.

ਸਿੱਖ, ਗੁਰੂ, ਸਬਦਗੁਰੂ ਅਤੇ ਅਨਾਹਦ ਸਬਦ

ਦੁਨੀਆਂ ਦੀ ਸਭ ਤੋਂ ਨਵੇਂ ਜਮਾਨੇ ਦੀ ਸਿੱਖ ਕੌਮ ਨਿਰਣਾ ਹੀ ਨਹੀਂ ਕਰ ਪਾ ਰਹੀ ਕਿ ਉਸਦਾ ਗੁਰੂ ਕੌਣ ਹੈ। ਸਭ ਤੋਂ ਵੱਡੀ ਗੱਲ ਇਸ ਕੌਮ ਦੇ ਪ੍ਰਚਾਰਕ ਹੀ ਸਪੱਸਟ ਅਤੇ ਇੱਕਮੱਤ ਨਹੀਂ ਹਨ। ਹਰ ਕੋਈ ਆਪੋ ਆਂਪਣੀ ਬੁੱਧੀ ਅਨੁਸਾਰ ਆਪੋ ਆਪਣੀ ਸੋਚ ਪ੍ਰਚਾਰੀ ਜਾ ਰਿਹਾ ਹੈ। ਸਿੱਖ ਫਲਸਫੇ ਨੂੰ ਪੈਦਾ ਕਰਨ ਵਾਲੇ ਅਨੇਕਾਂ ਸੰਤ ਹਨ। ਆਪੋ ਆਪਣੇ ਸਮਿਆਂ ਅਤੇ ਇਲਾਕਿਆਂ ਵਿੱਚ ਸਾਰੇ ਸੰਤ ਪੁਰਸਾਂ ਨੇ ਗੁਰੂ ਦੇ ਦਰਜੇ ਪ੍ਰਾਪਤ ਕੀਤੇ। ਅੱਜ ਦੇ ਸਿੱਖਾਂ ਨੁੰ ਇਸ ਗੱਲ ਤੇ ਹੀ ਲੜਾਇਆ ਜਾ ਰਿਹਾ ਹੈ ਕਿ ਕੌਣ ਗੁਰੂ ਹੈ, ਕੌਣ ਭਗਤ ਹੈ, ਕੌਣਸੂਫੀ ਸੰਤ ਹੈ। ਗੁਰੂ ਗਰੰਥ ਵਿੱਚ ਸਾਮਲ ਗੁਰਬਾਣੀ ਦੇ ਰਚਾਇਤਾਵਾਂ ਨੂੰ ਵੱਖ ਵੱਖ ਗੁਰੂ, ਸੰਤ, ਭਗਤ ਜਾਂ ਹਿੰਦੂ, ਮੁਸਲਮਾਨ ਆਦਿ ਵਿੱਚ ਕਿਉਂ ਵੰਡਿਆ ਜਾ ਰਿਹਾ ਹੈ। ਅੱਜ ਭੀ ਸਿੱਖ ਦਸ ਗੁਰੂ ਮੰਨੀ ਜਾ ਰਹੇ ਹਨ। ਜਦਕਿ ਗੁਰੂ ਗੋਬਿੰਦ ਸਿੰਘ ਵੱਲੋਂ ਗੁਰੂ ਦਾ ਦਰਜਾ ਗਰੰਥ ਸਾਹਿਬ ਨੂੰ ਦੇਣ ਤੋਂ ਬਾਅਦ ਇਕੋ ਗੁਰੂ ਮੰਨਿਆ ਜਾਣਾ ਚਾਹੀਦਾ ਹੈ ਗੁਰੂ ਗਰੰਥ ਸਾਹਿਬ। ਦਸਾਂ ਗੁਰੂਆਂ ਦੀ ਸੋਚ ਛੇ ਗੁਰੂਆਂ ਦੀਆਂ ਲਿਖਤਾਂ ਭਾਵ ਗੁਰਬਾਣੀ ਵਿੱਚ ਸਮੋਈ ਹੋਈ ਹੈ, । ਛੇ ਗੁਰੂਆਂ ਦੀ ਬਾਣੀ ਤੋਂ ਬਿਨਾਂ ਬਾਕੀ ਹੋਰ ਸਭ ਸੰਤ, ਭਗਤਾਂ ਦੀ ਬਾਣੀ ਦੀ ਵਿਚਾਰਧਾਰਕ ਸੋਚ ਗੁਰੂਆਂ ਦੀ ਬਾਣੀ ਸਮਾਨ ਹੈ ਇਸ ਲਈ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਵਿੱਚ ਸਾਮਲ ਕੀਤਾ ਸੀ ਸੋ ਉਹ ਸਾਰੇ ਸੰਤ, ਭਗਤ ਵੀ ਗੁਰੂ ਹਨ। ਗੁਰੂ ਗਰੰਥ ਸਾਹਿਬ ਵਿੱਚ ਸਾਮਲ ਸਾਰੇ ਲੇਖਕ ਬਰਾਬਰ ਦਾ ਦਰਜਾ ਰੱਖਦੇ ਹਨ। ਸਿੱਖ ਕੌਮ ਦਾ ਗੁਰੂ ਮਨੁੱਖ ਨਹੀਂ ਵਿਚਾਰਧਾਰਾ ਹੈ। ਇਹ ਵਿਚਾਰਧਾਰਾ ਸਿਰਫ ਤੇ ਸਿਰਫ ਗੁਰੂ ਗਰੰਥ ਵਿੱਚ ਹੈ। ਗੁਰੂ ਗਰੰਥ ਨੂੰ ਗੁਰੂ ਕਿਵੇਂ ਮੰਨਣਾ ਹੈ ਇਹ ਭੀ ਇੱਕ ਤਰਾਂ ਨਹੀਂ ਕੀਤਾ ਜਾ ਰਿਹਾ। ਵੱਡੀ ਗਿਣਤੀ ਸਿਰ ਝੁਕਾ ਮੱਥਾ ਟੇਕਣ ਨੂੰ ਹੀ ਅਧਾਰ ਬਣਾਈ ਬੈਠੀ ਹੈ। ਅਸਲ ਵਿੱਚ ਅੱਖਰ ਗੁਰੂ ਰੂਪੀ ਗੁਰੂ ਗਰੰਥ ਸਾਹਿਬ ਨੂੰ ਪੜ ਅਤੇ ਸੁਣ ਕੇ ਹੀ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੀ ਸਮਝ ਪੈਸੇ ਦੇਕੇ ਨਹੀਂ ਖਰੀਦੀ ਜਾ ਸਕਦੀ ਜੋ ਅੱਜਕਲ ਕਰਵਾਇਆ ਜਾ ਰਿਹਾ ਹੈ ਮਾਇਆਧਾਰੀਆਂ ਵੱਲੋਂ। ਪੜ ਅਤੇ ਸੁਣਨ ਤੋਂ ਬਾਅਦ ਮਨ ਵਿੱਚ ਭੈ ਰੱਖਣ ਨਾਲ ਹੀ ਗੁਰਬਾਣੀ ਸੁਖ ਦੇਣ ਵਾਲੀ ਬਣਦੀ ਹੈ। ਦੇਹਧਾਰੀ ਨੂੰ ਮੰਨਣਾ ਹੈ ਜਾਂ ਨਹੀਂ ਭੀ ਵਿਵਾਦ ਰੋਜਾਨਾ ਫਜੂਲ ਖੜਾ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਦੇਹਧਾਰੀ ਨੂੰ ਨਾਂ ਮੰਨਣ ਦੀ ਗੱਲ ਕੀਤੀ ਜਾਂਦੀ ਹੈ। ਇਸ ਬਾਰੇ ਫੈਸਲਾ ਗੁਰੂ ਰੂਪ ਗੁਰਬਾਣੀ ਵਿੱਚੋਂ ਲਿਆ ਜਾਣਾ ਚਾਹੀਦਾ ਹੈ ਨਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਥੱਲੇ ਮਨਮੱਤ ਵਿੱਚੋਂ। ਗੁਰੂ ਮਨੁੱਖ ਦਾ ਸਿਰਫ ਇੱਕ ਹੀ ਹੁੰਦਾ ਹੈ ਜੋ ਸਿੱਖ ਲਈ ਸਿਰਫ ਗੁਰੂ ਗਰੰਥ ਹੀ ਹੈ। ਗੁਰੂ ਗਰੰਥ ਦੀ ਵਿਚਾਰਧਾਰਾ ਸੱਤਪੁਰਖ, ਸੰਤ, ਸਾਧ, ਜਾਂ ਇਸ ਦਾ ਭਾਵ ਚੰਗੇ ਮਨੁੱਖ ਦਾ ਅਦਬ ਕਰਨ ਵੱਲ ਨੂੰ ਤੋਰਦੀ ਹੈ, ਰੋਕਦੀ ਨਹੀਂ। ਚੰਗੇ ਜਾਂ ਸੱਚੇ ਮਨੁੱਖ ਦੇ ਪੈਰਾਂ ਤੇ ਦਾੜੀ ਰੱਖਣ ਦੀ ਗੱਲ ਗੁਰਬਾਣੀ ਕਹਿੰਦੀ ਹੈ। ਗਰੀਬ ਉਪਰ ਖਿਝਣ ਵਾਲੀ ਦਾੜੀ ਨੂੰ ਸਾੜਨ ਦੀ ਗੱਲ ਭੀ ਗੁਰਬਾਣੀ ਹੀ ਕਰ ਸਕਦੀ ਹੈ। ਦੇਹਧਾਰੀ ਸਬਦ ਨੂੰ ਨਿੰਦਣ ਸਮੇਂ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਲਿਖਣ ਵਾਲੇ ਬੀ ਦੇਹਧਾਰੀ ਹੀ ਸਨ। ਇਸ ਤਰਾਂ ਹੀ ਸਾਧ ਅਤੇ ਸੰਤ ਸਬਦ ਨੂੰ ਜੋ ਆਦਰ ਗੁਰਬਾਣੀ ਦਿੰਦੀ ਹੈ ਅਸੀ ਕਿਉਂ ਨਹੀਂ ਦਿੰਦੇ ਕਿਉਂਕਿ ਅੱਜ ਦਾ ਮਨੁੱਖ ਗੁਰੂਆਂ ਤੋਂ ਵੱਡਾ ਜੋ ਹੋ ਗਿਆ ਹੈ। ਅਸੀਂ ਸਮਝ ਹੀ ਨਹੀਂ ਰਹੇ ਗੁਰਬਾਣੀ ਨੂੰ। ਆਪਣੀ ਮਤ ਗੁਰਬਾਣੀ ਉਪਰ ਥੋਪ ਰਹੇ ਹਾਂ। ਗੁਰਬਾਣੀ ਭੇਖਧਾਰੀ ਨੂੰ ਬਨਾਰਸ ਦਾ ਠੱਗ ਕਹਿੰਦੀ ਹੈ ਜਦੋਂਕਿ ਅੱਜ ਦਾ ਮਨੁੱਖ ਸਾਧ ਜਾਂ ਸੰਤ। ਗੁਰਬਾਣੀ ਆਚਰਣ ਨੂੰ ਸਭ ਤੋਂ ਉਪਰ ਮੰਨਦੀ ਹੈ, ਅਸੀਂ ਵਿਖਾਵੇ ਨੂੰ। ਸਾਧ ਜਾਂ ਸੰਤ ਦੀ ਪਛਾਣ ਆਚਰਣ ਤੋਂ ਕਰਨ ਦੀ ਪਛਾਣ ਕਰਨੀਂ ਹੀ ਭੁੱਲ ਗਿਆ ਹੈ ਅੱਜ ਦਾ ਮਨੁੱਖ।
ਸਿੱਖ ਦਾ ਪਹਿਲਾ ਅਸੂਲ ਹੀ ਸਿੱਖਣਾ ਹੁੰਦਾ ਹੈ। ਜਿਹੜਾ ਮਨੁੱਖ ਸਿੱਖਣਾ ਬੰਦ ਕਰ ਦਿੰਦਾ ਹੈ ਉਹ ਸਿੱਖ ਹੀ ਨਹੀਂ ਰਹਿ ਜਾਦਾ। ਸਿੱਖ ਨੂੰ ਹੀ ਗੁਰੂ ਚਾਹੀਦਾ ਹੈ ਸੋ ਜੇ ਮਨੁੱਖ ਸਿੱਖ ਬਣੇਗਾ ਫਿਰ ਹੀ ਗੁਰੂ ਭਾਲੇਗਾ। ਅੱਖਰ ਗੁਰੂ ਨੂੰ ਗੁਰੂ ਦਾ ਦਰਜਾ ਸਿਰਫ ਪੜਨ ਅਤੇ ਸੁਣਨ ਵਾਲਾ ਹੀ ਦੇ ਸਕਦਾ ਹੈ। ਅੱਖਰਾਂ ਦੀਆਂ ਹੱਦਾਂ ਹੁੰਦੀਆਂ ਹਨ, ਇਹ ਅਨਾਹਦ ਨਹੀਂ ਹੁੰਦੇ। ਅੱਖਰਾਂ ਨੂੰ ਪੜਨ ਲਈ ਲਿਪੀ ਗਿਆਨ ਅਤੇ ਅੱਖਾਂ ਹੋਣੀਆਂ ਚਾਹੀਦੀਆਂ ਹਨ। ਅੱਖਰਾਂ ਨੂੰ ਜੇ ਸੁਣਨਾਂ ਹੋਵੇ ਤਾਂ ਸੁਣਨ ਵਾਲੇ ਕੰਨ ਹੋਣੇ ਚਾਹੀਦੇ ਹਨ। ਲਿਪੀ ਗਿਆਨ ਮਨੁੱਖ ਜਾਂ ਦੇਹਧਾਰੀ ਤੋਂ ਹੀ ਮਿਲਦਾ ਹੈ। ਗਿਆਨ ਦੇਣ ਵਾਲੇ ਦਾ ਅਦਬ ਗੁਰਬਾਣੀ ਸਿਖਾਉਂਦੀ ਹੈ। ਅਨਾਹਦ ਸਬਦ ਸਿਰਫ ਪੰਜ ਹੀ ਹਨ ਜੋ ਪ੍ਰਮਾਤਮਾ ਆਪ ਬਣਾਉਂਦਾ ਹੈ। ਅਨਾਹਦ ਸਬਦ ਮਰਿਆਂ ਅਤੇ ਜਿਉਂਦਿਆਂ ਨੂੰ ਬਰਾਬਰ ਮਹਿਸੂਸ ਹੁੰਦੇ ਹਨ। ਅਨਾਹਦ ਸਬਦ ਹੀ ਬਾਬੇ ਨਾਨਕ ਦੇ ਗੁਰੂ ਸਨ। ਸੰਤ ਪੁਰਸਾਂ ਦੇ ਭੀ ਅਨਾਹਦ ਸਬਦ ਹੀ ਗੁਰੂ ਹੁੰਦੇ ਹਨ।
ਗੁਰਚਰਨ ਪੱਖੋਕਲਾਂ ਫੋਨ 9417727245
ਪਤਾ ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)

(ਸੰਪਾਦਕੀ ਟਿੱਪਣੀ:- ਲੇਖਕ ਦੇ ਇਸ ਲੇਖ ਵਿਚੋਂ ਇਹ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਉਹ ਕਥਿਤ ਸਾਧਾਂ ਸੰਤਾਂ ਨੂੰ ਮੰਨਣ ਦੀ ਗੱਲ ਕਰ ਰਿਹਾ ਹੋਵੇ। ਮੇਰਾ ਨਹੀਂ ਖਿਆਲ ਕਿ ਪਿਛਲੀ ਇੱਕ ਸਦੀ ਵਿੱਚ ਕੋਈ ਅਜਿਹਾ ਸਾਧ ਸੰਤ ਹੋਇਆ ਹੋਵੇ ਜਿਹੜਾ ਕਿ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੋਵੇ। ਕੀ ਗੁਰੂ ਗ੍ਰੰਥ ਸਾਹਿਬ ਵਿੱਚ ਅਧਿਆਤਮਿਕ ਗਿਆਨ ਅਧੂਰਾ ਹੈ ਜਿਹੜਾ ਕਿ ਕਿਸੇ ਹੋਰ ਕਥਿਤ ਸਾਧ ਸੰਤ ਤੋਂ ਭਾਲਣ ਦੀ ਲੋੜ ਹੈ? ਪੰਜਾਬ ਵਿੱਚ ਐਸ ਵੇਲੇ 12000 ਤੋਂ ਉਪਰ ਪਿੰਡ ਹਨ ਅਤੇ ਇਤਨੇ ਹੀ ਜਾਂ ਇਸ ਤੋਂ ਵੀ ਜ਼ਿਆਦਾ ਸਾਧ ਸੰਤ ਹਨ। ਜੋ ਉਹ ਗੁੱਲ ਖਿਲਾਉਂਦੇ ਹਨ ਉਹ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਦਾ ਸਿੰਗਾਰ ਬਣਦੇ ਹਨ। ਇਹਨਾ ਕਥਿਤ ਸਾਧਾਂ ਸੰਤਾਂ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਭਾਈ ਸੁਖਵਿੰਦਰ ਸਿੰਘ ਸਭਰਾ ਦੀਆਂ ਪੁਸਤਕਾਂ, ‘ਸੰਤਾਂ ਦੇ ਕੌਤਕ’ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ)
.