.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਸਕਰ ਹੋਈ ਵਿਸੁ

ਕੋਈ ਮਾਂ ਇਹ ਨਹੀਂ ਕਹੇਗੀ ਕਿ ਮੇਰਾ ਬੱਚਾ ਅੱਗ ਨਾਲ ਖੇਢੇ। ਬੱਚੇ ਅੱਗ ਨਾਲ ਪਿਆਰ ਕਰਦੇ ਹਨ ਪਰ ਜਦੋਂ ਸਮਝ ਆਉਂਦੀ ਹੈ ਕਿ ਅੱਗ ਸਾਡਾ ਨੁਕਸਾਨ ਕਰੇਗੀ ਤਾਂ ਬੱਚੇ ਅੱਗ ਨਾਲ ਖੇਢਣੋਂ ਹੱਟ ਜਾਂਦੇ ਹਨ। ਹਰ ਬੱਚਾ ਅਪਣੀ ਉਮਰ ਨਾਲੋਂ ਵੱਡੀਆਂ ਪੁਲਾਂਗਾਂ ਪੁੱਟਣ ਦੀ ਸੋਚਦਾ ਰਹਿੰਦਾ ਹੈ ਪਰ ਮਾਪੇ ਹਮੇਸ਼ਾਂ ਸਮਝਾਉਂਦੇ ਰਹਿੰਦੇ ਹਨ ਬੱਚਿਆ ਇੰਜ ਕਰਨ ਨਾਲ ਤੇਰਾ ਨੁਕਸਾਨ ਹੋਏਗਾ।

ਡੂੰਘੇ ਪਾਣੀਆਂ ਵਿੱਚ ਤਾਰੀਆਂ ਲਗਾਉਣੀਆਂ, ਸਾਇਕਲ, ਮੋਟਰ ਸਾਇਕਲ ਤੇ ਕਾਰਾਂ ਤੇਜ਼ ਚਲਾਉਣੀਆਂ ਹਰ ਬੱਚੇ ਦੀ ਦਿਲੀ ਖ਼ਾਹਸ਼ ਹੁੰਦੀ ਹੈ। ਇਸ ਤੇਜ਼ੀ ਦੇ ਨੁਕਸਾਨ ਦਾ ਉਸ ਨੂੰ ਕੋਈ ਵੀ ਪਤਾ ਨਹੀਂ ਲੱਗਦਾ। ਜਿਉਂ ਹੀ ਬੱਚੇ ਨੂੰ ਸੋਝੀ ਆਉਂਦੀ ਹੈ ਤਾਂ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਅਜੇਹਾ ਤੇਜ਼ ਪਨ ਮੇਰੀ ਜਾਨ ਦਾ ਖ਼ਤਰਾ ਵੀ ਬਣ ਸਕਦਾ ਹੈ।

ਸਕੂਲ ਵਿੱਚ ਅਧਿਆਪਕ ਦਾ ਨਾ ਆਉਣਾ ਬੱਚਿਆਂ ਨੂੰ ਬਹੁਤ ਚੰਗਾ ਲੱਗਦਾ ਹੈ ਪਰ ਉਹਨਾਂ ਨੂੰ ਅਧਿਆਪਕ ਦੇ ਨਾ ਆਉਣ ਦੇ ਨੁਕਸਾਨ ਦਾ ਬੋਧ ਨਹੀਂ ਹੁੰਦਾ। ਜ਼ਿੰਦਗੀ ਦੇ ਖੇਤਰ ਵਿੱਚ ਵਿਚਰਦਿਆਂ ਪਤਾ ਲੱਗਦਾ ਹੈ ਜਿਸ ਅਧਿਆਪਕ ਨੇ ਪੜ੍ਹਾਇਆ ਨਹੀਂ ਸੀ ਉਹ ਓਦੋਂ ਤਾਂ ਬਹੁਤ ਚੰਗਾ ਲੱਗਦਾ ਸੀ, ਪਰ ਉਸ ਨੇ ਨਾ ਪੜ੍ਹਾਉਣ ਨਾਲ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਵੀ ਕੀਤਾ ਹੈ। ਚਲੋ ਇਹ ਤਾਂ ਬੱਚਿਆਂ ਦੀਆਂ ਕਥਾ ਕਹਾਣੀਆਂ ਹਨ। ਬਚਪਨੇ ਵਿੱਚ ਜਿਹੜੀਆਂ ਗੱਲਾਂ ਨੂੰ ਅਸੀਂ ਚੰਗਾ ਸਮਝਦੇ ਸੀ ਵੱਡਿਆਂ ਹੋਇਆਂ ਉਹੋ ਗੱਲਾਂ ਜ਼ਹਿਰ ਵਰਗੀਆਂ ਲੱਗਦੀਆਂ ਹਨ।

ਪਿੱਛਲੇ ਲੰਬੇ ਸਮੇਂ ਤੋਂ ਮੈਂ ਆਪਣੇ ਘਰ ਵਿੱਚ ਕਹਿੰਦਾ ਆਇਆ ਹਾਂ ਕਿ ਮੈਨੂੰ ਚਾਹ ਵਿੱਚ ਮਿੱਠਾ ਨਾ ਮਾਤਰ ਪਾ ਕੇ ਦਿਓ ਪਰ ਇਧਰ ਦੀ ਸੁਣੀ ਤੇ ਓਧਰ ਦੀ ਕੱਢ ਦਿੱਤੀ। ਰੋਲ਼ਾ ਪਉਣ ਦਾ ਬਹੁਤ ਅਸਰ ਨਹੀਂ ਹੋਇਆ। ਹੁਣ ਜਦੋਂ ਡਾਕਟਰ ਨੇ ਕਿਹਾ ਹੈ ਕਿ ਭੈਣ ਜੀ ਸ਼ੂਗਰ ਤੁਹਾਡੇ ਲਈ ਜ਼ਹਿਰ ਦੀ ਨਿਆਂਈ ਹੈ ਤਾਂ ਜਾ ਕੇ ਸਮਝ ਆਈ ਕਿ ਅਸੀਂ ਹਨੇਰਾ ਹੀ ਢੋਈ ਗਏ ਹਾਂ। ਪਹਿਲਾਂ ਕਹਿੰਦੇ ਸੀ ਕਿ ਮਿੱਠੇ ਤੋਂ ਬਿਨਾ ਤਾਂ ਭੈਣਾ ਚਾਹ ਹੀ ਸੁਆਦ ਨਹੀਂ ਲੱਗਦੀ ਹੁਣ ਮਿੱਠੇ ਨੂੰ ਹੱਥ ਵੀ ਲੱਗ ਜਾਏ ਤੇ ਛੇਤੀ ਛੇਤੀ ਧੋਅ ਲਈਦਾ ਹੈ ਕਿ ਕਿਤੇ ਸ਼ੂਗਰ ਹੀ ਨਾ ਵੱਧ ਜਾਏ।

ਹੁਣ ਵਿਚਾਰ ਕਰਦੇ ਹਾਂ ਮਨੁੱਖੀ ਸੁਭਾਅ ਦੀ। ਮਨੁੱਖ ਬਹੁਤ ਦਫ਼ਾ ਧੋਖਾ ਖਾ ਜਾਂਦਾ ਹੈ ਤੇ ਨਕਲ ਨੂੰ ਅਸਲ ਸਮਝ ਲੈਂਦਾ ਹੈ। ਗੁਰੂ ਅਮਰਦਾਸ ਜੀ ਇਸ ਸਬੰਧੀ ਬਹੁਤ ਪਿਆਰਾ ਖ਼ਿਆਲ ਦੇਂਦੇ ਹਨ ਕਿ ਜਿਸ ਨੂੰ ਮੈਂ ਹੰਸ ਸਮਝਦਾ ਸੀ ਉਹ ਨਿਰਾ ਬਗਲਾ ਹੀ ਨਿਕਲਿਆ ਹੈ—

ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ॥

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥ 3॥

ਸਲੋਕ ਮ: ੩ ਪੰਨਾ ੫੮੫

ਸ਼ੇਖ਼ ਫਰੀਦ ਜੀ ਨੇ ਇੱਕ ਸਲੋਕ ਵਿੱਚ ਖ਼ਿਆਲ ਦਿੱਤਾ ਹੈ ਕਿ ਜਿਸ ਨੂੰ ਮੈਂ ਸ਼ੱਕਰ ਸਮਝਦਾ ਸੀ ਉਹ ਜ਼ਹਿਰ ਹੀ ਪ੍ਰਗਟ ਹੋਈ ਹੈ—

ਦੇਖੁ ਫਰੀਦਾ ਜਿ ਥੀਆ, ਸਕਰ ਹੋਈ ਵਿਸੁ॥

ਸਾਂਈ ਬਾਝਹੁ ਆਪਣੇ, ਵੇਦਣ ਕਹੀਐ ਕਿਸੁ॥ 10॥

ਸਲੋਕ ਫਰੀਦ ਜੀ ਪੰਨਾ ੧੩੭੮

‘ਦੇਖੁ ਫ਼ਰੀਦਾ ਜਿ ਥੀਆ’ ਭਾਵ ਜੋ ਕੁੱਝ ਹੁਣ ਤੀਕ ਹੋਇਆ ਹੈ ਜਾਂ ਮੈਂ ਕਰਦਾ ਰਿਹਾ ਹਾਂ ਉਸ ਦੀ ਸਮਝ ਆ ਗਈ ਕਿ ਜਿਸ ਨੂੰ ਅਨੰਦ ਕਿਹਾ ਜਾ ਰਿਹਾ ਸੀ ਉਹ ਅਸਲ ਵਿੱਚ ਨਿਰੇ ਰੋਗ ਹੀ ਸਨ। ਦੋਸਤਾਂ ਮਿੱਤਰਾਂ ਨਾਲ ਮਿਲ ਕੇ ਹਰ ਸ਼ਾਮ ਨੂੰ ਹਮੇਸ਼ਾਂ ਰੰਗੀਨ ਬਣਾਉਣ ਵਿੱਚ ਰੁਝਿਆ ਰਿਹਾ ਸੀ। ਹੁਣ ਦਾਰੂ ਪੀਣ ਦੀ ਬੁਰੀ ਆਦਤ ਨੇ ਮੇਰਾ ਸਾਰਾ ਸਰੀਰ ਕੰਬਣ `ਤੇ ਲਗਾ ਦਿੱਤਾ ਹੈ। ਬਿਨਾ ਹਲਾਇਆਂ ਹੀ ਹੱਥ ਡੰਮਰੂ ਵਜਾ ਰਹੇ ਹਨ। ਜਿਸ ਕਰਮ ਨੂੰ ਮੈਂ ਬੜਾ ਸੁੱਖਦਾਇਕ ਸਮਝਦਾ ਸੀ ਉਹ ਰੰਗੀਨ ਸ਼ਾਮ ਹੀ ਮੇਰੇ ਲਈ ਦੁਖਦਾਇਕ ਹੋ ਨਿਬੜੀ ਹੈ— ‘ਸਕਰ ਹੋਈ ਵਿਸੁ’।

ਆਪਣੇ ਮਨ ਦੀ ਵੇਗ ਨਾਲ ਚੱਲਣ ਵਾਲਾ ਮਨੁੱਖ ਜਿਨ੍ਹਾਂ ਵਿਕਾਰਾਂ ਨੂੰ ਬਹੁਤ ਚੰਗਾ ਸਮਝਦਾ ਸੀ ਅੱਜ ਉਹ ਹੀ ਉਸ ਲਈ ਮਾਨਸਕ ਬਿਮਾਰੀਆਂ ਤੇ ਆਤਮਕ ਮੌਤ ਦਾ ਕਾਰਨ ਬਣ ਗਏ ਹਨ।

ਅੱਜ ਏਡਜ਼ ਵਰਗੀਆਂ ਬਿਮਾਰੀਆਂ ਨੇ ਜਨਮ ਲੈ ਲਿਆ ਹੈ। ਬਿਮਾਰੀ ਤੇ ਭਾਂਵੇ ਇਹ ਪਹਿਲਾਂ ਵੀ ਹੋਏਗੀ ਪਰ ਵਿਗਿਆਨੀ ਦੀ ਪਕੜ ਵਿੱਚ ਹੁਣ ਆਈ ਹੈ। ਸਮਾਜ ਵਿੱਚ ਆਪਣੇ ਰੁਤਬੇ ਜਾਂ ਆਪਣੀ ਹੈਸੀਅਤ ਨੂੰ ਲਕਾਉਂਦਾ ਹੋਇਆ ਕਿਸੇ ਨੂੰ ਵੀ ਦੱਸਣ ਲਈ ਤਿਆਰ ਨਹੀਂ ਹੈ।

ਸਿਆਣੇ ਲੋਕਾਂ ਦਾ ਕਥਨ ਹੈ ਕਿ ਡਾਕਟਰ ਪਾਸੋਂ ਕਦੇ ਵੀ ਰੋਗ ਛਪਾਉਣਾ ਨਹੀਂ ਚਾਹੀਦਾ। ਜੇ ਡਾਕਟਰ ਪਾਸੋਂ ਰੋਗ ਛਪਾਵਾਂਗੇ ਤਾਂ ਮਰੀਜ਼ ਨੂੰ ਸਹੀ ਦਵਾਈ ਨਹੀਂ ਮਿਲਗੀ। ਮਰੀਜ਼ ਕਦੇ ਵੀ ਤੰਦਰੁਸਤ ਨਹੀਂ ਹੋਏਗਾ। ਵਕੀਲ ਪਾਸੋਂ ਵੀ ਕਦੇ ਕਿਸੇ ਗੱਲ ਦਾ ਉਲ੍ਹਾ ਨਹੀਂ ਰੱਖਣਾ ਚਾਹੀਦਾ ਜੇ ਮੁਕਦਮਾ ਜਿੱਤਣਾ ਹੈ ਤਾਂ। ਨਹੀਂ ਤਾਂ ਕੇਸ ਹਰਿਆ ਹੀ ਹਰਿਆ ਸਮਝੋ।

ਆਪਣੇ ਮਾਲਕ ਤੋਂ ਬਿਨਾ ਕਿਸੇ ਹੋਰ ਨੂੰ ਆਪਣਾ ਦਰਦ ਦੱਸਿਆ ਵੀ ਨਹੀਂ ਜਾ ਸਕਦਾ— ‘ਸਾਂਈ ਬਾਝਹੁ ਆਪਣੇ’ ਭਾਵ ਰੱਬੀ ਗੁਣਾਂ ਦੇ ਆਉਣ ਨਾਲ ਇਹ ਅਹਿਸਾਸ ਹੋਇਆ ਕਿ ਜਿਨ੍ਹਾਂ ਵਿਕਾਰਾਂ ਨਾਲ ਮੈਂ ਸਾਂਝ ਪਾਈ ਹੋਈ ਸੀ ਉਹ ਨਿਰੇ ਜ਼ਹਿਰ ਰੂਪ ਹੀ ਸਨ। ਗੁਰੂ ਗਿਆਨ ਆਉਣ ਨਾਲ ਹੀ ਹਊਮੇ ਵਰਗੇ ਦੀਰਗ ਰੋਗ ਦਾ ਪਤਾ ਚੱਲਿਆ— ‘ਵੇਦਣ ਕਹੀਐ ਕਿਸੁ’ ਇਸ ਦਾ ਇਲਾਜ ਕੇਵਲ ਗੁਰੂ ਪਾਸ ਹੀ ਹੈ।

ਸਾਡੇ ਮਨ ਵਿੱਚ ਭਲੇ ਤੇ ਬੁਰੇ ਦੋ ਬੀਜ ਪਏ ਹੋਏ ਹਨ। ਭਲਾ ਰੱਬੀ ਗੁਣਾਂ ਦਾ ਲਖਾਇਕ ਹੈ ਜਦੋਂ ਕਿ ਬੁਰਾ ਬੀਜ ਸ਼ੈਤਾਨ ਦਾ ਲਖਾਇਕ ਹੈ। ਜੇ ਗੁਰੂ ਦੀ ਸੰਗਤ ਮਿਲ ਗਈ ਭਾਵ ਵਿਚਾਰਧਾਰਾ ਸਮਝ ਵਿੱਚ ਆ ਗਈ ਤਾਂ ਵਿਕਾਰਾਂ ਵਾਲਾ ਜੀਵਨ ਛੱਡ ਕੇ ਭਲੇ ਜੀਵਨ ਵਲ ਨੂੰ ਤੁਰ ਪਵਾਂਗੇ। ਜੇ ਭੈੜੀ ਸੰਗਤ ਮਿਲ ਗਈ ਵਿਸ ਨੂੰ ਸ਼ੱਕਰ ਆਖੀ ਜਾਵਾਂਗੇ। ਮੁੱਕਦੀ ਗੱਲ ਆਤਮਕ ਸੂਝ ਨਾਲ ਇਹ ਆਹਿਸਾਸ ਹੋ ਗਿਆ ਕਿ ਜਿਹੜੇ ਵਿਕਾਰ ਬਹੁਤ ਚੰਗੇ ਲੱਗਦੇ ਸੀ ਉਹ ਹੁਣ ਜ਼ਹਿਰ ਦਿਸਣ ਲੱਗ ਪਏ ਹਨ। ਗੁਰਬਣੀ ਵਿੱਚ ਹੋਰ ਪਿਆਰਾ ਵਾਕ ਹੈ ਜੋ ਸਕਰ ਹੋਈ ਵਿਸੁ ਨੂੰ ਸਮਝਾਉਂਦੇ ਹਨ।

ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ

ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ॥

ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ॥

ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ॥

ਸਿਰੀਰਾਗ ਮਹਲਾ ੫ ਪੰਨਾ ੫੦

ਬਹੁਤੇ ਭੋਗਾਂ ਤੇ ਸਵਦਿਸ਼ਟ ਖਾਣਿਆਂ ਨੂੰ ਖਾਣ ਕਰਕੇ ਸਰੀਰਕ ਤੇ ਮਾਨਸਕ ਰੋਗ ਜਨਮ ਲੈਂਦੇ ਹਨ। ਜਿਨ੍ਹਾਂ ਨੂੰ ਅਸੀਂ ਆਪਣੇ ਸਮਝਿਆ ਉਹਨਾਂ ਨੇ ਹੀ ਕਚਹਿਰੀਆਂ ਦਾ ਮੂੰਹ ਦਿਖਾਇਆ। ਸਿਧਾਂਤਕ ਗੱਲ ਤਾਂ ਇਹ ਹੈ ਕਿ ਰੱਬ ਜੀ ਦੀ ਸਹਾਇਤਾ ਭਾਵ ਰੱਬੀ ਗੁਣਾਂ ਤੋਂ ਬਿਨਾਂ ਜੀਵਨ ਜੁਗਤੀ ਨਹੀਂ ਆ ਸਕਦੀ।

ਸੋਰਠਿ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੌ ਦਾ ਇੱਕ ਹੋਰ ਵਾਕ ਹੈ—

ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ॥

ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ॥

ਸੋਰਠਿ ਮਹਲਾ ੫ ਪੰਨਾ ੬੪੧

ਜਿੰਨ੍ਹਾਂ ਪਦਾਰਥਾਂ ਨੂੰ ਮਿੱਠਾ ਸਮਝ ਕੇ ਖਾਧਾ ਉਹਨਾਂ ਨੇ ਹੀ ਮੇਰੇ ਸਰੀਰ ਵਿੱਚ ਰੋਗ ਪੈਦਾ ਕੀਤੇ। ਇਹ ਮੁੜ ਕੇ ਜਾਣ ਦਾ ਨਾਂ ਨਹੀਂ ਲੈਂਦੇ ਤੇ ਇਹਨਾਂ ਨੇ ਪੱਕਾ ਡੇਰਾ ਜਮਾ ਲਿਆ ਹੈ। ਇਹ ਵਿਸ ਮੇਰੀ ਤੇ ਗ਼ਮ ਵਿੱਚ ਬਦਲ ਗਈ ਹਨ।

ਗੁਰੂ ਅਮਰਦਾਸ ਜੀ ਦਾ ਵੀ ਇੱਕ ਵਾਕ ਹੈ—

ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ॥

ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ॥

ਸਲੋਕ ਮ: ੩ ਪੰਨਾ

ਇਸ ਜੀਵ ਰੂਪੀ ਇਸਤ੍ਰੀ ਨੇ ਦੁਨੀਆਂ ਦੇ ਪਦਾਰਥਾਂ ਨੂੰ ਮਿੱਠਾ ਸਮਝ ਕੇ ਖ਼ੂਬ ਭੋਗਿਆ ਹੁਣ ਏਹੀ ਭੋਗ ਏਦ੍ਹੇ ਲਈ ਰੋਗਾਂ ਦੀ ਆਫਤ ਲੈ ਕੇ ਆ ਗਏ ਹਨ। ਆਪਣੀ ਮਰਜ਼ੀ ਦੇ ਭੋਗ ਭੋਗਣ ਨਾਲ ਪ੍ਰਭੂ ਜੀ ਨਾਲੋਂ ਦੂਰੀ ਵੱਧ ਗਈ ਹੈ।

ਕਿਸੇ ਅਦੀਬ ਨੇ ਸੁੰਦਰ ਲਿਖਿਆ ਹੈ—

ਜਿਨੇ ਹਮ ਹਾਰ ਸਮਝਾ ਥਾ, ਗਲਾ ਆਪਨਾ ਸਜਾਨੇ ਕੋ,

ਉਹ ਕਾਲੇ ਨਾਗ ਬਨ ਬੈਠੇ ਗਲੇ ਕੋ ਕਾਟ ਖਾਨੇ ਕੋ।
.