.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-ਨੌਵਾਂ)

ਮਃ ੩॥ ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ॥ ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ

ਬਾਣੀਂ ਬਾਰ ਬਾਰ ਸਮਝਾਉਂਦੀ ਹੈ, ਦੁਨੀਆਂ ਦਾ ਸੂਹਾ ਰੰਗ, ਪਲਾਂ ਵਿੱਚ ਉੱਤਰ ਜਾਣਾਂ ਹੈ। ਕੰਤ ਮਿਲਿਆ ਨਹੀਂ, ਜੀਵ-ਇਸਤਰੀ ਦੂਜੇ ਪਾਸੇ ਲੱਗ ਕੇ, ਰੰਡੀਆਂ ਵਾਂਗ ਬੈਠੀ ਹੋਈ ਹੈ।

ਦੁਨੀਆਂ ਦੇ ਸਾਰੇ ਸੁਖ-ਰਸ-ਭੋਗ, ਮਾਨ ਵਡਿਆਈਆਂ, ਚੌਧਰਾਂ, ਹਕੂਮਤਾਂ, ਧੀਆਂ ਪੁੱਤ, ਕੁਟੰਬ, ਸੱਜਨ, ਘਰ, ਮਹਿਲ, ਦੁਨੀਆਂ ਹਰ ਚੀਜ, ਸੂਹਾ ਰੰਗ ਹੈ। ਅਤੇ ਮਾਲਕ ਤੋਂ ਦੂਰ ਲਿਜਾਨ ਵਾਲੀ ਹੈ। ਅਸੀਂ ਇਹਨਾਂ ਦੇ ਪਿਆਰ ਵਿੱਚ ਬੱਝੇ ਹੋਇ ਹਾਂ। ਇਸੇ ਵਾਸਤੇ ਸਾਡਾ ਕੰਤ ਨਾਲ ਮਿਲਾਪ ਨਹੀਂ ਹੁੰਦਾ। ਜਿਸ ਤਰਾਂ ਇੱਕ ਰੰਡੀ ਔਰਤ ਜਿਸ ਦਾ ਪਤੀ ਨਾਂ ਰਿਹਾ ਹੋਵੇ, ਅਤੇ ਉਹ ਦੂਸਰਿਆਂ ਦੇ ਆਸਰੇ ਦਿਨ ਕਟੀ ਕਰ ਰਹੀ ਹੋਵੇ। ਇੱਕ ਦਿਨ ਉਸ ਦੇ ਇਹ ਸੱਭ ਆਸਰੇ ਵੀ ਉਸ ਤੋਂ ਖੋਹ ਲਏ ਜਾਣ, ਅਤੇ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਜਾਵੇ। ਤਾਂ ਉਹ ਰੰਡੀ ਔਰਤ ਕਿੱਥੇ ਜਾਵੇ ਗੀ।

ਸੱਭ ਚੀਜਾਂ ਤਾਂ ਇੱਕ ਦਿਨ ਖੋਹ ਲਈਆਂ ਜਾਣ ਗੀਆਂ, ਨਾਂ ਦੁਨੀਂ ਰਹਿਣੀਂ ਹੈ ਨਾਂ ਦੀਨ। ਦੁਨੀਂ ਤਾਂ ਉਸ ਦਿਨ ਹੀ ਖੁਸ ਜਾਵੇ ਗੀ, ਜਿਸ ਦਿਨ ਮੌਤ ਹੋਣੀਂ ਹੈ, ਅੱਜ ਦੇ ਜਮਾਨੇਂ ਵਿੱਚ ਆਮ ਕਰਕੇ ਬਹੁਤਿਆ ਦੀ ਦੁਨੀਂ ਤਾਂ ਜਿਉਂਦੇ ਜੀ ਹੀ ਔਲਾਦ ਖੋਹ ਲੈਂਦੀ ਹੈ। ਬਾਕੀ ਵੀ ਚਾਹੇ ਕੋਈ ਵੀ ਹੋਵੇ, ਸਿਰਫ ਜਿਉਂਦਿਆਂ ਤੱਕ ਹੀ ਮਤਲਬ ਹੈ, ਮਰਨ ਤੋਂ ਬਾਦ ਕਿਸੇ ਨੇ ਇੱਕ ਘੜੀ ਵੀ ਨਹੀਂ ਰੱਖਣਾਂ, “ਬਾਉਰੇ ਤੋਹੇ ਘੜੀ ਨ ਰਾਖੇ ਕੋਇ” ਜਿਹੜੇ ਨਾਲ ਜੰਮੇ ਸਨ, ਉਹਨਾਂ ਵਿਚੋਂ ਵੀ ਕੋਈ ਸੰਗੀ ਸਾਥੀ ਨਹੀਂ ਬਣਦਾ, ਆਪਣਾਂ ਸਰੀਰ ਵੀ ਸਾਥ ਨਹੀਂ ਦੇਂਦਾ। ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥ ੧॥ ਰਹਾਉ॥ ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ॥ ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ੧॥ ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ॥ ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ॥ (੭੨੬)

ਬਾਕੀ ਜੋ ਥੋੜਾ ਬਹੁਤ ਧਰਮ ਕਰਮ ਕੀਤਾ ਹੈ, ਉਹ ਜਮਾਂ ਨੇਂ ਚੁੰਗੀ ਦੇ ਰੂਪ ਵਿੱਚ ਰਸਤੇ ਵਿੱਚ ਹੀ ਖੋਹ ਲੁੱਟ ਲੈਣਾਂ ਹੈ, “ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ” ਇੱਕ ਨਾਮ ਤੋਂ ਬਿਨਾਂ ਬਾਕੀ ਸੱਭ ਕੁੱਝ ਜਮਾਂ ਨੇਂ ਖੋਹ ਲੈਣਾਂ ਹੈ। ਜਿਥੇ ਲੇਖਾ ਮੰਗਿਆ ਜਾਣਾਂ ਹੈ, ਉਥੇ ਖਾਲੀ ਹੱਥ ਜਾ ਖੜਾ ਕਰਨਾਂ ਹੈ। “ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ” ਕਿਸੇ ਦਾ “ਇਸ਼ਟ” ਵੀ ਕਿਸੇ ਕੰਮ ਨਹੀਂ ਆਉਣਾਂ। “ਇਸ਼ਟ ਮੀਤੁ ਜਾਣੋ ਸਭਿ ਛਲਾ”। ਬਿਨਾਂ ਆਪਣੇਂ ਕੰਤ ਤੋਂ ਇਸਤਰੀ ਦੀ ਰੱਖਿਆ ਕੌਣ ਕਰੇ, “ਬਿਨੁ ਆਪਣੇ ਨਾਹੇ ਕੋਈ ਨ ਚਾਹੇ” ਕੰਤ ਤੋਂ ਬਿਨਾਂ ਜੀਵ-ਆਤਮਾਂ ਰੰਡੀ ਹੈ।

ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲ+ਭਾਇ॥ ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ॥ ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ॥ ੨॥

ਦੁਚਿੱਤੀ ਵਿੱਚ ਪਈ ਮਇਆ ਵਿੱਚ ਭੁੱਲੀ ਹੋਈ ਅੰਞਾਣੀਂ ਇਸਤਰੀਏ, ਆਪਣੇਂ ਆਪ ਨੂੰ ਸਚੇ ਸ਼ਬਦ ਦੇ ਰੰਗ ਵਿੱਚ ਰੰਗ ਲੈ। ਭੈ (ਡਰ) ਅਤੇ ਭਾਉ ਦਾ ਸ਼ਿੰਗਾਰ ਕਰ। ਜਿਹੜੀਆਂ ਗੁਰੂ ਤੇ ਭਾਉ ਰੱਖਦੀਆਂ ਹਨ ਜਿਹੜੀਆਂ ਗੁਰੂ ਨਾਲ ਪਿਆਰ ਕਰਦੀਆਂ ਹਨ, ਉਹ ਸਦਾ ਵਾਸਤੇ ਸੁਹਾਗਣਾਂ ਹੋ ਜਾਂਦੀਆਂ ਹਨ।

(ਭਾਉ ਗੁਰੂ ਦਾ, ਅਤੇ ਡਰ ਜਮ ਜਾਂ ਧਰਮਰਜ ਦਾ। “ਸੁਨਿ ਸੁਨਿ ਹੀ ਡਰਾਇਆ॥ ਕਰਰੋ ਧਰਮਰਾਇਆ” ਗੁਰੂ ਦਾ ਡਰ ਵੀ ਵੱਡਾ ਸ਼ਿੰਗਾਰ ਹੈ)

ਪਉੜੀ॥ ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ॥ ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ॥

ਉਸ ਹਰੀ ਨੇਂ ਆਪ ਹੀ ਆਪਣੇਂ ਆਪ ਨੂੰ ਪੈਦਾ ਕੀਤਾ ਹੈ। ਉਸ ਨੂੰ ਹੋਰ ਕੋਈ ਪੈਦਾ ਕਰਨ ਵਾਲਾ ਨਹੀਂ ਹੈ, ਉਸ ਦਾ ਕੋਈ ਬਾਪ ਨਹੀਂ, ਉਸ ਦੀ ਕੋਈ ਮਾਂ ਨਹੀਂ, ਨਾਂ ਉਸ ਦੀ ਕੋਈ ਭੈਣ ਹੈ, ਭਰਾ ਹੈ। “ਜਗੁ ਤਿਸੁ ਕੀ ਛਾਇਆ ਜਿਸੁ ਬਾਪੁ ਨ ਮਾਇਆ। ਨ ਤਿਸੁ ਭੈਣ ਨ ਭਰਾਉ ਕਮਾਇਆ॥” ਉਸ ਦੀ ਕੋਈ ਕੀਮਤ ਕਦਰ ਨਹੀਂ ਪਾ ਸੱਕਦਾ, ਉਹ ਆਪਣੀਂ ਕੀਮਤ ਆਪ ਹੀ ਜਾਣਦਾ ਹੈ। “ਇਹੋ ਜਿਹਾ ਹਰੀ (ਪ੍ਰਭੂ) ਜਿਸ ਦੀ ਕੋਈ ਕੀਮਤ ਨਹੀਂ ਪਾ ਸੱਕਦਾ, ਸਬਦ ਦੁਆਰਾ ਉਸ ਦੀ ਕੀਮਤ ਵੀ ਪਾਈ ਜਾ ਸੱਕਦੀ ਹੈ”

ਇਸ ਵਾਸਤੇ ਸ਼ਬਦ ਕੋਈ ਮਮੂਲੀ ਚੀਜ ਨਹੀਂ ਹੈ, ਜਿਹੜੇ ਵੀਰ ਸ਼ਬਦ ਦੀ ਵਿਚਾਰ ਕਰਨੀਂ ਚਾਹੁੰਦੇ ਹਨ। ਜਾਂ ਸ਼ਬਦ ਬਾਰੇ ਜਾਣਨਾਂ ਚਾਹੁੰਦੇ ਹਨ, ਉਹਨਾਂ ਵਾਸਤੇ ਬਾਣੀਂ ਦੀ ਇਹ ਕੜੀ “ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ” ਸਹਾਇਕ ਸਿੱਧ ਹੋ ਸੱਕਦੀ ਹੈ। ਬਾਣੀਂ ਦੀ ਇਹ ਪੰਗਤੀ ਸਪੱਸ਼ਟ ਕਰ ਰਹੀ ਹੈ, ਕਿ ਜਿਸ ਸ਼ਬਦ ਨਾਲ ਉਸ ਅਲੱਖ ਨੂੰ ਲਖਿਆ ਜਾ ਸਕੇ, ਜਿਸ ਸ਼ਬਦ ਨਾਲ ਉਸ ਪ੍ਰਭੂ ਨੂੰ ਵੇਖਿਆ (ਬੁੱਝਿਆ) ਜਾ ਸਕੇ, ਜਿਸ ਸ਼ਬਦ ਨਾਲ ਉਸ ਪ੍ਰੀਤਮ ਨਾਲ ਮੇਲਾ ਕੀਤਾ ਜਾ ਸਕੇ, ਉਹ ਹੀ ਸਚਾ ਸ਼ਬਦ ਹੈ।

ਮਾਇਆ ਮੋਹੁ ਗੁਬਾਰੁ ਹੈ ਦੂਜੈ ਭਰਮਾਈ॥ ਮਨਮੁਖ ਠਉਰ ਨ ਪਾਇਨੀੑ ਫਿਰਿ ਆਵੈ ਜਾਈ॥ ਜੋ ਤਿਸੁ ਭਾਵੈ ਸੋ ਥੀਐ ਸਭ ਚਲੈ ਰਜਾਈ॥ ੩॥

ਮਾਇਆ ਮੋਹ ਘੁੱਪ ਹਨੇਰਾ ਹੈ, ਮਨਮੁਖ ਲੋਗ ਇਸ ਵਿੱਚ ਹਨੇਰੇ ਵਿੱਚ ਭਟਕ ਰਹੇ ਹਨ। ਉਹਨਾਂ ਦਾ ਕੋਈ ਘਰ ਨਹੀਂ, ਕੋਈ ਠਉਰ ਠਿਕਾਣਾਂ ਨਹੀਂ ਹੈ, ਉਹ ਆਉਂਦੇ ਹਨ ਜਾਂਦੇ ਹਨ, ਬਾਰ ਬਾਰ ਜੰਮਦੇ ਹਨ ਮਰਦੇ ਹਨ। ਹੇ ਪ੍ਰਭੂ ਜੋ ਤੈਨੂੰ ਭਾਉਂਦਾ ਹੈ, ਉਹੋ ਹੀ ਹੁੰਦਾ ਹੈ, ਸਾਰੇ ਹੀ ਤੇਰੇ ਭਾਣੇਂ ਅਨੂੰਸਾਰ ਚੱਲਦੇ ਹਨ।

ਸਲੋਕੁ ਮਃ ੩॥ ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ॥ ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ॥

ਜਿਹੜੀ ਇਸਤਰੀ ਆਪਣੇਂ ਖਸਮ ਨੂੰ ਛੱਡ ਕੇ ਪਰਾਏ ਪੁਰਖ ਨਾਲ ਪਿਆਰ ਪਾ ਲੈਂਦੀ ਹੈ, ਉਹ ਕੁਲੱਛਣੀਂ ਕਹਾਉਂਦੀ ਹੈ। ਉਸ ਦਾ ਕੋਈ ਆਚਰਣ ਨਹੀਂ, ਕੋਈ ਸੰਜਮ ਨਹੀਂ ਹੁੰਦਾ, ਉਹ ਸਦਾ ਝੂਠ ਬੋਲਦੀ ਹੈ। ਇਹੋ ਜਿਹੇ ਹੀ (ਕੁਲੱਛਣੀਆਂ ਵਾਲੇ) ਕਰਮ ਮਨਮੁਖਾਂ ਦੇ ਹੁੰਦੇ ਹਨ, ਮਨਮੁੱਖਾਂ ਖਸਮ ਮਨ ਹੁੰਦਾ ਹੈ। ਮਨ ਖਸਮ ਦੇ ਆਖੇ ਲੱਗ ਕੇ ਖੁਆਰ ਹੂੰਦੀਆਂ ਹਨ।

ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ॥ ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ॥

ਇਹ ਤਾਂ ਭਾਈ ਜਿਨਾਂ ਦੇ ਮੱਥੇ (ਭਾਗਾਂ) ਵਿੱਚ ਧੁਰੋਂ ਹੀ ਮਾਲਕ ਲਿਖ ਦੇਂਦਾ ਹੈ। ਜਿਨ੍ਹਾਂ ਦੇ ਭਾਗਾਂ ਵਿੱਚ ਹੋਵੇ ਉਹਨਾਂ ਨੂੰ ਹੀ ਸਤਿਗੁਰੂ ਖਸਮ ਮਿਲਦਾ ਹੈ। ਜੇ ਭਾਗਾਂ ਵਿੱਚ ਨਹੀਂ ਤਾਂ ਗੁਰੂ ਭਾਵੇਂ ਘਰ ਵਿੱਚ ਵੱਸਦਾ ਹੋਵੇ ਗੁਰੂ ਨਾਲ ਮੇਲਾ ਨਹੀਂ ਹੁੰਦਾ। “ਬਿਨੁ ਭਾਗਾਂ ਸਤਿਗੁਰੁ ਨ ਮਿਲੈ ਘਰਿ ਰਹਿੰਦਿਆ ਨਿਕਟਿ ਨਿਤਿ ਪਾਸਿ” ਜਦ ਆਪਣਾਂ ਖਸਮ ਮਿਲ ਜਾਂਦਾ ਹੈ, ਤਾਂ ਫਿਰ ਇਸਤਰੀ ਦੁਹਾਗਣਾਂ ਵਾਲਾ ਵੇਸ ਉਤਾਰ ਦੇਂਦੀ ਹੈ। (ਲੜਕੀ ਗੁੱਡੀਆਂ ਪਟੋਲਿਆਂ ਨਾਲ ਉਨਾਂ ਵਿੱਚ ਖੇਡਦੀ ਹੈ, ਜਦ ਤੱਕ ਕਿ ਉਸ ਦਾ ਵਿਆਹ ਨਹੀਂ ਹੋ ਜਾਂਦਾ) ਫਿਰ ਝਗੜੇ ਦੀ ਥਾਂ ਖਿਮਾਂ ਆ ਜਾਂਦੀਂ ਹੈ। (ਵੈਸੇ ਤਾਂ ਖਸਮ ਮਿਲੇ ਦੀਆਂ ਹੋਰ ਵੀ ਬਹੁਤ ਨਿਸ਼ਾਨੀਆਂ ਹਨ, ਪਰ ਇਹ ਖਿਮਾਂ ਵੀ ਇੱਕ ਵੱਡੀ ਨਿਸ਼ਾਨੀਂ ਹੈ)

ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ॥ ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ॥ ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ॥ ੧॥

ਜਿਸ ਦਾ ਮਿਲਾਪ ਆਪਣੇਂ ਕੰਤ ਨਾਲ ਹੋ ਜਾਂਦਾ ਹੈ, ਉਸ ਦੀ ਐਥੇ ਇਸ ਜੱਗ ਵਿੱਚ ਵੀ ਅਤੇ ਅੱਗੈ ਵੀ ਸੋਭਾ ਹੁੰਦੀ ਹੈ, ਸਾਰਾ ਸੰਸਾਰ ਉਸ ਦੀ ਪੂਜਾ ਦਰਦਾ ਹੈ। ਜਿਹੜੀ ਰੂਹ ਸਿਰਜਨਹਾਰ ਪ੍ਰਭੂ ਨਾਲ ਮੇਲਾ ਕਰ ਲੈਦੀ ਹੈ, ਉਹ ਲੱਖ ਕੋਸ਼ਿਸ਼ ਕਰਨ ਤੇ ਵੀ ਕਿਸੇ ਨਾਲ ਨਹੀਂ ਰਲਦੀ। ਗੁਰਮੁਖ ਰੂਹਾਂ ਸਦਾ ਸੁਹਾਗਣਾਂ ਹੁੰਦੀਆਂ ਹਨ, ਉਹਨਾਂ ਦਾ ਪਤੀ ਉਹ ਆਪ ਅਵਿਨਾਸੀ ਪੁਰਖ ਹੁੰਦਾ ਹੈ।

ਮਃ ੧॥ ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ॥ ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ॥ ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ॥ ੨॥

ਦੂਜਾ ਭਾਉ ਰਾਤ ਦੇ ਸੁਪਨੇਂ ਵਰਗਾ ਝੂਠ ਹੁੰਦਾ ਹੈ, ਜਾਂ ਇਸ ਤਰਾਂ ਸਮਝੋ ਜਿਵੇਂ ਬਿਨਾਂ ਧਾਗੇ ਦੇ ਗਲ ਦਾ ਹਾਰ। ਨਾਮ ਦਾ ਸੱਚਾ ਰੰਗ ਪੱਕਾ ਹੁੰਦਾ ਹੈ, ਗੁਰਮੁਖਾਂ ਨੂੰ ਬ੍ਰਹਮ ਦੀ ਵਿਚਾਰ (ਸਾਰ ਜਾਂ ਭੇਦ) ਹੁੰਦੀ ਹੈ, । ਮਾਲਕ ਦੇ ਪ੍ਰੇਮ ਦੇ ਰਸ ਵਿੱਚ ਰਸੀ ਜੀਵ ਇਸਤਰੀ ਦੀਆਂ ਸੱਭ ਬੁਰਾਈਆਂ ਖਤਮ ਹੋ ਜਾਂਦੀਆਂ ਹਨ।

ਪਉੜੀ॥ ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ॥ ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ॥ ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ॥ ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ॥ ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ॥ ੪॥

ਪ੍ਰਭੂ ਨੇਂ ਜਗਤ ਦੀ ਇਹ ਜੋ ਸਾਜਨਾਂ ਕੀਤੀ ਹੈ, ਇਹ ਵੱਡਾ ਹੈਰਾਨ ਕਰਨ ਵਾਲਾ ਕੌਤਕ ਹੈ। ਪੰਜਾਂ ਤੱਤਾਂ ਦੇ ਪੁਤਲੇ ਬਨਾ ਕੇ ਵਿੱਚ ਕਾਮ, ਕਰੋਧ, ਮੋਹ, ਹੰਕਾਰ, ਅਤੇ ਝੂਠ ਭਰ ਦਿੱਤਾ। ਕਿਸੇ ਨੂੰ ਮਨਮੁਖ ਅਗਿਆਨੀਂ ਬਨਾ ਦਿੱਤਾ, ਉਹ ਜਨਮ ਮਰ ਦੇ ਗੇੜ ਵਿੱਚ ਪਏ ਹੋਇ ਹਨ। ਕਿਸੇ ਨੂੰ ਆਪਣਾਂ ਆਪ ਜ਼ਾਹਰ ਕਰ ਦਿੱਤਾ, ਆਪਣਾਂ ਗਿਆਨ ਕਰਾ ਦਿੱਤਾ, ਉਹ ਗਿਆਨਵਾਨ ਗੁਰਮੁਖ ਬਨ ਗਏ। ਉਹਨਾਂ ਨੂੰ ਨਾਮ ਅਤੇ ਭਗਤੀ ਦਾ ਖਜ਼ਾਨਾਂ ਬਖਸ਼ ਦਿੱਤਾ।

ਸਲੋਕੁ ਮਃ ੩॥ ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ॥ ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ॥

ਹੇ ਸੂਹਵੀਏ ਜੇ ਸੰਸਾਰ ਦੇ ਪਦਾਰਥਾਂ ਨੂੰ ਛੱਡੇਂ ਗੀ, ਤਾਂ ਤੇਰਾ ਪਿਰ ਨਾਲ ਪਿਆਰ ਲੱਗੇ ਗਾ। ਦੋਵੇਂ ਕੰਮ ਇਕੱਠੇ ਨਹੀਂ ਹੋ ਸੱਕਦੇ, ਸੰਸਾਰੀ ਜੀਵ ਪ੍ਰਭੂ ਨਾਲ ਮਿਲਾਪ ਨਹੀਂ ਕਰ ਸੱਕਦੇ, ਆਖਰ ਮਨਮੁਖ ਗਵਾਰ ਇਸਤਰੀ, ਇਸ ਦੁਨੀਆਂ ਦੇ ਪਦਾਰਥਾਂ ਦੇ ਮੋਹ ਵਿੱਚ ਹੀ ਸੜ ਕੇ ਮਰ ਜਾਂਦੀ ਹੇ।

ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ॥ ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ॥

ਜਦ ਸਤਿਗੁਰ ਮਿਲ ਪਿਆ, ਤਾਂ ਦੁਨੀਆਂ ਦਾ ਰੰਗ ਉਤਰ ਗਿਆ। ਫਿਰ ਤਨ ਵੀ ਅਤੇ ਮਨ ਵੀ ਸਤਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ। ਜੀਭਾ ਦਿਨ ਰਾਤ ਪ੍ਰਭੂ ਦੇ ਗੁਣ ਗਾਉਂਦੀ ਹੈ।

ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ॥ ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ॥ ੧॥

ਜਦੋਂ ਸ਼ਬਦ ਮਨ ਵਿੱਚ ਵੱਸ ਗਿਆ, ਸ਼ਬਦ ਨਾਲ ਮੇਲਾ ਹੋ ਗਿਆ, ਤਾਂ ਇਹ ਜੀਵ ਇਸਤਰੀ ਸਦਾ ਵਾਸਤੇ ਸੁਹਾਗਣ ਹੋ ਗਈ। ਕਰਮ ਹੋਇਆ, ਮਿਹਰ ਹੋਈ, ਤਾਂ ਖਸਮ ਦਾ ਮਹਿਲ ਪਾਇਆ, (ਖਸਮ ਨਾਲ ਮੇਲਾ ਹੋਇਆ) ਪਿਰ ਨੂੰ ਆਪਣੇਂ ਹਿਰਦ ਵਿੱਚ ਵਸਾ ਲਿਆ।

ਮਃ ੩॥ ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ॥ ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ॥ ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ॥ ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ॥ ੨॥

ਹੇ ਮੁੰਧੇ ਹੁਣ ਤੇ ਸੂਹਾ ਰੰਗ ਛੱਡ ਦੇ, ਹੁਣ ਲਾਲ ਰੰਗ ਨਾਲ ਆਪਣੇਂ ਆਪ ਨੂੰ ਸ਼ਿੰਗਾਰ ਲੈ। ਗੁਰੂ ਦੇ ਅੱਖਰ ਦੀ ਵਿਚਾਰ ਕਰ, ਤਾਂ ਜੋ ਤੇਰਾ ਆਣਾਂ ਜਾਣਾਂ (ਜਨਮ ਮਰਨ) ਖਤਮ ਹੋ ਜਾਵੇ। ਸਹੁਰੇ ਘਰ ਵਿੱਚ ਉਹੀ ਇਸਤਰੀ ਸੁਹਾਉਂਦੀ ਹੈ, ਉਹੀ ਇਸਤਰੀ ਸੁਹਣੀਂ ਲੱਗਦੀ ਹੈ। ਜਿਹੜੀ ਆਪਣੇਂ ਪਤੀ ਦੇ ਨਾਲ ਰਹਿੰਦੀ ਹੈ। ਰਾਵਣਹਾਰ ਪ੍ਰਭੂ ਉਸ ਜੀਵ ਇਸਤਰੀ ਤੇ ਖੁਸ਼ ਹੁੰਦਾ ਹੈ, ਅਤੇ ਜੀਵ ਇਸਤਰੀ ਆਪਣੇਂ ਪ੍ਰਭੂ ਨਾਲ ਮਿਲ ਕੇ ਆਨੰਦ ਮਾਣਦੀ ਹੈ।

ਪਉੜੀ॥ ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ॥ ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ॥ ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ॥ ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ॥ ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ॥ ੫॥

ਕੁਟੰਬ ਪਰਵਾਰ ਦਾ ਪਿਆਰ ਝੂਠਾ ਹੈ, ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ॥ ਮਨਮੁੱਖ ਮੂਰਖ ਜੀਵ, ਇਹਨਾਂ ਦਾ ਝੂਠਾ ਹੰਕਾਰ ਕਰਦਾ ਕਰਦਾ ਮਰ ਜਾਂਦਾ ਹੈ, ਇਹਨਾਂ ਵਿਚੋਂ ਅਖੀਰ ਤੇ ਕੋਈ ਵੀ ਸੰਗੀ ਸਾਥੀ ਨਹੀਂ ਬਣਦਾ। ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ॥ ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ॥ ਇਸ ਮੂਰਖ ਨੂੰ ਸਮਝ ਨਹੀਂ, ਕਿ ਸਿਰ ਉਤੇ ਤਾਂ ਜਮਕਾਲ ਖੜਾ ਹੈ, ਪਤਾ ਨਹੀਂ ਉਸ ਨੇਂ ਦੂਸਰਾ ਸਾਹ ਲੈਣ ਦੇਣਾ ਹੈ ਜਾਂ ਨਹੀਂ। ਦੂਜੇ ਪਾਸੇ (ਕੁਟੰਬ ਪਰਵਾਰ ਦਾ ਮੋਹ) ਭਰਮਿਆਂ ਹੋਇਆ ਹੈ। ਜਦੋਂ ਜਮਾਂ ਨੇਂ ਪਕੜ ਲਿਆ ਫਿਰ ਪਛਤਾਉਂਦਾ ਹੈ, ਪਰ ਬੀਤਿਆ ਵੇਲਾ ਕਦੇ ਹੱਥ ਨਹੀਂ ਆਉਂਦਾ। ਪਰ ਇਹ ਵਿਚਾਰੇ ਜੀਵ ਵੀ ਕੀ ਕਰਨ, ਕਰਤਾਰ ਨੇਂ ਉਹਨਾਂ ਦੇ ਮੱਥੇ ਵਿਚ, ਧੁਰੌ ਕਰਮ ਹੀ ਅਜੇਹੇ ਲਿਖ ਦਿੱਤੇ ਹਨ।

ਸਲੋਕੁ ਮਃ ੩॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲμਨਿੑ॥ ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ॥ ੧॥ ਮਃ ੩॥ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿੑ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾੑਲμਨਿੑ॥ ੨॥ ਮਃ ੩॥ ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ॥ ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ॥ ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ॥ ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ॥ ੩॥

ਊਪਰ ਵਾਲੇ ਤਿੰਨ ਸਲੋਕਾਂ ਦੇ ਭਾਵ ਨੂੰ ਪੂਰੀ ਤਰਾਂ ਸਮਝਣ ਵਾਸਤੇ, ਇਹਨਾਂ ਤਿੰਨਾਂ ਸਲੋਕਾਂ ਵਿੱਚ ਆਏ ਕੁੱਝ ਸ਼ਬਦ ਜਿਵੇਂ, ਬਿਰਹਾ, ਸੀਲ, ਸੰਤੋਖ, ਦੀ ਵਿਚਾਰ ਬਹੁਤ ਜਰੂਰੀ ਹੈ। ਗੁਰੂ ਜੀ ਪਹਿਲੇ ਸਲੋਕ ਵਿੱਚ ਸਮਝਾਉਂਦੇ ਹਨ, ਜਿਹੜੀਆਂ ਇਸਤਰੀਆਂ ਆਪਣੇਂ ਪਤੀ ਦੇ ਵਿਛੋੜੇ ਦੀ ਸੱਟ ਦੇ ਦਰਦ ਨਾਲ ਦਿਨ ਰਾਤ ਤੜਫਦੀਆਂ ਹਨ, ਅਸਲੀ ਸਤੀਆਂ ਉਹ ਹਨ, ਨਾਂ ਕਿ ਉਹ ਜੋ ਆਪਣੇਂ ਪਤੀ ਦੇ ਮਰਨ ਉਪਰਾਂਤ ਪਤੀ ਦੇ ਨਾਲ ਹੀ ਸੜ ਜਾਂਦੀਆਂ ਸਨ। ਅੱਗੇ ਦੱਸਦੇ ਹਨ, ਉਹ ਵੀ ਸਤੀਆਂ ਹੀ ਹਨ, ਜੋ ਸੀਲ ਅਤੇ ਸੰਤੋਖ ਵਿੱਚ ਰਹਿੰਦੀਆਂ ਹਨ, ਨਿਤ ਨਿਤ ਹੀ ਆਪਣੇਂ ਪਤੀ (ਕੰਤ, ਸਾਂਈ, ਪ੍ਰਭੂ) ਨੂੰ ਸੇਵਦੀਆਂ, ਯਾਦ ਕਰਦੀਆਂ ਹਨ। ਜਿਸ ਇਸਤਰੀ ਨੇਂ ਆਪਣੇਂ ਪਤੀ ਨਾਲ ਇੱਕ ਵਾਰ ਮੇਲਾ ਕਰ ਲਿਆ ਹੁੰਦਾ ਹੈ, ਪਤੀ ਦੀ ਬਿਰਹਾ ਦਾ ਦੁਖ ਕੀ ਹੁੰਦਾ ਹੈ, ਸਿਰਫ ਉਹ ਹੀ ਜਾਣਦੀ ਹੈ। ਜਿਨ੍ਹਾਂ ਇਸਤਰੀਆਂ ਦਾ ਪਤੀ ਹੁੰਦਾ ਹੈ, ਉਹ ਇਸਤਰੀਆਂ ਹੀ ਆਪਣੇਂ ਪਤੀ ਨੂੰ ਸੇਵਦੀਆਂ ਜਾਂ ਯਾਦ ਕਰਦੀਆਂ ਹਨ। ਸੀਲ ਸੰਤੋਖ ਵਿੱਚ ਵੀ ਉਹੀ ਇਸਤਰੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਪਤੀ ਹੁੰਦਾ ਹੈ। ਅਤੇ ਉਹਨਾਂ ਨੂੰ ਹੀ ਪਤੀ ਦਾ ਭੈ ਅਤੇ ਭਾਉ ਹੁੰਦਾ ਹੈ, ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ। ਜਿਨਾਂ ਦਾ ਕੋਈ ਪਤੀ ਹੀ ਨਹੀਂ ਹੈ, ਜਾਂ ਜਿਨ੍ਹਾਂ ਨੇਂ ਆਪਣੇਂ ਪਤੀ ਨੂੰ ਜਾਣਿਆਂ ਹੀ ਨਹੀਂ, ਉਹਨਾਂ ਨੂੰ ਕਿਸੇ ਦੇ ਮਰਨ ਜਿਉਣ ਨਾਲ ਕੀ ਲੱਗੇ। ਉਹਨਾਂ ਨੂੰ ਕੀ ਲੋੜ ਹੈ, ਐਵੇਂ ਬਿਰਹਾ ਦੀ ਅੱਗ ਵਿੱਚ ਸੜਨ ਦੀ, ਉਹਨਾਂ ਨੂੰ ਕੀ ਲੋੜ ਹੈ, ਐਵੇਂ ਕਿਸੇ (ਪਤੀ) ਦਾ ਭੈ ਜਾਂ ਭਾਉ ਰੱਖਣ, ਜਾਂ ਐਵੇਂ ਹੀ ਸੀਲ ਸੰਤੋਖ ਰੱਖਦੀਆਂ ਫਿਰਨ, ਉਹਨਾਂ ਨੂੰ ਇਹਨਾਂ ਗੱਲਾਂ ਦੀ ਕੀ ਲੋੜ ਪਈ ਹੈ। ਉਹ ਤਾਂ ਅਜੇਹੀਆਂ ਗੱਲਾਂ ਸੁਣ ਕੇ ਦੂਰੋਂ ਹੀ ਭੱਜ ਜਾਂਦੀਆਂ ਹਨ। ਉਹਨਾਂ ਦੀ ਸੋਚ ਇਸ ਤਰਾਂ ਦੀ ਹੁੰਦੀ ਹੈ, ਕਿ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਜੋ ਮਨ ਕਹਿੰਦਾ ਹੈ ਕਰੀ ਜਾਉ।

ਮਃ ੩॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ ੩॥

ਪਉੜੀ॥ ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ॥ ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ॥ ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ॥ ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ॥ ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ॥ ੬॥

ਹੇ ਕਰਤਾਰ, ਦੁਖ ਅਤੇ ਸੁਖ ਦੋਵੇਂ ਤੂੰ ਹੀ ਬਨਾਏ ਹਨ, ਅਤੇ ਜੀਵਾਂ ਨੂੰ ਪੈਦਾ ਕਰਨ ਵੇਲੇ ਦੁਖ ਅਤੇ ਸੁਖ ਮੱਥੇ ਦੇ ਲੇਖਾਂ ਵਿੱਚ ਲਿਖ ਦਿੱਤੇ। ਨਾਮ ਦੀ ਦਾਤ ਦੇ ਬਰਾਬਰ ਹੋਰ ਕੋਈ ਦਾਤ ਨਹੀਂ, ਨਾਮ ਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ( “ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ” ਜਿਹੜੇ ਵੀਰ ਨਾਮ ਦੀ ਪਰਿਭਾਸ਼ਾ ਤੇ ਵਿਚਾਰ ਕਰਨਾਂ ਲੋਚਦੇ ਹਨ, ਉਹਨਾਂ ਵਾਸਤੇ ਇਹ ਗੱਲ ਨੋਟ ਕਰਨ ਵਾਲੀ ਹੈ) ਨਾਮ ਇੱਕ ਐਸਾ ਖਜ਼ਾਨਾਂ ਹੈ, ਜੋ ਕਦੇ ਮੁੱਕਦਾ ਨਹੀਂ, ਇਹ ਗੁਰਮੁਖਾਂ ਨੂੰ ਮਿਲਦਾ ਹੈ। ਜਿਨ੍ਹਾਂ ਨੂੰ ਕਿਰਪਾ ਕਰ ਕੇ ਗੁਰੂ ਨਾਮ ਦੇ ਦੇਂਦਾ ਹੈ, ਉਹਨਾਂ ਦੇ ਮੱਥੇ ਵਿਚ, ਫਿਰ ਹਰੀ ਲੇਖ ਨਹੀਂ ਲਿਖ ਸੱਕਦਾ। ਜਿਨ੍ਹਾਂ ਜੀਵਾਂ ਦੇ ਮਨ ਵਿੱਚ ਸੇਵਾ ਭਾਵ ਹੁੰਦਾ ਹੈ, ਜਿਨਾਂ ਨੇਂ ਨਾਮ ਦਾ ਜਾਪ ਕੀਤਾ, ਸਿਰਫ ਉਹੀ ਜੀਵ ਹਰੀ ਨਾਲ ਮਿਲਦੇ ਹਨ।

ਸਲੋਕੁ ਮਃ ੨॥ ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ॥ ੧॥

ਇਕ ਕਹਾਵਤ ਹੈ ਮਰਨਾਂ ਸੱਚ ਜਿਊਣਾਂ ਝੂਠ। ਜਿਨਾਂ ਨੂੰ ਇਹ ਪਤਾ ਲੱਗ ਗਿਆ, ਕੇ ਇਥੇ ਨਹੀਂ ਰਹਿਣਾਂ, ਉਹ ਬਹੁਤੇ ਜੰਜਾਲਾਂ ਵਿੱਚ ਨਹੀਂ ਪੈਂਦੇ। ਗੁਰੂ ਜੀ ਸਾਨੂੰ ਸਮਝਾਉਦੇ ਹਨ, ਕਿ ਜਿਹੜੇ ਬੰਦੇ ਮਮੂਲੀ ਜਿਹੀ ਇਸ ਚੱਲਣ ਵਾਲੀ ਗੱਲ ਨੂੰ ਤਾਂ ਸਮਝ ਨਹੀਂ ਸੱਕਦੇ, ਇਸ ਗੱਲ ਦੀ ਸਾਰ ਹੀ ਨਹੀਂ, ਪਰ ਉਹ ਦੁਨੀਆਂ ਦੇ ਕਾਜ ਸਵਾਰਨ ਹਾਰੇ ਬਨੇਂ ਹੋਇ ਹਨ।

ਮਃ ੨॥ ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ॥ ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ॥ ੨॥

ਜਿਊਣਾਂ ਰਾਤ ਹੈ, ਮਰਨਾਂ ਦਿਨ ਹੈ, “ਭਲਕੇ ਚਲਣੁ ਹੋਇ” ਜਦ ਭਲਕ ਹੋਵੇ ਗਾ, ਭਾਵ ਜਦ ਮੌਤ ਆਵੇ ਗੀ, ਤਾਂ ਨੀਦ ਤੋਂ ਜਾਗੇ ਗਾ। ਜਦ ਇਥੋਂ ਚੱਲਣ ਲੱਗੇ ਗਾ, ਤਾਂ ਫਿਰ ਇਹ ਬੰਦਾ ਬਹੁਤ ਪਛਤਾਵੇ ਗਾ। ਕਿਉਂ ਕੇ ਦਿਨ ਵਾਸਤੇ ਤਾਂ ਕੋਈ ਧਨ ਇਕੱਠਾ ਹੀ ਨਹੀਂ ਕੀਤਾ। ਜੋ ਧਨ ਇਕੱਠਾ ਕੀਤਾ ਸੀ ਉਹ ਤਾਂ ਰਾਤ ਵਾਸਤੇ ਸੀ। ਰਾਤ ਨੂੰ ਤਾਂ ਆਪਣੇਂ ਆਪ ਨੂੰ ਮਹਾਂਰਾਜਾ ਸਮਝਦਾ ਸੀ। ਸੁਪਨੇਂ ਦੀ ਬਾਦਸ਼ਾਹੀ ਅੱਖਾਂ ਖੁੱਲਦਿਆਂ ਹੀ ਖੱਤਮ ਹੋ ਜਾਂਦੀ ਹੈ। ਫਿਰ ਪਛਤਾਉਣ ਨਾਲ ਕੁੱਝ ਵੀ ਹਾਸਲ ਨਹੀਂ ਹੁੰਦਾ।

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥ ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ॥ ੩੮॥ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥ ੩੯॥ ਮਃ ੯॥

ਬੰਦਾ ਤਾਂ ਕੁੱਝ ਹੋਰ ਚਾਹੁੰਦਾ ਹੈ, ਪਰ ਹਰੀ ਕੁੱਝ ਹੋਰ ਹੀ ਕਰਦਾ ਹੈ। ਹਰ ਵੇਲੇ ਮਾਇਆ ਇਕੱਠੀ ਕਰਨ ਵਾਸਤੇ ਠੱਗੀਆਂ ਵਿੱਚ ਲੱਗਾ ਰਿਹਾ, ਪਰ ਖੁਦ ਹੀ ਠੱਗਿਆ ਗਿਆ, ਅਖੀਰ ਗਲ ਵਿੱਚ ਫਾਸੀ ਪੈ ਗਈ। ਰਾਤ ਦੇ ਝੂਠੇ ਸੁਖਾਂ ਵਾਸਤੇ ਤਾਂ ਬਹੁਤ ਹੀ ਜਤਨ ਕੀਤੇ। ਪਰ ਦਿਨ ਦੇ ਦੁੱਖਾਂ ਵਾਸਤੇ ਇੱਕ ਵੀ ਜਤਨ ਨਹੀਂ ਕੀਤਾ। ਹੇ ਮਨਾਂ ਹੁਣ ਭੁਗਤ, ਹਰੀ ਨੂੰ ਇਵੇਂ ਹੀ ਮਨਜੂਰ ਸੀ।

ਸੁਪਨੇ ਸੇਤੀ ਚਿਤੁ ਮੂਰਖਿ ਲਾਇਆ॥ ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ॥ ਆਰਜਾ ਗਈ ਵਿਹਾਇ ਧੰਧੈ ਧਾਇਆ॥ ਪੂਰਨ ਭਏ ਨ ਕਾਮ ਮੋਹਿਆ ਮਾਇਆ॥ ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ੭੦੭

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ॥ ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ॥ ੩੬॥ ਮਃ ੯॥

ਜਦੋਂ ਕੁੱਝ ਕਰਨ ਦਾ ਵੇਲਾ ਸੀ ਉਦੋਂ ਤਾਂ ਕੁੱਝ ਕੀਤਾ ਨਹੀਂ, ਉਦੋਂ ਝੂਠੇ ਧੰਦਿਆਂ ਦੇ ਲਾਲਚ ਲੱਗਾ ਰਿਹਾ। ਹੁਣ ਜਦ ਵੇਲਾ ਲੰਘ ਗਿਆ ਹੈ। ਹੇ ਅੰਧੇ ਮਨੁੱਖ ਹੁਣ ਕਿਉਂ ਰੋਂਦਾ ਹੈ।

ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ॥ ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ॥ ੧॥ ੭੦੫

ਮਃ ੨॥ ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ॥ ੩॥

ਜੋ ਮਨੁੱਖ ਕੋਈ ਕੰਮ ਮਜਬੂਰੀ ਵਿੱਚ ਬੱਧੋ-ਰੁੱਧੀ ਕਰਦਾ ਹੈ, ਉਸ ਦਾ ਕੋਈ ਲਾਭ ਨਾਹੀ, ਉਸਦਾ ਕੋਈ ਉਪਕਾਰ ਨਹੀ ਹੈ। ਹੇ ਨਾਨਕ! ਉਸ ਕੰਮ ਨੂੰ ਸਿਰੇ ਚੜ੍ਹਿਆ ਜਾਣੋ ਜੋ ਕੰਮ ਖੁਸ਼ੀ ਨਾਲ ਕੀਤਾ ਜਾਏ।

(ਊਪਰ ਲਿਖੇ ਇਹ ਹਨ ਅਰਥ ਇਸ ਸਲੋਕ॥ ੩॥ ਦੇ) ਇਹ ਸਲੋਕ ਇੱਕ ਕਹਾਵਤ ਹੈ, ਜੋ ਆਮ ਬੋਲੀ ਜਾਂਦੀ ਹੈ। ਜੇ ਤਾਂ ਅਸੀਂ ਇਸ ਸਲੋਕ ਦੇ ਸਿਰਫ ਇਹ ਹੀ ਅਰਥ ਕਰਾਂ ਗੇ, ਪਰ ਇਸ ਦੇ ਭਾਵ ਨੂੰ ਨਹੀਂ ਸਮਝਾਂ ਗੇ, ਤਾਂ ਇਸ ਨੂੰ ਅੱਖਰੀ ਅਰਥ ਕਹਿੰਦੇ ਹਨ। ਜਿਵੇਂ ਕੇ ਬਾਣੀਂ ਵਿੱਚ ਲਿਖਿਆ ਹੈ, “ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ॥”

ਕਹਾਵਤ ਹਮੇਸ਼ਾਂ ਕਿਸੇ ਪਰਥਾਏ ਬੋਲੀ ਜਾਂਦੀ ਹੈ। ਹੁਣ ਦੇਖਣਾਂ ਇਹ ਹੈ ਕਿ ਗੁਰੂ ਜੀ ਨੇਂ ਇਹ ਜੋ ਕਹਾਵਤ ਬਾਣੀਂ ਦੇ ਰੂਪ ਵਿੱਚ ਬੋਲੀ ਹੈ, ਇਸ ਦਾ ਕੀ ਭਾਵ ਹੈ, ਇਹ ਕਿਸ ਦੇ ਪ੍ਰਥਾਇ ਹੈ, ਇਸ ਕਹਾਵਤ ਦੀ ਇਥੇ ਲੋੜ ਕਿਉਂ ਪਈ। ਇਸ ਨੂੰ ਸਮਝਣ ਵਾਸਤੇ ਸਲੋਕ॥ ੨॥ ਅਤੇ ਸਲੋਕ॥ ੩॥ ਦੀ ਵਿਚਾਰ ਇਕੱਠਿਆਂ ਦੁਬਾਰਾ ਕਰਦੇ ਹਾਂ

ਮਃ ੨॥ ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ॥ ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ॥ ੨॥ ਮਃ ੨॥ ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ॥ ੩॥

ਜਦ ਭਲਕ ਹੋਵੇ ਗਾ, ਭਾਵ ਜਦ ਮੌਤ ਆਵੇ ਗੀ, ਤਾਂ ਨੀਦ ਤੋਂ ਜਾਗੇ ਗਾ। ਜਦ ਇਥੋਂ ਚੱਲਣ ਲੱਗੇ ਗਾ, ਤਾਂ ਫਿਰ ਇਹ ਬੰਦਾ ਬਹੁਤ ਪਛਤਾਵੇ ਗਾ। ਕਿਉਂ ਕੇ ਦਿਨ ਵਾਸਤੇ ਤਾਂ ਕੋਈ ਧਨ ਇਕੱਠਾ ਹੀ ਨਹੀਂ ਕੀਤਾ। ਜੋ ਧਨ ਇਕੱਠਾ ਕੀਤਾ ਸੀ ਉਹ ਤਾਂ ਰਾਤ ਵਾਸਤੇ ਸੀ, “ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ” ਫਿਰ ਬੰਦਾ ਲੰਘੇ ਵੇਲੇ ਨੂੰ ਝੂਰਦਾ ਹੈ, ਜਮਾਂ ਦੀ ਫਾਹੀ ਗਲ ਪੈ ਜਾਂਦੀ ਹੈ। ਫਿਰ ਇਹ ਮਨੁੱਖ ਬਚਾਅ ਵਾਸਤੇ ਪੁਕਾਰਾਂ ਕਰਦਾ ਹੈ, ਰੱਬ ਨੂੰ ਯਾਦ ਕਰਦਾ ਹੈ, ਬੇਨਤੀਆਂ ਕਰਦਾ ਹੈ। ਪਰ ਉਸ ਵੇਲੇ ਇਸ ਦੀ ਪੁਕਾਰ ਨੂੰ ਕੋਈ ਨਹੀਂ ਸੁਣਦਾ।

ਕਿਉਂ ਕੇ ਇਹ ਪੁਕਾਰ ਜਾਂ ਫਰਿਆਦ, ਬੱਧਾ ਚੱਟੀ ਭਰਨ ਵਾਲੀ ਗੱਲ ਹੁੰਦੀ ਹੈ। ਇਹ ਪੁਕਾਰ ਮਜਬੂਰੀ ਦੀ ਪੁਕਾਰ ਸੀ, ਜੇ ਸਮੇਂ ਰਹਿੰਦਿਆਂ ਖੁਸ਼ੀ ਨਾਲ ਉਸ ਪ੍ਰਭੂ ਦੇ ਨਾਂ ਦਾ ਜਾਪ ਕੀਤਾ ਹੁੰਦਾ, ਤਾਂ ਬੰਦੇ ਦੇ ਸਾਰੇ ਕਾਰਜ ਸੌਰ ਜਾਂਦੇ।

ਬਾਣੀਂ ਵਿੱਚ ਬਹੁਤ ਥਾਵਾਂ ਤੇ ਲਿਖਿਆ ਹੈ, ਕਿ ਜਦੋਂ ਬੰਦੇ ਦੇ ਸਿਰ ਤੇ ਜਮਾਂ ਦਾ ਡੰਡਾ ਪੈਦਾ ਹੈ, ਤਾਂ ਫਿਰ ਇਸ ਦੀ ਅੱਖ ਖੁੱਲਦੀ ਹੈ।

ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ॥ ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ॥ (੭੦੭)

ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ॥ ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ॥ ੨॥ ੭੩੧

ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ॥ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ॥ ੨॥ ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ॥ ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ॥ ੩॥ (੪੮੧)

ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ॥ ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ੪੭੮

ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ੮੭੦

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥ ੧॥ ੭੯੪

“ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ” ਬੰਦਾ ਬਹੁਤਾ ਜੀਵਨ ਮੰਗਦਾ ਹੈ, ਕੋਈ ਵੀ ਘੱਟ ਨਹੀਂ ਮੰਗਦਾ, ਪਰ ਜਮ ਸੁਆਸਾਂ ਦੀ ਗਿਨਤੀ ਕਰ ਰਿਹਾ ਹੈ, ਉਸ ਨੇਂ ਇੱਕ ਵੀ ਸੁਆਸ ਫਾਲਤੂ ਨਹੀਂ ਲੈਣ ਦੇਣਾਂ। ਜਦ ਤੱਕ ਸੁਆਸ ਹਨ, ਅਜੇ ਵੀ ਵੇਲਾ ਹੈ, ਬੇੜਾ ਬੰਨਣ ਦਾ। ਜਦੋਂ ਸਾਗਰ ਭਰ ਕੇ ਉਛਲਣ ਲੱਗਾ, ਫਿਰ ਤਰਿਆ ਨਹੀਂ ਜਾਣਾਂ।

ਬਲਦੇਵ ਸਿੰਘ ੨੧-੧੧-੧੦
.