.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 21)

ਕੁਝ ਉਹ ਸ਼ਬਦ ਜਿਨ੍ਹਾ ਵਿਚ, ਅਗਿਆਨਤਾ ਵੱਸ, (ਜਾਂ ਹੋਰ ਕਿਸੇ ਮਨੋਰਥ ਅਧੀਨ) ਪੁਜਾਰੀ ਲਾਣੇ ਨੇ “ਗੁਰੁ” ਲਫਜ਼ ਨੂੰ ਨਾਨਕ ਨਾਲ ਜੋੜ ਕੇ, ਉਨ੍ਹਾਂ ਦੇ ਅਰਥਾਂ ਬਾਰੇ ਭਲੇਖੇ ਪਾਏ ਹਨ।

ੴ ਸਤਿ ਗੁਰ ਪ੍ਰਸਾਦਿ॥

(ਗੁਰੁ ਨਾਨਕ)

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ॥
ਪ੍ਰਤਿਪਾਲੇ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ॥ ੧॥
ਹਰਿ ਆਰਾਧਿ ਨ ਜਾਨਾ ਰੇ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ॥
ਹਰਿ ਜੀਉ ਨਾਮੁ ਪਰਿਓ ਰਾਮਦਾਸੁ॥ ਰਹਾਉ॥
ਦੀਨ ਦਇਆਲ ਕ੍ਰਿਪਾਲਿ ਸੁਖ ਸਾਗਰ ਸਰਬ ਘਟਾ ਭਰਭੂਰੀ ਰੇ॥
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ॥ ੨॥
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ॥
ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ॥ ੩॥
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੈ॥ ੪॥ (੬੧੨)

ਰਹਾਉ. ਹੇ ਭਾਈ ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਕੋਈ ਜਾਚ ਨਹੀਂ ਹੈ। ਮੈਂ ਤਾਂ ਖਾਲੀ ਮੂੰਹੋਂ ਹਰੀ ਹਰੀ ਗੁਰੁ ਗੁਰੁ ਕਰਦਾ ਰਹਿੰਦਾ ਹਾਂ। ਹੇ ਪ੍ਰਭੂ ਇਸ ਵਿਖਾਵੇ ਕਰ ਕੇ ਹੀ ਲੋਕਾਂ ਨੇ ਮੇਰਾ ਨਾਮ ਰਾਮਦਾਸ, ਵਾਹਿਗੁਰੂ ਦਾ ਭਗਤ ਰੱਖ ਦਿੱਤਾ ਹੈ॥
੧. ਉਹ ਠਾਕੁਰ, ਉਹ ਮਾਲਿਕ ਕ੍ਰੋੜਾਂ ਬ੍ਰਹਮੰਡਾਂ ਦਾ ਠਾਕੁਰ, ਮਾਲਕ ਹੈ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਭ ਦੀ ਨਿੱਤ, ਹਰ ਵੇਲੇ ਪਾਲਣਾ ਕਰਦਾ ਹੈ, ਸਦਾ ਸਾਰ ਸੰਭਾਲ ਕਰਦਾ ਹੈ, ਮੈ ਮੂਰਖ ਨੇ ਉਸ ਦਾ ਇੱਕ ਵੀ ਗੁਣ, ਉਪਕਾਰ ਨਹੀਂ ਜਾਣਿਆ।
੨. ਜਿਹੜਾ ਭਗਵਾਨ ਗਰੀਬਾਂ ਤੇ ਦਇਆ ਕਰਨ ਵਾਲਾ ਹੈ, ਜਿਹੜਾ ਦਇਆ ਦਾ ਘਰ ਹੈ, ਸੁੱਖਾਂ ਦਾ ਸਮੁੰਦਰ ਹੈ, ਸਾਰੇ ਸਰੀਰਾਂ ਵਿੱਚ ਹਰ ਥਾਂ, ਹਰ ਵੇਲੇ ਮੌਜੂਦ ਹੈ। ਜਿਹੜਾ ਸਭ ਜੀਵਾਂ ਦੇ ਨਾਲ ਰਹਿੰਦਾ ਹੋਇਆ ਸਭ ਦੇ ਕਰਮ ਵੇਖਦਾ ਹੈ, ਸਭ ਦੇ ਮਨ ਦੇ ਫੁਰਨੇ ਸੁਣਦਾ ਹੈ, ਅਜਿਹੇ ਕਰਤਾਰ ਨੂੰ ਮੈਂ ਮੂਰਖ ਕਿਤੇ ਦੂਰ ਵਸਦਾ ਸਮਝ ਰਿਹਾ ਹਾਂ।
੩. ਹੇ ਭਾਈ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਉਸ ਦੇ ਗੁਣਾਂ ਨੂੰ ਗਿਣਤੀ ਮਿਣਤੀ ਵਿੱਚ ਦਸਦਾ ਹਾਂ, ਅਜਿਹੀ ਹਾਲਤ ਵਿੱਚ ਮੈਂ ਕਿਵੇਂ ਜਾਣ ਸਕਦਾ ਹਾਂ ਕਿ ਉਹ ਬੇਅੰਤ ਪਰਮਾਤਮਾ ਕਿਹੋ ਜਿਹਾ ਹੈ? ਹੇ ਭਾਈ ਮੈਂ ਤਾਂ ਸਤਿਗੁਰ, ਸੱਚੇ ਸ਼ਬਦ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੁੰ ਮੂਰਖ, ਕਮਅਕਲ ਨੂੰ ਵੀ ਉਪਦੇਸ਼, ਗਿਆਨ ਦੀ ਸਿਖਿਆ ਦੇਵੋ।
੪. ਮੇਰੀ ਕਮਅਕਲੇ ਦੀ ਤਾਂ ਗੱਲ ਹੀ ਕੀ ਹੈ? ਗੁਰ ਸ਼ਬਦ ਦੀ ਸਿਖਿਆ ਆਸਰੇ ਤਾਂ ਕ੍ਰੋੜਾਂ ਅਪਰਾਧੀ ਵੀ ਭਵ ਸਾਗਰ ਤੋਂ ਪਾਰ ਹੋ ਗਏ ਹਨ। ਹੇ ਨਾਨਕ ਜਿਸ ਬੰਦੇ ਨੇ ਗੁਰ ਸ਼ਬਦ ਦੀ ਸਿਖਿਆ ਆਸਰੇ ਗੁਰੁ ਕਰਤਾਰ ਬਾਰੇ ਜਾਣਿਆ ਹੈ, ਉਸ ਨੂੰ ਵੇਖਿਆ, ਮਹਿਸੂਸ ਕੀਤਾ ਹੈ, ਉਸ ਨਾਲ ਜੁੜਿਆ ਹੈ, ਉਸ ਦੀ ਰਜ਼ਾ ਵਿੱਚ ਚਲਿਆ ਹੈ, ਉਹ ਮੁੜ ਕੇ ਗਰਭ ਵਿਚ, ਜੂਨਾਂ ਵਿਚ, ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ।

ਅਤੇ,

ੴ ਸਤਿ ਗੁਰ ਪ੍ਰਸਾਦਿ

ਗੁਰੁ ਨਾਨਕੁ ਨਾਨਕੁ ਹਰਿ ਸੋਇ

ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥
ਗੁਰੁ ਮੇਰਾ ਦੇਉ ਅਲਖ ਅਭੇਉ॥ ਸਰਬ ਪੂਜ ਚਰਨ ਗੁਰ ਸੇਉ॥ ੧॥
ਗੁਰ ਬਿਨੁ ਅਵਰੁ ਨਾਹੀ ਮੈ ਥਾਉ॥ ਅਨਦਿਨੁ ਜਪਉ ਗੁਰੂ ਗੁਰ ਨਾਉ॥ ੧॥ ਰਹਾਉ॥
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ॥ ਗੁਰੁ ਗੋਪਾਲੁ ਪੁਰਖੁ ਭਗਵਾਨੁ॥
ਗੁਰ ਕੀ ਸਰਣਿ ਰਹਉ ਕਰ ਜੋਰਿ॥ ਗੁਰੂ ਬਿਨਾ ਮੈ ਨਾਹੀ ਹੋਰੁ॥ ੨॥
ਗੁਰੁ ਬੋਹਿਥੁ ਤਾਰੇ ਭਵ ਪਾਰਿ॥ ਗੁਰ ਸੇਵਾ ਜਮ ਤੇ ਛੁਟਕਾਰਿ॥
ਅੰਧਕਾਰ ਮਹਿ ਗੁਰ ਮੰਤ੍ਰ ਉਜਾਰਾ॥ ਗੁਰ ਕੈ ਸੰਗਿ ਸਗਲ ਨਿਸਤਾਰਾ॥ ੩॥
ਗੁਰੁ ਪੂਰਾ ਪਾਈਐ ਵਡਭਾਗੀ॥ ਗੁਰ ਕੀ ਸੇਵਾ ਦੂਖੁ ਨ ਲਾਗੀ॥
ਗੁਰ ਕਾ ਸਬਦੁ ਨ ਮੇਟੈ ਕੋਇ॥ ਗੁਰੁ ਨਾਨਕੁ ਨਾਨਕੁ ਹਰਿ ਸੋਇ॥ ੪॥ (੮੬੪)

ਰਹਾਉ. ਹੇ ਭਾਈ ਗੁਰ (ਸ਼ਬਦ) ਤੋਂ ਬਿਨਾ, ਮੈਨੂੰ ਹੋਰ ਕੋਈ ਥਾਂ, ਕੋਈ ਆਸਰਾ ਨਹੀਂ ਹੈ, ਜਿਸ ਤੋਂ ਸਿਖਿਆ ਲੈ ਕੇ ਮੈਂ ਮਾਇਆ ਮੋਹ ਦੇ ਹਨੇਰੇ, ਤ੍ਰਿਸ਼ਨਾਵਾਂ ਦੀ ਅੱਗ ਤੋਂ ਛੁਟਕਾਰਾ ਪਾਉਂਦੇ ਹੋਏ, ਪ੍ਰਭੂ ਦੀ ਰਜ਼ਾ, ਪਰਭੂ ਦੇ ਨਾਮ, ਪਰਭੂ ਦੇ ਹੁਕਮ ਦੀ ਪਾਲਣਾ ਕਰ ਕੇ ਭਵ ਸਾਗਰ ਤੋਂ ਪਾਰ ਹੋ ਸਕਾਂ, ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਪਾ ਸਕਾਂ। ਇਸ ਲਈ ਮੈਂ ਹਰ ਵੇਲੇ ਗੁਰੂ ਦਾ ਨਾਉ, ਗੁਰ ਸ਼ਬਦ ਦੀ ਸਿਖਿਆ ਯਾਦ ਰੱਖਦਾ ਹਾਂ।
੧. ਹੇ ਭਾਈ ਗੁਰੁ (ਪਰਮਾਤਮਾ) ਦੇ ਹੁਕਮ ਵਿੱਚ ਚਲਣਾ ਹੀ ਮੇਰੀ ਪੂਜਾ ਹੈ, ਗੁਰੁ ਪ੍ਰਭੂ ਹੀ ਧਰਤੀ (ਦੇ ਜੀਵਾਂ) ਨੂੰ ਪਾਲਣ ਵਾਲਾ (ਗੋਬਿੰਦ) ਹੈ। ਗੁਰੁ (ਪਰਮੇਸ਼ਰ) ਹੀ ਮੇਰਾ ਪਾਰਬ੍ਰਹਮ ਹੈ, ਮੇਰਾ ਭਗਵੰਤ ਹੈ। ਮੇਰਾ ਗੁਰੁ, ਵਾਹਿਗੁਰੂ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦਾ ਸਰੂਪ ਬਿਆਨ ਤੋਂ ਬਾਹਰਾ ਹੈ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਮੇਰੀ ਸਾਰੀ ਪੂਜਾ ਗੁਰ (ਸ਼ਬਦ) ਦੇ ਚਰਨਾਂ ਦੀ ਸੇਵਾ ਹੈ, ਜਿਸ ਆਸਰੇ ਵਾਹਿਗੁਰੂ ਦੀ ਰਜ਼ਾ ਬਾਰੇ ਗਿਆਨ ਹੁੰਦਾ ਹੈ। (ਗੁਰ ਸ਼ਬਦ ਦੀ ਸੇਵਾ ਕੀ ਹੈ? ਗੁਰ ਕੀ ਸੇਵਾ ਸਬਦੁ ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ ੨੨੩)
੨. ਮੇਰੇ ਵਾਸਤੇ ਗੁਰੁ (ਅਕਾਲ) ਦੀ ਸੇਵਾ ਹੀ ਗਿਆਨ ਹੈ, ਮੇਰੇ ਹਿਰਦੇ ਵਿੱਚ ਹਮੇਸ਼ਾ ਪਰਭੂ ਦਾ ਹੀ ਧਿਆਨ ਰਹਿੰਦਾ ਹੈ। ਗੁਰੁ, ਕਰਤਾਰ ਹੀ ਸਭ ਨੂੰ ਪਾਲਣ ਵਾਲਾ ਹੈ, ਉਹੀ ਇਕੋ ਇੱਕ ਪੁਰਖ ਭਗਵਾਨ ਹੈ। (ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ੫੯੧) ਇਸ ਸਭ ਕਾਸੇ ਦੀ ਸੋਝੀ ਹਾਸਲ ਕਰਨ ਲਈ ਮੇਰੇ ਕੋਲ, ਗੁਰ, ਸ਼ਬਦ ਤੋਂ ਬਿਨਾ ਹੋਰ ਕੋਈ ਸਾਧਨ ਨਹੀਂ ਹੈ, ਏਸੇ ਲਈ ਮੈਂ ਹਮੇਸ਼ਾ ਦੋਵੇਂ ਹੱਥ ਜੋੜ ਕੇ, ਨਿਮਰਤਾ ਸਹਿਤ ਗੁਰ, ਸ਼ਬਦ ਦੀ ਸ਼ਰਨ ਵਿੱਚ ਰਹਿੰਦਾ ਹਾਂ।
੩. ਗੁਰੁ, ਕਰਤਾਰ ਹੀ ਉਹ ਜਹਾਜ਼ ਹੈ ਜੋ ਸਭ ਨੂੰ ਭਵ ਸਾਗਰ ਤੋਂ ਪਾਰ ਕਰਦਾ ਹੈ। ਗੁਰ, ਸ਼ਬਦ ਹੀ ਉਹ ਹਸਤੀ ਹੈ ਜਿਸ ਦੀ ਸੇਵਾ ਆਸਰੇ ਜਮ ਤੋਂ, ਮੌਤ ਤੋਂ, ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਮਿਲਦਾ ਹੈ। ਮਾਇਆ ਮੋਹ ਦੀ ਅਗਿਆਨਤਾ ਦੇ ਘੁੱਪ ਹਨੇਰੇ ਵਿੱਚ ਗੁਰ, ਸ਼ਬਦ ਦੀ ਸਿਖਿਆ ਹੀ ਗਿਆਨ ਦਾ ਚਾਨਣ ਹੈ। ਗੁਰ, ਸ਼ਬਦ ਨਾਲ ਜੁੜਿਆਂ ਹੀ ਸਭ ਦਾ ਨਿਸਤਾਰਾ, ਸਭ ਦਾ ਪਾਰ ਉਤਾਰਾ ਹੋ ਜਾਂਦਾ ਹੈ।
੪. ਪੂਰਾ ਗੁਰੁ, ਪਰਮਾਤਮਾ ਵੱਡੇ ਭਾਗਾਂ ਨਾਲ ਮਿਲਦਾ ਹੈ। ਗੁਰ ਸ਼ਬਦ ਦੀ ਸੇਵਾ ਕਰਨ ਨਾਲ, ਸ਼ਬਦ ਨੂੰ ਵਿਚਾਰ ਕੇ ਉਸ ਅਨੁਸਾਰ ਚਲਣ ਨਾਲ ਕੋਈ ਦੁਖ ਪੋਹ (ਲਗ) ਨਹੀਂ ਸਕਦਾ। ਗੁਰ, ਸ਼ਬਦ ਦੇ ਗਿਆਨ ਨੂੰ ਕੋਈ ਮਿਟਾ ਨਹੀਂ ਸਕਦਾ, ਕੋਈ ਗਲਤ ਸਾਬਤ ਨਹੀਂ ਕਰ
ਸਕਦਾ। ਹੇ ਨਾਨਕ, ਸ਼ਬਦ ਦੀ ਸਿਖਿਆ ਅਨੁਸਾਰ, ਗੁਰੁ ਪਰਮਾਤਮਾ ਦੀ ਰਜ਼ਾ, ਰੱਬ ਦੇ ਹੁਕਮ ਵਿੱਚ ਚਲਣ ਕਰ ਕੇ ਹੀ ਨਾਨਕ ਵੀ ਹਰੀ ਪਰਮਾਤਮਾ ਦਾ ਹੀ ਰੂਪ ਹੋ ਗਿਆ ਹੈ।

ਅਤੇ,

ੴ ਸਤਿ ਗੁਰ ਪ੍ਰਸਾਦਿ॥

ਗੁਰੁ ਨਾਨਕੁ ਉਪਦੇਸ ਕਹਤੁ ਹੈ

ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ॥
ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ॥ ੧॥
ਰੇ ਨਰ ਐਸੀ ਕਰਹਿ ਇਆਨਥ॥
ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ॥ ੧॥ ਰਹਾਉ॥
ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ॥
ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ॥ ੨॥
ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ॥
ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ॥ ੩॥
ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥
ਗੁਰੁ ਨਾਨਕੁ ਉਪਦੇਸੁ ਕਹਿਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ ੪॥ (੧੦੦੧)
ਰਹਾਉ. ਹੇ ਮਨੁੱਖ, ਤੂੰ ਬੜੀ ਇਆਣਿਆਂ ਵਾਲੀ, ਨਾਦਾਨਾਂ ਵਾਲੀ ਗੱਲ ਕਰ ਰਿਹਾ ਹੈਂ। ਤੂੰ, ਸੰਸਾਰ ਦੇ ਆਸਰੇ, ਸੰਸਾਰ ਦੇ ਮੁੱਢ ਨੂੰ ਛੱਡ ਕੇ, ਭਰਮ ਭਟਕਣਾ ਵਿੱਚ ਕੁਰਾਹੇ ਪਿਆ, ਮਾਇਆ ਮੋਹ ਵਿੱਚ ਫਸਿਆ, ਪਰਮਾਤਮਾ ਦੀ ਦਾਸੀ, ਮਾਇਆ ਨਾਲ ਸਾਥ ਬਣਾ ਰਿਹਾ ਹੈਂ, ਮਾਇਆ ਨਾਲ ਜੁੜ ਰਿਹਾ ਹੈਂ।
੧. ਹੇ ਅਗਿਆਨੀ ਮਨੁੱਖ, ਤੂੰ ਉਸ ਪਰਮਾਤਮਾ ਨੂੰ, ਜੋ ਪਰਾਣਾਂ ਨੂੰ, ਜਿੰਦ ਨੂੰ ਸੁਖ ਦੇਣ ਵਾਲਾ ਹੈ, ਜੋ ਜੀਅ ਨੂੰ, ਆਤਮਾ ਨੂੰ ਸੁਖ ਦੇਣ ਵਾਲਾ ਹੈ, ਕਿਉਂ ਵਿਸਾਰ ਦਿੱਤਾ ਹੈ, ਕਿਉਂ ਭੁਲਾ ਦਿੱਤਾ ਹੈ? ਤੂੰ ਮਾਇਆ ਮੋਹ ਦਾ ਥੋੜ੍ਹ ਚਿਰਾ ਨਸ਼ਾ ਕਰ ਕੇ ਬਾਵਰਾ, ਪਾਗਲ ਹੋ ਰਿਹਾ ਹੈਂ। ਇਸ ਝੂਠੇ ਨਸ਼ੇ ਵਿਚ, ਤੇਰਾ ਦੁਰਲੱਭ ਜੀਵਣ, ਬਹੁਤ ਔਖਿਆਂ ਮਿਲਣ ਵਾਲਾ ਜੀਵਣ, ਵਿਅਰਥ ਹੀ ਬੀਤਦਾ ਜਾ ਰਿਹਾ ਹੈ।
੨. ਹੇ ਭਾਈ, ਤੇਰੀ ਦੁਰਲੱਭ ਜ਼ਿੰਦਗੀ, ਸਾਰੀ ਸ੍ਰਿਸ਼ਟੀ ਦੇ ਆਸਰੇ, ਕਰਤਾਰ ਨੂੰ ਛੱਡ ਕੇ, ਨੀਵੀਂ ਕੁਲ ਵਾਲੀ ਮਾਇਆ ਦੀ ਸੇਵਾ ਕਰਦਿਆਂ, ਮਾਇਆ ਪਿੱਛੇ ਭੱਜ ਦੌੜ ਕਰਦਿਆਂ, ਹਉਮੈ ਵਿੱਚ ਫਸ ਕੇ, ਮੈ ਮੈ ਕਰਦਿਆਂ, ਬਿਨਾ ਕਿਸੇ ਮਕਸਦ ਦੇ ਬੀਤਦੀ ਜਾ ਰਹੀ ਹੈ, ਕਿਉਂਕਿ ਜਿਸ ਮਾਇਆ ਪਿੱਛੇ ਤੂੰ ਭੱਜ ਦੌੜ ਕਰ ਟਿਹਾ ਹੈਂ, ਉਹ ਤਾਂ ਤੇਰੇ ਸਵਾਸਾਂ ਦੇ ਅੰਤ ਦੇ ਨਾਲ ਹੀ ਪਰਾਈ ਹੋ ਜਾਣੀ ਹੈ।
ਹੇ ਮਨਮੁੱਖ, ਗੁਰੂ ਦੀ ਸਿਖਿਆ ਨੂੰ ਛੱਡ ਕੇ ਮਨ ਦੇ ਕਹੇ ਵਿੱਚ ਚਲਣ ਵਾਲੇ ਮੂਰਖ ਮਨੁੱਖ, ਤੂੰ ਅਗਿਆਨਤਾ ਵਿੱਚ ਫੋਕਟ ਕਰਮ ਕਰਦਾ, ਬੇਕਾਰ ਦੇ ਕੰਮ ਕਰਨ ਕਰ ਕੇ ਅੰਨ੍ਹਾ ਅਖਵਾ ਰਿਹਾ ਹੈਂ।
੩. ਹੇ ਭਾਈ, ਜਿਹੜਾ ਪਰਮਾਤਮਾ ਸਦੀਵੀ ਸੱਚ ਹੈ, ਹਮੇਸ਼ਾ ਕਾਇਮ ਰਹਣ ਵਾਲਾ ਹੈ, ਤੂੰ ਅਗਿਆਨਤਾ ਵੱਸ ਉਸ ਦੀ ਹਸਤੀ ਨੂੰ ਮੰਨਣ ਤੋਂ ਹੀ ਇਨਕਾਰੀ ਹੈਂ। ਜਿਹੜਾ ਸੰਸਾਰ ਬਿਨਸ ਜਾਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ, ਤੂੰ ਉਸ ਨੂੰ ਹੀ ਸਤ ਕਰ ਕੇ, ਹਮੇਸ਼ਾ ਕਾਇਮ ਰਹਣ ਵਾਲਾ ਕਰ ਕੇ ਮੰਨ ਰਿਹਾ ਹੈਂ। ਜਿਸ ਮਾਇਆ ਨੇ ਇੱਕ ਦਿਨ ਹਰ ਹਾਲਤ ਵਿੱਚ ਪਰਾਈ ਹੋ ਜਾਣਾ ਹੈ, ਤੂੰ ਉਸ ਨੂੰ ਅਪਣੀ ਜਾਣ ਕੇ ਜੱਫਾ ਮਾਰੀ ਬੈਠਾ ਹੈਂ। ਤੂੰ ਕੈਸੀ ਭੁੱਲ ਭੁਲਈਆਂ ਵਿੱਚ ਭੁਲਿਆ, ਫਸਿਆ ਹੋਇਆ ਹੈਂ?
੪. ਹੇ ਭਾਈ, ਹਰ ਬੰਦਾ ਭਾਵੇਂ ਉਹ ਖੱਤ੍ਰੀ ਹੋਵੇ, ਭਾਵੇਂ ਬ੍ਰਾਹਮਣ ਹੋਵੇ, ਭਾਵੇਂ ਵੈਸ਼ ਜਾਂ ਸ਼ੂਦਰ ਹੋਵੇ, ਹਿੰਦੁਸਤਾਨੀ ਹੋਵੇ ਜਾਂ ਪਾਕਿਸਤਾਨੀ, ਦੁਨੀਆ ਦੇ ਕਿਸੇ ਦੇਸ਼, ਜਾਤ ਜਾਂ ਧਰਮ ਨਾਲ ਸਬੰਧਤ ਹੋਵੇ, ਸਭ ਕਰਤਾਰ ਦਾ ਨਾਮ ਸਿਮਰ ਕੇ, ਉਸ ਦੇ ਹੁਕਮ ਵਿੱਚ ਚਲ ਕੇ ਹੀ, ਇਸ ਸੰਸਾਰ ਰੂਪੀ ਭਵਸਾਗਰ ਨੂੰ ਤਰਦੇ ਹਨ।
ਨਾਨਕ, ਉਸ ਗੁਰੁ, ਅਕਾਲ ਬਾਰੇ, ਜਿਹੜਾ ਉਪਦੇਸ਼ ਦਿੰਦਾ ਹੈ, ਜੋ ਸੋਝੀ ਦਿੰਦਾ ਹੈ, ਉਸ ਨੂੰ ਜਿਹੜਾ ਵੀ ਮਨੁੱਖ ਸੁਣ ਲੈਂਦਾ ਹੈ, ਸ਼ਬਦ ਵਿਚਾਰ ਆਸਰੇ ਉਸ ਨੂੰ ਸਮਝ ਲੈਂਦਾ ਹੈ, ਉਸ ਅਨੁਸਾਰ ਜੀਵਨ ਢਾਲ ਲੈਂਦਾ ਹੈ, ਉਹੀ ਸੰਸਾਰ ਸਮੁੰਦਰ ਵਿਚਲੀਆਂ ਮਾਇਆ ਦੀਆਂ ਛੱਲਾਂ ਤੋਂ ਬਚ ਕੇ ਪਾਰ ਲੰਘ ਜਾਂਦਾ ਹੈ।

ਅਤੇ,

ੴ ਸਤਿ ਗੁਰ ਪ੍ਰਸਾਦਿ॥

ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ

ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ॥
ਤੁਠਾ ਸਚਾ ਪਾਤਸਾਹੁ ਤਾਪੁ ਗਇਆ ਸੰਸਾਰਾ॥ ੧॥
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ॥ ੧॥ ਰਹਾਉ॥
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ॥
ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ॥ ੨॥
ਤੇਰਾ ਰੂਪ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ॥
ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ ਹਰਿ ਨਾਮੁ ਪਿਆਰਾ॥ ੩॥
ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ॥
ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ॥ ੪॥ (੭੪੭)

ਰਹਾਉ. ਹੇ ਸਦਾ ਕਾਇਮ ਰਹਣ ਵਾਲੇ, ਸੱਚੇ ਸਿਰਜਣਹਾਰ ਕਰਤਾਰ, ਭਗਤਾਂ ਨੂੰ ਤੇਰੀ ਹੀ ਟੇਕ ਹੈ। ਸੰਤਾਂ, ਸਤਸੰਗੀਆਂ ਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ।
੧. ਹੇ ਭਾਈ, ਮੈਂ ਤਾਂ ਹਮੇਸ਼ਾ ਸਤਿਗੁਰ, ਸ਼ਬਦ ਗੁਰੁ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਵੀ ਪਰਭੂ ਦੇ ਨਾਮ, ਉਸ ਦੇ ਹੁਕਮ ਬਾਰੇ ਸੋਝੀ ਬਖਸ਼ੋ, ਤਾਂ ਜੋ ਮੈਂ ਵੀ ਅਕਾਲ ਨਾਲ ਜੁੜ ਸਕਾਂ। ਜਿਸ ਤੇ ਵੀ, ਸਦਾ ਕਾਇਮ ਰਹਣ ਵਾਲਾ ਪਰਭੂ ਪਾਤਸ਼ਾਹ ਦਿਆਲ ਹੁੰਦਾ ਹੈ, ਉਸ ਦਾ ਮਅਇਆ ਮੋਹ ਵਾਲਾ, ਤ੍ਰਿਸ਼ਨਾਵਾਂ ਵਾਲਾ ਤਾਪ, ਬੁਖਾਰ ਦੂਰ ਹੋ ਜਾਂਦਾ ਹੈ। ਮੈਂ ਵੀ ਉਸ ਨਾਲ ਜੁੜ ਕੇ ਅਪਣੀਆਂ ਤ੍ਰਿਸ਼ਨਾਵਾਂ ਅਤੇ ਮਾਇਆ ਦੇ ਮੋਹ ਤੋਂ ਛੁਟਕਾਰਾ ਪਾ ਲਵਾਂ।
੨. ਹੇ ਪ੍ਰਭੂ, ਤੇਰਾ ਦਰਬਾਰ ਸੱਚਾ, ਸਦੀਵੀ, ਹਮੇਸ਼ਾ ਕਾਇਮ ਰਹਣ ਵਾਲਾ ਹੈ। ਤੇਰੇ ਖਜਾਨਿਆਂ ਵਿਚਲੇ ਪਦਾਰਥ ਵੀ ਹਮੇਸ਼ਾ ਭਰਪੂਰ ਰਹਣ ਵਾਲੇ ਹਨ। ਤੇਰਾ ਪੈਦਾ ਕੀਤਾ ਇਹ ਸੰਸਾਰ ਪਸਾਰਾ ਵੀ ਅਟੱਲ ਨਿਯਮਾਂ ਵਾਲਾ ਹੈ, ਇਨ੍ਹਾਂ ਨੂੰ ਕਿਸੇ ਕਰਾਮਾਤ ਆਸਰੇ ਬਦਲਿਆ ਨਹੀਂ ਜਾ ਸਕਦਾ।
੩. ਹੇ ਅਕਾਲਪੁਰਖ, ਤੇਰੀ ਹਸਤੀ ਐਸੀ ਹੈ, ਜਿਸ ਤਕ, ਤੇਰੀ ਮਿਹਰ ਤੋਂ ਬਗੈਰ ਪਹੁੰਚ ਸੰਭਵ ਨਹੀਂ ਹੈ। ਤੇਰਾ ਦਰਸ਼ਣ ਵੀ ਅਦੁੱਤੀ ਹੈ, ਵਿਸਮਾਦੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਹੇ ਵਾਹਿਗੁਰੂ ਮੈਂ ਤੇਰੇ ਉਨ੍ਹਾਂ ਸੇਵਕਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ, ਤੇਰੀ ਰਜ਼ਾ, ਤੇਰਾ ਹੁਕਮ ਪਿਆਰਾ ਹੈ, ਜੋਤੇਰੇ ਹੁਕਮ ਅਨੁਸਾਰ ਚਲਦੇ ਹਨ।
੪. ਹੁਣ ਨਾਨਕ ਨੁੰ ਸ਼ਬਦ ਗੁਰੂ ਦੇ ਗਿਆਨ ਆਸਰੇ, ਪਰਮਾਤਮਾ ਦੇ ਹੁਕਮ ਵਿੱਚ ਚਲਿਆਂ, ਪ੍ਰਭੂ ਵਲੋਂ ਹੋਈ ਮਿਹਰ ਸਦਕਾ ਗੁਰੁ, ਅਕਾਲਪੁਰਖ ਮਿਲ ਪਿਆ ਹੈ। ਹੇ ਪਾਰਬ੍ਰਹਮ ਮੈਂ ਤੇਰਿਆਂ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਹੁਣ ਉਸ ਅਗਮ-ਅਪਾਰ ਨਾਲ ਜੁੜ ਕੇ ਮੇਰੀਆਂ ਸਾਰੀਆਂ ਇਛਿਆਵਾਂ ਪੂਰੀਆਂ ਪੂਰੀਆਂ ਹੋ ਗਈਆਂ ਹਨ, ਮਨ ਵਿੱਚ ਕੋਈ ਇੱਛਾ ਬਾਕੀ ਨਹੀਂ ਰਹੀ

ਅਤੇ,

ੴ ਸਤਿ ਗੁਰ ਪ੍ਰਸਾਦਿ॥

ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ॥

ਰੈਣਿ ਦਿਨਸੁ ਦੁਇ ਸਦੇ ਪਏ॥ ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ॥ ੧॥
ਹਰਿ ਹਰਿ ਚੇਤਿ ਸਦਾ ਮਨ ਮੇਰੇ॥
ਸਭੁ ਆਲਸੁ ਦੂਖ ਭੰਜਿ ਪ੍ਰਭ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ॥ ੧॥ ਰਹਾਉ॥
ਮਨਮੁਖ ਫਿਰਿ ਫਿਰਿ ਹਉਮੈ ਮੁਏ॥ ਕਾਲ ਦੈਤਿ ਸੰਘਾਰੇ ਜਮ ਪੁਰਿ ਗਏ॥ ੨॥
ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ॥ ਜਨਮ ਮਰਣ ਦੋਊ ਦੁਖ ਭਾਗੇ॥ ੩॥
ਭਗਤ ਜਨਾ ਕਉ ਹਰਿ ਕਿਰਪਾ ਧਾਰੀ॥ ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ॥ ੪॥ (੧੧੭੭)
ਰਹਾਉ = ਹੇ ਮੇਰੇ ਮਨ ਤੂੰ ਹਰ ਵੇਲੇ ਹਰੀ ਨੁੰ ਯਾਦ ਰੱਖਿਆ ਕਰ, ਸ਼ਬਦ ਗੁਰੂ ਦੀ ਮੱਤ, ਸਿਖਿਆ ਅਨੁਸਾਰ ਪਰਭੂ ਦੇ ਗੁਣ ਗਾਇਆ ਕਰ, ਗੁਣਾਂ ਦੀ ਵਿਚਾਰ ਕਰਿਆ ਕਰ। ਜਿਸ ਨੇ ਇਸ ਤਰ੍ਹਾਂ ਹਰ ਵੇਲੇ ਪ੍ਰਭੂ ਨੁੰ ਯਾਦ ਕੀਤਾ, ਉਨ੍ਹਾਂ ਨੇ ਅਪਣਾ ਸਾਰਾ ਆਲਸ ਦੂਰ ਕਰ ਕੇ, ਦੁੱਖਾਂ ਨੂੰ ਦੂਰ ਕਰਨ ਵਾਲੇ ਪਰਭੂ ਦਾ ਮਿਲਾਪ ਹਾਸਲ ਕਰ ਲਿਆ।
੧. = ਹੇ ਮੇਰੇ ਮਨ ਤੂੰ ਹਰ ਵੇਲੇ ਹਰੀ ਦਾ ਸਿਮਰਣ ਕਰਿਆ ਕਰ, ਉਸ ਦੇ ਹੁਕਮ ਵਿੱਚ ਚਲਿਆ ਕਰ। (ਸਿਮਰਣ ਬਾਰੇ ਗੁਰੂ ਸਾਹਿਬ ਇਵੇਂ ਸੇਧ ਦਿੰਦੇ ਹਨ,

ਸਿਮਰੈ ਧਰਤੀ ਅਰੁ ਆਕਾਸਾ॥ ਸਿਮਰਹਿ ਚੰਦ ਸੂਰਜ ਗੁਣਤਾਸਾ॥
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ॥ ੧॥ (੧੦੭੮)
ਵਿਚਾਰਨ ਵਾਲੀ ਗੱਲ ਹੈ ਕਿ ਇਹ ਸਾਰੇ ਕਿਹੜੇ ਤਬਲੇ ਵਾਜਿਆਂ ਨਾਲ, ਕਿਹੜੇ ਚਿਮਟੇ ਉਲਾਰ ਉਲਾਰ ਕੇ ਸਿਮਰ ਰਹੇ ਹਨ? ਇਹ ਸਾਰੇ ਪਰਭੂ ਦੇ ਹੁਕਮ ਵਿੱਚ ਹੀ ਚਲ ਰਹੇ ਹਨ। ਕਰਤਾਰ ਦੇ ਹੁਕਮ ਵਿੱਚ ਚਲਣਾ ਹੀ ਉਸ ਦਾ ਸਿਮਰਨ ਕਰਨਾ ਹੈ।) ਕਿਉਂਕਿ ਰਾਤ ਦਿਨ ਦੋਵੇਂ, ਬੰਦੇ ਦੀ ਉਮਰ ਘਟਾ ਕੇ, ਮੌਤ ਦੇ ਸੱਦੇ ਦੇ ਰਹੇ ਹਨ, ਕੀ ਪਤਾ ਤੇਰਾ ਸੱਦਾ ਕਦ ਆ ਜਾਵੇ? ਪ੍ਰਭੂ ਦਾ ਕੀਤਾ ਸਿਮਰਨ, ਉਸ ਦੇ ਹੁਕਮ ਵਿੱਚ ਚਲਿਆ ਹੀ ਅੰਤ ਵੇਲੇ ਤੇਰੀ, ਹਮੇਸ਼ਾ ਲਈ ਰੱਖਿਆ ਕਰਦਾ ਹੈ।
੨. = ਹੇ ਭਾਈ, ਮਨਮੁਖ ਬੰਦੇ (ਸ਼ਬਦ ਗੁਰੂ ਨੂੰ ਛੱਡ ਕੇ, ਅਪਣੇ ਮਨ ਦੀ ਮੱਤ ਪਿੱਛੇ ਚੱਲਣ ਵਾਲੇ) ਮੁੜ ਮੁੜ ਕੇ ਹਉਮੈ ਵਿੱਚ ਅਕਾਲ ਤੋਂ ਵਿਛੜੇ, ਆਤਮਕ ਮੌਤ ਮਰਦੇ ਰਹਿੰਦੇ ਹਨ। ਜਦ ਸਮੇ ਦਾ ਦੈਂਤ ਉਨ੍ਹਾਂ ਦੀ ਸਰੀਰਕ ਮੌਤ ਕਰ ਦਿੰਦਾ ਹੈ, ਤਾਂ ਉਹ ਪਰਮਾਤਮਾ ਨਾਲੋਂ ਵਿਛੁੜੇ ਜਮਾਂ ਦੀ ਪੁਰੀ, ਜਿਥੇ ਬੰਦੇ ਜੰਮਦੇ ਮਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ।
੩. = ਗੁਰਮੁਖ ਬੰਦੇ, ਜੋ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਕਰਤਾਰ ਦੇ ਹੁਕਮ ਵਿੱਚ ਚਲਦੇ, ਸਦਾ ਅਕਾਲ ਪੁਰਖ ਨਾਲ ਲਿਵ ਜੋੜੀ ਰਖਦੇ ਹਨ, ਜਨਮ ਮਰਨ ਦੇ ਦੋਵੇਂ ਦੁੱਖ ਉਨ੍ਹਾਂ ਤੋਂ ਦੂਰ ਹੋ ਜਾਂਦੇ ਹਨ। ਇਹ ਦੋਵੇਂ ਦੁੱਖ ਜਨਮ ਤੋਂ ਹੀ ਸ਼ੁਰੂ ਹੁੰਦੇ ਹਨ, ਜੋ ਜਨਮ ਹੀ ਨਹੀਂ ਲਵੇਗਾ ਉਸ ਦੇ ਦੋਵੇਂ ਦੁੱਖ ਆਪੇ ਦੂਰ ਹੋ ਜਾਣਗੇ। ਅਜਿਹਾ ਉਪਰਾਲਾ ਜਿਸ ਨਾਲ ਜਨਮ ਹੀ ਨਾ ਹੋਵੇ, ਉਹ ਇਸ ਮਨੁੱਖੀ ਜਨਮ ਵਿੱਚ ਹੀ ਸੰਭਵ ਹੈ, ਇਸ ਬਾਰੇ ਸਿਰਫ ਤੇ ਸਿਰਫ ਗੁਰਮਤ ਹੀ ਸੋਝੀ ਦਿੰਦੀ ਹੈ। ਦੂਸਰੇ ਧਰਮ ਤਾਂ ਕਰਮ ਕਾਂਡਾਂ ਆਸਰੇ, ਈਸਾ ਜੀ ਜਾਂ ਮੁਹੰਮਦ ਸਾਹਿਬ ਦੀ ਸਿਫਾਰਸ਼ ਆਸਰੇ ਮਰਨ ਪਿਛੋਂ ਮੁਕਤੀ ਦੀ ਗੱਲ ਕਰਦੇ ਹਨ। ਗੁਰਮਤ ਜਿਉਂਦੇ ਜੀ ਤ੍ਰਿਸ਼ਨਾਵਾਂ ਤੋਂ ਛੁਟਕਾਰੇ ਨੂੰ ਮੁਕਤੀ ਕਹਿੰਦੀ ਹੈ, ਇਸ ਨੂੰ ਹੀ ਜੀਵਨ ਮੁਕਤ ਹੋਣਾ ਕਿਹਾ ਜਾਂਦਾ ਹੈ। ਜੋ ਬੰਦਾ ਜੰਮਿਆ ਹੈ ਉਸ ਨੇ ਮਰਨਾ ਤਾਂ ਜ਼ਰੂਰ ਹੈ, ਪਰ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ, ਵਾਹਿਗੁਰੂ ਦੇ ਹੁਕਮ ਵਿੱਚ ਚਲਦਿਆਂ ਬੰਦਾ ਮਰ ਕੇ ਦੁਬਾਰਾ ਜੰਮਦਾ ਨਹੀਂ। ਇਹੀ ਦੋਵਾਂ ਦੁੱਖਾਂ ਦਾ ਅੰਤ ਹੈ।
੪. = ਭਗਤਾਂ ਤੇ, ਸੇਵਕਾਂ ਤੇ ਪਰਭੂ ਆਪ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਜਦ ਉਹ ਕਰਤਾਰ ਦੇ ਹੁਕਮ ਵਿੱਚ ਚਲਦੇ ਹਨ ਤਾਂ ਕਰਤਾਰ ਖੁਸ਼ ਹੋ ਕੇ, ਉਨ੍ਹਾਂ ਤੇ ਦਇਆਲ ਹੋ ਕੇ, ਉਨ੍ਹਾਂ ਨੁੰ ਅਪਣੇ ਨਾਲ ਜੋੜ ਕੇ ਜਨਮ ਮਰਨ ਦੇ ਗੇੜ ਤੋਂ ਮੁਕਤ ਕਰ ਦਿੰਦਾ ਹੈ।
ਇਸ ਤਰ੍ਹਾਂ ਹੇ ਨਾਨਕ, ਜਿਸ ਤੇ ਵਾਹਿਗੁਰੂ ਦਇਆਲ ਹੁੰਦਾ ਹੈ, ਪ੍ਰਭੂ ਦੀ ਨਦਰ ਆਸਰੇ, ਬਖਸ਼ਿਸ਼ ਆਸਰੇ, ਉਸ ਨੂੰ ਹੀ ਅਕਾਲ ਪੁਰਖ ਦਾ ਮਿਲਾਪ, ਮੁਕਤੀ ਨਸੀਬ ਹੁੰਦੀ ਹੈ। ਗੁਰਬਾਣੀ ਫੁਰਮਾਨ ਹੈ,

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (੨)

ਅਤੇ,

ੴ ਸਤਿ ਗੁਰ ਪ੍ਰਸਾਦਿ॥

ਸਭ ਤੇ ਵਡਾ ਸਤਿਗੁਰੁ ਨਾਨਕੁ

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ॥ ੧॥
ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ॥
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ॥ ੧॥ ਰਹਾਉ॥
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ ਕਾ ਜਨਮ ਮਰਣ ਦੁਖੁ ਨਾਸਾ॥
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ॥ ੨॥
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ॥
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ॥ ੩॥
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥ ੪॥ ੧੦॥ (੭੪੯-੫੦)


ਰਹਾਉ. ਹੇ ਮੇਰੇ ਪ੍ਰਭੂ, ਸਾਰੀ ਸ੍ਰਿਸ਼ਰੀ ਦੇ ਮਾਲਕ, ਤੂੰ ਸੰਤਾਂ (ਸਤਸੰਗੀਆਂ) ਦੀ ਰੱਖਿਆ ਕਰਨ ਵਾਲਾ ਹੈਂ। ਸੰਤਾਂ, ਭਗਤਾਂ ਨੂੰ ਵੀ ਖਾਲੀ ਤੇਰਾ ਹੀ ਆਸਰਾ ਹੁੰਦਾ ਹੈ। ਤੇਰੇ ਸੇਵਕ, ਤੇਰੇ ਭਗਤ ਨੂੰ, ਤੇਰੇ ਵਰਗੇ ਨਿਰਭਉ ਨਾਲ ਜੁੜੇ ਹੋਣ ਕਾਰਨ, ਕਿਸੇ ਦਾ ਭਉ ਨਹੀਂ ਹੁੰਦਾ। ਆਤਮਕ ਮੌਤ ਉਨ੍ਹਾਂ ਦੇ ਨੇੜੇ ਵੀ ਨਹੀਂ ਆਉਂਦੀ।
੧. ਹੇ ਕਰਤਾਰ, ਜਿਸ ਦੇ ਸਿਰ ਤੇ, ਜਿਸ ਦੀ ਦੇਖ ਭਾਲ ਕਰਨ ਵਾਲਾ, ਤੇਰੇ ਜਿਹਾ ਮਾਲਕ ਹੋਵੇ, ਉਸ ਨੂੰ ਕੋਈ ਦੁਖ ਕਿਵੇਂ ਹੋ ਸਕਦਾ ਹੈ? ਕਿਉਂਕਿ ਦੁਖੁ ਤਦੇ ਜਾ ਵਿਸਰਿ ਜਾਵੈ॥ (੯੮) ਪਰ ਜੋ ਤੇਰੀ ਸਰਨ ਨਹੀਂ ਲੈਂਦਾ, ਜੋ ਮਾਇਆ ਦੇ ਨਸ਼ੇ ਵਿੱਚ ਮਸਤ ਹੂੰਦਾ ਹੈ, ਉਸ ਨੂੰ ਨਾ ਤਾਂ ਤੇਰੀ ਭਗਤੀ ਬਾਰੇ ਕੋਈ ਸੋਝੀ ਹੁੰਦੀ ਹੈ, ਨਾ ਹੀ ਮੌਤ ਯਾਦ ਹੁੰਦੀ ਹੈ।
੨. ਜਿਹੜੇ ਬੰਦੇ ਤੇਰੀ ਭਗਤੀ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹੁੰਦੇ ਹਨ ਉਨ੍ਹਾਂ ਦਾ ਜਨਮ ਮਰਨ ਦਾ ਦੁਖ ਦੂਰ ਹੋ ਜਾਂਦਾ ਹੈ, ਉਨ੍ਹਾਂ ਨੂੰ ਸਤਿਗੁਰ, ਸ਼ਬਦ ਗੁਰੂ ਵਲੋਂ ਪੂਰਾ ਭਰੋਸਾ ਮਿਲਿਆ ਹੋਇਆ ਹੁੰਦਾ ਹੈ ਕਿ ਤੇਰੀ ਬਖਸ਼ਿਸ਼ ਨੂੰ ਦੁਨੀਆਂ ਦੀ ਕੋਈ ਹਸਤੀ ਮੇਟਣ, ਖਤਮ ਕਰਨ ਦੇ ਸਮਰੱਥ ਨਹੀਂ ਹੈ। (ਇਹ ਵਰ ਅਤੇ ਸਰਾਪ, ਸਿਰਫ ਆਮ ਲੋਕਾਂ ਨੂੰ ਡਰ ਦੇ ਕੇ ਜਾਂ ਲਾਲਚ ਵਿੱਚ ਫਸਾਕੇ, ਮਾਇਕ ਪਦਾਰਥ ਲੁੱਟਣ ਦਾ ਇੱਕ ਢਕਵੰਜ ਮਾਤ੍ਰ ਹੀ ਹਨ)
੩. ਤੇਰੇ ਪਿਆਰ ਰੰਗ ਵਿੱਚ ਰੰਗੇ ਬੰਦੇ ਅੱਠੇ ਪਹਿਰ, ਹਰ ਵੇਲੇ ਤੇਰੀ ਅਰਾਧਨਾ ਕਰਦੇ ਹਨ, ਤੇਰੇ ਹੁਕਮ ਵਿੱਚ ਚਲਦੇ ਹਨ। ਉਨ੍ਹਾਂ ਲਈ ਦਿਨ ਦਾ ਇੱਕ ਇੱਕ ਪਲ ਅੰਮ੍ਰਿਤਵੇਲਾ (ਅੰਮ੍ਰਿਤ, ਪਰਭੂ ਨੂੰ ਮਿਲਣ ਦਾ ਵੇਲਾ) ਹੁੰਦਾ ਹੈ। ਉਹ ਹਰ ਵੇਲੇ ਤੇਰੇ ਨਾਮ ਨਾਲ ਜੁੜੇ ਹੋਣ ਕਾਰਨ, ਤੇਰੇ ਹੁਕਮ ਵਿੱਚ ਚਲਣ ਕਾਰਨ, ਤੇਰੇ ਮਿਲਾਪ ਦਾ ਸਦੀਵੀ ਸੁਖ ਮਾਣਦੇ ਹਨ। ਤੇਰੇ ਭਰੋਸੇ, ਤੇਰੇ ਆਸਰੇ ਰਹਣ ਕਾਰਨ, ਉਹ ਪੰਜੇ ਦੁਸ਼ਟਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੂੰ ਅਪਣੇ ਵੱਸ ਵਿੱਚ ਕਰ ਲੈਂਦੇ ਹਨ।
੪. ਮੈਂ ਨਾਨਕ ਕੋਈ ਗਿਆਨ ਨਹੀਂ ਜਾਣਦਾ ਸੀ, ਮੈਨੂੰ ਆਤਮਕ ਜੀਵਨ ਬਾਰੇ ਵੀ ਕੋਈ ਸੋਝੀ ਨਹੀਂ ਸੀ, ਨਾ ਹੀ ਮੈਨੂੰ ਪਰਮਾਤਮਾ ਵਿੱਚ ਧਿਆਨ ਜੋੜਨ, ਉਸ ਦੀ ਰਜ਼ਾ ਵਿੱਚ ਚਲਣ ਦਾ ਕੋਈ ਢੰਗ ਆਉਂਦਾ ਸੀ, ਮੈਂ ਧਾਰਮਿਕ ਕਾਰਜਾਂ ਬਾਰੇ ਵੀ ਅਗਿਆਨੀ ਸੀ, ਕੁੱਝ ਨਹੀਂ ਜਾਣਦਾ ਸੀ, ਨਾ ਹੀ ਮੈਨੂੰ ਪ੍ਰਭੂ ਦੀਆਂ ਬਖਸ਼ਿਸ਼ਾਂ ਦੀ ਕੋਈ ਸਾਰ, ਕੋਈ ਸੋਝੀ ਸੀ, ਪਰ ਜੋ ਸਤਿਗੁਰੁ, ਪਰਮਾਤਮਾ ਸਭ ਤੋਂ ਵੱਡਾ ਹੈ, ਉਸ ਨੇ ਆਪ ਹੀ ਮਿਹਰ ਕਰ ਕੇ ਮੇਰੀ ਇਜ਼ਤ ਰੱਖ ਲਈ, ਮੈਨੂੰ ਅਪਣੇ ਨਾਲ ਜੋੜ ਲਿਆ।

ਅਤੇ,

ੴ ਸਤਿ ਗੁਰ ਪ੍ਰਸਾਦਿ॥

ਗੁਰੁ ਨਾਨਕੁ ਤੁਠਾ ਭਾਇਰਹੁ

ਹਰਿ ਜੀਉ ਜਾ ਤੂ ਮੇਰਾ ਮਿਤ੍ਰ ਹੈ ਤਾ ਕਿਆ ਮੈ ਕਾੜਾ॥
ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ॥
ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ॥
ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ॥
ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ॥
ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ॥
ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ॥
ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ॥ ੧੦॥ (੧੦੯੮)
ਹੇ ਹਰੀ ਜੀਉ, ਜਦੋਂ ਤੂੰ ਮੇਰਾ ਮਿਤ੍ਰ, ਦੋਸਤ ਹੈਂ ਤਾਂ ਮੈਨੁੰ ਕੋਈ ਕਾੜਾ, ਕੋਈ ਚਿੰਤਾ ਫਿਕਰ ਕਿਵੇਂ ਹੋ ਸਕਦੀ ਹੈ? ਜਿਨ੍ਹਾਂ ਠੱਗਾਂ, (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੇ ਸਾਰਾ ਜਗਤ ਠੱਗਿਆ ਹੋਇਆ ਹੈ, ਉਹ ਤੂੰ ਮੇਰੇ ਅੰਦਰੋਂ ਮਾਰ ਕੇ ਭਜਾ ਦਿਤੇ ਹੋਏ ਹਨ। ਗੁਰਿ ਸ਼ਬਦ ਨੇ ਅਪਣੇ ਨਾਲ ਜੋੜ ਕੇ ਮੈਨੂੰ, ਸੰਸਾਰ ਸਮੁੰਦਰ ਵਿਚਲੀਆਂ ਛੱਲਾਂ ਤੋਂ ਬਚਾ ਕੇ ਪਾਰ ਲੰਘਾ ਦਿੱਤਾ ਹੈ। ਮੈਂ ਮਾਇਆ ਦਾ ਸਾਰਾ ਪਵਾੜਾ ਹੀ ਜਿੱਤ ਲਿਆ ਹੈ, ਉਸ ਤੋਂ ਨਿਰਲੇਪ ਹੋ ਗਿਆ ਹਾਂ। ਹੁਣ ਮੈਂ ਸ਼ਬਦ ਗੁਰੂ ਦੇ ਕਹੇ ਅਨੁਸਾਰ ਚਲ ਕੇ ਸਾਰੇ ਰੰਗ ਮਾਣਦਾ ਹਾਂ, ਮੈਂ ਸੰਸਾਰ ਵਿਚਲੇ ਇਸ ਸਭ ਤੋਂ ਵੱਡੇ ਅਖਾੜੇ ਨੂੰ ਜਿੱਤ ਲਿਆ ਹੈ।
ਤੂੰ ਮੇਰਾ ਸਤਵੰਤਾ, ਤਾਕਤਵਰ ਸਾਈਂ, ਮਾਲਕ ਹੈਂ, ਤੂੰ ਮੇਰੀਆਂ ਸਾਰੀਆਂ ਇੰਦ੍ਰੀਆਂ, ਮੇਰੇ ਵੱਸ ਵਿੱਚ ਕਰ ਦਿੱਤੀਆਂ ਹਨ, ਹੁਣ ਮੈਂ ਇਨ੍ਹਾਂ ਨੂੰ ਜਿਸ ਪਾਸੇ ਲਾਉਂਦਾ ਹਾਂ, ਉਸ ਪਾਸੇ ਹੀ ਲਗਦੀਆਂ ਹਨ, ਕੋਈ ਖਿਚੋਤਾਣ ਨਹੀਂ ਕਰਦੀਆਂ। ਗੁਰ ਸ਼ਬਦ ਦੀ ਸਿਖਿਆ ਨੇ ਮੇਰੇ ਮਨ ਨੂੰ, ਭਟਕਣਾ ਤੋਂ ਰਹਤ, ਅੰਦਰਮੁਖੀ ਕਰ ਦਿੱਤਾ ਹੈ, ਮਨ ਨੇ ਪ੍ਰਭੂ ਨੂੰ ਸਰੀਰ ਦੇ ਅੰਦਰ ਹੀ ਲੱਭ ਲਿਆ ਹੈ। ਮੈਂ ਜੋ ਵੀ ਇੱਛਾ ਕਰਦਾ ਹਾਂ ਪੂਰੀ ਹੋ ਜਾਂਦੀ ਹੈ। (ਅਜਿਹੀ ਹਾਲਤ ਵਿੱਚ ਕੋਈ ਮਾਇਆਵੀ ਫੁਰਨੇ ਨਹੀਂ ਫੁਰਦੇ, ਇਹੀ ਇੱਛਾ ਹੁੰਦੀ ਹੈ ਕਿ ਹੇ ਪ੍ਰਭੂ ਮੈਂ ਤੇਰੀ ਰਜ਼ਾ ਵਿੱਚ ਖੁਸ਼ ਰਹਾਂ, ਜਾਂ ਹੇ ਪ੍ਰਭੂ ਮੈਨੂੰ ਅਪਣੀ ਰਜ਼ਾ ਨੂੰ ਖਿੜੇ ਮੱਥੇ ਬਰਦਾਸ਼ਤ ਕਰਨ ਦੀ ਹਿੱਮਤ ਦੇਈਂ।)
ਹੇ ਭਾਈਓ ਹੁਣ ਗੁਰੁ, ਪਰਮਾਤਮਾ ਨੇ ਨਾਨਕ ਤੇ ਮਿਹਰਬਾਨ ਹੋ ਕੇ, ਉਸ ਨੂੰ ਵਿਖਾ ਦਿੱਤਾ ਹੈ, ਮਹਿਸੂਸ ਕਰਵਾ ਦਿੱਤਾ ਹੈ ਕਿ ਹਰੀ ਬਹੁਤ ਨੇੜੇ, ਨੇੜੇ ਤੋਂ ਵੀ ਨੇੜੇ ਵਸਦਾ ਹੈ।

ਅਮਰ ਜੀਤ ਸਿੰਘ ਚੰਦੀ
ਫੋਨ: 9756264621.




.