.

ਡੰਡੇ ਵਾਲੀ ਦਵਾਈ

ਅੱਜ ਦੇ ਗੁੰਝਲਦਾਰ ਸਮਾਜਾਂ ਵਿੱਚ ਜਿਵੇਂ ਜਿਵੇਂ ਸਰੀਰਕ ਤੇ ਮਾਨਸਿਕ ਰੋਗਾਂ ਦਾ ਪਸਾਰਾ ਹੋ ਰਿਹਾ ਹੈ, ਤਿਵੇਂ ਤਿਵੇਂ ਹੀ ਨਵੇਂ ਨਵੇਂ ਇਲਾਜ ਵਿਕਸਤ ਹੋ ਰਹੇ ਹਨ। ਦੁਖੀ ਮਨੁੱਖ ਆਪਣੇ ਦੁਖ ਦੇ ਨਿਵਾਰਣ ਲਈ ਆਪਣੀ ਪੂਰੀ ਵਾਹ ਲਗਾਉਂਦਾ ਹੈ। ਉਹ ਹਮੇਸ਼ਾ ਹੀ ਚਮਤਕਾਰੀ ਇਲਾਜ ਦੀ ਭਾਲ ਵਿੱਚ ਰਿਹਾ ਹੈ। ਇਸੇ ਕਰ ਕੇ ਹੀ ਰੇਖ਼ `ਚ ਮੇਖ਼ ਮਾਰਨੇ ਵਾਲੇ ਬਾਬਿਆਂ, ਨਜੂਮੀਆਂ, ਜੋਤਸ਼ੀਆਂ ਤੇ ਨੀਮ-ਹਕੀਮਾਂ ਦਾ ਅੱਜ ਦੇ ਵਿਗਿਆਨਕ ਯੁਗ ਵੀ ਖ਼ੂਬ ਬੋਲਬਾਲਾ ਹੈ। ਲੱਖਾਂ ਲੋਕ ਰੋਜ਼ਾਨਾ ਇਹਨਾਂ ਪਾਖੰਡੀਆਂ ਦੇ ਡੇਰਿਆਂ ਅਤੇ ਦੁਕਾਨਾਂ `ਤੇ ਹਾਜ਼ਰੀਆਂ ਭਰਦੇ ਹਨ। ਕੁਝ ਬਾਬੇ ਤਾਂ ਟੈਲੀਫ਼ੂਨ ਉੱਪਰ ਹੀ ਤੁਹਾਡੀ ਹਰ ਔਕੜ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਹਨ। ਹਾਸਾ ਆਉਂਦਾ ਹੈ ਜਦੋਂ ਭਿਆਨਕ ਸਰੀਰਕ ਰੋਗਾਂ ਦਾ ਇਲਾਜ ਵੀ ਇਹ ਠੱਗ ਜੰਤਰਾਂ ਮੰਤਰਾਂ ਨਾਲ ਕਰਨ ਦਾ ਦਾਅਵਾ ਕਰਦੇ ਹਨ।
ਅਜੇ ਹੁਣੇ ਹੀ ਪੰਜਾਬ ਵਿੱਚ ਪੁਲਸ ਨੇ ਇੱਕ ਐਸਾ ਗ੍ਰੋਹ ਫੜਿਆ ਹੈ ਜਿਹੜਾ ਲੋਕਾਂ ਨਾਲ ਠੱਗੀ ਮਾਰਨ ਲਈ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਸੀ। ਕੁਝ ਅਫ਼ਰੀਕਨ ਦੇਸ਼ਾਂ ਦੇ ਠੱਗ ਪੰਜਾਬ ਵਿੱਚ ਭੋਲੇ ਭਾਲੇ ਲੋਕਾਂ ਨੂੰ ਮੋਬਾਈਲ ਫ਼ੋਨਾਂ ਉੱਪਰ ਝੂਠੀਆਂ ਲਾਟਰੀਆਂ ਦੇ ਇਨਾਮਾਂ ਦਾ ਲਾਲਚ ਦੇ ਕੇ ਉਹਨਾਂ ਦੇ ਬੈਂਕ ਖ਼ਾਤੇ ਸਾਫ਼ ਕਰ ਰਹੇ ਹਨ। ਸਿਰਫ਼ ਅਨਪੜ੍ਹ ਤੇ ਅਧਪੜ੍ਹੇ ਲੋਕ ਹੀ ਇਹਨਾਂ ਠੱਗਾਂ ਪਾਸ ਨਹੀਂ ਜਾਂਦੇ ਸਗੋਂ ਪੜ੍ਹੇ ਲਿਖੇ ਲੋਕ ਵੀ ਇਹਨਾਂ ਦੇ ਚੁੁੰਗਲ ਵਿੱਚ ਫ਼ਸ ਜਾਂਦੇ ਹਨ। ਦੋ ਕੁ ਸਾਲ ਹੋਏ ਕੈਨੇਡਾ ਵਿੱਚ ਕੁੱਝ ਇੱਕ ਡਾਕਟਰਾਂ ਅਤੇ ਵਕੀਲਾਂ ਨੇ ਵੀ ਇੱਕ ਐਸੇ ਨੌਸਰਬਾਜ਼ ਦੀ ਕੁੜਿੱਕੀ ਵਿੱਚ ਫ਼ਸ ਕੇ ਆਪਣੇ ਲੱਖਾਂ ਡਾਲਰ ਗੁਆ ਲਏ ਸਨ। ਇਹ ਕੈਨੇਡਾ ਵਾਲਾ ਠੱਗ ਆਂਡੇ ਵਿਚੋਂ ਲਾਟਰੀ ਦੇ ਜੇਤੂ ਨੰਬਰ ਕੱਢ ਕੇ ਦੇਣ ਦਾ ਦਾਅਵਾ ਕਰਦਾ ਸੀ।
ਭਾਰਤ ਵਿੱਚ ਤਾਂ ਥਾਂ ਥਾਂ `ਤੇ ਇਹੋ ਜਿਹੇ ਠੱਗ ਕੁੜਿੱਕੀਆਂ ਲਗਾਈ ਬੈਠੇ ਹਨ।
ਪਿਛਲੇ ਸਾਲ ਮੈਂ ਆਪਣੀ ਪੰਜਾਬ ਫੇਰੀ ਦੌਰਾਨ ਆਪਣੇ ਇੱਕ ਦੋਸਤ ਨੂੰ ਮਿਲਣ ਗਿਆ। ਮੇਰਾ ਦੋਸਤ, ਪੰਜਾਬ ਸਰਕਾਰ ਵਿੱਚ ਉੱਚ ਪੋਸਟ `ਤੇ ਹੈ ਅਤੇ ਉਹਦੀ ਪਤਨੀ ਸਕੂਲ ਅਧਿਆਪਕਾ ਹੈ। ਐਤਵਾਰ ਦਾ ਦਿਨ ਹੋਣ ਕਰਕੇ ਸਾਰਾ ਪਰਿਵਾਰ ਘਰੇ ਹੀ ਸੀ। ਸਾਰੇ ਜਣੇ ਵਰਾਂਡੇ ਵਿੱਚ ਹੀ ਬੈਠੇ ਗੱਪਾਂ-ਸ਼ੱਪਾਂ ਮਾਰ ਰਹੇ ਸਾਂ। ਚਾਹ-ਪਾਣੀ ਪੀਂਦਿਆਂ ਅਚਾਨਕ ਮੇਰੀ ਨਜ਼ਰ ਛੱਤ ਵਾਲੇ ਪੱਖੇ ਉੱਪਰ ਪਈ ਤਾਂ ਮੈਂ ਦੇਖਿਆ ਕਿ ਪੱਖੇ ਨਾਲ ਚਿੱਟੇ ਕੱਪੜੇ ਦੀ ਇੱਕ ਪੋਟਲੀ ਜਿਹੀ ਬੰਨ੍ਹੀ ਹੋਈ ਸੀ। ਮੇਰੀ ਉਤਸੁਕਤਾ ਜਾਗੀ ਕਿ ਮੈਂ ਪੁੱਛਾਂ ਕਿ ਇਹ ਕੀ ਸ਼ੈਅ ਸੀ? ਜੱਕੋ-ਤੱਕੀ ਕਰਦਿਆਂ ਮੈਂ ਉਹਨਾਂ ਨੂੰ ਇਸ ਬਾਰੇ ਪੁੱਛ ਹੀ ਲਿਆ।
ਮੀਆਂ ਬੀਵੀ ਦੋਵਾਂ ਨੇ ਮੇਰੇ ਵਲ ਇਉਂ ਤੱਕਿਆ ਜਿਵੇਂ ਮੈਂ ਉਹਨਾਂ ਦੀ ਕੋਈ ਚੋਰੀ ਫੜ ਲਈ ਹੋਵੇ ਤੇ ਫਿਰ ਉਹ ਇੱਕ ਦੂਜੇ ਵਲ ਦੇਖਣ ਲੱਗੇ ਜਿਵੇਂ ਅੱਖਾਂ ਅੱਖਾਂ ਵਿੱਚ ਹੀ ਇੱਕ ਦੂਜੇ ਨੂੰ ਪੁੱਛ ਰਹੇ ਹੋਣ ਕਿ ਕੀ ਜਵਾਬ ਦੇਈਏ। ਮੇਰੇ ਮਨ ਵਿੱਚ ਵੀ ਪਛਤਾਵਾ ਜਿਹਾ ਹੋ ਰਿਹਾ ਸੀ ਕਿ ਮੈਂ ਇਹਨਾਂ ਵਿਚਾਰਿਆਂ ਨੂੰ ਕਿਉਂ ਅਜਿਹੇ ਧਰਮ-ਸੰਕਟ ਵਿੱਚ ਪਾਇਆ। ਖ਼ੈਰ, ਹੁਣ ਤਾਂ ਕਮਾਨ ਵਿਚੋਂ ਤੀਰ ਨਿਕਲ ਚੁੱਕਾ ਸੀ।
ਮੇਰੇ ਦੋਸਤ ਨੇ ਖੰਘੂਰਾ ਮਾਰ ਕੇ ਗ਼ਲਾ ਸਾਫ਼ ਕੀਤਾ ਤੇ ਕਹਿਣ ਲੱਗਾ, “ਭਾਅ ਜੀ ਤੁਹਾਨੂੰ ਤੇ ਪਤੈ ਈ ਐ ਪਈ ਮਿਸਜ਼ ਨੂੰ ਸ਼ੂਗਰ ਦੀ ਕਸਰ ਐ, ਸਾਨੂੰ ਕਿਸੇ ਨੇ ਦੱਸਿਆ ਸੀ ਪਈ ਦਰਿਆਉਂ ਪਾਰ ਕੋਈ ਹਕੀਮ ਦੁਆਈ ਦਿੰਦੈ। ਪਤਾ ਸ਼ਤਾ ਪੁੱਛ ਕੇ ਅਸੀਂ ਵੀ ਚਲੇ ਗਏ ਇੱਕ ਦਿਨ”।
“ਯਾਰ ਸ਼ੂਗਰ ਦਾ ਮੈਂ ਵੀ ਮਰੀਜ਼ ਆਂ, ਮੇਰੇ ਤਾਂ ਸਗੋਂ ਟੀਕਾ ਲਗਦੈ, ਮੈਨੂੰ ਵੀ ਦੱਸੋ ਇਸ ਇਲਾਜ ਬਾਰੇ, ਭਲਾ ਹੋਊ ਤੁਹਾਡਾ” ਮੈਂ ਤਰਲਾ ਜਿਹਾ ਲੈਂਦਿਆਂ ਕਿਹਾ।
ਉਹਦਾ ਮੂੰਹ ਕਸੈਲਾ ਜਿਹਾ ਹੋ ਗਿਆ ਪਰ ਉਸਨੇ ਗੱਲ ਜਾਰੀ ਰੱਖੀ, “ਯਾਰ, ਸੁਣ ਤਾਂ ਲੈ ਪਹਿਲਾਂ। ਉਹ ਭੜੂਆ ਨਾ ਤਾਂ ਹਕੀਮ ਸੀ ਤੇ ਨਾ ਹੀ ਡਾਕਟਰ, ਸਾਨੂੰ ਵੀ ਕਿਹੜਾ ਪੂਰਾ ਪਤਾ ਸੀ ਉਹਦਾ, ਅਸੀਂ ਤਾਂ ਕਿਸੇ ਦੇ ਕਹਿਣ `ਤੇ ਗਏ ਸੀ”। ਏਨਾ ਕਹਿ ਕੇ ਉਹ ਰੁਕ ਗਿਆ ਜਿਵੇਂ ਗੱਲ ਨੂੰ ਇੱਥੇ ਹੀ ਮੁਕਾ ਦੇਣੀ ਚਾਹੁੰਦਾ ਹੋਵੇ।
“ਫ਼ੇਰ ਕੀ ਹੋਇਆ, ਬਈ”। ਮੈਂ ਹੁਣ ਗੱਲ ਵਿੱਚ ਡੂੰਘੀ ਦਿਲਚਸਪੀ ਦਿਖਾ ਰਿਹਾ ਸਾਂ।
“ਫ਼ੇਰ ਕੀ ਹੋਣਾ ਸੀ ਯਾਰ, ਤਮਾਸ਼ਾ ਜਿਹਾ ਹੀ ਸੀ ਸਾਰਾ। ਲੈ ਸੁਣ ਲੈ ਤੂੰ ਵੀ! ਦੱਸ ਹੀ ਦਿੰਨੇ ਆਂ, ਪਰ ਸਾਡਾ ਮਖੌਲ ਨਾ ਉਡਾਈਂ।
ਗੱਲ ਇੰਜ ਹੋਈ ਪਈ ਜਦ ਅਸੀ ਦੱਸੇ ਹੋਏ ਪਤੇ ਤੋਂ ਥੋੜ੍ਹਾ ਜਿਹੇ ਉਰੇ ਪੱਕੀ ਸੜਕ ਤੋਂ ਕੱਚੇ ਰਸਤੇ ਵਲ ਨੂੰ ਮੁੜਨਾ ਸੀ ਤਾਂ ਸਾਨੂੰ ਇੱਕ ਅਧਖੜ ਜਿਹੇ ਆਦਮੀ ਨੇ ਆਵਾਜ਼ ਮਾਰ ਕੇ ਰੋਕ ਲਿਆ ਤੇ ਸਾਨੂੰ ਪੁੱਛਣ ਲੱਗਾ ਕਿ ਕੀ ਅਸੀਂ ਸ਼ੂਗਰ ਦੀ ਦਵਾਈ ਲੈਣ ਆਏ ਸਾਂ। ਸਾਡੇ ਹਾਂ ਆਖਣ `ਤੇ ਉਹ ਕਹਿਣ ਲੱਗਾ, “ਸਰਦਾਰ ਜੀ, ਆਹ ਬੇਰੀ ਦਾ ਡੰਡਾ ਲਿਜਾਣਾ ਪੈਂਦੈ ਬਾਬਾ ਜੀ ਕੋਲ, ਇਹ ਲੈ ਜਾਉ, ਪੰਜਾਹ ਰੁਪਏ ਦਾ ਐ ਇਕ”। ਡੰਡੇ ਵੇਚਣ ਵਾਲਾ ਇਕੋ ਫ਼ਿਕਰੇ ਵਿੱਚ ਹੀ ਸਭ ਕੁੱਝ ਦੱਸ ਗਿਆ। ਗੱਲ ਬੜੀ ਅਜੀਬ ਜਿਹੀ ਲੱਗੀ ਪਰ ਕੀ ਕਰਦੇ, ਦੁਆਈ ਜੁ ਲੈਣ ਆਏ ਸਾਂ। ਸੋ ਇੱਕ ਡੰਡਾ ਖ਼ਰੀਦ ਲਿਆ। ਪੰਜ ਕੁ ਫੁੱਟ ਲੰਮਾ ਡੰਡਾ ਹੱਥ ਵਿੱਚ ਫੜੀ ਘਰ ਵਾਲੀ ਸਕੂਟਰ ਪਿੱਛੇ ਬੈਠੀ ਇਵੇਂ ਲੱਗ ਰਹੀ ਸੀ ਜਿਵੇਂ ਕਿਸੇ ਮੁਹਿੰਮ `ਤੇ ਚੜ੍ਹੀ ਹੋਈ ਹੋਵੇ।
ਖ਼ੈਰ, ਦੋ ਕੁ ਖੇਤਾਂ ਦੀ ਵਿਥ `ਤੇ ਅਸੀਂ ਲੋਕਾਂ ਦਾ ਜਮ ਘਟਾ ਜਿਹਾ ਦੇਖਿਆ ਤੇ ਅਸੀਂ ਵੀ ਸਕੂਟਰ ਉਧਰ ਨੂੰ ਮੋੜ ਲਿਆ। ਸੱਤਰ ਕੁ ਸਾਲ ਦਾ ਕਰੜ ਬਰੜੀ ਜਿਹੀ ਦਾੜ੍ਹੀ ਵਾਲਾ ਇੱਕ ਬਜ਼ੁਰਗ਼ ਲੱਕੜ ਦੀ ਚੌਂਕੀ ਜਿਹੀ `ਤੇ ਬੈਠਾ ਸੀ ਤੇ ਉਸ ਦੇ ਅੱਗੇ ਪੰਦਰਾਂ ਵੀਹ ਤੀਵੀਆਂ ਮਰਦ ਗੰਦੀ ਜਿਹੀ ਦਰੀ ਉੱਪਰ ਬੈਠੇ ਸਨ। ਸਭ ਦੇ ਹੱਥਾਂ ਵਿੱਚ ਡੰਡੇ ਫੜੇ ਹੋਏ, ਉਹ ਇੰਝ ਲੱਗ ਰਹੇ ਸਨ ਜਿਵੇਂ ਭੇਡਾਂ ਬੱਕਰੀਆਂ ਚਾਰਨ ਵਾਲੇ ਆਜੜੀ ਹੋਣ। ਬਾਬੇ ਦੇ ਦੋ ਸਹਾਇਕ ਵੀ ਨਾਲ ਬੈਠੇ ਸਨ ਜੋ ਪੰਜ ਸੌ ਰੁਪਿਆ ਲੈ ਕੇ ਮਰੀਜ਼ ਨੂੰ ਅਗਾਂਹ ਬਾਬੇ ਦੇ ਕੋਲ ਸਰਕਾ ਦਿੰਦੇ ਸਨ। ਜਿਸ ਮਰੀਜ਼ ਦੀ ਵਾਰੀ ਆਉਂਦੀ, ਬਾਬਾ ਉਸ ਉੱਪਰ ਕੁੱਝ ਮੰਤਰ ਪੜ੍ਹਦਾ ਤੇ ਮੁੱਠ ਕੁ ਸੁਆਹ ਜਿਹੀ, ਜਿਸ ਨੂੰ ਉਹ ਦਵਾਈ ਕਹਿੰਦਾ ਸੀ, ਉੱਪਰ ਵੀ ਫੂਕਾਂ ਮਾਰਦਾ ਤੇ ਹਟਵਾਣੀਏਂ ਵਾਂਗ ਕਾਗਜ਼ ਦੀ ਪੁੜੀ ਬੰਨ੍ਹ ਕੇ ਫੜਾ ਦਿੰਦਾ ਤੇ ਆਪਣੇ ਸਹਾਇਕ ਨਾਲ ਤੋਰ ਦਿੰਦਾ। ਸਹਾਇਕ ਮਰੀਜ਼ ਨੂੰ ਕੋਠੇ ਦੇ ਪਿਛਲੇ ਪਾਸੇ ਬਣੀ ਇੱਕ ਛੱਪੜੀ ਕੰਢੇ ਲੈ ਜਾਂਦਾ ਤੇ ਉਸਨੂੰੰ ਆਖਦਾ ਕਿ ਉਹ ਜੁੱਤੀ ਉਤਾਰ ਕੇ ਛਪੜੀ `ਚ ਵੜ ਜਾਵੇ ਤੇ ਆਪਣੇ ਹੱਥੀਂ ਡੰਡਾ ਉੱਥੇ ਗੱਡ ਦੇਵੇ। ਸਾਰੀ ਛਪੜੀ ਵਿੱਚ ਡੰਡੇ ਹੀ ਡੰਡੇ ਗੱਡੇ ਹੋਏ ਸਨ ਤੇ ਇਹ ਦ੍ਰਿਸ਼ ਇਸ ਧਰਤੀ ਦਾ ਨਾ ਹੋ ਕੇ ਡਿਸਕਵਰੀ ਚੈਨਲ ਵਿੱਚ ਦਿਖਾਈ ਕਿਸੇ ਹੋਰ ਧਰਤੀ ਦਾ ਲਗਦਾ ਸੀ। ਫਿਰ ਮਰੀਜ਼ ਨੂੰ ਬਾਬੇ ਦੇ ਸਹਾਇਕ ਵਲੋਂ ਹਿਦਾਇਤ ਦਿੱਤੀ ਜਾਂਦੀ ਕਿ ਇਹ ਦਵਾਈ ਕਿਸੇ ਪੋਟਲੀ ਵਿੱਚ ਬੰਨ੍ਹ ਕੇ ਸ਼ਤੀਰੀ, ਗਾਡਰ ਜਾਂ ਪੱਖੇ ਨਾਲ ਬੰਨ੍ਹ ਦੇਵੇ ਜਿੱਥੇ ਉਹ ਆਮ ਤੌਰ `ਤੇ ਜ਼ਿਆਦਾ ਬੈਠਦਾ ਉੱਠਦਾ ਹੋਵੇ ਤੇ ਬੱਸ”।
“ਯਾਰ, ਬੜੇ ਕਮਾਲ ਦਾ ਸ਼ੂਗਰ ਦਾ ਇਲਾਜ ਐ, ਪਰ ਮੈਨੂੰ ਇਹ ਸਮਝ ਨਹੀਂ ਆਈ ਪਈ ਪੱਖੇ ਨਾਲ ਬੰਨ੍ਹੀ ਦਵਾਈ ਸਰੀਰ `ਤੇ ਕਿਵੇਂ ਅਸਰ ਕਰਦੀ ਐ?
“ਯਾਰ, ਸਾਨੂੰ ਤਾਂ ਇਹ ਗੱਲ ਛੇਆਂ ਮਹੀਨਿਆਂ `ਚ ਵੀ ਸਮਝ ਨਹੀਂ ਆਈ ਤੇ ਤੂੰ ਅੱਜ ਹੀ ਪਤਾ ਕਰਨਾ ਚਾਹੁੰਨੈ” ਇੰਨਾ ਕਹਿ ਕੇ ਉਹ ਠਹਾਕਾ ਮਾਰ ਕੇ ਹੱਸਿਆ ਜਿਵੇਂ ਆਪਣੀ ਸ਼ਰਮਿੰਦਗੀ ਹਾਸੇ ਵਿੱਚ ਲੁਕੋਣੀ ਚਾਹੁੰਦਾ ਹੋਵੇ। ਉਹਦੇ ਘਰ ਵਾਲੀ ਵੀ ਵਾਰਤਾ ਦੇ ਦੌਰਾਨ ਮੇਰੇ ਤੋਂ ਅੱਖਾਂ ਚੁਰਾਉਂਦੀ ਰਹੀ।
ਮੈਂ ਸ਼ਰਾਰਤੀ ਹਾਸਾ ਹੱਸਦਿਆਂ ਕਿਹਾ, “ਯਾਰ, ਮੈਂ ਤਾਂ ਆਪ ਚਾਹੁੰਨਾ ਪਈ ਇੰਗਲੈਂਡ `ਚ ਇਹੋ ਜਿਹਾ ਕੋਈ ਠੱਕ-ਠਕਾ ਸ਼ੁਰੂ ਕਰਾਂ, ਪਰ ਉੱਥੇ ਬੇਰੀ ਦੇ ਡੰਡੇ ਨਹੀਂ ਮਿਲਣੇ, ਜੇ ਬਾਬੇ ਕੋਲ ਕਿਤੇ ਫੇਰ ਗਏ ਤਾਂ ਉਹਦੇ ਕੋਲੋਂ ਪੁੱਛਿਉ ਪਈ ਜੇ ਬੇਰੀ ਨਾ ਮਿਲੇ ਤਾਂ ਹੋਰ ਕਿਸੇ ਦਰਖ਼ਤ ਦਾ ਡੰਡਾ ਚੱਲੂ” ?
ਉਹਦੇ ਘਰ ਵਾਲੀ ਨੇ ਆਪਣੇ ਪਤੀ ਵਲ ਘੂਰ ਕੇ ਦੇਖਿਆ ਤੇ ਕਹਿਣ ਲੱਗੀ, “ਮੈਂ ਤੁਹਾਨੂੰ ਇਸ਼ਾਰਾ ਵੀ ਕੀਤਾ ਸੀ ਪਈ ਗੱਲ ਨੂੰ ਐਵੇਂ ਵਧਾਇਉ ਨਾ, ਭਾਅ ਜੀ ਹੋਰੀਂ ਟਿੱਚਰਾਂ ਕਰਨ ਲੱਗ ਪੈਣੈ, ਤੁਸੀਂ ਹਟੇ ਨਈਂ ਪਰ”।
“ਕੋਈ ਨਾ, ਕੋਈ ਨਾ, ਭਾਅ ਜੀ ਹੋਰੀਂ ਕਿਹੜਾ ਓਪਰੇ ਆ”, ਕਹਿ ਕੇ ਉਸ ਨੇ ਮੌਸਮ ਵਿੱਚ ਵਧ ਰਹੀ ਗਰਮੀ ਦਾ ਜ਼ਿਕਰ ਛੇੜ ਕੇ ਗੱਲਬਾਤ ਦਾ ਰੁਖ਼ ਮੋੜ ਦਿਤਾ। ਮੈਂ ਵੀ ਉਸ ਦੀ ਗੱਲ ਵਿੱਚ ਗੱਲ ਮਿਲਾਈ, ਮੈਂ ਵੀ ਉਹਨਾਂ ਨੂੰ ਹੋਰ ਸ਼ਰਮਿੰਦੇ ਨਹੀਂ ਸਾਂ ਕਰਨਾ ਚਾਹੁੰਦਾ।

ਨਿਰਮਲ ਸਿੰਘ ਕੰਧਾਲਵੀ
.