.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-ਸਤਵਾਂ)

ਇਸ ਸੰਸਾਰ ਵਿੱਚ ਸੱਭ ਤੋਂ ਜਿਆਦਾ ਪਿਆਰ ਵਾਲਾ ਨਾਤਾ ਪਤੀ ਅਤੇ ਪਤਨੀ ਦਾ ਹੈ। ਪਤੀ ਦਾ ਪਿਆਰ ਪਾਉਣ ਵਾਸਤੇ ਇਸਤਰੀ ਆਪਣਾਂ ਪੇਕਾ ਘਰ, ਮਾਂ ਪਿਉ, ਭੈਣ ਭਰਾ, ਸੱਭ ਦਾ ਸਾਥ ਛੱਡ ਕੇ ਆਪਣੇਂ ਪਤੀ ਦੇ ਘਰ ਨੂੰ ਆਪਣਾਂ ਅਸਲ ਘਰ ਮੰਨ ਲੈਂਦੀ ਹੈ, । ਅਤੇ ਆਖਰੀ ਸਵਾਸ ਤੱਕ ਪਤੀ ਦੇ ਘਰ ਵਿੱਚ ਰਹਿੰਦੀ ਹੈ। ਸੂਹੀ ਰਾਗ ਵਿੱਚ ਸਾਰੇ ਗੁਰੂ ਸਾਹਿਬਾਂ ਨੇਂ, ਸਾਡੇ ਅਤੇ ਅਕਾਲ ਪੁਰਖ ਦੇ ਨਾਤੇ ਨੂੰ ਇਸਤਰੀ ਅਤੇ ਪਤੀ ਦੇ ਪਿਆਰ ਦੀ ਮਿਸਾਲ ਦੇ ਕੇ ਸਮਝਾਇਆ ਹੈ।

ਇਕ ਅਕਾਲ ਪੁਰਖ ਸੱਭ ਦਾ ਪਤੀ ਹੈ, ‘ਏਕਾ ਪੁਰਖ ਸਬਾਈ ਨਾਰ’ ਸਾਰੀਆਂ ਰੂਹਾਂ (ਜੀਵ ਆਤਮਾਂ) ਉਸ ਦੀਆਂ ਇਸਤਰੀਆਂ ਹਨ। ਬਾਣੀਂ ਅਨੂੰਸਾਰ ਜੀਵ ਆਤਮਾਂ ਰੂਪੀ ਇਸਤਰੀ ਦੇ ਦੋ ਦੋ ਰੰਗ ਹਨ, ਜਾਂ ਦੋ ਰੰਗਾ ਵਿੱਚ ਵਿਚਰ ਰਹੀ ਹੈ। ਇੱਕ ਲਾਲ ਰੰਗ ਹੈ ਅਤੇ ਦੂਜਾ ਸੂਹਾ ਰੰਗ ਹੈ। ਸੂਹਾ ਰੰਗ ਦੁਹਾਗਣ ਦਾ ਹੈ

ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ॥ ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ॥ (੭੮੫

ਅਤੇ ਲਾਲ ਰੰਗ ਗੁਰਮੁਖ ਰੂਹਾਂ ਜਾਂ ਸੁਹਾਗਣਾਂ ਦਾ ਹੈ।

ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥ (੭੮੬

ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲ+ਭਾਇ॥ ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ॥ ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ॥ ੨॥

ਸਾਰੀਆ ਇਸਤਰੀਆਂ ਇਕੋ ਜਿਹੀਆਂ ਨਹੀਂ ਹੁੰਦੀਆਂ। ਇਸਤਰੀਆਂ ਦੇ ਵੱਖ ਵੱਖ ਸੁਭਾਉ ਅਤੇ ਲੱਛਣਾਂ ਅਨੂੰਸਾਰ ਦੁਨੀਆਂ ਉਨ੍ਹਾਂ ਦਾ ਨਾਮ ਰੱਖਦੀ ਹੈ। ਸੂਹੀ ਰਾਗ ਵਿੱਚ ਗੁਰੂ ਜੀ ਇਸਤਰੀ ਦੇ ਲੱਛਣਾਂ ਦੀ ਮਿਸਾਲ ਦੇ ਕੇ ਸਾਨੂੰ ਆਪਣੇਂ ਆਪ ਦੀ ਪਛਾਣ ਕਰਨ ਦੀ ਸਿੱਖਿਆ ਦੇਂਦੇ ਹਨ। ਸੂਹੀ ਰਾਗ ਵਿੱਚ ਇਸਤਰੀ ਦੇ ਬਾਲਪਨ, ਮਾਇਕੇ, ਤੋਂ ਲੈ ਕੇ ਸਹੁਰੇ ਜਾਣ ਤੱਕ, ਵਿਆਹ, ਲਾੜਾ ਜੰਞ, ਲਾਵਾਂ ਫੇਰੇ, ਦਾਜ ਦਹੇਜ, ਅਤੇ ਗੁਣ ਔਗੁਣ, ਸੁਚੱਜੀ ਕੁਚੱਜੀ, ਸੁਹਾਗਣ ਦੁਹਾਗਣ, ਸੁਹਾਗਣ ਰਾਂਡ, ਆਦੀ ਦੇ ਲੱਛਣ ਸਾਨੂੰ ਦੱਸੇ ਹਨ। ਅਸੀਂ ਆਪਣੇਂ ਅੰਦਰ ਝਾਕ ਕੇ ਦੇਖਣਾਂ ਹੈ, ਕੇ ਸਾਡਾ ਸੁਭਾਉ ਜਾਂ ਸਾਡੇ ਲੱਛਣ ਸੁਹਾਗਣਾਂ ਵਾਲੇ ਹਨ ਜਾਂ ਰੰਡੀਆਂ ਵਾਲੇ ਹਨ। ਕੀ ਸਾਡਾ ਵੀ ਕੋਈ ਲਾੜਾ ਹੈ, ਜਿਸ ਨੇਂ ਸਾਨੂੰ ਪਰਣਾਇਆ ਹੈ, ਅਤੇ ਸਾਡਾ ਲਾੜਾ ਕੌਣ ਹੈ।

ਅੱਜ ਵਾਲਾ ਇਹ ਸ਼ਬਦ ਵੀ ਸੂਹੀ ਰਾਗ ਵਿਚੋਂ ਹੈ। ਇਸ ਸ਼ਬਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ, ਆਪਣੇਂ ਮਾਲਕ, ਪ੍ਰੀਤਮ ਪਿਆਰੇ, ਦੇ ਪਿਆਰ ਵਿੱਚ ਗਦ ਗਦ ਹੋ ਕੇ, ਇਸਤਰੀ ਵਤ ਹੋ ਕੇ ਸਾਡੇ ਸਾਹਮਣੇਂ ਗੁਰ ਭਗਤੀ ਦੀ ਇੱਕ ਮਿਸਾਲ ਰੱਖਦੇ ਹਨ।

ਰਾਗੁ ਸੂਹੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ॥

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ, ਬਾਣੀਂ ਦੁਆਰਾ ਦੱਸਦੇ ਹਨ, ਕਿ ਮੇਰਾ ਸੱਜਣ, ਮੇਰਾ ਮਾਲਕ, ਬਹੁਤ ਹੀ ਮਿੱਠ ਬੋਲੜਾ ਹੈ। ਮੈਂ ਬਹੁਤ ਚੇਤਾ ਕਰਨ ਦੀ ਕੋਸ਼ਿਸ ਕੀਤੀ, ਚੇਤਾ ਕਰ ਕਰ ਕੇ ਥੱਕ ਗਈ ਹਾਂ, ਪਰ ਮੈਨੂੰ ਉਸ ਦਾ ਇੱਕ ਵੀ ਕੌੜਾ ਬੋਲ ਯਾਦ ਨਹੀਂ ਆਉਂਦਾ, ਜੋ ਕਦੇ ਉਸ ਨੇਂ ਬੋਲਿਆ ਹੋਵੇ।

ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ॥

ਮੇਰਾ ਉਹ ਮਾਲਕ, ਕੌੜਾ ਬੋਲਣਾਂ ਤਾਂ ਜਾਣਦਾ ਹੀ ਨਹੀਂ, ਅਤੇ ਨਾਂ ਹੀ ਉਹ ਮੇਰੇ ਔਗਣ ਵੇਖਦਾ ਹੈ, ਉਹ ਸੱਚਾ ਭਗਵਾਨ ਹੈ। ਉਹ ਪਾਪੀ ਮੈਲੇ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ, ਉਹ ਆਪਣੇਂ ਇਸ ਮੁੱਢ-ਕਦੀਮੀਂ ਸੁਭਾਉ ਨੂੰ ਹਮੇਸ਼ਾਂ ਪਾਲਦਾ ਹੈ। ਉਹ ਕਿਸੇ ਦੀ ਭਗਤੀ ਦਾ ਇੱਕ ਤਿਲ ਵੀ ਵਿਅਰਥ ਨਹੀਂ ਜਾਣ ਦੇਂਦਾ।

ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ॥ ੧॥

ਉਹ ਮਾਲਕ ਜ਼ਰੇ ਜ਼ਰੇ ਅੰਦਰ ਵੱਸਦਾ ਹੈ, ਉਹ ਦੂਰ ਨਹੀਂ ਹੈ, ਸੱਭ ਦੇ ਨੇੜੇ ਤੋਂ ਨੇੜੇ ਵੱਸਦਾ ਹੈ। ਮੇਰਾ ਉਹ ਸੱਜਣ ਸਵਾਮੀ ਅਮ੍ਰਿਤ ਵਰਗਾ (ਨਹੀਂ ਉਹ ਅਮ੍ਰਿਤ ਹੀ) ਹੈ। ਮੈਂ ਸਦਾ ਸਦਾ ਹੀ ਉਸ ਦੀ ਸਰਨ ਵਿੱਚ ਰਹਿੰਦੀ ਹਾਂ।

ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ॥ ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ॥

ਮੈਂ ਉਸ ਅਪਾਰ ਪ੍ਰਭੂ ਦਾ ਦਰਸ਼ਨ ਕਰ ਕੇ ਖੁਸ਼ੀਆਂ ਭਰੀ ਹੈਰਾਨੀ ਵਿੱਚ ਝੂਮ ਰਹੀ ਹਾਂ। ਮੇਰਾ ਜੀ ਉਹ ਸੁਹਣਾਂ ਮਾਲਿਕ ਹੈ, ਅਤੇ ਮੈਂ ਉਸ ਦੇ ਕਮਲਾਂ ਸਮਾਨ ਚਰਨਾਂ ਦੀ ਥੂੜੀ ਹਾਂ।

ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ॥ ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ॥

ਆਪਣੇਂ ਪ੍ਰਭੂ, ਨੂੰ ਵੇਖ ਕੇ ਮੇਰਾ ਹਿਰਦਾ ਠੰਡਾ ਠਾਰ ਹੋ ਗਿਆ, ਮੇਰੇ ਸਵਾਮੀਂ ਵਰਗਾ ਹੋਰ ਕੋਈ ਨਹੀਂ ਹੈ। ਆਦਿ ਵਿੱਚ ਵੀ ਮੇਰਾ ਇਹੋ ਹੀ ਮਾਲਿਕ ਸੀ, ਹੁਣ ਵੀ ਹੈ, ਅਤੇ ਹਮੇਸ਼ਾਂ ਹੀ ਰਹੇ ਗਾ। ਜਲਾਂ ਥਲਾਂ ਵਿੱਚ ਸੱਭ ਜਗਹਾ ਹੀ ਮੇਰਾ ਸਵਾਮੀ ਸਮਾਇਆ ਹੋਇਆ ਹੈ।

ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ॥ ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ॥ ੨॥

ਮੈਂ ਆਪਣੇਂ ਪ੍ਰੀਤਮ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਇਸ ਸੰਸਾਰ ਦੇ ਸਾਗਰ ਨੂੰ ਤਰ ਕੇ, ਇਸ ਭਉ ਦੇ ਗਹਿਰੇ ਸਮੁੰਦਰ ਨੂੰ ਪਾਰ ਕਰ ਲਿਆ ਹੈ। ਹੇ ਮੇਰੇ ਪਰਮ ਪੁਰਖ ਪਰਮੇਸਵਰ, ਤੇਰਾ ਕੋਈ ਪਾਰਾਵਾਰ ਨਹੀਂ, ਤੂੰ ਬੇਅੰਤ ਹੈਂ, ਮੈਂ ਤੇਰੀ ਸਰਨ ਵਿੱਚ ਹਾਂ।

ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ॥ ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ॥

ਮੇਰਾ ਪ੍ਰਭੂ, ਮੇਰਾ ਪ੍ਰੀਤਮ, ਮੇਰੇ ਪ੍ਰਾਣਾਂ ਦਾ ਆਸਰਾ ਹੈ, ਮੈਂ ਉਸ ਨੂੰ ਇੱਕ ਪਲਕ ਝਮਕਣ ਦੇ ਸਮੇਂ ਜਿਨਾਂ ਵੀ ਵਿਸਾਰ ਨਹੀਂ ਸੱਕਦੀ। ਮੇਰੇ ਸੱਚੇ ਸਤਿਗੁਰੂ ਨੇਂ ਮੈਨੂੰ ਇਹ ਐਸੀ ਉੱਚੀ ਮੱਤ ਦਿੱਤੀ, ਜਿਸ ਦੀ ਕੋਈ ਗਮਤਾ ਨਹੀਂ ਜੋ ਸਦਾ ਅਟੱਲ ਹੈ।

ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ॥ ਸਹਜ ਸੂਖਆਨμਦ ਘਨੇਰੇ ਹਉਮੈ ਬਿਨਠੀ ਗਾਠੇ॥

ਸਾਧੂ (ਜਿਸ ਨੇਂ ਗੁਰੂ ਦੇ ਦੱਸੇ ਅਗੱਮ ਵਿਚਾਰ ਦੀ ਸਾਧਨਾਂ (ਕਮਾਈ) ਕੀਤੀ ਹੋਵੇ, ਭੇਖੀ ਜਾਂ ਪਖੰਡੀ ਨਹੀਂ) ਗੁਰੂ ਨੇਂ ਦਿੱਤਾ ਤਾਂ ਨਾਮ ਲਿਆ, ਸਾਡੇ ਜਨਮ ਅਤੇ ਮਰਨ ਦੇ ਸਾਰੇ ਦੁੱਖ ਸਮਾਪਤ ਹੋ ਗਏ। ਹਾਉਮੈਂ ਦੀ ਗੰਢ ਦਾ ਬਿਨਸ ਗਈ, ਹਾਉਮੈਂ ਖਤਮ ਹੋ ਗਈ। ਜੋ ਸਾਰੇ ਦੁਖਾਂ ਕਾਰਨ ਸੀ। ਫਿਰ ਸੁਖ ਹੀ ਸੁਖ, ਅਨੰਦ ਹੀ ਅਨੰਦ ਪੈਦਾ ਹੋ/ਮਿਲ ਗਿਆ।

ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ॥ ੩॥

ਗੁਰੂ ਜੀ ਸਾਨੂੰ ਦੱਸਦੇ ਹਨ, ਸਾਡੇ ਮਨ ਨੂੰ ਉਸ ਹਰੀ ਪ੍ਰੀਤਮ ਦਾ ਸਹਾਰਾ ਹੈ, ਅਸੀਂ ਦਾਸ ਉਸ ਗੋਬਿੰਦ ਦੀ ਸਰਨ ਵਿੱਚ ਹਾਂ। ਜਿਹੜਾ ਕੇ ਸਾਰਿਆਂ ਦੇ ਵਿੱਚ ਵੀ ਹੈ, ਅਤੇ ਸੱਭ ਤੋਂ ਨਿਆਰਾ ਵੀ ਹੈ, ਸਾਡਾ ਉਹ ਪ੍ਰੀਤਮ ਮੋਹ ਮਾਇਆ, ਈਰਖਾ ਆਦਿ ਤੋਂ ਨਿਰਲੇਪ ਹੈ।

ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ॥

ਹੇ ਸਖੀਉ ਜੀ, ਮੈਂ ਭਾਲਦਿਆਂ ਭਾਲਦਿਆਂ, ਉਸ ਕਦੇ ਵੀ ਨਾਸ ਨਾਂ ਹੋਣ ਵਾਲੇ ਹਰੀ ਦੇ ਘਰ ਨੂੰ ਲੱਭ ਲਿਆ ਹੈ। ਮੈਂ ਦੇਖਿਆ ਉਸ ਹਰੀ ਤੋਂ ਬਿਨਾਂ ਬਾਕੀ ਸੱਭ ਕੁੱਝ ਨਾਸਵਾਨ ਹੈ, ਇਸ ਵਾਸਤੇ ਮੈਂ ਪ੍ਰੀਤਮ ਦੇ ਚਰਨ ਕਮਲਾਂ ਨਾਲ ਆਪਣਾਂ ਮਨ ਜੋੜ ਲਿਆ।

ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ॥

ਮੇਰਾ ਪ੍ਰਭੂ ਸਦਾ ਰਹਿਣ ਵਾਲਾ ਹੈ, ਮੈਂ ਉਸ ਦੀ ਦਾਸੀ ਹਾਂ। ਮੇਰਾ ਪ੍ਰਭੂ ਜਨਮ ਮਰਨ ਤੋਂ ਅਤੇ ਆਵਾਗਉਣ ਤੋਂ ਰਹਿਤ ਹੈ। ਦੁਨੀਆਂ ਦੇ ਚਾਰੇ ਪਦਾਰਥ, ਧਰਮ, ਅਰਥ, ਕਾਮ, ਮੋਖਸ਼ ਆਦੀ ਦੀ ਪੂਰਤੀ ਵੀ ਮੇਰਾ ਪ੍ਰਭੂ ਕਰਦਾ ਹੈ, ਅਤੇ ਉਹ ਮਨ ਦੀਆਂ ਸਾਰੀਆਂ ਇਛਾਂ ਵੀ ਪੂਰੀਆਂ ਕਰਦਾ ਹੈ।

ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ॥ ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ॥ ੪॥

ਵੇਦ, ਸਿਮ੍ਰਤੀਆਂ, ਸਿਧ ਸਾਧਿਕ, ਮੁਨ ਜਨ, ਸਾਰੇ ਹੀ ਮੇਰੇ ਪ੍ਰਭੂ ਨੂੰ ਧਿਆਉਂਦੇ ਹਨ, ਸਾਰੇ ਹੀ ਮੇਰੇ ਪ੍ਰਭੂ ਦੇ ਗੁਣ ਗਾਉਂਦੇ ਹਨ। ਮੇਰਾ ਪ੍ਰਭੂ ਦਇਆ ਦਾ ਖਜ਼ਾਨਾਂ ਹੈ, ਮੈਂ ਉਸ ਪ੍ਰਭੂ ਦੀ ਸਰਨ ਲਈ ਹੈ। ਵੱਡੇ ਭਾਗਾਂ ਵਾਲੇ ਉਸ ਦੀ ਸਰਨ ਲੈਂਦੇ ਹਨ, ਵੱਡੇ ਭਾਗਾਂ ਵਾਲੇ ਉਸ ਦਾ ਗੁਣ ਗਾਇਣ (ਸਿਮਰਨ ਕਰਨਾਂ ਜਾਂ ਧਿਆਉਣਾਂ) ਕਰਦੇ ਹਨ।

ਜਿਹੜੇ ਗੁਰਮੁਖ ਲੋਕ ਹੁੰਦੇ ਹਨ, ਬਾਣੀਂ ਪੱੜ੍ਹ ਕੇ ਉਹਨਾਂ ਦੇ ਮਨ ਵਿੱਚ ਚਾਉ (ਸ਼ੌਕ) ਪੈਦਾ ਹੁੰਦਾ ਹੈ, ਕੇ ਕਿਸੇ ਤਰਾਂ ਸਾਡਾ ਵੀ ਪ੍ਰਭੂ ਪ੍ਰੀਤਮ ਨਾਲ ਇਸੇ ਤਰਾਂ ਦਾ ਸਬੰਧ (ਮੇਲ/ਪਿਆਰ) ਜੁੜ ਜਾਵੇ, ਕੋਈ ਸਾਨੂੰ ਵੀ ਸਾਡੇ ਖਸਮ ਨਾਲ ਮਿਲਾ ਦੇਵੇ।

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ

ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ॥ ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ॥ ੧੧॥ ਮ: ੪

ਗੁਰੂ ਰਾਮਦਾਸ ਜੀ ਇਨੀਂ ਉਚੀ ਹਸਤੀ ਦੇ ਮਾਲਕ ਹੋਣ ਦੇ ਬਾਵਜੂਦ ਵੀ ਪ੍ਰੀਤਮ ਨੂੰ ਮਿਲਨ ਵਾਸਤੇ ਕਿਨੀ ਦੀਨਤਾ ਦਿਖਾਉਂਦੇ ਹਨ। ਪਰ ਸਾਨੂੰ ਜੇ ਕੋਈ ਪ੍ਰਭੂ ਗੱਲ ਸੁਣਾਏ ਤਾਂ ਅਸੀਂ ਡਾਂਗ ਖਿੱਚਣ ਨੂੰ ਤਿਆਰ ਹੋ ਜਾਂਦੇ ਹਾਂ। ਮਨਮੁਖ ਬੰਦੇ ਦਾ ਮਨ ਨੀਵਾਂ ਨਹੀਂ ਹੋ ਸੱਕਦਾ। ਜਿਹੜੇ ਮਨਮੁਖ ਹੁੰਦੇ ਹਨ, ਉਹ ਮੂਲ ਨੂੰ ਨਹੀਂ ਬੁੱਝਦੇ, ਜਿਹੜੇ ਸਿਰਫ ਗੱਲਾਂ ਕਰਨ ਵਾਲੇ ਹਨ, ਅਗੇ ਉਹਨਾਂ ਬਾਰੇ ਬਾਣੀਂ ਦੱਸਦੀ ਹੈ,

ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ (੭੨੫)

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥ ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ ੩॥ (੭੫੧)

ਅਗਲੀ ਕੜੀ ਵਿੱਚ ਗੁਰੂ ਅਮਰਦਾਸ ਜੀ, ਜੋ ਖੁਦ ਵੀ ਲਾਲੋ ਲਾਲ ਸਨ, ਅਤੇ ਦੂਸਰਿਆਂ ਨੂੰ ਵੀ ਲਾਲੋ ਲਾਲ ਕਰ ਸਕਦੇ ਸਨ, ਫਿਰ ਵੀ ਆਪਣੇਂ ਆਪ ਨੂੰ ਕਿਨਾਂ ਨਿਮਾਣਾਂ ਦੱਸ ਰਹੇ ਹਨ। ਅਤੇ ਸਾਨੂੰ ਸਮਝਾ ਰਹੇ ਹਨ, ਕਿ ਗੁਰੂ ਦੀ ਸਿਖਿਆ ਤੇ ਚੱਲ ਕੇ ਹੀ ਖਸਮ ਨੂੰ ਪਾਇਆ ਜਾ ਸੱਕਦਾ ਹੈ।

ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ॥ (੭੮੫) ਮਃ ੩॥

ਅਗਲੀਆਂ ਪੰਗਤੀਆਂ ਵਿੱਚ ਗੁਰੂ ਅਰਜਨ ਦੇਵ ਜੀ, ਸਾਡੇ ਵਰਗਿਆਂ ਦਾ ਹਾਲ ਦੱਸਦੇ ਹਨ, ਅਸੀਂ ਖਸਮ ਦੇ ਮਹਿਲ ਵਿੱਚ ਪਹੁੰਚਣ ਦਾ ਕੋਈ ਕੰਮ ਤਾਂ ਕਰਦੇ ਨਹੀਂ, ਅਤੇ ਆਸਾਂ ਬਹੁਤ ਵੱਡੀਆਂ ਲਾਈ ਬੈਠੇ ਹਾਂ। ਖਸਮ ਨੂੰ ਅਤੇ ਖਸਮ ਦੇ ਮਹਿਲ ਨੂੰ ਬਿਨਾਂ ਹੀ ਜਾਣੇਂ ਬੁੱਝੇ, ਅਤੇ ਖਸਮ ਦੇ ਮਹਿਲ ਨੂੰ ਬਿਨਾਂ ਪਾਏ ਹੀ ਅਸੀਂ ਕਹਿੰਦੇ ਹਾਂ, ਕੇ ਅਸੀਂ ਤਾਂ ਪਾ ਲਿਆ ਹੈ, ਅਸੀਂ ਪਹੁੰਚੇ ਹੋਇ ਹਾਂ। (ਸਿਰਫ ਇਨਾਂ ਹੀ ਨਹੀਂ, ਡਾਂਗ ਦੇ ਜੋਰ ਨਾਲ ਅਸੀਂ ਦੂਸਰਿਆਂ ਨੂੰ ਕਹਿੰਦੇ ਹਾਂ, ਕੇ ਤੁਸੀਂ ਤਾਂ ਖਸਮ ਦੇ ਮਹਿਲ ਵਿੱਚ ਦਾਖਲ ਹੋਣ ਦੇ ਯੋਗ ਹੀ ਨਹੀਂ, ਖਸਮ ਦੇ ਮਹਿਲ ਦੇ ਹੱਕਦਾਰ ਤਾਂ ਸਿਰਫ ਅਸੀਂ ਹਾਂ।) ਜਿਨ੍ਹਾਂ ਨੇਂ ਹਰੀ ਨੂੰ ਪਾ ਲਿਆਂ ਹੋਇਆ ਹੈ, ਜਿਨ੍ਹਾਂ ਦਾ ਹਰੀ ਮਾਨ ਕਰਦਾ ਹੈ, ਅਸੀਂ ਉਹਨਾਂ ਗੁਰਮੁਖਾਂ ਦੀਆਂ ਰੀਸਾਂ ਕਰਦੇ ਹਾਂ, ਆਪਣੇਂ ਆਪ ਨੂੰ ਵੱਡਾ ਧਰਮੀਂ ਦੱਸਦੇ ਹਾਂ। ਇਹ ਸਾਡਾ ਝੂਠੇ ਅਤੇ ਮੂਰਖਾਂ ਵਾਲਾ ਹਠ ਹੈ, ਹਿੱਕ ਦਾ ਧੱਕਾ ਹੈ। ਭੇਖ ਪਖੰਡ ਕਰਦੇ ਹਾਂ, ਗੁਰਮੁਖ ਅਤੇ ਗੁਰਸਿੱਖ ਹੋਣ ਦੇ ਦਿਖਾਵੇ ਕਰਦੇ ਹਾਂ, ਪਰ ਸੱਚ ਦੀ ਕਮਾਈ ਨਹੀਂ ਕਰਦੇ। ਲੱਖ ਦਿਖਾਵੇ ਕਰ ਲਈਏ, ਮੁੰਹ ਨਾਲ ਲੱਖ ਦਾਹਵੇ ਕਰ ਲਈਏ, ਸਿਰਫ ਕਹਿਣ ਨਾਲ ਮਹਿਲ ਨੂੰ ਪਾਉਣਾਂ ਤਾਂ ਦੂਰ, ਅਸੀਂ ਮਹਿਲ ਦੇ ਨੇੜੇ ਵੀ ਨਹੀਂ ਜਾ ਸੱਕਦੇ।

ਸੇਵਾ ਥੋਰੀ ਮਾਗਨੁ ਬਹੁਤਾ॥ ਮਹਲੁ ਨ ਪਾਵੈ ਕਹਤੋ ਪਹੁਤਾ॥ ੧॥ ਜੋ ਪ੍ਰਿਅ ਮਾਨੇ ਤਿਨ ਕੀ ਰੀਸਾ॥ ਕੂੜੇ ਮੂਰਖ ਕੀ ਹਾਠੀਸਾ॥ ੧॥ ਰਹਾਉ॥ ਭੇਖ ਦਿਖਾਵੈ ਸਚੁ ਨ ਕਮਾਵੈ॥ ਕਹਤੋ ਮਹਲੀ ਨਿਕਟਿ ਨ ਆਵੈ॥ ੨॥ (੭੩੯)

ਦਰਸਨ ਕਉ ਲੋਚੈ ਸਭੁ ਕੋਈ॥ ਪੂਰੈ ਭਾਗਿ ਪਰਾਪਤਿ ਹੋਈ॥ ਰਹਾਉ॥ (੭੪੫)

ਹਰੀ ਦੇ ਦਰਸ਼ਨਾਂ ਨੂੰ, ਹਰੀ ਦੇ ਮਿਲਾਪ ਨੂੰ, ਦਿਲ ਤਾਂ ਸਾਰਿਆਂ ਦਾ ਹੀ ਕਰਦਾ ਹੈ, ਪਰ ਪੂਰੇ (ਚੰਗੇ ਕਰਮਾਂ) ਭਾਗਾਂ ਤੋਂ ਬਿਨਾਂ ਇਹ ਪ੍ਰਾਪਤ ਨਹੀਂ ਹੁੰਦਾ

ਬਲਦੇਵ ਸਿੰਘ ੭-੧੧-੨੦੧੦
.