.

ਗੁਰੁ ਨਾਨਕੁ ਤੁਠਾ, ਕੀਨੀ ਦਾਤਿ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ੴ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਸੰਪੂਰਣ ਗੁਰਬਾਣੀ `ਚ ਦਸਾਂ `ਚੋਂ ਛੇ ਗੁਰੂ ਵਿਅਕਤੀਆਂ ਦੀ ਬਾਣੀ ਦਰਜ ਹੋਈ ਹੈ। ਇਹ ਛੇ ਗੁਰੂ ਪਾਤਸ਼ਾਹੀਆਂ ਹਨ, ਪਹਿਲੀ ਪਾਤਸ਼ਾਹੀ ਤੋਂ ਪੰਜਵੀਂ ਪਾਤਸ਼ਾਹੀ ਉਪ੍ਰੰਤ ਨੌਂਵੇਂ ਪਾਤਸ਼ਾਹ ਦੀ ਬਾਣੀ। ਗੁਰਬਾਣੀ ਰਚਨਾ `ਤੇ ਮਹਲਾ ੧, ੨, ੩, ੪, ੫, ੯ ਲਫ਼ਜ਼ ਆਇਆ ਹੈ ਜੋ ਸਪਸ਼ਟ ਕਰ ਰਿਹਾ ਹੈ ਕਿ ਉਸ ਚੋਂ ਕਿਹੜੀ ਬਾਣੀ, ਕਿਸ ਗੁਰੂ ਵਿਅਕਤੀ ਦੀ ਰਚਨਾ ਹੈ। ਇਸ ਤੋਂ ਇਲਾਵਾ ਮੂਲ ਰੂਪ ਚ ਇਹ ਵੀ ਸੱਚ ਹੈ ਕਿ ਇਹਨਾ ਚੋਂ ਰਚਨਾ ਚਾਹੇ ਕੋਈ ਵੀ ਤੇ ਕਿਸੇ ਵੀ ਗੁਰੂ ਵਿਅਕਤੀ ਦੀ ਹੈ ਉਸ `ਚ ਸਾਰੇ ਗੁਰੂ ਵਿਅਕਤੀਆਂ ਲਈ ਕਾਵ ਪਦ “ਨਾਨਕ, ਨਾਨਕੁ ਜਾਂ ਨਾਨਕਿ” ਹੀ ਆਇਆ ਹੈ।

ਇਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਗੁਰੂ ਵਿਅਕਤੀਆਂ ਰਾਹੀਂ ਕਾਵ ਪਦ “ਨਾਨਕ, ਨਾਨਕੁ ਜਾਂ ਨਾਨਕਿ” ਵਰਤੇ ਜਾਣ ਤੋਂ ਇਲਾਵਾ ਵੀ ਇਸ ਦੇ ਪੰਜ ਰੂਪ ਆਏ ਹਨ। ਇਹ ਪੰਜ ਰੂਪ ਹਨ ‘ਗੁਰ ਨਾਨਕੁ, ਗੁਰੁ ਨਾਨਕੁ, ਗੁਰੁ ਨਾਨਕ, ਗੁਰੂ ਨਾਨਕੁ ਤੇ ਗੁਰਿ ਨਾਨਕਿ’। ਇਹਨਾ ਸਾਰੇ ਪਦਾਂ `ਚ ਵਿਆਕਰਣ ਅਨੁਸਾਰ ‘ਗੁਰੂ’ ਤੇ ‘ਨਾਨਕੁ’, ਇਹ ਦੋਵੇਂ ਪਦ ਸੰਬਧਕ ਹਨ ਅਤੇ ਅਰਥਾਂ ਲਈ ਇਹਨਾ ਨੂੰ ਇੱਕ ਦੂਜੇ ਤੋਂ ਨਿਖੇੜਿਆ ਤੇ ਵੱਖ ਵੀ ਨਹੀਂ ਕੀਤਾ ਜਾ ਸਕਦਾ। ਇਹਨਾ ਸਾਰੇ ਰੂਪਾਂ `ਚ ਗੁਰੂ ਪਦ ਨਿਰੋਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਲਈ ਹੀ ਆਇਆ ਹੈ, ਕਿਸੇ ਹੋਰ ਲਈ ਨਹੀਂ ਅਤੇ ਨਾ ਹੀ ਉਥੇ ਇਹ ਪਦ ਕਾਵਿ ਬੋਧਕ ਹੈ।

ਉਪ੍ਰੰਤ ਪ੍ਰਕਰਣ ਅਨੁਸਾਰ ਘੋਖਿਆਂ ਇਹ ਵੀ ਸਮਝ ਆਉਂਦੀ ਹੈ ਕਿ ਇਹ ਵਰਤੋਂ ਦੋ ਅਰਥਾਂ `ਚ ਹੈ। ਇਸ ਦਾ ਇੱਕ ਅਰਥ ਹੈ ਗੁਰੂ ਨਾਨਕ ਪਾਤਸ਼ਾਹ ਦਾ ਸਰੀਰ, ਉਸੇ ਗੁਰੂ ਅਥਵਾ ਸਤਿਗੁਰੂ ਦਾ ਪ੍ਰਗਟਾਵਾ ਹੈ, ਜਿਹੜਾ ਸਤਿਗੁਰੂ, ਸਦਾ ਥਿਰ, ਅਵਿਨਾਸ਼ੀ ਤੇ ਅਦਿ ਜੁਗਾਦੀ ਹੈ ਅਤੇ ਜੋ ਨਿਰੰਤਰ ਤੇ ਸਦੀਵੀ ਹੈ। ਉਹੀ ਗੁਰੂ ਅਥਵਾ ਸਤਿਗੁਰੂ “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨) ਭਾਵ ਜੋ ਪ੍ਰਭੂ ਅਕਾਲਪੁਰਖ ਤੋਂ ਭਿੰਨ ਨਹੀਂ। ਇਸੇ ਲਈ ਸਬੰਧਤ ਪਦਾਂ ਤੇ ਸ਼ਬਦਾਂ `ਚ ਇਹ ਲਫ਼ਜ਼ ਸਪਸ਼ਟ ਤੇ ਨਿਰੋਲ ਪਹਿਲੀ ਪਾਤਸ਼ਾਹੀ ਲਈ ਹੀ ਆਏ ਹਨ, ਕਿਸੇ ਹੋਰ ਲਈ ਨਹੀਂ।

ਦੂਜਾ-ਸੰਪੂਰਣ ਗੁਰਬਾਣੀ `ਚ ਸਿੱਖ ਨੂੰ ਜਿਸ ਗੁਰੂ ਨਾਲ ਜੁੜਣ ਲਈ ਤਾਕੀਦ ਕੀਤੀ ਗਈ ਹੈ ਉਹ ‘ਗੁਰੂ’ ਜੋ ਮੂਲ ਰੂਪ `ਚ “ਸਭ ਮਹਿ ਰਹਿਆ ਸਮਾਇ” (ਪੰ: ੭੫੯) ਹੈ ਉਹੀ ਪ੍ਰਤਖ ਗੁਰੂ, ਮਨੁੱਖ ਮਾਤ੍ਰ ਦੇ ਕਲਿਆਣ ਤੇ ਸੰਭਾਲ ਲਈ ਗੁਰਬਾਣੀ ਦੇ ਰੂਪ `ਚ ਨਾਨਕ ਪਾਤਸ਼ਾਹ ਦੇ ਸਰੀਰ ਰਾਹੀਂ ਉਜਾਗ੍ਰ ਹੋਇਆ ਹੈ। ਇਸ ਦੇ ਲਈ ਫ਼ੁਰਮਾਨ ਵੀ ਹਨ ਜਿਵੇਂ “ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ” (ਪੰ: ੬੨੮) ਅਤੇ “ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ.” (ਪੰ: ੭੨੨) ਅਥਵਾ “ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ” (ਪੰ: ੭੬੩) ਜਾਂ “ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ” (੫੧੫) ਆਦਿ ਅਨੇਕਾਂ ਗੁਰਬਾਣੀ ਪ੍ਰਮਾਣ ਇਸ ਦਾ ਪ੍ਰਤੱਖ ਸਬੂਤ ਹਨ। ਇਸ ਲਈ ਗੁਰਬਾਣੀ ਦਾ ਹੀ ਫ਼ੈਸਲਾ ਹੈ ਕਿ ਜਿਹੜਾ ਮਨੁੱਖ ਗੁਰੂ ਨਾਨਕ ਪਾਤਸ਼ਾਹ ਰਾਹੀਂ ਉਚਾਰਣ ਕੀਤੀ ਜਾਂ ਪ੍ਰਵਾਣ ਕੀਤੀ ਬਾਣੀ ਨਾਲ ਆਪਣੇ ਜੀਵਨ ਨੂੰ ਜੋੜੇਗਾ, ਉਸ ਅੰਦਰੋਂ ਹਉਮੈ ਆਦਿ ਵਿਕਾਰਾਂ-ਅਉਗੁਣਾ-ਤ੍ਰਿਸ਼ਨਾ-ਭਟਕਣਾ ਆਦਿ ਦਾ ਨਾਸ ਹੋ ਜਾਵੇਗਾ। ਅਜਿਹੇ ਜਗਿਆਸੂ ਦੀ ਸਿੱਧੀ ਸਾਂਝ ਆਪਣੇ ਕਰਤੇ ਅਕਾਲਪੁਰਖ ਨਾਲ ਹੀ ਬਣ ਆਵੇਗੀ, ਕਿਸੇ ਵਿਚੋਲੇ ਨਾਲ ਨਹੀਂ।

ਇਸ ਦੇ ਨਾਲ ਇਸ ਸਬੰਧ `ਚ ਇੱਕ ਨੁੱਕਤਾ ਹੋਰ ਵੀ ਖ਼ਾਸ ਧਿਆਨ ਮੰਗਦਾ ਹੈ ਉਹ ਇਹ ਕਿ ਗੁਰਬਾਣੀ `ਚ ਉਹ ਜਿਤਨੇ ਵੀ ਸ਼ਬਦ ਹਨ ਜਿਨ੍ਹਾਂ `ਚ ‘ਗੁਰ ਨਾਨਕੁ, ਗੁਰੁ ਨਾਨਕੁ, ਗੁਰੁ ਨਾਨਕ, ਗੁਰੂ ਨਾਨਕੁ, ਗੁਰਿ ਨਾਨਕਿ’ ਪਦ ਆਏ ਹਨ ਸਾਰੇ ਦੇ ਸਾਰੇ ਦੂਜੇ, ਤੀਜੇ, ਚੌਥੇ, ਪੰਜਵੇਂ ਪਾਤਸ਼ਾਹ ਦੇ, ਗੁਰੂ ਨਾਨਕ ਪਾਤਸ਼ਾਹ ਲਈ ਹੀ ਉਚਾਰਣ ਕੀਤੇ ਹੋਏ ਹਨ, ਇਹਨਾ `ਚ ਇੱਕ ਵੀ ਰਚਨਾ ਪਹਿਲੇ ਪਾਤਸ਼ਾਹ ਦੀ ਨਹੀਂ। ਇਸ ਤਰ੍ਹਾਂ ਇਹਨਾ ਸਬੰਧਤ ਸ਼ਬਦਾਂ `ਚ ਸਪਸ਼ਟ ਕੀਤਾ ਗਿਆ ਹੈ ਕਿ ਜੋ ਵੀ ਮਨੁੱਖ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਅਤੇ ਧੁਰ ਕੀ ਬਾਣੀ ਰਾਹੀਂ ਬਖ਼ਸ਼ੇ ਜੀਵਨ ਰਾਹ `ਤੇ ਚਲਦੇ ਹਨ ਉਹ ਸਾਰੇ ਆਪਣੇ ਜੀਵਨ ਨੂੰ ਵਿਕਾਰਾਂ, ਅਉਗੁਣਾਂ, ਆਸ਼ਾ-ਮਨਸ਼ਾ, ਤ੍ਰਿਸ਼ਨਾ-ਭਟਕਣਾ-ਮੰਗਾਂ ਤੋਂ ਸੁਰਖਰੂ ਹੋ ਕੇ ਟਿਕਾਅ ਵਾਲੇ ਸੰਤੋਖੀ ਜੀਵਨ ਨੂੰ ਪ੍ਰਾਪਤ ਹੁੰਦੇ ਹਨ। ਇਸ ਤਰ੍ਹਾਂ ਅਜਿਹੇ ਗੁਰਮੁਖ ਜਨ ਮੁੜ ਜਨਮ-ਮਰਣ `ਚ ਨਹੀਂ ਆਉਂਦੇ ਬਲਕਿ ਜੀਉਂਦੇ ਜੀਅ ਪ੍ਰਭੂ ਚ ਹੀ ਅਭੇਦ ਹੋ ਜਾਂਦੇ ਹਨ।

ਜਦਕਿ ਇਹ ਵੀ ਸੱਚ ਹੈ ਕਿ ਪਹਿਲੇ ਤੋਂ ਦਸਵੇਂ ਪਾਤਸ਼ਾਹ ਤੱਕ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰ: ੯੬੬) ਭਾਵ ਸਾਰੇ ਗੁਰੂ ਸਰੀਰਾਂ ਅੰਦਰ ਇੱਕੋ ਹੀ ਗੁਰੂ ਜੋਤ ਦਾ ਪ੍ਰਕਾਸ਼ ਹੈ, ਭਿੰਨ ਭਿੰਨ ਨਹੀਂ। ਇਸ ਤਰ੍ਹਾਂ ਉਸੇ ਹੀ ਆਤਮਕ ਗਿਆਨ ਅਥਵਾ ਗੁਰੂ ਜੋਤ ਦਾ ਸਦੀਵੀ ਪ੍ਰਗਟਾਵਾ ਤੇ ਪ੍ਰਕਾਸ਼ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”।

ਇਸ ਲਈ ਵਿਸ਼ੇ ਨੂੰ ਸਮਝਣ ਲਈ ਇਸ ਗੁਰਮਤਿ ਪਾਠ `ਚ ਅਸੀਂ ਬਿਨਾ ਕਿਸੇ ਹੋਰ ਵੇਰਵੇ ਦੇ ਕੇਵਲ ਵੰਣਗੀ ਮਾਤ੍ਰ ਕੁੱਝ ਟੂਕਾਂ ਦੇ ਅਰਥ ਦੇ ਰਹੇ ਹਾਂ ਜਿਨ੍ਹਾਂ `ਚ ‘ਗੁਰ ਨਾਨਕੁ, ਗੁਰੁ ਨਾਨਕ, ਗੁਰੁ ਨਾਨਕ, ਗੁਰੂ ਨਾਨਕੁ, ਗੁਰਿ ਨਾਨਕਿ’ ਪਦ ਆਏ ਹਨ ਤੇ ਵਿਆਕਰਣ ਅਨੁਸਾਰ ਜੋ ਸ਼ਬਦਾਵਲੀ ਨਿਰੋਲ ਤੇ ਸਪਸ਼ਟ ਗੁਰੂ ਨਾਨਕ ਪਾਤਸ਼ਾਹ ਲਈ ਹੀ ‘ਗੁਰੂ ਲਫ਼ਜ਼ ਨਾਲ ਆਈ ਹੈ।

ਇਹ ਵੱਖਰੀ ਗੱਲ ਹੈ ਕਿ ਇਹਨਾ ਸਬੰਧਤ ਟੂਕਾਂ, ਪ੍ਰਮਾਣਾਂ `ਚੋਂ ਜਿਹੜੀਆਂ ਕੁੱਝ ਦੇ ਰਹੇ ਹਾਂ ਉਹਨਾਂ ਦੇ ਹੂ-ਬ-ਹੂ ਅਰਥ ਵੀ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਲਿਖਤ ‘ਗੁਰੂ ਗ੍ਰੰਥ ਦਰਪਣ’ ਚੋਂ ਹੀ ਦੇ ਰਹੇ ਹਾਂ ਤਾ ਕਿ ਇਸ ਸਚਾਈ ਤੋਂ ਸੰਗਤਾਂ ਭਲੀ ਪ੍ਰਕਾਰ ਵਾਕਿਫ਼ ਹੋ ਜਾਣ। ਇਸ ਤੋਂ ਬਾਅਦ ਸਨਿਮ੍ਰ ਬੇਨਤੀ ਹੈ ਕਿ ਆਪਣੀ ਤਿਆਰੀ ਲਈ ਜਾਂ ਆਪਣੇ ਸ਼ੰਕੇ ਨੂੰ ਨਿਵਰਿਤ ਕਰਣ ਲਈ ਜੇ ਕਰ ਕੁੱਝ ਸੱਜਨ ਚਾਹੁਣ ਤਾਂ ਖ਼ੁਦ ਪ੍ਰੈਫ਼ੈਸਰ ਸਾਹਿਬ ਰਾਹੀਂ ਲਿਖਤ ‘ਗੁਰੂ ਗ੍ਰੰਥ ਦਰਪਣ’ ਦੀਆਂ ਸਬੰਧਤ ਸੈਂਚੀਆਂ `ਚੋ ਬਾਕੀ ਅਜਿਹੀਆਂ ਬੇਅੰਤ ਟੂਕਾਂ ਨੂੰ ਵੀ ਆਪ ਘੋਖ ਲੈਣ। ਇਸ ਲਈ ਵਿਸ਼ੇ ਵੱਲ ਅੱਗੇ ਵਧਣ ਲਈ ਕੁੱਝ ਟੂਕਾਂ ਅਰਥਾਂ ਸਮੇਤ:

() “ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ॥ ਜਨਮ ਮਰਣ ਦੋਊ ਦੁਖ ਭਾਗੇ॥ ੩॥ ਭਗਤ ਜਨਾ ਕਉ ਹਰਿ ਕਿਰਪਾ ਧਾਰੀ॥ ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ” (ਮ: ੪-ਪੰ: ੧੧੭੮) ਅਰਥ- ਹੇ ਭਾਈ! ਆਪਣੇ ਭਗਤਾਂ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ (ਉਹਨਾਂ ਨੂੰ ਗੁਰੂ ਮਿਲਾਂਦਾ ਹੈ)। ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੋਇਆ, ਉਸ ਨੂੰ ਪਰਮਾਤਮਾ ਮਿਲ ਪਿਆ”।

() “ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ॥ ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ” (ਮ: ੪-ਪੰ: ੧੨੬੪) ਅਰਥ- “ਹੇ ਭਾਈ! (ਉੱਚੇ ਆਤਮਕ ਜੀਵਨ ਦਾ ਜਿਹੜਾ) ਲੱਛਣ ਪਰਮਾਤਮਾ ਦਾ ਹੁੰਦਾ ਹੈ (ਸਿਮਰਨ ਦੀ ਬਰਕਤਿ ਨਾਲ) ਉਹੀ ਲੱਛਣ ਪਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਵਿੱਚ ਟਿਕਾਈ ਰੱਖਦਾ ਹੈ। ਹੇ ਭਾਈ! ਸਭ ਜੀਵਾਂ ਵਿੱਚ ਇਕੋ ਹਰੀ ਦੀ ਜੋਤਿ ਵੇਖਣ ਵਾਲਾ ਗੁਰੂ ਨਾਨਕ (ਹਰ ਵੇਲੇ) ਸਲਾਹੁਣ-ਜੋਗ ਹੈ, ਜਿਸ ਨੇ ਆਪ ਨਿੰਦਾ ਤੇ ਖ਼ੁਸ਼ਾਮਦ (ਦੀ ਨਦੀ) ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਵਿਚੋਂ ਪਾਰ ਲੰਘਾ ਦੇਂਦਾ ਹੈ”।

() “ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ॥ ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ” (ਮ: ੫ ਪੰ: ੩੭੫) ਅਰਥ- ਹੇ ਨਾਨਕ! ਜਿਸ ਮਨੁੱਖ ਉਤੇ ਸਤਿਗੁਰੂ ਨਾਨਕ ਤੁ੍ਰੱਠਦਾ ਹੈ (ਪ੍ਰਸੰਨ ਹੋ ਪਿਆ) ਉਸ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪਿਆ, ਉਸ ਦੀ (ਜ਼ਿੰਦਗੀ ਦੀ) ਰਾਤ ਸੁਖ ਵਿੱਚ ਆਤਮਕ ਅਡੋਲਤਾ ਵਿੱਚ ਬੀਤਣ ਲੱਗ ਪਈ।

() “ਆਸਾ ਮਹਲਾ ੫॥ ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥ ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥ ੧ਜੰਮਿਆ ਪੂਤ, ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਰਹਾਉ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥ ਮਿਟਿਆ ਸੋਗੁ ਮਹਾ ਅਨੰਦੁ ਥੀਆ॥ ਗੁਰਬਾਣੀ ਸਖੀ ਅਨੰਦੁ ਗਾਵੈ॥ ਸਾਚੇ ਸਾਹਿਬ ਕੈ ਮਨਿ ਭਾਵੈ॥ ੨॥ ਵਧੀ ਵੇਲਿ ਬਹੁ ਪੀੜੀ ਚਾਲੀ॥ ਧਰਮ ਕਲਾ ਹਰਿ ਬੰਧਿ ਬਹਾਲੀ॥ ਮਨ ਚਿੰਦਿਆ ਸਤਿਗੁਰੂ ਦਿਵਾਇਆ॥ ਭਏ ਅਚਿੰਤ ਏਕ ਲਿਵ ਲਾਇਆ॥ ੩॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥ ਬੁਲਾਇਆ ਬੋਲੈ ਗੁਰ ਕੈ ਭਾਣਿ॥ ਗੁਝੀ ਛੰਨੀ ਨਾਹੀ ਬਾਤ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ ੪॥” (ਮ: ੫-ਪੰ: ੩੯੬)

ਨੋਟ: ਇਸ ਸ਼ਬਦ ਅੰਦਰ ਜੰਮਿਆ ਪੂਤ, ਭਗਤੁ ਗੋਵਿੰਦ ਕਾ ਪੰਕਤੀ ਵਿਸ਼ੇਸ਼ ਧਿਆਨ ਮੰਗਦੀ ਹੈ ਜੋ ਕਿ ਹੈ ਹੀ ਗੁਰੂ ਨਾਨਕ ਪਾਤਸ਼ਾਹ ਲਈ ਅਤੇ ਕਿਸੇ ਸਾਧਾਰਣ ਮਨੁੱਖ `ਤੇ ਲਾਗੂ ਹੀ ਨਹੀਂ ਹੁੰਦੀ। ਤਾਂ ਤੇ ਸ਼ਬਦ ਦੇ ਅਰਥ ਹਨ: ਅਰਥ- ਹੇ ਭਾਈ! ਗੁਰੂ ਨਾਨਕ) ਪਰਮਾਤਮਾ ਦਾ ਭਗਤ ਜੰਮਿਆ (ਪਰਮਾਤਮਾ ਦਾ) ਪੁੱਤਰ ਜੰਮਿਆ (ਉਸ ਦੀ ਬਰਕਤਿ ਨਾਲ ਉਸ ਦੀ ਸਰਨ ਆਉਣ ਵਾਲੇ) ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ (ਸੇਵਾ-ਭਗਤੀ ਦਾ) ਲੇਖ ਉੱਘੜ ਰਿਹਾ ਹੈ। ਰਹਾਉ।

(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ। (ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿੱਚ (ਬੱਚਾ) ਆ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿੱਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ)। ੧।

(ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ ਪੁੱਤਰ ਜੰਮਦਾ ਹੈ (ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ; (ਤਿਵੇਂ ਜੇਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੀ ਹੈ ਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਦੀ ਹੈ। ੨।

(ਹੇ ਭਾਈ! ਜੇਹੜੇ ਵਡ-ਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇੱਕ ਪਰਮਾਤਮਾ ਵਿੱਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ਸਤਿਗੁਰੂ ਉਹਨਾਂ ਨੂੰ ਮਨ-ਇੱਛਤ ਫਲ ਦੇਂਦਾ ਹੈ, ਗੁਰੂ ਉਹਨਾਂ ਗੁਰਸਿੱਖਾਂ ਵਿੱਚ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦੇਂਦਾ ਹੈ, ਇਹ ਗੁਰਸਿੱਖ ਹੀ (ਗੁਰੂ ਦੀ ਪਰਮਾਤਮਾ ਦੀ) ਵਧ-ਰਹੀ ਵੇਲ ਹਨ ਚੱਲ-ਰਹੀ ਪੀੜ੍ਹੀ ਹਨ। ੩।

(ਹੇ ਭਾਈ!) ਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ (ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ (ਜਿਸ ਨੂੰ ਨਾਮਿ ਦੀ) ਦਾਤਿ ਦੇਂਦਾ ਹੈ ਉਹ ਜੋ ਕੁੱਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿੱਚ ਹੀ ਬੋਲਦਾ ਹੈ (ਉਹ ਆਪਣੇ ਗੁਰੂ ਉੱਤੇ ਇਉਂ ਫ਼ਖ਼ਰ ਕਰਦਾ ਹੈ) ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਪਾਸੋਂ)। ੪।

() “…ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ॥ ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ॥ ੩॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ॥ ੪॥ (ਮ: ੫ ਪੰ: ੬੧੨)

ਅਰਥ- “…. ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈ ਉਸ ਦੇ ਗੁਣਾਂ ਨੂੰ ਹੱਦ-ਬੰਦੀ ਵਿੱਚ ਲਿਆ ਕੇ ਬਿਆਨ ਕਰਦਾ ਹਾਂ। ਮੈ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ? ਹੇ ਭਾਈ! ਮੈ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ। ੩।

ਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਹੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ੪। ੨। ੧੩।”

() “ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ॥ ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ॥ ੪॥” (ਮ: ੫-ਪੰ: ੭੪੭) ਅਰਥ- “… ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)। ਹੇ ਪ੍ਰਭੂ! ਮੈ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ। ੪।”

() “ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ” (ਮ: ੫ ਪੰ: ੭੫੦) ਅਰਥ- “ਹੇ ਮੇਰੇ ਮਾਲਕ-ਪ੍ਰਭੂ! ਮੈ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿੱਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿੱਚ ਜੋੜ ਦਿੱਤਾ)। ੪।”

() “----ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ॥ ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ॥ ੩॥” (ਮ: ੫-ਪੰ: ੭੬੩) ਅਰਥ- ----ਜਿਸ (ਸੁਭਾਗ ਬੰਦੇ) ਉਤੇ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ। (ਗੁਰੂ ਨਾਨਕ ਦੀ ਮੇਹਰ ਦਾ ਸਦਕਾ ਮੈ ਪੂਰਨ ਤੌਰ ਤੇ ਰੱਜ ਗਿਆ ਹਾਂ, ਮੈਨੂੰ ਹੁਣ ਮਾਇਆ ਦੀ ਕੋਈ ਭੁੱਖ ਨਹੀਂ ਸਤਾਂਦੀ। ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈ ਨਿਮ੍ਰਤਾ-ਅਧੀਨਗੀ ਨਾਲ ਉਸ ਦੀ ਪੈਰੀਂ ਲੱਗਦਾ ਹਾਂ। ੩।

() “ਅਨਦੁ ਕਰਹੁ ਮਿਲਿ ਸੁੰਦਰ ਨਾਰੀ॥ ਗੁਰਿ ਨਾਨਕਿ ਮੇਰੀ ਪੈਜ ਸਵਾਰੀ” (ਮ: ੫, ਪੰ: ੮੦੬) ਅਰਥ- ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ। ਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ। ੨।

() “ਤਾਪੁ ਲਾਹਿਆ ਗੁਰ ਸਿਰਜਨਹਾਰਿ॥ ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ॥ ੧॥ ਰਹਾਉ॥ ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ॥ ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋੑ॥ ੧॥ ਦਾਸ ਕੀ ਲਾਜ ਰਖੈ ਮਿਹਰਵਾਨੁ॥ ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ” (ਮ: ੫, ਪੰ: ੮੨੧) ਅਰਥ-—ਹੇ ਭਾਈ! ਗੁਰੂ ਨੇ ਕਰਤਾਰ ਨੇ (ਆਪ ਬਾਲਕ ਹਰਿਗੋਬਿੰਦ ਦਾ) ਤਾਪ ਉਤਾਰਿਆ ਹੈ। ਮੈ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਨੇ ਸਾਰੇ ਸੰਸਾਰ ਵਿੱਚ (ਮੇਰੀ) ਇੱਜ਼ਤ ਰੱਖ ਲਈ ਹੈ (ਨਹੀਂ ਤਾਂ, ਭਰਮੀ ਲੋਕ ਤਾਂ, ਸੀਤਲਾ ਦੇਵੀ ਆਦਿਕ ਦੀ ਪੂਜਾ ਵਾਸਤੇ ਬਥੇਰੀ ਪ੍ਰੇਰਨਾ ਕਰਦੇ ਰਹੇ)। ੧। ਰਹਾਉ। ਹੇ ਭਾਈ! ਪ੍ਰਭੂ ਨੇ ਆਪਣਾ ਹੱਥ (ਬਾਲਕ ਦੇ) ਸਿਰ ਉਤੇ ਰੱਖ ਕੇ ਬਾਲਕ ਨੂੰ (ਤਾਪ ਤੋਂ) ਬਚਾ ਲਿਆ (ਨਿਰਾ ਤਾਪ ਤੋਂ ਹੀ ਨਹੀਂ ਬਚਾਇਆ, ਅੱਨ-ਪੂਜਾ ਤੋਂ ਬਚਾ ਕੇ) ਪ੍ਰਭੂ ਨੇ ਆਤਮਕ ਜੀਵਨ ਦੇਣ ਵਾਲਾ ਤੇ ਸਭ ਤੋਂ ਸ੍ਰੇਸ਼ਟ ਰਸ ਵਾਲਾ ਆਪਣਾ ਨਾਮ ਭੀ ਦਿੱਤਾ ਹੈ। ੧। (ਹੇ ਭਾਈ! ਚੇਤਾ ਰੱਖ) ਗੁਰੂ ਨਾਨਕ (ਉਹੀ ਕੁਝ) ਆਖਦਾ ਹੈ (ਜੋ ਪਰਮਾਤਮਾ ਦੀ) ਦਰਗਾਹ ਵਿੱਚ ਪਰਵਾਨ ਹੈ (ਤੇ, ਗੁਰੂ ਨਾਨਕ ਆਖਦਾ ਹੈ ਕਿ) ਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ (ਜ਼ਰੂਰ) ਰੱਖਦਾ ਹੈ (ਸੋ, ਹੇ ਭਾਈ! ਦੁੱਖ-ਕਲੇਸ਼ ਵੇਲੇ ਘਬਰਾ ਕੇ ਹੋਰ ਹੋਰ ਆਸਰੇ ਨਾਹ ਭਾਲਦੇ ਫਿਰੈ।

() “ਗੁਰੁ ਪੂਰਾ ਪਾਈਐ ਵਡਭਾਗੀ॥ ਗੁਰ ਕੀ ਸੇਵਾ ਦੂਖੁ ਨ ਲਾਗੀ॥ ਗੁਰ ਕਾ ਸਬਦੁ ਨ ਮੇਟੈ ਕੋਇ॥ ਗੁਰ ਨਾਨਕੁ, ਨਾਨਕੁ ਹਰਿ ਸੋਇ” (ਮ: ੫, ਪੰ: ੮੬੪) ਅਰਥ- “ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ। ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ। (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ। ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ”।

() “ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ” (ਮ: ੫-ਪ: ੧੦੦੧) ਅਰਥ- “ਹੇ ਭਾਈ! ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇੱਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ। ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ”।

() ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ॥ ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ॥ ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ॥ ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ॥ ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ” (ਮ: ੫-ਪੰ੧੦੯੮) ਅਰਥ- “ਤੂੰ ਮੇਰਾ ਸਤਵੰਤਾ ਸਾਈਂ (ਮੇਰੇ ਸਿਰ ਉਤੇ) ਹੈਂ, ਤੂੰ ਮੇਰੀਆਂ ਸਾਰੀਆਂ ਇੰਦ੍ਰੀਆਂ ਮੇਰੇ ਕਾਬੂ ਵਿੱਚ ਕਰ ਦਿੱਤੀਆਂ ਹਨ, ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ)। ਗੁਰੂ ਨੇ (ਮੇਰੇ ਮਨ ਨੂੰ) ਅੰਦਰ ਵਲ ਪਰਤਾ ਦਿੱਤਾ ਹੈ, ਹੁਣ ਮੈ ਜੋ ਕੁੱਝ ਇੱਛਾ ਕਰਦਾ ਹਾਂ ਉਹੀ ਫਲ ਪ੍ਰਾਪਤ ਕਰ ਲੈਂਦਾਹਾਂ। ਹੇ ਭਰਾਵੋ! ਮੇਰੇ ਉਤੇ ਗੁਰੂ ਨਾਨਕ ਪਰਸੰਨ ਹੋ ਪਿਆ ਹੈ, (ਉਸ ਦੀ ਮੇਹਰ ਨਾਲ) ਮੈਨੂੰ ਪ੍ਰਭੂ (ਆਪਣੇ) ਨੇੜੇ ਵੱਸਦਾ ਦਿੱਸਦਾ ਹੈ”

() “ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ॥ ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ॥ ਸਚਿ ਸਿਰਜਿ੍ਯ੍ਯਉ ਸੰਸਾਰੁ ਆਪਿ ਆਭੁਲੁ ਨ ਭੁਲਉ॥ ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ॥ ਜਿਹ ਕ੍ਰਿਪਾਲੁ ਹੋਯਉ ਗ+ਬਿੰਦੁ ਸਰਬ ਸੁਖ ਤਿਨਹੂ ਪਾਏ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ” (ਮ: ੫-ਪੰ੧੩੮੬) ਅਰਥ- “— ਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤਿ ਵਿੱਚ ਪ੍ਰੇਮ (ਪੈ ਗਿਆ ਹੈ)। (ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ”।

() “ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ” (ਮ: ੫-ਪੰ੧੩੮੬) ਅਰਥ- — ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ। ਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ”

() “ਜਿਹ ਕਾਟੀ ਸਿਲਕ ਦਯਾਲ ਪ੍ਰਭਿ, ਸੇਇ ਜਨ ਲਗੇ ਭਗਤੇ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ, ਤੇ ਇਤ ਉਤ ਸਦਾ ਮੁਕਤੇ” (ਮ: ੫-ਪੰ੧੩੮੬) ਅਰਥ- “— ਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿੱਚ ਜੁੜ ਗਏ ਹਨ। (ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿੱਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ”

() “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ” (ਪੰ: ੧੪੦੮) ਅਰਥ- “— ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ।

(ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ; (ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ।

ਮਥੁਰਾ ਆਖਦਾ ਹੈ— ‘ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ”

ਇਸੇ ਤਰ੍ਹਾਂ ਭਟਾਂ ਦੇ ਸਵਯਾਂ `ਚ ਕੇਵਲ ਗੁਰੂ ਨਾਨਕ ਪਾਤਸ਼ਾਹ ਲਈ ਹੀ ਨਹੀਂ ਦੂਜੀਆਂ ਗੁਰੂ ਪਾਤਸ਼ਾਹੀਆਂ ਲਈ ਵੀ ਗੁਰੂ ਪਦ ਬਹੁਤ ਵਾਰੀ ਵਰਤਿਆ ਹੈ। ਜਿਸ ਬਾਰੇ ਕੁੱਝ ਜ਼ਿਕਰ ਅਸੀਂ ਗੁਰਮਤਿ ਪਾਠ ੨੧੧ `ਚ ਕੀਤਾ ਹੈ। ਜਦਕਿ ਸਬੰਧਤ ਵਿਸ਼ੇ ਨਾਲ ਗੁਰਬਾਣੀ `ਚ ਹੋਰ ਵੀ ਬਹੁਤੇਰੇ ਸ਼ਬਦ ਹਨ ਜਿਨ੍ਹਾਂ `ਚ ਸਪਸ਼ਟ ਤੌਰ `ਤੇ ਪਹਿਲੇ ਪਾਤਸ਼ਾਹ ਨੂੰ ਹੀ ਗੁਰੂ ਨਾਨਕ ਕਰਕੇ ਬਿਆਨਿਆ ਹੈ ਜਾਂ ਉਹਨਾਂ ਦੇ ਸਰੀਰ ਰਾਹੀਂ ਉਸ ਸਦੀਵੀ ਤੇ ਸਦਾ ਥਿਰ ਗੁਰੂ ਦੇ ਪ੍ਰਕਟ ਹੋਣ ਦੀ ਗੱਲ ਦ੍ਰਿੜ ਕਰਵਾਈ ਹੈ।

ਇਸ ਸਾਰੇ ਦੇ ਬਾਵਜੂਦ ਸਮਝਣ ਵਾਲਾ ਵਿਸ਼ਾ ਇਹ ਹੈ ਕਿ ਮੂਲ ਰੂਪ `ਚ ਗੁਰਬਾਣੀ ਅਨੁਸਾਰ ਸਾਰੇ ਸੰਸਾਰ ਦਾ ਗੁਰੂ ਇੱਕੋ ਹੀ ਹੈ ਜੋ ਸਦੀਵੀ ਹੈ ਤੇ ਗੁਰੂ ਕਦੇ ਵੀ ਬਹੁਤੇ ਨਹੀਂ ਹਨ। ਬਲਕਿ ਗੁਰਬਾਣੀ ਅਨੁਸਾਰ ਕੇਵਲ ਗੁਰੂ ਹੀ ਨਹੀਂ ਸਾਰੇ ਮਨੁੱਖ ਮਾਤ੍ਰ ਲਈ ਸੱਚ ਧਰਮ, ਮਨੁੱਖੀ ਭਾਈਚਾਰਾ ਤੇ ਰਚਨਾ ਦਾ ਕਰਤਾ ਅਕਾਲਪੁਰਖ ਵੀ ਇਕੋ ਹੀ ਹੈ।

ਇਸੇ ਤਰ੍ਹਾਂ ਦਸੋਂ ਹੀ ਗੁਰੂ ਵਿਅਕਤੀ ਉਸੇ ਇਕੋ ਗੁਰੂ ਜੋਤ ਦਾ ਹੀ ਪ੍ਰਗਟਾਵਾ ਹਨ ਇਸ ਲਈ ਸੰਸਾਰ ਤੱਲ ਦੇ ਗੁਰੂ ਹਨ। ਉਹ ਸਾਰੇ ਉਸੇ ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯) “ਗੁਰ ਕੀ ਮਹਿਮਾ ਕਿਆ ਕਹਾ, ਗੁਰੁ ਬਿਬੇਕ ਸਤ ਸਰੁ॥ ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ” (ਪੰ: ੩੯੭) ਸਦੀਵੀ ਗੁਰੂ ਦਾ ਜੰਮਾਂਦਰੂ ਪ੍ਰਗਟਾਵਾ ਹਨ ਅਤੇ ਉਹਨਾਂ ਕਾਰਨ ਹੀ ਸੰਸਾਰ ਨੂੰ ਸਦੀਵ ਕਾਲ ਲਈ ਜੁਗੋ ਜੁਗ ਅਟੱਲ ਸਤਿਗੁਰੂ “ਸਾਹਿਬ ਸ੍ਰੀ ਗ੍ਰੁੰਥ ਸਾਹਿਬ ਜੀ” ਪ੍ਰਾਪਤ ਹੋ ਸਕੇ ਵਰਨਾ ਸੰਸਾਰ ਨੂੰ ਇਹ ਦੇਣ ਕਦੇ ਵੀ ਸੰਭਵ ਨਹੀਂ ਸੀ ਹੋ ਸਕਦੀ।

ਨੁੱਕਸ ਹੈ ਤਾਂ ਸਾਡੇ ਪ੍ਰਚਾਰ `ਚ- ਇਸ ਲਈ ਲੋੜ ਇਹ ਨਹੀਂ ਕਿ ਚੂੰੀਕ ਦੰਭੀਆਂ-ਪਾਖੰਡੀਆਂ ਰਾਹੀਂ ਗੁਰੂ ਤੇ ਸਤਿਗੁਰੂ ਆਦਿ ਅਬਦਾਵਲੀ ਦੀ ਕੁਵਰਤੋਂ ਹੋ ਰਹੀ ਅਸੀਂ ਉਹਨਾਂ ਤੋਂ ਡਰ ਜਾਂ ਘਾਬਰ ਕੇ ਗੁਰੂ ਨਾਨਕ ਪਾਤਸ਼ਾਹ ਜਾਂ ਬਾਕੀ ਗੁਰੂ ਹਸਤੀਆਂ ਲਈ ਗੁਰੂ ਪਦ ਵਰਤਣ ਤੋਂ ਪਰਹੇਜ਼ ਕਰੀਏ। ਲੋੜ ਹੈ ਤਾਂ ਸਾਨੂੰ ਆਪਣੇ ਪ੍ਰਚਾਰ ਤੇ ਬੋਲੀ `ਚ ਸੁਧਾਰ ਕਰਣ ਦੀ।

ਗੁਰੂ ਪਦ ਦੀ ਅਜੋਕੀ ਕੁਵਰਤੋਂ ਦੇ ਦੋ ਮੁਖ ਕਾਰਨ ਹਨ। ਪਹਿਲਾ ਇਹ ਕਿ ਗੁਰੂ ਪਦ ਲਈ ਹਜ਼ਾਰਾਂ ਸਾਲਾਂ ਤੋਂ ਸਰੀਰ ਗੁਰੂ ਵਾਲੇ ਅਰਥ ਹੀ ਦਿੱਤੇ ਗਏ ਹਨ ਅਤੇ ਲੋਕਾਈ ਦੇ ਮਨਾਂ `ਤੇ ਮੁੜ-ਤੁੜ ਕੇ ਉਸੇ ਦਾ ਪ੍ਰਭਾਵ ਹੋ ਜਾਂਦਾ ਹੈ। ਦੂਜੇ, ਸਾਡੇ ਪ੍ਰਚਾਰਕਾਂ ਤੇ ਪ੍ਰਚਾਰ `ਚ ਵੀ ਉੱਕਾ ਸਪਸ਼ਟ ਨਹੀਂ ਕੀਤਾ ਜਾ ਰਿਹਾ ਕਿ ਗੁਰਬਾਣੀ `ਚ ਗੁਰੂ ਵਾਲੇ ਉਹਨਾਂ ਪੁਰਾਤਨ ਅਰਥਾਂ ਨੂੰ ਕਿਉਂ ਤੇ ਕਿਵੇਂ ਪ੍ਰਵਾਨ ਨਹੀਂ ਕੀਤਾ ਗਿਆ। ਜਦਕਿ ਇਸ ਦੇ ਨਾਲ ਨਾਲ, ਦਸ ਪਾਤਸ਼ਾਹੀਆਂ ਸਰੀਰ `ਚ ਹੁੰਦੀਆਂ ਹੋਈਆਂ ਵੀ ਉਸੇ ਸਦੀਵੀ ਗੁਰੂ ਦਾ ਸਾਕਾਰ ਪ੍ਰਗਟਾਵਾ ਹਨ ਤਾਂ ਕਿਉਂ? ਉਪ੍ਰੰਤ ਉਹਨਾਂ ਦਸ ਪਾਤਸ਼ਾਹੀਆਂ ਦਾ ਹੀ ਸਦੀਵੀ ਪ੍ਰਗਟਾਵਾ ਹਨ “ਸਾਹਿਬ ਸ੍ਰੀ ਗ੍ਰੁੰਥ ਸਾਹਿਬ ਜੀ”, ਜਿਨ੍ਹਾਂ ਤੋਂ ਬਿਨਾ ਸੰਸਾਰ ਪੱਧਰ `ਤੇ ਕੋਈ ਵੀ ਮਨੁੱਖ ਜਾਂ ਕੋਈ ਵੀ ਦੂਜਾ ਗ੍ਰੰਥ, ਗੁਰੂ ਨਹੀਂ ਹੋ ਸਕਦਾ।

ਇਹ ਵੀ ਸੱਚ ਹੈ ਕਿ ਉਂਝ ਤਾਂ ਗੁਰਬਾਣੀ `ਚ ਹੀ ਸੱਚੇ ਤੇ ਸਦਾ ਥਿਰ ਗੁਰੂ ਦੇ ਹੋਰ ਵੀ ਬਹੁਤੇਰੇ ਪੱਖ ਹਨ ਪਰ ਇਹਨਾ ਚੋਂ ਤਿੰਨ ਪੱਖ ਵਿਸ਼ੇਸ਼ ਹਨ (ੳ) ਜੀਵਨ ਦੀ ਸੰਭਾਲ ਲਈ ਗੁਰੂ ਧਾਰਨ ਕਰਣਾ ਜ਼ਰੂਰੀ ਹੈ (ਅ) ਉਪ੍ਰੰਤ ਗੁਰਬਾਣੀ ਰਾਹੀਂ ਪ੍ਰਕਟ ਉਸ ਸਦੀਵੀ ਗੁਰੂ ਦੇ ਬੇਅੰਤ ਗੁਣਾਂ ਦੀ ਵੀ ਗੁਰਬਾਣੀ `ਚ ਵੱਡੀ ਵਿਆਖਿਆ ਤੇ ਉਸ ਬਾਰੇ ਵਿਸਤਾਰ ਹੈ। (ੲ) ਇਸ ਤੋਂ ਬਾਅਦ ਗੁਰਬਾਣੀ ਰਾਹੀ ਪ੍ਰਕਟ ਗੁਰੂ ਦਾ ਸਰਬ-ਉੱਤਮ ਗੁਣ ਹੈ ਕਿ ਉਹ ਮਨੁੱਖ ਅੰਦਰੋਂ ਹਉਮੈ ਵਿਕਾਰਾਂ, ਆਸ਼ਾ-ਤ੍ਰਿਸ਼ਨਾ, ਭਟਕਣਾ, ਮੰਗਾਂ, ਸੰਸਾਰਕ ਅਉਗੁਣਾਂ, ਗੁਣਾਹਾਂ, ਜੁਰਮਾਂ ਦਾ ਨਾਸ ਕਰਕੇ ਜਗਿਆਸੂ ਨੂੰ ਸਿਧਾ ਉਸ ਦੇ ਕਰਤੇ ਅਕਾਲਪੁਰਖ ਨਾਲ ਜੋੜਦਾ ਹੈ, ਆਪਣੇ ਨਾਲ ਨਹੀਂ।

ਦੂਜੇ ਪਾਸੇ ਸਾਡੇ ਸਮੁਚੇ ਪ੍ਰਚਾਰ ਪ੍ਰਬੰਧ `ਚ ਇਹ ਜ਼ੋਰ ਤਾਂ ਲੱਗ ਰਿਹਾ ਕਿ ਪਾਹੁਲ਼ ਲਵੋ ਤੇ ਗੁਰੂ ਵਾਲੇ ਬਣੋ ਅਤੇ ਇਥੋਂ ਤੱਕ ਤਾਂ ਹੈ ਵੀ ਠੀਕ ਭਾਵ ਸਾਡੇ ਅਜੋਕੇ ਸਮੂਚੇ ਪ੍ਰਚਾਰ ਤੇ ਪ੍ਰਬੰਧ `ਚ ਉਪਰ ਬਿਆਨੇ (ੳ) ਅਤੇ (ਅ) ਪੱਖ ਤਾਂ ਖੁੱਲ ਕੇ ਲਏ ਜਾ ਰਹੇ ਹਨ ਜਦਕਿ ਗੁਰਬਾਣੀ ਰਾਹੀਂ ਪ੍ਰਕਟ ਗੁਰੂ, ਸਤਿਗੁਰੂ, ਸ਼ਬਦ ਗੁਰੂ ਦਾ ਜੁਗੋ ਜੁਗ ਤੇ ਸਦੀਵੀ ਹੋਣ ਵਾਲਾ ਪਖ ਤੇ ਇਸ ਦੇ ਨਾਲ ਹੀ ਉਪਰ ਬਿਆਨਿਆ (ੲ) ਪੱਖ ਉੱਕਾ ਹੀ ਨਦਾਰਦ ਹੈ। ਇਸੇ ਦਾ ਨਤੀਜਾ ਹੈ ਬਲਕਿ ਇਸ ਤੋਂ ਵੱਧ ਸਾਡੀਆਂ ਸਟੇਜ਼ਾਂ ਤੋਂ ਕੀਤੇ ਜਾ ਰਹੇ ਸਬੰਧਤ ਪ੍ਰਚਾਰ ਦਾ ਵੀ ਬਹੁਤਾ ਕਰਕੇ ਪਰੋਖ `ਚ ਗੁਰਬਾਣੀ ਦਾ ਚੌਗਾ ਪਾ ਕੇ ਬੈਠੇ ਹੋਏ ਪਾਖੰਡੀਆਂ ਨੂੰ ਹੀ ਹੋ ਰਿਹਾ ਹੈ। ਬਲਕਿ ਗੁਰੂ ਦੇ ਪਰਦੇ `ਚ ਨਿੱਤ ਨਵੇਂ ਨਵੇਂ ਗ੍ਰੰਥ ਵੀ ਸਥਾਪਤ ਕੀਤੇ ਜਾ ਰਹੇ ਹਨ।

ਜੇਕਰ ਨਹੀਂ ਤਾਂ ਪਾਖੰਡੀਆਂ ਦੀਆਂ ਦੁਕਾਨਾਂ ਤਾਂ ਗੁਰੂ ਕਾਲ `ਚ ਵੀ ਬਲਕਿ ਗੁਰੂ ਪ੍ਰਵਾਰਾਂ ਚੋਂ ਹੀ ਬਹੁਤੇਰੀਆਂ ਸਥਾਪਤ ਕੀਤੀਆਂ ਜਾਂਦੀਆਂ ਰਹੀਆਂ ਤੇ ਬਨਾਵਟੀ ਗ੍ਰੰਥ ਵੀ ਸਥਾਪਤ ਕੀਤੇ ਜਾਂਦੇ ਰਹੇ ਪਰ ਇੱਕ ਵੀ ਸਫ਼ਲ ਨਾ ਹੋਇਆ। ਕਾਰਨ ਇੱਕੋ ਸੀ ਕਿ ਉਸ ਸਮੇਂ ਗੁਰਬਾਣੀ ਦਾ ਪ੍ਰਚਾਰ ਯੋਗ ਹੱਥਾਂ `ਚ ਤੇ ਨਿਰੋਲ ਗੁਰਬਾਣੀ ਆਧਾਰਿਤ ਸੀ। ਇਥੋਂ ਤੱਕ ਕਿ ਸੰਗਤਾਂ ਵਿਚਾਲੇ ਗੁਰੂ-ਸਤਿਗੁਰੂ ਪਦ ਦੀ ਸੋਚ ਨੂੰ ਗੁਰੂ ਸਰੀਰਾਂ ਰਾਹੀ ਉਜਾਗ੍ਰ ਕਰਕੇ ਵੀ, ਉਹਨਾਂ ਨੂੰ ਕਰਤੇ ਅਕਾਲਪੁਰਖ ਨਾਲ ਜੋੜਿਆ ਜਾਂਦਾ ਸੀ, ਉਹਨਾਂ ਨੂੰ ਸਰੀਰਾਂ ਤੱਕ ਸੀਮਤ ਨਹੀਂ ਸੀ ਕੀਤਾ ਜਾਂਦਾ। #210s10.210s2#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 210

ਗੁਰੁ ਨਾਨਕੁ ਤੁਠਾ, ਕੀਨੀ ਦਾਤਿ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.