.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 23)

ਲੜੀ ਦਾ ਸਾਰ


ਹਾਲਾਂਕਿ ਕੁੱਝ ਕਾਰਨਾਂ ਕਰ ਕੇ ਆਪਾਂ ਪੂਰੀ ਲੜੀ, “ਸਿੱਖ ਮਾਰਗ” ਤੇ ਨਹੀਂ ਵਿਚਾਰ ਸਕੇ, ਪਰ ਇਸ ਪੰਜ ਮਹੀਨੇ ਤੋਂ ਵੱਧ ਦੇ ਸਮੇ ਵਿਚ, ਬਹੁਤ ਸਾਰੇ ਸ਼ਬਦਾਂ ਦੇ ਵਿਚਾਰ ਆਸਰੇ ਇਹ ਵੇਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ, ਗੁਰੂ ਲਫਜ਼ ਨੂੰ ਕਿਨ੍ਹਾਂ ਰੂਪਾਂ ਵਿੱਚ ਵਰਤਿਆ ਗਿਆ ਹੈ। ਅਤੇ ਉਹ ਵੱਖ-ਵੱਖ ਰੂਪ, ਗੁਰੂ ਦੇ ਕਿਸ ਸੰਧਰਭ ਨਾਲ ਸਬੰਧਿਤ ਹਨ।
ਆਪਾਂ ਵੇਖਿਆ ਹੈ ਕਿ ਗੁਰੂ ਦਾ “ਗੁਰੁ” ਰੂਪ, ਪਰਮਾਤਮਾ ਲਈ ਵਰਤਿਆ ਗਿਆ ਹੈ, ਜੋ ਬਿਨਾ ਸ਼ੱਕ, ਇਸ ਪੂਰੇ ਬ੍ਰਹਮੰਡ ਦਾ ਗੁਰੂ ਹੈ। ਬ੍ਰਹਮੰਡ ਵਿਚਲੀ ਹਰ ਚੀਜ਼ (ਭਾਵੇਂ ਅਸੀਂ ਆਪਣੀ ਅਗਿਆਨਤਾ ਵੱਸ, ਉਨ੍ਹਾਂ ਚੀਜ਼ਾਂ ਨੂੰ ਜਿਉਂਦੀਆਂ ਜਾਂ ਨਿਰਜੀਵ ਕਹਿ ਰਹੇ ਹਾਂ, ਪਰ ਅਸਲੀਅਤ ਵਿੱਚ ਇਨ੍ਹਾਂ ਵਿੱਚ ਕੁੱਝ ਵੀ ਨਿਰਜੀਵ ਨਹੀਂ ਹੈ। ਨਿਰਜੀਵ ਚੀਜ਼ਾਂ ਆਪਣਾ ਰੂਪ, ਆਪਣਾ ਆਕਾਰ ਨਹੀਂ ਬਦਲ ਸਕਦੀਆਂ, ਨਾ ਹੀ ਉਨ੍ਹਾਂ ਵਿਚੋਂ ਜਿਉਂਦੀਆਂ ਚੀਜ਼ਾਂ ਪੈਦਾ ਹੋ ਸਕਦੀਆਂ ਹਨ। ਜਦ ਕਿ ਦੁਨੀਆਂ ਦੀ ਹਰ ਚੀਜ਼, ਨਾ ਸਿਰਫ ਆਪਣਾ ਰੂਪ-ਰੰਗ ਹੀ ਬਦਲ ਰਹੀ ਹੈ, ਬਲਕਿ ਹਰ ਵੇਲੇ ਗਤੀ-ਸ਼ੀਲ ਵੀ ਹੈ, ਉਸ ਵਿਚੋਂ ਹੋਰ ਚੀਜ਼ਾਂ ਵੀ ਪੈਦਾ ਹੁੰਦੀਆਂ ਰਹਿੰਦੀਆਂ ਹਨ।) ਵਿੱਚ ਉਹ ਪੂਰਨ ਤੌਰ ਤੇ ਮੌਜੂਦ ਹੈ।
ਕਰਤਾਰ, ਹਰ ਜੀਵ ਨੂੰ, ਉਸ ਦੀ ਜ਼ਿੰਦਗੀ ਲਈ ਲੋੜੀਂਦੀ, ਹਰ ਚੀਜ਼ ਬਾਰੇ ਸੋਝੀ ਦਿੰਦਾ ਰਹਿੰਦਾ ਹੈ। ਜਿਵੇਂ ਇੱਕ ਹਿਰਨੀ ਦੇ ਜੰਮਦੇ ਬੱਚੇ ਨੂੰ ਸੋਝੀ ਦਿੰਦਾ ਹੈ ਕਿ, ਫੋਰਨ ਉੱਠ ਕੇ ਖੜਾ ਹੋ, ਤੇਰੀ ਜ਼ਿੰਦਗੀ ਏਸੇ ਵਿੱਚ ਹੀ ਹੈ। ਉਸ ਨੂੰ ਮਾਂ ਦੇ ਥਣਾਂ ਬਾਰੇ ਵੀ ਸੋਝੀ ਦਿੰਦਾ ਹੈ, ਕਿ ਇਨ੍ਹਾਂ ਵਿੱਚ ਤੇਰੀ ਲੋੜੀਂਦੀ ਖੁਰਾਕ ਹੈ, ਤੂੰ ਇਨ੍ਹਾਂ ਨੂੰ ਚੁੰਘ, ਇਨ੍ਹਾਂ ਵਿਚਲਾ ਦੁੱਧ ਹੀ ਤੇਰਾ ਭੋਜਨ ਹੈ। ਜਵਾਨ ਹੋਣ ਤੇ ਉਹੀ ਇਹ ਸੋਝੀ ਦਿੰਦਾ ਹੈ ਕਿ ਇਹ ਤੇਰਾ ਜੀਵਨ ਸਾਥੀ ਹੈ, ਆਪਣੀ ਪਰਜਾਤੀ ਨੂੰ ਚਲਦਾ ਰੱਖਣ ਦਾ ਇਹ ਢੰਗ ਹੈ।
ਏਵੇਂ ਹੀ ਦਰਿਆਵਾਂ ਦੇ, ਸਮੁੰਦਰ ਦੇ ਕੰਢਿਆਂ ਤੇ ਕੱਛੂਆਂ ਆਦਿ ਦੇ ਦਿੱਤੇ ਆਂਡਿਆਂ ਵਿਚੋਂ ਨਿਕਲਦੇ ਬੱਚਿਆਂ ਨੂੰ ਸੋਝੀ ਦਿੰਦਾ ਹੈ ਕਿ, ਛੇਤੀ ਤੋਂ ਛੇਤੀ, ਪਾਣੀ ਵਲ ਦੌੜ, ਇਸ ਵਿੱਚ ਹੀ ਤੇਰਾ ਜੀਵਨ ਹੈ। ਕੋਈ ਵੀ ਬੱਚਾ ਭੁੱਲ ਵੱਸ ਵੀ, ਪਾਣੀ ਤੋਂ ਦੂਸਰੇ ਪਾਸੇ ਵਲ ਜਾਂਦਾ ਨਹੀਂ ਵੇਖਿਆ ਜਾ ਸਕਦਾ। ਏਵੇਂ ਹੀ ਪੰਛੀਆਂ ਨੂੰ, ਆਪਣੇ ਛੋਟੇ ਬੱਚਿਆਂ ਲਈ ਦਾਣਾ ਲਿਆ ਕੇ ਖਵਾਉਣ ਦਾ ਵਿਧੀ-ਵਿਧਾਨ ਵੀ ਬਣਾਇਆ ਹੈ ਅਤੇ ਉਨ੍ਹਾਂ ਨੂੰ ਸੋਝੀ ਵੀ ਦਿੰਦਾ ਹੈ। ਬੰਦੇ ਦੇ ਅੰਦਰ ਬੈਠਾ ਵੀ ਸਮਝਾਉਂਦਾ ਹੈ ਕਿ ਇਹ ਬੁਰਾ ਕੰਮ ਹੈ, ਨਾ ਕਰ। ਇਹ ਚੰਗਾ ਕੰਮ ਹੈ, ਇਸ ਨੂੰ ਕਰ। ਗਰਜ਼ ਕਿ ਦੁਨੀਆਂ ਦੀ ਹਰ ਚੀਜ਼ ਦੇ ਵਿੱਚ ਬੈਠਾ, ਉਸ ਨੂੰ ਸਹੀ ਢੰਗ ਨਾਲ ਚਲਾ ਰਿਹਾ ਹੈ।
ਵੈਸੇ ਤਾਂ ਇਹ ਗੁਰੂ ਦਾ ਪੂਰਨ ਸਰੂਪ ਹੈ, ਪਰ ਸ੍ਰਿਸ਼ਟੀ ਰਚਨਾ, ਜੋ ਇੱਕ ਖੇਡ ਵਾਙ ਹੀ ਰਚੀ ਗਈ ਹੈ, ਉਸ ਦਾ ਦੂਸਰਾ ਪਹਿਲੂ ਵੀ ਹੈ। ਬ੍ਰਹਮੰਡ ਦੀ ਹਰ ਚੀਜ਼, ਮਾਇਆ ਦੇ ਪ੍ਰਭਾਵ ਅਧੀਨ ਚਲ ਰਹੀ ਹੈ। ਹਰ ਚੀਜ਼, ਪਰਮਾਤਮਾ ਦੇ ਨਿਯਮਾਂ ਅਨੁਸਾਰ ਆਪਣਾ ਕੰਮ ਕਰਦੀ, ਸਮੇ ਨਾਲ ਜੁੜਦੀ ਅਤੇ ਵਿਖਰਦੀ ਰਹਿੰਦੀ ਹੈ। ਇਸ ਨਿਯਮ ਨੂੰ ਹੀ ਗੁਰਬਾਣੀ ਵਿੱਚ ਸੰਜੋਗ-ਵਿਜੋਗ ਕਿਹਾ ਗਿਆ ਹੈ। ਬੰਦੇ ਨੂੰ ਛੱਡ ਕੇ ਦੁਨੀਆਂ ਦੀ ਹਰ ਚੀਜ਼, ਕੁਦਰਤੀ ਤੌਰ ਤੇ, ਪਰਮਾਤਮਾ ਦੀ ਰਜ਼ਾ ਵਿੱਚ ਹੀ ਆਪਣਾ ਜੀਵਨ ਸਫਰ ਪੂਰਾ ਕਰਦੀ ਰਹਿੰਦੀ ਹੈ।
ਪਰ ਇਸ ਖੇਡ ਵਿਚ, ਬੰਦੇ ਦਾ ਰੋਲ ਕੁੱਝ ਵੱਖਰਾ ਹੈ। ਪਰਮਾਤਮਾ ਨੇ ਜੀਵ ਨੂੰ, ਬੰਦੇ ਦੀ ਜੂਨ ਦਾ ਹੀ ਇੱਕ ਅਜਿਹਾ ਮੌਕਾ ਦਿੱਤਾ ਹੈ, ਜਿਸ ਵਿੱਚ ਉਹ ਆਪਣੀ ਅਕਲ ਵਰਤ ਕੇ, ਆਪਣਾ ਭਲਾ-ਬੁਰਾ ਸੋਚ ਕੈ, ਅਪਣੇ ਜੀਵਨ ਬਾਰੇ ਫੈਸਲਾ ਕਰ ਸਕਦਾ ਹੈ। ਉਸ ਦੇ ਸਾਮ੍ਹਣੇ ਦੋ ਚੀਜ਼ਾਂ ਹੁੰਦੀਆਂ ਹਨ, ਇੱਕ ਮਾਇਆ, ਜਿਸ ਦੀ ਚਮਕ-ਦਮਕ ਹਰ ਵੇਲੇ ਉਸ ਨੂੰ ਪਰਭਾਵਤ ਕਰਦੀ ਰਹਿੰਦੀ ਹੈ। ਦੂਸਰਾ, ਜਦ ਵੀ ਬੰਦਾ ਕੋਈ ਚੰਗਾ ਕੰਮ ਕਰਦਾ ਹੈ ਤਾਂ, ਉਸ ਦੇ ਅੰਦਰੋਂ ਕੋਈ ਕਹਿੰਦਾ ਹੈ ਸ਼ਾਬਾਸ਼, ਤੂੰ ਬਹੁਤ ਚੰਗਾ ਕੰਮ ਕੀਤਾ ਹੈ। ਜਦ ਕੋਈ ਬੁਰਾ ਕੰਮ ਕਰਨ ਲਗਦਾ ਹੈ, ਤਾਂ ਪਹਿਲਾਂ ਹੀ ਸੁਚੇਤ ਕਰਦਾ ਹੈ, ਇਹ ਮਾੜਾ ਕੰਮ ਹੇ, ਨਾ ਕਰ। ਇਸ ਹਾਲਤ ਵਿੱਚ ਬੰਦਾ ਦੁਵਿਧਾ ਦਾ ਸ਼ਿਕਾਰ ਹੁੰਦਾ ਹੈ ਕਿ, ਇਹ ਪ੍ਰਤੱਖ ਦਿਸਦਾ, ਮਨ ਮੋਹਣਾ ਸੰਸਾਰ ਸੱਚ ਹੈ, ਜਾਂ ਅੰਦਰੋਂ ਆਉਂਦੀ ਆਵਾਜ਼ ਸੱਚ ਹੈ?
ਇਸ ਹਾਲਤ ਵਿੱਚ ਉਸ ਦੀ ਅਗਵਾਈ ਲਈ, ਪਰਮਾਤਮਾ ਨੇ ਹੀ ਸ਼ਬਦ ਗੁਰੂ (ਗੁਰ) ਦਾ ਵਿਧਾਨ ਬਣਾਇਆ ਹੈ। ਜੋ ਬੰਦਾ ਸ਼ਬਦ ਗੁਰੂ ਤੋਂ ਸੋਝੀ ਲੈ ਕੇ, ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਉਹ ਭਵ-ਸਾਗਰ ਤੋਂ ਪਾਰ ਹੋ ਜਾਂਦਾ ਹੈ,
ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਜੋ ਬੰਦਾ, ਮਾਇਆ ਦੀ ਚਕਾ-ਚੌਂਧ ਵਿਚ, ਮਾਇਆ ਮੋਹ ਵਿੱਚ ਫਸ ਜਾਂਦਾ ਹੈ, ਉਹ ਜਨਮ-ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। ਪਰ ਇਸ ਵਿੱਚ ਬੰਦੇ ਦੇ ਵੱਸ ਦੀ ਵੀ ਕੋਈ ਗੱਲ ਨਹੀਂ ਹੁੰਦੀ, ਉਸ ਦੇ ਕੀਤੇ ਕਰਮਾਂ ਅਨੁਸਾਰ, ਪਰਮਾਤਮਾ ਦੇ ਨਿਯਮ ਕਾਨੂਨ ਹੀ ਉਸ ਨੂੰ ਪਰਮਾਤਮਾ ਨਾਲ ਜੋੜਦੇ ਹਨ, ਜਾਂ ਪਰਮਾਤਮਾ ਤੋਂ ਵਛੋੜ ਕੇ ਮਾਇਆ ਨਾਲ ਜੋੜਦੇ ਹਨ। ਗੁਰਬਾਣੀ ਇਸ ਬਾਰੇ ਇਵੇਂ ਸੇਧ ਦਿੰਦੀ ਹੈ,

ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ॥ ਸਭ ਮਹਿ ਵਰਤੈ ਆਪਿ ਨਿਰਾਰਾ॥
ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ॥ ੧॥
ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ ੨॥
ਕੀਤਾ ਹੋਵੈ ਤਿਸੁ ਕਿਆ ਕਹੀਐ॥ ਗੁਰਮੁਖਿ ਨਾਮੁ ਪਦਾਰਥੁ ਲਹੀਐ॥
ਜਿਸੁ ਆਪਿ ਭੁਲਾਏ ਸੋਈ ਭੂਲੈ ਸੋ ਬੂਝੈ ਜਿਸਹਿ ਬੁਝਾਇਦਾ॥ ੩॥
ਹਰਖ ਸੋਗ ਕਾ ਨਗਰੁ ਇਹੁ ਕੀਆ॥ ਸੇ ਉਬਰੇ ਜੋ ਸਤਿਗੁਰ ਸਰਣੀਆ॥
ਤ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖਿ ਸੋਭਾ ਪਾਇਦਾ॥ ੪॥ (੧੦੭੫)
॥ ੧॥ ਹੇ ਭਾਈ ਉਹ ਪ੍ਰਭੂ ਜੋ ਸਭ ਦਾ ਮੂਲ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਉਸ ਦਾ ਕੋਈ ਖਾਸ ਸਰੂਪ ਵੀ ਦੱਸਿਆ ਨਹੀਂ ਜਾ ਸਕਦਾ। ਉਹ ਆਪ ਹੀ ਸਭ ਜੀਵਾਂ ਵਿੱਚ ਵਰਤ ਰਿਹਾ ਹੈ, ਪਰ ਸਭ ਵਿੱਚ ਮੌਜੂਦ ਹੁੰਦੇ ਹੋਏ ਵੀ, ਸਭ ਤੋਂ ਨਿਰਲੇਪ ਰਹਿੰਦਾ ਹੈ। ਉਸ ਦੀ ਕੋਈ ਜਾਤ ਨਹੀਂ ਹੈ, ਉਹ ਬ੍ਰਾਹਮਣ ਦੇ ਮਿਥੇ ਵਰਨਾਂ ਤੋਂ ਵੀ ਬਾਹਰ ਹੈ, ਉਸ ਦੀ ਪਛਾਣ ਦੀ ਕੋਈ ਖਾਸ ਨਿਸ਼ਾਨੀ ਵੀ ਨਹੀਂ ਹੈ। ਉਹ ਆਪਣੇ ਹੁਕਮ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ।
॥ ੨॥ ਹੇ ਭਾਈ ਸਾਰੀਆਂ ਚੌਰਾਸੀ ਲੱਖ, ਅਣਗਿਣਤ ਜੂਨਾਂ ਵਿਚੋਂ, ਪਰਮਾਤਮਾ ਨੇ ਮਨੁੱਖ ਨੂੰ ਹੀ ਵਡਿਆਈ ਦਿੱਤੀ ਹੈ, ਸਭ ਦਾ ਸਿਰ-ਮੌਰ ਬਣਾਇਆ ਹੈ। ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਥਿੜਕ ਜਾਂਦਾ ਹੈ, ਇਸ ਜੂਨ ਵਿਚ, ਪਰਮਾਤਮਾ ਦੇ ਮਿਲਾਪ ਤੋਂ ਖੁੰਝ ਜਾਂਦਾ ਹੈ, ਉਹ ਜਨਮ-ਮਰਨ ਵਿੱਚ ਆਉਂਦਾ ਜਾਂਦਾ, ਦੁੱਖ ਭੋਗਦਾ ਰਹਿੰਦਾ ਹੈ।
॥ ੩॥ ਹੇ ਭਾਈ ਪਰਮਾਤਮਾ ਦੀ ਕਿਰਤ ਦੀ ਥਾਂ, ਉਸ ਕਰਤਾਪੁਰਖ ਦੀ ਹੀ ਵਡਿਆਈ ਕਰਨੀ ਚਾਹੀਦੀ ਹੈ। ਗੁਰਮੁਖ ਹੋ ਕੇ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲ ਕੇ, ਉਸ ਪ੍ਰਭੂ ਦੇ ਨਾਮ ਬਾਰੇ, ਉਸ ਦੀ ਰਜ਼ਾ ਬਾਰੇ, ਉਸ ਦੇ ਹੁਕਮ ਬਾਰੇ ਸੋਝੀ ਹਾਸਲ ਕਰਨੀ ਚਾਹੀਦੀ ਹੈ। ਪਰ ਜੀਵ ਦੇ ਵੱਸ ਦੀ, ਕੋਈ ਗੱਲ ਨਹੀਂ ਹੈ, ਜੀਵ ਦੇ ਕੀਤੇ ਕਰਮਾਂ ਦੇ ਲੇਖੇ ਵਜੋਂ, ਉਹ ਜਿਸ ਨੂੰ ਆਪ ਹੀ ਭੁਲਾ ਕੇ ਆਪਣੇ ਤੋਂ ਦੂਰ ਕਰਦਾ ਹੈ, ਉਹ ਦੂਰ ਹੋ ਜਾਂਦਾ ਹੈ। ਜਿਸ ਨੂੰ ਸੋਝੀ ਦੇ ਕੇ, ਆਪਣੇ ਨਾਲ ਜੋੜਦਾ ਹੈ, ਉਹੀ ਪਰਮਾਤਮਾ ਨਾਲ ਪਿਆਰ ਦੀ ਖੇਡ ਖੇਡਦਾ ਹੈ।
॥ ੪॥ ਹੇ ਭਾਈ, ਪਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ, ਹਰਖ-ਸੋਗ, ਖੁਸ਼ੀ-ਗਮੀ ਦਾ ਨਗਰ ਬਣਾ ਦਿੱਤਾ ਹੈ। ਉਹ ਮਨੁੱਖ ਹੀ ਇਨ੍ਹਾਂ ਦੋਵਾਂ (ਹਰਖ-ਸੋਗ) ਦੇ ਪ੍ਰਭਾਵ ਤੋਂ ਬਚਦੇ ਹਨ, ਜਿਹੜੇ ਸ਼ਬਦ ਗੁਰੂ ਦੀ ਸਰਨ ਲੈਂਦੇ ਹਨ। ਜਿਹੜਾ ਮਨੁੱਖ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲਦਾ, ਮਾਇਆ ਦੇ ਤਿੰਨਾਂ ਗੁਣਾਂ ਤੋਂ ਅਤੀਤ ਰਹਿੰਦਾ ਹੈ। ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਉਂਦਾ ਹੈ।
ਆਪਾਂ ਵਿਚਾਰਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ, ਖਾਲੀ ਸਿੱਖਾਂ ਲਈ ਹੀ ਨਹੀਂ ਸਮੁਚੀ ਮਨੁੱਖ ਜਾਤੀ ਲਈ, ਇਕੋ ਗੁਰੂ ਹੈ “ਸ਼ਬਦ ਗੁਰੂ ਦਾ ਗਿਆਨ” ਜੋ ਇਸ ਨੂੰ ਸੰਸਾਰ ਭਵਜਲ ਤੋਂ ਪਾਰ ਕਰ ਸਕਦਾ ਹੈ। ਜਨਮ-ਮਰਨ ਦੇ ਗੇੜ ਤੋਂ ਮੁਕਤ ਕਰ ਸਕਦਾ ਹੈ। ਇਹ ਗਿਆਨ ਸਾਨੂੰ, ਕਿਸੇ ਦੇ ਦੱਸੇ ਨਾਲ ਵੀ ਅਤੇ ਲਿਖਤਾਂ ਰਾਹੀਂ ਵੀ ਹਾਸਲ ਹੋ ਸਕਦਾ ਹੈ। ਸਾਨੂੰ (ਸਿੱਖਾਂ ਨੂੰ) ਪਹਿਲਾਂ ਇਹ ਗਿਆਨ, ਨਾਨਕ ਜਾਮਿਆਂ ਰਾਹੀਂ ਪਰਾਪਤ ਹੋਇਆ, ਜਿਸ ਰਾਹੀਂ ਅਸੀਂ, ਆਤਮਕ ਸੇਧ ਦੀ ਆੜ ਵਿਚ, ਪੁਜਾਰੀਆਂ ਵਲੋਂ ਕੀਤੀ ਜਾਂਦੀ ਲੁੱਟ ਬਾਰੇ ਜਾਣਿਆ, ਅਸਲ ਆਤਮਕ ਗਿਆਨ ਦੀ ਸੋਝੀ ਹੋਈ। ਉਹੀ ਨਾਨਕ ਜਾਮੇ, ਨਾਲ ਦੀ ਨਾਲ, ਇਹ ਗਿਆਨ ਕਲਮਬੰਦ ਕਰਦੇ ਰਹੇ, ਅਤੇ ਅਖੀਰ ਵਿੱਚ ਇਸ ਲਿਖਤ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਤਆਰ ਕਰਕੇ, ਸਾਨੂੰ ਉਸ ਦੀ ਸਿਖਿਆ ਅਨੁਸਾਰ ਚਲਣ ਦਾ ਉਪਦੇਸ਼ ਕਰ ਗਏ।
ਇਸ ਦੇ ਨਾਲ ਦੋ ਗੱਲਾਂ ਹੋਰ ਚਿਣਾਰਨ ਵਾਲੀਆਂ ਹਨ। ਇੱਕ ਤਾਂ ਇਹ ਕਿ ਗੁਰੂ ਨਾਨਕ ਜੀ ਨੇ ਆਪਣਾ ਗੁਰੂ “ਸ਼ਬਦ” ਨੂੰ ਦੱਸਿਆ ਹੈ। ਇਸ ਦਾ ਸਾਫ ਅਰਥ ਹੈ ਕਿ ਸ਼ਬਦ, ਗੁਰੂ ਨਾਨਕ ਜੀ ਤੋਂ ਪਹਿਲਾਂ ਵੀ ਸੀ। ਗੁਰਬਾਣੀ ਵਿੱਚ ਬਹੁਤ ਥਾਈਂ ਸ਼ਬਦ ਨੂੰ ਸਦੀਵੀ ਦੱਸਿਆ ਹੈ, ਅਤੇ ਬਹੁਤ ਸਾਰੇ ਪਰਾ-ਇਤਿਹਾਸਿਕ ਪਾਤ੍ਰਾਂ ਨੂੰ (ਜਿਵੇਂ ਰਾਜਾ ਜਨਕ ਆਦਿ, ਜਿਨ੍ਹਾਂ ਦੇ ਸਮੇ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਾਡੇ ਕੋਲ, ਪੰਜ ਹਜ਼ਾਰ ਸਾਲ ਤੋਂ ਪਹਿਲਾਂ ਦਾ ਇਤਿਹਾਸ ਉਪਲਬਧ ਨਹੀਂ ਹੈ) ਵੀ ਸ਼ਬਦ ਗੁਰੂ ਤੋਂ ਹੀ ਸੋਝੀ ਹੋਈ ਦੱਸੀ ਗਈ ਹੈ। ਇਸ ਹਿਸਾਬ ਦੁਨੀਆਂ ਦੀ ਖੇਡ ਸ਼ੁਰੂ ਕਰਨ ਵੇਲੇ ਹੀ, ਕਰਤਾਰ ਨੇ ਬੰਦੇ ਦੀ ਅਗਵਾਈ ਲਈ, ਸ਼ਬਦ ਗੁਰੂ ਦੀ ਸਿਰਜਨਾ ਕਰ ਦਿੱਤੀ ਸੀ।
ਜਿਨ੍ਹਾਂ ਸਰੀਰਾਂ ਰਾਹੀਂ ਸਾਨੂੰ ਇਸ ਸ਼ਬਦ ਗਿਆਨ ਦੀ ਪਰਾਪਤੀ ਹੋਈ ਸੀ, ਨਿਰਸੰਦੇਹ ਸਾਡੇ ਲਈ, ਇਸ ਦੁਨੀਆਂ ਵਿੱਚ ਪੈਦਾ ਹੋਣ ਵਾਲੇ ਵਿਅਕਤੀਆਂ ਵਿਚੋਂ ਉਹ ਸਰਵ-ਸ੍ਰੇਸ਼ਟ ਹਨ, ਜਿਨ੍ਹਾਂ ਨੇ ਸਾਨੂੰ ਅਜਿਹੇ ਅਮੁਲੇ ਗਿਆਨ ਦੇ ਰੂ-ਬ-ਰੂ ਕੀਤਾ ਹੈ।
ਉਨ੍ਹਾਂ ਨੂੰ ਕਿਸ ਲਕਬ ਨਾਲ ਸੰਬੋਧਨ ਕੀਤਾ ਜਾਵੇ? (ਅੱਜ ਕਲ ਇਸ ਵਿਸ਼ੇ ਤੇ ਵੀ ਵਿਚਾਰਾਂ ਚਲ ਰਹੀਆਂ ਹਨ) ਉਨ੍ਹਾਂ ਨੂੰ ਵੱਡੀ ਤੋਂ ਵੱਡੀ ਪਦਵੀ ਦੇਣੀ ਹੀ ਬਣਦੀ ਹੈ। ਉਨ੍ਹਾਂ ਨੂੰ ਗੁਰੂ ਦੀ ਪਦਵੀ ਦੇਣ ਵਿੱਚ ਵੀ ਕੋਈ ਹਰਜ ਨਹੀਂ, ਪਰ ਇਸ ਨਾਲ ਜੋ ਸਮੱਸਿਆ ਖੜੀ ਹੁੰਦੀ ਹੈ, ਉਸ ਬਾਰੇ ਵੀ ਠਰਮੇ ਨਾਲ ਵਿਚਾਰਨ ਦੀ ਲੋੜ ਹੈ।
ਮਸਲ੍ਹਾ ਇਹ ਖੜਾ ਹੋ ਜਾਂਦਾ ਹੈ ਕਿ ਜੇ ਅਸੀਂ ਉਨ੍ਹਾਂ ਮਹਾਨ ਵਿਅਕਤੀਆਂ ਨੂੰ ਜਿਨ੍ਹਾਂ ਦੀ ਮਾਰਫਤ ਸਾਨੂੰ ਸ਼ਬਦ ਗਿਆਨ ਦੀ ਪਰਾਪਤੀ ਹੋਈ ਹੈ, ਜੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਗੁਰੂ ਦੇ ਲਕਬ ਨਾਲ ਸੰਬੋਧਤ ਕਰਦੇ ਹਾਂ, ਤਾਂ ਇਸ ਤਰ੍ਹਾਂ ਗੁਰੂਆਂ ਦੀ ਗਿਣਤੀ ੧੦-੧੧ ਤਕ ਨਹੀਂ ਰਹਿੰਦੀ, ਇਹ ਵੱਧ ਕੇ ੩੫-੩੬ ਹੋ ਜਾਂਦੀ ਹੈ, (ਜੇ ਅਸੀਂ ਭਗਤਾਂ ਨੂੰ ਇਹ ਮਾਨਤਾ ਨਹੀਂ ਦਿੰਦੇ ਤਾਂ ਵੇਖ ਰਹੇ ਹਾਂ ਕਿ, ਭਗਤਾਂ ਨਾਲ ਸਬੰਧਤ ਦੂਸਰੀਆਂ ਜਾਤੀਆਂ ਦੇ ਲੋਕ, ਸਿੱਖਾਂ ਵਿਚਲੇ ਉਨ੍ਹਾਂ ਭਗਤਾਂ ਨਾਲ ਸਬੰਧਤ ਲੋਕਾਂ ਨੂੰ ਭੜਕਾ ਰਹੇ ਹਨ, ਇਸ ਦੇ ਸਿੱਟੇ ਵੀ ਗਲਤ ਨਿਕਲਣ ਦੇ ਆਸਾਰ ਬਣ ਗਏ ਹਨ) ਫਿਰ ਇਹ ਗਿਣਤੀ ਏਥੇ ਹੀ ਨਹੀਂ ਰੁਕਣ ਵਾਲੀ, ਸਿੱਖਾਂ ਦੀਆਂ ਕਈ ਸ਼ਾਖਾਵਾਂ ਨੇ ਆਪਣੇ-ਆਪਣੇ ਅਲੱਗ ਗੁਰੂ ਵੀ ਮਿਥ ਲਏ ਹਨ। ਜੇ ਇਸ ਮਸਲ੍ਹੇ ਨੂੰ ਨਾ ਸੰਭਾਲਿਆ ਗਿਆ ਤਾਂ ਬੜੀ ਛੇਤੀ ਇਹ ਗਿਣਤੀ ਹਜ਼ਾਰਾ ਤਕ ਪਹੁੰਚ ਜਾਵੇਗੀ, ਅਤੇ ਕਿਸੇ ਦਿਨ ਇਹ ਬ੍ਰਾਹਮਣ ਦੇ ੩੩ ਕ੍ਰੋੜ ਦੇਵਤਿਆਂ ਵਾਙ, ਕ੍ਰੋੜਾਂ ਤਕ ਪਹੁੰਚ ਸਕਦੀ ਹੈ।
ਜ਼ਰਾ ਸੋਚੋ ਉਨ੍ਹਾਂ ਵਿਚ, ਨਾਨਕ ਜੋਤ ਦੇ ਦਸ ਜਾਂਮਿਆਂ ਦੀ ਕੀ ਪੋਜ਼ੀਸ਼ਨ ਹੋਵੇਗੀ? ਅਤੇ ਉਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਿਤ ਸ਼ਬਦ ਗੁਰੂ ਦੀ ਕੀ ਪੋਜ਼ੀਸ਼ਨ ਹੋਵੇਗੀ?
ਅਸੀਂ ਸਾਰੇ ਆਪਣੇ ਆਪ ਨੂੰ, ਵੱਧ ਤੋਂ ਵੱਧ ਸਿਆਣਾ ਆਖਦੇ ਹਾਂ, ਕੀ ਅਸੀਂ ਸਾਰੇ ਰਲ ਕੇ ਉਨ੍ਹਾਂ ਦੀ ਸ਼ਾਨ ਦੇ ਲਾਇਕ ਕੋਈ ਲਕਬ ਨਹੀਂ ਲੱਭ ਸਕਦੇ? ਆਪਸ ਵਿੱਚ ਉਲਝਣ ਨਾਲੋਂ, ਮਿਲ ਬੈਠ ਕੇ ਕੋਈ ਸੁਚੱਜਾ ਹੱਲ ਲਭ ਲਈਏ, ਇਹੀ ਸਮੇ ਦਾ ਤਕਾਜ਼ਾ ਹੈ।

(ਅਗਲੇ ਹਫਤੇ ਤੋਂ “ਗੁਰਮਤਿ ਅਨੁਸਾਰ ਆਵਾ ਗਵਣ “ਲੇਖ ਲੜੀ ਸ਼ੁਰੂ ਹੋਵੇਗੀ)

ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪




.