.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-ਦਸਵਾਂ)

ਮਃ ੨॥ ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ॥ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ॥ ੪॥

ਜਿਵੇਂ ਪਿਛਲੇ ਲੇਖ ਅਸਾਂ ਪੜ੍ਹਿਆ ਸੀ, ਕਿ ਬੱਧੇ ਚੱਟੀ ਭਰਿਆਂ ਰੱਬ ਨਹੀ ਮਿਲਦਾ, ਤਿਵੇਂ ਹੀ ਹੱਠ ਤਪ ਕਰਕੇ, ਜਾਂ ਮਨ ਦੇ ਕਹੇ ਕੋਈ ਬਹੁਤ ਹੀ ਵੱਡਾ ਘਾਲਣਾਂ ਵਾਲਾ ਕੰਮ, ਜਿਸ ਨਾਲ ਦੁਨੀਆਂ ਤੇ ਨਾਂਮ ਹੋ ਜਾਵੇ, ਆਦੀ ਕਰਨ ਨਾਲ ਵੀ ਪ੍ਰਭੂ ਵਾਲਾ ਪਾਸਾ ਨਹੀਂ ਜਿਤਿਆ ਜਾ ਸੱਕਦਾ। ਉਹ ਤੇ ਤਾਂ ਜਿੱਤਿਆ ਜਾ ਸੱਕਦਾ ਹੈ, ਜੇ ਸੱਚੇ ਮਨ ਨਾਲ, ਸਚੇ ਪ੍ਰੇਮ ਅਤੇ ਭਾਉ ਨਾਲ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ।

(ਹੁਣ ਇਥੇ ਇੱਕ ਸਵਾਲ ਪੈਦਾ ਹੁੰਦਾ ਹੈ, ਕਿ ਬੱਧੋ ਰੁੱਧੀ ਵੀ ਪ੍ਰਭੂ ਨਹੀਂ ਮਿਲਦਾ, ਹੱਠ ਕੀਤਿਆਂ ਵੀ ਨਹੀਂ ਮਿਲਦਾ, ਵੱਡੀ ਤੋਂ ਵੱਡੀ ਘਾਲਣਾਂ ਘਾਲਿਆਂ ਵੀ ਨਹੀਂ ਮਿਲਦਾ। ਪਰ ਜਿਵੇਂ ਕੇ ਗੁਰੂ ਜੀ ਦੱਸਦੇ ਹਨ, ਕਿ ਉਹ ਪ੍ਰਭੂ ਸਿਰਫ ਸ਼ਬਦ ਦੀ ਵਿਚਾਰ ਨਾਲ ਮਿਲਦਾ ਹੈ।

ਅਤੇ ਆਪਾਂ ਸਾਰੇ ਹੀ ਸ਼ਬਦ ਦੀਆਂ ਵਿਚਾਰਾਂ ਕਰਨ ਲੱਗੇ ਹੋਇ ਹਾਂ। ਕੀ ਆਪਣੇਂ ਵਿਚੋਂ ਕਿਸੇ ਨੂੰ ਪ੍ਰਭੂ ਮਿਲਿਆ ਹੈ? ਜਾਂ ਅੱਜ ਤੱਕ ਸਾਡੇ ਤੋਂ ਪਹਿਲੇ ਵੀ ਜਿਨ੍ਹਾਂ ਨੇਂ ਵਿਚਾਰਾਂ ਕੀਤੀਆਂ, ਵਿਚਾਰਾਂ ਲਿਖ ਲਿਖ ਕੇ ਕਿਤਾਬਾਂ ਨਾਲ ਕੋਠੇ ਭਰ ਦਿੱਤੇ। ਕੀ ਉਹਨਾਂ ਵਿਚੋਂ ਹੀ ਕਿਸੇ ਨੂੰ ਪ੍ਰਭੂ ਮਿਲਿਆ ਹੈ? । ਮੇਰਾ ਤਾਂ ਵਿਚਾਰ ਹੈ, ਕਿ ਸ਼ਬਦ ਦੀ ਵਿਚਾਰ ਕੀਤਿਆਂ/ਕਰਦਿਆਂ ਸਾਨੂੰ ਜੋ ਮਿਲਿਆ/ਮਿਲਦਾ ਹੈ, ਉਹ ਹੈ ਸਿਰਫ ਝਗੜਾ। ਜੋ ਕਿਸੇ ਤੋਂ ਵੀ ਭੁੱਲਾ ਹੋਇਆ ਨਹੀਂ ਹੈ। ਇਸ ਦਾ ਇਹ ਮਤਲਬ ਨਹੀਂ ਕੇ ਬਾਣੀਂ ਗਲਤ ਹੈ। ਕੀ ਬਾਣੀਂ ਝੂਠ ਕਹਿ ਰਹੀ ਹੈ? ਨਹੀਂ! ਬਾਣੀਂ ਤਾਂ ਸੱਚੀ ਹੈ, ਅਸੀਂ ਝੂਠੇ ਹਾਂ, ਜੋ ਬਾਣੀਂ ਨੂੰ ਗਲਤ ਜਾਂ ਝੂਠਾ ਕਰੀ ਜਾਂਦੇ ਹਾਂ। ਪਰ ਅਸੀਂ ਝੂਠੇ ਨਹੀਂ ਹੋਣਾਂ ਚਾਹੁੰਦੇ, ਇਸ ਵਾਸਤੇ ਝਗੜਦੇ ਹਾਂ। ਜਿਸ ਦਿਨ ਅਸੀਂ ਆਪਣੇਂ ਆਪ ਨੂੰ ਝੂਠੇ, ਤੇ ਗੁਰਬਾਣੀਂ ਨੂੰ ਸੱਚਾ ਮੰਨ ਲਵਾਂ ਗੇ, ਸਾਰੇ ਝਗੜੇ ਖਤਮ ਹੋ ਜਾਣ ਗੇ।)

ਪਉੜੀ॥ ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ॥ ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ॥ ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ॥ ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ॥ ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ॥ ੭॥

ਕਰਤਾ ਆਪ ਹੀ ਜਾਣੇਂ ਜਿਸ ਨੇਂ ਕੇ ਇਹ ਜਗਤ ਬਣਾਇਆ ਹੈ। ਆਪ ਹੀ ਉਹ ਜਗਤ ਨੂੰ ਪੈਦਾ ਕਰਦਾ ਹੈ, ਅਤੇ ਆਪ ਹੀ ਨਾਸ ਕਰ ਦੇਂਦਾ ਹੈ। ਚੌਹਾਂ ਜੁਗਾਂ ਵਿੱਚ ਅੱਜ ਤੱਕ ਕਿਸੇ ਨੂੰ ਵੀ ਪ੍ਰਭੂ ਦਾ ਇਹ ਭੇਦ ਨਹੀਂ ਮਿਲਿਆ। ਪਰ ਸਤਿਗੁਰੂ ਨੇ ਸਾਨੂੰ ਉਹ ਇੱਕ ਪ੍ਰਭੂ ਦਿਖਾ ਦਿੱਤਾ, ਪ੍ਰਭੂ ਨੂੰ ਵੇਖ ਕੇ ਸਾਡਾ ਤਨ ਮਨ ਸੁਖੀ ਹੋ ਗਿਆ। ਇਸ ਵਾਸਤੇ ਸਦਾ ਹੀ ਗੁਰੂ ਨੂੰ ਸਲਾਹੋ, ਗੁਰੂ ਕਰਤਾ ਹੈ ਜੋ ਚਾਹੇ ਕਰ ਸੱਕਦਾ ਹੈ।

ਸਲੋਕ ਮਹਲਾ ੨॥ ਜਿਨਾ ਭਉ ਤਿਨੑ ਨਾਹਿ ਭਉ ਮੁਚੁ ਭਉ ਨਿਭਵਿਆਹ॥ ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ॥ ੧॥

ਜਿਨ੍ਹਾਂ ਮਨੁੱਖਾਂ ਨੂੰ ਰੱਬ ਦਾ ਡਰ ਹੈ, ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ। ਜਿਹੜੇ ਰੱਬ ਦੇ ਖੌਫ ਤੋਂ ਲਾਪਰਵਾਹ ਹਨ, ਉਹਨਾਂ ਨੂੰ ਬਹੁਤ ਹੀ ਭੈ ਹੁੰਦਾ ਹੈ, ਭੈ ਕੈਸਾ ਹੈ ਅਤੇ ਭੈ ਕਿਨਾਂ ਹੁੰਦਾ ਹੈ, ਇਹ ਤਾਂ ਉਦੋਂ ਪਤਾ ਲੱਗੇ ਗਾ, ਜਦ ਦਰਬਾਰ (ਹਜੂਰੀ) ਵਿੱਚ ਪੇਸ਼ ਹੋਇਆ।

ਮਃ ੨॥ ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ॥ ੨॥

ਇਕ ਆਦਮੀਂ ਤੁਰਿਆ ਜਾਂਦਾ ਹੈ, ਇੱਕ ਬੈਠਾ ਹੋਇਆ ਹੈ, ਮੇਲਾ ਕਿਵੇਂ ਹੋਵੇ। ਉੱਡਣ ਵਾਲਿਆਂ ਦੇ ਸਾਥੀ ਉੱਡਣ ਵਾਲੇ ਹੀ ਹੋ ਸੱਕਦੇ ਹਨ। ਜਿਉਂਦੇ ਮਨੁਖ ਨੂੰ ਜਿਉਂਦੇ ਮਨੁਖ ਹੀ ਮਿਲ ਸੱਕਦੇ ਹਨ। ਅਤੇ ਮਰੇ ਹੋਇਆਂ ਦਾ ਸੰਗ, ਮਰੇ ਹੋਇਆ ਨਾਲ ਹੀ ਹੁੰਦਾ ਹੈ। ਜਿਸ ਨੇਂ ਇਹ ਸੱਭ ਬਣਾਇਆ ਉਸ ਨੂੰ ਸਲਾਹੋ।

ਇਸੇ ਹੀ ਤਰਾਂ, ਗੁਰਮੁਖਾਂ ਦਾ ਮੇਲਾ ਗੁਰਮੁਖਾਂ ਨਾਲ ਹੁੰਦਾ ਹੈ। ਅਗਲੀ ਕੜੀ ਵਿੱਚ ਬਾਣੀਂ ਦੱਸਦੀ ਹੈ। ਸੰਸਾਰੀ ਲੋਕ ਸੰਸਾਰੀਆਂ ਨਾਲ ਹੀ ਖੁਸ਼ ਰਹਿੰਦੇ ਹਨ, ਭਗਤਾਂ ਨਾਲ ਉਹਨਾਂ ਦੀ ਨਹੀਂ ਬਣਦੀ। ਭਗਤ ਸੱਚ ਕਮਾਉਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇਂ ਨਾਲ ਮੇਲ ਲੈਂਦਾ ਹੈ। ਸੰਸਾਰੀ ਲੋਕ ਝੂਠ ਬੋਲਦੇ ਹਨ, ਉਹਨਾਂ ਨੂੰ ਪ੍ਰਭੂ ਨੇਂ ਆਪ ਹੀ ਬਿਖ ਦਿਤਾ ਹੈ, ਅਤੇ ਉਹ ਬਿਖ ਖਾਦੇ ਹਨ। ਦੋਨਾਂ ਦੇ ਰਸਤੇ ਵੱਖ ਵੱਖ ਹਨ।

ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਮ: ੧ ੧੪੫

ਪਉੜੀ॥ ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ॥

ਜੀਵਤੇ ਕਉ ਜੀਵਤਾ ਮਿਲੈ, ਅਨੂੰਸਾਰ ਸੱਚ ਨੂੰ ਵੀ ਸੱਚਾ ਹੀ ਮਿਲ ਸੱਕਦਾ ਹ। ਜਿਹੜੇ ਸੱਚ (ਮਾਲਕ) ਨੂੰ ਧਿਆਉਂਦੇ ਹਨ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਨ, ਸੋ ਭੀ ਸੱਚੇ ਹੀ ਹੁੰਦੇ ਹਨ।

ਵਿਚਾਰ:- ਬਾਣੀਂ ਕਹਿ ਰਹੀ ਹੈ, ਕਿ ਜਿਹੜੇ “ਸੱਚ” ਨੂੰ ਧਿਆਉਂਦੇ ਹਨ, ਉਹ ਵੀ ਸੱਚੇ ਹੀ ਹੁੰਦੇ ਹਨ। ਕੀ ਬਾਣੀਂ ਸੱਚ ਕਹਿ ਰਹੀ ਹੈ? ਜੇ “ਸਚ” ਦਾ ਭਾਵ ਪ੍ਰਭੂ ਹੁੰਦਾ ਹੈ ਤਾਂ, “ਸੇ ਸੱਚੇ” ਭਾਵ “ਸੇ ਭੀ ਸੱਚੇ” ਦਾ ਕੀ ਮਤਲਬ ਹੋਵੇ ਗਾ। ਸੱਚੇ ਨੂੰ ਧਿਆ ਕੇ ਜੇ ਸੱਚੇ ਨਹੀਂ ਬਣਨਾਂ ਤਾਂ ਅਜੇਹੇ ਸੱਚੇ ਨੂੰ ਧਿਆਉਣ ਦਾ ਕੀ ਲਾਭ।

“ਹਰਿ ਹਰਿਜਨੁ ਦੋਇ ਏਕ ਹੈ ਬਿਬੁ ਬਿਚਾਰ ਕਿਛਿ ਨਾਹਿ ਜਲ ਤੇ ਉਪਜਿ ਤਰੰਗੁ ਜਿਉ ਜਲਿ ਹੀ ਮਾਹਿ ਸਮਾਹਿ”

ਅਤੇ “ਹਰਿ ਕਾ ਸੇਵਕੁ ਸੋ ਹਰਿ ਜੇਹਾ ਭੇਦੁ ਨ ਜਾਣਹੁ ਮਾਣਸੁ ਦੇਹਾ”

ਬਾਣੀਂ ਵਿੱਚ ਹੋਰ ਵੀ ਅਨੇਕਾਂ ਹੀ ਕੜੀਆਂ ਇਸ ਗੱਲ ਦੀ ਗਵਾਹੀ ਦੇਂਦੀਆਂ ਹਨ, ਕਿ ਭਗਤਾਂ ਅਤੇ ਭਗਵਾਨ ਵਿੱਚ ਕੋਈ ਫਰਕ ਨਹੀਂ ਹੁੰਦਾ। ਹੁਣ ਵਿਚਾਰ ਕਰੀਏ, ਕੇ ਕੀ ਆਪਣੇਂ ਸਾਰਿਆ ਵਿਚੋਂ, ਖਾਸ ਕਰ ਉਹਨਾਂ ਵਿਚੋਂ ਜੋ ਆਪਣੇਂ ਆਪ ਨੂੰ ਗਿਆਨੀ, ਪਰਚਾਰਕ, ਗੁਰਬਾਣੀਂ ਦੇ ਟੀਕਾਕਾਰ, ਜਾਂ ਸ਼ਬਦ ਦੇ ਵਿਚਾਰਕ ਕਹਿੰਦੇ ਹਨ, ਜਾਂ ਜਿਹੜੇ ਕਥਾ ਵਾਚਕ ਹਨ। ਕੀ ਕੋਈ ਸੱਚ ਨੂੰ ਧਿਆਉਂਦਾ ਹੈ? । ਜੇ ਸੱਚ ਨੂੰ ਧਿਆਉਂਦਾ ਹੈ ਤਾਂ ਸ਼ਬਦ ਦੀ ਵਿਚਾਰ ਉਸ ਵਾਸਤੇ ਕੋਈ ਔਖਾ ਕੰਮ ਨਹੀਂ ਹੈ। ਅਤੇ ਜਰੂਰ ਉਹ ਵੀ ਸੱਚੇ ਵਰਗਾ ਹੋਵੇ ਗਾ। (ਕਿਉਂ ਕੇ ਇਹ ਬਾਣੀਂ ਕਹਿ ਰਹੀ ਹੈ, “ਸਚੁ ਧਿਆਇਨਿ ਸੇ ਸਚੇ” ਬਾਣੀਂ ਝੂਠ ਨਹੀਂ ਬੋਲਦੀ) ਜੇ ਪੂਰਾ ਨਹੀਂ ਤਾਂ ਉਸ ਵਿੱਚ ਕੁੱਝ ਨਾਂ ਕੁੱਝ ਲੱਛਣ ਤਾਂ ਸੱਚੇ ਵਾਲੇ ਜਰੂਰ ਹੋਣਗੇ। ਅਤੇ ਜੇ ਕਰਨ ਵਾਲੇ ਵਿੱਚ ਇੱਕ ਭੋਰਾ ਵੀ ਲੱਛਣ ਨਹੀਂ, ਤਾਂ ਉਸ ਦੀਆਂ ਵਿਚਾਰਾਂ ਸੁਣਨ ਜਾਂ ਪੱੜ੍ਹਨ ਵਾਲਿਆਂ ਨੂੰ ਕੀ ਲਾਭ ਹੋਵੇ ਗਾ। ਕਈ ਵੀਰ ਕਹਿ ਸੱਕਦੇ ਹਨ, ਕੇ “ਧਿਆਉਣਾਂ” ਜਾਂ “ਸਿਮਰਨ ਕਰਨਾਂ” ਆਦਿ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ। ਕੀ ਇਸ ਤਰਾਂ ਕਿਤੇ ਸਾਰੀ ਹੀ ਬਾਣੀਂ, ਸਿੱਖੀ ਸਿਧਾਂਤਾਂ ਦੇ ਉਲਟ ਤਾਂ ਨਹੀ ਜਾ ਰਹੀ ਹੈ।

ਚਲੋ ਧਿਆਉਂਣ ਦੀ ਗੱਲ ਛੱਡੋ, ਸ਼ਬਦ ਦੀ ਵਿਚਾਰ ਤਾਂ ਸਿੱਖੀ ਸਿਧਾਂਤਾਂ ਦੇ ਉਲਟ ਨਹੀਂ ਹੈ।

ਹੁਣ ਵਿਚਾਰ ਕਰੀਏ, ਕਿ ਆਪਾਂ ਸਾਰੇ ਹੀ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਕੀ ਇਸ ਦਾ ਸਾਨੂੰ ਕੁੱਝ ਲਾਭ ਵੀ ਹੋਇਆ ਹੈ। ਵਿਚਾਰ ਦੇ ਨਾਂ ਤੇ ਇੱਕ ਦੂਜੇ ਦੇ ਖਿਲਾਫ ਧੜੇਬੰਦੀ ਹੋ ਰਹੀ ਹੈ। ਅਤੇ ਜਾਂ ਆਪਣੇਂ ਆਪ ਨੂੰ ਸਹੀ ਅਤੇ ਦੂਸਰਿਆਂ ਨੂੰ ਗਲਤ ਸਾਬਤ ਕਰਨ ਦੀ ਹੋੜ ਲੱਗੀ ਹੋਈ ਹੈ। ਜੇ ਅਸੀਂ ਸ਼ਬਦ ਦੀ ਵਿਚਾਰ ਕਰਾਂ ਗੇ, ਤਾਂ ਇਹ ਕਿਵੇਂ ਹੋ ਸਕਦਾ ਹੈ ਕੇ ਸਾਡੇ ਅੰਦਰ ਉਹ ਗੁਣ ਪੈਦਾ ਹੀ ਨਾਂ ਹੋਣ, ਜੋ ਸ਼ਬਦ ਦੀ ਵਿਚਾਰ ਕਰਨ ਨਾਲ ਪੈਦਾ ਹੋਣੇਂ ਚਾਹੀਦੇ ਹਨ, ਜੋ ਕਿ ਬਾਣੀਂ ਦੱਸ ਰਹੀ ਹੈ। ਕੀ ਬਾਣੀਂ ਦੀ ਹਰ ਗੱਲ ਸਿਰਫ ਮਨ ਨੂੰ ਝੂਠੀ ਤਸੱਲੀ ਦੇਣ ਵਾਸਤੇ ਹੈ, ਅਤੇ ਫਰਜੀ ਹੈ।

ਸਾਨੂੰ ਆਪਣੇਂ ਵਿੱਚ ਸ਼ਬਦ ਵਾਲੇ ਲੱਛਣ ਵੀ ਪੈਦਾ ਕਰਨੇਂ ਚਾਹੀਦੇ ਹਨ, ਇਹ ਹੀ ਸੱਚੇ ਸ਼ਬਦ ਦੀ ਸੱਚੀ ਵਿਚਾਰ ਹੈ। ਜੇ ਸਾਡੇ ਵਿੱਚ ਸ਼ਬਦ ਦੀ ਵਿਚਾਰ ਕਰਕੇ ਸ਼ਬਦ ਵਰਗੇ ਲੱਛਣ ਪੈਦਾ ਨਹੀਂ ਹੋਣੇਂ, ਜਾਂ ਸ਼ਬਦ ਦੀ ਵਿਚਾਰ ਨਾਲ ਸਾਡੇ ਵਿੱਚ ਥੋੜਾ ਜਿਨਾਂ ਵੀ ਬਦਲਾਵ ਨਹੀਂ ਆਉਣਾਂ, ਤਾਂ ਇਸ ਨੂੰ ਸ਼ਬਦ ਦੀ ਵਿਚਾਰ ਨਹੀਂ ਕਹਿ ਸੱਕਦੇ। ਨਾਂ ਹੀ ਇਸ ਨੂੰ “ਸ਼ਬਦ ਮਨ ਵੱਸੇ” ਜਾਂ “ਸ਼ਬਦ ਮਨ ਵੱਸਿਆ” ਹੀ ਕਹਿ ਸੱਕਦੇ ਹਾਂ। ਕੀ ਸ਼ਬਦ ਨੂੰ ਮਨ ਵਿੱਚ ਨਹੀਂ ਵਸਾਉਣਾਂ ਚਾਹੀਦਾ। ਜੇ ਸ਼ਬਦ ਨੂੰ ਮਨ ਵਿੱਚ ਵਸਾਉਣ ਤੇ ਵੀ ਇਹ ਪਤਾ ਨਾਂ ਲੱਗੇ, ਕੇ ਸ਼ਬਦ ਕੀ ਹੈ, ਅਤੇ ਸ਼ਬਦ ਦੇ ਧਾਰਨੀਆਂ ਵਿੱਚ ਸ਼ਬਦ ਦੀ ਵਿਚਾਰ ਨਾਲ ਜੇ ਝਗੜਾ ਵਧੇ, ਤਾਂ ਇਹੋ ਜਿਹੇ ਸ਼ਬਦ ਨੂੰ ਦੂਰੋਂ ਹੀ ਸੱਤ ਸਲਾਮਾਂ।

ਅਗੇ ਗੁਰਬਾਣੀਂ ਦੀਆਂ ਕੁੱਝ ਪੰਗਤੀਆਂ ਲਿਖ ਰਿਹਾ ਹਾਂ, ਜੋ ਸ਼ਬਦ ਬਾਰੇ ਵਿਚਾਰ ਵਿੱਚ ਸਹਾਇਕ ਸਿੱਧ ਹੋ ਸੱਕਦੀਆਂ ਹਨ। ਜਾਂ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਸ਼ਬਦ ਬਾਰੇ ਕੁੱਝ ਜਾਣਕਾਰੀ ਹਾਸਲ ਕਰ ਸੱਕਦੇ ਹਾਂ।

ਪਰ ਖਰਾ ਖਰਾ ਆਖੈ ਸਭੁ ਕੋਇ॥ ਖਰਾ ਰਤਨੁ ਜੁਗ ਚਾਰੇ ਹੋਇ॥ ਖਾਤ ਪੀਅੰਤ ਮੂਏ ਨਹੀ ਜਾਨਿਆ॥ ਖਿਨ ਮਹਿ ਮੂਏ ਜਾ ਸਬਦੁ ਪਛਾਨਿਆ॥ ਅਸਿਥਰੁ ਚੀਤ ਮਰਿਨ ਮਨੁ ਮਾਨਿਆ॥ ੯੩੨

ਪਰਮਾਤਮਾਂ ਦੀਆਂ ਸਿਫਤਾਂ ਤਾਂ ਸਾਰੀ ਦੁਨੀਆਂ, ਚੌਹਾਂ ਜੁਗਾਂ ਤੋਂ ਹੀ ਸਾਰੀ ਉਮਰ ਕਰਦੀ ਰਹਿੰਦੀ ਹੈ। ਖਾਂਦੇ ਪੀਂਦੇ (ਉਮਰ ਖਾਕੇ) ਆਖਿਰ ਮਰ ਜਾਂਦੇ ਹਨ। , ਪਰ ਕਿਸੇ ਨੇਂ ਵੀ ਪ੍ਰਭੂ ਦਾ ਭੇਦ ਨਹੀਂ ਪਾਇਆ। ਪਰ ਜਦੋਂ ਸ਼ਬਦ ਦੀ ਪਹਿਚਾਨ ਆ ਗਈ, ਤਾਂ ਮਨ ਨੇਂ ਇੱਕ ਖਿਨ ਵਿੱਚ ਹੀ ਖੁਸ਼ੀ ਨਾਲ (ਸ਼ਬਦ ਵਿਚ) ਮਰਨਾਂ ਕਬੂਲ ਕਰ ਲਿਆ। ਮਨ ਨੇ ਫਿਰ ਆਪਣੇਂ ਸਾਰੇ ਹਥਿਆਰ ਸੁੱਟ ਦਿੱਤੇ।

ਸਬਦਿ ਮਰੈ ਤਾਂ ਏਕ ਲਿਵ ਲਾਏ॥ ਅਚਰੁ ਚਰੈ ਤਾਂ ਭਰਮੁ ਚੁਕਾਏ॥ ਜੀਵਨ ਮੁਕਤੁ ਮਨਿ ਨਾਮੁ ਵਸਾਏ॥ ੪੧੨

ਜਦੋਂ ਮਨ ਸ਼ਬਦ ਵਿੱਚ ਮਰ ਗਿਆ ਤਾਂ, ਫਿਰ ਏਕੋ ਪ੍ਰਮਾਤਮਾਂ ਨਾਲ ਲਿਵ ਜੁੜ ਗਈ। ਸੱਚਾ ਨਾਮ ਮਨ ਵਿੱਚ ਵੱਸ ਗਿਆ, ਅਤੇ ਜਿਉਂਦੇ ਹੀ ਮੁਕਤ ਹੋ ਗਿਆ।

ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ॥ ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ॥ (੯੪੧)

ਜਿਹੜੇ ਗੁਰੂ ਦੇ ਸ਼ਬਦ ਵਿੱਚ ਮਰ ਜਾਂਦੇ ਹਨ, ਉਹ ਸਹੀ ਮਹਿਣਿਆਂ ਵਿੱਚ ਜਿਉਂਦੇ ਹੋ ਜਾਂਦੇ ਹਨ, ਅਤੇ ਉਹ ਮੁਕਤੀ ਦਾ ਦਵਾਰਾ ਹਾਸਲ ਕਰ ਲੈਂਦੇ ਹਨ। ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਹੀ ਦੂਜੇ ਪਾਸੇ (ਸੂਹਾ ਪਾਸਾ) ਲੱਗਾ ਹੋਇਆ ਹੈ। (ਹੁਣ ਬਾਣੀ ਕਹਿ ਰਹੀ ਹੈ) ਕਿ ਬੇਸ਼ੱਕ ਭਾਵੇਂ ਆਪਣੇਂ ਹਿਰਦੇ ਵਿੱਚ ਵਿਚਾਰ ਕਰ ਕੇ ਵੇਖ ਲਵੋ। ਬਾਣੀਂ ਦੀ ਗੱਲ ਮੰਨ ਕੇ, ਕੀ ਕੋਈ ਇਸ ਦੀ ਵਿਚਾਰ ਕਰੇ ਗਾ

ਪਉੜੀ॥ ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ॥ ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ॥ ੯੫੪

ਕਾਇਆ ਰੂਪੀ ਕਿਲੇ ਨੂੰ ਨੌਂ ਦਰਵਾਜੇ ਹਨ। ਦਸਵਾਂ ਦਰਵਾਜਾ ਗੁਪਤ ਹੈ। ਨੌਂ ਦਰਵਾਜੇ ਤਾਂ ਖੁੱਲੇ ਹੋਇ ਹਨ। ਦਸਵਾਂ ਬੰਦ ਦਰਵਾਜਾ ਬਹੁਤ ਭਾਰੀ ਹੈ, ਉਹ ਕਿਸੇ ਤਰਾਂ ਵੀ ਨਹੀਂ ਖੁੱਲਦਾ, ਉਹ ਦਰਵਾਜਾ ਸ਼ਬਦ ਨਾਲ ਖੁੱਲਦਾ ਹੈ।

ਸਦ ਹੀ ਨੇੜੈ ਦੂਰਿ ਨ ਜਾਣਹੁ॥ ਗੁਰ ਕੈ ਸਬਦਿ ਨਜੀਕਿ ਪਛਾਣਹੁ॥ ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ॥ ੧੫॥ ੧੦੬੮

ਹਰੀ ਤਾਂ ਸਦਾ ਹੀ ਨੇੜੇ ਤੋਂ ਨੇੜੇ ਹੈ, ਉਹ ਦੂਰ ਨਹੀਂ ਹੈ। ਪਰ ਉਸ ਨੂੰ ਸਿਰਫ ਗੁਰੂ ਦੇ ਸ਼ਬਦ ਨਾਲ ਦੇਖਿਆ ਜਾ ਸੱਕਦਾ ਹੈ। ਜਿਵੇਂ ਸੁਰਜ ਦੀ ਕਿਰਨ ਨਾਲ ਕਮਲ ਖਿਲ ਉਠਦਾ ਹੈ, ਉਸੇ ਤਰਾਂ ਹੀ ਸ਼ਬਦ, ਹਰੀ ਨੂੰ ਪਰਗਟ ਕਰ ਕੇ ਦਿਖਾ ਦੇਂਦਾ ਹੈ।

ਇਹ ਹਨ ਸ਼ਬਦ ਦੇ ਕੁੱਝ ਥੋੜੇ ਜਿਹੇ ਲੱਛਣ ਜਾਂ ਨਿਸ਼ਾਨੀਆਂ, ਜੋ ਸਾਨੂੰ ਗੁਰਬਾਣੀਂ ਦੱਸ ਰਹੀ ਹੈ। ਅੱਗੇ ਗੁਰਬਾਣੀਂ ਦੱਸ ਰਹੀ ਹੈ ਕੇ ਸ਼ਬਦ ਦਸਵੇਂ ਦੁਆਰ ਵਿੱਚ ਇੱਕ ਸੰਗੀਤਕ ਧੁਨ ਦੇ ਰੂਪ ਵਿੱਚ ਵੱਜਦਾ ਹੈ।

ਅੰਮ੍ਰਿਤ ਰਸੁ ਸਤਿਗੁਰੂ ਚੁਆਇਆ॥ ਦਸਵੈ ਦੁਆਰਿ ਪ੍ਰਗਟੁ ਹੋਇ ਆਇਆ॥ ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ॥ ੬॥ ੧੦੬੯

ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ॥ ੫੬੪

ਗੁਰ ਕਾ ਸਬਦੁ ਮਹਾ ਰਸੁ ਮੀਠਾ॥ ਐਸਾ ਅੰਮ੍ਰਿਤੁ ਅੰਤਰਿ ਡੀਠਾ॥ ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ॥ ੧੩੩੧

ਗੁਰਬਾਣੀਂ ਸਾਨੂੰ ਅਗੀਆਂ ਪੰਗਤੀਆਂ ਵਿੱਚ ਸਵਾਲ ਕਰਦੀ ਹੈ, ਕਿ ਜੇ ਕੋਈ ਸਾਨੂੰ ਉਹ ਸ਼ਬਦ ਸੁਣਾ ਦੇਵੇ, ਜੋ ਦਸਵੇਂ ਦੁਆਰ ਵਿੱਚ ਮਿੱਠੀ ਧੁਨ ਦੇ ਰੂਪ ਵਿੱਚ ਉਠ ਰਿਹਾ ਹੈ। ਤਾਂ ਉਸ ਨੂੰ ਕੀ ਦੇਣਾਂ ਚਾਹੀਦਾ ਹੈ।

ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ॥ ਕਰਿ ਕਿਰਪਾ ਨਾਮੁ ਮੰਨਿ ਵਸਾਏ॥ ਇਹੁ ਸਿਰੁ ਦੀਜੈ ਆਪੁ ਗਵਾਏ॥ ਹੁਕਮੈ ਬੂਝੇ ਸਦਾ ਸੁਖੁ ਪਾਏ

ਸਚਾ ਸਬਦੁ ਸਚੀ ਹੈ ਬਾਣੀ॥ ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ॥ ੪੨੪

ਫਿਰ ਬਾਣੀਂ ਆਪ ਹੀ ਜਵਾਬ ਦੇਂਦੀ ਹੈ, ਕੇ ਉਸ ਨੂੰ ਆਪਣਾਂ ਸਿਰ ਦੇ ਦੇਣਾਂ ਚਾਹੀਦਾ ਹੈ ਅਤੇ ਬਿਨ ਸਰਿ ਦੇ ਸੇਵਾ ਕਰਨੀਂ ਚਾਹੀਦੀ ਹੈ। ਭਾਵ ਆਪਾ ਗਵਾ ਕੇ ਉਸ ਦਾ ਹੁਕਮ ਮੱਨਣਾਂ ਚਾਹੀਦਾ ਹੈ।

ਹੁਣ ਗੁਰਬਾਣੀਂ ਅੱਗੇ ਦੱਸ ਰਹੀ ਹੈ, ਕਿ ਸ਼ਬਦ ਇੱਕ ਨਹੀਂ ਘਨੇਰੇ ਹਨ, ਜਾਂ ਸ਼ਬਦ ਪੰਜ ਹਨ। ਇਹ ਵੀ ਇੱਕ ਭੰਬਲ ਭੁਸਾ ਹੈ। ਕਿਉਂ ਕੇ ਇਹਨਾਂ ਕੜੀਆਂ ਤੋਂ ਅਗਲੀ ਇੱਕ ਕੜੀ ਵਿੱਚ ਬਾਣੀਂ ਦੱਸਦੀ ਹੈ ਸ਼ਬਦ ਇਕੋ ਹੀ ਹੈ।

ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ॥ ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ॥

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ॥ ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ॥ ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ॥ ੯੧੭

ਉਹ ਮਨੁੱਖ ਬਹੁਤ ਹੀ ਸੁਭਾਗੇ ਹਨ, ਜਿਨ੍ਹਾਂ ਦੇ ਅੰਦਰ ਪੰਜ ਸ਼ਬਦ ਵੱਜ ਰਹੇ ਹਨ। ਉਹਨਾਂ ਨੇਂ ਪੰਜਾਂ ਦੂਤਾਂ (ਕਾਮ ਕਰੋਧ ਲੋਭ ਮੋਹ ਅਤੇ ਹੰਕਾਰ) ਨੂੰ ਆਪਣੇਂ ਵੱਸ ਕਰ ਲਿਆ ਹੈ। ਕਾਲ ਨੂੰ ਵੀ ਉਹਨਾਂ ਨੇਂ ਮਾਰ ਲਿਆ ਹੈ, ਭਾਵ ਜਿੱਤ ਲਿਆ ਹੋਇਆ ਹੈ।

ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ॥ ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ॥

੧੩੩੪

ਬਾਣੀਂ ਦੀ ਇਸ ਪੰਗਤੀ ਚਿ ਲਿਖਿਆ ਹੈ, ਸ਼ਬਦ ਇਕੋ ਹੀ ਹੈ। ਤੇ ਪ੍ਰਭੂ ਵੀ ਇੱਕ ਹੈ। “ਸਭ ਏਕਸ ਤੇ ਉਤਪਤਿ ਚਲੇ” ਇਥੇ ਹੁਣ ਇਹ ਕਿਵੇਂ ਪਤਾ ਚੱਲੇ, ਕਿ ਬਾਣੀਂ ਇਥੇ ਉਤਪਤਿ ਨੂੰ ਚਲਾਉਣ ਵਾਲਾ, ਸ਼ਬਦ ਨੂੰ ਕਹਿ ਰਹੀ ਹੈ, ਜਾਂ ਪ੍ਰਭੂ ਨੂੰ ਕਹਿ ਰਹੀ ਹੈ। ਅਤੇ ਇਹ ਕਿਵੇਂ ਪਤਾ ਚਲੇ, ਕਿ ਸ਼ਬਦ ਅਤੇ ਪ੍ਰਭੂ ਇੱਕ ਹੀ ਹੈ ਜਾਂ ਵੱਖ ਵੱਖ। ਜੇ ਝਗੜਾ ਕਰਨਾਂ ਹੋਵੇ ਤਾਂ, ਝਗੜੇ ਦੇ ਮੁੱਢ ਵਾਸਤੇ ਇਨਾਂ ਹੀ ਕਾਫੀ ਹੈ। ਪਰ ਐਸੀ ਗੱਲ ਵੀ ਨਹੀਂ ਹੈ। ਬਾਣੀਂ ਤਾਂ ਸਾਰੇ ਭੁਲੇਖੇ ਦੂਰ ਕਰ ਦੇਂਦੀ ਹੈ, ਜੋ ਆਪਾਂ ਅਗੇ ਸ਼ਬਦ ਦੇ ਨਬੇੜੇ ਵਾਲੀਆਂ ਪੰਗਤੀਆਂ ਵਿੱਚ ਪੜ੍ਹਾਂ ਗੇ। ਅੱਗੇ ਬਾਣੀਂ ਦੱਸ ਰਹੀ ਹੈ ਸੱਚ ਕੀ ਹੈ ਖੁਦ ਸ਼ਬਦ ਨਾਲ ਲਿਵ ਲਾਕੇ ਦੇਖ ਲਵੋ।

ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ॥ ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ॥ ੬॥

ਬਾਣੀਂ ਸਾਨੂੰ ਦੱਸ ਰਹੀ ਹੈ, ਝਗੜਾਂ ਛੱਡੋ ਸ਼ਬਦ ਨਾਲ ਇੱਕ ਵਾਰ ਲਿਵ ਲਾ ਕੇ ਤਾਂ ਵੇਖੋ, ਸ਼ਬਦ ਨੂੰ ਪਹਿਚਾਨੋਂ ਫਿਰ ਤੁਹਾਨੂੰ ਕੋਈ ਮੰਦਾ ਨਹੀਂ ਦਿੱਸੇ ਗਾ। ਫਿਰ ਤੁਹਾਨੂੰ ਹਰ ਥਾਂ ਹਰ ਬੰਦੇ ਵਿੱਚ ਬ੍ਰਹਮ ਹੀ ਬ੍ਰਹਮ ਨਜਰ ਆਵੇ ਗਾ। ਫਿਰ ਤੂੰ ਕਿਸੇ ਨਾਲ ਵੀ ਝਗੜਾ ਨਹੀਂ ਕਰੇਂ ਗਾ। ਪਰ ਬਾਣੀਂ ਤੇ ਚੱਲਦਾ ਕੌਣ ਹੈ।

ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ॥ ੪॥ (੪੩੪)

ਪਰ ਜੇ ਤੂੰ ਸ਼ਬਦ ਨੂੰ ਨਹੀਂ ਪਛਾਣੇਂ ਗਾ, ਸ਼ਬਦ ਦੀ ਡੋਰ ਨੂੰ ਨਹੀਂ ਪਕੜੇਂ ਗਾ, ਤਾਂ ਬਾਰ ਬਾਰ ਜਨਮੇਂ ਗਾ ਬਾਰ ਬਾਰ ਮਰੇਂਗਾ। ਉਚੀਆਂ ਨੀਚੀਆਂ ਜੂਨਾਂ ਵਿੱਚ ਧੱਕੇ ਖਾਵੇਂ ਗਾ।

ਸ਼ਬਦ ਦਾ ਨਬੇੜਾ:- ਇਸ ਸ਼ਬਦ ਦੇ ਝਗੜੇ ਦਾ ਨਬੇੜਾ ਗੁਰੂ ਨਾਨਕ ਦੇਵ ਜੀ ਤੋਂ ਵੱਧ, ਕੀ ਅਸੀਂ ਜਾਂ ਤੁਸੀਂ ਜਾਂ ਕੋਈ ਹੋਰ, ਕਰ ਸੱਕਦਾ ਹੈ? । “ਸਿੱਧ ਗੋਸ਼ਟ” ਵਿੱਚ ਨਿਰੇ ਸਵਾਲ ਹੀ ਸਵਾਲ (ਸਿੱਧਾਂ ਵਲੋਂ) ਹਨ। ਇਸੇ ਬਾਣੀਂ ਵਿੱਚ ਹੀ ਸਿੱਧਾਂ ਨੇਂ ਗੁਰੂ ਨਾਨਕ ਜੀ ਨੂੰ ਕਿਹਾ ਸੀ, (ਬੇਨਤੀ ਕੀਤੀ ਸੀ) “ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ॥ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ॥ ਸਿੱਧਾਂ ਨੇਂ ਤਾਂ ਇਹ “ਰੋਸੁ ਨ ਕੀਜੈ ਉਤਰੁ ਦੀਜੈ” ਵਾਲਾ ਸਵਾਲ ਬੇਨਤੀ ਰੂਪ ਵਿੱਚ ਕੀਤਾ ਸੀ, ਜਿਵੇਂ ਕੇ ਇਸ ਪੰਗਤੀ ਵਿੱਚ ਸਪੱਸ਼ਟ ਹੈ। ਇਸ ਕੜੀ ਨੂੰ ਸਾਡੇ ਵਿਦਵਾਨ ਲਿਖਾਰੀ ਵੀਰ ਬਹੁਤ ਵਾਰੀਂ ਆਮ ਹੀ ਵਰਤਦੇ ਹਨ। ਪਰ ਬੇਨਤੀ ਰੂਪ ਵਿੱਚ ਨਹੀਂ ਡਾਂਗ ਦੇ ਰੂਪ ਵਿੱਚ ਵਰਤਦੇ ਹਨ। ਅਸੀਂ “ਕੇਤੇ ਲੈ ਲੈ ਮੁਕਰੁ ਪਾਹਿ, ਕੇਤੇ ਲੈ ਲੈ ਮੁਕਰੁ ਪਾਹਿ॥” ਵਾਲੀ ਤੁਕ ਪੜ੍ਹਨ ਵਾਗੂ, ਅਸੀਂ ਸਿਰਫ “ਰੋਸੁ ਨ ਕੀਜੈ ਉਤਰੁ ਦੀਜੈ” ਵਾਲੇ ਅੱਖਰ ਵਰਤਦੇ ਹਾਂ, ਬਾਕੀ ਅੱਖਰਾਂ ਦੀ ਕਦੇ ਕਿਸੇ ਨੇਂ ਵਰਤੋਂ ਨਹੀਂ ਕੀਤੀ। ਆਮ ਕਰਕੇ ਅਸੀਂ ਬਾਣੀਂ ਨੂੰ ਇਸ ਤਰਾਂ ਹੀ ਵਰਤਦੇ ਹਾਂ। ਗੁਰਬਾਣੀਂ ਤਾਂ ਸਾਨੂੰ ਇਹੋ ਜਿਹੇ ਸਲੀਕੇ ਨਹੀਂ ਸਿਖਾਉਂਦੀ।

ਸਿੱਧ ਗੋਸ਼ਟ ਬਹੁਤ ਲੰਮਾਂ ਸ਼ਬਦ ਹੈ। ਇਸ ਦੀ ਰਹਾਉ ਵਾਲੀ ਪੰਗਤੀ ਵੀ ਸ਼ਬਦ ਦੀ ਹੀ ਵਡਿਆਈ ਕਰਦੀ ਹੈ, “ਕਿਆ ਭਵੀਐ ਸਚਿ ਸੂਚਾ ਹੋਇ॥ ਸਾਚ ਸਬਦ ਬਿਨੁ ਮੁਕਤਿ ਨ ਕੋਇ॥ ੧॥ ਰਹਾਉ॥” ਇਸ ਸ਼ਬਦ ਦੀਆਂ ੭੩ ਪੌੜੀਆਂ ਹਨ। ਇਸ ਸਾਰੇ ਸ਼ਬਦ ਵਿੱਚ ਪ੍ਰਭੂ ਦੇ ਮਿਲਾਪ ਦੀ ਅਤੇ ਸ਼ਬਦ ਦੀ ਚਰਚਾ ਹੈ। ਬਹੱਤਰਵੀ ਪੌੜੀ ਸਾਰੇ ਸ਼ਬਦ ਦਾ ਸਾਰ ਹੈ, ਨਿਚੋੜ ਹੈ। ਸਿਧਾਂ ਦੇ ਸਾਰੇ ਸਵਾਲਾਂ ਦਾ ਨਿਬੇੜਾ ਹੈ। ਅਤੇ ਸ਼ਬਦ ਦੇ ਤਾਲੇ ਦੀ ਕੁੰਜੀ ਹੈ। ਸ਼ਬਦ ਦੇ ਸਵਾਲ ਦਾ ਜਾਂ ਸ਼ਬਦ ਦੇ ਝਗੜੇ ਦਾ ਜੋ ਨਿਬੇੜ ਗੁਰੂ ਨਾਨਕ ਜੀ ਨੇਂ ਇਸ ਪਾਉੜੀ ਵਿੱਚ ਕਰ ਦਿੱਤਾ ਹੈ, ਜੇ ਉਹ ਵੀ ਸਾਡੀ ਤਸੱਲੀ ਨਹੀਂ ਕਰਾ ਸੱਕਦਾ। ਤਾਂ ਫਿਰ ਸਾਡੇ ਭਾਗ ਹੀ ਕਹੇ ਜਾ ਸੱਕਦੇ ਹਨ।

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ॥ ੭੨ ੯੪੬

ਗੁਰੂ ਨਾਨਕ ਦੇਵ ਜੀ ਮਹਾਂਰਾਜ ਜੋਗੀਆਂ ਨੂੰ ਸੰਬੋਧਨ ਕਰਦੇ ਹੋਇ ਸਾਨੂੰ ਸਮਝਾਉਂਦੇ ਹਨ, (ਜੇ ਬਾਣੀਂ ਨੂੰ ਨਾਂ ਮੰਨਣਾਂ ਹੋਵੇ, ਅਤੇ ਆਪਣੀਂ ਮੱਤ ਨੂੰ ਬਾਣੀਂ ਤੋਂ ਵੀ ਉੱਚੀ ਸਾਬਤ ਕਰਨਾਂ ਹੋਵੇ। ਅਤੇ ਅਸੀਂ ਚਾਹੀਏ ਤਾਂ, ਇਹ ਕਹਿ ਕੇ ਹੀ, ਇਸ ਸਾਰੀ ਵਿਚਾਰ ਜਾਂ ਸਾਰੇ ਸ਼ਬਦ ਦਾ ਇਥੇ ਹੀ ਭੋਗ ਪਾ ਸਕਦੇ ਹਾਂ, ਕੇ ਇਹ ਸ਼ਬਦ ਤਾਂ ਸਿਧਾਂ ਜੋਗੀਆਂ ਨੂੰ ਸਮਝਾਉਂਣ ਵਾਸਤੇ ਹੈ ਸਾਡੇ ਵਾਸਤੇ ਨਹੀਂ ਹੈ।)

ਅਰਥ:- ਹੇ ਜੋਗੀ ਤੈਨੂੰ ਅਸੀਂ ਸ਼ਬਦ ਦਾ ਸਾਰ ਉਪਦੇਸ਼ (ਰਾਜ਼, ਭੇਦ) ਦੱਸਦੇ ਹਾਂ। ਨਾਮ ਤੋਂ ਬਿਨਾਂ ਜੋਗ (ਮਿਲਾਪ) ਨਹੀਂ ਹੋ ਸੱਕਦਾ। ਜਿਹੜੇ ਦਿਨ ਰਾਤ ਨਾਮ ਦਾ ਸਿਮਰਨ ਕਰਦੇ ਹਨ, ਉਹ (ਮਾਤੇ) ਮਤਵਾਲੇ ਹੋ ਜਾਂਦੇ ਹਨ। ਨਾਮ ਨਾਲ ਹੀ ਸਾਰੇ ਸੁਖ ਮਿਲਦੇ ਹਨ। ਨਾਮ ਨਾਲ ਹੀ ਪ੍ਰਭੂ ਅਤੇ ਪ੍ਰਭੂ ਦੇ ਸਾਰੇ ਭੇਦ ਪਰਗਟ ਹੋ ਜਾਂਦੇ ਹਨ। ਨਾਮ ਨਾਲ ਹੀ ਸਾਰੀ ਸੋਝੀ ਸਮਝ ਆਉਣੀਂ ਹੈ। ਨਾਮ ਤੋਂ ਬਿਨਾਂ ਹੋਰ ਸਾਰੇ ਭੇਖ ਪਖੰਡ ਹਨ, ਜੋ ਲੋਕ ਕਰਦੇ ਹਨ, ਇਹਨਾਂ ਸਾਰਿਆਂ ਨੂੰ ਮਾਲਕ ਨੇਂ ਆਪ ਹੀ ਕੁਰਾਹੇ ਪਾ ਛੱਡਿਆਂ ਹੋਇਆ ਹੈ। ਹੇ ਜੋਗੀਆ! ਸੱਚੇ ਗੁਰੂ ਤੋਂ ਨਾਮ ਲਵੋ, ਜੋਗ ਦੀ ਜੁਗਤੀ ਇਸ ਤਰਾਂ ਮਿਲਦੀ ਹੈ। ਆਪਣੇਂ ਮਨ ਵਿੱਚ ਵਿਚਾਰ ਕਰ ਕੇ ਦੇਖ ਲਵੋ, ਨਾਨਕ ਕਹਿੰਦਾ ਹੈ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸੱਕਦੀ।

ਵੈਸੇ ਤਾਂ ਸੱਚ ਝੂਠ ਦਾ ਫੈਸਲਾ ਗੁਰੂ ਕਰਦਾ ਹੈ, ਪਰ ਚੂੰ ਕਿ ਅੱਜ ਕਲ ਗੁਰਬਾਣੀਂ ਦੇ ਸੱਚ ਝੂਠ ਦਾ ਫੈਸਲਾ, ਅਸੀਂ ਸਾਰੇ ਕਰਨ ਲੱਗੇ ਹੋਇ ਹਾਂ। ਇਸ ਵਾਸਤੇ ਮੇਰਾ ਵਿਚਾਰ, ਜਾਂ ਮੇਰਾ ਆਪ ਸੱਭ ਨੂੰ ਸੁਝਾਉ ਹੈ, ਕੇ ਸ਼ਬਦ ਦੀ ਵਿਚਾਰ ਕਰਨ ਜਾਂ ਸ਼ਬਦ ਬਾਰੇ ਆਪਣਾਂ ਫੈਸਲਾ ਦੇਣ ਦੀ ਬਜਾਏ। ਪਹਿਲੇ ਆਪ ਸਾਰੇ ਮਿਲ ਕੇ ਇਹ ਫੈਸਲਾ ਕਰੋ, ਕੇ ਬਾਣੀਂ ਸੱਚ ਕਹਿ ਰਹੀ ਹੈ ਜਾਂ ਝੂਠ। ਜਾਂ ਕੀ ਬਾਣੀਂ ਵਿਚਲਾ ਸੱਚ ਹੁਣ ਬਦਲ ਗਿਆ ਹੈ।

ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ॥ ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ॥ ਜਿਨਿੑ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ॥ ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ॥ ੮॥

ਹਾਉਮੈ ਨੂੰ ਮਾਰੇਂ ਗਾ ਤਾਂ ਮਨ ਨਿਰਮਲ ਹੋਵੇ ਗਾ, ਤਾਂ ਫਿਰ ਨਾਮ ਮਨ ਵਿੱਚ ਵਸੇ ਗਾ। ਜਿੱਥੇ ਹੰਕਾਰ ਹੈ ਉਥੇ ਨਾਮ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। “ਹਾਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਿਹ ਇੱਕ ਠਾਇ॥ ਹਾਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ॥” ਹੇ ਗਵਾਰ ਬੰਦੇ ਤੂੰ ਮਹਿਲਾਂ ਮਕਾਨਾਂ ਦੇ ਮੋਹ ਲਾਲਚ ਵਿੱਚ ਫਸ ਗਿਆ, ਮਨਮੁਖਤਾ ਦੇ ਹਨੇਰੇ ਵਿੱਚ ਅੱਨ੍ਹਾਂ ਹੋ ਕੇ ਤੂੰ ਦੇਵਣ ਹਾਰੇ ਨੂੰ ਨਹੀਂ ਪਛਾਣਿਆਂ। ਪਰ ਤੇਰੇ ਵੀ ਕੀ ਵੱਸ! ਜਿਸ ਨੂੰ ਉਹ ਪ੍ਰਭੂ ਆਪ ਹੀ ਬੁਝਾਉਂਦਾ ਹੈ, ਉਹ ਹੀ ਬੁੱਝ ਸੱਕਦਾ ਹੈ, ਵਿਚਾਰੇ ਜੀਵ ਦੇ ਕੀ ਵੱਸ।

ਸਲੋਕ ਮਃ ੩॥ ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ॥ ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ॥ ੧॥

ਹੇ ਕਾਮਣ ਹੇ ਇਸਤਰੀਏ, ਤੂੰ ਪਤੀ ਨੂੰ ਮਿਲਣ ਵਾਸਤੇ ਆਪਣੇਂ ਭਾਣੇ ਤਾਂ ਸ਼ਿੰਗਾਰ (ਧਰਮ ਕਰਮ) ਕਰਨ ਲੱਗੀ ਹੋਈ ਹੈ। ਕਮਲੀਏ ਪਹਿਲੋਂ ਕੰਤ ਨੂੰ ਤਾਂ ਮਨਾ ਲੈ। ਤੇਰਾ ਕੰਤ ਤਾਂ ਤੇਰੇ ਨਾਲ ਰੁੱਸਿਆ ਹੋਇਆ ਹੈ। ਕਿਤੇ ਐਸਾ ਨਾਂ ਹੋਵੇ ਉਹ ਤੇਰੇ ਕਮਰੇ (ਘਰ, ਸੇਜੇ) ਵਿੱਚ ਹੀ ਨਾਂ ਆਵੇ, ਤਾਂ ਤੇਰਾ ਕੀਤਾ ਹੋਇਆ ਸ਼ਿਗਾਰ, ਸਾਰਾ ਹੀ ਵਿਅਰਥ ਚਲਾ ਜਾਵੇ ਗਾ। (ਜਿਸ ਇਸਤਰੀ ਦਾ ਪਤੀ ਰੁਸਿਆ ਹੋਇਆ ਹੋਵੇ, ਤਾਂ ਇਸਤਰੀ ਲੱਖ ਸ਼ਿੰਗਾਰ ਕਰ ਲਵੇ, ਪਤੀ ਸੇਜ ਤੇ ਨਹੀਂ ਆਉਂਦਾ, ਇਹ ਗੱਲ ਸਾਰੇ ਹੀ ਜਾਣਦੇ ਹਨ। ਸ਼ਿਗਾਰ ਕੀ ਹੈ! ਇਹ ਜੋ ਅਸੀਂ ਧਰਮ ਕਰਮ ਆਦੀ ਕਰਦੇ ਹਾਂ) ਜੇ ਇਸਤਰੀ ਅਤੇ ਪਤੀ ਰਾਜੀ ਹਨ, ਜੇ ਪਤੀ ਇਸਤਰੀ ਨੂੰ ਪਿਆਰ ਕਰੇ, ਤਾਂ ਅਸਲੀ ਸ਼ਿੰਗਾਰ ਉਹ ਹੈ, ਫਿਰ ਭਾਵੇਂ ਇਸਤਰੀ ਨੇਂ ਮੁੰਹ ਵੀ ਨਾਂ ਧੋਤਾ ਹੋਵੇ ਜਾਂ ਨਾਂ ਪਤੀ ਪ੍ਰਭੂ, ਇਸ ਗੱਲ/ਔਗਣਾਂ ਨੁੰ ਨਹੀਂ ਵਿਚਾਰਦਾ।

ਕਿਹੜੇ ਸ਼ਿੰਗਾਰ ਨਾਲ ਪਤੀ ਖੁਸ਼ ਹੁੰਦਾ ਹੈ? ਜਦ ਜੀਵ-ਇਸਤਰੀ ਪ੍ਰਭੂ ਦੇ ਭਉ ਡਰ ਵਿੱਚ ਰਹਿੰਦੀ ਹੈ, ਤਾਂ ਇਹ ਪਾਨ ਦੇ ਰਸ ਦੀ ਭਰੀ ਗਿਲੋਰੀ ਹੈ, ਇਹ ਸ਼ਿੰਗਾਰ ਹੈ, ਪ੍ਰੇਮ ਪ੍ਰਭੂ ਦਾ ਭੋਜਨ ਹੈ। ਪਤੀ ਬਰਤਾ ਇਸਤਰੀ ਵਾਂਗੂ ਤਨ ਮਨ ਆਪਾ ਸਭ ਕੁੱਝ ਪ੍ਰਭੂ ਤੋਂ ਵਾਰ ਦੇਵੇ, ਆਪਣਾਂ ਕੁੱਝ ਵੀ ਨਾਂ ਸਮਝੇ, ਤਾਂ ਫਿਰ ਇਹ ਜੀਵ-ਇਸਤਰੀ ਉਹੋ ਹੀ ਰੱਸ ਭੋਗ ਭੋਗਦੀ ਹੈ, ਜਿਹੜੇ ਰਸ ਅਨੰਦ ਪ੍ਰਭੂ ਆਪ ਭੋਗ ਰਿਹਾ ਹੈ, ਭਾਵ ਪ੍ਰਭੂ ਰੂਪ ਹੋ ਜਾਂਦੀ ਹੈ। ਫਿਰ ਇਹ ਜੀਵ ਆਤਮਾਂ ਪ੍ਰਭੂ ਦਾ ਰੂਪ ਹੋ ਕੇ ਪ੍ਰਭੂ ਦੇ ਤਖਤ (ਸੇਜ) ਤੇ ਜਾ ਬਿਰਾਜਦੀ ਹੈ। ਹੋਰ ੳਥੇ ਜਾ ਕੇ ਜੀਵ-ਆਤਮਾਂ ਪ੍ਰਭੂ ਨਾਲ ਕੋਈ ਐਸੇ ਭੋਗ ਨਹੀਂ ਭੋਗਦੀ ਜਿਵੇਂ ਇਥੇ ਦੁਨੀਆਂ ਵਿੱਚ ਇਸਤਰੀ ਅਤੇ ਪਤੀ ਭੋਗ ਕਰਦੇ ਹਨ।

ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ॥ ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ॥ ੪॥ ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ॥ ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ॥ ੫॥ ੮੩੬

ਮਃ ੩॥ ਕਾਜਲ ਫੁਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ॥ ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ॥ ੨॥

ਇਸਤਰੀ ਆਮ ਕਰਕੇ ਕਾਜਲ ਸੁਗੰਧੀ ਦਾਰ ਫੁੱਲ ਆਦੀ ਦੇ ਨਾਲ ਕਈ ਤਰਾਂ ਦੀਆਂ ਵਸਤਾਂ ਸ਼ਿੰਗਾਰ ਕਰਨ ਵਾਸਤੇ ਵਰਤਦੀ ਹੈ। ਪਤੀ ਨੂੰ ਖੁਸ਼ ਕਰਨ ਵਾਸਤੇ ਸੌ ਪਾਪੜ ਵੇਲਦੀ ਹੈ। ਖਾਣ ਵਾਸਤੇ ਰਸ ਦਾਰ ਪਾਨ (ਤੰਬੋਲ) ਪੇਸ਼ ਕਰਦੀ ਹੈ। ਜੇ ਕੰਤ ਸੇਜੇ ਨਹੀਂ ਆਉਂਦਾ ਤਾਂ ਇਸਤਰੀ ਦਾ ਕੀਤਾ ਸਾਰਾ ਸ਼ਿੰਗਾਰ ਵਿਅਰਥ ਚਲਾ ਜਾਂਦਾ ਹੈ।

ਇਸ ਦੀ ਮਿਸਾਲ ਪੁਰਾਣੇਂ ਸਮੇਂ ਦੇ ਰਾਜੇ ਮਹਾਂਰਾਜਿਆਂ ਦੀਆਂ ਕਹਾਣੀਆਂ ਪੜ੍ਹ ਕੇ ਸਮਝੀ ਜਾ ਸੱਕਦੀ ਹੈ। ਪੁਰਾਣੇਂ ਸਮੇਂ ਦੇ ਰਾਜੇ ਮਹਾਂਰਾਜਿਆਂ ਦੀਆਂ ਸੈਕੜੇ ਜਾਂ ਕਈ ਕਈ ਰਾਣੀਆਂ ਹੁੰਦੀਆਂ ਸਨ। ਸਾਰੀਆਂ ਹੀ ਆਪਣੇਂ ਆਪ ਨੂੰ ਵੱਧ ਤੋਂ ਵੱਧ ਸ਼ਿੰਗਾਰ ਕੇ ਸੇਜ ਵਿਛਾ ਕੇ ਰਾਤ ਨੂੰ ਰਾਜੇ ਪਤੀ ਦੀ ਉਡੀਕ ਕਰਦੀਆਂ ਸਨ। ਜਿਸ ਦੀ ਸੇਜ ਤੇ ਰਾਤ ਨੂੰ ਪਤੀ ਆ ਜਾਂਦਾ ਹੈ/ਸੀ, ਉਸ ਦਾ ਕੀਤਾ ਸ਼ਿੰਗਾਰ ਸਫਲ ਹੋ ਜਾਂਦਾ ਹੈ, ਉਹ ਸੁਹਾਗਣ ਹੋ ਜਾਂਦੀ ਹੈ। ਬਾਕੀਆਂ ਦਾ ਸ਼ਿੰਗਾਰ ਵਿਅਰਥ ਚਲਾ ਜਾਂਦਾ ਹੈ। ਉਹ ਇਸਤਰੀਆਂ (ਰਾਣੀਆਂ) ਰਾਤ ਬੀਤ ਜਾਣ ਤੇ ਝੂਰਦੀਆਂ ਹਨ। ਉਹਨਾਂ ਦੇ ਮੂੰਹ ਥੁੱਕਣ ਦੇ ਕਾਬਲ ਹੁੰਦੇ ਹਨ।

ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ॥ ੭॥

(ਨੋਟ:- ਇਸੇ ਤਰਾਂ ਇਹ ਮਨੁੱਖਾ ਜਨਮ ਪ੍ਰਭੂ ਨੂੰ ਮਿਲਣ ਦੀ ਰਾਤ ਹੈ, ਜੇ ਕੰਤ ਨਾਂ ਮਿਲਿਆ ਤਾਂ ਜਨਮ ਬਰਬਾਦ ਹੋ ਜਾਵੇ ਗਾ। ਸੁਹਾਗਣਾਂ ਨੂੰ ਪ੍ਰਭੂ ਗਲ ਨਾਲ ਲਾਏ ਗਾ ਦੁਹਾਗਣਾਂ ਦੇ ਮੂੰਹ ਤੇ ਥੁੱਕਾਂ ਪੈਣਗੀਆਂ।)

ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ॥ ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ॥ ਜਿਨ ਮਾਣਸ ਜਨਮਿ ਨ ਪਾਇਆ ਤਿਨੑ ਭਾਗੁ ਮੰਦੇਰਾ ਰਾਮ॥ ੮੪੪

ਜਿਨ੍ਹਾਂ ਨੇ ਮਾਣਸ ਜਨਮ ਪਾਕੇ ਵੀ ਕੰਤਿ ਨੂੰ ਨਹੀਂ ਪਾਇਆ। ਤਾਂ ਇਹੋ ਹੀ ਕਹਿ ਸੱਕਦੇ ਹਾਂ, ਕੇ ਉਹਨਾਂ ਦੇ ਮੰਦੇ ਭਾਗ। ਏਨੀ ਸਮਝ, ਏਨਾਂ ਗਿਆਨ, ਐਸਾ ਮੌਕਾ, ਅਤੇ ਗੁਰੂ ਨਾਨਕ ਦੇ ਘਰ ਵਿੱਚ ਜਨਮ ਮਿਲਿਆ ਹੋਵੇ, ਜੇ ਫਿਰ ਵੀ ਅਸੀਂ ਨਾਂ ਸਮਝੀਏ, ਤਾਂ ਸਾਡੇ ਖੋਟੇ ਭਾਗ, ਐਸਾ ਮੌਕਾ ਦੁਬਾਰਾ ਨਹੀਂ ਮਿਲਣਾਂ। ਕਬੀਰ ਮਾਨਸ ਜਨਮੁ ਦੁਲμਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥ ੧੩੬੬

ਅੱਗੇ ਗੁਰੂ ਨਾਨਕ ਦੇਵ ਜੀ ਦੀ ਬਾਣੀਂ ਵਿਚੋਂ ਕੁੱਝ ਪੰਗਤੀਆਂ ਪੜ੍ਹਦੇ ਹਾਂ। ਪਤੀ ਪ੍ਰਭੂ ਦੇ ਵਿਛੋੜੇ (ਵਿਯੋਗ) ਵਿੱਚ ਜੀਵ-ਇਸਤਰੀ ਦੀ ਤੜਪਣਾਂ ਕਿਵੇਂ ਹੁੰਦੀ ਹੈ ਬਾਣੀਂ ਦੁਆਰਾ ਦੱਸਦੇ ਹਨ।

ਚੂੜਾ ਭੰਨੁ ਪਲμਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ॥ ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ॥ ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥ ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ (੫੫੭)

ਅੱਖਾਂ ਭਰ ਆਉਂਦੀਆਂ ਹਨ ਬਾਣੀਂ ਪੜ੍ਹ ਕੇ। ਇਸ ਸ਼ਬਦ ਵਿੱਚ ਕਿਨਾਂ ਤਰਲਾ ਕਰ ਰਹੀ ਹੈ, ਇੱਕ ਬਿਰਹਨ ਰੂਹ-ਇਸਤਰੀ। ਪਰ ਅਸੀਂ ਕੀ ਜਾਣੀਏ ਬਿਰਹਣ ਦੀ ਸਾਰ। ਕੀ ਆਪਣੇਂ ਵਿਚੋਂ ਕੋਈ ਸੁਹਾਗਣ ਹੈ। ਸੁਹਾਗਣ ਬਣਨਾਂ ਤਾਂ ਦੂਰ, ਕੀ ਆਪਣੇਂ ਵਿਚੋਂ ਕਿਸੇ ਦੇ ਮਨ ਵਿੱਚ ਸੁਹਾਗਣ ਬਣਨ ਦੀ ਕਦੇ ਚਾਹ ਵੀ ਉਪਜੀ ਹੈ? । (ਸਬੱਬ ਨਾਲ ਸਾਨੂੰ ਕਿਤੇ ਕੋਈ ਝੂਠੀ ਸੱਚੀ, ਬਿਰਹਨ ਦਾ ਦ੍ਰਿਸ਼ ਵੇਖਣ ਨੂੰ ਮਿਲ ਵੀ ਜਾਵੇ, ਤਾਂ ਅਸੀਂ ਉਸ ਬਿਰਹਨ ਦੀ ਹਾਲਤ ਤੇ ਵਿਅੰਗ ਭਰਿਆਂ ਲੇਖ ਲਿਖ ਕੇ ਆਪਣੇਂ ਆਪ ਨੂੰ ਵੱਡਾ ਗਿਆਨੀ ਸਮਝਦੇ ਹਾਂ। ਮੰਨ ਲਵੋ ਕਿ ਬੇਸ਼ੱਕ ਹੀ ਉਹ ਬਿਰਹਨ ਝੂਠੀ ਹੈ, ਅਤੇ ਸਾਨੂੰ ਪਤਾ ਹੈ ਕਿ ਉਸ ਨੂੰ ਗਲਤ ਰਾਹੇ ਪਾਇਆ ਗਿਆ ਹੈ। ਕਿਸੇ ਭੁਲੀ ਹੋਈ ਬੇਵੱਸ ਬਿਰਹਨ ਦਾ ਮਖੌਲ ਉਡਾਉਣਾਂ ਕਿੱਧਰ ਦੀ ਦਨਾਈ ਹੈ, ਨਾਲੇ ਮਖੌਲ ਤੇ ਤਾਂ ਉਡਾਈਏ ਜੇ ਖੁਦ ਸੁਹਾਗਣ ਹੋਈਏ। ਦਨਾਈ ਤਾਂ ਉਹ ਹੈ ਜੇ ਉਸ ਭੁਲੀ ਹੋਈ ਬੇਵੱਸ ਤੇ ਮਜਬੂਰ ਬਿਰਹਨ ਦੀ ਸਹਾਇਤਾ ਕਰੀਏ ਭਾਵ ਉਸ ਨੂੰ ਸੱਚ ਦਾ ਰਾਹ ਦਿਖਾਈਏ। ਪਰ ਆਪਣੀਂ ਸਹਾਇਤਾ ਤਾਂ ਅਸੀਂ ਕਰ ਨਹੀਂ ਸੱਕਦੇ ਕਿਸੇ ਦੀ ਕੀ ਕਰਾਂ ਗੇ। ਸੋ ਹੰਕਾਰ ਨਹੀਂ ਕਰਨਾਂ ਚਾਹੀਦਾ। ਕਿਸੇ ਦੀ ਹਾਲਤ ਤੇ ਹਸਣਾਂ ਨਹੀਂ ਚਾਹੀਦਾ। ਅਜੇ ਤਾਂ ਆਪਣੀਂ ਆਵਦੀ ਕਿਸਤੀ ਸਮੁੰਦਰ ਵਿੱਚ ਡੋਲ ਰਹੀ ਹੈ “ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥ ੩੯॥) ਅਸੀਂ ਤਾਂ ਆਪਣੇਂ ਆਪ ਨੂੰ ਇਸਤਰੀ ਸਮਝਦੇ ਹੀ ਨਹੀਂ। ਅਸੀਂ ਤਾਂ ਆਪਣੇਂ ਆਪ ਨੂੰ ਵਡੇ ਮਰਦ ਸਮਝਦੇ ਹਾਂ। ਉਹ ਵੀ ਸ਼ੇਰਾਂ ਵਰਗੇ। ਮਰਦਾਂ ਦਾ ਕੋਈ ਪਤੀ ਨਹੀਂ ਹੁੰਦਾ। ਪਤੀ ਹਮੇਸ਼ਾਂ ਇਸਤਰੀਆਂ ਦਾ ਹੁੰਦਾ ਹੈ। “ਇਸਤਰੀ ਰੂਪ ਚੇਰੀ ਕੀ ਨਿਆਈ” ਬੇਸੱਕ ਅੱਜ ਜਮਾਨਾਂ ਬਹੁਤ ਬਦਲ ਗਿਆ ਹੈ। ਨੂਹਾਂ ਧੀਆਂ ਮਾਡਰਨ ਹੋ ਚੁੱਕੀਆਂ ਹਨ, ਮਾਂ ਪਿਉ, ਸੱਸ ਸਹੁਰੇ, ਦੀ ਪ੍ਰਵਾਹ ਘਟ ਗਈ ਹੈ। ਪਰ ਅਜ ਵੀ ਐਸੀਆਂ ਧੀਆਂ ਹਨ। ਸਾਡੀ ਇੱਕ ਦੂਰ ਦੀ ਰਿਸਤੇ ਦਾਰੀ ਵਿੱਚ ਇੱਕ ਨੂੰਹ ਹੈ, ਜੋ ੩੫ ਹਜਾਰ ਤਨਖਾਹ ਵੀ ਲੈਂਦੀ ਹੈ। ਸੱਸ ਸਹੁਰੇ, ਦੀ ਸੇਵਾ ਅਤੇ ਸਾਰੇ ਘਰ ਦਾ ਕੰਮ ਕਰਕੇ ਫਿਰ ਨੌਕਰੀ ਜਾਂਦੀ ਹੈ। ਜਦਿ ਕੇ ਪਤੀ ਕੁੱਝ ਨਸ਼ਾ ਵੀ ਕਰਦਾ ਹੈ, ਅਤੇ ਵਿਹਲਾ ਹੈ। ਭਾਵ ਜੇ ਔਰਤ ਵਿੱਚ ਗੁਣ ਹਨ, ਤਾਂ ਉਸ ਦੀ ਸੋਭਾ ਦੂਰ ਦੂਰ ਤੱਕ ਹੋ ਜਾਂਦੀਂ ਹੈ। ਜਮਾਨੇਂ ਦੇ ਨਾਲ ਨਾਲ ਔਰਤ ਵਿੱਚ ਗੁਣਾਂ ਦਾ ਹੋਰ ਵਾਧਾ ਤਾਂ ਹੋਣਾਂ ਚਾਹੀਦਾ ਹੈ। ਪਰ ਅਸਲ ਗੁਣਾਂ ਦਾ ਤਿਆਗ ਕਰਕੇ, ਜਾਂ ਅਸਲ ਗੁਣਾਂ ਦੀ ਕੀਮਤ ਤੇ ਨਹੀਂ। ਔਰਤ ਨੇਂ ਜੇ ਪਤੀ ਦਾ ਪਿਆਰ ਪਾਉਣਾਂ ਹੈ ਤਾਂ, ਉਸ ਨੂੰ ਔਰਤਾਂ ਵਾਲੇ ਗੁਣ ਵੀ ਇਖਤਿਆਰ ਕਰਨੇ ਪੈਚ ਗੇ। ਤਾਂ ਹੀ ਅਜੇਹਾ ਸੰਭਵ ਹੋ ਸੱਕਦਾ ਹੈ।

ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ॥ ੮੩੬

ਸ੍ਰੀ ਗੁਰੂ ਰਾਮ ਦਾਸ ਜੀ ਸਮਝਾਉਂਦੇ ਹਨ, ਚਲੋ ਸਖਓ (ਗੁਰਮੁਖ ਸਹੇਲੀਉ) ਆਪਾਂ ਆਪਣੇ ਵਿੱਚ ਕਾਮਣ (ਪਤੀ ਨੂੰ ਵੱਸ ਕਰਨ ਦੀ ਜੁਗਤੀ) ਇਸਤਰੀ ਵਾਲੇ ਗੁਣ ਪੈਦਾ ਕਰ ਕੇ, ਆਪਣੇਂ ਪਤੀ (ਪ੍ਰਭੂ) ਦੇ ਮਨ ਵਿੱਚ ਆਪਣੇਂ ਵਾਸਤੇ ਪਿਆਰ ਜਗਾ ਕੇ ਉਸ ਨੂੰ ਆਪਣੇਂ ਵਸ ਕਰ ਲਈਏ।

ਦੁਨੀਆਂ ਵਿੱਚ ਤਾਂ ਔਰਤ ਬੇਸ਼ੱਕ ਅਜ ਮਰਦ ਦੇ ਬਰਾਬਰ ਆ ਰਹੀ ਹੈ, ਪਰ ਵਿਚਾਰ ਕਰਕੇ ਦੇਖੋ ਬਰਾਬਰੀ ਵੀ ਸਿਰਫ ਉਹ ਔਰਤ ਕਰਦੀ/ਸੱਕਦੀ ਹੈ ਜੋ ਮਰਦਾਂ ਵਾਲੇ ਕੰਮ ਕਰਦੀ ਹੈ। ਇਸੇ ਤਰਾਂ ਜੇ ਅਸੀਂ ਵੀ ਪ੍ਰਭੂ ਨੂੰ ਮਿਲਣਾਂ ਹੈ, ਤਾਂ ਸਾਨੂੰ ਵੀ ਉਹੀ ਕਰਨਾਂ ਪਵੇ ਗਾ, ਜੋ ਪ੍ਰਭੂ ਦਾ ਕੰਮ ਹੈ।

ਜਮਾਨਾਂ ਬੇਸ਼ਕ ਬਦਲ ਜਾਵੇ, ਪਰ ਸੱਚ ਨਹੀਂ ਬਦਲਦਾ, ਸੱਚ ਕਦੇ ਪੁਰਾਣਾਂ ਨਹੀਂ ਹੁੰਦਾ। ਪ੍ਰਭੂ ਨੂੰ ਮਿਲਣ ਵਾਸਤੇ ਅੱਜ ਵੀ ਸ਼ਰਤਾਂ ਜਾਂ ਕਨੂਨ ਉਹੀ ਹਨ, ਜੋ ਗੁਰੂ ਨਾਨਕ ਜੀ ਜਾਂ ਉਸ ਤੋਂ ਪਹਿਲੇ ਦੇ ਜੁਗਾਂ ਵਿੱਚ ਸੀ। ਸਾਡੇ ਨਵੇਂ ਕਨੂਨ ਨਹੀਂ ਚੱਲ ਸਕਦੇ। ਕਨੂਨ ਜਾਂ ਹੁਕਮ ਸਾਡਾ ਚੱਲਣਾਂ ਹੈ ਜਾਂ ਰੱਬ ਦਾ? ਕਨੂਨ ਅਤੇ ਹੁਕਮ ਗੁਰੂ ਦਾ ਚਲਣਾਂ ਹੈ, ਅਤੇ ਮੰਨਣਾਂ ਵੀ ਪਵੇ ਗਾ। ਜੇ ਪ੍ਰਭੂ ਨਾਲ ਮਿਲਾਪ ਕਰਨਾਂ ਹੈ, ਤਾਂ ਪ੍ਰਭੂ ਦੇ ਹੁਕਮ ਤੇ ਚੱਲਣਾਂ ਹੀ ਪੈਣਾਂ ਹੈ। ਜਿਨ੍ਹਾਂ ਨੂੰ ਪ੍ਰਭੂ ਦੇ ਮਿਲਾਪ ਦੀ ਲੋੜ ਨਹੀਂ, ਉਹਨਾਂ ਨੂੰ ਹੁਕਮ ਮੰਨਣ ਦੀ ਕੋਈ ਲੋੜ ਨਹੀਂ। ਆਪਣੇਂ ਅੰਦਰੋਂ ਆਪਣੇਂ ਮਨ ਨੂੰ ਪੁੱਛ ਲਵੋ ਕੌਣ ਮਿਲਣਾਂ ਚਾਹੁੰਦਾ ਹੈ, ਪ੍ਰਮਾਤਮਾਂ ਨੂੰ।

ਜਿੱਥੇ ਪ੍ਰਭੂ ਦੇ ਮਿਲਾਪ ਦੀ ਗੱਲ ਆਉਂਦੀ ਹੈ। ਤਾਂ ਪ੍ਰਭੂ ਦੇ ਮਿਲਾਪ ਦੇ ਮੁੱਖ ਦੋ ਰਸਤੇ ਜਾਂ ਦੋ ਮਾਰਗ ਹਨ। ਇੱਕ ਮਾਰਗ ਨੂੰ ਭਗਤੀ ਮਾਰਗ ਕਹਿੰਦੇ ਹਨ। ਦੂਜੇ ਨੂੰ ਗਿਆਨ ਮਾਰਗ ਕਹਿੰਦੇ ਹਨ। ਗਿਆਨ ਮਾਰਗ ਵਿਦਾਂਤ ਮੱਤ ਤੇ ਚਲਣ ਵਾਲੇ ਰਿਸ਼ੀਆਂ ਮੁਨੀਆਂ ਜੋਗੀਆਂ ਤਪਸਵੀਆਂ ਆਦੀ ਦਾ ਮਾਰਗ ਹੈ। ਗਿਆਨ ਮਾਰਗ, “ਪੁਰਸ਼” ਰੂਪ ਹੈ। ਗੁਰੂ ਨਾਨਕ ਜੀ ਮਹਾਂਰਾਜ ਦਾ ਮਾਰਗ ਭਗਤੀ ਮਾਰਗ ਹੈ। (ਇਸੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਂ ਤੋਂ ਬਿਨਾਂ ਸਿਰਫ ਭਗਤਾਂ ਦੀ ਬਾਣੀ ਨੂੰ ਥਾਂ ਮਿਲੀ ਹੈ।) ਭਗਤੀ ਮਾਰਗ ਇਸਤਰੀ ਰੂਪ ਹੈ। ਪੁਰਸ਼ ਸਿਰਫ ਇੱਕ (ਪ੍ਰਭੂ) ਹੈ। “ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ॥ ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ॥” ਮਾਇਆ ਵੇਸਵਾ ਰੂਪ ਹੈ। ਜੇ ਜੀਵ ਗਿਆਨ ਮਾਰਗ ਤੇ ਚੱਲ ਕੇ (ਪੁਰਸ਼ ਰੂਪ ਹੋ ਕੇ) ਪ੍ਰਭੂ ਦੇ ਮਿਲਾਪ ਨੂੰ ਜਾਵੇ ਗਾ, ਰਸਤੇ ਵਿੱਚ ਬੈਠੀ ਵੇਸਵਾ (ਮਾਇਆ) ਉਸ ਨੂੰ ਰੋਕ ਲਵੇ ਗੀ, ਕਿਉਂ ਕੇ ਮਾਇਆ ਜਾਂ ਵੇਸਵਾ ਇਸਤਰੀ ਰੂਪ ਹੈ। (ਬਾਣੀਂ ਦੱਸਦੀ ਹੈ ਕਿ ਮਾਇਆ ਨੇਂ ਅੱਜ ਤੱਕ ਕਿਸੇ ਇੱਕ ਵੀ ਗਿਆਨ ਮਾਰਗ ਵਾਲੇ ਨੂੰ ਅੱਗੇ ਨਹੀਂ ਲੰਘਣ ਦਿੱਤਾ, ਬਾਣੀਂ ਪੜ੍ਹ ਕੇ ਵੇਖ ਲਵੋ)

ਭਗਤੀ ਮਾਰਗ ਇਸਤਰੀ ਰੂਪ ਹੈ, ਅਤੇ ਮਾਇਆ ਜਾਂ ਵੇਸਵਾ ਵੀ ਇਸਤਰੀ ਰੂਪ ਹੈ। ਇਸਤਰੀ ਇਸਤਰੀ ਨੂੰ ਰੋਕ (ਭਰਮਾ) ਨਹੀਂ ਸੱਕਦੀ, (ਜਿਵੇਂ ਕੇ ਔਰਤ ਮਰਦ ਨੂੰ ਜਾਂ ਮਰਦ ਔਰਤ ਨੂੰ ਭਰਮਾ ਲੈਂਦੇ ਹਨ)। ਮੁਕਾਬਲਾ ਜਾਂ ਝਗੜਾ ਜਰੂਰ ਕਰ ਸੱਕਦੀ ਹੈ। ਪਰ ਜੇ ਇਸਤਰੀ ਪਤੀ ਵਾਲੀ ਹੋਵੇ, ਤਾਂ ਪਤੀ ਆਪਣੀਂ ਇਸਤਰੀ ਦੀ ਮਦਦ ਤੇ ਆ ਜਾਂਦਾ ਹੈ, ਅਤੇ ਆਪਣੀਂ ਇਸਤਰੀ ਨੂੰ ਛੁਡਾ ਲੈਂਦਾ ਹੈ। “ਤਉ ਛੂਟੈ ਜਾ ਖਸਮੁ ਛਡਾਏ॥ ਗੁਰਮਤਿ ਮੇਲੇ ਭਗਤਿ ਦ੍ਰਿੜਾਏ॥” ਫਿਰ, ਵੇਸਵਾ ਦਾ ਜੋਰ ਨਹੀਂ ਚੱਲਦਾ। ਕਬੀਰ ਸਾਹਿਬ ਜੀ ਦੇ ਇੱਕ ਗ੍ਰੰਥ ਵਿਚੋਂ ਬਾਣੀਂ ਦਾ ਇੱਕ ਹਵਾਲਾ ਦੇ ਰਿਹਾ ਹਾਂ (ਇਹ ਬਾਣੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ) ਪਰ ਬੜੀ ਵਿਚਾਰਨ ਵਾਲੀ ਗੱਲ ਹੈ, ਲਿਖਦੇ ਹਨ, “ਨਾਰਿ ਰਿਚੰਤੇ ਪੁਰਸ਼ ਹੈ ਪੁਰਸ਼ ਰਿਚੰਤੀ ਨਾਰਿ। ਪੁਰਸ਼ ਪੁਰਸ਼ ਪਰ ਰੀਝਤੇ ਤੇ ਵਿਰਲੇ ਸੰਸਾਰ॥”

ਇਸਤਰੀ ਪੁਰਸ਼ ਤੇ ਮਰਦੀ ਹੈ, ਪੁਰਸ਼ ਇਸਤਰੀਆਂ ਤੇ ਮਰਦੇ ਹਨ, ਸੰਸਾਰ ਤੇ ਕੋਈ ਵਿਰਲਾ ਪੁਰਸ਼ ਹੀ ਹੋਵੇ ਗਾ, ਜੋ ਪੁਰਸ਼, ਹੋ ਕੇ ਵੀ (ਇਸਤਰੀ ਰੂਪ ਹੋ ਕੇ) ਪੁਰਸ਼ ਤੇ ਫਿਦਾ ਹੁੰਦਾ ਹੋਵੇਗਾ। ਉਸ ਨੂੰ ਗੁਰਮੁੱਖ ਕਹਿੰਦੇ ਹਨ।

ਮਃ ੩॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ ੩॥

ਪਰਸੰਗ ਧਨ ਪਿਰ ਦਾ ਚੱਲ ਰਿਹਾ ਹੈ। ਗੁਰੂ ਜੀ ਦੱਸਦੇ ਹਨ। ਇਸਤਰੀ ਅਤੇ ਮਰਦ ਅਸਲੀ ਪਤੀ ਪਤਨੀਂ ਨਹੀਂ ਹਨ। ਅਸਲੀ ਪਤੀ ਪਤਨੀ ਤਾਂ ਉਸ ਨੂੰ ਕਹਿੰਦੇ ਹਨ, ਜਦੋਂ ਰੂਹ ਰੂਪੀ ਇਸਤਰੀ ਪ੍ਰਭੂ ਪਤੀ ਨਾਲ ਮਿਲਕੇ ਇੱਕ ਰੂਪ ਹੋ ਜਾਵੇ ਗੀ, ਤਾਂ ਉਸ ਨੂੰ ਅਸੀਂ ਧਨ ਪਿਰ ਕਹਿ ਸੱਕਦੇ ਹਾਂ।

ਪਉੜੀ॥ ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ॥ ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ॥ ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ॥ ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ॥ ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ॥ ੯॥

ਡਰ ਤੋਂ ਬਿਨਾਂ ਭਗਤੀ ਨਹੀਂ ਹੋ ਸੱਕਦੀ, ਅਤੇ ਨਾਂ ਹੀ ਡਰ ਤੋਂ ਬਿਨਾਂ ਨਾਮ ਨਾਲ ਹੀ ਪਿਆਰ ਲੱਗਦਾ ਹੈ। ਸੱਤਿਗੁਰ ਮਿਲੇ ਗਾ ਤਾਂ ਡੱਰ ਪੈਦਾ ਹੋਵੇ ਗਾ, ਫਿਰ ਡਰ ਅਤੇ ਅਤੇ ਪ੍ਰੇਮ ਭਾਉ ਦੇ ਰੰਗ ਨਾਲ ਕਾਰਜ ਸੌਰ ਜਾਵੇ ਗਾ। ਫਿਰ ਹੰਕਾਰ ਅਤੇ ਸੱਭ ਤਰਾਂ ਦੀਆਂ ਖਾਹਸ਼ਾਂ ਅਤੇ ਤ੍ਰਿਸ਼ਨਾਂ ਖਤਮ ਹੋ ਜਾਂਦੀਆਂ ਹਨ। ਤਨ ਮਨ ਪਿਆਰ ਦੇ ਰੰਗ ਵਿੱਚ ਰੰਗਿਆਂ ਜਾਂਦਾ ਹੈ। ਤਨ ਮਨ ਦੀਆਂ ਸਾਰੀਆਂ ਮੈਲਾਂ ਉੱਤਰ ਜਾਂਦੀਆਂ ਹਨ, ਜਿਵੇ ਗੋਪੀਆਂ ਨੂੰ ਕ੍ਰਿਸ਼ਨ ਦੇ ਮਿਲਨ ਦਾ ਚਾਉ ਹੁੰਦਾ ਹੈ। ਇਸੇ ਹੀ ਤਰਾਂ ਗੁਰਮੁੱਖ ਰੂਹ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਪ੍ਰਸੰਨ ਹੁੰਦੀ ਹੈ।

ਸਲੋਕ ਮਃ ੧॥ ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ॥ ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ॥ ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ॥ ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ॥ ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ॥ ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ॥ ੧॥

ਵਾਹ! ਸਾਈਆਂ ਵਾਹ, (ਤੇਰੀ ਅਜੀਬ ਕਾਰੀਗਰੀ) ਤੂੰ ਖੂਬ ਰਚਨਾਂ ਕੀਤੀ ਹੈ, ਸਾਨੂੰ ਜੀਵਾ ਨੂੰ ਪੈਦਾ ਕੀਤਾ। ਸਮੁੰਦਰ, ਅਤੇ ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਬਾਦਲ, ਮੀਂਹ, ਸਾਰਾ ਕੁੱਝ ਆਪੇ ਹੀ ਰਚ ਕੇ, ਤੂੰ ਸਭ ਵਿੱਚ ਸਮਾਇਆ ਵੀ ਹੋਇਆਂ ਹੈ, ਅਤੇ ਨਿਰਲੇਪ ਵੀ ਹੈ। ਤੂੰ ਸਾਰਿਆਂ ਵਿੱਚ ਮੌਜੂਦ ਜਰੂਰ ਹੈਂ, ਪਰ ਘਾਲ ਕਮਾਈ ਸਿਰਫ ਗੁਰਮੁੱਖਾਂ ਦੀ ਦਰ ਪਰਵਾਣ ਹੁੰਦੀ ਹੈ। ਗੁਰਮੁਖ ਤੇਰੇ ਦਰ ਤੋਂ ਮੰਗ ਮੰਗ ਕੇ ਆਪਣੀਂ ਕਮਾਈ ਦੀ ਮਜੂਰੀ ਲੈਦੇ ਹਨ। ਤੂੰ ਸਦਾ ਸੱਚ ਹੈਂ, ਤੇਰੇ ਘਰ ਕੋਈ ਕਮੀਂ ਨਹੀਂ।

ਮਹਲਾ ੧॥ ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ॥ ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ॥ ੨॥ ਪਉੜੀ॥ ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ॥ ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ॥ ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ॥ ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ॥ ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ॥ ੧੦॥

ਮਾਲਕ ਨੇਂ ਸੁੰਦਰ ਸੁਹਣਾਂ ਸਰੀਰ ਦਿੱਤਾ ਹੈ, ਵੈਰੀ ਬੁਢਾਪੇ ਨੇਂ ਅਖੀਰ ਤੈਨੂੰ ਲੈ ਮਰਨਾਂ ਹੈ, ਕਹਾਣੀਂ ਖਤਮ। ਕਹਾਣੀਂ ਖਤਮ ਹੋਣ ਤੋਂ ਪਹਿਲੇ ਪਹਿਲੇ, ਆਪਣਾਂ ਇਹ ਸੁਹਣਾਂ ਸਰੀਰ ਵੀ ਅਤੇ ਆਪਣਾਂ ਮਨ ਵੀ, ਖਸਮ ਨੂੰ ਸੌਂਪ ਕੇ, ਪ੍ਰਭੂ ਨੂੰ ਧਿਆ ਲੈ। ਪ੍ਰਭੂ ਬਹੁਤ ਹੀ ਗਹਿਰ ਗੰਭੀਰ, ਹੈ ਉਸ ਨੂੰ ਕੋਈ ਜਾਣ ਨਹੀਂ ਸੱਕਦਾ, ਉਹ ਸਿਰਫ ਗੁਰੂ ਦੇ ਬਚਨ ਨਾਲ ਹੀ ਪਾਇਆ ਜਾ ਸੱਕਦਾ ਹੈ। ਉਹ ਹੀਰਿਆਂ ਵਿਚੋਂ ਵੱਡਾ ਹੀਰਾ ਹੈ, ਉਹ ਤਾਂ ਸੱਭ ਦੇ ਅੰਦਰ, ਤਨ ਮਨ ਵਿੱਚ ਵੱਸਦਾ ਹੈ। ਉਸ ਗੁਣਾਂ ਨਾਲ ਭਰੇ ਪ੍ਰਭੂ ਦੇ ਨਾਮ ਦਾ ਸਿਮਰਨ ਕਰ, ਤੇਰਾਂ ਜਨਮ ਮਰਣ ਦਾ ਦੁੱਖ ਖਤਮ ਹੋ ਜਾਵੇ ਗਾ, ਫਿਰ ਤੈਨੂੰ ਜੂਨਾਂ ਵਿੱਚ ਨਹੀਂ ਪੈਣਾਂ ਪਵੇ ਗਾ।

ਸਲੋਕ ਮਃ ੧॥ ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ॥ ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ॥ ੧॥

ਹੇ ਨਾਨਕ ਇਹ ਸਰੀਰ ਦਾ ਮੋਹ ਛੱਡ, ਇਸ ਜਲਣ ਜੋਗੇ ਨੇਂ ਨਾਮ ਨੂੰ ਵਿਸਾਰ ਦਿੱਤਾ ਹੈ। ਜਿਸ ਕਾਰਨ, ਇਹ ਪਾਪਾਂ ਦੀ ਪੰਡ ਬੱਧੀ ਜਾਂਦਾ ਹੈ, ਇਹ ਡੂੰਗੇ ਟੋਏ ਵਿੱਚ ਗਰਕਦਾ ਜਾਂਦਾ ਹੈ, ਫਿਰ ਕੰਢੇ ਨੂੰ ਤੇਰਾ ਹੱਥ ਨਹੀਂ ਪੈਣਾਂ, ਡੁਬ ਜਾਵੇਂਗਾ।

ਮਃ ੧॥ ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ॥ ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ॥ ੨॥ ਪਉੜੀ॥ ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ॥ ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ॥ ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ॥ ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ॥ ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ॥ ੧੧॥

ਮੇਰਾ ਮਨ ਜੋ ਜੋ ਬੁਰੇ ਕੰਮ ਕਰਦਾ ਹੈ, ਉਸ ਦੀ ਕੋਈ ਗਿਣਤੀ ਨਹੀ ਹੈ, ਜਿਸ ਕਾਰਨ ਮੈਨੂੰ ਖਸਮ ਤੋਂ ਬਹੁਤ ਡੱਰ ਲੱਗਦਾ ਹੈ, ਇਹ ਤਾਂ ਉਸ ਦੀ ਮੌਜ ਹੈ ਜੇ ਉਹ ਮੈਨੂੰ ਬਖਸ਼ ਲਵੇ। ਪ੍ਰਭੂ ਸਦਾ ਨਿਹਚਲ ਹੈ ਉਹ ਬਹੁਤ ਸਿਆਣਾਂ ਹੈ। ਉਸ ਨੇਂ ਸੱਚੇ ਹੁਕਮ ਨਾਲ ਇੱਕ ਅਟੱਲ ਨੇਮ ਬਣਾ ਦਿੱਤਾ ਹੈ, ਸੱਚ ਦਾ ਫਰਮਾਣ ਜਾਰੀ ਕਰ ਦਿੱਤਾ ਹੈ, ਕਿ ਜਿਹੜਾ ਗੁਰੂ ਦੀ ਕਿਰਪਾ/ਦਇਆਂ/ਬਖਸ਼ਿਸ ਨਾਲ ਹਰੀ ਦੀ (ਮੇਰੀ) ਸੇਵਾ (ਸਿਮਰਨ) ਕਰੇ ਗਾ, ਸਿਰਫ ਉਸ ਨੂੰ ਸ਼ਬਦ ਦਾ ਨਿਸਾਣੁ (ਭੇਦ/ਗਿਆਨ) ਮਿਲੇ ਗਾ। (ਇਹ ਜੋ ਅਸਾਂ ਦੱਸਿਆ ਹੈ) ਪੂਰਾ ਥਾਟੁ ਬਣਾਇਆ ਇਹ ਪੂਰੀ ਪੱਕੀ ਬਣਤਰ ਪੱਕਾ (ਅਟੱਲ) ਨੇਮ ਹੈ, ਇਸ ਨੂੰ ਕੋਈ ਬਦਲ ਬਹੀਂ ਸੱਕਦਾ। ਜੇ ਇਹ ਹਰੀ ਵਾਲਾ ਰੰਗ ਮਾਨਣਾਂ ਹੈ ਤਾਂ ਗੁਰੂ ਦੀ ਮੱਤ ਲੈ। ਉਹ ਹਰੀ ਅਗੰਮ ਹੈ, ਅਗੋਚਰ ਹੈ, ਅਲੱਖ ਹੈ, ਉਹ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ, (ਪਰ ਅਸੀਂ ਆਪਣੀਆਂ ਇੰਦਰੀਆਂ ਨਾਲ ਉਸ ਨੂੰ ਤੋਲਦੇ ਹਾਂ, ਕੀ ਅਸੀਂ ਆਪਣੀਆਂ ਇੰਦਰੀਆਂ ਦੇ ਜੋਰ ਨਾਲ ਗੁਰੂ ਨਾਨਕ ਦੀ ਬਾਣੀਂ ਨੂੰ ਝੂਠ ਸਾਬਤ ਕਰ ਸੱਕਦੇ ਹਾਂ। ਕਹਿ ਦੇਵੋ ਬਾਣੀਂ ਝੂਠ ਬੋਲਦੀ ਹੈ) ਪਰ ਗੁਰੂ ਦੀ ਮੱਤ ਨਾਲ ਉਸ ਅਲੱਖ ਹਰੀ ਨੂੰ ਸਹਿਜੇ ਹੀ ਜਾਣਿਆਂ ਦਾ ਸੱਕਦਾ ਹੈ।

ਸਲੋਕ ਮਃ ੧॥ ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ॥ ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ॥ ੧॥

ਕਰਮਾਂ ਦੀ ਪੰਡ ਸਿਰ ਤੇ ਚੁਕ ਕੇ, ਲਿਜਾ ਕੇ ਜਦ ਮਾਲਕ ਦੇ ਦਰਬਾਰ ਵਿੱਚ ਰੱਖੇਂ ਗਾ। ਤਾਂ ਹਰੀ ਦੇ ਦਰਬਾਰ ਵਿੱਚ ਤੇਰੇ ਚੰਗੇ ਅਤੇ ਮਾੜੇ ਕਰਮਾਂ ਦਾ ਸਾਰਾ ਲੇਖਾ ਜੋਖਾ ਕੀਤਾ ਜਾਵੇ ਗਾ।

ਮਃ ੧॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥ ੨॥ ਪਉੜੀ॥ ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ॥ ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ॥ ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ॥ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ॥ ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ॥ ੧੨॥

ਪਾਪ ਧੋਣ ਵਾਸਤੇ ਜੀਵ ਤੀਰਥਾਂ ਤੇ ਜਾਂਦਾ ਹੈ, ਤੀਰਥਾਂ ਦਾ ਪਾਣੀਂ ਤਨ ਦੀ ਮੈਲ ਤਾਂ ਸਾਫ ਕਰ ਦੇਵੇ ਗਾ, ਪਰ ਮਨ ਦੀ ਮੈਲ ਨਹੀਂ ਧੋ ਸੱਕਦਾ। ਮਨ ਦੀ ਖੋਟ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਦੂਰ ਨਹੀਂ ਹੁੰਦੀ। ਮਨ ਦੀ ਝੂਠੀ ਤਸੱਲੀ ਹੈ ਕੇ ਇਸ਼ਨਾਨ ਨਾਲ ਮੇਰੇ ਭਉ (ਡਰ ਪਾਪ) ਉੱਤਰ ਗਏ ਹਨ, ਸਗੋਂ ਹੰਕਾਰ ਦੀ ਮੈਲ ਹੋਰ ਚੱੜ੍ਹ ਜਾਂਦੀ ਹੈ, ਕੇ ਮੈਂ ਤੀਰਥਾਂ ਤੇ ਇਸ਼ਨਾਨ ਕਰ ਆਇਆਂ ਹਾਂ, ਮੇਰੇ ਵਰਗਾ ਕੌਣ ਹੈ। ਪਹਿਲੇ ਤਾਂ ਸਿਰਫ ਪਾਪੀ ਸੀ, ਹੁਣ ਹੰਕਾਰੀ ਅਤੇ ਗਾਫਲ ਵੀ ਹੋ ਗਿਆ। ਇਸ਼ਨਾਨ ਨਾਲ ਬਾਹਰਲੀ ਮੈਲ ਤਾਂ ਜਰੂਰ ਉੱਤਰ ਗਈ, ਪਰ ਇਸ ਤਰਾਂ ਅੰਦਰਲੀ ਮੈਲ ਜਾਂ ਪਾਪ ਦੋ ਗੁਣਾਂ ਹੋਰ ਚੱੜ੍ਹ ਗਏ। ਕੌੜੀ ਤੂੰਬੜੀ ਨੂੰ ਭਾਵੇਂ ਸੌ ਵਾਰ ਤੀਰਥਾਂ ਦੇ ਸਰੋਵਰਾਂ ਵਿੱਚ ਟੁੱਭੀਆਂ ਦਿਵਾ ਲਿਆਈਏ, ਉਸ ਦੀ ਅੰਦਰਲੀ ਕੁੜੱਤਣ ਨਹੀਂ ਮਰਦੀ। ਇਸ ਵਾਸਤੇ ਸੱਚੇ ਸਾਧੂ ਕਦੇ ਤੀਰਥਾਂ ਤੇ ਨਹੀਂ ਜਾਂਦੇ। ਤੀਰਥਾਂ ਤੇ ਸੱਭ ਚੋਰ ਹਨ। ਸੱਭ ਬਗ ਬਗਲੇ ਹਨ।

ਪਉੜੀ; ਉਸ ਮਾਲਕ ਨੇਂ ਆਪ ਹੀ ਦੁਨੀਆਂ ਨੂੰ ਇਸ ਪਾਸੇ (ਧੰਦੇ) ਲਾਇਆ ਹੋਇਆ ਹੈ। (ਪ੍ਰਭੂ ਨੇਂ ਜਿੱਥੇ ਜਿੱਥੇ ਕਿਸੇ ਨੂੰ ਲਾਇਆ ਹੋਇਆ ਹੈ, ਉਸ ਨੂੰ ਉਥੋਂ ਹਟਾਉਣਾਂ ਮੁਸ਼ਕਿਲ ਹੈ ਜਿੱਥੇ ਜਿੱਥੇ ਕੋਈ ਲੱਗਾ ਹੈ, ਉਥੇ ਉਥੇ ਹੀ ਸਾਰੇ ਖੁਸ਼ ਹਨ। ਇੱਕ ਕਹਾਣੀਂ ਹੈ, ਕਹਾਣੀਂ ਹੈ ਤਾਂ ਲੰਬੀ, ਪਰ ਥੋੜੇ ਜਿਹੇ ਲਫਜ਼ਾਂ ਵਿੱਚ ਦੱਸਦਾ ਹਾਂ, ਇੱਕ ਸੂਰ ਵਿਸ਼ਟਾ ਖਾ ਰਿਹਾ ਸੀ, ਉਸ ਨੂੰ ਕਿਸੇ ਨੇਂ ਕਿਹਾ, ਕਿਉਂ ਗੰਦਗੀ ਖਾ ਰਿਹਾ ਹੈਂ, ਆ ਤੈਨੂੰ ਸਵਰਗਾਂ ਨੂੰ ਲੈ ਚੱਲੀਏ, ਤਾਂ ਸੂਰ ਨੇਂ ਕਿਹਾ, ਇਹ ਜੋ ਮੈਂ ਖਾ ਰਿਹਾ ਹਾਂ, ਸਵਰਗਾਂ ਵਿੱਚ ਇਹ ਵੀ ਮਿਲ ਜਾਵੇ ਗਾ, ਤਾਂ ਉੱਤਰ ਮਿਲਿਆ ਨਹੀਂ ਐਸੀ ਗੰਦੀ ਚੀਜ ਸੁਰਗਾਂ ਵਿੱਚ ਨਹੀਂ ਹੁੰਦੀ। ਤਾਂ ਸੂਰ ਨੇਂ ਕਿਹਾ, ਜੇ ਮੇਰੀ ਖੁਰਾਕ ਹੀ ਉਥੇ ਨਹੀਂ, ਤਾਂ ਉਥੇ ਜਾ ਕੇ ਮੈਂ ਸੁਰਗਾਂ ਨੂੰ ਢਾਉਣਾਂ ਹੈ।) ਜਿਨ੍ਹਾਂ ਨੂੰ ਪ੍ਰਭੂ, ਗੁਰੂ ਵਾਲੇ ਪਾਸੇ ਲਾ ਦੇਂਦਾ ਹੈ, ਉਰ ਸੁਖ ਪਾਉਂਦੇ ਹਨ। ਜੀਵ ਦਾ ਇਹ ਮਨ, ਭਰਮਾਂ ਵਿੱਚ ਪਿਆ ਹੋਇਆ ਦਸਾਂ ਦਿਸ਼ਾਵਾਂ ਵਲ ਦੌੜਦਾ ਹੈ। ਜਿਹੜੇ ਗੁਰੂ ਦੀ ਸਰਨ ਵਿੱਚ ਆ ਜਾਂਦੇ ਹਨ, ਉਹਨਾਂ ਦੇ ਮਨ ਦਾ ਦੌੜਨਾਂ ਗੁਰੂ ਰੋਕ ਦੇਂਦਾ ਹੈ। ਸਾਰਾ ਸੰਸਾਰ ਨਾਮ ਨੂੰ ਲੋਚਦਾ ਹੈ, ਚਾਹੁੰਦਾ ਹੈ, ਕਈਆਂ ਨੂੰ ਲੱਭਦਾ ਹੀ ਨਹੀਂ, ਪਰ ਜਿੱਨਾਂ ਦੇ ਘਰ ਵਿੱਚ ਹੁੰਦਾ ਹੈ, ਉਹ ਲਾਜ ਸ਼ਰਮ ਦੇ ਮਾਰੇ ਲੈਦੇ ਨਹੀਂ। ਲਾਜ ਮਰੈ ਜੋ ਨਾਮੁ ਨ ਲੇਵੈ॥ ਨਾਮ ਗੁਰੂ ਦੀ ਮੱਤ ਨਾਲ ਪਾਇਆ ਜਾ ਸੱਕਦਾ ਹੈ। ਇਹ ਸੱਭ ਕੁੱਝ ਧੁਰੋਂ ਹੀ ਹਰੀ ਪ੍ਰਭੂ ਦੇ ਹੁਕਮ ਨਾਲ ਇਸ ਤਰਾਂ ਲਿਖਿਆ ਹੋਇਆ ਹੈ। ਜੋ ਹਰੀ ਨੇਂ ਲਿਖ ਦਿੱਤਾ ਹੈ, ਉਸ ਨੂੰ ਕੋਈ ਮੇਟ ਨਹੀਂ ਸੱਕਦਾ, ਕੋਈ ਬਦਲ ਨਹੀਂ ਸੱਕਦਾ।

ਲਾਜ ਮਰੈ ਜੋ ਨਾਮੁ ਨ ਲੇਵੈ॥ ਨਾਮ ਬਿਹੂਨ ਸੁਖੀ ਕਿਉ ਸੋਵੈ॥ ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈਮੂਲ ਬਿਨਾ ਸਾਖਾ ਕਤ ਆਹੈ॥ ੧॥

ਨਾਮ ਨੂੰ ਛੱਡ ਕੇ, ਨਾਮ ਤੋਂ ਬਿਨਾਂ ਹੀ ਸਾਰੇ ਪਰਮਗਤਿ ਚਾਹੁੰਦੇ ਹਨ, ਨਾਮ ਸਾਰਿਆਂ ਦਾ ਮੁੱਢ ਹੈ, ਮੁੱਢ ਤੋਂ ਬਿਨਾਂ ਟਹਿਣੀਆਂ ਹਰੀਆਂ ਨਹੀਂ ਰਹਿ ਸੱਕਦੀਆਂ।

ਨਾਮੇ ਰਾਤਾ ਪਵਿਤੁ ਸਰੀਰਾ॥ ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ॥ ੧॥ ੧੦੫੨

ਬਿਨੁ ਨਾਵੈ ਸਭ ਦੁਖੁ ਸੰਸਾਰਾ॥ ਬਹੁ ਕਰਮ ਕਮਾਵਹਿ ਵਧਹਿ ਵਿਕਾਰਾ॥ ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ॥ ੭॥ ੧੦੬੨

ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ॥ ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ॥ ੩॥ ੯੮੫

ਮਨਮੁਖਿ ਆਵੈ ਮਨਮੁਖਿ ਜਾਵੈ॥ ਮਨਮੁਖਿ ਫਿਰਿ ਫਿਰਿ ਚੋਟਾ ਖਾਵੈ॥ ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ੧੦੭੩

ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ ੨॥ ੧੦੭੬

ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ੧੦੯੨

ਸਲੋਕ ਮਃ ੧॥ ਦੁਇ ਦੀਵੇ ਚਉਦਹ ਹਟਨਾਲੇ॥ ਜੇਤੇ ਜੀਅ ਤੇਤੇ ਵਣਜਾਰੇ॥ ਖੁਲੑੇ ਹਟ ਹੋਆ ਵਾਪਾਰੁ॥ ਜੋ ਪਹੁਚੈ ਸੋ ਚਲਣਹਾਰੁ॥ ਧਰਮੁ ਦਲਾਲੁ ਪਾਏ ਨੀਸਾਣੁ॥ ਨਾਨਕ ਨਾਮੁ ਲਾਹਾ ਪਰਵਾਣੁ॥ ਘਰਿ ਆਏ ਵਜੀ ਵਾਧਾਈ॥ ਸਚ ਨਾਮ ਕੀ ਮਿਲੀ ਵਡਿਆਈ॥ ੧॥

ਦੋ ਦੀਵੇ ਹਨ (ਚੰਦ ਅਤੇ ਸੂਰਜ) ਜਿਥੌਂ ਤੱਕ ਇਹਨਾਂ ਦੀ ਰੌਸ਼ਨੀਂ ਜਾਂਦੀ ਹੈ ਉਥੋਂ ਤੱਕ, ਅਤੇ ਚੌਦਾਂ ਲੋਕਾਂ ਦੇ ਬਾਜ਼ਾਰ ਵਿਚ, ਜਿਨੇਂ ਵੀ ਜੀਵ ਹਨ, ਸਾਰੇ ਦੇ ਸਾਰੇ ਵਪਾਰੀ ਹਨ। (ਵਪਾਰੀ ਇੱਕ ਤਰਾਂ ਦਾ ਮੁਸਾਫਿਰ ਹੀ ਹੁੰਦਾ ਹੈ।) ਜਗਤ ਦੀ ਰਚਨਾਂ ਹੋਈ, ਸਮਝੋ ਹੱਟ ਖੁੱਲ ਗਏ, ਤੇ ਉਸੇ ਦਿਨ ਤੋਂ ਵਾਪਾਰ ਹੋਣ ਲੱਗਾ ਹੋਇਆ ਹੈ। ਦੁਨੀਆਂ ਦੇ ਸਾਰੇ ਧਰਮ ਦਲਾਲ ਹਨ। ਸਾਰੇ ਧਰਮ ਆਪਣਾਂ ਆਪਣਾਂ “ਪਾਏ ਨੀਸਾਣੁ” ਸੌਦਾ (ਰਾਹ ਦਾ ਖਰਚਾ, ਰਾਹਦਾਰੀ) ਦਿਖਾਉਂਦੇ (ਵੇਚਦੇ) ਹਨ। ਜੋ ਵੀ ਇਥੇ ਆਇਆ, ਸੋ ਵਪਾਰੀ ਹੈ, (ਮਾਲਕ ਨੇਂ ਜੀਵ ਨੂੰ ਸਵਾਸਾਂ ਦਾ ਧਨ ਦੇ, ਕੇ ਦੇਹ ਦੀ ਘੋੜੀ ਤੇ ਚੜ੍ਹਾ ਕੇ, ਵਣਜ ਕਰਨ ਵਾਸਤੇ ਭੇਜਿਆ ਸੀ।) ਜਿਨਾਂ ਨੇਂ ਤਾਂ ਨਾਮ ਦਾ ਵਣਜ ਕੀਤਾ, ਉਹਨਾਂ ਨੇ ਲਾਹਾ (ਲਾਭ) ਖੱਟ ਲਿਆ, ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ॥ ੨੬॥ (ਕਿਉਂ ਕੇ ਪ੍ਰਭੂ ਦੇ ਘਰ ਵਿੱਚ ਸਿਰਫ ਨਾਮ ਦੀ ਕੀਮਤ ਹੈ।) ਘਰ ਗਿਆਂ ਨੂੰ ਵਧਾਈਆਂ ਮਿਲੀਆਂ। ਸਚੇ ਨਾਮ ਦੇ ਵਪਾਰੀਆਂ ਦੀ ਸੋਭਾ ਹੁੰਦੀ ਹੈ, ਵਡਿਆਈਆਂ ਮਿਲਦੀਆਂ ਹਨ

ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ॥ ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ॥ ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ॥ ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ॥ ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ॥ ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ॥ ੪॥

ਅਗਲੀਆਂ ਪੰਗਤੀਆਂ ਬਹੁਤ ਹੀ ਵਿਚਾਰਨ ਵਾਲੀਆਂ ਹਨ।

ਮਃ ੧॥ ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ॥ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ॥ ੨॥

ਰਾਤਾਂ ਕਾਲੀਆਂ ਹੁੰਦੀਆਂ ਹਨ, ਪਰ ਚਿੱਟੀਆਂ ਚੀਜਾਂ ਦੇ ਰੰਗ ਚਿਟੇ ਹੀ ਰਹਿੰਦੇ ਹਨ। ਰਾਤ ਦੇ ਹਨੇਰੇ (ਕਾਲਖ) ਦਾ ਉਹਨਾਂ ਉਤੇ ਕੋਈ ਅਸਰ ਨਹੀਂ ਹੁੰਦਾ। ਦਿਨ ਖੂਬ ਚਿੱਟਾ ਹੁੰਦਾ ਹੈ, ਚਾਰੋਂ ਪਾਰੇ ਬਹੁਤ ਰੌਸ਼ਨੀ ਹੁੰਦੀ ਹੈ, ਪਰ ਕਾਲੀਆਂ ਚੀਜਾਂ ਦੇ ਰੰਗ ਕਾਲੇ ਹੀ ਰਹਿੰਦੇ ਹਨ, ਉਹਨਾਂ ਤੇ ਸੂਰਜ ਦੀ ਤੇਜ ਰੌਸ਼ਨੀ ਦਾ ਕੋਈ ਅਸਰ ਨਹੀਂ ਹੁੰਦਾ। ਗੁਰੂ ਸੂਰਜ ਹੈ, ॥” ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ ੨॥” ਇਸੇ ਤਰਾਂ ਜਿਹੜੇ ਮਨਮੁੱਖ ਹਨ, ਉਹਨਾਂ ਨੂੰ ਸੂਰਜ (ਗੁਰੂ ਦੀ ਸਿੱਖਿਆ) ਦੀ ਰੌਸ਼ਣੀਂ ਵਿੱਚ ਵੀ ਕੁੱਝ ਨਹੀਂ ਦਿੱਸਦਾ। ਉਹ ਅੰਨ੍ਹੇਂ ਹਨ, ਉਹ ਅਕਲ-ਹੀਣੇਂ ਹਨ, ਉਹ ਅਗਿਆਨੀ ਹਨ। ਉਹਨਾਂ ਤੇ ਪ੍ਰਭੂ ਦੀ ਮੇਹਰ ਦੀ ਨਜ਼ਰ ਨਹੀਂ ਹੁੰਦੀ। ਉਹ ਕਦੇ ਵੀ ਇੱਜ਼ਤ ਨਹੀ ਪਾ ਸੱਕਦੇ।

ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ॥ ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ॥ ੮੫੨

ਪਉੜੀ॥ ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ॥ ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ॥ ਇਹੁ ਮਾਨਸ ਜਨਮੁ ਦੁਲμਭੁ ਸਾ ਮਨਮੁਖ ਸੰਤਾਪੇ॥ ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ॥ ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ॥ ੧੩॥

ਕਾਇਆ ਦਾ ਕੋਟ ਪ੍ਰਭੂ ਨੇਂ ਆਪ ਹੀ ਬਨਾਇਆ ਹੈ। ਆਪ ਹੀ ਬਹੁਤੇ ਜੀਵਾਂ ਨੂੰ, ਉਲਟੇ ਪਾਸੇ ਲਾ ਕੇ ਮਾਇਆ ਦੇ ਜਾਲ ਵਿੱਚ ਉਲਝਾ ਕੇ ਰੱਖਿਆ ਹੈ, ਉਹਨਾਂ ਵਿੱਚ ਹੰਕਾਰ ਭਰ ਦਿੱਤਾ। ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਿਆ ਸੀ, ਪਰ ਮਨਮੁਖਾਂ ਦੇ ਵਾਸਤੇ ਇਹ ਸੰਤਾਪ (ਕਲੇਸ) ਬਣ ਗਿਆ। ਉਹਨਾਂ ਵਿਚਾਰਿਆਂ ਨੂੰ ਸਮਝ ਹੀ ਨਹੀਂ ਕੇ ਮਨੁੱਖ ਜਾਮਾਂ ਪਾ ਕੇ ਕੀ ਕਰਨਾਂ ਹੈ। ਜਿਸ ਨੂੰ ਉਹ ਮਾਲਕ ਆਪ ਹੀ ਸੋਝੀ ਦੇਵੇ, ਜਿਸ ਨੁੰ ਸਤਿਗੁਰੂ ਥਾਪ ਦੇਵੇ, ਸਿਰਫ ਉਹੀ ਬੁੱਝ ਸੱਕਦਾ ਹੈ। ਸਾਰਾ ਸੰਸਾਰ ਇੱਕ ਤਮਾਸ਼ਾ ਜਿਹਾ ਬਨਾ ਕੇ, ਪ੍ਰਭੂ ਸਾਰਿਆਂ ਦੇ ਵਿੱਚ ਆਪ ਹੀ ਆਪ, ਬੈਠਾ ਹੋਇਆ ਹੈ।

ਬਲਦੇਵ ਸਿੰਘ, ੨੮-੧੧-੨੦੧੦
.