.

ਰਾਗਮਾਲਾ ਦੀ ਵਕਾਲਤ ਦਾ ਮਨੋਰਥ

(ਇਹ ਲੇਖ ਸ. ਹਰਦੇਵ ਸਿੰਘ ਜੰਮੂ ਜੀ ਦੇ ‘ਸਿਖਮਾਰਗ’ ਵੈਬਸਾਈਟ ਤੇ ਆਏ ਲੇਖ ‘ਰਾਗਮਾਲਾ ਦੀ ਆਰੋਹੀ ਤਾਨ’ ਸਬੰਧੀ ਪ੍ਰਤੀਕਰਮ ਵਜੋਂ ਲਿਖਿਆ ਗਿਆ ਹੈ। ---- ਲੇਖਕ)

ਸ. ਹਰਦੇਵ ਸਿੰਘ ਜੰਮੂ ਜੀ ਦਾ ਲੇਖ ‘ਰਾਗਮਾਲਾ ਦੀ ਆਰੋਹੀ ਤਾਨ’ ਪਿੱਛੇ ਜਹੇ ਇਸ ਲੇਖਕ ਦੇ ‘ਸਿਖਮਾਰਗ’ ਵੈਬਸਾਈਟ ਤੇ ਆਏ ਲੇਖ ‘ਭਾਈ ਬੰਨੋ ਵਾਲੀ ਬੀੜ – ਉਤਪਤੀ ਅਤੇ ਪਰਭਾਵ’ ਦੇ ਪ੍ਰਤੀਕਰਮ ਵਜੋਂ ਆਇਆ ਜਾਪਦਾ ਹੈ ਭਾਵੇਂ ਕਿ ਸ. ਜੰਮੂ ਜੀ ਨੇ ਸਿੱਧੇ ਤੌਰ ਤੇ ਇਹ ਸਵੀਕਰ ਨਹੀਂ ਕੀਤਾ। ਪਰੰਤੂ ਉਹਨਾਂ ਨੇ ਆਪਣੇ ਲੇਖ ਵਿੱਚ ਇਸ ਸਬੰਧੀ ਇਸ਼ਾਰਾ ਜ਼ਰੂਰ ਕੀਤਾ ਹੈ। ਇਸ ਲੇਖਕ ਦੇ ਭਾਈ ਬੰਨੋਂ ਵਾਲੀ ਬੀੜ ਸਬੰਧੀ ਆਏ ਲੇਖ ਵਿੱਚ ਦਿੱਤੇ ਤੱਥ ਸੰਖੇਪ ਵਿੱਚ ਇਸ ਪਰਕਾਰ ਸਨ:
1. ਭਾਈ ਬੰਨੋਂ ਵਾਲੀ ਬੀੜ ਸ੍ਰੀ ਆਦਿ ਗ੍ਰੰਥ (1603-04 ਈਸਵੀ ਵਿੱਚ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਏ ਗਏ) ਦਾ ਸ਼ੁਰੂ ਵਿੱਚ ਹੀ ਕੀਤਾ ਗਿਆ ਅਣਅਧਿਕਾਰਤ ਉਤਾਰਾ ਸੀ ਅਤੇ ਇਸ ਵਿੱਚ ਕੁੱਝ ਵਾਧੂ ਬਾਣੀ ਸ਼ਾਮਲ ਸੀ।
2. ਭਾਈ ਬੰਨੋਂ ਵਾਲੀ ਬੀੜ ਦੇ ਅੱਗੇ ਉਤਾਰੇ ਹੁੰਦੇ ਗਏ ਪਰ ਲਿਖਾਰੀਆਂ ਵੱਲੋਂ ਹਰ ਉਤਾਰੇ ਵਿੱਚ ਕੁੱਝ ਹੋਰ ਫਾਲਤੂ ਰਚਨਾ ਪਾ ਦਿੱਤੀ ਜਾਂਦੀ ਰਹੀ ਜਿਸ ਵਿੱਚ ਆਲਮ ਕਵਿ ਦੀ ਲਿਖੀ ਹੋਈ ਰਾਗਮਾਲਾ ਵੀ ਸ਼ਾਮਲ ਕਰ ਦਿੱਤੀ ਗਈ।
3. ਬਾਦ ਵਿੱਚ ਭਾਈ ਬੰਨੋਂ ਵਾਲੀ ਮੁੱਢਲੀ ਬੀੜ ਅਲੋਪ ਹੋ ਗਈ ਅਤੇ ਉਧਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਸ੍ਰੀ ਆਦਿ ਗ੍ਰੰਥ ਦੀ ਅਸਲ ਬੀੜ ਜੋ ਕਰਤਾਰਪੁਰ ਵਿਖੇ ਸ਼੍ਰੀ ਧੀਰਮੱਲ ਜੀ ਦੇ ਪਰਿਵਾਰ ਦੇ ਕਬਜ਼ੇ ਵਿੱਚ ਦੱਸੀ ਜਾਂਦੀ ਸੀ, ਵੀ ਨਸ਼ਟ ਹੋ ਗਈ।
4. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਬੀੜ ਤਿਆਰ ਕਰਵਾਈ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵੀ ਸ਼ਾਮਲ ਕੀਤੀ ਗਈ। ਇਹ ਬੀੜ ਦਮਦਮੀ ਬੀੜ ਅਖਵਾਈ ਜੋ ਅਠਾਰਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਏ ਯੁੱਧਾਂ ਵਿੱਚ ਨਸ਼ਟ ਹੋ ਗਈ।
5. 1750 ਈਸਵੀ ਤੋਂ ਕੁੱਝ ਚਿਰ ਪਿੱਛੋਂ ਸੋਢੀ ਨਿਰੰਜਨ ਰਾਇ ਜੀ (ਸ੍ਰੀ ਧਰਿ ਮੱਲ ਜੀ ਦੇ ਪੜਪੋਤੇ) ਦੇ ਸਮੇਂ ਸੋਢੀ ਪਰਿਵਾਰ ਨੇ ਭਾਈ ਬੰਨੋਂ ਵਾਲੀ ਬੀੜ ਦੇ ਤੀਸਰੇ ਥਾਂ ਹੋਏ ਕਿਸੇ ਉਤਾਰੇ ਨੂੰ ਸ੍ਰੀ ਆਦਿ ਗ੍ਰੰਥ ਦੇ ਨਾਮ ਹੇਠ ਆਪਣੇ ਕੋਲ ਹੋਣ ਦਾ ਦਾਵ੍ਹਾ ਪੇਸ਼ ਕਰ ਦਿੱਤਾ।
6. ਉਨ੍ਹੀਵੀਂ ਸਦੀ ਵਿੱਚ ਸਿੱਖ ਵਿਦਵਾਨਾਂ ਨੇ ਸ੍ਰੀ ਗ੍ਰੰਥ ਸਾਹਿਬ ਦੀ ਪ੍ਰਮਾਣਿਕ ਬੀੜ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਕਾਰਜ ਲਈ ਉਹਨਾਂ ਨੂੰ ਭਾਈ ਬੰਨੋ ਵਾਲੀ ਬੀੜ ਦੇ ਉਤਾਰਿਆਂ ਤੇ ਹੀ ਨਿਰਭਰ ਹੋਣਾ ਪਿਆ ਕਿਉਂਕਿ ਨਾਂ ਤਾਂ ਦੋਵੇਂ ਪ੍ਰਮਾਣਿਕ ਗ੍ਰੰਥ, ਸ਼੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ, ਉਪਲਭਧ ਸਨ ਅਤੇ ਨਾ ਹੀ ਇਹਨਾਂ ਦਾ ਕੋਈ ਉਤਾਰਾ ਹੀ ਮੌਜੂਦ ਸੀ।
7. ਕਿਉਂਕਿ ਕਰਤਾਰਪੁਰੀ ਬੀੜ ਭਾਈ ਬੰਨੋਂ ਵਾਲੀ ਬੀੜ ਦੇ ਉਤਾਰਿਆਂ ਦਾ ਅੱਗੇ ਇੱਕ ਉਤਾਰਾ ਸੀ ਇਸ ਵਿੱਚ ਰਾਗਮਾਲਾ ਵੀ ਸ਼ਾਮਲ ਸੀ ਅਤੇ ਕਰਤਾਰਪੁਰੀ ਬੀੜ ਸੰਬੰਧੀ ਹੋਏ (ਝੂਠੇ) ਪਰਚਾਰ ਕਰਕੇ ਇਸ ਦੀ ਮਾਨਤਾ ਵੀ ਬਣੀ ਹੋਈ ਸੀ, ਵੀਹਵੀਂ ਸਦੀ ਦੇ ਸੁਰੂ ਵਿੱਚ ਪਰਚਲਤ ਹੋਈ 1430 ਸਫਿਆਂ ਵਾਲੀ ਬੀੜ ਵਿੱਚ ਰਾਗਮਾਲਾ ਵੀ ਸ਼ਾਮਲ ਕਰ ਲਈ ਗਈ ਅਤੇ ਇਸੇ ਬੀੜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਾਨਤਾ ਦੇ ਦਿੱਤੀ।
8. ਹੁਣ ਜੇ ਸਿੱਖ ਕੌਮ ਰਾਗਮਾਲਾ ਸਬੰਧੀ ਕੋਈ ਫੈਸਲਾ ਲੈਣਾ ਚਾਹੁੰਦੀ ਹੈ ਤਾਂ ਉਪਰੋਕਤ ਤੱਥਾਂ ਦੇ ਅਧਾਰ ਤੇ ਲਿਆ ਜਾ ਸਕਦਾ ਹੈ।

ਉਪਰੋਕਤ ਦੇ ਸੰਦਰਭ ਵਿੱਚ ਵਾਚਦਿਆਂ ਸ. ਹਰਦੇਵ ਸਿੰਘ ਜੰਮੂ ਜੀ ਦੇ ਲੇਖ ਵਿਚਲਾ ਜੋ ਮਨੋਰਥ ਵਿਸ਼ੇਸ਼ ਤੌਰ ਤੇ ਪਰਤੱਖ ਹੁੰਦਾ ਹੈ ਉਹ ਹੈ ਹਰ ਹੀਲੇ ਇਹ ਸਥਾਪਤ ਕਰਨਾ ਕਿ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੇ ਹੱਥੀਂ ਲਿਖੀ ਹੋਈ ਸ਼੍ਰੀ ਆਦਿ ਗ੍ਰੰਥ ਦੀ ਅਸਲ਼ ਬੀੜ ਹੀ ਹੈ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ। ਇਸ ਮਕਸਦ ਦੀ ਪਰਾਪਤੀ ਲਈ ਸ. ਜੰਮੂ ਜੀ ਰਾਗਮਾਲਾ ਨੂੰ ਗੁਰਬਾਣੀ ਤੋਂ ਬਾਹਰੀ ਰਚਨਾ ਮੰਨ ਲੈਣ ਤੇ ਵੀ ਇਸ ਨੂੰ ਸ੍ਰੀ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰੀ ਰਖਣ ਦੀ ਪਰੋੜਤਾ ਕਰਦੇ ਹਨ ਤਾਂ ਕਿ ਕਰਤਾਰਪੁਰੀ ਬੀੜ ਵੱਲ ਕਿਸੇ ਦਾ ਧਿਆਨ ਨਾ ਜਾਵੇ ਅਤੇ ਇਸ ਦਾ ਸੱਚ ਸਾਹਮਣੇ ਨਾ ਆਵੇ।

ਆਪਣੇ ਲੇਖ ਦੇ ਅਰੰਭ ਵਿੱਚ ਸ੍ਰੀ ਜੰਮੂ ਜੀ ਲਿਖਦੇ ਹਨ:
“ਰਾਗਮਾਲਾ ਗੁਰਬਾਣੀ ਨਹੀਂ ਹੈ! ਇਸ ਗਲ ਦੇ ਪੁਖ਼ਤਾ ਸਬੂਤ ਗੁਰਬਾਣੀ ਲੇਖਨ ਸ਼ੈਲੀ ਵਿੱਚ ਹੀ ਮੌਜੂਦ ਹਨ। ਗੁਰੁਬਾਣੀ ਆਪ ਇਸਦਾ ਨਿਰਨਾ ਕਰਦੀ ਹੈ।"ਫਿਰ ਸ. ਜੰਮੂ ਜੀ ਤੋਂ ਪੁੱਛਣਾ ਬਣਦਾ ਹੈ ਕਿ ਉਹ ਗੁਰਬਾਣੀ ਦੇ ਨਿਰਨੇ ਨੂੰ ਮੰਨਦੇ ਹਨ ਕਿ ਨਹੀਂ। ਜੇ ਮੰਨਦੇ ਹਨ ਤਾਂ ਫਿਰ ਉਹ ਇਹ ਸਪਸ਼ਟ ਕਿਉਂ ਨਹੀਂ ਕਹਿ ਦਿੰਦੇ ਕਿ ਰਾਗਮਾਲਾ ਸ਼੍ਰੀ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹੋਣੀ ਚਾਹੀਦੀ। ਜਦੋਂ, ਉਹਨਾਂ ਦੇ ਆਪਣੇ ਸ਼ਬਦਾਂ ਵਿਚ, ਗੁਰਬਾਣੀ ਦਾ ਨਿਰਨਾ ਸਪਸ਼ਟ ਹੈ ਤਾਂ ਉਹਨਾਂ ਨੂੰ ਇਸ ਵਿਸ਼ੇ ਤੇ ਬਹਿਸ ਸ਼ੁਰੂ ਕਰਨ ਦੀ ਕੀ ਲੋੜ ਪੈ ਗਈ ਸੀ, ਉਹ ਆਪ ਹੀ ਇਸ ‘ਆਰੋਹੀ ਤਾਨ’ ਦੇ ਗਵੱਈਏ ਕਿਉਂ ਬਣ ਗਏ ਹਨ ਅਤੇ ਉਹ ਅਤਿਕਥਨੀਆਂ ਅਤੇ ਅਸੰਗਤੀਆਂ ਨਾਲ ਭਰਪੂਰ ਐਡਾ ਵੱਡਾ ਲੇਖ ਲਿਖ ਕੇ ਖੁਦ ‘ਵਾਦੀ’ ਦੀ ਪਦਵੀ ਗ੍ਰਹਿਣ ਕਰਨ ਦਾ ਜੋਖਮ ਕਿਉਂ ਉਠਾ ਰਹੇ ਹਨ?
.
ਸ. ਜੰਮੂ ਜੀ ਦਾ ਇਹ ਦਾਵ੍ਹਾ ਕਿ “ਰਾਗਮਾਲਾ ਪੁਰਾਤਨ ਪ੍ਰਮਾਣਿਕ ਬੀੜਾਂ ਵਿੱਚ ਮੁੰਦਾਵਣੀ ਤੋਂ ਬਾਦ ਦਰਜ ਹੈ” ਅਤੇ ਇਹ “ਸਭ ਤੋਂ ਪੁਰਾਤਨ ਮੰਨੀ ਜਾਂਦੀ ਮੂਲ ਆਦਿ ਬੀੜ ਵਿੱਚ ਇਹ ਦਰਜ ਹੈ” ਸਰਾਸਰ ਝੂਠਾ ਹੈ।
ਪੁਰਤਨ ਪ੍ਰਮਾਣਿਕ ਬੀੜਾਂ ਤਾਂ ਦੋ ਹੀ ਸਨ ਪਹਿਲੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਤਿਆਰ ਕਰਵਾਈ ਸ਼੍ਰੀ ਆਦਿ ਗ੍ਰੰਥ ਦੀ ਬੀੜ ਅਤੇ ਦੂਸਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕਰਵਾਈ ਦਮਦਮੀ ਬੀੜ। ਇਹ ਦੋਵੇਂ ਬੀੜਾਂ ਦੋ ਸਦੀਆਂ ਤੋਂ ਪਹਿਲਾਂ ਦੀਆਂ ਅਲੋਪ ਹੋ ਚੁਕੀਆਂ ਹਨ। ਫਿਰ ਵੀ ਜੇਕਰ ਸ. ਜੰਮੂ ਜੀ ਕੋਲ ਕੋਈ ਠੋਸ ਸਬੂਤ ਮੌਜੂਦ ਹੈ ਕਿ ਇਹਨਾਂ ਵਿਚੋਂ ਕਿਸੇ ਬੀੜ ਵਿੱਚ ਰਾਗਮਾਲਾ ਸ਼ਾਮਲ ਸੀ ਤਾਂ ਉਹ ਇਹ ਸਬੂਤ ਸਿੱਖ ਕੌਮ ਦੇ ਸਾਹਮਣੇ ਪੇਸ਼ ਕਰਨ।

ਜੋ ਇਕੋ-ਇਕ ਸਬੂਤ ਸ. ਜੰਮੂ ਜੀ ਪੇਸ਼ ਕਰਨਾ ਚਾਹੁਣਗੇ ਉਹ ਹੈ ਭਾਈ ਬੰਨੋ ਵਾਲੀ ਬੀੜ ਦੇ ਉਤਾਰਿਆਂ ਦਾ ਅੱਗੇ ਉਤਾਰਾ ਜੋ ਕਰਤਾਰਪੁਰੀ ਬੀੜ ਵਜੋਂ ਜਾਣਿਆਂ ਜਾਂਦਾ ਹੈ ਅਤੇ ਜੋ ਜਲੰਧਰ ਨੇੜਲੇ ਕਰਤਾਰਪੁਰ ਵਿਖੇ ਸੋਢੀ ਪਰਿਵਾਰ ਕੋਲ ਅਜੋਕੇ ਸਮੇਂ ਵਿੱਚ ਵੀ ਮੌਜੂਦ ਹੈ। ਇਸ ਉਤਾਰੇ ਨੂੰ ਵੇਖਣ ਉਪਰੰਤ ਭਾਈ ਜੋਧ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਵਿਦਵਾਨਾਂ ਨੇ ਇਸ ਨੂੰ ਇੱਕ ਨਕਲੀ ਬੀੜ ਕਰਾਰ ਦਿੱਤਾ ਹੈ। ਸ. ਜੰਮੂ ਜੀ ਨੇ ਜਿਹੜੀ ਪੁਸਤਕ ਵਿੱਚੋਂ ਭਾਈ ਕਾਹਨ ਸਿੰਘ ਨਾਭਾ ਦੀ ਚਿੱਠੀ ਵਿਚਲੀ ਟੂਕ ਲਈ ਹੈ ਉਸੇ ਪੁਸਤਕ ਵਿੱਚ ਭਾਈ ਜੋਧ ਸਿੰਘ ਸਮੇਤ ਸਾਰੇ ਵਿਦਵਾਨਾਂ ਦੇ ਮੱਤ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਅਤੇ ਦਰਸਾਇਆ ਗਿਆ ਹੈ ਕਿ ਕਿਵੇਂ ਭਾਈ ਜੋਧ ਸਿੰਘ ਵਲੋਂ ਦਿੱਤੀ ਵਿਆਖਿਆ ਦੋਸ਼ਪੂਰਣ ਹੈ ਅਤੇ ਕਰਤਾਰਪੁਰੀ ਬੀੜ ਇੱਕ ਜਾਹਲੀ ਪੁਸਤਕ ਹੈ ਜਿਸ ਰਾਹੀਂ ਸਿੱਖ ਕੌਮ ਨੂੰ ਸਦੀਆਂ ਤੋਂ ਬੁੱਧੂ ਬਣਾਇਆ ਜਾ ਰਿਹਾ ਹੈ। ਭਾਈ ਕਾਹਨ ਸਿੰਘ ਨਾਭਾ ਦੀ ਜਿਸ ਚਿੱਠੀ ਦਾ ਜ਼ਿਕਰ ਸ. ਜੰਮੂ ਜੀ ਕਰਦੇ ਹਨ ਉਸੇ ਵਿੱਚ ਹੀ ਭਾਈ ਨਾਭਾ ਨੇ ਚੰਗੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ ਕਿ ਕਿਵੇਂ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਿਆ ਹੋਇਆ ਅਸਲੀ ਸ੍ਰੀ ਆਦਿ ਗ੍ਰੰਥ ਨਹੀਂ। ਫਿਰ ਸ. ਜੰਮੂ ਜੀ ਇਸ ਚਿੱਠੀ ਦਾ ਉਹ ਹਿੱਸਾ ਕਿਉਂ ਛੁਪਾ ਰਹੇ ਹਨ। ਜੋ ਵਿਚਾਰ ਭਾਈ ਨਾਭਾ ਨੇ ਰਾਗਮਾਲਾ ਬਾਰੇ ਬਹਿਸ ਹਾਲ ਦੀ ਘੜੀ ਟਾਲ ਦੇਣ ਬਾਰੇ ਦਿੱਤਾ ਸੀ ਉਹ ਵਿਦਵਾਨਾਂ ਵੱਲੋਂ ਸਲਾਹਿਆ ਨਹੀਂ ਸੀ ਗਿਆ, ਸਗੋਂ ਇਹ ਉਹਨਾਂ ਦੀ ਕਾਇਰਤਾ ਵਾਲੀ ਕਾਰਵਾਈ ਹੀ ਗਿਣਿਆਂ ਗਿਆ ਸੀ। ਜੇਕਰ ਭਾਈ ਨਾਭਾ ਉਸ ਸਮੇਂ ਹਿਕ ਥਾਪੜਕੇ ਰਾਗਮਾਲਾ ਨੂੰ ਨਕਾਰਦੇ ਤਾਂ ਸ਼ਾਇਦ ਭਾਈ ਜੋਧ ਸਿੰਘ ਵੀ ਰਾਗਮਾਲਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸ੍ਰੀ ਗ੍ਰੰਥ ਸਾਹਿਬ ਦੀ ਪਰਚਲਤ ਬੀੜ ਵਿੱਚ ਸ਼ਾਮਲ ਕਰਵਾਉਣ ਲਈ ਮੁਹਰਾ ਨਾ ਬਣਦੇ।

ਸ. ਜਮੂੰ ਜੀ ਦਾ ਇਹ ਕਹਿਣਾ ਕਿ “ਰਾਗਮਾਲਾ ਆਦਿ ਬੀੜ ਦੇ ਬਾਦ ਕੀਤੇ ਕਈ ਉਤਾਰਿਆਂ ਵਿੱਚ ਮੋਜੂਦ ਹੈ “ਅਤੇ “ਰਾਗਮਾਲਾ ਆਦਿ ਬੀੜ ਵਿੱਚ ਬਾਦ ਦੀ ਘੁੱਸਪੈਠ ਹੈ” । ਕੋਰਾ ਝੂਠ ਹੈ। ਜਦੋਂ ਆਦਿ ਬੀੜ ਹੀ ਨਾ ਰਹੀ ਉਸ ਵਿੱਚ ਹੋਈ ਘੁਸਪੈਠ ਨੂੰ ਸਾਬਤ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਸ੍ਰੀ ਆਦਿ ਗ੍ਰੰਥ ਦਾ ਕਦੀ ਕੋਈ ਉਤਾਰਾ ਵੀ ਨਹੀਂ ਹੋਇਆ। ਜਿਵੇਂ ਉਪਰ ਦੱਸਿਆ ਗਿਆ ਹੈ ਉਤਾਰੇ ਕੇਵਲ ਭਾਈ ਬੰਨੋ ਵਾਲੀ ਬੀੜ ਦੇ ਹੀ ਹੋਏ ਜਿਹਨਾਂ ਵਿੱਚ ਲਿਖਾਰੀਆਂ ਨੇ ਆਪਣੇ ਤੌਰ ਤੇ ਰਾਗਮਾਲਾ ਸ਼ਾਮਲ ਕਰ ਲਈ। ਇਹਨਾਂ ਵਿਚੋਂ ਇੱਕ ਉਤਾਰਾ ਕਰਤਾਰਪੁਰੀ ਬੀੜ ਬਣਿਆਂ ਜਿਸ ਰਾਹੀਂ ਰਾਗਮਾਲਾ ਅਜੋਕੀ ਪਰਚਲਤ ਬੀੜ ਵਿੱਚ ਸ਼ਾਮਲ ਹੋ ਗਈ। ਜਿਸ ਤਤਕਰੇ ਦੀ ਗੱਲ ਜੰਮੂ ਜੀ ਕਰਦੇ ਹਨ ਉਹ ਇਸ ਨਕਲੀ ਬੀੜ ਵਿੱਚ ਕਿਸੇ ਹੋਰ ਨਕਲੀ ਬੀੜ ਵਿਚੋਂ ਲੈ ਕੇ ਅਤੇ ਇਸ ਵਿੱਚ ਇੰਦਰਾਜ ਘਸੋੜ ਕੇ ਚਮੋੜਿਆ ਹੋਇਆ ਹੈ। ਇਸ ਸਬੰਧੀ ਵਿਸਥਾਰ ਪੂਰਵਕ ਵਿਆਖਿਆ ਉਸ ਪੁਸਤਕ ਵਿੱਚ ਦਰਜ ਹੈ ਜਿੱਥੋਂ ਉਹਨਾਂ ਨੇ ਭਾਈ ਨਾਭਾ ਜੀ ਦੀ ਚਿੱਠੀ ਦਾ ਹਵਾਲਾ ਦਿੱਤਾ ਹੈ। ਸ. ਜੰਮੂ ਜੀ ਉਸ ਵਿਆਖਿਆ ਨੂੰ ਪਾਠਕਾਂ ਤੋਂ ਜਾਣ-ਬੁੱਝ ਕੇ ਛੁਪਾ ਰਹੇ ਹਨ। ਇਸ ਵਿਚੋਂ ਉਹਨਾਂ ਦਾ ਅਸਲੀ ਮਨਸ਼ਾ ਜ਼ਾਹਰ ਹੋ ਜਾਂਦਾ ਹੈ।

ਸ. ਜੰਮੂ ਜੀ ਨੇ ਇਸ ਲੇਖਕ ਦਾ ਨਾਮ ਲਏ ਬਗੈਰ ਇੱਕ ਝੂਠੀ ਤੁਹਮਤ ਇਸ ਲੇਖਕ ਤੇ ਇਸ ਤਰ੍ਹਾਂ ਲਗਾਈ ਹੈ:
“ਕਰਤਾਰਪੁਰੀ ਬੀੜ ਦੇ ਬਾਰੇ ਸ਼ੰਕੇ ਪ੍ਰਗਟ ਕਰਦੇ ਇੱਕ ਵਿਦਵਾਨ ਇਸ ਨੂੰ (ਉਨ੍ਹਾਂ ਮੁਤਾਬਿਕ) ਆਦਿ ਬੀੜ ਦੀ ਨਕਲ ਮੰਨਦੇ ਹੋਏ ਇਹ ਨਹੀਂ ਦੱਸ ਪਾਏ ਕਿ ਅਦਿ ਬੀੜ ਦੀ ਹਰ ਸੰਭਵ ਹਦ ਤਕ ਹੂ-ਬ-ਹੂ ਨਕਲ ਕਰਨ ਦੀ ਕੋਸ਼ਿਸ਼ ਵਿੱਚ ਲਗੇ ਬੰਦੇ ਨੇ ਤਤਕਰੇ ਵਿੱਚ ਅਤੇ ਬੀੜ ਵਿੱਚ ਰਾਗਮਾਲਾ ਵਰਗੀ ਗਲ ਕਿਉਂ ਪਾਈ ਜੋ ਕਿ ਅਸਲ ਆਦਿ ਗ੍ਰੰਥ ਵਿੱਚ ਤਾਂ ਹੈ ਹੀ ਨਹੀਂ ਸੀ?”
ਇਸ ਲੇਖਕ ਨੇ ਕਦੀ ਵੀ ਇਹ ਦਲੀਲ ਨਹੀਂ ਦਿੱਤੀ ਕਿ ਕਰਤਾਰਪੁਰੀ ਬੀੜ ਸ੍ਰੀ ਆਦਿ ਗ੍ਰੰਥ ਦੀ ਨਕਲ ਹੈ। ਇਸ ਲੇਖਕ ਨੇ ਸਦਾ ਇਹ ਵਿਚਾਰ ਦਿੱਤਾ ਹੈ ਕਿ ਕਰਤਾਰਪੁਰੀ ਬੀੜ ਭਾਈ ਬੰਨੋ ਵਾਲੀ ਬੀੜ ਦੇ ਤੀਜੇ ਥਾਂ ਉਤਾਰੇ ਦਾ ਉਤਾਰਾ ਹੈ ਅਤੇ ਇਸ ਕਰਕੇ ਸ੍ਰੀ ਆਦਿ ਗ੍ਰੰਥ ਨਾਲ ਇਸ ਦਾ ਦੂਰ ਦਾ ਵੀ ਸਬੰਧ ਨਹੀਂ। ਇਸ ਜਾਹਲੀ ਬੀੜ ਵਿੱਚ ਆਏ ਤਤਕਰੇ ਬਾਰੇ ਗੱਲ ਕਰਨ ਦੀ ਤਾਂ ਇਸ ਲੇਖਕ ਨੂੰ ਕਦੀ ਲੋੜ ਹੀ ਨਹੀਂ ਪੈ ਸਕਦੀ ਸੀ। ਜੇਕਰ ਸ. ਜੰਮੂ ਜੀ ਨੇ ਕਿਸੇ ਹੋਰ ਲੇਖਕ ਵੱਲ ਇਸ਼ਾਰਾ ਕੀਤਾ ਹੈ ਤਾਂ ਉਨਾਂ ਨੂੰ ਉਸ ਲੇਖਕ ਦਾ ਨਾਮ ਦੱਸਣਾ ਚਾਹੀਦਾ ਹੈ।

ਰਾਗਮਾਲਾ ਦੇ ਭਾਈ ਬੰਨੋ ਵਾਲੀ ਬੀੜ (ਜਿਸ ਦੇ ਅੱਗੇ ਇੱਕ ਵਿਕ੍ਰਤ ਉਤਾਰੇ ਨੂੰ ਸ. ਜੰਮੂ ਜੀ ਵਾਰ-ਵਾਰ ‘ਆਦਿ ਬੀੜ’ ਦਾ ਲਕਬ ਪਰਦਾਨ ਕਰਦੇ ਰਹਿੰਦੇ ਹਨ) ਵਿੱਚ ਸ਼ਾਮਲ ਕੀਤੇ ਜਾਣ ਦੇ ਮਕਸਦ ਬਾਰੇ ਸ. ਜੰਮੂ ਜੀ ਲਿਖਦੇ ਹਨ “ਮਕਸਦ ਗੁਰਬਾਣੀ ਵਿੱਚ ਮਿਲਗੋਭਾ ਕਰਣਾ ਹੀ ਹੋ ਸਕਦਾ ਸੀ”। ਇਹ ਵਿਚਾਰ ਸਹੀ ਵੀ ਹੋ ਸਕਦਾ ਹੈ ਪਰੰਤੂ ਜਿਵੇਂ ਕਿ ਸਾਰੇ ਜਾਣਦੇ ਹੀ ਹਨ ਅਸਲੀ ਮਕਸਦ ਸਿੱਖਾਂ ਦੀ ਧਾਰਮਕ ਪੁਸਤਕ ਨੂੰ ਵੇਦਾਂ ਦੇ ਤੁੱਲ ਕਰ ਕੇ ਬ੍ਰਾਹਮਣੀ ਰੰਗਤ ਦੇਣਾ ਸੀ। ਇਹੋ ਜਿਹੇ ਮਕਸਦ ਤਹਿਤ ਹੀ ਜਨਮ-ਸਾਖੀਆਂ, ਕਰਤਾਰਪੁਰੀ ਬੀੜ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਬਚਿੱਤਰ ਨਾਟਕ, ਹੇਮਕੁੰਟ ਆਦਿਕ ਹੋਂਦ ਵਿੱਚ ਆਏ ਹਨ। ਜ਼ਿਆਦਾ ਦੁੱਖ ਵਾਲੀ ਗੱਲ ਇਹ ਹੈ ਕਿ ਅਜੋਕੇ ਸਮੇਂ ਵਿੱਚ ਵੀ ਗੁਰ-ਸਿੱਖਾਂ ਦੇ ਰੂਪ ਵਿੱਚ ਕੁੱਝ ਸੱਜਣ ਇਹਨਾਂ ਸਭਨਾਂ ਸਿੱਖੀ ਦੇ ਬ੍ਰਾਹਮਣੀਕਰਣ ਕਰਨ ਵਾਲੀਆਂ ਕਾਰਵਾਈਆਂ ਦੇ ਹੱਕ ਵਿੱਚ ਪਰਚਾਰ ਕਰਨ ਤੇ ਲੱਗੇ ਹੋਏ ਹਨ। ਸ. ਜੰਮੂ ਜੀ ਵੱਲੋਂ ਜਾਣ-ਬੁੱਝ ਕੇ ਰਾਗਮਾਲਾ ਦੀ ਤਰਫਦਾਰੀ ਕਰਨਾ ਅਤੇ ਕਰਤਾਰਪੁਰੀ ਬੀੜ ਨੂੰ ਵਾਰ-ਵਾਰ ‘ਆਦਿ ਬੀੜ’ ਕਹਿਕੇ ਸੰਬੋਧਨ ਕਰਨਾ ਇਸੇ ਸੰਦਰਭ ਵਿੱਚ ਵਾਚਣਾ ਬਣਦਾ ਹੈ।

ਆਪਣੇ ਮਕਸਦ ਦੀ ਪਰਾਪਤੀ ਲਈ ਸ. ਜੰਮੂ ਜੀ ਜੋ ਤਰਕ-ਵਿਧੀ ਅਪਣਾਉਂਦੇ ਹਨ ਉਹ ਇਹ ਹੈ ਕਿ ਫਰਜ਼ ਕਰ ਲਵੋ ਕਿ ਊੜਾ ਬਰਾਬਰ ਐੜਾ ਹੈ ਅਤੇ ਐੜਾ ਬਰਾਬਰ ਈੜੀ। ਹੁਣ ਕਿਉਂਕਿ ਈੜੀ ਬਰਾਬਰ ਐੜਾ ਹੈ ਅਤੇ ਐੜਾ ਬਰਾਬਰ ਊੜਾ ਹੈ, ਇਸ ਲਈ ਈੜੀ ਬਰਾਬਰ ਊੜਾ ਹੋ ਗਈ। ਸ. ਜੰਮੂ ਜੀ ਪਹਿਲਾਂ ਇਹ ਫਰਜ਼ ਕਰ ਲੈਂਦੇ ਹਨ ਕਿ ਆਦਿ ਗ੍ਰੰਥ ਕਰਤਾਰਪੁਰੀ ਬੀੜ ਦੇ ਰੂਪ ਵਿੱਚ ਮੌਜੂਦ ਹੈ ਅਤੇ ਰਾਗਮਾਲਾ ਕਰਤਾਰਪੁਰੀ ਬੀੜ ਵਿੱਚ ਮੌਜੂਦ ਹੈ, ਇਸ ਲਈ ਰਾਗਮਾਲਾ ਦਾ ਸ੍ਰੀ ਗ੍ਰੰਥ ਸਾਹਿਬ ਵਿੱਚ ਵੀ ਮੌਜੂਦ ਹੋਣਾ ਕੋਈ ਮਾੜੀ ਗੱਲ ਨਹੀਂ। ਇਸੇ ਲਈ ਹੀ ਉਹ ਰਾਗਮਾਲਾ ਦੇ ਸ੍ਰੀ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਬਾਰੇ ਲਿਖਦੇ ਹਨ:
“ਇਹ ਕੇਵਲ ਇੱਕ ਸੁਚਨਾਤਮਕ ਚਿੰਨ੍ਹ ਹੀ ਹੋ ਸਕਦਾ ਸੀ ਜੋ ਗੁਰੂ ਦੀ ਅਪਣੀ ਲਿਖਤ ਨਹੀਂ ਸੀ। ਕਿਉਂਕਿ ਮੁੰਦਾਵਣੀ ਦੇ ਸਲੋਕਾਂ ਵਰਗੀ ਮੁਹਰ ਦੇ ਬਾਦ ਅਪਣੇ ਵੱਲੋਂ ਹੋਰ ਇੱਕ ਸ਼ਬਦ ਵੀ ਉਪਦੇਸ਼ਾਤਮਕ ਰੂਪ ਵਿੱਚ ਲਿਖਣਾ ਗੁਰੂ ਲਈ ਆਪਣੇ ਹੱਥੀਂ ਉਸ ਪਵਿੱਤਰ ਮੁਹਰ ਨੂੰ ਭੰਗ ਕਰਣ ਵਰਗੀ ਗਲ ਹੋ ਜਾਂਦੀ। ਇਸੇ ਲਈ ਹੋ ਸਕਦਾ ਸੀ ਕਿ ਗੁਰੂ ਜੀ ਨੇ ਮੁੰਦਾਵਣੀ ਬਾਦ ਅਪਣੇ ਪਾਸਿਯੋਂ ਐਸਾ ਹੋਰ ਕੁੱਝ ਵੀ ਲਿੱਖਣਾ ਠੀਕ ਨਹੀ ਸਮਝਿਆ ਜੋ ਕਿ ਉਦੇਸ਼ਾਤਮਕ ਭਾਵ ਰੱਖਦਾ ਹੋਵੇ ਅਤੇ ਇਸ ਲਈ ਇੱਕ ‘ਬਾਹਰੀ ਚਿੰਨੱ ਨੂੰ ਇੱਕ ਰੋਕੇ ਦੇ ਤੋਰ ਤੇ ਅੰਕਤ ਕਰ ਦਿਤਾ ਤਾਕਿ ਬਾਣੀ ਪਾਠ ਦੀ ਸਮਾਪਤੀ ਅਗੇ ਹੋਰ ਕੁੱਝ ਨਾ ਜੋੜੀਆ ਜਾ ਸਕੇ ਅਤੇ ਇਸੇ ਚਿੰਨ ਨੂੰ ਤਤਕਰੇ ਦੀ ਆਖਰੀ ਸਤਰ ਬਣਾ ਕੇ ਸੰਕੇਤ ਸਪਸ਼ਟ ਕਰ ਦਿੱਤਾ ਹੋਵੇ” ।
ਉਪਰੋਕਤ ਸਤਰਾਂ ਵਿੱਚ ਸ. ਜੰਮੂ ਜੀ ਦਾ ਸਪਸ਼ਟ ਨਿਰਨਾ ਹੈ ਕਿ ਰਾਗਮਾਲਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਸ੍ਰੀ ਆਦਿ ਗ੍ਰੰਥ ਵਿੱਚ ਸ਼ਾਮਲ ਕਰਵਾਈ ਸੀ। ਹੁਣ ਇਸ ਗੱਲ ਦਾ ਜੁਆਬ ਉਹ ਸੱਜਣ ਦੇਣ ਜੋ ਕਹਿੰਦੇ ਹਨ ਕਿ ਰਾਗਮਾਲਾ ਅਕਬਰ ਦੇ ਸਮਕਾਲੀ ਆਲਮ ਕਵਿ ਦੀ ਲਿਖੀ ਹੋਈ ‘ਮਾਧਵਾਨਲ ਸੰਗੀਤ’ ਦੇ ਛੰਦ 63 ਤੋਂ ਛੰਦ 72 ਤਕ ਦਾ ਹਿੱਸਾ ਹੈ। ਆਪਣੇ ਝੂਠ ਨੂੰ ਸੱਚ ਸਾਬਤ ਕਰਨ ਲਈ ਸ. ਜੰਮੂ ਜੀ ਇੱਕ ਹੋਰ ਝੂਠ ਬੋਲਦੇ ਹਨ ਕਿ ਆਲਮ ਕਵਿ ਨੇ ਰਾਗਮਾਲਾ ਸ੍ਰੀ ਆਦਿ ਗ੍ਰੰਥ ਵਿਚੋਂ ਚੁੱਕੀ ਸੀ। ਉਹ ਲਿਖਦੇ ਹਨ:
“ਕੁੱਝ ਵਿਚਾਰਕਾਂ ਦੀ ਮਾਨਤਾ ਰਹੀ ਹੈ ਕਿ ਕਵੀ ਆਲਮ ਗੁਰੂ ਅਰਜਨ ਸਾਹਿਬ ਦਾ ਸਮਕਾਲੀ ਨਹੀਂ ਬਲਕਿ ਔਰੰਗਜ਼ੇਬ ਦੇ ਵਕਤ ਦਾ ਹੋਇਆ ਕਵੀ ਸੀ ਜਿਸ ਨੇ ਅਦਿ ਗ੍ਰੰਥ ਦੇ ਅੰਤ ਵਿੱਚ ਅੰਕਤ ਰਾਗਮਾਲਾ ਦੇ ਪਦਾਂ ਨੂੰ ਅਪਣੀ ਰਚਨਾ ਵਿੱਚ ਸ਼ੂਮਾਰ ਕਰ ਲਿਆ ਸੀ। “ਸ. ਜੰਮੂ ਜੀ ਨੇ ਇਸ ਟੂਕ ਵਿੱਚ ਦੱਸੇ ਵਿਚਾਰਕਾਂ ਦੇ ਨਾਮ ਨਹੀਂ ਪ੍ਰਗਟਾਏ। ਉਹਨਾ ਨੇ ਅਜਿਹਾ ਸ਼ਾਇਦ ਇਸ ਲਈ ਕੀਤਾ ਹੈ ਕਿ ਇਸ ਟੂਕ ਵਿਚਲਾ ਵਿਚਾਰ ਅਤੇ ਆਲਮ ਕਵਿ ਨੂੰ ਔਰੰਗਜ਼ੇਬ ਦਾ ਸਮਕਾਲੀ ਬਣਾ ਦੇਣਾ ਉਹਨਾਂ ਦੇ ਆਪਣੇ ਦਿਮਾਗ ਦੀ ਹੀ ਕਾਢ ਹੈ।

ਸ੍ਰੀ ਆਦਿ ਗ੍ਰੰਥ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਰਕਾਸ਼ ਹੋਣ ਦੀ ਇਤਹਾਸਕ ਸਥਿਤੀ ਬਾਰੇ ਟਪਲੀਆਂ ਮਾਰਨ ਤੋਂ ਬਾਦ ਸ. ਜੰਮੂ ਜੀ ਗੁਰਬਾਣੀ ਸਬੰਧੀ ਇੱਕ ਅਨੁਚਿਤ ਟਿੱਪਣੀ ਇੰਜ ਕਰਦੇ ਹਨ:
“ਗੁਰੁਬਾਣੀ ਪਾਠ ਦੇ ਅੰਦਰ ਸਿਧਾਂਤਕ ਪੱਖ ਦੇ ਟੀਚੇ ਦੀ ਪ੍ਰਾਪਤੀ ਲਈ ਕਈ ਐਸੇ ਧਾਰਮਕ ਗ੍ਰੰਥਾਂ ਦੇ ਮਿੱਥਕਾਂ ਦਾ ਸੰਕੇਤਕ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ਮਿੱਥਕਾਂ ਵਿੱਚ ਕਈ ਹੋਰ ਅਸ਼ਲੀਲ ਕਿਸੇ-ਕਹਾਣੀਆਂ ਵੀ ਸਾਮਲ ਸਨ। ਇਸ ਲਈ ਰਾਗਾਂ ਦੇ ਨਾਮ ਦਾ ਬਾਣੀ ਤੋਂ ਬਾਹਰ ਹੋਰ ਕਿਸੇ ਮਕਸਦ ਲਈ ਇਸਤੇਮਾਲ ਕਰਨਾ ਕੋਈ ਵੱਡੀ ਮਾੜੀ ਗਲ ਨਹੀਂ ਪ੍ਰਤੀਤ ਹੁੰਦੀ” ।

ਸ. ਜੰਮੂ ਜੀ ਰਾਗਮਾਲਾ ਦੇ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕਰਨ ਨੂੰ ਉਚਿਤ ਠਹਿਰਾਉਣ ਲਈ ਇੱਕ ਹੋਰ ਵਚਿੱਤਰ ਤਰਕਵਿਧਾਨ ਘੜਦੇ ਹਨ। ਉਹ ਇਹ ਕਿ ਰਾਗਮਾਲਾ ਸ੍ਰੀ ਗ੍ਰੰਥ ਸਾਹਿਬ ਦੇ ‘ਸੰਕੇਤਾਤਮਕ/ਸੂਚਨਾਤਮਕ ਪਹਿਲੂ’ ਦਾ ਹਿੱਸਾ ਹੈ। ਸ. ਜੰਮੂ ਜੀ ਨੂੰ ਭਾਸ਼ਾ-ਵਿਗਿਆਨ ਦੀ ਜਾਣਕਾਰੀ ਨਾ ਹੋਣ ਕਰਕੇ ਇਸ ਤੱਥ ਦਾ ਗਿਆਨ ਨਹੀਂ ਕਿ ਸਮੁੱਚੀ ਭਾਸ਼ਾ ਹੀ ਸੰਕੇਤਾਤਮਕ/ਸੂਚਨਾਤਮਕ ਵਰਤਾਰਾ ਹੁੰਦੀ ਹੈ। ਭਾਸ਼ਾ ਦਾ ਇਹ ਲੱਛਣ ਭਾਸ਼ਾ ਦੇ ਮੁੱਢਲੇ ਅਸੂਲਾਂ ਵਿੱਚੋਂ ਇੱਕ ਹੈ। ਭਾਸ਼ਾ ਵਿਚਲੀਆਂ ਧੁਨੀਆਂ, ਸ਼ਬਦ, ਵਾਕ, ਧੁਨੀਆਂ ਦੇ ਪਰਤੀਕ ਅੱਖਰ, ਲਗਾਂ/ਮਾਤਰਾਵਾਂ ਅਤੇ ਅੰਕਾਂ ਸਮੇਤ ਸਾਰੇ ਲਿਪੀ-ਚਿੰਨ ਸੰਕੇਤਾਤਮਕ/ਸੂਚਨਾਤਮਕ ਸਮੱਗਰੀ ਹੀ ਹੁੰਦੇ ਹਨ। ਸ੍ਰੀ ਗ੍ਰੰਥ ਸਾਹਿਬ ਵਿੱਚ ਦਰਜ ਸਾਰੀ ਰਚਨਾ (ਅੱਖਰਾਂ/ਸ਼ਬਦਾਂ/ਸਤਰਾਂ/ਅੰਕਾਂ ਸਮੇਤ) ਪਹਿਲਾਂ ਭਾਸ਼ਾਈ ਸਮੱਗਰੀ ਹੀ ਹੈ ਜੋ ਇਸ ਨੂੰ ਪੁਸਤਕ ਰੂਪ ਪਰਦਾਨ ਕਰਦੀ ਹੈ। ਉਸ ਤੋਂ ਪਿੱਛੋਂ ਇਸ ਸਮੁੱਚੀ ਰਚਨਾ ਦਾ ਵੱਡਮੁੱਲਾ ਸੰਦੇਸ਼ ਸਿੱਖਾਂ ਦਾ ਗਿਆਰ੍ਹਵਾਂ ਗੁਰੂ ਹੈ। ਸੋ ਰਾਗਮਾਲਾ ਨੂੰ ਇਸ ਲੰਗੜੀ ਦਲੀਲ ਦੇ ਅਧਾਰ ਤੇ ਕਿ ਇਹ ਸ੍ਰੀ ਗ੍ਰੰਥ ਸਾਹਿਬ ਦੇ ਸੰਕੇਤਾਤਮਕ/ਸੂਚਨਾਤਮਕ ਪਹਿਲੂ ਦਾ ਹਿੱਸਾ ਹੈ, ਸ੍ਰੀ ਗ੍ਰੰਥ ਸਾਹਿਬ ਦਾ ਹਿੱਸਾ ਬਣਾਈ ਰੱਖਣ ਦੀ ਸਲਾਹ ਦੇਣਾ ਕੋਈ ਤਰਕਸੰਗਤ ਅਤੇ ਸੁਹਿਰਦ ਕਾਰਵਾਈ ਨਹੀਂ ਕਹੀ ਜਾ ਸਕਦੀ।

ਸ. ਜੰਮੂ ਜੀ ਸ੍ਰੀ ਆਦਿ ਗ੍ਰੰਥ ਸਬੰਧੀ ਇਹ ਵਿਚਾਰ ਦਿੰਦੇ ਹਨ ਕਿ “ਮੁੱਢਲੀ ਹੱਥ ਲਿਖਤ ਗੁਰੂਘਰ ਵਿੱਚ ਨਾ ਰਹੀ। ਪਰ ਬੇਸ਼ਕ ਗੁਰੂਘਰ ਲਈ ਇਹ ਕੋਈ ਵੱਡੀ ਗਲ ਨਹੀਂ ਸੀ ਜਿਵੇਂ ਕਿ ਅਸੀਂ ਸਮਝਦੇ ਹਾਂ” । ਇਥੇ ਸ. ਜੰਮੂ ਜੀ ਨਾਲ ਕਦਾਚਿਤ ਸਹਿਮਤ ਨਹੀਂ ਹੋਇਆ ਜਾ ਸਕਦਾ ਕਿ ਗੁਰੂਘਰ ਵਿਚੋਂ ਮੁਢਲੀ ਬੀੜ ਦਾ ਚਲੇ ਜਾਣਾ ਮਾਮੂਲੀ ਜਿਹੀ ਗੱਲ ਸੀ। ਸਗੋਂ ਇਹ ਤਾਂ ਸਿੱਖ ਇਤਹਾਸ ਦੀ ਇੱਕ ਨਹਾਇਤ ਹੀ ਮੰਦਭਾਗੀ ਘਟਨਾ ਹੈ ਜਿਸ ਕਰਕੇ ਸਿੱਖ ਕੌਮ ਆਪਣੇ ਧਾਰਮਿਕ ਗ੍ਰੰਥ ਦੀ ਪ੍ਰਮਾਣਿਕਤਾ ਦੇ ਸਬੰਧ ਵਿੱਚ ਸਦੀਆਂ ਤੋਂ ਭੰਬਲਭੂਸੇ ਵਾਲੀ ਸਥਿਤੀ ਵਿੱਚ ਪਈ ਹੋਈ ਹੈ। ਇਸੇ ਤਰ੍ਹਾਂ ਦਾ ਹੀ ਉਹਨਾਂ ਦਾ ਇਹ ਵਿਚਾਰ ਹੈ ਕਿ “ਇਸ ਵਿੱਚ ਮੌਲਿਕ ਰੂਪ ਵਿੱਚ ਸੁਭਾਵਕ ਤੋਰ ਤੇ ਕੁੱਝ ਐਸੀਆਂ ਅਲਾਮਤਾਂ, ਸੁਧਾਈਆਂ ਅਤੇ ਇੰਦਰਾਜ ਸਨ ਜੋ ਕਿ ਅਗਲੇ ਉਤਾਰਿਆਂ ਵਿੱਚ ਨਹੀਂ ਸੀ ਆਉਣੇ ਬਣਦੇ” । ਸਚਾਈ ਤਾਂ ਇਹ ਹੈ ਕਿ ਭਾਈ ਬੰਨੋ ਵਾਲੀ ਬੀੜ ਦੇ ਉਤਾਰਿਆਂ ਵਿੱਚ ਲਿਖਾਰੀਆਂ ਵੱਲੋਂ ਕਈ ਸੁਧਾਈਆਂ ਜਾਂ ਇੰਦਰਾਜ ਕੀਤੇ ਜਾਂਦੇ ਰਹੇ ਜੋ ਕਰਤਾਰਪੁਰੀ ਬੀੜ ਵਜੋਂ ਜਾਣੇ ਜਾਂਦੇ ਉਤਾਰੇ ਵਿੱਚ ਵੀ ਮੌਜੂਦ ਹਨ। ਕਰਤਾਰਪੁਰੀ ਬੀੜ ਦੀ ਇਹ ਕਮਜ਼ੋਰੀ ਛੁਪਾਉਣ ਲਈ ਹੀ ਸ. ਜੰਮੂ ਜੀ ਨੇ ਇਹ ਮਨਘੜਤ ਕਹਾਣੀ ਬਣਾ ਲਈ ਹੈ ਕਿ ਮੁੱਢਲੀ ਬੀੜ ਵਿੱਚ ਵੀ ਸੁਧਾਈਆਂ ਜਾਂ ਇੰਦਰਾਜ ਸਨ।

ਭਾਈ ਕਾਹਨ ਸਿੰਘ ਨਾਭਾ ਦੀ ਵਿਵਾਦਤ ਚਿੱਠੀ ਵਿਚੋਂ ਟੂਕ ਦਿੰਦੇ ਹੋਏ ਕਿ ਰਾਗਮਾਲਾ “ਇਤਨੀ ਦੁਖਦਾਈ ਵਸਤੂ ਨਹੀਂ” ਸ. ਜੰਮੂ ਜੀ ਰਾਗਮਾਲਾ ਬਾਰੇ ਸਿੱਖਾਂ ਦੇ ਸਨਮੁਖ ਆਪਣਾ ਨਿਰਨਾ ਇੰਜ ਪੇਸ਼ ਕਰਦੇ ਹਨ:
“ਜੇਕਰ ਉਹ ਗੁਰੂ ਗ੍ਰੰਥ ਸਾਹਿਬ ਦੇ ਪੁਸਕਤ ਸਵਰੂਪ ਵਿੱਚ ਰਾਗਮਾਲਾ ਦੀ ਮੋਜੂਦਗੀ ਨੂੰ ਤਤਕਰੇ ਅਤੇ ਵਰਤੀ ਗਈਆਂ ਕੁੱਝ ਗਣਿਤ ਸੰਖਿਆਵਾਂ ਵਾਂਗ ਹੀ ਬਾਣੀ ਪਾਠ ਦਾ ਹਿੱਸਾ ਨਾ ਸਮਝਣ ਤਾਂ ਇਸ ਸਬੰਧੀ ਉਹ ਸੁਚੇਤ ਹੋ ਸਕਦੇ ਹਨ ਅਤੇ ਸਿਧਾਂਤਕ ਸਮਝ ਬਣ ਸਕਦੀ ਹੈ” । ਭਾਵ ਕਿ ਰਾਗਮਾਲਾ ਨੂੰ ਸ੍ਰੀ ਗ੍ਰੰਥ ਸਾਹਿਬ ਵਿੱਚ ਜਿਉਂ ਦਾ ਤਿਉਂ ਪਿਆ ਰਹਿਣ ਦੇਣਾ ਚਾਹੀਦਾ ਹੈ। ਇਹ ਹੀ ਸ. ਜੰਮੂ ਜੀ ਮੁਤਾਬਕ ‘ਸਿਧਾਂਤਕ ਸਮਝ’ ਹੈ ਕਿਉਂਕਿ ਇਸ ਨਾਲ ਕਰਤਾਰਪੁਰੀ ਬੀੜ ਬਾਰੇ ਕਿੰਤੂ-ਪ੍ਰੰਤੂ ਕਰਨ ਦਾ ਇੱਕ ਮੁੱਦਾ ਤਾਂ ਖਤਮ ਹੋ ਹੀ ਜਾਵੇਗਾ।

ਰਾਗਮਾਲਾ ਦੀ ਅਸਲੀ ਸਥਿਤੀ ਬਾਰੇ ਤਾਂ ਸਿੱਖ ਕੌਮ ਕਾਫੀ ਜਾਗਰੂਕ ਹੋ ਚੁੱਕੀ ਹੈ ਅਤੇ ਸ. ਜੰਮੂ ਜੀ ਦੀਆਂ ਅਤਿਕਥਨੀਆਂ ਅਤੇ ਸ਼ਾਬਦਿਕ ਕਲਾਬਾਜ਼ੀਆਂ ਦਾ ਬਹੁਤਾ ਅਸਰ ਨਹੀਂ ਛੱਡਣ ਲੱਗੀਆਂ। ਪਰੰਤੂ ਕਰਤਾਰਪੁਰੀ ਬੀੜ ਬਾਰੇ ੳਹੁਨਾਂ ਦੇ ਸਟੈਂਡ ਬਾਰੇ ਦੋ ਸੁਝਾ ਉਹਨਾਂ ਦੇ ਸਨਮੁਖ ਪੇਸ਼ ਕਰਨੇ ਬਣਦੇ ਹਨ।
1. ਕਰਤਾਰਪੁਰੀ ਬੀੜ ਬਾਰੇ ਗੱਲ ਕਰਨ ਲਗਿਆਂ ਸ. ਜੰਮੂ ਜੀ ਭਾਈ ਜੋਧ ਸਿੰਘ ਤੋਂ ਇਲਾਵਾ ਹੋਰ ਦੂਸਰੇ ਵਿਦਵਾਨਾ ਦੇ ਵਿਚਾਰਾਂ ਨੂੰ ਵੀ ਪੇਸ਼ ਕਰਿਆ ਕਰਨ ਜਿਹਨਾਂ ਨੇ ਇਹ ਬੀੜ ਆਪ ਨਿਰਖ-ਪਰਖ ਕੇ ਜਾਂ ਇਸ ਸਬੰਧੀ ਵਿਧੀਵਤ ਖੋਜ ਕਰਕੇ ਆਪਣੇ ਪ੍ਰਤੀਕਰਮ ਅਤੇ ਨਿਰਨੇ ਪੇਸ਼ ਕੀਤੇ ਹੋਏ ਹਨ। ਇਹ ਸਾਰੀ ਜਾਣਕਾਰੀ ਸ. ਜੰਮੂ ਜੀ ਦੇ ਪਾਸ ਮੌਜੂਦ ਹੈ। ਆਪੂੰ ਇਹ ਬੀੜ ਦੇਖੇ ਬਗੈਰ ਕੇਵਲ ਭਾਈ ਜੋਧ ਸਿੰਘ ਦਾ ਹਵਾਲਾ ਹੀ ਦੇਣਾ ਸਿੱਖ ਕੌਮ ਨੂੰ ਗੁਮਰਾਹ ਕਰਨ ਵਾਲੀ ਗੱਲ ਹੈ।
2. ਸ. ਜੰਮੂ ਜੀ ਘਟੋ-ਘਟ ਪੰਜ ਸੁਹਿਰਦ ਵਿਦਵਾਨਾਂ ਦੀ ਕਮੇਟੀ ਬਣਾ ਕੇ ਜਲੰਧਰ ਨੇੜਲੇ ਕਰਤਾਰਪੁਰ ਜਾ ਕੇ ਸੋਢੀ ਪਰਿਵਾਰ ਕੋਲੋਂ ਕਰਤਾਰਪੁਰੀ ਬੀੜ ਪਰਾਪਤ ਕਰਕੇ ਇਸ ਦਾ ਨਿਰੀਖਣ ਕਰਵਾਉਣ ਅਤੇ ਇਸ ਬੀੜ ਬਾਰੇ ਜੋ ਵੀ ਸੱਚ ਹੈ ਉਸ ਨੂੰ ਸਾਹਵੇਂ ਲਿਆ ਕੇ ਸਿੱਖ ਕੌਮ ਨੂੰ ਭੰਬਲਭੂਸੇ ਵਾਲੀ ਸਥਿਤੀ ਵਿਚੋਂ ਬਾਹਰ ਕੱਢਣ ਦਾ ਉਪਕਾਰ ਕਰਨ। ਕਹਿੰਦੇ ਹਨ, ਹੱਥ ਕੰਗਣ ਨੂੰ ਆਰਸੀ ਕੀ।
ਆਸ ਹੈ ਕਿ ਸ. ਹਰਦੇਵ ਸਿੰਘ ਜੰਮੂ ਜੀ ਉਪਰੋਕਤ ਦੋਵੇਂ ਗੱਲਾਂ ਤੇ ਅਮਲ ਕਰਦੇ ਹੋਏ ‘ਖੋਜੀ’ ਦੀ ਉਸ ਪਦਵੀ ਦੇ ਹੱਕਦਾਰ ਬਣਨਗੇ ਜਿਸ ਸਬੰਧੀ ਗੁਰਬਾਣੀ ਵਿੱਚ ਸਪਸ਼ਟ ਆਦੇਸ਼ ਅੰਕਿਤ ਹੈ।

ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।




.