.

“ਸਤਿਗੁਰੁ ਮੇਰਾ ਸਦਾ ਸਦਾ…” (ਪੰ: ੭੫੯)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

ਵਿਦਵਾਨਾਂ ਅਨੁਸਾਰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਗੁਰਦੇਵ ਨੇ ਲਗਭਗ ਸਤ੍ਹਰ ਤੋਂ ਪਚ੍ਹਤਰ ਲਫ਼ਜ਼ ਅਜਿਹੇ ਵਰਤੇ ਹਨ ਜੋ ਗੁਰਦੇਵ ਨੇ ਸਾਹਿਤ ਨੂੰ ਬਿਲਕੁਲ ਨਵੇਂ ਦਿੱਤੇ ਹਨ ਜਿਵੇਂ ੴ, ਕਰਤਾਪੁਰਖ, ਅਕਾਲਮੂਰਤਿ, ਅੰਮ੍ਰਿਤਵੇਲਾ, ਵਾਹਿਗੁਰੂ, ਜੀਵਨਮੁਕਤ ਭੰਡ ਆਦਿ। ਇਸ ਤਰ੍ਹਾਂ ਇਹਨਾ ਸਾਰੇ ਹੀ ਨਵੇਂ ਲਫ਼ਜ਼ਾਂ `ਚੋਂ ਇੱਕ-ਇੱਕ ਲਫ਼ਜ਼ ਪਿਛੇ ਨਿਰੋਲ ਗੁਰਮਤਿ ਵਿਚਾਰਧਾਰਾ ਹੀ ਭਰੀ ਪਈ ਹੈ। ਇਸ ਲਈ ਇਹਨਾ ਲਫ਼ਜ਼ਾਂ ਦੇ ਮੂਲ ਨੂੰ ਸਮਝਣ ਲਈ, ਗੁਰਮਤਿ ਦੀ ਭਰਵੀਂ ਸੋਝੀ ਹੋਣੀ ਜ਼ਰੂਰੀ ਹੈ। ਇਸ ਤੋਂ ਬਾਅਦ ਗੁਰਦੇਵ ਨੇ ਗੁਰਬਾਣੀ `ਚ ਹੋਰ ਜਿੱਤਨੀ ਵੀ ਸ਼ਬਦਾਵਲੀ ਵਰਤੀ ਹੈ ਉਹ ਨਵੀਂ ਨਹੀਂ ਬਲਕਿ ਲੰਮੇਂ ਸਮੇਂ ਤੋਂ ਵਰਤੀ ਜਾ ਰਹੀ ਹੈ।

ਮਿਸਾਲ ਵਜੋਂ, ਗੁਰਬਾਣੀ ਅੰਦਰ ਨਾਮ, ਸਿਮਰਨ, ਜਮ, ਨਰਕ, ਸੁਰਗ, ਕਾਮਧੇਨ, ਬੈਕੁੰਠ ਆਦਿ ਜੋ ਬੇਅੰਤ ਸ਼ਬਦਾਵਲੀ ਆਈ ਹੈ, ਉਹ ਪੁਰਾਨੇ ਅਰਥਾਂ `ਚ ਨਹੀਂ ਬਲਕਿ ਬਦਲਵੇਂ ਤੇ ਨਵੇਂ ਗੁਰਮਤਿ ਅਰਥਾਂ `ਚ ਹੈ। ਇਸੇ ਤਰ੍ਹਾਂ ਅਵਤਾਰ ਵਾਦ ਤੇ ਮਿਥਿਹਾਸਕ ਹਸਤੀਆਂ ਆਦਿ ਦੇ ਨਾਮ ਵੀ ਬਹੁਤਾ ਕਰਕੇ ਇੱਕ ਅਕਾਲਪੁਰਖ ਲਈ ਹੀ ਵਰਤੇ ਹਨ। ਇਸ ਤੋਂ ਵੱਧ, ਗੁਰਦੇਵ ਨੇ ਉਹਨਾਂ ਲਫ਼ਜ਼ਾਂ ਲਈ ਵਰਤੇ ਨਵੇਂ ਅਰਥਾਂ ਨੂੰ ਵੀ ਗੁਰਬਾਣੀ `ਚ ਅਨੇਕਾਂ ਥਾਵੇਂ ਸਪਸ਼ਟ ਵੀ ਕੀਤਾ ਹੈ। ਇਸ ਲਈ ਲੋੜ ਹੁੰਦੀ ਹੈ ਕਿ ਉਸ ਬੇਅੰਤ ਪੁਰਾਤਨ ਸ਼ਬਦਾਵਲੀ ਤੋਂ ਪੂਰਾ ਪੂਰਾ ਗੁਰਮਤਿ ਲਾਭ ਲੈਣ ਲਈ, ਸਬੰਧਤ ਸ਼ਬਦਾਂ ਦੇ ਅਰਥਾਂ ਨੂੰ ਵੀ ਗੁਰਬਾਣੀ `ਚੋਂ ਹੀ ਲਿਆ ਜਾਵੇ, ਬਾਹਰੋਂ ਜਾਂ ਪ੍ਰਚਲਤ ਅਰਥਾਂ `ਚ ਨਹੀਂ। ਫ਼ਿਰ ਵੀ, ਪੁਰਾਤਨ ਸ਼ਬਦਾਵਲੀ ਨੂੰ ਜੇਕਰ ਕਈ ਥਾਵੇਂ ਪੁਰਾਤਨ ਅਰਥਾਂ `ਚ ਵਰਤਿਆ ਵੀ ਹੈ ਤਾਂ ਉਹ ਵੀ ਸਪਸ਼ਟ ਕਰ ਕੇ, ਉਂਝ ਨਹੀਂ, ਫ਼ਿਰ ਉਹ ਸ਼ਬਦ ਚਾਹੇ ਮਿਸਾਲ ਵੱਜੋ ਵਰਤੇ ਹਨ ਭਾਵੇਂ ਅਰਥਾਂ ਵਜੋਂ।

ਲਫ਼ਜ਼ “ਗੁਰੂ” ਵੀ ਨਵਾਂ ਨਹੀਂ-ਇਸੇ ਸਬੰਧ `ਚ ਗੁਰਬਾਣੀ `ਚ ਵਰਤਿਆ ਲਫ਼ਜ਼ ‘ਗੁਰੂ’ ਵੀ ਨਵਾਂ ਨਹੀਂ ਬਲਕਿ ਭਾਰਤੀ ਸੰਸਕ੍ਰਿਤੀ `ਚ ਹਜ਼ਾਰਾਂ ਸਾਲਾਂ ਤੋਂ ਵਰਤਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਜਦੋਂ-ਜਦੋਂ ਵੀ ਗੁਰਮਤਿ ਦਾ ਇਸ ਵਿਸ਼ੇ `ਤੇ ਪ੍ਰਚਾਰ ਕਮਜ਼ੋਰ ਹੋਵੇਗਾ, ਇਸ ਲਫ਼ਜ਼ ਤੋਂ ਆਮ ਲੋਕਈ ਦਾ ਧਿਆਨ ਸਰੀਰਾਂ ਵੱਲ ਤੇ ਸ਼ਖ਼ਸੀ ਪੂਜਾ ਵੱਲ ਹੀ ਜਾਵੇਗਾ। ਦਰਅਸਲ ਅੱਜ ਵੀ ਇਸ ਦਾ ਮੁਖ ਕਾਰਨ ਇਹੀ ਹੈ ਕਿ ਗੁਰਬਾਣੀ ਪ੍ਰੇਮੀਆਂ ਤੇ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਵਿਚੋਂ ਉਸ ‘ਗੁਰੂ’ ਲਫ਼ਜ਼ ਨਾਲ, ਜਿਸ ਗੁਰੂ ਦੇ ਸੱਚੇ ਮਾਰਗ `ਤੇ ਚਲਣ ਲਈ ਗੁਰਬਾਣੀ `ਚ ਅਦਿ ਤੋਂ ਅੰਤ ਤੱਕ ਪ੍ਰੇਰਣਾ ਕੀਤੀ ਹੈ ਉਸ ਦੀ ਯੋਗ ਵਿਆਖਿਆ ਤੇ ਪ੍ਰਚਾਰ ਨਹੀਂ ਹੋ ਰਿਹਾ। ਜਦਕਿ ਉਸ ਗੁਰੂ ਪਦ ਦੇ ਗੁਰਬਾਣੀ `ਚ ਅਰਥ ਬਿਲਕੁਲ ਨਵੇਂ, ਨਿਵੇਕਲੇ ਤੇ ਵਿਸ਼ੇਸ਼ ਹਨ। ਇਸ ਲਈ ਜਦੋਂ ਤੱਕ ਲਫ਼ਜ਼ ਗੁਰੂ ਦੇ ਗੁਰਮਤਿ ਅਰਥ ਨਾ ਸਮਝੇ-ਘੋਖੇ ਤੇ ਪ੍ਰਚਾਰੇ ਜਾਣ, ਤੱਦ ਤੱਕ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਨੂੰ ਪ੍ਰਾਪਤ ਕਰਣਾ ਤਾਂ ਦੂਰ, ਜਗਿੳਾਸੂ ਨੂੰ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਦੀ ਪਹਿਚਾਣ ਵੀ ਨਹੀਂ ਆ ਸਕਦੀ। ਇਸ ਤਰ੍ਹਾਂ ਇਸ ਵਿਸ਼ੇ `ਤੇ ਅੱਜ ਸਭ ਤੋਂ ਵੱਡਾ ਪੰਥਕ ਮਸਲਾ ਹੀ ਇਹੀ ਹੈ।

ਉਸ ਸਦੀਵੀ ਤੇ ਸਦਾ ਥਿਰ ‘ਗੁਰੂ’ ਦੀ ਜਿਸ ਨਾਲ ਜਗਿਆਸੂ ਨੂੰ ਦਸੋਂ ਹੀ ਗੁਰੂ ਪਾਤਸ਼ਾਹੀਆਂ ਨੇ ਮਨੁੱਖ ਨੂੰ ਜੋੜਿਆ ਹੈ। ਇਹ ਲਫ਼ਜ਼ ਗੁਰਬਾਣੀ `ਚ ਭਿੰਨ ਭਿੰਨ ਰੂਪਾਂ `ਚ ਵੀ ਆਇਆ ਹੈ ਜਿਵੇਂ ਗੁਰੂ, ਸਤਿਗੁਰੂ, ਸ਼ਬਦ, ਸ਼ਬਦ, ਗੁਰੂ ਜਾਂ “ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+” (ਪੰ: ੭੯੩) ਭਾਵ ਵਿਵੇਕ ਆਦਿ। ਗੁਰਬਾਣੀ `ਚ ਇਹ ਸਾਰੇ ਹੀ ਲਫ਼ਜ਼ ਸਮ-ਅਰਥੀ ਹਨ ਅਤੇ ਗੁਰੂ ਅਕਾਲਪੁਰਖ ਤੋਂ ਭਿੰਨ ਨਹੀਂ ਜਿਵੇਂ “ਗੁਰੁ ਪਰਮੇਸਰੁ ਏਕੋ ਜਾਣੁ. .” (ਪੰ: ੮੬੪) “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨) ਹੋਰ “ਗੁਰੁ ਪਰਮੇਸਰੁ ਪਾਰਬ੍ਰਹਮੁ. .” (ਪੰ: ੪੯) ਆਦਿ। ਇਸ ਲਈ ਇਹਨਾ ਅੱਖਰਾਂ ਦੇ ਗੁਰਬਾਣੀ ਅਨੁਸਾਰ ਅਰਥ ਲੈਣ ਲਈ ਗੁਰਬਾਣੀ ਖਜ਼ਾਨੇ `ਚ ਹੀ ਚੁੱਭੀ ਲਗਾਉਣ ਦੀ ਲੋੜ ਹੁੰਦੀ ਹੈ।

ਦਸੋਂ ਹੀ ਗੁਰੂ ਹਸਤੀਆਂ ਲਈ ਲਫ਼ਜ਼ ‘ਗੁਰੂ’ -ਇਸ ਦੇ ਨਾਲ-ਨਾਲ ਇਹ ਵੀ ਸੱਚ ਹੈ ਕਿ ਦਸੋਂ ਹੀ ਪਾਤਸ਼ਾਹੀਆਂ ਲਈ ਲਫ਼ਜ਼ ਗੁਰੂ ਨੂੰ ਵਰਤਣ ਤੋਂ ਪਰਹੇਜ਼ ਕਰਣਾ ਜਾਂ ਉਸ ਤੋਂ ਸੰਕੋਚ ਕਰਣਾ, ਸਾਡੀ ਹੋਰ ਵੀ ਵੱਡੀ ਭੁੱਲ ਹੋਵੇਗੀ। ਕਿਉਂਕਿ ਇਹ ਦਸ ਗੁਰੂ ਪਾਤਸ਼ਾਹੀਆਂ ਹੀ ਹਨ ਜਿਨ੍ਹਾਂ ਕਾਰਨ ਸੰਸਾਰ ਨੂੰ ਉਸ ਸਦੀਵੀ ਤੇ ਇਲਾਹੀ ਸਦਾ ਥਿਰ ਗੁਰੂ ਦਾ ਪ੍ਰਗਟਾਵਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਪ੍ਰਾਪਤ ਹੋ ਸਕੇ ਅਤੇ ਲਫ਼ਜ਼ ਗੁਰੂ ਦੇ ਗੁਰਬਾਣੀ ਅਨੁਸਾਰ ਨਿਵੇਕਲੇ ਤੇ ਨਵੇਂ ਉਹ ਅਰਥ ਪ੍ਰਾਪਤ ਹੋਏ ਜਿਥੋਂ ਸਮਝ ਆ ਸਕੀ ਕਿ ਸਿੱਖ ਦਾ ਗੁਰੂ ਉਹ ਹੈ ਜੋ ਆਦਿ-ਜੁਗਾਦੀ ਹੈ ਤੇ ਬਿਨਸਨਹਾਰ ਨਹੀਂ। ਯਕੀਨਣ ਜੇ ਕਰ ਸੰਸਾਰ ਅੰਦਰ ਦਸੋਂ ਹੀ ਗੁਰੂ ਹਸਤੀਆਂ ਦਾ ਆਗਮਨ ਹੀ ਨਾ ਹੋਇਆ ਹੁੰਦਾ ਤਾਂ ਅੱਜ ਸੰਸਾਰ ਨੂੰ ਮਨੁੱਖਤਾ ਦਾ ਅਸਲ ਰਹਿਬਰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਮਹਾਨ ਹਸਤੀ ਵੀ ਪ੍ਰਾਪਤ ਨਹੀਂ ਸੀ ਹੋ ਸਕਦੀ। ਫ਼ਿਰ ਵੀ ਵਿਚਾਰਨ ਦੀ ਲੋੜ ਹੈ ਕਿ ਅੱਜ ਉਚੇਚੇ ਗੁਰੂ ਹਸਤੀਆਂ ਲਈ ਜੋ ਅਜਿਹਾ ਸੰਕੋਚ ਜਾਂ ਪਰਹੇਜ਼ ਉਹਨਾਂ ਸਤਿਕਾਰ ਜੋਗ ਸੱਜਨਾਂ ਦੇ ਅੰਦਰ ਹੀ ਕਿਉਂ ਪੈਦਾ ਹੋ ਰਿਹਾ ਹੈ ਜੋ ਤਨੋ-ਮਨੋ ਗੁਰੂ ਹਸਤੀਆਂ ਦਾ ਸਤਿਕਾਰ ਕਰਦੇ ਹਨ ਤੇ ਜੋ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਤਨੋ-ਮਨੋ ਨਤ-ਮਸਤਕ ਵੀ ਹਨ, ਦੂਜਿਆਂ ਨੂੰ ਨਹੀਂ।

ਘਬਰਾਹਟ ਜਾਇਜ਼ ਹੈ, ਨਾਜਾਇਜ਼ ਨਹੀਂ- ਇਸ `ਚ ਇਹ ਵੀ ਸਚਾਈ ਹੈ ਕਿ ਅੱਜ ਜਿਹੜੇ-ਜਿਹੜੇ ਵੀ ਸੱਜਨ ਇਸ ਲਪੇਟ `ਚ ਆਏ ਹਨ ਜਾਂ ਆ ਰਹੇ ਹਨ ਉਹ ਸਾਰੇ ਹੀ ਪੰਥ ਦੀ ਕਰੀਮ ਹਨ ਅਤੇ ਦਾਸ ਲਈ ਵੀ ਇੱਕ ਤੋਂ ਵੱਧ ਦੂਜਾ ਸਤਿਕਾਰ ਜੋਗ ਹਨ। ਦਰਅਸਲ ਉਹਨਾਂ ਦੀ ਇਸ ਪੱਖੋਂ ਘਬਰਾਹਟ ਨੂੰ ਦੇਖਿਆ ਜਾਵੇ ਤੇ ਉਹ ਘਬਰਾਹਟ ਵੀ ਬਿਨਾ ਕਾਰਨ ਨਹੀਂ ਅਤੇ ਨਾ ਹੀ ਇਸ ਕਾਰਨ ਉਹਨਾਂ ਦੀ ਦਿਆਨਤਦਾਰੀ `ਤੇ ਸ਼ੱਕ ਹੀ ਕੀਤਾ ਜਾ ਸਕਦਾ ਹੈ। ਲੋੜ ਹੈ ਤਾਂ ਇਸ ਉਸ ਘਬਰਾਹਟ ਦੀ ਤਹਿ ਤੱਕ ਪੁੱਜਣ ਦੀ।

ਦਰਅਸਲ ਇਹ ਸਚਾਈ ਵੀ ਹੈ ਕਿ ਗੁਰੂ ਪਾਤਸ਼ਾਹੀਆਂ ਦੇ ਨਾਲ ਵਰਤੇ ਜਾਂਦੇ ‘ਗੁਰੂ’ ਤੇ ‘ਸਤਿਗੁਰੂ’ ਲਫ਼ਜ਼ ਦੀ ਕੁਵਰਤੋਂ ਕਰਕੇ ਹੀ ਕਈ ਭਨਿਆਰੇ, ਆਸ਼ੂਤੋਸ਼ ਆਦਿ ਅਨੇਕਾਂ ਦੰਭੀ ਤੇ ਪਾਖੰਡੀ ਗੁਰੂਡੰਮ ਨਿੱਤ ਖੜੇ ਹੋ ਰਹੇ ਹਨ। ਇਸ ਦੇ ਨਾਲ ਇਹ ਵੀ ਸੱਚ ਹੈ ਕਿ ਸੰਗਤਾਂ ਵਿਚਕਾਰ ਅੱਜ ਜੋ ਗੁਰਬਾਣੀ ਗਿਆਨ ਤੇ ਜੀਵਨ ਦੀ ਘਾਟ ਹੈ ਉਸੇ ਤੋਂ ਅਨੇਕਾਂ ਡੇਰੇ ਤਾਂ ਪਣਪ ਹੀ ਰਹੇ ਹਨ ਪਰ ਉਸ ਦੇ ਨਾਲ ਜੋ ਗੁਰਦੁਆਰਿਆਂ ਆਦਿ `ਚ ਜੋ ਗੁਰਮਤਿ ਦੇ ਨਾਮ `ਤੇ ਪ੍ਰਚਾਰ ਅਤੇ ਅਜੋਕਾ ਚਲਣ ਹੈ ਉਸ `ਚ ਵੀ ਬਹੁਤਾ ਕਰਕੇ ਸ਼ਖ਼ਸੀ ਪੂਜਾ ਹੀ ਪ੍ਰਬਲ ਹੈ।

ਕਿਧਰੇ ਮੌਸਮ ਮੁਤਾਬਕ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਪ੍ਰਤੀ ਗਰਮ ਤੇ ਠੰਡੇ ਰੁਮਲਿਆਂ, ਏ: ਸੀ ਤੇ ਹੀਟਰਾਂ ਦੀ ਵਰਤੋਂ, ਕਿਧਰੇ ਪੀੜਾ ਸਾਹਿਬ ਦੇ ਪਾਵੇ ਘੁਟਣੇ, ਪੀੜੇ ਹੇਠ ਪਾਣੀ ਦੀਆਂ ਬੋਤਲਾਂ ਤੇ ਜੱਗ ਰਖਣੇ ਫ਼ਿਰ ਉਸੇ ਜਲ ਨੂੰ ਹੀ ਅੰਮ੍ਰਿਤ ਮੰਨ ਕੇ ਉਸ ਦਾ ਪ੍ਰਸ਼ਾਦਿ ਵੰਡਣਾ, ਬਾਬਾ ਜੀ ਨੂੰ ਭੋਗ ਲੁਆਉਣੇ ਤੇ ਹੋਰ ਵੀ ਬਹੁਤ ਕੁਝ। ਹੋਰ ਤਾਂ ਹੋਰ, ਭਿੰਨ ਭਿੰਨ ਪਾਤਸ਼ਾਹੀਆਂ ਦੇ ਗੁਰਪੁਰਬਾਂ, ਜੋਤੀ ਜੋਤ ਤੇ ਸ਼ਹੀਦੀ ਪੁਰਬਾਂ ਸਮੇਂ, ਗੁਰ-ਉਪਦੇਸ਼ ਤਾਂ ਪਿਛੇ ਰਹਿ ਜਾਂਦੇ ਹਨ ਜਦਕਿ ਗੁਰਬਾਣੀ ਉਪਦੇਸ਼ਾਂ ਦੇ ਉਲਟ ਸਰੀਰਕ ਪੂਜਾ ਤੇ ਸਾਖੀਆਂ ਦੇ ਨਾਮ `ਤੇ ਫ਼ਰਜ਼ੀ ਕਹਾਣੀਆਂ ਬਲਕਿ ਬਹੁਤ ਵਾਰੀ ਤਾਂ ਗੁਰਮਤਿ ਵਿਰੁਧ ਕਹਾਣੀਆਂ ਦਾ ਵੀ ਬੋਲਬਾਲਾ ਹੁੰਦਾ ਹੈ। ਇਸ ਤਰ੍ਹਾਂ ਇਤਨਾ ਕੁੱਝ ਹੋ ਰਿਹਾ ਹੈ ਜਿਸ ਦਾ ਅੰਤ ਤਾਂ ਆਉਂਦਾ ਹੀ ਨਜ਼ਰ ਨਹੀਂ ਆ ਰਿਹਾ। ਇਸੇ ਕਾਰਨ ਅਜਿਹੇ ਸਤਿਕਾਰਜੋਗ ਸੱਜਨਾਂ ਦੇ ਮਨਾਂ `ਚ, ਗੁਰੂ ਹਸਤੀਆਂ `ਚ ਗੁਰੂ ਲਫ਼ਜ਼ ਦੀ ਹੋ ਰਹੀ ਕੁਵਰਤੋਂ ਤੇ ਬੇਅਦਬੀ ਕਾਰਨ ਅਜਿਹੀ ਘਬਰਾਹਟ ਦਾ ਉਠਣ ਨੂੰ ਵੀ ਨਾਜਾਇਜ਼ ਨਹੀਂ ਕਿਹਾ ਜਾ ਸਕਦਾ।

ਮਸਲੇ ਦਾ ਸਮਾਧਾਨ ਇਹ ਵੀ ਨਹੀਂ- ਸ਼ੱਕ ਨਹੀਂ ਕਿ ਇਹ ਮਸਲਾ ਛੋਟਾ ਨਹੀਂ ਤੇ ਇਸ ਬਾਰੇ ਚਿੰਤਾ ਵੀ ਨਿਰਮੂਲ ਨਹੀਂ। ਫ਼ਿਰ ਵੀ ਉਹਨਾਂ ਸਤਿਕਾਰਜੋਗ ਸੱਜਨਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਇਸ ਵਿਸ਼ੇ ਨੂੰ ਬੜੇ ਠਰੰਮੇਂ ਨਾਲ ਵਿਚਾਰਣ ਤੇ ਹੱਥ `ਚ ਲੈਣ ਦੀ ਲੋੜ ਹੈ। ਯਕੀਨਣ, ਇਸ ਮਸਲੇ ਦਾ ਇਹ ਸਮਾਧਾਨ ਉੱਕਾ ਨਹੀਂ ਕਿ ਅਸੀਂ ਉਹਨਾਂ ਗੁਰੂ ਹਸਤੀਆਂ ਨੂੰ ਜੋ ਸਚਮੁੱਚ ਹੀ ਨਿਰੋਲ ਸ਼ਬਦ ਗੁਰੂ ਦਾ ਸਰੀਰਕ ਪ੍ਰਗਟਾਵਾ ਹਨ ਅਤੇ ਇਸ ਗੁਰੂ ਸ਼ਬਦਾਵਲੀ ਲਈ ਨਿਵੇਕਲੀਆਂ ਹੱਕਦਾਰ ਹਨ। ਇਤਨਾ ਹੀ ਨਹੀਂ ਜਿਨ੍ਹਾਂ ਗੁਰੂ ਹਸਤੀਆਂ ਲਈ ਗੁਰੂ ਪਦ ਦੀ ਵਰਤੋਂ ਵਾਲੇ ਅਨੇਕਾਂ ਪ੍ਰਮਾਣ ਗੁਰਬਾਣੀ `ਚ ਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਆਦਿ `ਚ ਵੀ ਮੌਜੂਦ ਤੇ ਸਪਸ਼ਟ ਹਨ, ਉਹਨਾਂ ਲਈ ਹੀ ਗੁਰੂ ਪਦ ਦੀ ਵਰਤੋਂ ਨਾ ਕਰੀਏ, ਕਿਸੇ ਤਰ੍ਹਾਂ ਵੀ ਯੋਗ ਨਹੀਂ ਭਾਸਦਾ। ਬਲਕਿ ਗਹਿਰਾਈ ਤੋਂ ਵਿਚਾਰਿਆ ਜਾਵੇ ਤਾਂ ਸਾਡੇ ਇਸ ਨਵੇਂ ਕਦਮ ਨਾਲ ਤਾਂ ਪੰਥਕ ਪਧਰ `ਤੇ ਹੋਰ ਵੱਡੇ ਨੁਕਸਾਨ ਵੀ ਹੋ ਸਕਦੇ ਹਨ ਜਿਨ੍ਹਾਂ ਦਾ ਸਮਾਧਾਨ ਹੋਰ ਵੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਜਿਵੇਂ (੧) ਵਿਰੋਧੀਆਂ ਨੂੰ ਗੁਰੂ ਸਾਹਿਬਾਨ ਦੀ ਬੇਅਦਬੀ ਲਈ ਇੱਕ ਨਵਾਂ ਰਸਤਾ ਮਿਲ ਜਾਵੇਗਾ (੨) ਪੰਥ ਵਿਚਾਲੇ ਇੱਕ ਹੋਰ ਵਿਵਾਦ ਜਨਮ ਲੈ ਲਵੇਗਾ ਜਿਹੜਾ ਕਿ ਕਿਸੇ ਹੱਦ ਤੱਕ ਉਭਰਣਾ ਆਰੰਭ ਵੀ ਹੋ ਚੁੱਕਾ ਹੈ ਜਦਕਿ ਪਹਿਲਾਂ ਹੀ ਅੱਜ ਪੰਥ `ਚ ਅਨੇਕਾਂ ਵਿਵਾਦ ਪੰਥ ਦਾ ਭਾਰੀ ਨੁਕਸਾਨ ਕਰ ਰਹੇ ਹਨ। ਇਸੇ ਤੋਂ ਪੰਥ ਇੱਕ ਜੁਟ ਨਹੀਂ ਹੋ ਪਾ ਰਿਹਾ।

“ਓਹੁ ਅਬਿਨਾਸੀ ਪੁਰਖੁ ਹੈ” - ਗੁਰੂ ਪਿਆਰਿਓ! ਸ਼ੱਕ ਨਹੀਂ ਕਿ ਸਿੱਖ ਦਾ ਗੁਰੂ ਅਬਿਨਾਸ਼ੀ ਤੇ ਸਦਾ ਥਿਰ ਹੈ ਫ਼ਿਰ ਦਸ ਪਾਤਸ਼ਾਹੀਆਂ ਵੀ ਉਸੇ ਸਦੀਵੀ ਗੁਰੂ ਦਾ ਹੀ ਸਰੀਰਕ ਪ੍ਰਗਟਾਵਾ ਹਨ ਅਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵੀ ਉਸੇ ਸਦਾ ਥਿਰ, ਅਬੀਨਾਸ਼ੀ ਗੁਰੂ ਦਾ ਸੰਸਾਰ ਤੱਲ `ਤੇ ਇਕੋ ਇੱਕ ਪ੍ਰਗਟਾਵਾ ਹਨ। ਇਸ ਲਈ ਇਸ ਵਿਸ਼ੇ `ਤੇ ਕੁੱਝ ਨੁੱਕਤੇ ਵਿਸ਼ੇਸ਼ ਤੇ ਖਾਸ ਧਿਆਣ ਮੰਗਦੇ ਹਨ ਜਿਵੇਂ:-

(੧) ਨਕਲ ਹਮੇਸ਼ਾਂ ਅਸਲ ਦੀ ਹੁੰਦੀ ਹੈ ਜਦਕਿ ਘਟੀਆ, ਚਾਲੂ ਜਾਂ ਨਕਲੀ ਚੀਜ਼ ਦੀ ਕੋਈ ਵੀ ਨਕਲ ਨਹੀਂ ਕਰਦਾ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸਲ ਵਾਲੇ ਖ਼ੁਦ ਹੀ ਡੱਰ ਜਾਣ ਤੇ ਨਕਲ ਵਾਲਿਆਂ ਲਈ ਪੂਰਾ ਮੈਦਾਨ ਹੀ ਖਾਲੀ ਕਰ ਦੇਣ।

ਦਰਅਸਲ ਇਹ ਨਕਲਾਂ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਵੀ ਚਾਲੂ ਰਹੀਆਂ ਪਰ ਉਹਨਾਂ ਚੋਂ ਕਿਸੇ ਇੱਕ ਪਾਖੰਡੀ ਦੀ ਦੁਕਾਨ ਵੀ ਸਫ਼ਲ ਨਾ ਹੌਈ ਕਿਉਂਕਿ ਗੁਰਬਾਣੀ ਗਿਆਨ ਦਾ ਪ੍ਰਚਾਰ ਟਕਸਾਲੀ `ਤੇ ਯੋਗ ਹਥਾਂ `ਚ ਸੀ। ਲੋੜ ਕੇਵਲ ਗੁਰਮਤਿ ਪ੍ਰਚਾਰ ਨੂੰ ਨਿਰੋਲ ਗੁਰਬਾਣੀ ਆਧਾਰਤ ਬਨਾਉਣ ਦੀ ਹੈ।

(੨) ਗੁਰਬਾਣੀ ਅਨੁਸਾਰ ਗੁਰੂ ਜਾਂ ਸਤਿਗੁਰੂ ਲਫ਼ਜ਼ ਕਿਸੇ ਸਰੀਰ ਵਾਸਤੇ ਹੈ ਹੀ ਨਹੀਂ ਬਲਕਿ ਇਲਾਹੀ ਆਤਮਿਕ ਗਿਆਨ ਹੈ ਜਿਸ ਦੀ ਲੋੜ ਹੀ ਮਨੁੱਖਾ ਜਨਮ (ਜੂਨ) `ਚ ਹੈ ਬਾਕੀ ਜੂਨਾਂ `ਚ ਹੈ ਹੀ ਨਹੀਂ। ਇਸ ਲਈ ਇਸ ਦਾ ਮੂਲ ਵਾਸਾ ਤੇ ਸਬੰਧ ਵੀ “ਸਭ ਮਹਿ ਰਹਿਆ ਸਮਾਇ” (ਪੰ: ੭੫੯) ਮਨੁੱਖਾ ਸਰੀਰ ਨਾਲ ਹੀ ਹੈ।

ਇਸੇ ਰੱਬੀ ਗਿਆਨ ਤੇ ਜੀਵਨ ਰਾਹ ਲਈ ਗੁਰਬਾਣੀ ਦਾ ਫ਼ੈਸਲਾ ਹੈ “ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ” (ਪੰ: 463) ਭਾਵ ਜਿਸ ਜੀਵਨ ਅੰਦਰੋਂ ਇਹ ਇਲਾਹੀ ਅਤੇ ਆਤਮਕ ਗਿਆਨ ਪ੍ਰਗਟ ਨਹੀਂ ਹੁੰਦਾ ਉਹ ਮਨੁੱਖ ਜੀਵਨ ਭਰ ਅਗਿਅਨਤਾ `ਚ ਠੋਕਰਾਂ ਖਾਂਦਾ ਤੇ ਜਨਮ ਨੂੰ ਬਿਰਥਾ ਕਰ ਕੇ ਹੀ ਜਾਂਦਾ ਹੈ।

ਇਸੇ ਲਈ ਹਿਦਾਇਤਾਂ ਹਨ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ” (ਬਾਣੀ ਜਪੁ) ਭਾਵ ਉਸ ਰੱਬੀ ਤੇ ਸਦੀਵੀ ਗੁਰੂ ਗਿਆਨ ਦੀ ਰੋਸ਼ਨੀ `ਚ ਚਲਣਾ ਹੀ, ਮਨੁੱਖਾ ਜੀਵਨ ਦੀ ਸਫ਼ਲਤਾ ਲਈ ਇਕੋ ਇੱਕ ਰਾਹ ਹੈ। ਉਪ੍ਰੰਤ ਇਸੇ ਤਰ੍ਹਾਂ ਅਨੇਕਾਂ ਗੁਰਬਾਣੀ ਪ੍ਰਮਾਣ ਹਨ ਜੋ ਸਾਬਤ ਕਰਦੇ ਹਨ ਕਿ ‘ਗੁਰੂ’ ਤੇ ‘ਸਤਿਗੁਰੂ’ ਦਾ ਪ੍ਰਗਟਾਵਾ ਮਨੁੱਖਾ ਸਰੀਰ ਤੋਂ ਹੀ ਹੋਣਾ ਅਤੇ ਇਸ ਦੀ ਲੋੜ ਵੀ ਮਨੁੱਖਾ ਸਰੀਰ ਲਈ ਹੀ ਹੈ।

(੩) ਇਸ `ਚ ਵੀ ਸ਼ੱਕ ਨਹੀਂ ਕਿ ਕੋਈ ਵੀ ਸਰੀਰ ਸਦੀਵੀ ਨਹੀਂ, ਜਦਕਿ ਜਿਸ ‘ਗੁਰੂ’, ‘ਸਤਿਗੁਰੂ’, ਜੀਵਨ ਰਾਹ ਤੇ ਆਤਮਿਕ ਗਿਆਨ ਨਾਲ ਗੁਰੂ ਸਾਹਿਬ ਨੇ ਸਾਨੂੰ ਜੋੜਿਆ ਹੈ ਉਸੇ ਲਈ ਆਪ ਨੇ ਫ਼ੁਰਮਾਇਆ ਵੀ ਹੈ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਤੇ ਉਸ ਦਾ ਪ੍ਰਗਟਾਵਾ ਵੀ ਗੁਰਬਾਣੀ ਦੀ ਵਿਚਾਰ ਵਿਚੋਂ ਹੀ ਹੋਣਾ ਹੈ ਉਂਝ ਨਹੀਂ ਜਿਵੇਂ “ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ” (ਪੰ: ੫੯੪) ਇਸ ਤੋਂ ਇਲਾਵਾ ਇਹ ਹੋਣਾ ਵੀ ਹੈ ਤਾਂ ਉਹ ਵੀ ਹਉਮੈ ਨੂੰ ਪੂਰਣਤਾ ਤਿਆਗ ਕੇ ਕੇਵਲ ਕਰਤੇ ਦੀ ਬਖ਼ਸ਼ਿਸ਼ ਨਾਲ ਹੀ, ਉਂਝ ਨਹੀਂ।

ਭਾਵ ਉਸ ਸਦਾ ਥਿਰ ਗੁਰੂ ਅਥਵਾ ਆਤਮਕ ਗਿਆਨ ਦੀ ਜੀਵਨ `ਚ ਜਗ੍ਰਿਤੀ ਹੋਣੀ ਵੀ ਹੈ ਤਾਂ ਉਹ ਪੂਰੀ ਤਰ੍ਹਾਂ ਹਉਮੈ ਨੂੰ ਤਿਆਗ ਕੇ ਤੇ ਅਕਾਲਪੁਰਖ ਦੀ ਬਖ਼ਸ਼ਿਸ਼ ਨਾਲ ਭਾਵ ਅੰਦਰ ਵੱਸ ਰਹੇ ਕਰਤੇ ਨਾਲ ਇਕ-ਮਿਕ ਹੋ ਕੇ ਹੀ, ਉਂਝ ਨਹੀਂ। ਇਸ ਦੇ ਲਈ ਵੀ ਗੁਰਬਾਣੀ ਬੇਅੰਤ ਫ਼ੁਰਮਾਨ ਹਨ ਜਿਵੇਂ “ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ॥ ਸਹਿ ਮੇਲੇ ਤਾ ਨਦਰੀ ਆਈਆ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ॥ ਸਹਿ ਤੁਠੈ ਨਉ ਨਿਧਿ ਪਾਈਆ” (ਪੰ: ੪੭੩)।

(੪) ਇਹ ਉਹੀ ਗੁਰੂ ਅਜਿਹੀ ਹਸਤੀ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਣਾ ਇੱਕ ਵਾਰੀ ਨਹੀਂ ਬਲਕਿ ਗੁਰਬਾਣੀ `ਚ ਹੀ ਅਨੇਕਾਂ ਵਾਰੀ ਆਪਣਾ ਗੁਰੂ ਵੀ ਦਸਿਆ ਹੈ ਜਿਵੇਂ ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: ੫੯੯) ਅਤੇ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਪੰ: ੯੪੨) ਆਦਿ ਪ੍ਰਮਾਣ।

(੫) ਇਸ ਤੋਂ ਇਲਾਵਾ ਗੁਰਬਾਣੀ ਅਨੁਸਾਰ ਪ੍ਰਗਟ ਇਹ ਉਹੀ ਗੁਰੂ, ਸਤਿਗੁਰੂ, ਵਿਵੇਕ ਮੱਤ ਅਤੇ ਇਲਾਹੀ ਆਤਮਕ ਗਿਆਨ ਹੈ ਜਿਸ ਦੇ ਬਾਰੇ ਗੁਰਦੇਵ ਨੇ ਖ਼ੁਦ ਗੁਰਬਾਣੀ `ਚ ਬਾਰ-ਬਾਰ ਫ਼ੁਰਮਾਇਆ ਹੈ “ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ, ਤ੍ਰਿਭਵਣ ਜੋਤਿ ਸੁ ਸਬਦਿ ਲਹੈ” (ਪੰ: ੯੪੫) ਜਾਂ “ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ” (ਪੰ: ੬੩੫) “ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ, ਜਹ ਦੇਖਾ ਤਹ ਸੋਈ” (ਪੰ: ੯੪੪) ਅਤੇ “ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ”

(੬) ਸਪਸ਼ਟ ਹੋਇਆ ਕਿ ਜਿਸ ਗੁਰੂ ਲਈ ਗੁਰਦੇਵ ਆਪ ਆਦਿ ਜੁਗਾਦੀ, “ਸਬਦੁ ਨਿਰੰਤਰਿ”, “ਨਿਰੰਤਰਿ ਵਾਸੁ ਅਲਖੰ”, “ਤ੍ਰਿਭਵਣ ਜੋਤਿ ਸੁ ਸਬਦਿ ਲਹੈ”, “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ”, “ਅਬਿਨਾਸੀ ਪੁਰਖੁ” ਆਦਿ ਸ਼ਬਦਾਵਲੀ ਵਰਤ ਰਹੇ ਹਨ, ਗੁਰਦੇਵ ਉਸ ਨੂੰ ਮਨੁੱਖੀ ਸਰੀਰਾਂ ਤੱਕ ਮਹਿਦੂਦ ਕਿਵੇਂ ਕਰਣਗੇ। ਜਦਕਿ ਲਫ਼ਜ਼ ‘ਸਤਿਗੁਰ’ ਦੇ ਅਰਥ ਹੀ ਇਹੀ ਹਨ ਜੋ ਸਦਾ ਥਿਰ ਹੈ ਜਦਕਿ ਸਰੀਰ ਥਿਰ ਹੁੰਦਾ ਹੀ ਨਹੀਂ, ਨਾਸ਼ਵਰ ਹੈ।

ਇਸ ਸਾਰੇ ਦੇ ਬਾਵਜੂਦ ਇਹ ਵੀ ਦ੍ਰਿੜ ਕਰਕੇ ਮੰਨਣਾ ਪਵੇਗਾ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੱਕ, ਦਸੋਂ ਹੀ ਮਨੁੱਖੀ ਸਰੀਰ ਉਸੇ ਆਦਿ ਜੁਗਾਦੀ ਆਤਮਕ ਤੇ ਸਦੀਵੀ ਗੁਰੂ ਦਾ ਹੀ ਧੁਰੋਂ ਸਰੀਰਕ ਪ੍ਰਗਟਾਵਾ ਹਨ। ਉਪ੍ਰੰਤ ਦਸਾਂ ਪਾਤਸ਼ਾਹੀਆਂ ਕਾਰਨ ਹੀ, ਉਸੇ ਸਦੀਵੀ ਗੁਰੂ ਦਾ ਸਦੀਵ ਕਾਲ ਲਈ ਪ੍ਰਗਟਾਵਾ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”।

ਧੁਰ ਦਰਗਾਹੀ ਪ੍ਰੋਗਰਾਮ-ਇਸ ਇਲਾਹੀ ਸੱਚ ਦਾ ਇੱਕ ਹੋਰ ਪਹਲੂ ਇਹ ਵੀ ਹੈ। ਜਿਸ ਇਲਾਹੀ ਗੁਰੂ ਤੇ ਪ੍ਰਭੂ ਮਿਲਾਵੀ ਸਦੀਵੀ ਆਤਮਕ ਉੱਚਤਾ ਵਾਲੇ ਗਿਆਨ ਨੂੰ ਲਿਖਤ ਰੂਪ `ਚ ਦੇਣ ਤੇ ਜਿਸ ਦੇ ਸੰਕਲਣ ਵਾਲੇ ਪ੍ਰੋਗਰਮ ਦਾ ਆਰੰਭ ਪਹਿਲੇ ਪਾਤਸ਼ਾਹ ਨੇ ਆਪ ਕੀਤਾ, ਉਸੇ ਪ੍ਰੋਗਰਾਮ ਦੀ ਆਪਣੇ ਦਸਵੇਂ ਜਾਮੇ `ਚ ੬ ਅਕਤੂਬਰ ੧੭੦੮ ਸ਼ਾਮ ਨੂੰ ਸੰਪੂਰਣਤਾ ਤੇ ਉਸੇ ਗੁਰਬਾਣੀ ਸੰਗ੍ਰਿਹ ਦੇ ਸਰੂਪ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਸਦੀਵ ਕਾਲ ਲਈ ਗੁਰਗੱਦੀ ਸੌਪ ਕੇ ਸਰੀਰਕ ਪ੍ਰਥਾ ਨੂੰ ਵੀ ਨਾਲ ਹੀ, ਸਦਾ ਲਈ ਸਮਾਪਤ ਵੀ ਆਪ ਹੀ ਕਰ ਦਿੱਤਾ।

ਸ਼ਾਫ਼ ਕਰ ਦਿੱਤਾ ਕਿ ਇਸ ਆਦਿ ਜੁਗਾਦੀ ਗੁਰੂ ਦੀ ਲੋੜ ਵੀ ਮਨੁੱਖਾ ਸਰੀਰ ਲਈ ਹੈ। ਇਸ ਲਈ ਉਸ ਦੇ ਪ੍ਰਗਟਾਵੇ ਦਾ ਢੰਗ ਵੀ ਅਜਿਹਾ ਹੋਣਾ ਹੈ ਜਿਸ ਦਾ ਸਬੰਧ ਵੀ ਮਨੁਖਾ ਸਰੀਰ ਨਾਲ ਹੀ ਹੋਵੇ। ਜ਼ਾਹਿਰ ਹੈ, ਮਨੁੱਖ ਮਾਤ੍ਰ ਲਈ ਉਸ ਇਲਾਹੀ ਗੁਰੂ ਦੇ ਪ੍ਰਗਟਾਵੇ ਲਈ ਹੀ ਅਕਾਲਪੁਰਖ ਨੇ ਪਹਿਲਾਂ ਇਸੇ ਕਾਰਜ ਲਈ ਉਹ ਦਸ ਗੁਰੂ ਸਰੀਰ ਧੁਰੋਂ ਥਾਪੇ। ਉਪ੍ਰੰਤ ਗੁਰੂ ਨੂੰ ਪ੍ਰਗਟਾਵੇ ਵਾਲੇ ਉਸ ਇਲਾਹੀ ਕਾਰਜ ਦੇ ਸਿਰੇ ਚੜ੍ਹਦੇ ਸਾਰ ਹੀ ਉਸ ਦੇ ਲਈ ਸਰੀਰਕ ਪ੍ਰਥਾ ਨੂੰ ਸਮਾਪਤ ਵੀ ਕਰ ਦਿੱਤਾ। ਇਸ ਤਰ੍ਹਾਂ ਉਸੇ ਸਦਾ ਥਿਰ ਭਾਵ ਸਤਿਗੁਰੂ ਨੂੰ ਸਦਾ ਲਈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ ਸਥਾਪਤ ਵੀ ਕਰ ਦਿੱਤਾ।

ਗ਼ੈਬੀ ਖੇਡ ਤੇ ਜ਼ਾਹਿਰਾ ਕਰਾਮਾਤ- ਇਤਨੀ ਸਪਸ਼ਟ ਗ਼ੈਬੀ ਖੇਡ ਤੇ ਜ਼ਾਹਿਰਾ ਕਰਾਮਾਤ ਦੇ ਬਾਵਜੂਦ ਦਸਾਂ ਹੀ ਗੁਰੂ ਵਿਅਕਤੀਆਂ ਲਈ ਗੁਰੂ ਸ਼ਬਦ ਦੇ ਇਸਤੇਮਾਲ ਤੋਂ ਸੰਕੋਚ ਕਰਣਾ ਸਾਡੀ ਆਪਣੀ ਸੋਚ ਦੀ ਕਮਜ਼ੋਰੀ ਹੋਵੇਗੀ। ਇਸ ਦੇ ਅਜਿਹਾ ਪ੍ਰਚਾਰ ਸਪਸ਼ਟ ਤੌਰ `ਤੇ ਗੁਰਬਾਣੀ ਫ਼ੈਸਲੇ ਦਾ ਵੀ ਵਿਰੋਧ ਹੋਵੇਗਾ ਕਿਉਂਕਿ ਗੁਰਬਾਣੀ `ਚ ਗੁਰੂ ਪਦ ਗੁਰੂ ਹਸਤੀਆਂ ਲਈ ਬਹੁਤ ਵਾਰੀ ਆਇਆ ਹੈ। ਇਥੋਂ ਤੱਕ ਕਿ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੇ ਮਹਾਨ ਸਤਿਕਾਰ ਨਾਲ ਵੀ ਅਜਿਹੀ ਸੋਚਣੀ ਮੇਲ ਨਹੀਂ ਖਾਂਦੀ।

ਦਰਅਸਲ ਲੌੜ ਇਹ ਹੈ ਕਿ ਬਜਾਇ ਇਸ ਦੇ ਇਸ ਤਰ੍ਹਾਂ ਪੰਥ ਅੰਦਰ ਕੋਈ ਨਵਾਂ ਵਾਦ-ਵਿਵਾਦ ਤੇ ਬਖੇੜਾ ਉਠ ਖੜਾ ਹੋਵੇ। ਉਸ ਤੋਂ ਪਹਿਲਾਂ ਪੰਥ ਦੇ ਸੁਹਿਰਦ ਵਿਦਵਾਨਾ ਨੂੰ ਜਿਨ੍ਹਾਂ ਦਾ ਆਪਸੀ ਪਿਆਰ ਸਤਿਕਾਰ ਵੀ ਕਾਇਮ ਹੈ ਉਹ ਆਪਸੀ ਤੌਰ `ਤੇ ਇਸ ਰੱਬੀ ਸੱਚ ਨੂੰ ਗੁਰਬਾਣੀ ਆਧਾਰ `ਤੇ ਨਿਰੋਲ ਸਿਦਕ ਦਿਲੀ ਨਾਲ ਘੋਖਣ। ਦਸੋਂ ਹੀ ਪਾਤਸ਼ਾਹੀਆਂ ਲਈ ਗੁਰੂ ਲਫ਼ਜ਼ ਦਾ ਬਿਨਾ ਸੰਕੋਚ ਬਲਕਿ ਖੁੱਲ ਕੇ ਇਸਤੇਮਾਲ ਕਰਣ।

ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਗੁਰਬਾਣੀ ਆਧਾਰ `ਤੇ ਪ੍ਰਗਟ ਕੀਤੇ ਗਏ ਗੁਰੂ, ਸਤਿਗੁਰੂ ਆਦਿ ਲਫ਼ਜ਼ਾਂ ਨੂੰ ਸੰਸਾਰ ਸਾਹਮਣੇ ਸਪਸ਼ਟ ਕਰਣ ਤਾਕਿ ਇਸ ਪੱਖੋਂ ਹੋ ਰਹੇ ਲਗਾਤਾਰ ਨੁਕਸਾਨ ਤੋਂ ਸੰਗਤਾਂ ਨੂੰ ਵੀ ਬਚਾਇਆ ਜਾ ਸਕੇ। ਸੰਗਤਾਂ ਇਸ ਪੱਖੋਂ ਟੱਪਲੇ ਨਾ ਖਾਣ ਜਿਸਤੋਂ ਸੰਗਤਾਂ (੧) ਨਾ ਗੁਰਬਾਣੀ ਗੁਰੂ ਤੋਂ ਟੁੱਟ ਕੇ ਸ਼ਖ਼ਸੀ ਪੂਜਾ ਵੱਲ਼ ਵਧਣ (੨) ਤੇ ਨਾ ਡੇਰਿਆਂ ਗੁਰੂ ਡੰਮਾ ਦਾ ਸ਼ਿਕਾਰ ਹੋਣ।

ਲੋੜ ਹੈ ਤਾਂ ਨਿਧੜਕ ਹੋ ਕੇ ਨਿਰੋਲ਼ ਗੁਰਬਾਣੀ ਆਧਾਰ `ਤੇ ਗੁਰੂ ਪਦ ਨੂੰ ਸਪਸ਼ਟ ਕਰਣ ਦੀ ਜਿਸ ਤੋਂ ਨਾ ਹੀ ਦਸਾਂ ਪਾਤਸ਼ਾਹੀਆਂ ਨੂੰ ਗੁਰੂ ਕਹਿਣ `ਚ ਹਿਚਕਚਾਹਟ ਹੋਵੇ ਅਤੇ ਇਸ ਦੇ ਨਾਲ ਹੀ ਪੰਥ `ਚ ਗੁਰੂ ਕਾਲ ਵਾਲੇ ਉਹ ਦਿਨ ਪਰਤ ਆਉਣ ਜਦੋਂ ਕਿ ਗੁਰੂ ਵੰਸ਼ਾਂ ‘ਤੋਂ ਦੁਕਾਨਾਂ ਖੁੱਲ ਖੁੱਲ ਕੇ ਵੀ ਅਸਫ਼ਲ ਹੁੰਦੀਆਂ ਰਹੀਆਂ।

ਇਸ ਤੋਂ ਇਲਾਵਾ ਇਸ ਸਬੰਧ `ਚ ਗੁਰੂ ਦਰ `ਤੇ ਕੁੱਝ ਹੋਰ ਵਿਲਖਣਤਾਵਾਂ ਵੀ ਗੁਰਮਤਿ ਪਾਠ ੧੭੯ “ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .” ਚੋਂ ਦੇਖੀਆਂ ਤੇ ਖੁੱਲ ਕੇ ਪ੍ਰਚਾਰੀਆਂ ਜਾ ਸਕਦੀਆਂ ਹਨ।

ਗੁਰਮਤਿ ਆਧਾਰ `ਤੇ ਅਜਿਹੀਆਂ ਵਿਲਖਣਤਾਵਾਂ ਜਿਨ੍ਹਾਂ ਦਾ ਤੋੜ ਭਨਿਆਰੇ, ਆਸ਼ੂਤੋਸ਼ ਆਦਿ ਦੰਭੀ-ਪਾਖੰਡੀ ਗੁਰੂਆਂ ਕੋਲ ਵੀ ਨਹੀਂ। ਲੋੜ ਹੈ ਤਾਂ ਕੇਵਲ ਆਪਸ `ਚ ਮਿਲ ਬੈਠ ਕੇ ਗੁਰੂ ਪਦ ਦੇ ਗੁਰਬਾਣੀ ਆਧਾਰ `ਤੇ ਤਿਆਰੀ ਤੇ ਯੌਗ ਪ੍ਰਚਾਰ ਦੀ।

ਅੰਤ `ਚ, ਸੂਝਵਾਨ ਤੇ ਕੌਮ ਦੀ ਕਰੀਮ ਨਾਲ ਸਬੰਧਤ ਸੱਜਨਾ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ‘ਗੁਰੂ’ ਤੇ ‘ਸਤਿਗਰੁ’ ਆਦਿ ਗੁਰਬਾਣੀ ਸ਼ਬਦਾਵਲੀ ਜਿਸ ਦਾ ਕਿ ਸਿੱਧਾ ਸਬੰਧ ਹੀ ਆਦਿ ਜੁਗਾਦੀ, ਰੂਪ ਰੇਖ ਰੰਗ ਤੇ ਨਿਆਰੇ ਅਕਾਲਪੁਰਖ ਨਾਲ ਹੈ; ਉਸ ਨੂੰ ਸਪਸ਼ਟ ਤੇ ਸੁਲਝੇ ਸ਼ਬਦਾਂ `ਚ ਗੁਰੂ ਕੀਆਂ ਸੰਗਤਾਂ ਦੇ ਸਮੁੰਖ ਸਪਸ਼ਟ ਕੀਤਾ ਜਾਵੇ। ਇਸ ਤਰ੍ਹਾਂ ‘ਗੁਰੂ’ ਅਥਵਾ ‘ਸਤਿਗੁਰੂ’ ਲਫ਼ਜ਼, ਦਸੋਂ ਹੀ ਗੁਰੂ ਹਸਤੀਆਂ ਲਈ ਵਰਤਣ `ਚ ਵੀ ਸੰਕੋਚ ਨਹੀਂ ਆਵੇਗਾ।

ਇਸ ਦਾ ਦੂਜਾ ਵੱਡਾ ਲਾਭ ਇਹ ਵੀ ਹੋਵੇਗਾ ਕਿ ਗੁਰਬਾਣੀ ਆਧਾਰ `ਤੇ ਵਰਤੀ ਗਈ ਅਜਿਹੀ ਸ਼ਬਦਾਵਲੀ ‘ਗੁਰੂ’ ਕੀਆਂ ਸੰਗਤਾਂ ਵਿਚਕਾਰ ਸ਼ਖ਼ਸੀ ਪੂਜਾ ਵਾਲੀ ਭਾਵਨਾ ਨੂੰ ਵੀ ਜਨਮ ਨਹੀਂ ਦੇਵੇਗੀ। ਇਸ ਤਰ੍ਹਾਂ ਗੁਰਦੁਆਰਿਆਂ ਤੇ ਸੰਗਤਾਂ ਵਿਚਕਾਰ ‘ਗੁਰੂ’ ਪਦ ਦੇ ਸ਼ਖ਼ਸੀ ਪੂਜਾ ਦੇ ਆਧਾਰ ਤੇ ਪ੍ਰਚਲਤ ਹੋ ਚੁੱਕੇ ਤੇ ਨਿੱਤ ਹੋ ਰਹੇ ਕਰਮ-ਕਾਂਡਾਂ ਨੂੰ ਵੀ ਠੱਲ ਪਵੇਗੀ। ਇਸ ਦੇ ਨਾਲ ਨਾਲ ਗੁਰਬਾਣੀ ਗਿਆਨ ਦੀ ਜਾਗ੍ਰਿਤੀ ਤੇ ਯੋਗ ਪ੍ਰਚਾਰ ਦਾ ਨਤੀਜਾ, ਦੰਭੀ ਪਾਖੰਡੀ ਗੁਰੂਡੰਮਾਂ-ਡੇਰਿਆਂ ਤੋਂ ਵੀ ਸੰਗਤਾਂ ਨੂੰ ਰਾਹਤ ਤੇ ਨਿਜਾਤ ਮਿਲ ਸਕੇਗੀ। #209s10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 209

“ਸਤਿਗੁਰੁ ਮੇਰਾ ਸਦਾ ਸਦਾ…”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

Eweb site- www.gurbaniguru.org




.