.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 12)

ਦਲਬੀਰ ਸਿੰਘ ਐੱਮ. ਐੱਸ. ਸੀ.

ਗੁਰਸਿੱਖ ਅਰਦਾਸ ਕਿਸ ਅੱਗੇ ਕਰੇ? ਪ੍ਰਿਥਮ ਵਾਹਿਗੁਰੂ ਸਿਮਰ ਕੇ. . , ਪ੍ਰਿਥਮ ਭਗੌਤੀ ਸਿਮਰ ਕੇ. . , ਜਾਂ…?
(ਸਿਖ ਰਹਤ ਮਰਯਾਦਾ ਦਾ ਇਹ ਦੋਗਲਾ-ਪਨ ਦੂਰ ਕਰਣ ਲਈ ਸਿਖ ਰਹਤ ਮਰਯਾਦਾ ਵਿੱਚ ਸੋਧ ਅਤਿ ਜ਼ਰੂਰੀ)


ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ: ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।। (੫੧੯) ਗੁਰਸਿਖ ਦੀ ਅਰਦਾਸ ਗੁਰੂ ਅੱਗੇ ਹੀ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਵਿੱਚ ਅਕਾਲ ਪੁਰਖ (ਵਾਹਿਗੁਰੂ) ਵਸਦਾ ਹੈ: ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ।। (ਵਾਰ ਆਸਾ, ਅੰਗ ੪੬੬)
ਪੰਥ-ਪਰਵਾਣਤ ਕਹੀ ਜਾਂਦੀ ਸਿੱਖ ਰਹਤ ਮਰਯਾਦਾ ਵਿੱਚ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਲਿਖਿਆ ਹੈ: ਸਿਖ ਦੀ ਆਮ ਰਹਿਣੀ, ਕ੍ਰਿਤ, ਵਿਰਤ ਗੁਰਮਤਿ ਅਨੁਸਾਰ ਹੋਵੇ। ਗੁਰਮਤਿ ਇਹ ਹੈ:
(ੳ) ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀ ਕਰਨੀ। …
(ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਇਕੋ ਰੂਪ ਕਰਕੇ ਮੰਨਣਾ। …… (ਕ) ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ। …… (ਠ) ਗੁਰੂ ਦਾ ਸਿੱਖ ਜਨਮ ਤੋਂ ਲੈਕੇ ਦੇਹਾਂਤ ਤੱਕ ਗੁਰ ਮਰਯਾਦਾ ਕਰੇ।
ਉਪਰੋਕਤ ਗੁਰ-ਹੁਕਮ ਅਤੇ ਰਹਤ ਮਰਯਾਦਾ ਦੀਆਂ ਪੰਕਤੀਆਂ ਸਪਸ਼ਟ ਕਰਦੀਆਂ ਹਨ ਕਿ ਗੁਰਸਿਖ ਦੀ ਜਨਮ ਤੋਂ ਲੈਕੇ ਦੇਹਾਂਤ ਤਕ ਅਰਦਾਸ ਗੁਰ ਮਰਯਾਦਾ ਅਨੁਸਾਰ ਵਾਹਿਗੁਰੂ, ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅੱਗੇ ਹੀ ਹੋਣੀ ਚਾਹੀਦੀ ਹੈ ਨ ਕਿ ਕਿਸੇ ਦੇਵੀ ਦੇਵਤਾ ਅੱਗੇ।

ਭਗੌਤੀ/ਭਗਉਤੀ ਪਦ ਬਾਰੇ ਭੁਲੇਖਾ ਦੂਰ ਕਰਣ ਲਈ ਅਰਥ ਮਹਾਨ ਕੋਸ਼ (ਕ੍ਹਾਨ ਸਿੰਘ) ਵਿੱਚ ਪੜ੍ਹੇ ਜੀ:-
(੧). ਭਗਵਤ ਭਕਤ, ਕਰਤਾਰ ਦਾ ਉਪਾਸਕ.
“ਸੋ ਭਗਉਤੀ ਜ+ ਭਗਵੰਤੈ ਜਾਣੈ।। ਗੁਰਪਰਸਾਦੀ ਆਪੁ ਪਛਾਣੈ।। ਧਾਵਤੁ ਰਾਖੈ ਇਕਤੁ ਘਰਿ ਆਣੈ।। ਜੀਵਤੁ ਮਰੈ ਹਰਿਨਾਮੁ ਵਖਾਣੈ।। ਐਸਾ ਭਗਉਤੀ ਉਤਮੁ ਹੋਇ।। ਨਾਨਕ ਸਚਿ ਸਮਾਵੈ ਸੋਇ।। “ (ਮ: ੩, ਵਾਰ ਸਿਰੀ ਰਾਗ, ਅੰਗ ੮੮) ;
ਸਾਧਸੰਗਿ ਪਾਪਾ ਮਲੁ ਖੋਵੈ।। ਤਿਸੁ ਭਗਉਤੀ ਕੀ ਮਤਿ ਊਤਮ ਹੋਵੈ।। (ਸੁਖਮਨੀ, ਮ: ੫, ਅੰਗ ੨੭੪)।।
(੨). ਭਗਵਤ ਦੀ, “ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ।। (ਪ੍ਰਭਾਤੀ ਅ: ਮ: ੫), ਪਰਮੇਸ਼ਵਰ ਦੇ ਭੇਖ ਦੀ ਮੁਦ੍ਰਾ ਹੈ ਪਰ ਮਨ ਮਾਇਆ ਮੋਹਿਆ. (੩). ਭਗਵਤੀ, ਦੁਰਗਾ ਦੇਵੀ “ਵਾਰ ਸ੍ਰੀ ਭਗਉਤੀ ਜੀ ਕੀ” (ਚੰਡੀ ੩).
(੪). ਖੜਗ, ਸ੍ਰੀ ਸਾਹਿਬ, ਤਲਵਾਰ “ਲਈ ਭਗਉਤੀ ਦੁਰਗਸਾਹ” (ਚੰਡੀ ੩) “ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ” (ਸਨਾਮਾ), “ਨਾਉ ਭਗਉਤੀ ਲੋਹ ਘੜਾਇਆ (ਭਾਗੁ) (੫). ਮਹਾਕਾਲ “ਪ੍ਰਿਥਮ ਭਗਉਤੀ ਸਿਮਰ ਕੈ” (ਚੰਡੀ ੩).
(੬). ਇੱਕ ਛੰਦ, ਕਈ ਥਾਂਈ ਸ੍ਰੀ ਭਗਵਤੀ ਭੀ ਇਸ ਛੰਦ ਦਾ ਨਾਮ ਹੈ।
ਭਗਉਤੀ ਪਰਥਾਂਇ ਗੁਰਬਾਣੀ (ਵਾਰ ਸਿਰੀ ਰਾਗੁ, ਮ: ੩, ਅੰਗ ੮੮) ਦੀਆਂ ਪੰਕਤੀਆਂ ਵਿੱਚ “ਭਗਉਤੀ ਐਸਾ ਉਤਮ ਮਨੁਖ ਹੈ ਜਿਸਨੇ ਪਰਮਾਤਮਾ ਨੂੰ ਜਾਣ ਲਿਆ ਹੈ, ਜਿਸਨੇ ਗੁਰੂ ਦੀ ਕਿਰਪਾ ਸਦਕਾ ਆਪਾ ਪਛਾਣ ਲਿਆ ਹੈ (ਮਨ ਤੂੰ ਜੋਤਿ ਸਰੁਪ ਹੈ ਆਪਣਾ ਮੂਲੁ ਪਛਾਣੁ।।) ਜਿਸਨੇ ਆਪਣੇ ਭਟਕਦੇ ਮਨ ਨੂੰ ਇੱਕ ਪ੍ਰਭੂ ਦੇ ਚਰਨਾਂ ਵਿੱਚ ਟਿਕਾ ਲਿਆ ਹੈ, ਜਿਸਨੇ ਗੁਰੂ-ਹੁਕਮ ਬੁਝ ਕੇ ਗੁਰਮਤਿ ਨਾਮ ਜਪ ਕੇ ‘ਜੀਵਤੁ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ।। (ਅੰਗ ੧੧੦੪) ` ਦੀ ਜੀਵਨ-ਜਾਚ ਸਿਖ ਲਈ ਹੈ; ਹੇ ਨਾਨਕ! ਐਸਾ ਉਤਮ ਪ੍ਰਭੂ-ਭਗਤ ਮਨੁਖ ਹੀ ਸਦਾ-ਥਿਰ ਪਰਮਾਤਮਾ ਵਿੱਚ ਸਮਾ ਜਾਂਦਾ ਹੈ।
ਅੰਤਰਿ ਕਪਟੁ ਭਗਉਤੀ ਕਹਾਏ।। ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ।। (ਮ: ੩, ਅੰਗ ੮੮) ,
ਅਰਥਾਤ, ਜਿਸ ਮਨੁਖ ਦੇ ਹਿਰਦੇ ਵਿੱਚ ਛਲ-ਕਪਟ ਹੋਵੇ ਪਰ ਪ੍ਰਭੂ-ਭਗਤ ਅਖਵਾਏ, ਪਾਖੰਡ ਕਰਮਾਂ ਵਿੱਚ ਫਸਿਆ ਐਸਾ ਮਨੁਖ ਪਰਮਾਤਮਾ ਨੂੰ ਕਦੀ ਪਾ ਨਹੀ ਸਕਦਾ। ਸੋ, ਇਥੇ ਭਗਉਤੀ ਦਾ ਅਰਥ ਹੈ-ਭਗਵਤ ਭਕਤ/ਕਰਤਾਰ ਦਾ ਉਪਾਸਕ।

ਗਉੜੀ ਸੁਖਮਨੀ ਮਹਲਾ ੫ ਦੀ ਪਦੀ …… (ਗੁਰੂ ਗ੍ਰੰਥ ਸਾਹਿਬ, ਅੰਗ ੨੭੪) :-
ਭਗਉਤੀ ਭਗਵੰਤ ਭਗਤਿ ਕਾ ਰੰਗੁ।। ਸਗਲ ਤਿਆਗੈ ਦੁਸਟ ਕਾ ਸੰਗੁ।। ਮਨ ਤੇ ਬਿਨਸੈ ਸਗਲਾ ਭਰਮੁ।। ਕਰਿ ਪੂਜੈ ਸਗਲ ਪਾਰਬ੍ਰਹਮੁ।। ਸਾਧਸੰਗਿ ਪਾਪਾ ਮਲੁ ਖੋਵੈ।। ਤਿਸੁ ਭਗਉਤੀ ਕੀ ਮਤਿ ਊਤਮ ਹੋਵੈ।। ਭਗਵੰਤ ਕੀ ਟਹਲ ਕਰੈ ਨਿਤ ਨੀਤਿ।। ਮਨੁ ਤਨੁ ਅਰਪੈ ਬਿਸਨ ਪਰੀਤਿ।। ਹਰਿ ਕੇ ਚਰਨ ਹਿਰਦੈ ਬਸਾਵੈ।। ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ।।
ਅਰਥਾਤ, ਭਗਉਤੀ ਐਸਾ ਮਨੁਖ ਹੈ ਜਿਸਦੇ ਮਨ ਤੇ ਪ੍ਰਭੂ-ਭਗਤੀ ਦਾ ਰੰਗ ਚੜ੍ਹ ਗਿਆ ਹੈ, ਜਿਸਨੇ ਮਨਮੁਖ ਸਾਕਤ ਦਾ ਸੰਗ ਪੂਰਨ ਤੌਰ ਤੇ ਤਿਆਗ ਦਿੱਤਾ ਹੈ, ਜਿਸਦੇ ਮਨ ਦਾ ਸਭ ਤਰ੍ਹਾਂ ਦਾ ਭਰਮ ਨਾਸ ਹੋ ਗਿਆ ਹੈ, ਸਰਬ-ਵਿਆਪਕ ਪ੍ਰਭੂ ਨੂੰ ਜਪਦਾ ਹੈ, ਜਿਸਨੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਮਨ ਤੇ ਚੜ੍ਹੀ ਪਾਪਾਂ (ਮਨਮੁਖੀ ਕਰਮਾਂ) ਦੀ ਮੈਲ ਹਟਾ ਲਈ ਹੈ, ਐਸੇ ਪ੍ਰਭੂ-ਭਗਤ ਦੀ ਸੋਚਣੀ/ਅਕਲ ਸਰਬ-ਸ੍ਰੇਸ਼ਟ ਹੁੰਦੀ ਹੈ। ਐਸੀ ਉਤਮ ਸੋਚਣੀ ਵਾਲਾ ਮਨੁਖ ਹਰ ਸਮੇਂ ਖਾਲਕ ਤੇ ਖਲਕ ਦੀ ਸੇਵਾ ਵਿੱਚ ਲਗਾ ਰਹਿੰਦਾ ਹੈ, ਪ੍ਰਭੂ-ਪ੍ਰੀਤ ਖ਼ਾਤਰ ਆਪਾ ਵੀ ਕੁਰਬਾਨ ਕਰ ਦਿੰਦਾ ਹੈ, “ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲਿ।। (ਅੰਗ ੬੮੦) “ ਮੁਤਾਬਕ ਗੁਰੂ ਦੀ ਸੱਚੀ ਬਾਣੀ (ਗੁਰ-ਸਬਦ, ਗੁਰ-ਮੰਤਰ) ਰੂਪੀ ਪ੍ਰਭੂ-ਚਰਨ ਹਿਰਦੇ ਵਿੱਚ ਵਸਾ ਲੈਂਦਾ ਹੈ, ਹੇ ਨਾਨਕ! ਐਸਾ ਭਗਉਤੀ/ਕਰਤਾਰ ਦਾ ਉਪਾਸਕ ਹੀ ਮਨੁਖਾ-ਜੀਵਨ ਦੀ ਮੰਜ਼ਿਲ “ਅਕਾਲਪੁਰਖੁ” ਨੂੰ ਪਾ ਲੈਂਦਾ ਹੈ।
ਕੁਝ “ਅਗਿਆਨੀ/ਚੁੰਚ-ਗਿਆਨੀ” ਉਪਰ ਲਿਖੇ ਮ: ੩ ਅਤੇ ਮ: ੫ ਦੇ ਗੁਰਵਾਕ ਸੁਣਾ ਕੇ “ਪ੍ਰਿਥਮ ਭਗੌਤੀ ਸਿਮਰ ਕੈ…” ਵਾਲੀ ਪੰਕਤੀ ਨੂੰ ਅਰਥਾਉਂਣ ਦੀ ਕੋਸ਼ਿਸ਼ ਕਰਦੇ ਹਨ। ਭਗਉਤੀ ਦਾ ਵਾਹਿਗੁਰੂ/ਅਕਾਲ ਪੁਰਖੁ ਅਰਥ ਕਰਣ ਵਾਲੇ “ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ।। “ਪੰਕਤੀ ਦੇ ਬਿਲਕੁਲ ਗਲਤ ਅਰਥ ਕਰਣਗੇ, ਕਿਉਂਕਿ ਅਰਥ ਹੋਣਗੇ ਕਿ “ਹੇ ਨਾਨਕ! ਐਸਾ ਅਕਾਲਪੁਰਖ ਅਕਾਲਪੁਰਖ ਨੂੰ ਪਾ ਲੈਂਦਾ ਹੈ। “ ਇਸੇ ਤਰ੍ਹਾਂ ਬਾਕੀ ਪੰਕਤੀਆਂ ਦੇ ਅਰਥ ਵੀ ਗ਼ਲਤ ਹੀ ਹੋਣਗੇ ਜੋ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਘੋਰ ਨਿਰਾਦਰ ਹੋਵੇਗਾ। ਬਾਣੀ-ਗੁਰੂ ਜੀ ਦੇ ਨਿੰਦਕ ਦਾ ਅੰਤ ਬਹੁਤ ਮਾੜਾ ਹੋਵੇਗਾ।

ਪ੍ਰਿਥਮ ਭਗੌਤੀ ਸਿਮਰ ਕੈ…… ਪੰਕਤੀ ਵਿੱਚ ਭਗੌਤੀ ਦੇ ਅਰਥ ਉਪਰ ਭਾਈ ਕਾਨ੍ਹ ਸਿੰਘ ਜੀ ਨੇ ਲਿਖ ਦਿਤੇ ਹਨ। ਵਧੇਰੇ ਡੂੰਘਾਈ ਨਾਲ ਸਮਝਣ ਲਈ ‘ਵਾਰ ਦੁਰਗਾ ਕੀ` ਅਥਵਾ ‘ਵਾਰ ਸ੍ਰੀ ਭਗਉਤੀ ਜੀ ਕੀ` ਦੀ ਪੜਚੋਲ ਜ਼ਰੂਰੀ ਹੈ। ਇਹ ਵਾਰ ਬਚਿਤ੍ਰ ਨਾਟਕ ਗ੍ਰੰਥ (ਅਖਉਤੀ ਦਸਮ ਗ੍ਰੰਥ) ਵਿੱਚ ਪੰਨਾ ਨੰਬਰ ੧੧੯ ਤੋਂ ੧੨੭ ਤਕ ਦਰਜ ਹੈ ਅਤੇ ਇਸ ਵਾਰ ਦੀਆਂ ਕੁਲ ੫੫ ਪਉੜੀਆਂ ਹਨ। ਸਾਰੀ ਵਾਰ ਵਿੱਚ ਦੇਵੀ ਦੁਰਗਾ (ਚੰਡੀ) ਦਾ ਮਹਿਖਾਸੁਰ, ਧੂਮ੍ਰਲੋਚਨ, ਚੰਡ, ਮੁੰਡ, ਸ੍ਰਣਵਤਬੀਜ (ਰਕਤਬੀਜ), ਸੂੰਭ, ਨਿਸੂੰਭ ਨਾਂ ਦੇ ਦੈਂਤਾਂ ਨਾਲ ਜੁਧਾਂ ਦਾ ਜ਼ਿਕਰ ਹੈ। ਇਸਦਾ ਆਧਾਰ ਗ੍ਰੰਥ ਮਾਰਕੰਡੈਯ ਪੁਰਾਣ ਹੈ। ਪੰਨਾ ੯੧ ਅਤੇ ੯੫ ਤੇ ਵੀ ਚੰਡੀ ਦੇ ਜੰਗਾਂ ਦਾ ਹਾਲ ਲਿਖਿਆ ਹੈ ਅਤੇ ਸਮਾਪਤੀ ਸੰਕੇਤ ਇਉਂ ਲਿਖੇ ਹਨ:
ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ….) , ਜਿਸਦੀ ਨਾਇਕਾ ਦੇਵੀ ਦੁਰਗਾ ਹੈ ਜਿਸਨੂੰ ਆਦਿ-ਸ਼ਕਤੀ, ਸ਼ਿਵਾ, ਜਗਮਾਇ, ਜਗਮਾਤਾ, ਭਵਾਨੀ, ਭਗਉਤੀ, ਕਾਲ, ਕਾਲੀ, ਕਾਲਕਾ, ਮਹਾਕਾਲੀ ਆਦਿਕ ਨਾਂਵਾਂ ਨਾਲ ਬਿਆਨ ਕੀਤਾ ਗਿਆ ਹੈ। (ਪੜ੍ਹੋ ਜੀ, ਮਾਰਕੰਡੇਯ ਪੁਰਾਣ ਅਤੇ ਉਸਤੇ ਆਧਾਰਿਤ ਪੁਸਤਕ ਸ੍ਰੀ ਦੁਰਗਾ ਸਪਤ-ਸ਼ਤੀ)
ਇਸ ਵਾਰ ਦੀ ਪਹਿਲੀ ਪਉੜੀ: ਪ੍ਰਿਥਮ ਭਗੌਤੀ ਸਿਮਰ ਕੇ ਗੁਰ ਨਾਨਕ ਲਈ ਧਿਆਇ।। … ਅਤੇ ਆਖਰੀ ਪਉੜੀ ਨੰ: ੫੫: ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।। ਅਰਥਾਤ, ਸਾਰੀਆਂ ਪਉੜੀਆਂ ਦੇਵੀ ਦੁਰਗਾ ਦੀ ਉਸਤਤਿ, ਵਡਿਆਈ ਕਰਣ ਲਈ ਹੀ ਰਚੀਆਂ ਹਨ। ਭਗਉਤੀ ਦਾ ਅਰਥ ਪ੍ਰਕਰਣ ਅਨੁਸਾਰ ਦੇਵੀ ਦੁਰਗਾ ਹੀ ਹੈ। ਇਸ ਵਾਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਮੰਨਣ ਵਾਲੇ ਦਸਣ ਕਿ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤ ਨੂੰ ਦੇਵੀ-ਪੂਜਕ ਕਿਵੇਂ ਮੰਨੀਏ? ਜੇ ਮੰਨੀਏ ਤਾਂ ਉਪਰ ਲਿਖੀ ਮਰਯਾਦਾ (ੳ) ਤੇ (ੲ) ਦੀ ਅਤੇ ਗੁਰਵਾਕ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।। (੯੬੬) ਦੀ ਉਲੰਘਣਾ ਹੁੰਦੀ ਹੈ।

ਦੁਜੀ ਗਲ, ਗੁਰਵਾਕ: ਤੂ ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। (ਅੰਗ ੮੭੪), ਅਨੁਸਾਰ ਇਹ ਦੇਵੀ ਭਵਾਨੀ ਅਰਥਾਤ ਦੁਰਗਾ ਖ਼ੁਦ ਮੁਕਤੀ ਨਹੀ ਦੇ ਸਕਦੀ। ਤਾਂ ਉਸਦਾ ਪਾਠ ਕਿਵੇਂ ਜੂਨਾਂ ਤੋਂ ਬਚਾ ਸਕਦਾ ਹੈ?
ਸਪਸ਼ਟ ਹੈ ਕਿ ਪ੍ਰਿਥਮ ਭਗੌਤੀ ਸਿਮਰ ਕੇ … ਅਰਦਾਸ ਦੀ ਆਰੰਭਤਾ ਗੁਰਮਤਿ ਅਨੁਕੂਲ ਨਹੀ ਕਿਉਂਕਿ ਇਹ ਅਰਦਾਸ ਸਭ ਤੋਂ ਪਹਿਲਾਂ “ਦੇਵੀ ਦੁਰਗਾ/ਦੇਵਤਾ ਮਹਾਕਾਲ” ਨੂੰ ਸਿਮਰ ਕੇ ਕੀਤੀ ਜਾ ਰਹੀ ਹੈ।
ਗੁਰ-ਫੁਰਮਾਨ “ਪੰਡਿਤ ਮੁਲਾ ਜੋ ਲਿਖ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। “ ਜੇ ਅਸੀ ਮੰਨ ਲਈਏ ਤਾਂ ਉਪਰੋਕਤ ਗੁਰਮਤਿ ਵੀਚਾਰ ਅਨੁਸਾਰ ਸਿਖ ਦੀ ਅਰਦਾਸ ਦੀ ਸ਼ੁਰੂਆਤ ਇਉਂ ਹੋਣੀ ਚਾਹੀਦੀ ਹੈ; (ਸੁਝਾਅ ਹੈ, ਪੰਥ ਗੌਰ ਕਰੇ):-

ੴ ਸਤਿਗੁਰ ਪ੍ਰਸਾਦਿ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ।।
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।। ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ।। ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ।। ਅਮਰਦਾਸਿ ਅਮਰਤੁ ਛਤ੍ਰ ਗੁਰ ਰਾਮਹਿ ਦੀਅਉ।। ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ।। ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ।। (ਅੰਗ ੧੪੦੮)
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ।। ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ।। (ਅੰਗ ੫੨੨)
ਧੰਨੁ ਗੁਰੂ ਨਾਨਕ ਸਾਹਿਬ ਜੀ। ਧੰਨੁ ਗੁਰੂ ਅੰਗਦ ਸਾਹਿਬ ਜੀ। ਧੰਨੁ ਗੁਰੂ ਅਮਰਦਾਸ ਸਾਹਿਬ ਜੀ। ਧੰਨੁ ਗੁਰੂ ਰਾਮਦਾਸ ਸਾਹਿਬ ਜੀ। ਧੰਨੁ ਗੁਰੂ ਅਰਜਨ ਸਾਹਿਬ ਜੀ। ਧੰਨੁ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨੁ ਗੁਰੂ ਹਰਿਰਾਇ ਸਾਹਿਬ ਜੀ। ਧੰਨੁ ਗੁਰੂ ਹਰਿਕਿਸ਼ਨ ਸਾਹਿਬ ਜੀ। ਧੰਨੁ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨੁ ਧੰਨੁ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ।।
ਅੱਗੇ ਰਹਤ ਮਰਯਾਦਾ ਵਿੱਚ ਛਪੀ ਅਰਦਾਸ (ਕੁਝ ਥਾਂਈਂ ਸੁਧਾਈ ਦੀ ਲੋੜ ਪੈ ਸਕਦੀ ਹੈ), ਅਤੇ ਅਖੀਰ ਤੇ ‘ਨਾਨਕ ਨਾਮ ਚੜ੍ਹਦੀ ਕਲਾ` ਦੀ ਥਾਂ ‘ਹੇ ਵਾਹਿਗੁਰੁ! ਤੇਰੇ ਨਾਮ ਦੀ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ` ਉਚਾਰਿਆ ਜਾਵੇ (ਨਾਨਕ ਪਦ ਵਰਤ ਕੇ ਕੋਈ ਰਚਨਾ ਲਿਖਣ ਦਾ ਹੱਕ ਕਿਸੇ ਸਿਖ ਜਾਂ ਜਥੇਦਾਰ ਨੂੰ ਨਹੀ)।
ਵਾਹਿਗੁਰੂ/ਬਾਣੀ ਗੁਰੂ ਸਾਹਿਬ ਜੀ ਦੇ ਸਨਮੁਖ ਨਿਮਾਣੇ ਜਨ ਬਣ ਕੇ ਕੀਤੀ ਅਰਦਾਸ ਹੀ ਪਰਵਾਨ ਹੁੰਦੀ ਹੈ। (ਨੋਟ: ਪ੍ਰਿਥਮ ਅਕਾਲ ਪੁਰਖੁ ਸਿਮਰ ਕੇ. . ਬੋਲਿਆਂ ‘ਅਕਾਲ ਪੁਰਖੁ` ਅਤੇ ‘ਕਾਲ ਪੁਰਖ =ਦੇਵੀ` ਦਾ ਭੁਲੇਖਾ ਪੈ ਸਕਦਾ ਹੈ)
.