.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 22)

ਕੁਝ ਉਹ ਸ਼ਬਦ ਜਿਨ੍ਹਾ ਵਿਚ, ਅਗਿਆਨਤਾ ਵੱਸ, (ਜਾਂ ਕਿਸੇ ਚਲਾਕੀ ਅਧੀਨ) ਪੁਜਾਰੀ ਲਾਣੇ ਨੇ “ਗੁਰ ਅਤੇ ਗੁਰਿ” ਲਫਜ਼ ਨੂੰ ਨਾਨਕ ਨਾਲ ਜੋੜ ਕੇ, ਉਨ੍ਹਾਂ ਦੇ ਅਰਥਾਂ ਬਾਰੇ ਭਲੇਖੇ ਪਾਏ ਹਨ।

ੴ ਸਤਿ ਗੁਰ ਪ੍ਰਸਾਦਿ॥

(ਗੁਰ ਨਾਨਕ)

ਗੁਰ ਨਾਨਕ ਨਾਮ ਬਚਨ ਮਨਿ ਸੁਨੇ॥
ਖੇਮ ਸਾਂਤਿ ਰਿਧਿ ਨਵ ਨਿਧਿ॥ ਬੁਧਿ ਗਿਆਨੁ ਸਰਬ ਤਹ ਸਿਧਿ॥
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ॥ ਗਿਆਨੁ ਸ੍ਰੇਸਟ ਊਤਮ ਇਸਨਾਨੁ॥
ਚਾਰਿ ਪਦਾਰਥ ਕਮਲ ਪ੍ਰਗਾਸ॥ ਸਭ ਕੈ ਮਧਿ ਸਗਲ ਤੇ ਉਦਾਸ॥
ਸੁੰਦਰੁ ਚਤੁਰੁ ਤਤ ਕਾ ਬੇਤਾ॥ ਸਮਦਰਸੀ ਏਕ ਦ੍ਰਿਸਟੇਤਾ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ॥ ੬॥ (੨੯੬)

ਸ਼ਾਂਤੀ ਦੇਣ ਵਾਲਾ, ਅਟੱਲ ਸੁਖ, ਰਿਧੀਆਂ, (ਜੋਗੀਆਂ ਵਲੋਂ ਮਿਥੀਆਂ ਉਹ ਤਾਕਤਾਂ, ਜੋ ਜੋਗ ਆਸਣਾ ਦੁਆਰਾ ਪਰਾਪਤ ਹੁੰਦੀਆਂ ਜੋਗੀ ਮੰਨਦੇ ਹਨ) ਨੌਂ ਨਿਧੀਆਂ, ਨੌਂ ਖਜ਼ਾਨੇ, ਬ੍ਰਾਹਮਣ ਵਲੋਂ ਮਿਥੇ ਅਲੱਗ ਅਲੱਗ ਦੁਨਿਆਵੀ ਪਦਾਰਥਾਂ ਦੇ ਨੌਂ ਖਜ਼ਾਨੇ। ਅਕਲ, ਗਿਆਨ ਅਤੇ ਸਾਰੀਆਂ ਸਿਧੀਆਂ, ਕਰਾਮਾਤਾਂ ਉਸ ਮਨੁੱਖ ਵਿੱਚ ਆ ਜਾਂਦੀਆਂ ਹਨ। ਵਿਦਿਆ, ਦੁਨਿਆਵੀ ਪੜ੍ਹਾਈ। ਤਪ, ਸਰੀਰ ਨੂੰ ਕਸ਼ਟ ਦੇ ਕੇ ਪਰਮਾਤਮਾ ਦੀ ਭਗਤੀ ਕਰਨੀ। ਜੋਗ, ਜੋਗੀਆਂ ਵਲੋਂ ਮਿਥੈ ਕਰਮਕਾਂਡ, ਜਿਨ੍ਹਾਂ ਨੂੰ ਉਹ ਪ੍ਰਭੂ ਮਿਲਾਪ ਦਾ ਸਾਧਨ ਮੰਨਦੇ ਹਨ। ਪ੍ਰਭੂ ਵਿੱਚ ਧਿਆਨ ਜੋੜਨ ਦੀ ਕਿਰਿਆ, ਸ੍ਰੇਸ਼ਟ ਗਿਆਨ, ਉਤਮ ਵਿਧੀਆਂ ਨਾਲ ਕੀਤਾ ਇਸ਼ਨਾਨ, ਤੀਰਥ ਇਸ਼ਨਾਨ। ਚਾਰੇ ਪਦਾਰਥ, ਧਰਮ, ਅਰਥ, ਕਾਮ, ਮੋਕਸ਼, ਹਿਰਦੇ ਰੂਪੀ ਕਮਲ ਦਾ ਖੇੜਾ ਅਤੇ ਮਾਇਆ ਦੇ ਸਾਰੇ ਰੰਗ ਮਾਣਦਿਆਂ ਵੀ ਮਾਇਆ ਮੋਹ ਤੋਂ ਉਪਰਾਮ ਰਹਣਾ। ਖੂਬਸੂਰਤ ਹੋਣਾ, ਚਤੁਰ ਚਲਾਕ ਹੋਣਾ, ਜਗਤ ਦੇ ਮੂਲ ਤੱਤ, ਪ੍ਰਭੂ ਨੂੰ ਪਛਾਨਣ ਵਾਲਾ, ਸਾਰਿਆਂ ਨੂੰ ਇਕੋ ਜਿਹਾ ਸਮਝਣਾ, ਸਭ ਨੂੰ ਇਕੋ ਅੱਖ ਨਾਲ ਵੇਖਣਾ।
ਹੇ ਨਾਨਕ ਇਹ ਸਾਰੇ ਗੁਣਾਂ ਦੇ ਫਲ ਉਸ ਮਨੁੱਖ ਨੂੰ ਪਰਾਪਤ ਹੋ ਜਾਂਦੇ ਹਨ, ਜੋ ਸਬਦ ਗੁਰੂ ਕੋਲੋਂ ਪ੍ਰਭੂ ਦੇ ਨਾਮ, ਪ੍ਰਭੂ ਦੇ ਹੁਕਮ ਬਾਰੇ ਬਚਨ, ਸਿਖਿਆ, ਮਨ ਲਾ ਜੇ ਸੁਣਦਾ ਹੈ।
ਅਤੇ,


ੴ ਸਤਿ ਗੁਰ ਪ੍ਰਸਾਦਿ॥

ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ॥
ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ॥ (੩੧੭)
ਹੇ ਨਾਨਕ, ਗੁਰ, ਸ਼ਬਦ ਗੁਰੂ ਨੇ ਸਾਨੂੰ ਉਸ ਪ੍ਰਭੂ ਦੇ ਨਾਮ, ਉਸ ਦੇ ਹੁਕਮ ਬਾਰੇ ਸੋਝੀ ਦ੍ਰਿੜ੍ਹ ਕਰਵਾ ਕੇ ਪੱਕਿਆਂ ਕਰ ਕੇ ਦੱਸ, ਸਮਝਾ ਦਿੱਤੀ ਹੈ, ਕਿ ਜੋ ਸਮਰਥਾ ਸਰੀਰਾਂ ਨੂੰ ਭੰਨਣ ਅਤੇ ਬਨਾਉਣ ਦੀ, ਉਸ ਅਕਾਲ ਵਿੱਚ ਹੀ ਹੈ, ਉਹ ਸਮਰਥਾ ਉਸ ਤੋਂ ਇਲਾਵਾ ਹੋਰ ਕਿਸੇ ਵਿੱਚ ਨਹੀਂ।
ਹੇ ਪਿਆਰੇ ਮਿਤ੍ਰ, ਮਨ, ਜੇਕਰ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਸਦਾ ਸੰਭਾਲੇਂ, ਹਮੇਸ਼ਾ ਉਸ ਦੇ ਹੁਕਮ ਵਿੱਚ ਚਲੇਂ, ਤਾਂ ਤੇਰਾ ਵੀ ਸਾਰਾ ਦੁੱਖ ਦੂਰ ਹੋ ਜਾਵੇਗਾ। ਧਿਆਨ ਰੱਖਣ ਵਾਲੀ ਗੱਲ ਹੈ ਕਿ ਏਥੇ, ਇੱਕ ਦੁਖੂ ਦੀ ਗੱਲ ਕੀਤੀ ਹੈ, ਪ੍ਰਭੂ ਤੋਂ ਵਿਛੋੜੇ ਦੇ ਦੁੱਖ ਦੀ ਗੱਲ, ਜੋ ਕਰਤਾਰ ਦੇ ਮਿਲਾਪ ਨਾਲ ਹੀ ਦੂਰ ਹੁੰਦਾ ਹੈ। ਉਨ੍ਹਾਂ ਸਰੀਰਕ ਦੁੱਖਾਂ ਦੀ ਗੱਲ ਨਹੀਂ ਜੋ ਨਿਤ ਆਂਦੇ ਜਾਂਦੇ ਰਹਿੰਦੇ ਹਨ।
ਅਤੇ,

ੴ ਸਤਿ ਗੁਰ ਪ੍ਰਸਾਦਿ॥
ਗੁਰ ਨਾਨਕ ਸਰਣਾਗਤਿ ਤੋਰੀ॥
ਬੁਧਿ ਪ੍ਰਗਾਸ ਭਈ ਮਤਿ ਪੂਰੀ॥ ਤਾ ਤੇ ਬਿਨਸੀ ਦੁਰਮਤਿ ਦੂਰੀ॥ ੧॥
ਐਸੀ ਗੁਰਮਤਿ ਪਾਈਅਲੇ॥
ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ॥ ੧॥ ਰਹਾਉ॥
ਮਹਾ ਅਸਗਾਹ ਅਗਨਿ ਕਾ ਸਾਗਰੁ॥ ਗੁਰੁ ਬੋਹਿਥੁ ਤਾਰੇ ਰਤਨਾਗਰੁ॥ ੨॥
ਦੁਤਰ ਅੰਧ ਬਿਖਮ ਇਹ ਮਾਇਆ॥ ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ॥ ੩॥
ਜਾਪ ਤਾਪ ਕਛੁ ਉਕਤਿ ਨ ਮੋਰੀ॥ ਗੁਰ ਨਾਨਕ ਸਰਣਾਗਤਿ ਤੋਰੀ॥ ੪॥ (੩੭੭)

ਰਹਾਉ = ਮੈਂ ਗੁਰ, ਸ਼ਬਦ ਗੁਰੁ ਕੋਲੋਂ ਅਜਿਹੀ ਮੱਤ, ਅਜਿਹਾ ਗਿਆਨ ਹਾਸਲ ਕਰ ਲਿਆ ਹੈ, ਜਿਸ ਆਸਰੇ ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿੱਚ ਡੁਬਦਾ ਡੁਬਦਾ ਬਚ ਨਿਕਲਿਆ ਹਾਂ।
੧. = ਹੇ ਭਾਈ ਸ਼ਬਦ ਗੁਰੂ ਦੀ ਮੱਤ ਆਸਰੇ, ਮੇਰੀ ਅਕਲ ਵਿੱਚ ਗਿਆਨ ਦੇ ਚਾਨਣ ਦਾ ਪਰਕਾਸ਼ ਹੋ ਕੇ, ਮੇਰੀ ਅਕਲ ਉਕਾਈ ਹੀਣ ਹੋ ਗਈ ਹੈ। ਗੁਰੂ ਦੇ ਗਿਆਨ ਆਸਰੇ ਮੇਰੀ ਬੁਰੀ ਮੱਤ, ਜਿਸ ਕਾਰਨ ਪਰਮਾਤਮਾ ਤੋਂ ਵਿੱਥ ਪੈਂਦੀ ਸੀ, ਦਾ ਨਾਸ ਹੋ ਗਿਆ ਹੈ, ਹੁਣ ਮੇਰੀ ਵਾਹਿਗੁਰੂ ਨਾਲੋਂ ਦੂਰੀ ਵੀ ਖਤਮ ਹੋ ਗਈ ਹੈ।
੨. = ਹੇ ਭਾਈ ਇਹ ਸੰਸਾਰ, ਤ੍ਰਿਸ਼ਨਾਵਾਂ ਦੀ ਅੱਗ ਦਾ ਅਥਾਹ ਸਮੁੰਦਰ ਹੈ। ਗੁਣਾਂ ਦੇ ਰਤਨਾ ਨਾਲ ਭਰਪੂਰ, ਗੁਰੁ, ਪਰਮਾਤਮਾ ਦੇ ਨਾਮ ਦਾ ਜਹਾਜ਼, ਆਸਰਾ ਹੀ, ਇਸ ਸਮੁੰਦਰ ਵਿਚੋਂ ਤਾਰ ਕੇ ਬਾਹਰ ਕੱਢਣ ਦੇ ਸਮਰੱਥ ਹੈ।
੩. = ਹੇ ਵੀਰ ਇਸ ਮਾਇਆ ਮੋਹ ਦੇ ਔਖੇ ਤਰੇ ਜਾਣ ਵਾਲੇ ਸਮੁੰਦਰ ਵਿਚੋਂ, ਜਿਸ ਵਿੱਚ ਅਗਿਆਨਤਾ ਦਾ ਘੁੱਪ ਹਨੇਰਾ ਹੀ ਹਨੇਰਾ ਹੈ, ਪਾਰ ਲੰਘਣਾ, ਬੜਾ ਔਖਾ ਕੰਮ ਹੈ, ਪਰ ਇਸ ਵਿਚੋਂ ਪਾਰ ਲੰਘਣ ਲਈ ਮੈਨੂੰ ਸ਼ਬਦ ਗੁਰੂ ਨੇ, ਸਾਫ ਰਸਤਾ ਵਿਖਾ ਦਿੱਤਾ
ਹੈ, ਸਮਝਾ ਦਿੱਤਾ ਹੈ।
੪. = ਹੇ ਨਾਨਕ ਆਖ, ਹੇ ਸ਼ਬਦ ਗੁਰੂ, ਮੈਨੂੰ ਕਿਸੇ ਜਾਪ ਕਰਨ ਦੀ ਕੋਈ ਵਿਧੀ ਨਹੀਂ ਆਉਂਦੀ, ਕਿਸੇ ਤਪ ਕਰਨ ਜੋਗੀ ਵੀ ਕੋਈ ਸਿਆਣਪ ਮੇਰੇ ਵਿੱਚ ਨਹੀਂ ਹੈ। ਮੈਂ ਤਾਂ ਤੇਰੀ ਹੀ ਸਰਨ ਵਿੱਚ ਹਾਂ, ਤੇਰੇ ਹੀ ਆਸਰੇ ਹਾਂ, ਤੂੰ ਹੀ ਮੈਨੂੰ ਇਸ ਭਵਜਲ ਵਿਚੋਂ ਪਾਰ ਕਰ।
ਅਤੇ,


ੴ ਸਤਿ ਗੁਰ ਪ੍ਰਸਾਦਿ॥
ਗੁਰ ਨਾਨਕ ਬਾਹ ਪਕਰਿ ਹਮ ਰਾਖਾ॥

ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ॥ ਬੋਲੈ ਕਉੜਾ ਜਿਹਬਾ ਕੀ ਫੂੜਿ॥
ਸਦਾ ਭੂਖੀ ਪਿਰੁ ਜਾਨੈ ਦੂਰਿ॥ ੧॥
ਐਸੀ ਇਸਤ੍ਰੀ ਇੱਕ ਰਾਮ ਉਪਾਈ॥
ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ॥ ਰਹਾਉ॥
ਪਾਇ ਠਗਉਲੀ ਸਭੁ ਜਗੁ ਜੋਹਿਆ॥ ਬ੍ਰਹਮਾ ਬਿਸਨੁ ਮਹਾਦੇਉ ਮੋਹਿਆ॥
ਗੁਰਮੁਖਿ ਨਾਮਿ ਲਗੇ ਸੇ ਸੋਹਿਆ॥ ੨॥
ਵਰਤ ਨੇਮ ਕਰਿ ਥਾਕੇ ਪੁਨਹਚਰਨਾ॥ ਤਟ ਤੀਰਥ ਭਵੇ ਸਭ ਸਭ ਧਰਨਾ॥
ਸੇ ਉਬਰੇ ਜਿ ਸਤਿਗੁਰ ਕੀ ਸਰਨਾ॥ ੩॥ (੩੯੪)
ਮਾਇਆ ਮੋਹਿ ਸਭੋ ਜਗੁ ਬਾਧਾ॥ ਹਉਮੈ ਪਚੈ ਮਨਮੁਖ ਮੂਰਾਖਾ॥
ਗੁਰ ਨਾਨਕ ਬਾਹ ਪਕਰਿ ਹਮ ਰਾਖਾ॥ ੪॥ ੨॥

ਰਹਾਉ = ਪਰਮਾਤਮਾ ਨੇ ਇੱਕ ਅਜਿਹੀ ਇਸਤ੍ਰੀ (ਮਾਇਆ) ਪੈਦਾ ਕੀਤੀ ਹੋਈ ਹੈ, ਜਿਸ ਨੇ ਸਾਰੇ ਜਗਤ ਨੂੰ ਖਾ ਲਿਆ ਹੈ, ਆਤਮਕ ਪੱਖੋਂ ਮੁਰਦਾ ਕਰ ਦਿੱਤਾ ਹੈ। ਹੇ ਭਾਈ ਮੈਨੂੰ ਤਾਂ ਸ਼ਬਦ ਗੁਰੂ ਨੇ ਅਪਣੇ ਨਾਲ ਜੋੜ ਕੇ ਰੱਖ ਲਿਆ ਹੈ, ਉਸ ਤੋਂ ਬਚਾ ਲਿਆ ਹੈ।
੧. = ਹੇ ਭਾਈ ਉਸ ਮਾਇਆ ਰੂਪੀ ਇਸਤ੍ਰੀ ਦੇ ਮੱਥੇ ਤੇ ਹਰ ਵੇਲੇ ਤਿਊੜੀ ਪਈ ਰਹਿੰਦੀ ਹੈ, ਉਹ ਹਰ ਕਿਸੇ ਦਾ ਬੁਰਾ ਸੋਚਦੀ ਰਹਿੰਦੀ ਹੈ। ਉਸ ਦੀ ਨਿਗਾਹ ਹਰ ਵੇਲੇ ਗੁੱਸੇ ਨਾਲ ਭਰੀ ਰਹਿੰਦੀ ਹੈ। ਉਹ ਕੌੜਾ ਬੋਲਦੀ ਹੈ, ਉਸ ਦਾ ਵਿਹਾਰ ਮਾੜਾ ਹੈ, ਉਹ ਅਪਣੇ ਵੱਡੇ ਤੋਂ ਵੱਡੇ ਭਗਤ ਨਾਲ ਵੀ ਬਦਸਲੂਕੀ ਕਰਦੀ ਹੈ, ਵਰਤਾਵੇ ਦੀ ਫੂਹੜ, ਖਰ੍ਹਵੀ ਹੈ। ਉਹ ਸਾਰੇ ਸੰਸਾਰ ਦੇ ਆਤਮਕ ਜੀਵਨ ਨੂੰ ਹੜੱਪ ਕਰ ਜਾਣ ਪਿਛੋਂ ਵੀ, ਭੁੱਖੀ ਦੀ ਭੁੱਖੀ ਹੀ ਹੈ। ਜਿਵੇਂ ਅੱਗ ਲਕੜਾਂ ਨਾਲ ਨਹੀਂ ਰੱਜਦੀ, ਇਵੇਂ ਹੀ ਉਹ ਵੀ ਬੰਦਿਆਂ ਦੇ ਆਤਕ ਜੀਵਨ ਨਾਲ ਨਹੀਂ ਰੱਜਦੀ। ਵੈਸੇ ਤਾਂ ਉਹ ਪ੍ਰਭੂ ਦੀ ਦਾਸੀ ਹੈ, ਪਰ ਜਦ ਕਿਸੇ ਬੰਦੇ ਨੂੰ ਪ੍ਰਭੂ ਵਿਸਰਿਆ ਵੇਖਦੀ ਹੈ ਤਾਂ, ਉਸ ਨੂੰ ਆਤਮਕ ਮੌਤੇ ਮਾਰਨ ਲਗੀ, ਇਹ ਵੀ ਪਰਵਾਹ ਨਹੀਂ ਕਰਦੀ ਕਿ ਇਸ ਦੇ ਅੰਦਰ ਵੀ ਪਰਮਾਤਮਾ ਦੀ ਜੋਤ ਹੈ, ਉਸ ਵੇਲੇ ਉਹ ਕਰਤਾਪੁਰਖ ਨੂੰ ਵੀ ਦੂਰ ਹੀ ਸਮਝਦੀ ਹੈ।
੨. = ਉਸ ਨੇ ਜਗਤ ਨੂੰ ਅਪਣੀ ਚਮਕ-ਦਮਕ ਦੇ ਨਸ਼ੇ ਵਿੱਚ ਕਰ ਕੇ ਸਭ ਨੂੰ ਤਾੜ ਵਿੱਚ ਰੱਖਿਆ ਹੋਇਆ ਹੈ, ਬੰਦੇ ਤਾਂ ਇੱਕ ਪਾਸੇ, ਉਸ ਨੇ ਬ੍ਰਾਹਮਣਾਂ ਵਲੋਂ ਮਿੱਥੀ ਦੁਨੀਆਂ ਨੂੰ ਚਲਾਉਣ ਵਾਲੀ ਤ੍ਰਿਮੂਰਤੀ, ਬਰ੍ਹਮਾ, ਵਿਸ਼ਨੂ ਅਤੇ ਸ਼ਿਵ ਜੀ ਨੂੰ ਵੀ ਅਪਣੇ ਮੋਹ ਵਿੱਚ ਫਸਾਇਆ ਹੋਇਆ ਹੈ। ਜਿਹੜੇ ਮਨੁੱਖ ਗੁਰਮੁਖ ਹੋ ਕੇ, ਸ਼ਬਦ ਗੁਰੂ ਦੇ ਗਿਆਨ ਆਸਰੇ, ਪ੍ਰਭੂ ਦੇ ਨਾਮ ਨਾਲ ਜੁੜੇ ਰਹਿੰਦੇ ਹਨ, ਪ੍ਰਭੂ ਦੀ ਰਜ਼ਾ, ਹੁਕਮ ਵਿੱਚ ਚਲਦੇ ਹਨ, ਉਹ ਉਸ ਜਨਾਨੀ, ਮਾਇਆ ਦੀ ਮਾਰ ਤੋਂ ਬਚ ਕੇ ਸੋਹਣੈ ਜੀਵਨ ਵਾਲੇ ਬਣੇ ਰਹਿੰਦੇ ਹਨ।
੩. = ਬੰਦੇ ਪੁਜਾਰੀ ਜਮਾਤ ਦੇ ਮਗਰ ਲਗ ਕੇ, ਵਰਤ ਰੱਖ ਰੱਖ ਕੇ, ਧਾਰਮਕ ਨੇਮ ਨਿਭਾ-ਨਿਭਾ ਕੇ, ਕੀਤੇ ਪਾਪਾਂ ਨੂੰ ਖਤਮ ਕਰਨ ਲਈ, ਪਛਤਾਵੇ ਦੇ ਕਰਮ ਕਰ ਕਰ ਕੇ ਥੱਕ ਗਏ, ਸਾਰੇ ਤੀਰਥਾਂ ਦਅਿਾਂ ਨਦੀਆਂ ਦੇ ਕੰਢੇ ਗਾਹ ਮਾਰੇ, ਪਰ ਇਨ੍ਹਾਂ ਕਰਮਾਂ ਆਸਰੇ, ਉਸ ਇਸਤ੍ਰੀ, ਮਾਇਆ ਤੋਂ ਨਹੀਂ ਬਚਿਆ ਜਾ ਸਕਦਾ। ਉਸ ਦੀ ਮਾਰ ਤੋਂ ਉਹੀ ਬਚਦਾ ਹੈ ਜੋ ਸ਼ਬਦ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ, ਉਸ ਦੀ ਸਿਖਿਆ ਅਨੁਸਾਰ ਚਲਦਾ ਹੈ।
੪. = ਸਾਰਾ ਜਗਤ ਮੋਹ ਮਾਇਆ ਵਿੱਚ ਜਕੜਿਆ ਹੋਇਆ ਹੈ, ਅਪਣੇ ਮਨ ਦੇ ਪਿਛੇ ਚਲਣ ਵਾਲਾ ਮਨੁੱਖ, ਹਉਮੈ ਵਿੱਚ ਫਸਿਆ ਖੁਆਰ ਹੁੰਦਾ ਰਹਿੰਦਾ ਹੈ।
ਹੇ ਨਾਨਕ ਆਖ, ਹੇ ਭਾਈ ਮੈਨੂੰ (ਨਾਨਕ ਨੂੰ) ਤਾਂ ਸ਼ਬਦ ਗੁਰੂ ਨੇ ਆਪ, ਮੇਰੀ ਬਾਂਹ ਫੜ ਕੇ, ਅਪਣੇ ਗਿਆਨ ਆਸਰੇ ਚਲਾ ਕੇ ਇਸ ਇਸਤ੍ਰੀ, ਮਾਇਆ ਦੀ ਮਾਰ ਤੋਂ ਬਚਾ ਲਿਆ ਹੈ।
ਅਤੇ,


ੴ ਸਤਿ ਗੁਰ ਪ੍ਰਸਾਦਿ॥
ਗੁਰ ਨਾਨਕ ਕਉ ਪ੍ਰਭੂ ਦਿਖਾਇਆ

ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ॥
ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ॥ ੧॥
ਜਾ ਕੋ ਨਾਮੁ ਲੈਤ ਤੂ ਸੁਖੀ॥
ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ॥ ੧॥ ਰਹਾਉ॥
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ॥
ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ॥ ੨॥ ੨॥ (੬੧੭)

ਰਹਾਉ = ਹੇ ਭਾਈ ਜਿਸ ਦਾ ਨਾਮ ਲੈਣ ਨਾਲ, ਜਿਸ ਦੀ ਰਜ਼ਾ ਵਿੱਚ ਚਲਣ ਨਾਲ ਤੂੰ ਸੁਖੀ ਹੋ ਸਕਦਾ ਹੈਂ, ਤੂੰ ਉਸ ਨੂੰ, ਮੂੰਹ ਨਾਲ ਉਸ ਦਾ ਗੁਣ-ਗਾਣ ਕਰ ਕੇ, ਸਰੀਰ ਨਾਲ ਉਸ ਦੇ ਹੁਕਮ ਦੀ ਪਾਲਣਾ ਕਰ ਕੇ, ਮਨ ਨੂੰ ਉਸ ਦੀ ਰਜ਼ਾ ਵਿਚਾਰ ਰਾਜ਼ੀ ਰੱਖ ਕੇ, ਉਸ ਦੀ ਯਾਦ ਨੂੰ ਹਿਰਦੇ ਵਿੱਚ ਵਸਾਅ ਕੇ, ਤੂੰ ਉਸ ਨੂੰ ਹਰ ਪਲ, ਹਰ ਵੇਲੇ ਧਿਆਇਆ ਕਰ, ਯਾਦ ਕਰਿਆ ਕਰ।
੧. = ਹੇ ਭਾਈ, ਜਿਸ ਪ੍ਰਭੂ ਦੇ ਸਿਮਰਨ ਨਾਲ, ਜਿਸ ਦੀ ਰਜ਼ਾ ਵਿੱਚ ਚਲਣ ਨਾਲ ਤੂੰ ਆਨੰਦਿਤ ਹੋ ਸਕਦਾ ਹੈਂ, ਤੇਰਾ ਜੀਵਨ ਖੁਸ਼ੀਆਂ ਭਰਿਆ ਹੋ ਸਕਦਾ ਹੈ, ਤੇਰੇ ਜਨਮ ਮਰਨ ਦੇ ਡਰ ਅਤੇ ਦੁੱਖ ਦੂਰ ਹੋ ਸਕਦੇ ਹਨ। ਤੈਨੂੰ ਚਾਰੇ ਪਦਾਰਥ (ਧਰਮ, ਅਰਥ, ਕਾਮ, ਮੋਕਸ਼) ਅਤੇ ਨੌਂ ਹੀ ਖਜ਼ਾਨੇ ਮਿਲ ਸਕਦੇ ਹਨ, ਜਿਸ ਦੇ ਹੁਕਮ ਵਿੱਚ ਚਲਣ ਨਾਲ, ਫਿਰ ਤੈਨੂੰ ਵਾਸ਼ਨਾਵਾਂ ਦੀ ਭੁੱਖ ਨਹੀਂ ਸਤਾਵੇਗੀ, ਤੂੰ ਉਸ ਨੂੰ ਹਰ ਸਾਹ ਦੇ ਨਾਲ ਯਾਦ ਕਰਿਆ ਕਰ।
੨. = ਹੇ ਮਨ, ਜਿਸ ਪਰਭੂ ਦੇ ਸਿਮਰਨ ਨਾਲ ਤੂੰ ਸ਼ਾਂਤੀ ਪਾਵੇਂਗਾ, ਤੇਰੇ ਵਿੱਚ ਤ੍ਰਿਸ਼ਨਾਵਾਂ ਦੀ ਅੱਗ ਨਹੀਂ ਧੁਖੇਗੀ, ਤੂੰ ਮਾਇਆ ਮੋਹ ਦੀ ਅੱਗ ਤੋਂ ਨਿਰਲੇਪ ਹੋ ਕੇ ਸ਼ਾਂਤ ਹੋ ਜਾਵੇਂਗਾ, ਉਹ ਪ੍ਰਭੂ, ਨਾਨਕ ਨੂੰ ਸ਼ਬਦ ਗੁਰੂ ਨੇ, ਜਲ ਵਿਚ, ਥਲ ਵਿਚ, ਤਿੰਨਾਂ ਭਵਨਾਂ (ਧਰਤੀ, ਆਕਾਸ਼, ਪਾਤਾਲ) ਵਿਚ, ਅਰਥਾਤ ਹਰ ਚੀਜ਼ ਵਿਚ, ਹਰ ਥਾਂ ਵਿਆਪਕ ਰੂਪ ਵਿੱਚ ਦਿਖਾ ਦਿੱਤਾ ਹੈ। ਹੁਣ ਮੈਂ ਹਰ ਚੀਜ਼ ਵਿਚ, ਹਰ ਥਾਂ, ਹਰ ਜੀਵ ਹਰ ਬੰਦੇ ਵਿਚੋਂ ਉਸ ਦੇ ਦਰਸ਼ਨ ਕਰਦਾ ਹਾਂ।
ਅਤੇ,

ੴ ਸਤਿ ਗੁਰ ਪ੍ਰਸਾਦਿ॥
ਗੁਰ ਨਾਨਕ ਜਪਿ ਜਪਿ ਸਦ ਜੀਵਾ॥
ਸਤਿਗੁਰ ਅਪੁਨੇ ਸੁਨੀ ਅਰਦਾਸਿ॥ ਕਾਰਜੁ ਆਇਆ ਸਗਲਾ ਰਾਸਿ॥
ਮਨ ਤਨ ਅੰਤਰਿ ਪ੍ਰਭੂ ਧਿਆਇਆ॥ ਗੁਰ ਪੂਰੇ ਡਰੁ ਸਗਲ ਚੁਕਾਇਆ॥ ੧॥
ਸਭ ਤੇ ਵਡ ਸਮਰਥ ਗੁਰਦੇਵ॥ ਸਭਿ ਸੁਖ ਪਾਈ ਤਿਸ ਕੀ ਸੇਵ॥ ਰਹਾਉ॥
ਜਾ ਕਾ ਕੀਆ ਸਭੁ ਕਿਛੁ ਹੋਇ॥ ਤਿਸ ਕਾ ਅਮਰ ਨਾ ਮੇਟੇ ਕੋਇ॥
ਪਾਰਬ੍ਰਹਮੁ ਪਰਮੇਸਰੁ ਅਨੂਪੁ॥ ਸਫਲ ਮੂਰਤਿ ਗੁਰੁ ਤਿਸ ਕਾ ਰੂਪ॥ ੨॥
ਜਾ ਕੈ ਅੰਤਰਿ ਬਸੈ ਹਰਿ ਨਾਮੁ॥ ਜੋ ਜੋ ਪੇਖੈ ਸੁ ਬ੍ਰਹਮ ਗਿਆਨ॥
ਬੀਸ ਬਿਸੁਏ ਜਾ ਕੈ ਮਨਿ ਪਰਗਾਸੁ॥ ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ॥ ੩॥
ਤਿਸ ਗੁਰ ਕਉ ਸਦ ਕਰੀ ਨਮਸਕਾਰ॥ ਤਿਸ ਗੁਰ ਕਉ ਸਦ ਜਾਉ ਬਲਿਹਾਰ॥
ਸਤਿਗੁਰ ਕੇ ਚਰਨ ਧੋਇ ਧੋਇ ਪੀਵਾ॥ ਗੁਰ ਨਾਨਕ ਜਪਿ ਜਪਿ ਸਦ ਜੀਵਾ॥ ੪॥ ੪੩॥ (੧੧੫੨)

ਰਹਾਉ = ਹੇ ਭਾਈ ਸਭ ਤੋਂ ਵੱਡਾ ਸਮਰੱਥ, ਸੋਝੀ ਦੇਣ ਵਾਲਾ ਸ਼ਬਦ ਗੁਰੂ ਹੈ। ਜਿਸ ਦੀ ਸੇਵਾ ਕੀਤਿਆਂ (ਆਪਾਂ ਇਹ ਬਹੁਤ ਵਾਰ ਵਿਚਾਰਿਆ ਹੈ ਕਿ ਗੁਰ ਸ਼ਬਦ ਦੀ ਸੇਵਾ ਉਸ ਦੀ ਵਿਚਾਰ ਕਰਨੀ ਹੈ ਅਤੇ ਗੁਰੁ ਪਰਮਾਤਮਾ ਦੀ ਸੇਵਾ ਉਸ ਦੇ ਹੁਕਮ ਵਿੱਚ ਚਲਣਾ ਹੈ) ਮੈਂ ਸਾਰੇ ਸੁਖ ਪਾਉਂਦਾ ਹਾਂ, (ਸੁਖ ਕੀ ਹੈ? ਅਟੱਲ ਸੁਖ, ਪਰਮਾਤਮਾ ਨੂੰ ਯਾਦ ਰੱਖਣਾ, ਪਰਮਾਤਮਾ ਦਾ ਮਿਲਾਪ ਹੀ ਹੈ। ਉਸ ਪ੍ਰਭੂ ਨੂੰ ਵਿਸਰਨਾ, ਉਸ ਤੋਂ ਵਿਛੋੜਾ ਹੀ ਦੁੱਖ ਹੈ। ਅਕਾਲ ਪੁਰਖ ਹੀ ਸਭ ਸੁਖਾਂ ਦਾ ਖਜ਼ਾਨਾ ਹੈ) ਪਰਮਾਤਮਾ ਨਾਲ ਮਿਲਾਪ ਹਾਸਲ ਕਰਦਾ ਹਾਂ।
੧. = ਹੇ ਭਾਈ ਜਿਸ ਬੰਦੇ ਦੀ ਅਰਦਾਸ, ਬੇਨਤੀ ਸੱਚੇ ਗੁਰੂ, ਸ਼ਬਦ ਗੁਰੂ ਨੇ ਸੁਣ ਲਈ, ਪਰਵਾਨ ਕਰ ਲਈ, ਉਸ ਨੂੰ ਅਪਣਾ ਗਿਆਨ ਬਖਸ਼ ਦਿੱਤਾ, ਉਸ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ। ਉਹ ਬੰਦਾ ਅਪਣੇ ਮਨ ਵਿਚ, ਅਪਣੇ ਹਿਰਦੇ ਵਿੱਚ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਨਿਰਭਉ ਕਰਤਾਰ ਨਾਲ ਜੋੜ ਕੇ, ਸ਼ਬਦ ਗੁਰੁ ਉਸ ਦੇ ਸਾਰੇ ਡਰ ਦੂਰ ਕਰ ਦਿੰਦਾ ਹੈ।
੨. = ਹੇ ਭਾਈ ਇਸ ਸੰਸਾਰ ਵਿੱਚ ਜਿਸ ਦਾ ਕੀਤਾ ਸਭ ਕੁੱਝ ਹੁੰਦਾ ਹੈ, ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ, ਕੋਈ ਉਸ ਦਾ ਹੁਕਮ ਮੰਨਣ ਤੋਂ ਇਨਕਾਰ ਨਹੀਂ ਕਰ ਸਕਦਾ, ਕੋਈ ਉਸ ਦਾ ਹੁਕਮ ਟਾਲ ਨਹੀਂ ਸਕਦਾ, ਬਦਲ ਨਹੀਂ ਸਕਦਾ। ਜਿਸ ਦੀ ਉਪਮਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ, ਉਹੀ ਸਭ ਫੱਲ ਦੇਣ ਵਾਲਾ ਹੈ। ਉਹ ਪਾਰਬ੍ਰਹਮ (ਇਸ ਰਚਨਾ ਤੋਂ ਪਰੇ) ਹੀ ਪਰਮੇਸ਼ਰ ਹੈ, ਉਹੀ ਗੁਰੁ ਵਾਹਿਗੁਰੂ ਹੈ।
੩. = ਹੇ ਭਾਈ, ਜਿਸ ਬੰਦੇ ਦੇ ਹਿਰਦੇ ਵਿੱਚ (ਸ਼ਬਦ ਵਿਚਾਰ ਰਾਹੀਂ) ਪ੍ਰਭੂ ਦੇ ਨਾਮ, ਪ੍ਰਭੂ ਦੀ ਰਜ਼ਾ, ਪ੍ਰਭੂ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ, ਉਹ ਸੰਸਾਰ ਵਿੱਚ ਜੋ ਕੁੱਝ ਵੀ ਦੇਖਦਾ ਹੈ, ਉਸ ਆਸਰੇ, ਉਸ ਨੂੰ ਬ੍ਰਹਮ ਦਾ, ਸ੍ਰਿਸ਼ਟੀ ਦੀ ਸਿਰਜਨਾ ਦਾ ਗਿਆਨ ਹੁੰਦਾ ਹੈ। ਜਿਸ ਦੇ ਮਨ ਵਿਚ, ਉਨ੍ਹਾਂ ਚੀਜ਼ਾਂ ਵਿੱਚ ਪਰਮਾਤਮਾ ਦੀ ਹੋਂਦ ਦਾ ਪੂਰਨ ਵਿਸ਼ਵਾਸ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਪਰਤੱਖ ਜ਼ਾਹਰ ਹੋ ਜਾਂਦਾ ਹੈ।
੪. = ਹੇ ਨਾਨਕ ਆਖ, ਮੈਂ ਉਸ ਸ਼ਬਦ ਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਉਸ ਦੇ ਆਖੇ ਵਿੱਚ ਚਲਦਾ ਹਾਂ। ਉਸ ਸ਼ਬਦ ਗੁਰੂ ਤੋਂ ਸਦਾ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਮੈਂ ਉਸ ਦੇ ਚਰਨ ਧੋ ਧੋ ਕੇ ਪੀਂਦਾ ਹਾਂ, ਉਸ ਨੂੰ ਵਿਚਾਰ ਵਿਚਾਰ ਕੇ ਅਪਣੇ ਹਿਰਦੇ ਵਿੱਚ ਵਸਾਉਂਦਾ ਹਾਂ। ਉਸ ਦੀ ਸਿਖਿਆ ਨੂੰ ਜਪ ਜਪ ਕੇ, ਯਾਦ ਕਰ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।
ਅਤੇ,

ੴ ਸਤਿ ਗੁਰ ਪ੍ਰਸਾਦਿ॥
ਗੁਰ ਨਾਨਕ ਜਭ ਭਏ ਦਇਆਰਾ

ਗੋਬਿੰਦ ਜੀਉ ਤੂ ਮੇਰੇ ਪ੍ਰਾਨ ਅਧਾਰ॥
ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ॥ ੧॥ ਰਹਾਉ॥
ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ॥
ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ॥ ੧॥
ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ॥
ਗੁਰ ਨਾਨਕ ਜਭ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ॥ ੨॥ ੯੨॥ (੧੨੨੬)

ਰਹਾਉ = ਹੇ ਗੋਬਿੰਦ ਜੀਉ ਤੂੰ ਹੀ ਮੇਰੇ ਪ੍ਰਾਣਾਂ, ਮੇਰੀ ਜ਼ਿੰਦਗੀ ਦਾ ਆਧਾਰ, ਆਸਰਾ ਹੈਂ, ਸਹਾਰਾ ਹੈਂ। ਤੂੰ ਹੀ ਮੇਰੀ ਮਦਦ ਕਰਨ ਵਾਲਾ ਮੇਰਾ ਸੱਜਣ ਮਿਤ੍ਰ ਹੈਂ। ਤੂੰ ਹੀ ਮੇਰਾ ਪਰਵਾਰ ਹੈਂ।
(ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ (੧੦੩) )
੧. = ਹੇ ਪ੍ਰਭੂ ਜਦੋਂ ਤੂੰ ਮੇਰੇ ਮੱਥੇ ਤੇ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਬਖਸ਼ਿਸ਼ ਕੀਤੀ, ਤਦੋਂ ਹੀ ਮੈਂ ਸਾਧ ਸੰਗਿ, ਸਤਸੰਗਤ ਵਿੱਚ ਜੁੜ ਕੇ, ਤੇਰੇ ਗੁਣ ਗਾਏ ਹਨ, ਤੇਰੇ ਗੁਣਾਂ ਬਾਰੇ ਵਿਚਾਰ ਕੀਤੀ ਹੈ। ਤੇਰੀ ਕਿਰਪਾ ਸਦਕਾ ਹੀ, ਮੈਂ ਖੁਸ਼ੀ ਨਾਲ ਰਸ ਲੈ ਲੈ ਕੇ ਤੇਰੇ ਨਾਮ ਨੂੰ ਧਿਆਇਆ ਹੈ, ਸਿਮਰਿਆ ਹੈ ਅਤੇ ਸਭ ਫੱਲ ਪਰਾਪਤ ਕੀਤੇ ਹਨ।
੨. = ਹੇ ਭਾਈ, ਸ਼ਬਦ ਗੁਰੂ ਨੇ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਭੂ ਦੇ ਸਿਮਰਨ ਦੀ ਨਾ ਹਿਲਣ ਵਾਲੀ ਪੱਕੀ ਨੀਂਹ ਰੱਖ ਦਿੱਤੀ, ਉਹ ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਕਦੀ ਡੋਲਦੇ ਨਹੀਂ।
ਹੇ ਨਾਨਕ ਆਖ, ਜਦ ਸ਼ਬਦ ਗੁਰੂ ਨੇ ਦਿਆਲ ਹੋ ਕੇ ਪ੍ਰਭੂ, ਪਰਮਾਤਮਾ ਦੇ ਸਿਮਰਨ ਨਾਲ ਜੋੜ ਦਿੱਤਾ, ਤਾਂ ਉਹ ਬੰਦੇ, ਸਾਰੇ ਸੁੱਖਾਂ ਦੇ ਖਜ਼ਾਨੇ, ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦੇ ਹਨ।

ੴ ਸਤਿ ਗੁਰ ਪ੍ਰਸਾਦਿ॥
(ਗੁਰਿ ਨਾਨਕ)

ਗੁਰਿ ਨਾਨਕ ਪ੍ਰਭ ਪਾਹਿ ਪਠਾਇਓ
ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ॥
ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ॥ ੧॥ ਰਹਾਉ॥
ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ॥
ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ॥ ੧॥
ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ॥
ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ॥ ੨॥ ੫॥ (੧੨੧੦)
ਰਹਾਉ = ਹੇ ਭਾਈ ਮੇਰਾ ਮਨ, ਸਿਰਫ ਪਿਆਰੇ ਪ੍ਰਭੂ ਨੂੰ ਹੀ ਮਿਲਣਾ ਲੋਚਦਾ ਹੈ, ਮੰਗਦਾ ਹੈ। ਮੈਂ ਅਪਣੇ ਮਨ ਨੂੰ ਪਰਚਾਉਣ ਲਈ ਸਾਰੇ ਦੇਸ, ਸਾਰੇ ਥਾਂ ਘੂੰਮ ਆਇਆ ਹਾਂ, ਵੇਖ ਆਇਆ ਹਾਂ, ਪਰ ਕਿਸੇ ਥਾਂ ਕੋਈ ਵੀ ਇਸ ਨੂੰ ਪ੍ਰਭੂ ਪਿਆਰੇ ਦੇ ਇੱਕ ਰੋਮ ਬਰਾਬਰ ਵੀ ਨਹੀਂ ਲੱਗਾ।
੧. = ਮੈਂ ਅਪਣੇ ਮਨ ਨੂੰ ਪਰਚਾਉਣ ਲਈ, ਅਨੇਕ ਤਰ੍ਹਾਂ ਦੇ ਭੋਲਨ ਅਤੇ ਉਨ੍ਹਾਂ ਨਾਲ ਖਾਣ ਵਾਲੇ ਬਿੰਜਨ (ਸਬਜ਼ੀਆਂ, ਦਾਲਾਂ ਆਦਿ) ਸੁਆਦਲੇ ਖਾਣੇ ਨਿਗਲੇ ਹਨ, ਖਾਧੇ ਹਨ, ਪਰ ਮੇਰਾ ਮਨ ਉਨ੍ਹਾਂ ਵਿੱਚ ਕੋਈ ਰੁਚੀ ਨਹੀਂ ਲੈਂਦਾ। ਹੇ ਭਾਈ ਮੇਰਾ ਮਨ ਤਾਂ, ਕੌਲ਼ ਫੁੱਲ ਤੇ ਮਸਤ ਹੋੲੈ ਭੰਵਰੇ ਵਾਙ ਪ੍ਰਭੂ ਦੇ ਨਾਮ ਦਾ ਰਸ ਹੀ ਚਾਹੁੰਦਾ ਹੈ। ਹਰ ਵੇਲੇ ਪਿਆਰੇ ਪ੍ਰਭੂ ਦੀ ਰੱਟ ਹੀ ਲਾਉਂਦਾ ਹੈ।
੨. = ਹੇ ਨਾਨਕ ਆਖ, ਹੇ ਗੁਣਾਂ ਦੇ ਖਜ਼ਾਨੇ, ਹੇ ਮਨ ਨੂੰ ਮੋਹ ਲੈਣ ਵਾਲੇ, ਹੇ ਸੋਹਣੇ ਲਾਲ, ਹੇ ਸਾਰੇ ਸੁਖ ਦੇਣ ਵਾਲੇ, ਸਭ ਵਿੱਚ ਵਿਆਪਕ ਪ੍ਰਭੂ, ਹੇ ਸਖਾ, ਮਿਤ੍ਰ ਹਰੀ ਮੈਨੂੰ ਗੁਰਿ, ਸ਼ਬਦ ਗੁਰੂ ਨੇ ਸੋਝੀ ਦੇ ਕੇ, ਤੇਰੇ ਨਾਲ ਮਿਲਣ ਦਾ ਰਾਹ ਦੱਸ ਕੇ ਤੇਰੇ ਕੋਲ ਭੇਜਿਆ ਹੈ, ਤੂੰ ਮੈਨੂੰ ਗਲੇ ਲਗਾ ਕੇ ਮਿਲ, ਤਾਂ ਜੋ ਮੇਰਾ ਮਨ ਰਾਜ਼ੀ ਹੋ ਜਾਵੇ।

ਅਤੇ,

ੴ ਸਤਿ ਗੁਰ ਪ੍ਰਸਾਦਿ॥

ਗੁਰਿ ਨਾਨਕਿ ਮੇਰੀ ਪੈਜ ਸਵਾਰੀ॥

ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ॥ ਸੁਖ ਉਪਜੇ ਬਾਜੇ ਅਨਹਦ ਤੂਰੇ॥ ੧॥ ਰਹਾਉ॥
ਤਾਪ ਪਾਪ ਸੰਤਾਪ ਬਿਨਾਸੇ॥ ਹਰਿ ਸਿਮਰਤ ਕਿਲਵਿਖ ਸਭਿ ਨਾਸੇ॥ ੧॥
ਅਨਦੁ ਕਰਹੁ ਮਿਲਿ ਸੁੰਦਰ ਨਾਰੀ॥ ਗੁਰਿ ਨਾਨਕਿ ਮੇਰੀ ਪੈਜ ਸਵਾਰੀ॥ ੨॥ ੩॥ (੮੦੬)

ਰਹਾਉ = ਹੇ ਭਾਈ, ਅਭੁੱਲ ਗੁਰੂ, ਸ਼ਬਦ ਗੁਰੂ ਨੇ ਜਿਸ ਮਨੁੱਖ ਨੂੰ ਗਿਆਨ ਦਾ ਉਪਦੇਸ਼ ਦੇ ਕੇ, ਉਸ ਦੇ ਇੰਦ੍ਰਿਆਂ ਦੀ ਭਟਕਣਾ ਦੂਰ ਕਰ ਕੇ, ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ ਹੈ, ਮਾਇਆ ਰੂਪੀ ਅਗਨੀ ਤੋਂ ਬਚਾਅ ਕੇ ਠੰਡ ਵਰਤਾ ਦਿੱਤੀ ਹੈ, ਉਸ ਦੇ ਅੰਦਰ, ਜਾਣੋ ਸਾਰੇ ਸੁਖ ਪੈਦਾ ਹੋ ਗਏ, ਉਸ ਦੇ ਅੰਦਰ, ਬਿਨਾ ਕਿਸੇ ਦੁਨਿਆਵੀ ਚੀਜ਼ ਦਾ ਸਹਾਰਾ ਲਿਆਂ, ਆਤਮਕ ਖੁਸ਼ੀ ਦੇ, ਨਾ ਬੰਦ ਹੋਣ ਵਾਲੇ, ਇੱਕ ਰਸ ਵਾਜੇ ਵੱਜਣ ਲਗ ਪਏ।
੧. = ਜਿਸ ਮਨੁੱਖ ਨੇ ਸ਼ਬਦ ਗੁਰੂ ਦੇ ਉਪਦੇਸ਼ ਅਨੁਸਾਰ ਹਰੀ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਹਰੀ ਦੀ ਰਜ਼ਾ ਹਰਿ ਦੇ ਹੁਕਮ ਅਨੁਸਾਰ ਜੀਵਨ ਢਾਲ ਲਿਆ, ਉਸ ਦੇ ਸਾਰੇ ਪਾਪ ਕਰਮ ਮੁੱਕ ਗਏ। ਉਸ ਦੇ ਤਾਪ, ਸਰੀਰਕ ਦੁਖ। ਪਾਪ, ਮਨ ਦੀਆਂ ਬੁਰਾਈਆਂ ਦੇ ਵਿਕਾਰ। ਸੰਤਾਪ, ਆਤਮਕ ਕਲੇਸ਼, ਪਰਮਾਤਮਾ ਦੀ ਰਜ਼ਾ ਦੀ ਉਲੰਘਣਾ ਕਰਨ ਕਰ ਕੇ ਆਤਮਾ ਦਾ ਦੁਖੀ ਹੋਣਾ। ਇਹ ਸਾਰੇ ਤਾਪ ਖਤਮ ਹੋ ਗਏ।
੨. = ਹੇ ਨਾਮ ਸਿਮਰਨ ਦੀ ਬਰਕਤ ਨਾਲ ਸੋਹਣੀ ਹੋ ਚੁਕੀ ਮੇਰੀ ਗਿਆਨ ਇੰਦਰੀਉ, ਤੁਸੀ ਪ੍ਰਭੂ ਦੇ ਨਾਮ ਨਾਲ ਜੁੜ ਕੇ, ਉਸ ਅਨੁਸਾਰ ਚਲ ਕੇ, ਆਨੰਦ ਮਾਣੋ।
ਨਾਨਕ ਤੇ ਇਹ ਬਖਸ਼ਿਸ਼ ਗੁਰਿ, ਸ਼ਬਦ ਗੁਰੂ ਨੇ ਕੀਤੀ ਹੈ, ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ ਮੇਰੀ ਇਜ਼ਤ ਰੱਖ ਲਈ ਹੈ।

ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧.




.