ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 01)
ਸ਼ਬਦ,
ਸਿਮਰਤ ਨਾਮੁ ਕਿਲਬਿਖ ਸਭਿ ਕਾਟੇ॥ ਧਰਮ ਰਾਇ ਕੇ ਕਾਗਰ ਫਾਟੇ॥
ਸਾਧਸੰਗਤਿ ਮਿਲਿ ਹਰਿ ਰਸੁ ਪਾਇਆ॥ ਪਾਰਬ੍ਰਹਮੁ ਰਿਦ ਮਾਹਿ ਸਮਾਇਆ॥ ੧॥ (੧੩੪੮)
ਰਾਮ ਰਮਤ ਹਰਿ ਹਰਿ ਸੁਖੁ ਪਾਇਆ॥ ਤੇਰੇ ਦਾਸ ਚਰਨ ਸਰਨਾਇਆ॥ ੧॥ ਰਹਾਉ॥
ਚੂਕਾ ਗਉਣੁ ਮਿਟਿਆ ਅੰਧਿਆਰੁ॥ ਗੁਰਿ ਦਿਖਲਾਇਆ ਮੁਕਤਿ ਦੁਆਰੁ॥
ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ॥ ਪ੍ਰਭੂ ਜਨਾਇਆ ਤਬ ਹੀ ਜਾਤਾ॥ ੨॥
ਘਟਿ ਘਟਿ ਅੰਤਰਿ ਰਵਿਆ ਸੋਇ॥ ਤਿਸੁ ਬਿਨੁ ਬੀਜੋ ਨਾਹੀ ਕੋਇ॥
ਬੈਰ ਬਿਰੋਧ ਛੇਦੇ ਭੈ ਭਰਮਾਂ॥ ਪ੍ਰਭਿ ਪੁੰਨਿ ਅਤਮੈ ਮੀਨੇ ਧਰਮਾ॥ ੩॥
ਮਹਾ ਤਰੰਗ ਤੇ ਕਾਂਢੈ ਲਾਗਾ॥ ਜਨਮ ਜਨਮ ਕਾ ਟੂਟਾ ਗਾਂਢਾ॥
ਜਪੁ ਤਪੁ ਸੰਜਮੁ ਨਾਮੁ ਸਮਾੑਲਿਆ॥ ਅਪੁਨੈ ਠਾਕੁਰਿ ਨਦਰਿ ਨਿਹਾਲਿਆ॥ ੪॥
ਮੰਗਲ ਸੂਖ ਕਲਿਆਣ ਤਿਥਾਈਂ॥ ਜਹ ਸੇਵਕ ਗੋਪਾਲ ਗੁਸਾਈ॥
ਪ੍ਰਭ ਸੁਪ੍ਰਸੰਨ ਭਏ ਗੋਪਾਲ॥ ਜਨਮ ਜਨਮ ਕੇ ਮਿਟੇ ਬਿਤਾਲ॥ ੫॥
ਹੋਮ ਜਗ ਉਰਧ ਤਪ ਪੂਜਾ॥ ਕੋਟ ਤੀਰਥ ਇਸਨਾਨੁ ਕਰੀਜਾ॥
ਚਰਨ ਕਮਲ ਨਿਮਖ ਰਿਦੈ ਧਾਰੇ॥ ਗੋਬਿੰਦ ਜਪਤ ਸਭਿ ਕਾਰਜ ਸਾਰੇ॥ ੬॥
ਊਚੇ ਤੇ ਊਚਾ ਪ੍ਰਭ ਥਾਨੁ॥ ਹਰਿ ਜਨ ਲਾਵਹਿ ਸਹਜਿ ਧਿਆਨੁ॥
ਦਾਸ ਦਾਸਨ ਕੀ ਬਾਂਛਉ ਧੂਰਿ॥ ਸਰਬ ਕਲਾ ਪ੍ਰੀਤਮ ਭਰਪੂਰਿ॥ ੭॥
ਮਾਤ ਪਿਤਾ ਹਰਿ ਪ੍ਰੀਤਮੁ ਨੇਰਾ॥ ਮੀਤ ਸਾਜਨ ਭਰਵਾਸਾ ਤੇਰਾ॥
ਕਰੁ ਗਹਿ ਲੀਨੇ ਅਪੁਨੇ ਦਾਸ॥ ਜਪਿ ਜੀਵੈ ਨਾਨਕੁ ਗੁਣਤਾਸ॥ ੮॥ ੩॥ (੧੩੪੯)
॥ ਰਹਾਉ॥ ਰਾਮ ਰਮਤ ਹਰਿ ਹਰਿ ਸੁਖੁ ਪਾਇਆ॥ ਤੇਰੇ ਦਾਸ ਚਰਨ ਸਰਨਾਇਆ॥ ੧॥ ਰਹਾਉ॥
ਹੇ ਪ੍ਰਭੂ, ਜਿਹੜਾ ਮਨੁੱਖ ਤੇਰੇ ਦਾਸਾਂ, ਤੇਰੇ ਭਗਤਾਂ ਦੇ ਚਰਨਾਂ ਦੀ ਸਰਨ ਵਿੱਚ ਆ ਗਿਆ, ਉਸ ਨੇ
ਸਦਾ ਤੇਰਾ ਨਾਮ ਸਿਮਰਦਿਆਂ ਅਤਮਕ ਆਨੰਦ ਮਾਣਿਆ। ਜਿਹੜਾ ਮਨੁੱਖ ਸਤਸੰਗਤ ਵਿਚ, ਸਤਸੰਗੀਆਂ ਦੀ ਸਿਖਿਆ
ਅਨੁਸਾਰ, ਤੇਰੇ ਹੁਕਮ ਵਿੱਚ ਚੱਲਣ ਦੀ ਸੋਝੀ ਹਾਸਲ ਕਰ ਲੈਂਦਾ ਹੈ, ਉਸ ਨੇ ਹਮੇਸ਼ਾ, ਸਦੀਵੀ ਸੁਖ
ਮਾਣਿਆ ਹੈ।
॥ ੧॥ ਸਿਮਰਤ ਨਾਮੁ ਕਿਲਬਿਖ ਸਭਿ ਕਾਟੇ॥ ਧਰਮ ਰਾਇ ਕੇ ਕਾਗਰ ਫਾਟੇ॥
ਸਾਧਸੰਗਤਿ ਮਿਲਿ ਹਰਿ ਰਸੁ ਪਾਇਆ॥ ਪਾਰਬ੍ਰਹਮੁ ਰਿਦ ਮਾਹਿ ਸਮਾਇਆ॥ ੧॥ (੧੩੪੮)
ਹੇ ਭਾਈ, ਜਿਸ ਬੰਦੇ ਨੂੰ ਸਤਸੰਗਤ ਵਿੱਚ ਜੁੜ ਕੇ ਹਰੀ ਦੇ ਹੁਕਮ ਵਿੱਚ ਚੱਲਣ ਦਾ ਰਸ, ਆਨੰਦ ਆਉਣ ਲਗ
ਪੈਂਦਾ ਹੈ, ਉਸ ਦੇ ਹਿਰਦੇ ਵਿੱਚ ਪਾਰਬ੍ਰਹਮ ਦਾ ਵਾਸਾ ਹੋ ਜਾਂਦਾ ਹੈ। ਇਸ ਤਰ੍ਹਾਂ ਸਤਸੰਗਤ ਵਿੱਚ
ਜੁੜ ਕੇ, ਪਰਮਾਤਮਾ ਦੇ ਹੁਕਮ ਵਿੱਚ ਚਲਦਿਆਂ, ਉਨ੍ਹਾਂ ਦੀ ਰੁਚੀ ਬੁਰੇ ਕੰਮਾਂ ਵਲੋਂ ਹਟ ਜਾਂਦੀ ਹੈ,
ਉਨ੍ਹਾਂ ਦੇ ਸਾਰੇ ਲੇਖੇ-ਜੋਖੇ, ਹਿਸਾਬ-ਕਿਤਾਬ ਖਤਮ ਹੋ ਜਾਂਦੇ ਹਨ।
(ਜੋ ਸਤਸੰਗਤ ਵਿੱਚ ਨਹੀਂ ਜੁੜਦੇ, ਉਨ੍ਹਾਂ ਦਾ ਕੀ ਹੁੰਦਾ ਹੈ?)
॥ ੨॥ ਚੂਕਾ ਗਉਣੁ ਮਿਟਿਆ ਅੰਧਿਆਰੁ॥ ਗੁਰਿ ਦਿਖਲਾਇਆ ਮੁਕਤਿ ਦੁਆਰੁ॥
ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ॥ ਪ੍ਰਭੂ ਜਨਾਇਆ ਤਬ ਹੀ ਜਾਤਾ॥ ੨॥
ਹੇ ਭਾਈ ਜਿਸ ਬੰਦੇ ਨੂੰ ਗੁਰ ਨੇ, ਸ਼ਬਦ ਗੁਰੂ ਨੇ ਮੁਕਤੀ ਦਾ ਦਵਾਰਾ ਵਿਖਾ ਦਿੱਤਾ, ਪ੍ਰਭੂ ਦੇ ਹੁਕਮ
ਵਿੱਚ ਚਲਦਿਆਂ, ਮਾਇਆ ਮੋਹ ਤੋਂ ਬਚੇ ਰਹਣ ਦਾ ਢੰਗ ਦੱਸ ਦਿੱਤਾ, ਉਸ ਦੇ ਅੰਦਰੋਂ ਅਗਿਆਨਤਾ ਦਾ
ਹਨੇਰਾ ਖਤਮ ਹੋ ਗਿਆ, ਉਸ ਦਾ ਮਨ ਅਤੇ ਤਨ ਪ੍ਰਭੂ ਭਗਤੀ ਦੇ ਰੰਗ ਵਿੱਚ ਹਮੇਸ਼ਾ ਰੰਗਿਆ ਰਹਿੰਦਾ ਹੈ,
ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ, ਉਸ ਦੇ ਆਵਾ ਗਵਣ ਦਾ ਚੱਕਰ ਖਤਮ ਹੋ ਗਿਆ। ਪਰ ਇਹ
ਸਭ ਕੁੱਝ ਤਦ ਹੀ ਹੁੰਦਾ ਹੈ, ਜਦ ਪਰਮਾਤਮਾ, ਇਸ ਲਈ ਲੋੜੀਂਦੀ ਸੋਝੀ ਦੀ ਬਖਸ਼ਿਸ਼ ਆਪ ਹੀ ਕਰਦਾ ਹੈ।
॥ ੩॥ ਘਟਿ ਘਟਿ ਅੰਤਰਿ ਰਵਿਆ ਸੋਇ॥ ਤਿਸੁ ਬਿਨੁ ਬੀਜੋ ਨਾਹੀ ਕੋਇ॥
ਬੈਰ ਬਿਰੋਧ ਛੇਦੇ ਭੈ ਭਰਮਾਂ॥ ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ॥ ੩॥
ਹੇ ਭਾਈ, ਜਦ ਪਰਮਾਤਮਾ ਨੇ ਆਪ ਮਿਹਰ ਕਰ ਕੇ, ਆਤਮਤਾ ਨੂੰ ਪਵਿਤਰ ਰਸਤੇ ਬਾਰੇ, ਸਚੇ ਧਰਮ ਬਾਰੇ
ਸੋਝੀ ਦਿੱਤੀ, ਤਾਂ ਹੀ ਆਤਮਾ ਦੀ ਸਮਝ ਆਇਆ ਕਿ ਹਰੇਕ ਸਰੀਰ ਵਿਚ, ਉਹ ਪਰਮਾਤਮਾ ਆਪ ਹੀ ਮੌਜੂਦ ਹੈ,
ਉਸ ਤੋਂ ਅਲੱਗ, ਦੂਸਰੀ ਕੋਈ ਵੀਜ਼, ਸੰਸਾਰ ਵਿੱਚ ਹੈ ਹੀ ਨਹੀਂ। ਇਹ ਸੋਝੀ ਆਉਣ ਦੇ ਨਾਲ ਹੀ ਉਸ ਦੇ,
ਦੂਸਰੇ ਪ੍ਰਾਣੀਆਂ ਪ੍ਰਤੀ ਸਾਰੇ ਵੈਰ-ਵਿਰੋਧ ਖਤਮ ਹੋ ਜਾਂਦੇ ਹਨ, ਦੂਸਰਿਆਂ ਵਲੋਂ ਸਾਰੇ ਡਰ ਅਤੇ
ਵਹਿਮ-ਭਰਮ ਖਤਮ ਹੋ ਜਾਂਦੇ ਹਨ।
॥ ੪॥ ਮਹਾ ਤਰੰਗ ਤੇ ਕਾਂਢੈ ਲਾਗਾ॥ ਜਨਮ ਜਨਮ ਕਾ ਟੂਟਾ ਗਾਂਢਾ॥
ਜਪੁ ਤਪੁ ਸੰਜਮੁ ਨਾਮੁ ਸਮਾੑਲਿਆ॥ ਅਪੁਨੈ ਠਾਕੁਰਿ ਨਦਰਿ ਨਿਹਾਲਿਆ॥ ੪॥
ਹੇ ਭਾਈ, ਜਿਸ ਮਨੁੱਖ ਤੇ ਪਰਮਾਤਮਾ ਨੇ ਆਪਣੀ ਬਖਸ਼ਿਸ ਦੀ ਨਿਗਾਹ ਪਾਈ, ਉਸ ਮਨੁੱਖ ਨੇ ਪ੍ਰਭੂ ਦਾ
ਨਾਮ ਸਮ੍ਹਾਲਿਆ, ਉਹ ਪ੍ਰਭੂ ਦੀ ਰਜ਼ਾ ਵਿੱਚ ਚਲਿਆ। ਇਹ ਪ੍ਰਭੂ ਦੀ ਰਜ਼ਾ, ਪ੍ਰਭੂ ਦੇ ਹੁਕਮ ਵਿੱਚ
ਚਲਣਾ ਹੀ ਉਸ ਲਈ, ਜਪ, ਤਪ, ਸੰਜਮ ਕਮਾਉਣਾ ਬਣ ਜਾਂਦਾ ਹੈ। ਫਿਰ ਉਹ ਮਾਇਆ ਮੋਹ ਦੀਆਂ ਬਹੁਤ ਵੱਡੀਆਂ
ਛੱਲਾਂ ਤੋਂ ਬਚ ਕੇ ਕੰਢੇ ਲਗ ਜਾਂਦਾ ਹੈ, ਉਹ ਕਰਤਾਰ ਨਾਲ ਇਕ-ਮਿਕ ਹੋ ਜਾਂਦਾ ਹੈ।
॥ ੫॥ ਮੰਗਲ ਸੂਖ ਕਲਿਆਣ ਤਿਥਾਈਂ॥ ਜਹ ਸੇਵਕ ਗੋਪਾਲ ਗੁਸਾਈ॥
ਪ੍ਰਭ ਸੁਪ੍ਰਸੰਨ ਭਏ ਗੋਪਾਲ॥ ਜਨਮ ਜਨਮ ਕੇ ਮਿਟੇ ਬਿਤਾਲ॥ ੫॥
ਹੇ ਭਾਈ, ਜਿੱਥੇ ਗਪੋਾਲ, ਗੁਸਾਈਂ, ਮਾਲਕ ਅਕਾਲ ਪੁਰਖ ਦੇ ਸੇਵਕ ਰਹਿੰਦੇ ਹਨ, ਅਰਥਾਤ ਭਗਤ ਲੋਕ
ਜਿੱਥੇ ਸਤਸੰਗਤ ਵਿੱਚ ਜੁੜ ਕੇ, ਪਰਭੂ ਦੇ ਨਾਮ, ਹੁਕਮ ਦੀ ਵਿਚਾਰ ਕਰਦੇ ਹਨ, ਉਸ ਥਾਂ ਹੀ ਸਾਰੀਆਂ
ਖੁਸ਼ੀਆਂ, ਸਾਰੇ ਸੁਖ, ਸਾਰੇ ਆਨੰਦ ਹੁੰਦੇ ਹਨ। ਅਜਿਹੇ ਬੰਦਿਆਂ ਤੇ ਹੀ ਗੋਪਾਲ, ਪ੍ਰਭੂ ਬਹੁਤ ਦਿਆਲ
ਹੁੰਦਾ ਹੈ। ਉਨ੍ਹਾਂ ਦੇ ਜਨਮ-ਜਨਮ ਦੇ ਬਿਨਾ ਤਾਲ ਦੇ ਕੀਤੇ ਕੰਮ, ਪਰਭੂ ਨਾਲ ਇੱਕ ਸੁਰ ਹੋਏ ਬਗੈਰ
ਕੀਤੇ ਕਰਮਾਂ ਦਾ ਲੇਖਾ ਜੋਖਾ, ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈ।
॥ ੬॥ ਹੋਮ ਜਗ ਉਰਧ ਤਪ ਪੂਜਾ॥ ਕੋਟ ਤੀਰਥ ਇਸਨਾਨੁ ਕਰੀਜਾ॥
ਚਰਨ ਕਮਲ ਨਿਮਖ ਰਿਦੈ ਧਾਰੇ॥ ਗੋਬਿੰਦ ਜਪਤ ਸਭਿ ਕਾਰਜ ਸਾਰੇ॥ ੬॥
ਹੇ ਭਾਈ, ਜਿਸ ਮਨੁੱਖ ਨੇ ਸਤਸੰਗਤ ਵਿੱਚ ਜੁੜ ਕੇ ਇੱਕ ਪਲ ਲਈ, ਹਰੀ ਦੇ ਚਰਨ, ਹਰੀ ਦਾ ਹੁਕਮ ਆਪਣੇ
ਹਿਰਦੇ ਵਿੱਚ ਧਾਰ ਲਿਆ, ਉਹ ਹਮੇਸ਼ਾ ਪ੍ਰਭੂ ਦਾ ਨਾਮ ਜਪਦਿਆਂ, ਪਰਭੂ ਦੇ ਹੁਕਮ ਵਿੱਚ ਚਲਦਿਆਂ, ਆਪਣੇ
ਸਾਰੇ ਕੰਮ ਸਵਾਰ ਲੈਂਦਾ ਹੈ।
(ਏਥੇ ਇਹ ਵਿਚਾਰਨ ਵਾਲੀ ਗੱਲ ਹੈ ਕਿ ਇੱਕ ਪਲ ਹਰੀ ਦਾ ਹੁਕਮ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਕੀ
ਚੀਜ਼ ਹੈ? ਜੋ ਬੰਦਾ ਰੋਜ਼ ਗੁਰਦਵਾਰੇ ਜਾਂਦਾ ਹੈ, ਗੁਰ ਸ਼ਬਦ ਦੀ ਸਿਖਿਆ ਵੀ ਸੁਣਦਾ ਹੈ, ਆਪਣੇ ਕੀਤੇ
ਬੁਰੇ ਕਰਮਾਂ ਲਈ ਮੁਆਫੀ ਵੀ ਮੰਗਦਾ ਹੈ, ਮੁੜ-ਮੁੜ ਇਹੀ ਕਰਮ ਕਰਦਾ ਰਹਿੰਦਾ ਹੈ, ਸਮਝੋ ਉਸ ਨੇ ਸ਼ਬਦ
ਗੁਰੂ ਦੀ ਸਿਖਿਆ ਮਨ ਕਰ ਕੇ ਨਹੀਂ ਸੁਣੀ, ਉਸ ਨੇ ਇੱਕ ਕਦਮ ਵੀ ਮੰਜ਼ਿਲ ਵੱਲ ਨਹੀਂ ਵਧਾਇਆ। ਜਿਸ
ਬੰਦੇ ਨੇ ਗੁਰੂ ਦੀ ਸਿਖਿਆ ਮਨ ਕਰ ਕੇ ਸੁਣੀ, ਉਸ ਨੂੰ ਮਨ ਵਿੱਚ ਵਸਾਇਆ, ਉਸ ਦਾ ਇਸ ਸਿਖਿਆ ਅਨੁਸਾਰ
ਜੀਵਨ ਢਾਲਣ ਦਾ ਪਹਿਲਾ ਉਪਰਾਲਾ ਇਵੇਂ ਹੈ, ਜਿਵੇਂ ਹਜ਼ਾਰਾਂ ਮੀਲਾਂ ਦਾ ਲੰਮਾ ਪੈਂਡਾ, ਇੱਕ ਕਦਮ ਨਾਲ
ਸ਼ੁਰੂ ਹੁੰਦਾ ਹੈ, ਅਤੇ ਬੰਦਾ ਚਲਦਾ-ਚਲਦਾ ਆਪਣੀ ਮੰਜ਼ਿਲ ਤਕ ਪਹੁੰਚ ਜਾਂਦਾ ਹੈ। ਜੇ ਬੰਦਾ ਉਹ ਪਹਿਲਾ
ਕਦਮ ਹੀ ਨਾ ਪੁੱਟੇ, ਜਾਂ ਇੱਕ ਕਦਮ ਪੁੱਟ ਕੇ ਹੀ ਰੁਕ ਜਾਵੇ ਤਾਂ ਉਹ ਕਦੀ ਵੀ ਆਪਣੀ ਮੰਜ਼ਿਲ ਤੇ
ਨਹੀਂ ਪਹੁੰਚ ਸਕਦਾ। ਇਵੇਂ ਹੀ ਜੇ ਬੰਦਾ ਇੱਕ ਪਲ ਲਈ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਪ੍ਰਭੂ ਦੇ
ਹੁਕਮ ਦੀ ਪਾਲਣਾ ਕਰਦਾ ਹੈ, ਤਾਂ ਇਹ ਇੱਕ ਪਲ ਉਸ ਦੀ ਆਤਮਕ ਜ਼ਿੰਦਗੀ ਦਾ ਨੀਂਹ ਪੱਥਰ ਹੋ ਜਾਂਦਾ ਹੈ,
ਜਿਸ ਤੇ ਉਹ ਆਪਣੇ ਆਤਮਕ ਜੀਵਨ ਦੀ ਉਸਾਰੀ ਕਰਦਾ ਹੈ। ਇਹ ਇੱਕ ਪਲ, ਇੱਕ ਪਲ ਨਾ ਰਹਿ ਕੇ, ਪੂਰੀ
ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ।)
ਇਸ ਤਰ੍ਹਾਂ ਮਾਨੋ ਉਸ ਨੇ, ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ, ਹੋਮ ਯੱਗ ਕਰ ਲਏ, ਸਰੀਰ ਨੂੰ
ਕਸ਼ਟ ਦੇਣ ਵਾਲੇ ਤਪ ਕਰ ਲਏ, ਦੇਵਤਿਆਂ ਦੀ ਪੂਜਾ ਕਰ ਲਈ।
॥ ੭॥ ਊਚੇ ਤੇ ਊਚਾ ਪ੍ਰਭ ਥਾਨੁ॥ ਹਰਿ ਜਨ ਲਾਵਹਿ ਸਹਜਿ ਧਿਆਨੁ॥
ਦਾਸ ਦਾਸਨ ਕੀ ਬਾਂਛਉ ਧੂਰਿ॥ ਸਰਬ ਕਲਾ ਪ੍ਰੀਤਮ ਭਰਪੂਰਿ॥ ੭॥
ਹੇ ਭਾਈ, ਸਾਧਸੰਗਤ ਵਿੱਚ ਜੁੜਿਆਂ, ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੇ ਟਿਕਾਣੇ ਤੱਕ, ਬਹੁਤ ਹੀ
ਉਚੇ ਅਤਮਕ ਜੀਵਨ ਆਸਰੇ ਪਹੁੰਵਿਆ ਜਾਸਕਦਾ ਹੈ। ਪ੍ਰਭੂ ਦੇ ਭਗਤ ਆਤਮਕ ਅਡੋਲਤਾ ਵਿੱਚ ਸੁਰਤ ਜੋੜੀ
ਰਖਦੇ ਹਨ।
ਹੇ ਭਾਈ, ਜਿਹੜਾ ਪ੍ਰਭੂ ਪ੍ਰੀਤਮ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਭ ਥਾਈਂ ਮੌਜੂਦ ਹੈ, ਮੈਂ ਉਸ
ਦੇ ਦਾਸਾਂ ਦੇ ਦਾਸਾਂ ਦੀ ਚਰਨ ਧੂੜ, ਉਨ੍ਹਾਂ ਦੀ ਸੰਗਤ ਲੋਚਦਾ ਹਾਂ।
॥ ੮॥ ਮਾਤ ਪਿਤਾ ਹਰਿ ਪ੍ਰੀਤਮੁ ਨੇਰਾ॥ ਮੀਤ ਸਾਜਨ ਭਰਵਾਸਾ ਤੇਰਾ॥
ਕਰੁ ਗਹਿ ਲੀਨੇ ਅਪੁਨੇ ਦਾਸ॥ ਜਪਿ ਜੀਵੈ ਨਾਨਕੁ ਗੁਣਤਾਸ॥ ੮॥ ੩॥ (੧੩੪੯)
ਹੇ ਪ੍ਰਭੂ, ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਤਾ ਹੈਂ, ਤੂੰ ਹੀ ਮੇਰਾ ਪਿਆਰਾ ਪ੍ਰੀਤਮ
ਹੈਂ। ਤੂੰ ਹੀ ਮੇਰੇ ਨੇੜੇ ਤੋਂ ਮਨੇੜੇ ਹੈਂ, ਹਰ ਵੇਲੇ ਮੇਰੇ ਨਾਲ ਰਹਿੰਦਾ ਹੈਂ। ਹੇ ਪਰਾਮਾਤਮਾ,
ਤੂੰ ਹੀ ਮੇਰਾ ਦੋਸਤ-ਮਿਤ੍ਰ ਹੈਂ, ਮੇਰਾ ਸੱਜਣ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ। ਹੇ ਪ੍ਰਭੂ,
ਆਪਣੇ ਦਾਸਾਂ ਨੂੰ ਹੱਥ ਫੜ ਕੇ, ਸਹਾਰਾ ਦੇ ਕੇ, ਤੂੰ ਆਪਣੇ ਬਣਾ ਲੈਂਦਾ ਹੈਂ। ਹੇ ਗੁਣਾਂ ਦੇ ਖਜ਼ਾਨੇ
ਪ੍ਰਭੂ, ਤੇਰਾ ਨਾਮ ਜਪ ਕੇ, ਤੇਰੇ ਹੁਕਮ ਵਿੱਚ ਚਲ ਕੇ ਨਾਨਕ ਵੀ ਆਤਮਕ ਜੀਵਨ ਹਾਸਲ ਕਰ ਰਿਹਾ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੭੫੬੨ ੬੪੬੨੧