.

ਹੁਣ ਲਾਵਹੁ ਭੋਗ ਹਰਿ ਰਾਏ

ਸਿੱਖ ਜਗਤ ਵਿੱਚ ਗੁਰਮਤਿ ਵਿਰੁੱਧ ਪ੍ਰਚਲਤ ਰੀਤਾਂ ਰਸਮਾ ਤੇ ਕਰਮ ਕਾਂਡਾਂ ਵਿਚੋਂ ਇੱਕ ਭੋਗ ਲਾਉਣ ਦੀ ਰਸਮ ਗੁਰਦੁਆਰਿਆਂ ਵਿੱਚ ਬੜੀ ਪਰਸਿੱਧ ਹੈ। ਇੱਕ ਥਾਲ ਵਿੱਚ ਲੰਗਰ ਪਰੋਸ ਕੇ ਗੁਰੂ ਗ੍ਰੰਥ ਸਾਹਿਬ ਜੀ ਅਗੇ ਰੱਖ ਕੇ ਭੋਗ ਲਾਉਣ ਲਈ ਅਰਦਾਸ ਕੀਤੀ ਜਾਂਦੀ ਹੈ ਤੇ ਉਪਰੰਤ ਉਸਨੂੰ ਬਣੇ ਹੋਏ ਸਮੁਚੇ ਲੰਗਰ ਨਾਲ ਮਿਲਾ ਕੇ ਸੰਗਤ ਵਿੱਚ ਵਰਤਾ ਦਿੱਤਾ ਜਾਂਦਾ ਹੈ। ਵਾਜੇ ਢੋਲਕੀਆਂ ਤੇ ਛੇਣਿਆਂ ਨਾਲ ਅਖੌਤੀ ਆਰਤੀ ਮਗਰੋਂ “ਹੁਣ ਲਾਵਹੁ ਭੋਗ ਹਰਿ ਰਾਏ” ਦੀ ਧੁਨੀ ਨਾਲ ਗੁਰੂ ਨੂੰ (ਅੱਗੇ ਰੱਖੇ ਭੋਜਨ ਨੂੰ) ਭੋਗ ਲਾਉਣ ਦੀ ਦੁਹਾਈ ਦਿੱਤੀ ਜਾਂਦੀ ਹੈ। ਇਹ ਰੀਤ ਹਿੰਦੂ ਧਰਮ ਵਿਚੋਂ ਲੈ ਕੇ ਪ੍ਰਚਲਤ ਕੀਤੀ ਗਈ ਹੈ, ਪਰ ਗੁਰਮਤਿ ਵਿੱਚ ਇਸਨੂੰ ਕੋਈ ਪ੍ਰਵਾਨਗੀ ਨਹੀ ਹੈ। ਉਹ ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਦੁੱਧ ਜਾਂ ਹੋਰ ਪਦਾਰਥਾਂ ਦਾ (ਸੰਖ ਵਜਾ ਕੇ, ਟੱਲੀਆਂ ਖੜਕਾ ਕੇ) ਭੋਗ ਲਾਉਂਦੇ ਹਨ ਤੇ ਇਹੀ ਰੀਤ ਹੁਣ ਸਿੱਖ ਜਗਤ ਵਿੱਚ ਵੀ ਫੈਲਦੀ ਜਾ ਰਹੀ ਹੈ। ਜਿਸ ਨੇ ਵੀ ਇਸ ਰੀਤ ਨੂੰ ਸਿੱਖੀ ਵਿੱਚ ਪ੍ਰਚਲਤ ਕੀਤਾ ਹੈ ਉਹ ਸਪਸ਼ਟ ਤੌਰ ਤੇ ਗੁਰਬਾਣੀ ਤੋਂ ਬਿਲਕੁਲ ਅਗਿਆਤ ਹੋਵੇਗਾ ਕਿਉਂਕਿ ਗੁਰਮਤਿ ਵਿੱਚ ਇਸ ਰੀਤ ਦੀ ਕੋਈ ਪ੍ਰਵਾਨਗੀ ਨਹੀ ਪਰ ਖੰਡਨਤਾ ਜ਼ਰੂਰ ਹੈ। ਐਸੀਆਂ ਹੋਰ ਵੀ ਬਹੁਤ ਹਿੰਦੂ ਧਰਮ ਦੀਆਂ ਰੀਤਾਂ ਰਸਮਾਂ ਤੇ ਕਰਮ ਕਾਂਡ ਸਿੱਖੀ ਵਿੱਚ ਰਲਗਡ ਕਰਿ ਦਿੱਤੇ ਗਏ ਹਨ ਜੋ ਗੁਰਮਤਿ ਅਨਕੂਲ ਨਹੀ ਤੇ ਉਹਨਾ ਤੋਂ ਸੁਚੇਤ ਹੋ ਕੇ ਉਹਨਾਂ ਨੂੰ ਤਿਆਗ ਦੇਣਾ ਦੀ ਲੋੜ ਹੈ। ਆਉ ਭੋਗ ਦੀ ਰਸਮ ਦੀ ਗੁਰਬਾਣੀ ਦੁਆਰਾ ਪੜਚੋਲ ਕਰੀਏ। ਗੁਰਬਾਣੀ ਦਾ ਫੁਰਮਾਨ ਹੈ:- ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥ … ਆਨੀਲੇ ਫੁਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲੁ ਭੈਲਾ ਕਾਇ ਕਰਉ॥ ਆਨੀਲੇ ਦੂਧੁ ਰਿਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ॥ ਪਹਿਲੇ ਦੂਧੁ ਬਿਟਾਰਿਉ ਬਛਰੈ ਬੀਠਲੁ ਭੈਲਾ ਕਾਇ ਕਰਉ॥ (485)। ਸ਼ਬਦ ਵਿੱਚ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਜਦੋਂ ਪਾਣੀ ਵੀ ਜੂਠਾ ਹੈ, ਬਨਸਪਤੀ (ਫੁਲ, ਫਲ, ਅਨਾਜ ਆਦਿਕ) ਵੀ ਜੂਠੀ ਹੈ, ਦੁੱਧ ਵੀ ਜੂਠਾ ਹੈ ਤਾਂ ਇਹਨਾ ਤੋਂ ਬਣੇ ਜੂਠੇ ਪਦਾਰਥਾਂ ਦਾ ਭੋਗ ਪਰਮਾਤਮਾ (ਗੁਰੂ) ਨੂੰ ਕਿਵੇਂ ਲਾਇਆ ਜਾ ਸਕਦਾ ਹੈ? ਮਨੁੱਖ ਇੱਕ ਦੂਜੇ ਦੀ ਜੂਠ ਖਾਣ ਤੋਂ ਤਾਂ ਗੁਰੇਜ਼ ਕਰਦਾ ਹੈ, ਪਰ ਗੁਰੂ ਅਗੇ ਜੂਠੇ ਪਦਾਰਥਾਂ ਨੂੰ ਭੋਗ ਲਵਾਉਣ ਲਈ ਅਰਦਾਸਾਂ ਕਰਦਾ ਹੈ। ਕੀ ਇਹ ਨਿਰੀ ਅਗਿਆਨਤਾ ਨਹੀ? ਸੰਸਾਰ ਵਿੱਚ ਕੋਈ ਐਸਾ ਸੁੱਚਾ ਪਦਾਰਥ ਨਹੀ ਜਿਸਦਾ ਪਰਮਾਤਮਾ (ਗੁਰੂ) ਨੂੰ ਭੋਗ ਲਾਇਆ ਜਾ ਸਕੇ ਜਾਂ ਭੇਟ ਕੀਤਾ ਜਾ ਸਕੇ। ਗੁਰੂ ਦੀ ਸਿਖਿਆ ਤੇ ਚਲ ਕੇ ਰੱਬੀ ਗੁਣਾ ਦੁਆਰਾ ਮਨ ਨੂੰ ਪਵਿਤ੍ਰ ਕਰਕੇ ਉਸਦੀ ਭੇਟਾ ਝੜਾਉਣਾ ਹੀ ਮਾਨੋ ਉਸਨੂੰ ਭੋਗ ਲਾਉਣਾ ਹੈ ਤੇ ਇਹ ਮਸਾਲ ਗੁਰਬਾਣੀ ਵਿੱਚ ਦਿੱਤੀ ਗਈ ਹੈ। : ਸ+ਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ॥ (1163) ਨਾਮਦੇਵ ਜੀ ਨੇ ਆਪਣਾ ਪਵਿਤ੍ਰ ਹਿਰਦਾ ਹੀ ਪ੍ਰਮਾਤਮਾ ਅਗੇ ਭੇਟ ਕੀਤਾ ਸੀ। ਕਿਸੇ ਦੁਨਿਆਵੀ ਪਦਾਰਥ ਨੂੰ ਹਰੀ ਦੇ ਭੇਟ ਨਹੀ ਕੀਤਾ। ਭਗਤ ਰਵਿਦਾਸ ਜੀ ਦਾ ਵੀ ਇਹੀ ਸਪਸ਼ਟੀਕਰਨ ਹੈ:- ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥ (694) ਰਵਿਦਾਸ ਆਖਦਾ ਹੈ, ਹੇ ਪ੍ਰਭੂ ਤੇਰਾ ਨਾਮ (ਹੁਕਮ) ਹੀ ਮੇਰੇ ਲਈ ਤੇਰੀ ਆਰਤੀ ਹੈ ਤੇ ਤੇਰੇ ਸਚੇ ਨਾਮ (ਸਚੇ ਹੁਕਮ ਵਿੱਚ ਚਲਣ) ਦਾ ਹੀ ਭੋਗ ਮੈ ਤੈਨੂੰ ਲਾਉਂਦਾ ਹਾਂ। ਪਰਮਾਤਮਾ (ਗੁਰੂ) ਨੂੰ ਗੁਰਬਾਣੀ ਵਿੱਚ ਨਿਰਆਕਾਰ ਤੇ ਨਿਰਾਹਾਰੀ ਕਿਹਾ ਗਿਆ ਹੈ (ਮੇਰੇ ਮਨ ਅਨਦਿਨ+ ਧਿਆਇ ਨਿਰੰਕਾਰ ਨਿਰਾਹਾਰੀ॥ 1201) ਤੇ ਨਿਰੰਕਾਰ ਨਿਰਾਹਾਰੀ (ਜੋ ਆਕਾਰ ਰਹਿਤ ਹੈ ਤੇ ਜਿਸ ਨੂੰ ਭੋਜਨ ਦੀ ਲੋੜ ਨਹੀ) ਨੂੰ ਭੋਜਨ ਛਕਾਉਣਾ ਕਿੱਥੇ ਦੀ ਸਿਆਣਪ ਹੈ? ਪਰਮਾਤਮਾ ਆਪਣੇ ਹੀ ਬਣਾਏ ਹੋਏ ਪਦਾਰਥਾਂ ਦਾ ਲੋੜਵੰਦ ਨਹੀ ਹੋ ਸਕਦਾ, ਫਿਰ ਉਸਨੂੰ ਉਸਦੇ ਹੀ ਬਣਾਏ ਹੋਏ ਪਦਾਰਥ ਕਿਵੇਂ ਭੇਟ ਕੀਤੇ ਜਾ ਸਕਦੇ ਹਨ? ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥ (694)। ਭਾਵ: ਤੇਰੀ ਹੀ ਬਣਾਈ ਹੋਈ ਕੁਦਰਤ ਵਿਚੋਂ ਮੈ ਤੇਰੇ ਅਗੇ ਕੀ ਰੱਖਾਂ? (ਭਾਵ ਕਿ ਕੁਛ ਵੀ ਨਹੀ ਰਖਿਆ ਜਾ ਸਕਦਾ) ਇਸ ਲਈ ਮੈ ਤੇਰੇ ਨਾਮ ਦਾ ਚੌਰ ਹੀ ਤੇਰੇ ਉਤੇ ਝੁਲਾਂਦਾ ਹਾਂ (ਉਸਦੇ ਹੁਕਮ ਵਿੱਚ ਚਲਣਾ ਹੀ ਉਸਦੇ ਨਾਮ ਦਾ ਚੌਰ ਕਰਨਾ ਹੈ)। ਸਭ ਤੋਂ ਵੱਡਾ ਭੁਲੇਖਾ ਉਸ ਵੇਲੇ ਪੈਂਦਾ ਹੈ ਜਦੋਂ ਗੁਰੂ ਨੂੰ ਸਰੀਰ ਸਮਝ ਲਿਆ ਜਾਂਦਾ ਹੈ। ਗੁਰੂ ਦੇ ਆਪਣੇ ਹੀ ਬਚਨਾਂ ਅਨੁਸਾਰ 1. ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (943) 2. ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (634) 3. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (982)। ਸਬਦ ਹੀ ਗੁਰੂ ਹੈ ਤਾਂ ਕੈਸੀ ਅਜੀਬ ਗਲ ਹੈ ਕਿ “ਸਬਦ ਗੁਰੂ” (ਜੋ ਨਿਰਆਕਾਰ ਹੈ) ਨੂੰ ਭੋਜਨ (ਜੋ ਸਰੀਰ ਦੀ ਖੁਰਾਕ ਹੈ) ਦਾ ਭੋਗ ਲਾਇਆ ਜਾ ਰਿਹਾ ਹੈ। ਇਹ ਨਿਰੀ ਅਗਿਆਨਤਾ ਨਹੀ ਤਾਂ ਕੀ ਹੈ? ਨਿਰਆਕਾਰ ਤੇ ਨਿਰਾਹਾਰ “ਸਬਦ ਗੁਰੂ” ਨੂੰ, ਆਕਾਰ ਵਾਲੇ ਭੋਜਨ ਦਾ ਭੋਗ ਲਵਾਉਣ ਦੇ ਕੀਤੇ ਜਾਂਦੇ ਦ੍ਹਾਵੇ ਫੋਕੇ ਤੇ ਕੁਦਰਤ ਨੀਯਮ ਵਿਰੁਧ ਹਨ। ਅਗਰ ਬਾਬੇ ਨਾਨਕ ਜਾਂ ਕਿਸੇ ਹੋਰ ਗੁਰੂ ਵਿਅਕਤੀ ਨੇ ਆਪਣੇ ਗੁਰੂ (ਸਬਦ) ਨੂੰ ਕਦੇ ਭੋਗ ਨਹੀ ਲੁਆਇਆ, ਕਿਉਂਕਿ ਇਹ ਕੁਦਰਤ ਦੇ ਨੀਯਮ ਵਿਰੁਧ ਹੈ, ਤਾਂ ਇਹ ਮੌਜੂਦਾ ਰਸਮ ਕਰਨ ਵਾਲੇ ਗੁਰੂ ਦੇ ਸਿੱਖ ਕਿਵੇਂ ਕਹਿਲਾ ਸਕਦੇ ਹਨ? ਇਹ ਤਾਂ ਸਰਾਸਰ ਗੁਰੂ ਦੀ ਵਿਰੋਧਤਾ ਹੈ। ਇਹ ਭੋਗ ਲਾਉਣ ਦੀ ਰੀਤ ਇੱਕ ਕਲਪਨਿਕ ਕਰਮ ਕਾਂਡ ਤੋਂ ਬਿਨਾ ਹੋਰ ਕੁਛ ਨਹੀ। ਅਗਰ ਗੁਰੂ ਇੱਕ ਵਾਰ ਪ੍ਰਤੱਖ ਹੋ ਕੇ ਭੋਗ ਲਾ ਸਕਦਾ ਹੈ ਤਾਂ ਹੁਣ ਦੁਬਾਰਾ ਭੋਗ ਲਾਉਣ ਵਿੱਚ ਉਸਨੂੰ ਕੀ ਔਖਿਆਈ ਹੈ? ਅਜ ਕਿਉਂ ਨਹੀ ਇਸ ਕਲਪਨਕ ਰਸਮ ਨੂੰ ਸਾਬਤ ਕੀਤਾ ਜਾਂਦਾ? ਇਹ ਸਭ ਭੁਲੇਖਾ ਪਾਊ ਤੇ ਕੱਚੀਆਂ ਗਲਾਂ ਹਨ ਜਿਵੇਂ ਗੁਰਬਾਣੀ ਦਾ ਫੁਰਮਾਨ ਹੈ:-

ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਨ ਤੇ ਰਹਤ ਨਾਰਾਇਣ॥ ਰਹਾਉ॥ ਕਰਿ ਪੰਜੀਰ ਖਵਾਇਉ ਚੋਰੁ॥ ਉਹ ਜਨਮ ਨ ਮਰੇ ਰੇ ਸਾਕਤ ਢੋਰੁ॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖ ਜਲਉ ਜਿਤ ਕਹਹਿ ਠਾਕੁਰ ਜੋਨੀ॥ (1136)। ਭਾਵ: ਭੁਲੇਖੇ ਵਿੱਚ ਪਏ ਮਨੁਖ ਕਚੀਆਂ ਗਲਾਂ ਕਰਦੇ ਹਨ। ਪਰਮਾਤਮਾ (ਗੁਰੂ) ਜਨਮ ਮਰਨ ਤੋਂ ਰਹਿਤ ਹੈ। ਖਾਣ ਵਾਲੀ ਚੰਗੀ ਵਸਤੂ ਦਾ ਲਕੋ ਕੇ ਭੋਗ ਲਵਾਉਂਦੇ ਹਨ ਪਰ, ਹੇ ਰੱਬ ਤੋਂ ਟੁੱਟੇ ਮਹਾ ਮੂਰਖ, ਪਰਮਾਤਮਾ (ਗੁਰੂ) ਨਾ ਜਨਮਦਾ ਹੈ ਤੇ ਨਾ ਹੀ ਮਰਦਾ ਹੈ। ਸਾਰੇ ਅਪਰਾਧਾਂ ਦਾ ਮੂਲ ਹੀ ਉਸਨੂੰ ਦੇਹ ਕਰਕੇ ਮੰਨਣਾ ਹੈ। ਸੜ ਜਾਏ ਉਹ ਮੂੰਹ ਜੋ ਪਰਮਾਤਮਾ (ਗੁਰੂ) ਨੂੰ ਜਨਮ ਮਰਨ ਵਿੱਚ ਆਉਂਦਾ ਕਹਿਣ ਵਾਲਾ ਹੈ। ਐਸੇ ਗੁਰਪ੍ਰਮਾਣਾ ਦੇ ਹੁੰਦਿਆਂ ਜੇ ਅਜੇ ਵੀ ਕੋਈ ਇਹ ਦ੍ਹਾਵਾ ਕਰੀ ਜਾਵੇ ਕਿ ਗੁਰੂ ਪ੍ਰਤੱਖ ਹੋ ਕੇ (ਦੇਹੀ ਵਿੱਚ ਆ ਕੇ) ਭੋਗ ਲਾਉਂਦਾ ਹੈ ਤਾਂ ਇਹ ਉਸਦੀ ਇੱਕ ਵਡੀ ਭੁਲ ਤੇ ਗੁਰੂ ਦੀ ਵਿਰੋਧਤਾ ਹੀ ਮੰਨੀ ਜਾ ਸਕਦੀ ਹੈ। ਗੁਰਬਾਣੀ ਦੇ ਜਿਸ ਸਬਦ ਦੀਆਂ ਪੰਗਤੀਆਂ ਦੇ ਗਲਤ ਅਰਥ ਲੈ ਕੇ ਇਸ ਰਸਮ ਨੂੰ ਨਿਭਾਇਆ ਜਾਂਦਾ ਹੈ ਉਹ ਕੁੱਝ ਇਸ ਤਰਾਂ ਹੈ:- ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ (1266)। ਭਾਵ: ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ, ਹੇ ਮੇਰੇ ਪ੍ਰਭੂ ਪਾਤਸ਼ਾਹ, (ਤੇਰੇ ਪਿਆਰ ਵਿੱਚ ਮੈ ਆਪਣੇ ਹਿਰਦੇ ਦੀ ਰਸੋਈ ਨੂੰ (ਪਵਿਤ੍ਰ ਕਰਕੇ) ਤਿਆਰ ਕੀਤਾ ਹੈ, ਮਿਹਰ ਕਰਿ ਤੇ ਇਸਨੂੰ) ਹੁਣ ਪ੍ਰਵਾਨ ਕਰਿ। ਸਪਸ਼ਟ ਹੈ ਕਿ ਇਥੇ ਕਿਸੇ ਬਾਹਰਲੇ ਪਦਾਰਥ ਨੂੰ ਪ੍ਰਵਾਨ ਕਰਨ ਦੀ ਗਲ ਨਹੀ ਹੋ ਰਹੀ ਬਲਿਕੇ ਪਵਿਤ੍ਰ ਹਿਰਦੇ (ਮਨ) ਦੀ ਪ੍ਰਵਾਨਗੀ ਲਈ ਹੀ ਬੇਨਤੀ ਕੀਤੀ ਜਾ ਰਹੀ ਹੈ। ਬੱਸ, ਇਹੀ ਕਾਰਨ ਹੈ ਕਿ ਗੁਰਬਾਣੀ ਦੀ ਦੁਰਵਰਤੋਂ ਦੇ ਕਾਰਨ ਹੀ ਅਜੇਹੀਆਂ ਮਨਮਤ ਰੀਤਾਂ ਰਸਮਾਂ ਤੇ ਕਰਮ ਕਾਂਡ ਸਿੱਖੀ ਵਿੱਚ ਰਲਗਡ ਕੀਤੇ ਗਏ ਤੇ ਕੀਤੇ ਜਾ ਰਹੇ ਹਨ। ਗੁਰੂ ਜਗਾਉਂਦਾ ਤੇ ਸੁਚੇਤ ਕਰਦਾ ਹੈ, “ਕਛੁ ਬਿਗਰਿਓ ਨਾਹਿਨ ਅਜਹੁ ਜਾਗ॥”

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.