.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-ਅਠਵਾਂ)

ੴ ਸਤਿਗੁਰ ਪ੍ਰਸਾਦਿ॥ ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩॥ ਸਲੋਕੁ ਮਃ ੩॥

ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ॥

ਜੀਵ ਇਸਤਰੀ (ਅਸੀਂ) ਨੇਂ ਆਪਣੇਂ ਪਤੀ (ਪ੍ਰਭੂ) ਨੂੰ ਵਿਸਾਰ ਦਿੱਤਾ, ਪਰਾਏ ਪਤੀ (ਮਨ) ਨਾਲ ਰਲੀਆਂ ਮਾਨਣ ਲੱਗੀ, ਖੋਟੇ ਭਾਗਾਂ ਵਾਲੀ ਸੂਹੇ ਵੇਸ (ਮਨ ਦੇ ਰੰਗ) ਵਿੱਚ ਰੰਗੀ ਗਈ। ਆਪਣੇਂ ਘਰ ਨੂੰ ਭੁੱਲ ਗਈ, ਪਰਾਏ ਘਰ ਨਾਲ ਮੋਹ ਪਾ ਲਿਆ। “ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨਿ ਮਾਹਿ। ਜਿਥੇ ਜਾਇ ਤੁਧ ਵਰਤਣਾ ਤਿਸੁ ਕੀ ਚਿੰਤਾ ਨਾਹਿ॥” (ਇਕ ਪ੍ਰਭੂ ਦੇ ਰੰਗ (ਨਾਮ) ਤੋਂ ਬਿਨਾਂ, ਹੋਰ ਸੱਭ ਤਰਾਂ ਦੇ ਕਰਮ ਸੂਹਾ ਵੇਸ ਹੈ।)

ਅਤੇ ਅਗਲੀਆਂ ਪੰਗਤੀਆਂ ਵਿੱਚ ਗੁਰੂ ਜੀ ਦੁਹਾਗਣਾਂ ਦਾ ਹਾਲ ਦੱਸਦੇ ਹਨ।

ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ॥ ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ॥ ੨॥ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ॥ ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ॥ ੩॥ ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ॥ ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ॥ ੪॥ (੫੫੯

(ਅਸੀਂ ਸੰਸਾਰ ਦੇ ਸਾਰੇ ਹੀ ਜੀਵ ਭੁਲੇ ਹੋਇ ਹਾਂ, ਅਸੀਂ ਸੂਹਵੀਆਂ ਹਾਂ, ਦੁਹਾਗਣਾਂ ਹਾਂ, ਬੁਰੀਆਂ ਤੋਂ ਬੁਰੀਆਂ ਹਾਂ, ਅਸੀਂ ਹੋਰ ਤਾਂ ਭਾਵੇਂ ਜੋ ਵੀ ਹੋਈਏ, ਘਟੋ ਘਟ ਇਹ ਤਾਂ ਤਹਿ ਹੈ, ਕਿ ਅਸੀਂ ਗੁਰਮੁਖ ਨਹੀਂ ਹਾਂ। ਵੇਖੋ ਗੁਰਬਾਣੀਂ ਫਿਰ ਵੀ ਸਾਨੂੰ ਕਿਨੀਂ ਛੋਟ ਦੇਂਦੀ ਹੈ। ਤਕਰੀਬਨ ਹਰ ਸ਼ਬਦ ਵਿੱਚ ਕੋਈ ਨਾਂ ਕੋਈ ਕੜੀ (ਪੰਗਤੀ) ਐਸੀ ਜਰੂਰ ਹੁੰਦੀ ਹੈ, ਜੋ ਸਾਨੂੰ ਪਾਪੀ ਹੁੰਦੇ ਹੋਇਆਂ ਨੂੰ ਵੀ, ਸਾਰੇ ਪਾਪਾਂ ਤੋਂ ਮੁਕਤ ਕਰਾਰ ਦੇ ਕੇ, ਸਾਡੇ ਸਾਰਾ ਕੀਤਾ ਕਰਾਇਆ ਅਕਾਲ ਪੁਰਖ ਦੇ ਜਿੰਮੇਂ ਲਾ ਦੇਂਦੀ ਹੈ। ਅਸੀਂ ਫਿਰ ਵੀ ਐਸੀ ਪਰਉਪਕਾਰੀ ਬਾਣੀਂ ਤੇ ਅਮਲ ਨਹੀਂ ਕਰਦੇ, ਬਾਣੀਂ ਨਾਲ ਪਿਆਰ ਨਹੀਂ ਕਰਦੇ, ਬਾਣੀਂ ਤੇ ਵਿਸ਼ਵਾਸ ਨਹੀਂ ਕਰਦੇ, ਬਾਣੀਂ ਨੂੰ ਸੱਚ ਕਰਕੇ ਨਹੀਂ ਮੰਨਦੇ। ਸਿਰਫ ਬਾਣੀਂ ਨੂੰ ਵਰਤਦੇ ਹਾਂ। ਸਿਰਫ ਉਸ ਬੰਦੇ ਦੇ ਗੁਨਾਹ ਪਾਪ ਬਖਸ਼ੇ ਜਾਣ ਗੇ, ਜੋ ਬਾਣੀਂ ਨੂੰ ਪੜ੍ਹਨ ਅਤੇ ਵਿਚਾਰਨ ਦੇ ਨਾਲ ਨਾਲ ਬਾਣੀਂ ਅਨੂੰਸਾਰ ਕਰਮ ਵੀ ਕਰੇ ਗਾ, ਹੋਰ ਕਿਸੇ ਨੂੰ ਇੱਕ ਤਿਲ ਜਿਨੀਂ ਵੀ ਛੋਟ ਨਹੀਂ ਮਿਲ ਸੱਕਦੀ। ਖਾਲੀ ਪੜ੍ਹਨ, ਵਿਚਾਰਨ ਨਾਲ ਕੁੱਝ ਵੀ ਹਾਸਲ ਨਹੀਂ ਹੋਣਾਂ। ਪੜ੍ਹਨ ਵਿਚਾਰਨ ਦੇ ਨਾਲ ਨਾਲ ਅਮਲ ਵੀ ਜਰੂਰੀ ਹੈ।)

ਮਃ ੩॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ॥ ੬੫੦

ਸਿਰਫ ਪੜ੍ਹਨ ਗੁਣਨ ਤੱਕ ਹੀ ਸੀਮਤ ਰਹਿਣਾਂ ਇਹ ਸੰਸਾਰੀ ਕੰਮ ਹੈ, ਇਸ ਨਾਲ ਤ੍ਰਿਸ਼ਨਾਂ ਅਤੇ ਵਿਕਾਰ ਵਧਦੇ ਹਨ। ਵਿਦਿਆ ਦਾ ਹੰਕਾਰ ਕਰਦੇ ਹਨ, ਪੜ੍ਹ ਪੜ੍ਹ ਕੇ ਦੂਜੇ ਭਾਉ ਵਿੱਚ ਪੈ ਜਾਂਦੇ ਹਨ, ਆਖਿਰ ਹਾਰ ਥੱਕ ਜਾਂਦੇ ਹਨ, ਖੁਆਰ ਹੁੰਦੇ ਹਨ। ਅਸਲੀ ਪੜ੍ਹਿਆ ਸਿਆਣਾਂ ਸੁਚੱਜਾ ਉਹ ਹੈ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ (ਕਮਾਈ) ਕਰਦਾ ਹੈ।

ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ

ਇਕ ਪਾਸੇ ਕੌੜਾ ਨਾਮ ਹੈ, ਦੂਜੇ ਪਾਸੇ ਦੁਨੀਆਂ ਦੇ ਮਿੱਠੇ ਰਸ ਹਨ, ਜੀਵ ਇਸਤਰੀ, ਦੁਨੀਆਂ ਦੇ ਪਦਾਰਥਾਂ, ਰਸਾਂ ਕਸਾਂ, ਸੁਖ ਸਵਾਦਾਂ, ਵਿੱਚ ਪੈ ਕੇ ਰੋਗ ਨੂੰ ਬਹੁਤ ਵਧਾ ਲਿਆ, ਦਾਤਾਂ (ਨੂੰ ਖਸਮ ਬਨਾ ਲਿਆ) ਨਾਲ ਪਿਆਰ ਪਾ ਲਿਆ, “ਦਾਤ ਪਿਆਰੀ ਨਾਨਕਾ ਵਿਸਰਿਆ ਦਾਤਾਰ” ਸ਼ੁੱਧ, ਖਾਲਸ, ਸੱਚੇ, ਅਸਲੀ ਖਸਮ, ਹਰੀ ਨੂੰ ਛੱਡ ਦਿੱਤਾ, ਨਤੀਜਾ ਇਹ ਹੋਇਆ, ਕੇ ਵਿਜੋਗ ਹੋ ਗਿਆ।

(ਇਕ ਹੁੰਦਾ ਹੈ ਦੇਹ ਦਾ ਰੋਗ, ਇਸ ਰੋਗ ਦੀ ਤਾਂ ਕੋਈ ਹੱਦ ਹੁੰਦੀ ਹੈ, ਪਰ ਜਿਸ ਰੋਗ ਦਾ ਇਸ਼ਾਰਾ ਬਾਣੀਂ ਕਰ ਰਹੀ ਹੈ, ਉਹ ਹੈ ਆਤਮਾਂ ਦਾ ਰੋਗ, ਆਤਮਾਂ ਨੂੰ ਵਿਜੋਗ ਦਾ ਰੋਗ ਲੱਗ ਗਿਆ। “ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ” ਅਤੇ ਅਸੀਂ ਸਾਰੇ ਹਰੀ ਤੋਂ ਵਿਛੜੇ ਹੋਇ ਹਾਂ, ਸਾਡਾ ਸਾਰਿਆਂ ਦਾ ਹਰੀ ਨਾਲੋਂ ਵਿਯੋਗ ਹੋਇਆ ਹੋਇਆ ਹੈ। ਕੀ ਆਪਣੇਂ ਸਾਰਿਆਂ ਵਿਚੋਂ ਕੋਈ ਵੀਰ ਆਪਣੇਂ ਆਪ ਨੂੰ ਮਿਲਿਆ ਹੋਇਆ ਸਮਝਦਾ ਹੈ, ਜਾਂ ਕੋਈ ਐਸਾ ਹੋਵੇ ਜਿਸ ਦਾ ਹਰੀ ਨਾਲੋਂ ਵਿਯੋਗ ਨਹੀਂ ਹੈ। ਵਿਯੋਗ ਲਫਜ਼ ਨੂੰ ਹਲਕੇ ਵਿੱਚ ਨਹੀਂ ਲੈਣਾਂ ਚਾਹੀਦਾ, ਇਹ ਸਾਰੇ ਦੁਖਾਂ ਰੋਗਾਂ ਦਾ ਮੂਲ ਹੈ।

ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ॥ ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ

ਗੁਰਮੁਖ ਰੂਹਾਂ (ਇਸਤਰੀਆਂ) ਪ੍ਰਭੂ ਦੇ ਪਿਆਰ ਦਾ ਸ਼ਿੰਗਾਰ ਕਰ ਕੇ, ਆਪਣੇਂ ਆਪ ਨੂੰ ਪ੍ਰਭੂ ਦੇ ਪਿਆਰ ਵਿੱਚ ਰੰਗ ਕੇ ਦੁਬਾਰਾ ਪ੍ਰਭੂ ਨਾਲ ਮਿਲਾਪ ਕਰ ਲੈਂਦੀਆਂ ਹਨ। ਹਰੀ ਦਾ ਨਾਮ ਹਿਰਦੇ ਵਿੱਚ ਧਾਰ ਕੇ, “ਸਹਜਿ ਸੱਚ” (ਇਹ ਚੌਥੇ ਪਦ ਵਿੱਚ ਰਹਿੰਦਾ ਹੈ) ਸਚੇ ਖਸਮ ਦੇ ਨਾਲ ਸੁਖ ਭੋਗਦੀ ਹੈ, “ਤ੍ਰਿਹਾ ਗੁਣਾਂ ਵਿੱਚ ਨਾਮੁ ਨ ਪਾਈੲੈ ਤ੍ਰੈ ਗੁਣ ਭਰਮੁ ਭੁਲਾਇ ਚੌਥੇ ਪਦ ਮਹਿ ਨਾਮ ਹੈ ਗੁਰਮੁਖ ਪਲੇ ਪਾਏ”

(ਹਰੀ ਤੋਂ ਵਿਛੜੀ ਹੋਈ ਜੀਵ-ਇਸਤਰੀ, ਇਸ ਮਾਤਲੋਕ ਵਿੱਚ ਆਈ, ਇਸ ਮਾਤਲੋਕ ਵਿਚੋਂ ਹੀ ਦੁਬਾਰਾ ਜੀਵ ਨੇਂ ਵਾਪਸ ਪ੍ਰਭੂ ਨਾਲ ਮੇਲਾ ਕਰਨਾਂ ਹੈ, ਇਸ ਨੂੰ “ਪਲਟਣਾਂ” ਕਹਿੰਦੇ ਹਨ।)

ਆਗਿਆਕਾਰੀ ਸਦਾ ਸ+ਹਾਗਣਿ ਆਪਿ ਮੇਲੀ ਕਰਤਾਰਿ॥ ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸ+ਹਾਗਣਿ ਨਾਰਿ॥ ੧॥

ਜਿਹੜੀ ਆਪਣੇਂ ਪਤੀ ਦੇ ਹੁਕਮ ਵਿੱਚ ਰਹਿੰਦੀ ਹੈ, ਉਹ ਸੁਹਾਗਣ ਹੈ, ਕਰਤਾ ਉਸ ਨੂੰ ਆਪ ਹੀ ਆਪਣੇਂ ਨਾਲ ਮਿਲਾ ਲੈਦਾ ਹੈ। ਫਿਰ ਉਹ ਸੱਚੇ ਖਸਮ, ਸੱਚੇ ਪ੍ਰਭੂ ਨਾਲ ਮਿਲ ਕੇ ਹਮੇਸ਼ਾਂ ਹਮੇਸ਼ਾਂ ਵਾਸਤੇ ਸੁਹਾਗਣ ਹੋ ਜਾਂਦੀ ਹੈ।

ਸਦਾ ਸ+ਹਾਗਣਿ ਦੀ ਥੋੜੀ ਜਿਹੀ ਵਿਚਾਰ ਕਰੀਏ। ਬਾਣੀਂ ਕਿਉਂ ਰਚੀ ਗਈ, ਇਹ ਕੋਈ ਐਸੀ ਕਵਿਤਾ ਨਹੀਂ, ਜੋ ਮਨ ਪ੍ਰਚਾਵੇ ਵਾਸਤੇ, ਜਾਂ ਹੋਰ ਹੋਰ ਕੰਮਾਂ ਵਾਸਤੇ ਰਚੀ ਗਈ ਹੋਵੇ। (ਜਿਸ ਤਰਾਂ ਕਿ ਦੇ ਕੰਮ ਅਸੀਂ ਇਸ ਤੋਂ ਲੈ ਰਹੇ ਹਾਂ) ਬਾਣੀਂ ਬਾਰ ਬਾਰ, ਬਾਰ ਬਾਰ, ਬਾਰ ਬਾਰ, ਇਕੋ ਹੀ ਗੱਲ ਨੂੰ ਦੁਹਰਾਈ ਜਾਂਦੀ ਹੈ ਕਿਉਂ? । ਸਾਰੇ ਹੀ ਸੰਤਾਂ, ਮਹਾਤਮਾਂ, ਭਗਤਾਂ, ਗੁਰੂਆਂ ਨੇ ਇਕੋ ਹੀ ਗੱਲ ਤੇ ਬਾਰ ਬਾਰ ਜੋਰ ਕਿਉਂ ਦਿੱਤਾ? । ਸੰਤਾਂ ਦੇ ਸਮਝਾਉਣ ਦੇ ਤਰੀਕੇ, ਮਿਸਾਲਾਂ, ਬੋਲੀ, ਭਾਸ਼ਾ, ਭਾਵੇਂ ਅਲੱਗ ਅਲੱਗ ਹੋਵੇ, ਜਾਂ ਸੰਤ ਕਿਸੇ ਵੀ, ਧਰਮ, (ਵੈਸੇ ਤਾਂ ਸੰਤਾਂ ਦਾ ਕੋਈ ਧਰਮ ਨਹੀਂ ਹੁੰਦਾ) ਦੇਸ (ਸਥਾਨ) ਕਿਸੇ ਜੁਗ (ਸਮੇਂ) ਦੇ ਕਿਉਂ ਨਾਂ ਹੋਣ ਸੱਭ ਦਾ ਇਕੋ ਹੀ ਉਪਦੇਸ਼ ਹੁੰਦਾ ਹੈ। ਸੱਭ ਨੇਂ ਇਕੋ ਹੀ ਗੱਲ ਬਾਰ ਬਾਰ ਦੁਹਰਾਈ ਹੈ। ਪਰ ਅਸੀਂ ਕਿਸੇ ਵੀ ਸੰਤ, ਗੁਰੂ, ਜਾਂ ਬਾਣੀਂ ਦੀ ਗੱਲ ਨੂੰ ਮੰਨਣ ਵਿੱਚ ਆਪਣੀਂ ਬਹੁਤ ਵੱਡੀ ਹੱਤਕ ਸਮਝਦੇ ਹਾਂ। ਸੰਤਾਂ ਦਾ ਸਾਨੂੰ ਬਾਰ ਬਾਰ ਇਕੋ ਹੀ ਉਪਦੇਸ਼ ਹੈ, ਕਿ ਇਸ ਸੰਸਾਰ ਦੇ ਭਵ ਸਾਗਰ ਵਿਚੋਂ ਨਿਕਲੋ। ਸਾਨੂੰ ਇਥੋਂ ਕੱਢਣ ਵਾਸਤੇ ਸੰਤ ਨਾਮ ਦਾ ਜਹਾਜ (ਖੁਦ ਹੀ ਨਾਵ ਰੂਪ ਬਣ ਕੇ ਆਏ) ਤਿਆਰ ਕੀਤਾ, ਊਪਰ ਵਾਲੀ ਬਾਣੀਂ ਦੀ ਇੱਕ ਤੁਕ “ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸ+ਹਾਗਣਿ ਨਾਰਿ” ਇਸ ਸਧਾਰਨ ਜਿਹੀ ਲੱਗਣ ਵਾਲੀ ਕੜੀ ਵਿੱਚ ਬਹੁਤ ਵੱਡੀ ਗੱਲ ਛੁਪੀ ਹੋਈ, ਜਿਸ ਨੂੰ ਸਮਝਣ ਦੀ ਸਾਨੂੰ ਬਹੁਤ ਜਰੂਰਤ ਹੈ। ਆਵਾਗਉਣ ਬਾਰੇ ਕਾਫੀ ਵਿਚਾਰਾਂ ਹੁੰਦੀਆਂ ਰਹਿੰਦੀਆਂ ਹਨ। ਆਵਾਗਉਣ ਤੋਂ ਵੱਡਾ ਹੋਰ ਕੋਈ ਦੁਖ ਨਹੀਂ ਹੈ। ਪਰ ਅਸੀਂ ਆਵਾਗਉਣ ਵਿੱਚ ਹੁੰਦਿਆਂ ਹੋਇਆਂ ਵੀ, ਇਹ ਗੱਲ ਮੰਨਣ ਨੂੰ ਤਿਆਰ ਨਹੀਂ, ਕੇ ਅਸੀਂ ਆਵਾਗਉਣ ਵਿੱਚ ਫਸੇ ਹੋਇ ਹਾਂ, ਇਸ ਵਾਸਤੇ ਕਈ ਵੀਰ ਇਸ ਨੂੰ ਇੱਕ ਫਾਲਤੂ ਜਿਹਾ ਵਿਸ਼ਾ ਸਮਝਦੇ ਹਨ। ਜਦ ਕੇ ਆਵਾਗਉਣ ਗੁਰਬਾਣੀਂ ਦਾ ਸੱਭ ਤੋਂ ਮੁਖ ਵਿਸ਼ਾ ਹੈ। ਇਸ ਊਪਰ “ਨਾਨਕ ਪਿਰੁ ਪਾਇਆ” ਵਾਲੀ ਤੁਕ ਵਿੱਚ ਆਵਾਗਉਣ ਦਾ ਕੋਈ ਜਿਕਰ ਨਹੀਂ ਹੈ, ਪਰ ਇਸ ਤੁਕ ਵਿਚੋਂ ਵੀ ਆਵਾਗਉਣ ਦਾ ਸੰਕੇਤ ਮਿਲਦਾ ਹੈ। ਜੇ ਆਵਾਗਉਣ ਨਾਂ ਹੁੰਦਾ ਤਾਂ ਸੰਤਾਂ ਗੁਰੂਆਂ ਨੂੰ ਨਾਮ ਦਾ ਜਾਂ ਹਰੀ ਦਾ ਜਿਕਰ ਤੱਕ ਕਰਨ ਦੀ ਵੀ ਜਰੂਰਤ ਨਹੀਂ ਸੀ ਪੈਣੀਂ। ਜਰਾ ਸੋਚੋ ਨਾਮ ਦੀ ਜਾਂ ਹਰੀ ਦੀ ਸਾਨੂੰ ਜਰੂਰਤ ਹੀ ਕੀ ਹੈ? । ਨਾਮ ਦੀ ਜਰੂਰਤ ਸਿਰਫ ਉਹਨਾਂ ਨੂੰ ਹੈ, ਜਿਹੜੇ ਆਵਾਗਉਣ ਜਾਂ ਚੌਰਾਸੀ ਦੇ ਦੁਖਾਂ ਨੂੰ ਸਮਝਦੇ (ਡਰਦੇ) ਹਨ, ਅਤੇ ਇਥੋਂ ਨਿਕਲਣਾਂ ਚਾਹੁੰਦੇ ਹਨ। ਜਿਹੜੇ ਚੋਰਾਸੀ ਜਾਂ ਆਵਾਗਉਣ ਵਿੱਚ ਹੀ ਰਹਿਣਾਂ ਚਾਹੁੰਦੇ ਹਨ, ਉਹਨਾਂ ਨੂੰ ਸਚਮੁੱਚ ਨਾਮ ਜਾਂ ਗੁਰਬਾਣੀਂ ਦੀ ਸਿੱਖਿਆ ਦੀ ਕੋਈ ਜਰੂਰਤ ਨਹੀਂ, ਉਹ ਆਪਣੀਂ ਥਾਂ ਸੱਚੇ ਹਨ।

ਇਸ ਤੁਕ ਵਿੱਚ ਲਿਖਿਆ ਹੋਇਆ ਹੈ, “ਪਿਰੁ ਪਾਇਆ ਹਰਿ ਸਾਚਾ ਸਦਾ ਸ+ਹਾਗਣਿ ਨਾਰਿ” ਭਾਵ ਜਦੋਂ ਜੀਵ-ਇਸਤਰੀ ਨੇਂ ਆਪਣੇਂ ਸੱਚੇ ਪਿਰ (ਖਸਮ) ਨੂੰ ਪਾ ਲਿਆ ਤਾਂ, ਉਹ ਸਦਾ ਵਾਸਤੇ ਸੁਹਾਗਣ ਹੋ ਗਈ। ਹੁਣ ਨੋਟ ਕਰਨ ਵਾਲੀ ਗੱਲ ਇਹ ਹੈ, ਕਿ ਜੇ ਦੁਬਾਰਾ ਹੀ ਆਵਾਗਉਣ ਵਿੱਚ ਆਉਣਾਂ ਹੈ, ਤਾਂ “ਸਦਾ ਸ+ਹਾਗਣਿ” ਕਿਵੇਂ ਹੋਈ? ਅਤੇ ਫਿਰ ਪਿਰ ਸਾਚਾ (ਸਦਾ ਰਹਿਣ ਵਾਲਾ) ਕਿਵੇਂ ਹੋਇਆ। ਬਾਣੀਂ ਵਿੱਚ ਇਸ ਗੱਲ ਦੇ ਹਜਾਰਾਂ ਹੀ ਪ੍ਰਮਾਣ ਮਿਲਦੇ ਹਨ, ਕਿ ਜੇ ਇੱਕ ਵਾਰ ਜੀਵ ਪ੍ਰਮਾਤਮਾਂ ਨਾਲ ਮੇਲਾ ਕਰ ਲਵੇ, ਤਾਂ ਫਿਰ ਦੁਬਾਰਾ ਕਦੇ ਵੀ ਵਿਯੋਗੁ ਨਹੀਂ ਹੁੰਦਾ, “ਮਿਲਿਆ ਹੋਏ ਨ ਵਿਛੁੜੇ ਜੇ ਆਪਿ ਮੇਲੇ ਕਰਤਾਰ॥” ਪਰ ਇਸ ਵੇਲੇ ਤਾਂ ਸਮੇਤ ਸਾਡੇ ਸਾਰਿਆਂ ਦੇ, ਜਿਹੜਾ ਵੀ ਇਸ ਸੰਸਾਰ ਵਿੱਚ ਜਨਮਿਆਂ ਹੋਇਆ ਹੈ, ਉਹ ਆਵਾਗਉਣ ਵਿੱਚ ਹੈ, “ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ॥” ਅਤੇ ਸੱਭ ਦਾ ਹੀ ਪ੍ਰਮਾਤਮਾਂ ਨਾਲੋਂ ਵਿਯੋਗੁ ਹੈ, ਅਤੇ ਸੱਭ ਨੇਂ ਹੀ ਮਰਨਾਂ ਵੀ ਹੈ। “ਸਭਨਾ ਮਰਣਾ ਆਇਆ ਵੇਛੋੜਾ ਸਭਨਾਹ॥ ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ॥ ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ॥” ਸਾਨੂੰ ਇਸ ਸੰਸਾਰ ਵਿੱਚ ਜਨਮ ਲਿਆਂ, ਕਿਸੇ ਨੂੰ ਦਸ, ਕਿਸੇ ਨੂੰ ਵੀਹ, ਤੀਹ, ਪੰਜਾਹ, ਸੱਤਰ, ਜਾਂ ਅੱਸੀ ਸਾਲ ਹੋ ਗਏ ਹਨ। ਇਸ ਤੋਂ ਪਹਿਲੇ ਅਸੀਂ ਕਿਥੇ ਸੀ? ਕੀ ਅਸੀਂ ਹੁਣੇਂ ਹੁਣੇਂ, ਤਾਜੇ ਤਾਜੇ, ਕੁੱਝ ਹੀ ਸਾਲਾਂ ਤੋਂ ਪ੍ਰਮਾਤਮਾਂ ਨਾਲੋਂ ਵਿੱਛੜ ਕੇ ਇਸ ਸੰਸਾਰ ਤੇ ਆਇ ਹਾਂ। ਜਾਂ ਫਿਰ ਕੁੱਝ ਸਾਲਾਂ ਲਈ ਸੈਰ ਸਪਾਟਾ ਕਰਨ ਵਾਸਤੇ ਪ੍ਰਭੂ ਤੋਂ ਛੁੱਟੀ ਲੈ ਕੇ ਇਸ ਸੰਸਾਰ ਵਿੱਚ ਆਏ ਹਾਂ? । ਤਾਂ ਜੋ ਕੁੱਝ ਸਾਲ ਸੈਰ ਸਪਾਟ ਕਰ ਕੇ, ਆਪਣੀਂ ਮਰਜੀ ਨਾਲ ਅਸੀਂ ਫਿਰ ਹਰੀ ਨਾਲ ਜਾ ਮਿਲਾਂ ਗੇ। ਜੇ ਇੰਜ ਹੈ ਤਾਂ ਫਿਰ ਬਾਣੀਂ ਦੀ ਲੋੜ ਹੀ ਕੀ ਰਹਿ ਜਾਂਦੀ ਹੈ, ਇਹ ਤਾਂ ਇੱਕ ਬੱਝਾ ਨਿਯਮ ਹੋ ਗਿਆ। ਅਤੇ ਫਿਰ ਝਗੜਾ ਵੀ ਕਾਹਦਾ ਹੈ। ਦੂਸਰੀ ਗੱਲ, ਜੇ ਸੱਚ ਮੁਚ ਹੀ ਇਸ ਤਰਾਂ ਹੈ, ਤਾਂ ਇਹ ਹਰੀ ਨੂੰ ਮਿਲਣ ਵਾਲਾ ਨਿਯਮ ਸਾਰਿਆਂ ਵਾਸਤੇ ਹੈ, ਜਾਂ ਸਿਰਫ ਉਹਨਾਂ ਵਾਸਤੇ ਹੈ, ਜਿਹੜੇ ਕਿ ਸਿਰਫ ਸਾਡੇ ਹੀ ਗਰੁੱਪ ਵਾਲੇ ਹਨ। ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ॥ ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ॥ ੧॥ ੫੮੧

ਇਸ ਵਾਸਤੇ ਜੇ ਦੁਬਾਰਾ ਜਨਮ ਮਰਨ ਤੋਂ ਬਚਨਾਂ ਹੈ, ਤਾਂ “ਸਦਾ ਸ+ਹਾਗਣਿ ਨਾਰਿ” ਨੂੰ ਖਾਲੀ ਪੜ੍ਹਨਾਂ ਵਿਚਾਰਨਾਂ ਹੀ ਨਹੀਂ, ਖੁਦ ਸੁਹਾਗਣ ਬਣਨਾਂ ਵੀ ਹੈ,

ਮਃ ੩॥ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾੑਲਿ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ॥ ੨॥

ਹੇ ਦੁਨੀਆਂ ਦੇ ਕੁਸੰਭੜੇ ਰੰਗ ਵਿੱਚ ਰੰਗੀਏ (ਭੁੱਲੀਏ) ਨਿਮਾਣੀਏਂ ਇਸਤਰੀਏ, ਆਪਣੇਂ ਉਸ ਸਹੁ (ਖਸਮ) ਦਾ ਚੇਤਾ ਕਰ। ਤੇਰਾ ਵੀ ਜਨਮ ਸੌਰ ਜਾਵੇ ਗਾ, ਅਤੇ ਤੇਰੇ ਨਾਲ ਹੀ ਤੇਰੀ ਕੁਲ, ਤੇਰਾ ਕੁਟੰਬ ਵੀ ਛੁੱਟ ਜਾਵੇ ਗਾ।

ਪਉੜੀ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥

ਉਸ ਪ੍ਰਭੂ ਨੇਂ ਆਪ ਹੀ ਸੱਚਾ ਤੱਖਤ ਰਚਾਇਆ, ਅਕਾਸ਼ ਅਤੇ ਪਾਤਾਲ ਬਨਾਏ। ਆਪਣੇਂ ਹੁਕਮ ਨਾਲ ਧਰਤੀ ਸਾਜੀ, ਇਹ ਸੱਚੀ ਧਰਮ ਸਾਲ ਹੈ। (ਜਿਨ੍ਹਾਂ ਗੁਰਮੁੱਖਾਂ ਨੇਂ ਇਥੇ ਆ ਕੇ ਸੱਚ ਦੀ ਕਮਾਈ ਕੀਤੀ, ਉਹ ਕਿਤੇ ਵੀ ਜਾ ਬਹਿਣ, ਉਹਨਾਂ ਵਾਸਤੇ ਇਹ ਸਾਰੀ ਧਰਤੀ ਹੀ ਸੱਚੀ ਧਰਮ ਸਾਲ ਹੈ। ਨਹੀਂ ਤਾਂ ਇਹ ਦੱਸਣ ਦੀ ਲੋੜ ਹੀ ਨਹੀਂ ਕੇ ਧਰਮਸਾਲਾਵਾਂ ਵਿੱਚ ਕੀ ਹੁੰਦਾ ਹੈ)

ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ॥ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ॥ ੧॥

ਦੀਨ ਦਿਆਲ ਪ੍ਰਭੂ, ਤੂੰ ਧਰਤੀ ਦੇ ਸਾਰੇ ਜੀਵਾਂ ਨੂੰ ਆਪ ਹੀ ਪੈਦਾ ਕਰਦਾ ਹੈਂ, ਫਿਰ ਆਪ ਹੀ ਸਾਰਿਆਂ ਨੂੰ ਖਪਾ ਦੇਦਾ ਹੈਂ। ਸਭਨਾਂ ਨੂੰ ਖਾਣ ਵਾਸਤੇ ਰਿਜ਼ਕ ਵੀ ਤੂੰ ਹੀ ਦੇਂਦਾ ਹੈਂ, ਸੱਭਨਾਂ ਦੀ ਸੰਭਾਲ ਵੀ ਤੂੰ ਆਪ ਹੀ ਕਰਦਾ ਹੈਂ, ਹੇ ਪ੍ਰਭੂ ਤੇਰਾ ਇਹ (ਨਿਰਾਲਾ) ਵਖਰਾ ਹੀ, ਅਜੀਬ ਹੀ ਹੁਕਮ (ਖੇਲ) ਹੈ, । (ਨਿਰਾਲਾ ਇਸ ਕਰਕੇ ਹੈ, ਕੇ ਇੱਕ ਪਾਸੇ ਤਾਂ ਉਹ ਪ੍ਰਭੂ ਜੀਵਾਂ ਨੂੰ ਰਿਜ਼ਕ ਵੀ ਦੇਂਦਾ ਹੈ, ਸਾਂਭ ਸਭਾਲ ਵੀ ਕਰਦਾ ਹੈ, ਪ੍ਰਤਿਪਾਲਣਾਂ ਵੀ ਕਰਦਾ ਹੈ, ਦੂਜੇ ਪਾਸੇ ਜੀਵ ਨੂੰ ਮਾਰਨ ਜਾਂ ਖਪਾਉਣ ਵੇਲੇ ਜਰਾ ਵੀ ਤਰਸ ਨਹੀਂ ਕਰਦਾ, ਅਤੇ ਕਿਤੇ ਤਿਲਾਂ ਵਾਂਗ ਪੀੜੀ ਜਾਂਦਾ ਹੈ)

(ਦੇਖ ਲਵੋ ਬਾਣੀਂ ਵਿੱਚ ਬਾਰ ਬਾਰ ਉਹਨਾਂ ਹੀ ਗੱਲਾਂ ਦਾ ਦੁਹਰਾ ਰਹੀ ਹੈ। ਗੁਰੂ ਅਮਰ ਦਾਸ ਜੀ, ਇਸ ਉਪਰ ਵਾਲੀ ਤਿੰਨ ਪੰਗਤੀਆਂ ਵਾਲੀ ਕੜੀ ਵਿਚ, ਉਸੇ ਹੀ ਗੱਲ ਵੱਲ ਇਸ਼ਾਰਾ ਕਰ ਗਏ ਹਨ, ਜਿਹੜੀ ਗੱਲ ਸਾਨੂੰ, ਗੁਰੂ ਨਾਨਕ ਜੀ ਨੇਂ “ਪੱਟੀ ਲਿਖੀ” ਵਾਲੇ ਸ਼ਬਦ ਵਿੱਚ ਬਹੁਤ ਵਿਸਥਾਰ ਨਾਲ ਸਮਝਾਈ ਸੀ। ਗੁਰਬਾਣੀਂ ਦੇ ਕਿਸੇ ਵੀ ਸ਼ਬਦ ਦਾ ਮੂਲ ਵਿਸ਼ਾ ਭਾਵੇਂ ਕੋਈ ਵੀ ਹੋਵੇ, ਸਾਰੇ ਵਿਸ਼ੇ ਇੱਕ ਦੂਜੇ ਨਾਲ ਜੁੜੇ ਹੋਇ ਹਨ। ਅਤੇ ਹਰ ਵਿਸ਼ੇ ਦਾ ਸਬੰਧ ਹਰੀ ਨਾਲ ਹੈ। ਇਸ ਵਾਸਤੇ ਜੇ ਹਰੀ ਦੇ ਕਰੋੜਾਂ ਜਾਂ ਇਸ ਤੋਂ ਵੀ ਹਜਾਰਾਂ ਗੁਣਾਂ ਜਿਆਦੇ ਰੂਪ ਹੋਣ, ਤਾਂ ਸਾਨੂੰ ਉਸ ਦੇ ਇੱਕ ਇੱਕ ਰੂਪ ਬਾਰੇ ਜਾਣਕਾਰੀ ਹੋਣੀਂ ਚਾਹੀਦੀ ਹੈ, ਇਹ ਦਵੈਤ ਭਾਵ ਦਾ ਜੋ ਝਗੜਾ ਹੈ, ਸਿਰਫ ਤਾਂ ਹੀ ਹਲ ਹੋ ਸੱਕਦਾ ਹੈ। ਦੁਨੀਆਂ (ਸੰਸਾਰ) ਤੇ ਆਦਿ ਤੋਂ ਲੈਕੇ ਝਗੜਾ ਹੀ ਝਗੜਾ ਹੈ। ਜਿੱਥੇ ਝਗੜਾ ਹੈ ਉਥੇ ਸੱਚ ਨਹੀਂ ਹੈ। ਇਸ ਝਗੜੇ ਦਾ ਨਬੇੜਾ ਸਿਰਫ ਸਤਿਗੁਰੂ ਦੇ ਹੱਥ ਹੈ ਬਾਣੀਂ ਦੱਸਦੀ ਹੈ, “ਸਤਿ ਗੁਰ ਹੱਥ ਨਬੇੜ ਝਗੜ ਚੁਕਾਇਆ”

(ਨੋਟ:- ਵਕਤ ਦੀ ਕਮੀਂ ਕਾਰਨ, ਲਿਖਦੇ ਸਮੇਂ ਮੈਂ ਕਈ ਵਾਰ ਬਾਣੀਂ ਦੀਆਂ ਤੁਕਾਂ ਮੂੰਹ ਜਬਾਨੀਂ ਲਿਖਦਾ ਹਾਂ ਜੀ, ਕਿਉਂ ਕੇ ਮੈਨੂੰ ਕਈ ਵਾਰ ਯਾਦ ਨਹੀਂ ਹੁੰਦਾ ਕੇ ਕਿਹੜੀ ਕੜੀ ਕਿਹੜੇ ਪੰਨੇਂ ਤੇ ਹੈ, ਲੱਭਣ ਵਾਸਤੇ ਬਹੁਤ ਟਾਈਮ ਲੱਗ ਜਾਂਦਾ ਹੈ। ਇਸ ਵਾਸਤੇ ਕਿਤੇ ਕੋਈ ਕਿਸੇ ਪੰਗਤੀ ਵਿੱਚ ਗਲਤੀ ਨਜਰ ਆਵੇ, ਤਾਂ ਕਿਰਪਾ ਕਰਕੇ ਸਿਰਫ ਭਾਵ ਨੂੰ ਸਮਝਣ ਦੀ ਕੋਸ਼ਿਸ ਕੀਤੀ ਜਾਵੇ, ਅੱਖਰਾਂ ਦੀ ਗਲਤੀ ਵੱਲ ਧਿਆਨ ਨਾਂ ਦਿੱਤਾ ਜਾਵੇ ਜੀ, ਜੁਬਾਨੀਂ ਲਿਖੀ ਪੰਗਤੀ ਦੀ ਨਿਸ਼ਾਨੀਂ ਇਹ ਹੈ ਕੇ ਉਸ ਪੰਗਤੀ ਨੂੰ ਮੈਂ ਰੰਗਾਂ ਨਾਲ ਹਾਈਲਾਈਟ ਨਹੀਂ ਕਰਦਾ, ਸਿਰਫ ਉਲਟੇ ਕੌਮੇ ਹੀ ਲਾਉਂਦਾ ਹਾਂ, ਧੰਨਵਾਦ ਜੀ)

“ਪੱਟੀ ਲਿਖੀ” ਵਾਲੇ ਸ਼ਬਦ ਵਿੱਚ ਅਸਾਂ ਨੇ ਹਰੀ ਦਾ ਇੱਕ ਅਲੱਗ ਹੀ ਰੂਪ ਵੇਖਿਆ ਸੀ, ਜੋ, “ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ” ਵਾਲੇ ਸ਼ਬਦ ਨਾਲੋਂ ਬਿਲ ਕੁਲ ਹੀ ਉਲਟ ਹੈ। ਬਾਣੀਂ ਵਿੱਚ ਹਰੀ ਦੇ ਅਜੇਹੇ ਕਰੋੜਾਂ ਹੀ ਰੂਪਾਂ ਦਾ ਇਸ਼ਾਰਾ ਮਿਲਦਾ ਹੈ, ਜਿਵੇਂ ਜਿਵੇਂ ਆਪਾਂ ਬਾਣੀਂ ਪੜ੍ਹੀ ਜਾਵਾਂ ਗੇ, ਤੁਹਾਡਾ ਇਹ ਦਾਸ ਤੁਹਾਨੂੰ ਉਸਦੇ ਰੂਪਾਂ ਤੋਂ ਜਾਣੂੰ ਕਰਵਾਉਣ ਦੀ ਕੋਸ਼ਿਸ਼ ਕਰੇ ਗਾ। ਹਰੀ ਨੂੰ ਠੱਗ, ਚਲਿਤਰ ਬਾਜ, ਮਦਾਰੀ, ਬਾਜੀਗਰ, ਆਦਿ ਤਾਂ ਬਾਣੀਂ ਵਿੱਚ ਥਾਂ ਥਾਂ ਹੀ ਲਿਖਿਆ ਹੈ। ਦੂਰ ਨਾਂ ਜਾਉ, ਹਰੀ ਦੇ ਜੇ ਰੂਪ ਦੇਖਣੇਂ ਹਨ, ਤਾਂ ਬੰਦੇ ਨੂੰ ਹੀ ਦੇਖ ਲਵੋ। (ਤਕੜਾ ਬੰਦਾ ਮਾੜੇ ਦੀ ਪੇਸ਼ ਨਹੀਂ ਜਾਣ ਦੇਂਦਾ) ਬੰਦਾ ਇੱਕ ਤਰਾਂ ਨਾਲ ਹਰੀ ਦਾ ਹੀ ਰੂਪ ਹੈ, ਭਾਵ ਹਰ ਬੰਦੇ ਦੀ ਦੇਹ (ਕਾਇਆਂ) ਦੇ ਅੰਦਰ ਰੱਬ ਵੱਸਦਾ ਹੈ। “ਇਸ ਕਾਇਆ ਅੰਦਰਿ ਜਗੁ ਜੀਵਣੁ ਦਾਤਾ ਵਸੈ ਸਭਨਾ ਕਰੇ ਪ੍ਰਿਤਪਾਲਾ” ਹਰ ਬੰਦੇ ਦੇ ਅੰਦਰ ਇਕੋ ਹੀ ਹਰੀ ਵੱਸਦਾ ਹੈ। ਹਰ ਬੰਦੇ ਵਿੱਚ ਹੀ ਨਹੀਂ ਚਾਰੋਂ ਹੀ ਖਾਣੀਆਂ ਦੇ ਜੀਵ ਜੰਤੂਆਂ ਵੀ ਵਿੱਚ ਇਕੋ ਹੀ ਹਰੀ ਵੱਸਦਾ ਹੈ। ਬੰਦੇ ਦੇ ਰੂਪ ਵਿਚ, ਕਿਤੇ ਉਹ ਅਫਾਰੋ ਹੈ, ਕਿਤੇ ਉਹ ਨਿਮਾਣੋਂ ਹੈ, ਕਿਤੇ ਗਿਆਨੀਂ ਹੈ, ਕਿਤੇ ਉਹ ਖਲ (ਮੂਰਖ) ਹੈ। ਕਿਤੇ ਉਹ ਨਿਰਵੈਰ ਹੈ, ਕਿਤੇ ਉਹ ਤਿਲ ਤਿਲ ਲੇਖਾ ਲੈਣ ਵਾਲਾ ਹੈ।

ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥ ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ॥ ੨॥ ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥ ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ॥ ੩॥ ੫੭੯

ਸਾਰਿਆਂ ਦੇ ਅੰਦਰ ਇਕੋ ਹੀ ਹਰੀ ਲੁਕ ਕੇ ਬੈਠਾ ਹੋਇਆ ਹੈ, ਫਿਰ ਵੀ ਨਾਂ ਤਾਂ ਕਿਸੇ ਦਾ ਸੁਭਾਅ ਕਿਸੇ ਨਾਲ ਰਲਦਾ ਹੈ, ਅਤੇ ਨਾਂ ਹੀ ਕਿਸੇ ਦੀ ਸ਼ਕਲ ਕਿਸੇ ਨਾਲ ਮਿਲਦੀ ਹੈ। ਜੋ ਅੰਦਰ ਹੁੰਦਾ ਹੈ ਉਹੀ ਬਾਹਰ ਆਉਂਦਾ ਹੈ। (ਇਹ ਅੰਡਰ ਲਾਈਨ ਵਾਲੀ ਗੱਲ ਵੀ ਬਾਣੀਂ ਦੇ ਰੂਪ ਵਿੱਚ ਲਿਖੀ ਹੋਈ ਹੈ, ਪਰ ਮੈਨੂੰ ਪੰਨਾ ਯਾਦ ਨਹੀਂ ਹੈ) ਜਿਸ ਬੰਦੇ ਦੇ ਅੰਦਰ ਮਿੱਠ ਬੋਲੜਾ ਹਰੀ ਬੈਠਾ ਹੁੰਦਾ ਹੈ, ਉਹ ਬੰਦਾ ਮਿੱਠ ਬੋਲੜਾ ਹੁੰਦਾ ਹੈ। ਜਿਸ ਬੰਦੇ ਦੇ ਅੰਦਰ ਝਗੜਾਲੂ ਹਰੀ ਬੈਠਾ ਹੁੰਦਾ ਹੈ, ਉਹ ਬੰਦਾ ਝਗੜਾਲੂ ਹੁੰਦਾ ਹੈ। ਜਿਸ ਬੰਦੇ ਦੇ ਅੰਦਰ ਠੱਗ ਹਰੀ ਲੁਕ ਕੇ ਬੈਠਾ ਹੋਇਆ ਹੈ, ਉਹ ਬੰਦਾ ਠੱਗ ਹੁੰਦਾ ਹੈ। ਜਿਸ ਬੰਦੇ ਦੇ ਅੰਦਰ ਭੋਗੀ ਬਿਲਾਸੀ ਹਰੀ ਬੈਠਾ ਹੁੰਦਾ ਹੈ, ਉਹ ਬੰਦਾ ਕਾਮੀਂ ਭੋਗੀ ਹੁੰਦਾ ਹੈ। ਜਿਹੜਾ ਬੰਦਾ ਕਿਸੇ ਦੀ ਨਿੰਦਾ ਕਰਦਾ ਹੈ, ਉਸ ਵਿੱਚ ਨਿੰਦਕ ਹਰੀ ਬੈਠਾ ਹੁੰਦਾ ਹੈ। ਇਸੇ ਤਰਾਂ, ਚੰਗਿਆਂ, ਬੁਰਿਆਂ, ਭਗਤਾਂ, ਮਨਮੁਖਾਂ, ਗੁਰਮੁੱਖਾਂ, ਸੱਚੇ ਸਾਧੂਆਂ, ਠੱਗ ਸਾਧੂਆਂ, ਚੋਰਾਂ, ਡਾਕੂਆਂ, ਲੁਟੇਰਿਆਂ, ਵਿੱਚ ਜੈਸਾ ਵੀ ਕੋਈ ਹੈ, ਸੱਭ ਹਰੀ ਦਾ ਹੀ ਰੂਪ ਹੈ। ਕੁੱਝ ਬੰਦਿਆਂ ਬਾਰੇ ਇਨਾਂ ਕੂ ਲਿਖ ਦਿੱਤਾ ਹੈ, ਬਾਕੀਆਂ ਦੀ ਲਿਸਟ ਹੁਣ ਤੁਸੀਂ ਆਪ ਵੀ ਤਿਆਰ ਕਰ ਸੱਕਦੇ ਹੋ, ਜੋ ਕਰੋੜਾਂ ਨਹੀਂ ਬਲਕਿ ਅਰਬਾਂ ਵਿੱਚ ਹੈ, ਸੱਭ ਹਰੀ ਦਾ ਹੀ ਰੂਪ ਹਨ। ਇਸ ਵਾਸਤੇ ਜੇ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ, ਜਾਂ ਕਿਸੇ ਨਾਲ ਝਗੜਾ ਕਰਦੇ ਹਾਂ, ਤਾਂ ਇਹ ਸੱਭ ਹਰੀ ਨਾਲ ਹੀ ਕਰ ਰਹੇ ਹੁੰਦੇ ਹਾਂ, ਕੀ ਇਸ ਤਰਾਂ ਹਰੀ ਨੂੰ ਪਾਇਆ ਜਾ ਸੱਕਦਾ ਹੈ।

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ॥ ੯੨੨

ਇਹ ਜੋ ਵੀ ਸਾਰਾ ਸੰਸਾਰ ਸਾਨੂੰ ਨਜ਼ਰ ਆ ਰਿਹਾ ਹੈ, ਇਹ ਵਿਸ਼ ਸਮਾਨ ਹੈ, ਇਹ ਹੀ ਹਰੀ ਦਾ ਰੂਪ, ਹਰੀ ਦੀ ਤਸਵੀਰ ਹੈ। ਪਰ ਇਸ ਦਾ ਪਤਾ ਕਿਵੇਂ ਲਗਾ! ਇਸ ਦਾ ਪਤਾ ਗੁਰੂ ਦੀ ਕਿਰਪਾ ਨਾਲ ਲੱਗਾ। ਅਸੀਂ ਜਿਧਰ ਵੀ ਦੇਖਦੇ ਹਾਂ ਸੱਭ ਥਾਂ ਇਕੋ ਹੀ ਹਰੀ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। (ਪਰ ਉਸ ਨੇਂ ਦਵੈਤ ਦਾ ਜਹਿਰ ਸੱਭ ਦੀਆਂ ਨਸਾਂ ਵਿੱਚ ਭਰ ਰੱਖਿਆਂ ਹੈ, ਇਹ ਗੱਲ ਸਾਨੂੰ ਗੁਰੂ ਨੇਂ ਬੁਝਾਈ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਇਸ ਗੱਲ ਦੀ ਸਮਝ ਪਈ ਹੈ)

(ਬਾਣੀਂ ਤਾਂ ਕੋਈ ਉਹਲਾ ਨਹੀਂ ਰੱਖਦੀ, ਹੁਣ ਅਸੀਂ ਹੀ ਬਾਣੀਂ ਨੂੰ ਨਾਂ ਮਨੀਏਂ, ਜਾਂ ਜੋ ਕੁੱਝ ਬਾਣੀਂ ਵਿੱਚ ਲਿਖਿਆ ਹੈ, ਉਸ ਨੂੰ ਮੰਨਣ ਦੀ ਬਜਾਇ, ਅਸੀਂ ਆਪਣੇਂ ਵਿਚਾਰਾਂ ਨੂੰ, ਜਾਂ ਆਪਣੀਂ ਮੱਤ ਬੁੱਧ ਨੂੰ ਬਾਣੀਂ ਤੋਂ ਵੀ ਵੱਡਾ ਸਮਝੀਏ, ਤਾਂ ਇਸ ਵਿੱਚ ਗੁਰੂ ਦਾ ਕੀ ਦੋਸ਼। ਬਾਣੀਂ ਦੇ ਕਹੇ ਚਲਣ ਦੀ ਬਜਾਏ, ਅਸੀਂ ਬਾਣੀਂ ਨੂੰ ਆਪਣੇਂ ਕਹੇ ਚਲਾਉਣਾਂ ਚਾਹੁੰਦੇ ਹਾਂ।)

ਗੱਲ ਦੇ ਪਹਿਲੇ ਚੱਲ ਰਹੇ ਵਿਸ਼ੇ ਨੂੰ ਅੱਗੇ ਤੋਰਦੇ ਹਾਂ, ਇਸੇ ਤਰਾਂ ਹੁਣ ਅਸੀਂ ਪੱਟੀ ਲਿਖੀਵਾਲੇ ਸ਼ਬਦ ਅਤੇ ਮਿਠ ਬੋਲੜਾਵਾਲੇ ਸ਼ਬਦਾਂ ਵਿਚਲੇ ਹਰੀ ਦੇ ਰੂਪਾਂ ਦੇ ਫਰਕ ਨੂੰ ਵੀ ਸਮਝ ਸੱਕਦੇ ਹਾਂ। ਇਹ ਬਾਣੀਂ ਦੀ ਸਿੱਖਿਆ ਹੈ, ਬਾਣੀਂ (ਗੁਰੂ) ਨੇਂ ਪ੍ਰਮਾਤਮਾਂ ਦੇ ਸਾਰੇ ਰੂਪ ਸਾਡੇ ਸਾਹਮਣੇ ਰੱਖ ਦਿੱਤੇ ਹਨ। ਇਹ ਹੁਣ ਸਾਡੀ ਮਰਜੀ ਹੈ। ਕੇ ਅਸੀਂ ਹਰੀ ਦੇ ਕਿਸ ਰੂਪ ਨੂੰ ਚੁਣਨਾਂ ਹੈ। ਜਾਂ ਹੁਣ ਅਸੀਂ ਕਿਹੋ ਜਿਹੇ ਬਣਨਾਂ ਹੈ। ਜਿਹੜਾ ਰੂਪ ਚੁਣਾਂ ਗੇ, ਅਸੀਂ ਉਹੋ ਜਿਹੇ ਹੀ ਹੋ ਜਾਵਾਂ ਗੇ। ਜੇ ਗੁਰਮੁਖ (ਸੁਹਾਗਣ) ਬਣਨਾਂ ਹੈ ਤਾਂ ਬਾਣੀਂ ਵਿੱਚ ਦਸੇ ਤਰੀਕੇ ਅਨੂਸਾਰ ਸੁਹਾਗਣਾਂ ਵਾਲੇ ਕੰਮ ਕਰਨੇਂ ਪੈਣ ਗੇ। ਦੁਹਾਗਣ ਕਦੇ ਵੀ ਸੁਹਾਗਣ ਨਹੀਂ ਅਖਵਾ ਸੱਕਦੀ।

ਤੂੰ ਸਭਨਾ ਮਾਹਿ ਸਮਾਇਆ॥ ਤਿਨਿ ਕਰਤੈ ਆਪੁ ਲੁਕਾਇਆ॥ ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ॥ ੧੫॥ (੭੨)

ਚੋਰ ਹਮੇਸ਼ਾਂ ਲੁਕ ਕੇ ਰਹਿੰਦਾ, ਪਰ ਗੁਰਮੁਖ ਇਹੋ ਜਿਹੇ ਚੋਰ ਨੂੰ ਪਕੜ ਲੈਦੇ ਹਨ, (ਪਰਗਟ ਕਰ ਲੈਂਦੇ ਹਨ) ਗੁਰਮੁਖਾਂ ਤੋਂ ਉਹ ਚੋਰ ਬਚ ਨਹੀਂ ਸੱਕਦਾ। ਜਿਵੇਂ ਕੇ ਅੱਗੇ ਕਬੀਰ ਸਾਹਿਬ ਜੀ ਦੀ ਬਾਣੀਂ ਸਾਨੂੰ ਦੱਸਦੀ ਹੈ।

ਹਰਿ ਠਗ ਜਗ ਕਉ ਠਗਉਰੀ ਲਾਈ॥ ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ॥ ੧॥ ਰਹਾਉ॥ ਕਉਨ ਕੋ ਪੁਰਖੁ ਕਉਨ ਕੀ ਨਾਰੀ॥ ਇਆ ਤਤ ਲੇਹੁ ਸਰੀਰ ਬਿਚਾਰੀ॥ ੨॥ ਕਹਿ ਕਬੀਰ ਠਗ ਸਿਉ ਮਨੁ ਮਾਨਿਆ॥ ਗਈ ਠਗਉਰੀ ਠਗੁ ਪਹਿਚਾਨਿਆ॥ ੩੩੧

ਕਬੀਰ ਸਾਹਿਬ ਜੀ ਵੀ ਬਾਣੀਂ ਦੁਆਰਾ ਸਮਝਾਉਂਦੇ ਹਨ, ਹਰੀ ਠੱਗ ਹੈ, ਹਰੀ ਨੇਂ ਸਾਰੇ ਜੱਗ ਨਾਲ ਠੱਗੀ ਕੀਤੀ ਹੈ। ਹਰੀ ਨੇਂ ਸਾਡੇ ਨਾਲ (ਸਾਰੇ ਜੱਗ ਨਾਲ) ਕੀ ਠਗੀ ਮਾਰੀ? (ਆਪਣੇਂ ਨਾਲੋਂ ਵਿਛੋੜ (ਵਿਯੋਗ) ਦਿੱਤਾ) ਮੇਰੀਏ ਮਾਏਂ (ਵਿੱਛੜ ਕੇ ਮੈਂ ਦੁਖੀ ਹਾਂ) ਹਰੀ ਨਾਲੋਂ ਵਿਛੜ ਕੇ ਕਿਵੇਂ ਜੀਵਾਂ।। ਰਹਾਉ। ਹਰੀ ਨੇਂ ਸਾਰੇ ਜੱਗ ਨੁੰ ਮੋਹ ਦੇ ਜਾਲ ਵਿੱਚ ਫਸਾ ਦਿੱਤਾ, (ਸੱਭ ਤੋਂ ਵੱਡੀ ਠੱਗੀ ਇਹੀ ਹੈ) ਜਦਿ ਕੇ ਕੋਈ ਕਿਸੇ ਦੀ ਨਾਰੀ ਨਹੀਂ, ਕੋਈ ਕਿਸੇ ਦਾ ਪਤੀ ਨਹੀ, ਇਹੋ ਹੀ ਸਚਾਈ ਹੈ, ਇਹੋ ਹੀ ਤੱਤ ਹੈ, ਇਸ ਗੱਲ ਦੀ ਵਿਚਾਰ ਕਰ ਕੇ ਵੇਖ ਲਵੋ। ਜਦੋਂ ਉਸ ਠੱਗ ਨਾਲ ਮੇਲਾ ਹੋਇਆ, ਜਦੋਂ ਸੱਚ ਨੂੰ ਮਨ ਨੇਂ ਮੰਨ ਲਿਆ। ਫਿਰ ਠੱਗ ਦੀ ਪਹਿਚਾਨ ਹੋ ਗਈ, ਫਿਰ ਠੱਗ ਦਾ ਅਤੇ ਉਸ ਦੀਆਂ ਸਾਰੀਆਂ ਠੱਗੀਆਂ ਦਾ ਪਤਾ ਲੱਗ ਗਿਆ। ਇਸ ਤਰਾਂ ਉਸ ਦੀਆਂ ਠੱਗੀਆਂ ਦਾ ਅੰਤ ਹੋ ਗਿਆ, ਫਿਰ ਉਸ ਦੀ ਠੱਗੀ ਨਹੀਂ ਚੱਲ ਸੱਕਦੀ। (ਇਸ ਵਾਸਤੇ ਜੇ ਉਸ ਠੱਗ ਦੀਆਂ ਠੱਗੀਆਂ ਨੂੰ ਵੇਖਣਾਂ, ਜਾਂ ਉਸ ਦੀਆਂ ਠੱਗੀਆਂ ਤੋਂ ਬਚਨਾਂ ਚਾਹੁੰਦੇ ਹੋ, ਤਾਂ ਸੱਭ ਤੋਂ ਪਹਿਲੇ ਉਸ ਠੱਗ ਨਾਲ ਮੇਲਾ (ਉਸ ਨੂੰ ਪਕੜ ਲਵੋ) ਕਰ ਲਵੋ। ਦੂਜਿਆਂ ਨਾਲ ਝਗੜਾ ਕਰਨਾਂ ਬੰਦ ਕਰੋ, ਝਗੜਾ ਉਸ ਠੱਗ ਦੀ ਠੱਗੀ ਹੈ, ਉਹ ਕਿਤੇ ਦੂਰ ਨਹੀਂ, ਉਹ ਠੱਗ ਸਾਡੇ ਸਾਰਿਆਂ ਦੇ ਵਿੱਚ ਬੈਠ ਕੇ ਸਾਡੇ ਨਾਲ ਠੱਗੀ ਮਾਰੀ ਜਾਂਦਾ ਹੈ।)

ਨੋਟ:- ਵੀਰੋ ਇਹ ਹੈ ਗੁਰੂ ਨਾਨਕ ਦਾ ਫਲਸਫਾ। ਸਾਰੀ ਬਾਣੀਂ ਪੱੜ੍ਹ ਕੇ ਵੇਖ ਲਵੋ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ ਬਾਰ ਇਹਨਾਂ ਹੀ ਦੋ ਚਾਰ ਗੱਲਾਂ ਦਾ ਹੀ ਮੁੜ ਮੁੜ ਕੇ ਦੁਹਰਾਉ ਹੈ। ਅਤੇ ਇਸ ਠੱਗੀ ਤੋਂ ਬਚਨ ਵਾਸਤੇ ਨਾਲ ਹੀ ਬਾਰ ਬਾਰ, ਬਾਰ ਬਾਰ ਨਾਮ ਦੀ ਵਕਾਲਤ ਕੀਤੀ ਗਈ ਹੈ।

ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ॥ ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ੩॥ ੪੨੬ (ਇਕੋ ਹੀ ਪੰਗਤੀ ਵਿੱਚ ਛੇ ਵਾਰ ਨਾਮ ਦੀ ਵਕਾਲਤ ਕੀਤੀ ਹੈ, ਜਿਸ ਸ਼ਬਦ ਦੀ ਬਹਿਸ ਵਿੱਚ ਅਸੀਂ ਪਏ ਹੋਇ ਹਾਂ, ਇਸ ਪੰਗਤੀ ਵਿੱਚ ਗੁਰੂ ਜੀ ਦੱਸ ਰਹੇ ਹਨ, ਕਿ ਉਸ ਸ਼ਬਦ ਦੀ ਵਿਚਾਰ ਵੀ ਨਾਮ ਨਾਲ ਹੀ ਹੋਣੀਂ ਹੈ। ਭਾਵ ਸ਼ਬਦ ਦਾ ਪਤਾ ਵੀ ਨਾਮ ਨਾਲ ਹੀ ਲੱਗਣਾਂ ਹੈ।)

ਮਹਲਾ ੩॥ ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ॥ ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ॥ ੧॥ ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ॥ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ॥ ੧॥ ਰਹਾਉ॥ ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ॥ ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ॥ ੨॥

(ਬਾਣੀਂ ਦੱਸਦੀ ਹੈ, ਸਾਰਾ ਸੰਸਾਰ ਹੀ ਨਾਮ ਨੂੰ ਲੋਚਦਾ ਹੈ, ਸ਼ਾਇਦ ਇਸੇ ਕਰਕੇ ਹੀ ਅਸੀਂ ਗੁਰੂ ਨਾਨਕ ਦੇ ਸਿੱਖ, ਨਾਮ ਦੇ ਖਿਲਾਫ ਹਾਂ। ਕਿਉਂ ਕੇ ਅਸੀਂ ਸੰਸਾਰ ਨਾਲੋਂ ਵੱਖਰੇ ਹਾਂ, ਅਸੀਂ ਕਹਿੰਦੇ ਹਾਂ ਗੁਰੂ ਨਾਨਕ ਨੇਂ ਸਾਨੂੰ ਦੁਨੀਆਂ ਨਾਲੋਂ ਵੱਖਰਾ ਉਪਦੇਸ਼ ਦਿੱਤਾ ਹੈ, ਪਰ ਉਹ ਕਿਹੜਾ ਉਪਦੇਸ਼ ਹੈ? । ਵੀਰੋ ਜਰਾ ਵਿਚਾਰ ਕਰੋ, ਦੁਨੀਆਂ ਨਾਲੋਂ ਵੱਖਰੇ ਅਸੀਂ ਗੁਰੂ ਨਾਨਕ ਦੀ ਸਿੱਖਿਆ ਤੇ ਚੱਲ ਕੇ ਹੋਣਾਂ ਹੈ, ਜਾਂ ਗੁਰੂ ਨਾਨਕ ਦੀ ਸਿਖਿਆ ਵਲੋਂ ਮੁੰਹ ਮੋੜ ਕੇ। ਹਾਂ ਉਹ ਸਿੱਖ ਸੱਚਮੁਚ ਹੀ ਦੁਨੀਆਂ ਨਾਲੋਂ ਵੱਖਰੇ ਹਨ, ਜੋ ਗੁਰੂ ਨਾਨਕ ਦੀ ਸਿੱਖਿਆ ਤੇ ਚਲਦੇ ਹਨ। ਭਾਵੇਂ ਅਸੀਂ ਹੋਈਏ ਜਾਂ ਕੋਈ ਹੋਰ।)

ਦੇਖ ਲਵੋ ਊਪਰ “ਸਭ ਨਾਵੈ ਨੋ ਲੋਚਦੀ” ਵਾਲੀਆਂ ਗੁਰਬਾਣੀਂ ਕੜੀਆਂ ਵੀ, ਉਹੋ ਹੀ ਗੱਲ ਦੁਹਰਾਈ ਜਾਂਦੀਆਂ ਹਨ।

ਅਗਲਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਦਾ ਉਚਾਰਿਆ ਹੋਇਆ ਹੈ।

ਧਨਾਸਰੀ ਮਹਲਾ ੫॥ ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ॥ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ॥ ੧॥ ਪ੍ਰਭ ਕੀ ਓਟ ਗਹੀ ਤਉ ਛੂਟੋ॥ ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ॥ ੧॥ ਰਹਾਉ॥ ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ॥ ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ॥ ੨॥ ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ॥ ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ॥ ੩॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ॥ ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ॥ ੪॥ ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ॥ ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ

ਇਸ ਸ਼ਬਦ ਵਿੱਚ ਵੀ ਗੁਰੂ ਜੀ ਕਹਿ ਰਹੇ ਹਨ, “ਜਿਨਿ ਕੀਨੇ ਵਸਿ ਅਪੁਨੈ” (ਭਾਵ ਪ੍ਰਭੂ) ਨੇ ਸਾਰਾ ਸੰਸਾਰ, ਤੀਨੋਂ ਲੋਕ, ਆਪਣੇਂ ਵੱਸ ਵਿੱਚ ਕੀਤੇ ਹੋਇ ਹਨ। ਵੱਡੇ ਤੋਂ ਵਡੇ ਤਪੱਸਵੀ, ਜੱਗ ਕਰਨ ਵਾਲੇ, ਇਸ਼ਨਾਨ ਕਰਨ ਵਾਲੇ, ਭਾਵ ਕਿਸੇ ਵੀ ਕਿਸਮ ਦਾ ਧਰਮ ਕਰਮ ਕਰਨ ਵਾਲੇ, ਚਾਰੇ ਕੂਟ, ਸੱਭੈ ਥਾਨ, ਆਦਿ ਕਿਸੇ ਦੀ ਵੀ ਪੇਸ਼ ਨਹੀਂ ਜਾਣ ਦਿੱਤੀ, ਸਭਨਾਂ ਨੂੰ ਖੰਡ-ਖੰਡ ਕਰ ਦਿੱਤਾ। ਉਸ ਪ੍ਰਭੂ ਨੇ ਕਿਸੇ ਨੂੰ ਵੀ ਆਪਣਾਂ ਭੇਦ ਨਹੀਂ ਦਿੱਤਾ, ਭਾਵ ਕਿਸੇ ਨੂੰ ਵੀ ਆਪਣਾਂ ਪੱਲਾ ਨਹੀਂ ਫੜਾਇਆ, ਤਾਂ ਸਾਡੇ ਵਰਗੇ ਆਮ ਇਨਸਾਨ ਦੀ ਕੀ ਤਾਕਤ, ਕੇ ਉਸ ਪ੍ਰਭੂ ਦਾ ਟਾਕਰਾ ਕਰ ਸਕੇ। ਅਸੀਂ ਕੋਈ ਜਪੀ ਨਹੀਂ ਤਪੀ ਨਹੀਂ, ਸਾਡੀ ਗਿਨਤੀ ਸਗਲੇ ਲਰਿ ਲਰਿ ਮੂਆ ਵਾਲਿਆਂ ਵਿਚੋ ਹੈ, ਫਿਰ ਵੀ ਅਸੀਂ ਖੁਦ ਹੀ ਰੱਬ ਬਣੇਂ ਬੈਠੇ ਹਾਂ। ਰੱਬ ਦੀ ਥਾਂ ਸੱਭ ਕੁੱਝ ਆਪਣੇਂ ਵੱਸ ਕਰਨਾਂ ਚਾਹੁੰਦੇ ਹਾਂ, ਸੱਭ ਨੂੰ ਆਪਣੇਂ ਹੁਕਮ ਅਨੂੰਸਾਰ ਢਾਲਣਾਂ ਚਾਹੁੰਦੇ ਹਾਂ, ਸੱਭ ਨੂੰ ਆਪਣੇਂ ਹੁਕਮ ਅਨੂੰਸਾਰ ਚਲਾਉਣਾਂ ਚਾਹੁੰਦੇ ਹਾਂ।

ਗੁਰੂ ਜੀ ਸਾਨੂੰ ਦੱਸ ਰਹੇ ਹਨ, ਉਸ (ਹਰੀ) ਦੀ ਠੱਗੀ ਮੂੰਹ ਨਾਲ ਬਿਆਨ ਹੀ ਨਹੀਂ ਕੀਤੀ ਜਾ ਸੱਕਦੀ, ਐਸੀ ਠੱਗੀ ਨਾਂ ਤਾਂ ਅਸੀਂ ਕਿਤੇ ਸੁਣੀਂ ਹੈ, ਅਤੇ ਨਾਂ ਹੀ ਅਸੀਂ ਇਹਨਾਂ ਅੱਖਾਂ ਨਾਲ ਕਿਤੇ ਵੇਖੀ ਹੈ। ਠੱਗੀ ਵੀ ਐਸੀ, ਕੇ ਉਹ ਸੱਭ ਨੂੰ ਮਿੱਠੀ (ਪਿਆਰੀ) ਲੱਗਦੀ ਹੈ, ਗੁਰੂ ਦੇ ਲੱਖ ਸਮਝਾਉਣ ਦੇ ਬਾਵਜੂਦ ਵੀ, ਠੱਗੀ ਤੋਂ ਬਚਨ ਬਚਣ ਦੀ ਸਾਡੇ ਮਨ ਵਿੱਚ ਚਾਹ ਹੀ ਪੈਦਾ ਨਹੀਂ ਹੁੰਦੀ, ਸਾਰੇ ਜੀਵ ਸਦਾ “ਗੂਝੀ ਭਾਹਿ ਜਲੈ ਸੰਸਾਰਾ” ਦੇ ਵਾਕ ਅਨੂੰਸਾਰ ਗੁੱਝੀ ਅੱਗ ਵਿੱਚ ਸੜਦੇ ਰਹਿੰਦੇ ਹਨ। ਜਿਨ੍ਹਾਂ ਨੇਂ ਗੁਰੂ ਦੇ ਬਚਨ ਤੇ ਵਿਸ਼ਵਾਸ਼ ਕੀਤਾ, ਬਚਨ ਨੂੰ ਮੰਨ ਲਿਆ ਉਹ ਕਹਿੰਦੇ ਹਨ, ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ। ਗੁਰੂ ਨੇਂ ਉਹਨਾਂ ਨੂੰ ਪ੍ਰਭੂ ਦੇ ਸਾਰੇ ਚਲਿੱਤਰਾਂ ਤੋਂ ਜਾਣੂੰ ਕਰਵਾ ਦਿੱਤਾ, ਫਿਰ ਉਹ ਠੱਗੀ ਨਹੀਂ ਖਾਦੇ।

ਇਸ ਵਕਤ ਆਪਾਂ “ਸੂਹੀ ਰਾਗ” ਦੀ ਬਾਣੀਂ ਦੀ ਵਿਚਾਰ ਕਰ ਰਹੇ ਹਾਂ। ਪਰ ਅਗੇ ਮੈਂ “ਰਾਗ ਆਸਾ” ਦੇ ਦੋ ਸ਼ਬਦ ਆਪ ਜੀ ਦੇ ਧਿਆਨ ਵਿੱਚ ਲਿਆਉਣਾਂ ਚਾਹੁੰਦਾ ਹਾਂ। ਇਹ ਦੋਨੋਂ ਸ਼ਬਦ ਇਕੋ ਹੀ ਪੰਨੇਂ ਤੇ ਲੜੀਵਾਰ ੨੯ ਅਤੇ ੩੦ ਨੰਬਰ ਦੇ ਹਨ। ਸ਼ਬਦ ਕਿਸੇ ਵੀ ਰਾਗ ਦਾ ਕਿਉਂ ਨਾਂ ਹੋਵੇ, ਸਾਰੇ ਸ਼ਬਦਾਂ ਵਿਚੋਂ ਇਕੋ ਹੀ ਸਿੱਖਿਆ ਮਿਲਦੀ ਹੈ। ਜੋ ਅੱਖਰ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਇਹੋ ਹੀ ਗੁਰੂ ਨਾਨਕ ਦਾ ਫਲਸਫਾ ਹੈ। ਗੁਰੂ ਦਾ ਬਚਨ ਹੀ ਗੁਰੂ ਫਲਸਫਾ ਹੈ। ਜੇ ਅਸੀਂ ਗੁਰੂ ਦੇ ਬਚਨ ਤੇ ਚਲ ਰਹੇ ਹਾਂ, ਗੁਰੂ ਦੇ ਬਚਨ ਨੂੰ ਮੰਨ ਰਹੇ ਹਾਂ, ਤਾਂ ਅਸੀਂ ਗੁਰੂ ਦੇ ਫਲਸਫੇ ਤੇ ਚੱਲ ਰਹੇ ਹਾਂ। ਜੇ ਅਸੀਂ ਗੁਰੂ ਦੇ ਬਚਨ ਨੂੰ ਕੱਟ ਕੇ, ਆਪਣੀਂ ਮੱਤ ਦੇ ਫੈਂਸਲੇ ਨੂੰ, ਗੁਰੂ ਨਾਨਕ ਦਾ ਫਲਸਫਾ ਕਹਿੰਦੇ ਹਾਂ ਤਾਂ ਇਹ ਕਿਨਾਂ ਕੂ ਠੀਕ ਹੈ। ਕੀ ਕਦੇ ਇਸ ਤਰਾਂ ਹੋਇਆ ਹੈ, ਕੇ ਕਿਸੇ ਫਿਲੋਸਫਰ ਨੇਂ ਕੋਈ ਕਿਤਾਬ ਲਿਖੀ ਹੋਵੇ, ਅਤੇ ਅਸੀਂ ਉਸ ਲਿਖਾਰੀ ਦੀ ਫਿਲੋਸਫੀ ਨੂੰ ਉਸ ਦੀ ਆਪਣੀਂ ਲਿਖੀ ਕਿਤਾਬ ਵਿਚੋਂ ਸਮਝਣ (ਲੱਭਣ) ਦੀ ਬਿਜਾਏ, ਕਿਸੇ ਹੋਰ ਲਿਖਾਰੀ ਦੀ ਕਿਤਾਬ ਵਿਚੋਂ ਢੂੰਡੀਏ। ਗੁਰੂ ਨਾਨਕ ਦਾ ਫਲਸਫਾ ਅਸੀਂ ਨਿਰਧਾਰਿਤ ਨਹੀਂ ਕਰ ਸੱਕਦੇ। ਉਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਂ ਦੇ ਰੂਪ ਵਿਚ, ਗੁਰੂ ਜੀ, ਖੁੱਦ ਹੀ ਨਿਰਧਾਰਤ ਕਰ ਚੁਕੇ ਹਨ।

ਆਸਾ ਮਹਲਾ ੩॥ ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ॥ ਹਰਿ ਰਸਿ ਚਾਖਿਐ ਮੁਕਤੁ ਭਏ ਜਿਨਾੑ ਸਾਚੋ ਭਾਈ॥ ੧॥ ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ॥ ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ॥ ੧॥ ਰਹਾਉ॥ ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ॥ ਗੁਰਮਤੀ ਘਟਿ ਚਾਨਣਾ ਨਾਮੁ ਅਮਤਿ ਸਖਾਈ॥ ੨॥ ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ॥ ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ॥ ੩॥ ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ॥ ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ॥ ੪॥ ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ॥ ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ॥ ੫॥ ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ॥ ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ॥ ੬॥ ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ॥ ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ॥ ੭॥ ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ॥ ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ॥ ੮॥ ੭॥ ੨੯॥

ਆਸਾ ਮਹਲਾ ੩॥ ਦੋਹਾਗਣੀ ਮਹਲੁ ਨ ਪਾਇਨੀੑ ਨ ਜਾਣਨਿ ਪਿਰ ਕਾ ਸੁਆਉ॥ ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ॥ ੧॥ ਇਹੁ ਮਨੂਆ ਕਿਉ ਕਰਿ ਵਸਿ ਆਵੈ॥ ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ॥ ੧॥ ਰਹਾਉ॥ ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ॥ ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ॥ ੨॥ ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ॥ ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ॥ ੩॥ ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ॥ ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ॥ ੪॥ ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ॥ ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ॥ ੫॥ ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ॥ ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ॥ ੬॥ ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ॥ ੭॥ ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ॥ ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ॥ ੮॥ ੮॥ ੩੦॥

ਦੋਨੋਂ ਹੀ ਸ਼ਬਦ ਇਤਨੇਂ ਸਰਲ ਹਨ ਕਿ, ਅਰਥ ਕਰਨ ਦੀ ਵੀ ਕੋਈ ਖਾਸ ਜਰੂਰਤ ਨਹੀਂ ਹੈ। ਇਹਨਾਂ ਦੋਹਾਂ ਸਬਦਾਂ ਵਿੱਚ ਵੀ ਉਹੀ ਸੁਹਾਗਣ/ਦੁਹਾਗਣ ਅਤੇ ਨਾਮ ਦੀ ਹੀ ਗੱਲ ਹੈ। ਸੂਹੇ ਰੰਗ ਨੂੰ ਸਿਰਫ ਨਾਮ ਹੀ ਕੱਟ ਸੱਕਦਾ ਹੈ। “ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ॥”

ਸਲੋਕੁ ਮਃ ੩॥ ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ॥ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ॥

ਹੇ ਸੂਹੀਏ ਦੁਹਾਗਣੇਂ ਤੂੰ ਸੁਹਾਗਣ ਤਾਂ ਬਣੇਂ ਗੀ, ਜੇ ਸੱਚੇ ਪ੍ਰਭੂ ਦੇ ਨਾਮ ਨੂੰ ਮੰਨ ਲਵੇਂ ਗੀ। ਆਪਣੇਂ ਸਤਿਗੁਰ ਨੂੰ ਰਾਜ਼ੀ (ਖੁਸ਼) ਕਰ ਲੈ ਉਹ ਤੈਨੂੰ ਨਾਮ ਦੇ ਲਾਲ ਰੰਗ ਵਿੱਚ ਰੰਗ ਦੇਵੇ ਗਾ। ਨਾਮ ਦੀ ਰੰਗਣਾਂ ਵਾਸਤੇ, ਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਸੱਚੇ ਨਾਉਂ ਨੂੰ ਮੰਨ ਕੇ ਸੁਹਾਗਣ ਤੇ ਰੂਪ ਚੜਨਾਂ ਹੈ।

ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ॥ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ॥ ੧॥

ਹੇ ਜੀਵ ਇਸਤਰੀਏ ਸੁਹਾਗਣ ਬਣਨ ਵਾਸਤੇ ਤੂੰ ਐਸਾ ਸ਼ਿੰਗਾਰ ਕਰ, ਜੋ ਕਦੇ ਵੀ ਮੈਲਾ ਨਾਂ ਹੋਵੇ। ਨਾਮ ਤੋਂ ਬਿਨਾਂ ਸਾਰੇ ਸ਼ਿੰਗਾਰ ਮੈਲੇ ਹਨ। ਸੁਹਾਗਣ ਦਾ ਇਹ ਪਹਿਲਾ ਲੱਛਣ ਹੈ, ਕਿ ਉਸ ਦੇ ਅੰਦਰ ਸੱਚਾ ਨਾਮ ਹੋਵੇ। ਉਸ ਦੇ ਮੂੰਹ ਤੇ ਨਾਮ ਦੀ ਲਾਲੀ ਹੋਵੇ। ਐਸੀ ਸੁਹਾਗਣ ਆਪਣੇਂ ਖਸਮ ਨਾਲ ਮਿਲਾਪ ਕਰ ਲੈਂਦੀ ਹੈ।

ਮਃ ੩॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥

ਹੇ ਲੋਕੋ ਮੈਂ ਸੂਹਵੀ (ਪਿਰ ਤੋਂ ਭੁਲੀ ਦੁਹਾਗਣ) ਹਾਂ, ਮੇਰਾ ਵੇਸ ਵੀ ਸੂਹਵੀਆਂ ਵਾਲਾ ਹੈ, ਮੈਂ ਹਰ ਤਰਾਂ ਦੇ ਵੇਸ (ਪਿਰ ਨੂੰ ਮਿਲਨ ਦੇ ਜਤਨ) ਕਰ ਕਰ ਕੇ ਥੱਕ ਹਾਰ ਗਈ ਹਾਂ, ਵੇਸਾਂ ਭੇਖਾਂ ਧਰਮਾਂ ਕਰਮਾਂ ਨਾਲ ਸ਼ਹੁ ਨਹੀਂ ਮਿਲਦਾ।

ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ॥ ੨॥

ਸਹੁ (ਖਸਮ) ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਜੀਵ-ਇਸਤਰੀਆਂ ਨੇਂ ਗੁਰੂ ਦੀ ਮੱਤ ਲਈ ਹੈ। ਸਿਰਫ ਇਹੀ ਇੱਕ ਤਰੀਕਾ ਹੈ, ਆਪਣੇਂ ਕੰਤ ਨੂੰ ਮਿਲਣ ਦਾ। ਹਰੀ ਨੂੰ ਇੰਜ ਹੀ ਭਾਉਂਦਾ ਹੈ, ਅਤੇ ਉਹੀ ਹੁੰਦਾ ਹੈ, ਜੋ ਹਰੀ ਨੂੰ ਭਾਉਂਦਾ (ਚੰਗਾ ਲੱਗਦਾ) ਹੋਵੇ।

ਪਉੜੀ॥ ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ॥ ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ॥ ਇਕਨਾ ਨੋ ਤੂ ਮੇਲਿ ਗੁਰ ਸਬਦਿ ਬੀਚਾਰਾ॥

ਹੇ ਪ੍ਰਭੂ ਤੂੰ ਆਪਣੇਂ ਹੁਕਮ ਨਾਲ ਬਹੁਤ ਭਾਂਤ ਨਾਲ ਸ੍ਰਿਸ਼ਟੀ ਸਾਜੀ ਹੋਈ ਹੈ। ਪਤਾ ਨਹੀਂ ਤੂੰ ਕਿਡਾ ਬੇਅੰਤ ਹੈਂ, ਤੇਰਾ ਹੁਕਮ ਕੇਡਾ ਵੱਡਾ ਹੈ, ਤੇਰੀ ਕੋਈ ਲਖਤਾ ਨਹੀਂ ਕਰ ਸੱਕਦਾ। ਜਿਸ ਤੇ ਤੇਰੀ ਕਿਰਪਾ ਹੋ ਜਾਵੇ, ਉਸ ਨੂੰ ਤੂੰ ਗੁਰੂ ਦੇ ਸ਼ਬਦ ਦੁਆਰਾ, ਆਪਣੇਂ ਨਾਲ ਮੇਲ ਲੈਂਦਾ ਹੈਂ।

(ਵਿਚਾਰ:-ਜਿਸ ਗੁਰਮੁਖ ਨੂੰ ਹਰੀ ਆਪਣੇਂ ਨਾਲ ਮੇਲ ਲੈਂਦਾ ਹੈ, ਕੀ ਉਸ ਤੋਂ ਹਰੀ ਦਾ ਕੋਈ ਭੇਦ ਗੁੱਝਾ (ਛੁਪਿਆ) ਰਹਿ ਸੱਕਦਾ ਹੈ? ਜੇ ਹਰੀ ਉਸ ਤੋਂ ਰਤੀ ਭਰ ਵੀ ਪਰਦਾ ਰੱਖਦਾ ਹੈ, ਤਾਂ ਐਸੇ ਹਰੀ ਦਾ ਕੀ ਯਕੀਨ! ਅਤੇ ਨਾਂ ਹੀ ਐਸੇ ਮਿਲਨ ਨੂੰ ਮਿਲਨ ਹੀ ਕਿਹਾ ਜਾ ਸੱਕਦਾ ਹੈ। ਇਸ ਵਾਸਤੇ ਜਿਹੜਾ ਗੁਰਮੁਖ ਹਰੀ ਨਾਲ ਮੇਲਾ ਕਰ ਲੈਂਦਾ ਹੈ, ਉਹ ਹਰੀ ਜੈਸਾ ਹੀ ਹੋ ਜਾਂਦਾ ਹੈ। “ਹਰਿ ਕਾ ਸੇਵਕ ਸੋ ਹਰਿ ਜੇਹਾ ਭੇਦੁ ਨ ਜਾਣੋ ਮਾਨਸਿ ਦੇਹਾ” )

ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ॥ ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ॥ ੨॥

ਜਿਨ੍ਹਾਂ ਨੂੰ ਸੱਚ ਦਾ ਰੰਗ ਚੜ੍ਹ ਗਿਆ, ਉਹ ਨਿਰਮਲ ਹੋ ਗਏ, ਉਹਨਾਂ ਵਿੱਚ ਹਾਉਮੈਂ ਨਹੀਂ ਰਹਿੰਦੀ, ਉਹਨਾਂ ਦੇ ਸਾਰੇ ਬਿਕਾਰ ਦੂਰ ਹੋ ਜਾਂਦੇ ਹਨ। ਜਿਸ ਨੂੰ ਤੂੰ ਆਪਣੇਂ ਨਾਲ ਮੇਲਣਾਂ ਚਾਹੇਂ ਸਿਰਫ ਉਹ ਹੀ ਤੇਰੇ ਨਾਲ ਮਿਲ ਸੱਕਦਾ ਹੈ, ਉਹ ਸਚਿਆਰਾ, ਭਾਵ ਉਹ ਵੀ ਸੱਚ (ਪ੍ਰਭੂ) ਹੀ ਹੋ ਜਾਂਦਾ ਹੈ। (ਬਾਣੀਂ ਵਿੱਚ ਆਮ ਕਰਕੇ ਸੱਚਾ ਜਾਂ ਸਚਿਆਰਾ ਲਫਜ਼ ਹਰੀ ਵਾਸਤੇ ਵਰਤਿਆ ਜਾਂਦਾ ਹੈ)

ਸਲੋਕੁ ਮਃ ੩॥ ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ॥ ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ॥

ਸੂਹਵੀਏ-ਨਾਰੇ ਸਾਰਾ ਸੰਸਾਰ ਹੀ ਸੂਹਾ ਹੈ, ਇਹ ਦੂਜਾ ਭਾਉ ਹੈ, ਕਿਉਂ ਕੇ ਸਾਰਾ ਸੰਸਾਰ ਹੀ ਗੁਰਮੱਤ ਨੂੰ ਛੱਡ ਕੇ ਆਪਣੀਂ ਦੁਰਮੱਤ ਤੇ ਚੱਲਦਾ ਹੈ, ਇਹ ਝੂਠਾ ਰੰਗ ਹੈ, ਬਿਰਖ ਦੀ ਛਾਂ ਵਾਗ ਪਲਾਂ ਵਿੱਚ ਬਿਨਸ ਜਾਂਦਾ ਹੈ।

ਦੂਜਾ ਭਾਉ ਕੀ ਹੈ, ਗੁਰੂ ਰਾਮ ਦਾਸ ਜੀ ਬਾਣੀਂ ਦੁਆਰਾ ਦੱਸਦੇ ਹਨ,

ਗੋਂਡ ਮਹਲਾ ੪ ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ॥ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ॥

(ਸੂਹਾ ਰੰਗ ਬਹੁਤ ਆਕਰਸ਼ਕ ਹੁੰਦਾ ਹੈ, ਸੱਭ ਪਾਸੇ ਸੂਹਾ ਹੀ ਸੁਹਾ ਰੰਗ ਪੱਸਰਿਆ ਹੋਇਆ ਹੈ, ਜੋ ਦਿੱਸਦਾ ਹੈ ਉਸ ਨਾਲ ਸਨੇਹ ਪਿਆਰ ਹੋਣਾਂ ਸੁਭਾਵਿਕ ਹੈ। ਲਾਲ ਰੰਗ ਗੁਪਤ ਹੈ, ਇਸ ਵਾਸਤੇ ਉਹ ਨਜ਼ਰ ਨਹੀਂ ਆਉਂਦਾ। ਜਿਸ ਨੂੰ ਉਹ ਇੱਕ ਵਾਰ ਨਜ਼ਰ ਆ ਜਾਵੇ, ਫਿਰ ਚਾਹੇ ਇਸ ਸੰਸਾਰ ਦੇ ਸਾਰੇ ਰੰਗ ਰਾਗ (ਕੁਲ ਦੁਨੀਆਂ ਦਾ ਰਾਜ-ਭਾਗ ਦੌਲਤ) ਉਸ ਦੀ ਝੋਲੀ ਵਿੱਚ ਪਾ ਦੇਈਏ, ਉਹ ਇਨ੍ਹਾਂ ਵੱਲ ਤੱਕੇ ਗਾ ਵੀ ਨਹੀਂ)

ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ

ਗੁਰਮੁਖ ਸਦਾ ਨਾਮ ਦੇ ਰੰਗ ਵਿੱਚ ਲਾਲੋ ਲਾਲ ਹੁੰਦੇ ਹਨ, ਮਜੀਠ ਰੰਗ ਬਹੁਤ ਪੱਕਾ ਹੁੰਦਾ ਹੈ, ਜੇ ਇੱਕ ਵਾਰ ਚੜ੍ਹ ਜਾਵੇ ਕਦੇ ਉੱਤਰਦਾ ਨਹੀਂ। ਫਿਰ ਉਸ ਤੇ ਮਾਇਆ ਦਾ ਸੂਹਾ ਰੰਗ ਨਹੀਂ ਚੜ੍ਹ ਸੱਕਦਾ।

“ਮਜੀਠ ਸਚੜਾਉ” ਨਾਮ ਦੇ ਪੱਕੇ ਰੰਗ ਨੂੰ ਕਿਹਾ ਹੈ। ਜਿਨ੍ਹਾਂ ਦੇ ਪਾਸ ਨਾਮ ਹੈ, ਉਹ ਕਾਮਣਿ ਕੰਤ (ਪ੍ਰਭੂ) ਨੂੰ ਪਿਆਰੀ ਲੱਗਦੀ ਹੈ। ਉਹ ਸੁਹਾਗਣ ਹੈ, ਉਹ ਸਦਾ ਕੰਤ ਦੇ ਪਾਸ, ਅਤੇ ਕੰਤ ਸਦਾ ਉਸ ਸੁਹਾਗਣ ਦੇ ਪਾਸ ਰਹਿੰਦਾ ਹੈ।

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ॥ ੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ॥ ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ॥ ੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ॥ ੪॥ ੭੨੨ ਰਾਗ ਤਿਲμ

ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ॥ ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ॥ ੧॥

ਜਦੋਂ ਅੰਮ੍ਰਿਤ ਰੂਪੀ ਨਾਮ ਮਨ ਵਿੱਚ ਵੱਸ ਗਿਆ (ਨਾਮ ਦਾ ਅੰਮ੍ਰਿਤ ਮਨ ਨੇਂ ਪੀ ਲਿਆ) ਤਾਂ ਸੂਹੀ ਨਾਰ, ਮਜੀਠ ਰੰਗ ਵਿੱਚ ਰੰਗੀ ਗਈ। ਫਿਰ ਇਸ ਨੇਂ ਮਾਇਆ ਦਾ ਦੇਸ ਛੱਡ ਦਿੱਤਾ, ਫਿਰ ਉਲਟ ਕੇ ਆਪਣੇਂ ਪਤੀ ਦੇ ਦੇਸ ਨੂੰ ਚਾਲੇ ਪਾ ਦਿਤੇ, ਸਚੇ ਪਤੀ ਦੇ ਘਰ ਪਹੁੰਚ ਗਈ।

ਗੂਰੂ ਜੀ ਕਹਿੰਦੇ ਹਨ, ਅਸੀਂ ਆਪਣੇਂ ਗੁਰੂ ਤੋਂ ਬਲਿਹਾਰੇ ਜਾਂਦੇ ਹਾਂ, ਜਿਸ ਨੂੰ ਮਿਲ ਕੇ ਹਰੀ ਗੁਣ ਗਾਉਂਦੇ ਹਾਂ।

ਬਲਦੇਵ ਸਿੰਘ ੧੪-੧੧-੨੦੧੦
.