦਾਹਰਣ ਦੀ ਪੜਚੋਲ ਕਰੀਏ:

ਪ੍ਰਚਲਤ ਅਰਦਾਸ ਵਿੱਚ ਸ਼ਬਦ ਆਉਂਦੇ ਹਨ: ਹਠੀਆਂ, ਜਪੀਆਂ, ਤਪੀਆਂ

ਕੋਈ ਸੋਚ ਸਕਦਾ ਹੈ ਕਿ ਇਹ ਤਿੰਨੋਂ ਸ਼ਬਦ ਗੁਰਮਤਿ ਦੀ ਕਸਵਟੀ ਦੇ ਉਲਟ ਹਨ ਕਿਉਂਕਿ ਗੁਰਮਤਿ ਵਿੱਚ ਹਠ, ਜਪ, ਤਪ ਦਾ ਕੋਈ ਸਥਾਨ ਨਹੀਂ। ਲੇਕਿਨ ਇਥੇ, ਇਸ ਪੱਖੋਂ, ਜਲਦਬਾਜੀ ਵਿੱਚ ਕੋਈ ਨਿਰਨਾ ਕੱਡ ਲੇਣਾ ਠੀਕ ਨਹੀਂ ਹੋ ਸਕਦਾ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਥੇ ਕਿਹੜੇ ਹਠੀਆਂ, ਜਪੀਆਂ ਤਪੀਆਂ ਦੀ ਗੱਲ ਹੋ ਰਹੀ ਹੈ? ਨਿਰਸੰਦੇਹ ਇਹ ਗੱਲ ਨਾਨਕ ਦੁਆਰਾ ਦੱਸੇ ਨਾਮ ਨੂੰ ਵਿਵਹਾਰਕ ਤੋਰ ਤੇ ਜਪਣ ਵਾਲੀਆਂ ਬਾਰੇ ਹੈ। ‘ਜਪੁ` ਬਾਣੀ ਵਿੱਚ ਪਰਮਾਤਮਾ ਨੂੰ ਜਪਣ ਦਾ ਤਰੀਕਾ ਹੈ। ਜਿਹਣਾ ਵੀ ਮਨੁੱਖ ਉਸ ਬਾਣੀ ਮੁਤਾਬਕ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਉਹ ਸਿੱਖੀ ਦੇ ਦਰਸ਼ਨ ਅਨੁਸਾਰ ਅਸਲੀ ਜਪੀ ਹੈ ਤਪੀ ਹੈ ਅਤੇ ਹੱਠੀ ਵੀ। ਇਹ ਉਨ੍ਹਾਂ ਹਠੀਆਂ, ਜਪੀਆਂ ਤਪੀਆਂ ਦੀ ਗੱਲ ਹੈ ਜਿਨ੍ਹਾ ਗੁਰੂ ਨਾਨਕ ਦੇ ਦੱਸੇ ਹੋਏ ਨਾਮ ਨੂੰ ਜਪਿਆ ਹੈ। ਇਥੇ ਯੋਗਮਤ ਵਰਗੇ ਹਠੀਆਂ, ਜਪੀਆਂ, ਤਪੀਆਂ ਦੀ ਗੱਲ ਨਹੀਂ। ਗੁਰੂ ਨਾਨਕ ਦੇ ਸਿੱਖ ਤਾਂ ਯੋਗੀ ਵੀ ਸਨ ਇਸ ਲਈ ਅਗਰ ‘ਹਠੀਆਂ, ਜਪੀਆਂ ਤਪੀਆਂ ਯੋਗੀਆਂ ਜਿਨ੍ਹਾਂ ਨਾਮ ਜਪਿਆ” ਵੀ ਲਿਖ ਦਿਤਾ ਜਾਂਦਾ ਤਾਂ ਵੀ ਗੁਰਮਤਿ ਦਾ ਕੋਈ ਸਿਧਾਂਤ ਭੰਗ ਨਹੀਂ ਸੀ ਹੋਣਾ ਕਿੳਂਕਿ ਅਗਲੇ ਸ਼ਬਦ ‘ਜਿਨ੍ਹਾਂ ਨਾਮ ਜਪਿਆ` ਸੰਧਰਭ ਸਪਸ਼ਟ ਕਰ ਦਿੰਦੇ ਹਨ। ਆਉ ਇਹ ਨੁਕਤਾ ਕੁੱਝ ਇੰਝ ਵੀ ਸਪਸ਼ਟ ਕਰ ਲਈਏ:

ਗੁਰੂ ਨਾਨਕ ਲਿਖਦੇ ਹਨ:

ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ਗੁਰ ਪਰਸਾਦੀ ਏਕੋ ਜਾਣੈ ॥ (ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ 662)

ਇਸ ਪੰਗਤੀ ਵਿੱਚ ਜੋਗੀ ਸ਼ਬਦ ਦਾ ਵਿਰੋਧ ਨਹੀਂ ਬਲਕਿ ਅਸਲ ਭਗਤੀ ਦੀ ਜੁਗਤ ਨਾ ਜਾਣਨ ਵਾਲੇ ਜੋਗੀ ਦਾ ਵਿਰੋਧ ਹੈ। ਨਾਲ ਹੀ ਅਪਣਾ ਨਿਰਨਾ ਦਿੰਦੇ ਨਾਨਕ ਪਾਤਿਸ਼ਾਹ ਅਸਲ ਭਗਤੀ ਦੀ ਜੁਗਤ ਜਾਣਨ ਵਾਲੇ ਬੰਦੇ ਨੂੰ ਜੋਗੀ ਦੀ ਸੰਗਿਆ ਦੇ ਰਹੇ ਹਨ। ਇਹ ਹੈ ਤੱਤ ਵਿਚਾਰ ਦੀ ਗੱਲ। ਗੁਰੂ ਨਾਨਕ ਨੂੰ ਕਿਸੇ ਸ਼ਬਦ ਨਾਲ ਅਸਹਮਤਿ ਨਹੀਂ ਬਲਕਿ ਅਮਲ ਦਾ ਭਾਵ ਸਹਮਤੀ-ਅਸਹਿਮਤੀ ਦਾ ਅਧਾਰ ਹੈ। ਇਸੇ ਪੰਨੇ ਤੇ ਲਿਖੇ ਇਸ ਪੁਰੇ ਸ਼ਬਦ ਨੂੰ ਪੜਿਆ ਜਾਵੇ ਤਾਂ ਕਾਜ਼ੀ ਅਤੇ ਬ੍ਰਾਹਮਣ ਵਰਗੇ ਸ਼ਬਦਾਂ ਨੂੰ ਵੀ ਅਸਲ ਅਮਲ ਦੇ ਅਧਾਰ ਤੇ ਅਪਣਾਇਆ ਗਿਆ ਹੈ। ਹੋਰ ਵੇਖੋ:

ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥ (ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ 938)

ਅਰਥ: ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿੱਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ)।

ਗੁਰੂ ਅਰਜਨ ਪਾਤਿਸ਼ਾਹ ਗੁਰੂ ਨਾਨਕ ਦੇ ਇਸੇ ਦ੍ਰਿਸ਼ਟੀਕੋਣ ਦੀ ਵਿਆਖਿਆ ਇੰਝ ਕਰਦੇ ਹਨ:

ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ ਰਾਮ ਨਾਮ ਸਾਰੁ ਰਸੁ ਪੀਵੈ ॥ (ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ 274)

ਅਰਥ:- (ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ, ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਭਾਲਦਾ ਹੈ।

ਹੁਣ ਜ਼ਰਾ ਇਸੇ ਕਸਵਟੀ ਦੇ ਅਧਾਰ ਤੇ ਪ੍ਰਚਲਤ ਅਰਦਾਸ ਵਿੱਚ ਵਰਤੀ ਪੰਗਤੀ “ਹਠੀਆਂ, ਜਪੀਆਂ, ਤਪੀਆਂ ਜਿਨ੍ਹਾਂ ਨਾਮ ਜਪਿਆ” ਨੂੰ ਵਿਚਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਇਹ ਉਨ੍ਹਾਂ ਅਸਲੀ ਹਠੀਆਂ, ਜਪੀਆਂ, ਤਪੀਆਂ ਨੂੰ ਯਾਦ ਕਰਣ ਦੀ ਗੱਲ ਹੈ ਜਿਨ੍ਹਾਂ ਅਮਲੀ ਤੋਰ ਤੇ ਗੁਰੂ ਨਾਨਕ ਦੇ ਦੱਸੇ ਹੋਏ ਨਾਮ ਨੂੰ ਜਪਿਆ। ਇਹ ‘ਕਥਿਤ` ਹਠੀਆਂ, ਜਪੀਆਂ, ਤਪੀਆਂ ਦੀ ਗੱਲ ਨਹੀ ਜਿਨ੍ਹਾਂ ਦੇ ਨਾਮਹੀਣ ਅਮਲ ਨਾਲੋਂ ਗੁਰਬਾਣੀ ਦੀ ਥਾਂ ਪਰ ਥਾਂ ਅਸਹਮਤਿ ਹੈ।

ਕਿਸੇ ਨੁੱਕਤੇ ਵਿਸ਼ੇਸ ਤੇ ਆਪਸੀ ਸੰਵਾਦ ਕੀਤਾ ਜਾ ਸਕਦਾ ਹੈ ਜਿਸ ਦਾ ਭਾਵ ਕਿਸੇ ਗੱਲ ਨੂੰ ਨੱਕਾਰਣ ਦੇ ਨਾਲ-ਨਾਲ ਸਵੀਕਾਰਣ ਦਾ ਵੀ ਹੋਣਾ ਚਾਹੀਦਾ ਹੈ। ਇਸ ਬਾਰੇ ਹੋਰ ਵੀ ਪੜਚੋਲ ਹੋ ਸਕਦੀ ਹੈ। ਇਸ ਵਿੱਚ ਹਰਜ਼ ਨਹੀਂ। ਜੇਕਰ ਕਿਸੇ ਜਗ੍ਹਾ ਕਿਸੇ ਮਨਮਤਿ ਨੂੰ ਨੱਕਾਰਨਾ ਸਾਡਾ ਫ਼ਰਜ਼ ਹੈ ਤਾਂ ਕਿਸੇ ਜਗ੍ਹਾ ਕਿਸੇ ਗੁਰਮਤਿ ਮੁਤਾਬਕ ਗੱਲ ਨੂੰ ਸਵੀਕਾਰ ਕਰ ਲੇਣਾਂ ਵੀ ਤਾਂ ਸਾਡਾ ਹੀ ਫ਼ਰਜ਼ ਹੈ।

ਗੁਰੂਆਂ ਨੂੰ ਅਤੇ ਅਪਣੇ ਸਿੱਖੀ ਵਿਰਸੇ ਨੂੰ ਯਾਦ ਨਾ ਕੀਤਾ ਜਾਵੈ ਇਸ ਗੱਲ ਨੂੰ ਸਵੀਕਾਰ ਕਰਨਾ ਮੁਮਕਿਨ ਨਹੀਂ। ਹਰ ਕੋਈ ਰੋਜ਼ ਇਤਹਾਸ ਨਹੀਂ ਪੜਦਾ। ਖ਼ਾਸ ਤੋਰ ਤੇ ਉਸ ਵੇਲੇ ਜਦ ਕਿ ਪੜਨ ਵਾਲੇ ਘਟ ਹੁੰਦੇ ਸੀ ਤਾਂ ਯਾਦ ਕਰ ਲੇਣਾਂ ਹੀ ਇੱਕ ਤਰੀਕਾ ਸੀ। ਹੁਣ ਵੀ ਅਨਪੜ ਜਾਂ ਮਸਰੂਫ਼ ਆਦਮੀ ਯਾਦ ਹੀ ਕਰ ਸਕਦਾ ਹੈ। ਪਰ ਜੇ ਕਰ ਪ੍ਰਚਲਤ ਅਰਦਾਸ ਕਰਨ ਵਾਲਾ, ਅਰਦਾਸ ਕਰਨ ਵੇਲੇ ਸੰਖੇਪ ਰੂਪ ਵਿੱਚ ਆਪਣੇ ਗੁਰੂਆਂ ਅਤੇ ਸਿੱਖੀ ਦੇ ਵਿਰਸੇ ਨੂੰ ਯਾਦ ਕਰ ਲੇਂਦਾ ਹੈ ਇਸ ਵਿੱਚ ਤਾਂ ਕੋਈ ਹਰਜ਼ ਨਹੀਂ। ਇਹ ਤਾਂ ਸਾਡਾ ਫ਼ਰਜ਼ ਹੈ।

ਹਰਦੇਵ ਸਿੰਘ, ਜੰਮੂ

094191,84990

(ਸੰਪਾਦਕੀ ਟਿੱਪਣੀ:- ਹਰਦੇਵ ਸਿੰਘ ਜੀ ਅਸੀਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਹੁਣ ਫਿਰ ਦੁਹਰਾ ਰਹੇ ਹਾਂ ਕਿ ਸਾਰੇ ਹੀ ਪਾਠਕ/ਲੇਖਕ ਦਸਮ ਗ੍ਰੰਥ ਦੀਆਂ ਲਿਖਤਾਂ ਦੇ ਹਵਾਲੇ ਦੇਣ ਤੋਂ ਸੰਕੋਚ ਕਰਨ। ਇੱਕ ਪਾਸੇ ਤਾਂ ਅਸੀਂ ਸਾਰੇ ਦਸਮ ਗ੍ਰੰਥ ਨੂੰ ਰੱਦ ਕਰ ਰਹੇ ਹਾਂ ਅਤੇ ਦੂਸਰੇ ਪਾਸੇ ਉਸ ਵਿਚੋਂ ਹਵਾਲੇ ਦੇ ਕੇ ਆਪਣੀਆਂ ਦਲੀਲਾਂ ਰਾਹੀਂ ਕੁੱਝ ਹੋਰ ਸਿੱਧ ਕਰ ਰਹੇ ਹਾਂ। ਇਹ ਗੱਲ ਠੀਕ ਨਹੀਂ ਹੈ। ਉਮੀਦ ਹੈ ਕਿ ਅਗਾਂਹ ਵਾਸਤੇ ਖਿਆਲ ਰੱਖਣ ਦੀ ਖੇਚਲ ਕਰੋਂਗੇ। ਇਹ ਤਾਂ ਇੱਕ ਕਿਸਮ ਦੀ ਦੁਰਗਾ ਦੇਵੀ ਨੂੰ ਮੱਲੋ ਜੋਰੀ ਮਾਨਤਾ ਦੇਣ ਵਾਲੀ ਗੱਲ ਹੈ ਜਿਸ ਤੋਂ ਅਸੀਂ ਖਹਿੜਾ ਛੁਡਾਉਣਾ ਮੰਗਦੇ ਹਾਂ। ਹੁਣ ਅਗਾਂਹ ਅਸੀਂ ਸਰਦਾਰ ਦਲਬੀਰ ਸਿੰਘ ਐੱਮ. ਐੱਸ. ਸੀ. ਦੇ ਲੇਖ ਵਿਚੋਂ ਕਾਪੀ ਪੇਸਟ ਕਰ ਰਹੇ ਹਾਂ:

ਪ੍ਰਿਥਮ ਭਗੌਤੀ ਸਿਮਰ ਕੈ…… ਪੰਕਤੀ ਵਿੱਚ ਭਗੌਤੀ ਦੇ ਅਰਥ ਉਪਰ ਭਾਈ ਕਾਨ੍ਹ ਸਿੰਘ ਜੀ ਨੇ ਲਿਖ ਦਿਤੇ ਹਨ। ਵਧੇਰੇ ਡੂੰਘਾਈ ਨਾਲ ਸਮਝਣ ਲਈ ‘ਵਾਰ ਦੁਰਗਾ ਕੀ` ਅਥਵਾ ‘ਵਾਰ ਸ੍ਰੀ ਭਗਉਤੀ ਜੀ ਕੀ` ਦੀ ਪੜਚੋਲ ਜ਼ਰੂਰੀ ਹੈ। ਇਹ ਵਾਰ ਬਚਿਤ੍ਰ ਨਾਟਕ ਗ੍ਰੰਥ (ਅਖਉਤੀ ਦਸਮ ਗ੍ਰੰਥ) ਵਿੱਚ ਪੰਨਾ ਨੰਬਰ ੧੧੯ ਤੋਂ ੧੨੭ ਤਕ ਦਰਜ ਹੈ ਅਤੇ ਇਸ ਵਾਰ ਦੀਆਂ ਕੁਲ ੫੫ ਪਉੜੀਆਂ ਹਨ। ਸਾਰੀ ਵਾਰ ਵਿੱਚ ਦੇਵੀ ਦੁਰਗਾ (ਚੰਡੀ) ਦਾ ਮਹਿਖਾਸੁਰ, ਧੂਮ੍ਰਲੋਚਨ, ਚੰਡ, ਮੁੰਡ, ਸ੍ਰਣਵਤਬੀਜ (ਰਕਤਬੀਜ), ਸੂੰਭ, ਨਿਸੂੰਭ ਨਾਂ ਦੇ ਦੈਂਤਾਂ ਨਾਲ ਜੁਧਾਂ ਦਾ ਜ਼ਿਕਰ ਹੈ। ਇਸਦਾ ਆਧਾਰ ਗ੍ਰੰਥ ਮਾਰਕੰਡੈਯ ਪੁਰਾਣ ਹੈ। ਪੰਨਾ ੯੧ ਅਤੇ ੯੫ ਤੇ ਵੀ ਚੰਡੀ ਦੇ ਜੰਗਾਂ ਦਾ ਹਾਲ ਲਿਖਿਆ ਹੈ ਅਤੇ ਸਮਾਪਤੀ ਸੰਕੇਤ ਇਉਂ ਲਿਖੇ ਹਨ: ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ….) , ਜਿਸਦੀ ਨਾਇਕਾ ਦੇਵੀ ਦੁਰਗਾ ਹੈ ਜਿਸਨੂੰ ਆਦਿ-ਸ਼ਕਤੀ, ਸ਼ਿਵਾ, ਜਗਮਾਇ, ਜਗਮਾਤਾ, ਭਵਾਨੀ, ਭਗਉਤੀ, ਕਾਲ, ਕਾਲੀ, ਕਾਲਕਾ, ਮਹਾਕਾਲੀ ਆਦਿਕ ਨਾਂਵਾਂ ਨਾਲ ਬਿਆਨ ਕੀਤਾ ਗਿਆ ਹੈ। (ਪੜ੍ਹੋ ਜੀ, ਮਾਰਕੰਡੇਯ ਪੁਰਾਣ ਅਤੇ ਉਸਤੇ ਆਧਾਰਿਤ ਪੁਸਤਕ ਸ੍ਰੀ ਦੁਰਗਾ ਸਪਤ-ਸ਼ਤੀ)

ਇਸ ਵਾਰ ਦੀ ਪਹਿਲੀ ਪਉੜੀ: ਪ੍ਰਿਥਮ ਭਗੌਤੀ ਸਿਮਰ ਕੇ ਗੁਰ ਨਾਨਕ ਲਈ ਧਿਆਇ।। … ਅਤੇ ਆਖਰੀ ਪਉੜੀ ਨੰ: ੫੫: ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।। ਅਰਥਾਤ, ਸਾਰੀਆਂ ਪਉੜੀਆਂ ਦੇਵੀ ਦੁਰਗਾ ਦੀ ਉਸਤਤਿ, ਵਡਿਆਈ ਕਰਣ ਲਈ ਹੀ ਰਚੀਆਂ ਹਨ। ਭਗਉਤੀ ਦਾ ਅਰਥ ਪ੍ਰਕਰਣ ਅਨੁਸਾਰ ਦੇਵੀ ਦੁਰਗਾ ਹੀ ਹੈ। ਇਸ ਵਾਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਮੰਨਣ ਵਾਲੇ ਦਸਣ ਕਿ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤ ਨੂੰ ਦੇਵੀ-ਪੂਜਕ ਕਿਵੇਂ ਮੰਨੀਏ? ਜੇ ਮੰਨੀਏ ਤਾਂ ਉਪਰ ਲਿਖੀ ਮਰਯਾਦਾ (ੳ) ਤੇ (ੲ) ਦੀ ਅਤੇ ਗੁਰਵਾਕ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।। (੯੬੬) ਦੀ ਉਲੰਘਣਾ ਹੁੰਦੀ ਹੈ।




.