.

ਖੱਤਰੇ ਦੀ ਘੰਟੀ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ `ਤੇ ਜ਼ਬਰਦਸਤ ਹਮਲਾ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਅਸਾਂ ਜੀਵਨ ਮੁੱਕਤ ਹੋਣਾ ਹੈ-ਫ਼ੁਰਮਾਨ ਹੈ “ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ” (ਪੰ: ੨੭੫) ਭਾਵ ਗੁਰਸਿੱਖ ਨੇ ਗੁਰਬਾਣੀ-ਗੁਰੂ ਦੀ ਸਿਖਿਆ `ਤੇ ਚਲ ਕੇ ਜੀਵਨ ਮੁੱਕਤ ਹੋਣਾ ਹੈ। ਮਰਣ ਤੋਂ ਬਾਅਦ ਦੱਸੀ ਜਾਂਦੀ ਮੁੱਕਤੀ ਜਾਂ ਸੁਰਗ-ਨਰਕ ਆਦਿ ਨਾਲ ਗੁਰਸਿੱਖ ਦਾ ਕੁੱਝ ਵੀ ਲੈਣਾ ਦੇਣਾ ਨਹੀਂ। ਜੀਵਨ ਮੁੱਕਤ ਦੇ ਅਰਥ ਹਨ ਗੁਰੂ-ਗੁਰਬਾਣੀ ਦੀ ਆਗਿਆ `ਚ ਕਮਾਈ ਕਰਕੇ ਜੀਵਨ ਨੂੰ ਤਿਆਰ ਕਰਣਾ। ਇਸ ਤਰ੍ਹਾਂ ਜੀਊਂਦੇ ਜੀਅ, ਮੋਹ-ਮਾਇਆ, ਵਿਕਾਰਾਂ, ਅਉਗੁਣਾਂ ਆਦਿ ਤੋਂ ਮੁੱਕਤ ਹੋਣਾ। ਅਨੰਦਮਈ, ਸੰਤੋਖੀ ਤੇ ਟਿਕਾਅ ਵਾਲਾ ਜੀਵਨ ਬਤੀਤ ਕਰਣਾ ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਜਨਮ ਦੇ ਗੇੜ੍ਹ `ਚ ਨਾ ਆਉਣਾ।

“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” - ਧਿਆਨ ਰਹੇ! ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਕੁੱਝ ਲੋਕਾਂ ਦੇ ਹੀ ਨਹੀਂ ਬਲਕਿ ਸੰਸਾਰ ਦੇ ਇਕੋ ਇੱਕ ਗੁਰੂ ਹਨ। ਫ਼ਿਰ ਵੀ ਇਸ ਸੱਚ ਨੂੰ ਉਹੀ ਬੁੱਝ ਸਕਦੇ ਹਨ ਜਿਨ੍ਹਾਂ ਨੇ ਸੱਚ ਧਰਮ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਚੁੱਭੀਆਂ ਲਗਾਈਆਂ ਹੋਣ, ਦੂਜੇ ਨਹੀਂ। ਹੈਰਾਨੀ ਦੀ ਗੱਲ ਹੈ ਕਿ ਅਜੇ “ਗੁਰੂ ਗ੍ਰੰਥ ਦਾ ਪੰਥ” ਤੇ “ਕਾਲਕਾ ਪੰਥ” ਵਾਲਾ ਪਾੜਾ ਭਰਿਆ ਨਹੀਂ ਸੀ ਗਿਆ ਜਦਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ `ਤੇ ਹੀ ਦੋ ਪਾਸਿਓਂ ਹੋਰ ਵੱਡਾ ਹਮਲਾ ਹੋ ਚੁੱਕਾ ਹੈ ਤੇ ਇਸ ਲਪੇਟ `ਚ ਸਾਡੇ ਬੜੇ ਬੜੇ ਸਤਿਕਾਰ ਜੋਗ ਪੜ੍ਹੇ-ਲਿਖੇ ਸਿੱਖ ਵਿਦਵਾਨ ਵੀ ਆਏ ਹੋਏ ਨਜ਼ਰ ਆ ਰਹੇ ਹਨ।

ਇਹ ਸੱਚ ਹੈ ਕਿ ਸੰਸਾਰ ਦੇ ਕਿਸੇ ਵੀ ਕਿੱਤੇ `ਚ ਜੇ ਕੋਈ ਛੂਤ ਦੀ ਬਿਮਾਰੀ ਫੁਟਦੀ ਹੈ ਜਿਵੇਂ ਅੱਜ ਭਾਰਤ `ਚ ਡੇਂਗੂ। ਜ਼ਰੂਰੀ ਨਹੀਂ, ਕਿ ਇਸ ਦੀ ਚਪੇਟ `ਚ ਲਾਪਰਵਾਹੀ ਕਰਣ ਵਾਲੇ ਹੀ ਆਉਣ। ਬਥੇਰੇ ਉਹ ਵੀ ਲਪੇਟ `ਚ ਆ ਜਾਂਦੇ ਹਨ ਜਿਨ੍ਹਾਂ ਨੇ ਪੂਰੀ-ਪੂਰੀ ਇਤਿਹਾਤ ਵੀ ਵਰਤੀ ਹੁੰਦੀ ਹੈ। ਮੁਖ ਕਾਰਨ ਹੁੰਦਾ ਹੈ ਕਿ ਇਸ ਦੇ ਜੀਵਾਣੂ ਹੋਰ ਵੀ ਕਈ ਪਾਸਿਆਂ ਤੋਂ ਹਮਲਾ ਕਰ ਦਿੰਦੇ ਹਨ ਜੋ ਕਿਸੇ ਦੇ ਧਿਆਨ ਗੋਚਰੇ ਨਹੀਂ ਹੁੰਦੇ। ਕਈ ਵਾਰੀ ਤਾਂ ਨੁਕਸਾਨ ਹੋਣ ਤੋਂ ਬਾਅਦ ਹੀ ਕਿਸੇ ਨੂੰ ਸਮਝ ਆਉਂਦੀ ਹੈ ਪਰ ਤਦ ਤੱਕ ਵੱਡਾ ਨੁਕਸਾਨ ਹੋ ਚੁੱਕਾ ਹੁੰਦਾ ਹੈ।

ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ `ਤੇ ਇਹਨਾ ਦੋ ਹਮਲਿਆਂ ਦੀ ਬੁਨਿਆਦ ਕਿੱਥੇ ਹੈ? ਦਾਸ ਨੂੰ ਹੱਕ ਨਹੀਂ ਕਿ ਇਸ ਦੇ ਲਈ, ਕਿਸੇ ਵੀ ਸਤਿਕਾਰ ਜੋਗ ਸੱਜਨ ਵੱਲ ਉਂਗਲ ਕਰੇ। ਇਹ ਵੀ ਸੰਭਵ ਹੈ ਕਿ ਹਰੇਕ ਰਾਹੀਂ ਗੁਰਬਾਣੀ ਸਤਿਕਾਰ `ਚ ਇਮਾਨਦਾਰ ਹੁੰਦੇ ਹੋਏ ਵੀ ਕਿਧਰੋਂ ਆਪਸੀ ਵਿਚਾਰਾਂ ਦੇ ਅੰਤਰ ਤੋਂ, ਅਨਜਾਣੇ ਹੀ ਅਜਿਹਾ ਬਵੰਡਰ, ਤੁਫ਼ਾਨ ਦਾ ਰੂਪ ਲੈ ਚੁੱਕਾ ਹੋਵੇ। ਫ਼ਿਰ ਵੀ ਅਕੱਟ ਸਚਾਈ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ `ਤੇ ਦੋ ਪਾਸਿਆਂ ਤੋਂ ਇਹ ਦੋ ਨਵੇਂ ਤੇ ਭਿਆਨਕ ਹਮਲੇ ਹੋ ਚੁੱਕੇ ਹਨ। ਇਸ ਤਰ੍ਰਾਂ ਜੇਕਰ ਕੌਮ ਨੇ ਅਜੇ ਵੀ ਇਹਨਾ ਹਮਲਿਆਂ ਦੀ ਪਹਿਚਾਣ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਕੁੱਝ ਸਮੇਂ ਬਾਅਦ ਪੰਥ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇ।

ਵੇਰਵੇ `ਚ ਜਾਣ ਤੋਂ ਪਹਿਲਾਂ, ਦੋਹਰਾ ਦੇਣਾ ਚਾਹੁੰਦੇ ਹਾਂ ਕਿ ਨਾ ਇਸ ਸਬੰਧੀ ਕਿਸੇ ਪੰਥਕ ਵਿਦਵਾਨ ਜਾਂ ਦਰਦੀ ਸੱਜਨ ਵੱਲ ਨਾ ਇਸ਼ਾਰਾ ਹੈ ਤੇ ਨਾ ਕਿਸੇ ਵੱਲ ਉਂਗਲ। ਮਕਸਦ ਇਕੋ ਹੈ, ਜੇ ਕਰ ਇਹਨਾ ਦੋਨਾਂ ਹਮਲਿਆਂ `ਚੋ ਇੱਕ ਜਾਂ ਦੋਨਾਂ ਦਾ ਆਧਾਰ (ੳ) ਵਿਚਾਰਾਂ ਦਾ ਅੰਤਰ ਹੀ ਵਿਕਰਾਲ ਰੂਪ ਲੈ ਰਿਹਾ ਹੋਵੇ (ਅ) ਕਿਸੇ ਬਾਹਰਲੀ ਏਜੰਸੀ ਦਾ ਹੱਥ ਹੋਵੇ, ਪਰ ਦੋਨਾਂ ਹਾਲਤਾਂ `ਚ ਸਮੂਚੇ ਤੌਰ `ਤੇ ਪੰਥਕ ਵਿਦਵਾਨ ਤੇ ਦਰਦੀ ਸੱਜਨਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਕਿ ਕੌਮ ਦਾ ਵੱਡਾ ਨੁਕਸਾਨ ਹੋ ਜਾਵੇ; ਇਸ ਵੱਲ ਬਿਨਾ ਦੇਰ ਧਿਆਨ ਦੇਣ।

ਦੋ ਹਮਲੇ ਕਿਹੜੇ ਹਨ? - ਸੁਆਲ ਪੈਦਾ ਹੁੰਦਾ ਹੈ ਕਿ ਆਖ਼ਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ `ਤੇ ਇਹ ਦੋ ਹਮਲੇ ਹੈਣ ਕੀ? ਇਸ ਸਿਲਸਲੇ `ਚ ਪਹਿਲਾ ਹਮਲਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਅਜ਼ਮਤ `ਤੇ ਅਤੇ ਦੂਜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ ਦੇ ਜਨਮ-ਮਰਣ ਵਾਲੇ ਪੱਖ `ਤੇ; ਇਸ ਤਰ੍ਹਾਂ ਇਹਨਾ `ਤੇ ਇੱਕ ਝਾਤ:-

੧. ਪਹਿਲਾ ਹਮਲਾ, ਗੁਰੂ ਨਾਨਕ ਪਾਤਸ਼ਾਹ ਦੀ ਅਜ਼ਮਤ `ਤੇ-ਪ੍ਰਚਾਰਿਆ ਜਾ ਰਿਹਾ ਹੈ (ੳ) ਗੁਰੂ ਨਾਨਕ ਪਾਤਸ਼ਾਹ ਗੁਰੂ ਹੀ ਨਹੀਂ ਹਨ (ਜਦਕਿ ਇਸੇ ਹਮਲੇ ਦੇ ਕੁੱਝ ਹੋਰ ਪਹਿਲੂ ਵੀ ਹਨ ਜਿਵੇਂ) (ਅ) ਗੁਰੂ ਨਾਨਕ ਪਾਤਸ਼ਾਹ ਜਿਸ ਸ਼ਬਦ ਗੁਰੂ ਦੇ ਉਪਾਸ਼ਕ ਹਨ ਉਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਹੈ ਹੀ ਨਹੀਂ, ਇਸ ਲਈ ਉਸ ਸ਼ਬਦ ਨੂੰ ਪ੍ਰਗਟ ਕਰਣ ਦੀ ਲੋੜ ਹੈ (ੲ) ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਨੂੰ ਗੁਰਗੱਦੀ ਨਹੀਂ ਸੌਪੀ, ਇਸ ਲਈ ਬਾਕੀ ਗੁਰੂ ਜਾਮੇ, ਗੁਰੂ ਹੀ ਨਹੀਂ ਹਨ (ਸ) ਬਾਕੀ ਨੌਂ ਗੁਰੂ ਹਸਤੀਆਂ ਨੂੰ ਗੁਰਗੱਦੀ ਸ੍ਰੀ ਚੰਦ ਨੇ ਸੌਪੀ (ਹ) ਗੁਰੂ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਹੀ ਹਨ ਅਤੇ ਦਸ ਗੁਰੂ ਹਸਤੀਆਂ, ਗੁਰੂ ਨਹੀਂ ਹਨ। ਇਸ ਲਈ ਉਹਨਾਂ ਦੇ ਨਾਵਾਂ ਨਾਲ ਗੁਰੂ ਲਫ਼ਜ਼ ਨਹੀਂ ਵਰਤਿਆ ਜਾਣਾ ਚਾਹੀਦਾ (ਬਲਕਿ ਕਈਆਂ ਨੇ ਤਾਂ ਇਸ `ਤੇ ਅਮਲ ਵੀ ਸ਼ੁਰੂ ਕਰ ਦਿੱਤਾ ਹੈ) ਇਸੇ ਤਰ੍ਹਾਂ ਕੁੱਝ ਹੋਰ ਵੀ ਕਿਉਂ-ਕਿੰਤੂ।

੨. ਦੂਜਾ ਹਮਲਾ-” ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ `ਤੇ ਜੋ ਹੋਇਆ ਹੈ ਉਹ ਇਹ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਨੁਸਾਰ ਜਨਮ ਮਰਣ ਦਾ ਵਿਸ਼ਾ ਹੈ ਹੀ ਨਹੀਂ ਅਤੇ ਮਨੁੱਖਾ ਜਨਮ ਦਾ ਅੱਗਾ-ਪਿੱਛਾ ਵੀ ਕੁੱਝ ਨਹੀਂ।

ਕਾਸ਼! ਅਜਿਹੇ ਸੱਜਨਾਂ ਨੇ ਗੁਰਬਾਣੀ ਅੰਦਰੋਂ ਗੁਰਮੁਖ ਤੇ ਮਨਮੁਖ; ਵਡਭਾਗੀ ਤੇ ਅਭਾਗਾ; ਸਚਿਆਰਾ ਤੇ ਬਿਰਥਾ ਜਨਮ `ਤੇ ਹੀ ਵੱਖ-ਵੱਖ ਘੋਖੀ ਕਰ ਲਈ ਹੁੰਦੀ। ਨਹੀਂ ਤਾਂ ਕੇਵਲ ਗੁਰਮੁਖਾਂ ਬਾਰੇ ਜਨਮ ਮਰਣ ਦੁਖ ਕਾਲ, ਸਿਮਰਤ ਮਿਟਿ ਜਾਵਈ॥ ਨਾਨਕ ਕੈ ਸੁਖੁ ਸੋਇ, ਜੋ ਪ੍ਰਭ ਭਾਵਈ” (ਪੰ: ੩੯੯) ਅਨੁਸਾਰ ਇਹ ਕਹਿੰਦੇ ਕਿ ਸਰੀਰ ਤਿਆਗਣ ਬਾਅਦ ਗੁਰਮੁਖ ਜਨਮ ਮਰਣ `ਚ ਨਹੀਂ ਆਉਂਦੇ। ਇਹ ਯੋਗ ਵੀ ਹੁੰਦਾ ਤੇ ਗੁਰਬਾਣੀ ਅਨੁਸਾਰ ਵੀ।

ਜਦਕਿ ਪ੍ਰਚਾਰਿਆ ਜਾ ਰਿਹਾ ਹੈ “ਗੁਰਬਾਣੀ ਅਨੁਸਾਰ ਪਿਛਲੇ ਜਨਮਾਂ ਸੰਸਕਾਰਾਂ ਦੀ ਗੱਲ ਹੈ ਨਹੀਂ। ਮੌਤ ਤੋਂ ਬਾਅਦ ਮਨਮੁਖ ਦਾ ਜਨਮ-ਮਰਣ ਵੀ ਨਹੀਂ ਤੇ ਉਸ ਦੇ ਚੰਗੇ ਮਾੜੇ ਕਰਮਾਂ ਦੀ ਸਜ਼ਾ ਵਾਲਾ ਵੀ ਕੋਈ ਨਿਯਮ ਨਹੀਂ। ਗੁਰਬਾਣੀ ਅਨੁਸਾਰ ਮਨੁੱਖ ਦਾ ਜਨਮ ਹੀ ਸਭਕੁਝ ਹੈ ਤੇ ਇਸ ਦਾ ਅੱਗਾ-ਪਿੱਛਾ ਕੁੱਝ ਵੀ ਨਹੀਂ; ਆਏ ਤੇ ਚਲੇ ਗਏ, ਬੱਸ ਇਹੀ ਹੈ ਜ਼ਿੰਦਗੀ ਦੀ ਖੇਡ”।

ਦੋਨਾਂ ਹਮਲਿਆਂ ਬਾਰੇ ਵਾਰੀ ਵਾਰੀ: (੧) ਪਹਿਲਾ ਹਮਲਾ- ਕਮਾਲ ਤਾਂ ਉਥੇ ਹੋ ਜਾਂਦੀ ਹੈ ਜਦੋਂ ਕੁੱਝ ਸੱਜਨ ਕਹਿੰਦੇ ਹਨ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤਾਂ ਗੁਰੂ ਹਨ ਪਰ ਦਸ ਪਾਤਸ਼ਾਹੀਆਂ ਗੁਰੂ ਨਹੀਂ ਹਨ। ਪਹਿਲਾਂ ਤਾਂ ਅਜਿਹੇ ਸੱਜਨ ਇਸ ਗੱਲ ਦਾ ਉੱਤਰ ਦੇਣ ਜੇਕਰ ਦਸ ਪਾਤਸ਼ਾਹੀਆਂ ਹੀ ਨਾ ਹੁੰਦੀਆਂ ਤਾਂ ਇਸ ਸੰਸਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਅਮੁਲੀ ਦਾਤ ਪ੍ਰਾਪਤ ਹੀ ਕਿਵੇਂ ਹੁੰਦੀ? ਦਰਅਸਲ ਅਜਿਹੇ ਸੱਜਨਾਂ ਨੂੰ ਪਹਿਲਾਂ ਗੁਰਬਾਣੀ `ਚੋਂ ਸਮਝਣ ਦੀ ਲੋੜ ਹੈ ਕਿ ਗੁਰਬਾਣੀ ਅਨੁਸਾਰ ਗੁਰੂ ਦਾ ਰੁੱਤਬਾ ਤੇ ਪ੍ਰੀਭਾਸ਼ਾ ਹੈ ਕੀ?

ਅਜਿਹੇ ਸਤਿਕਾਰ ਜੋਗ ਸੱਜਨਾਂ ਨੂੰ ਸੰਸਾਰ ਭਰ ਦੀਆਂ ਤੇ ਹਜ਼ਾਰਾਂ ਸਾਲਾਂ ਤੋਂ ਪ੍ਰਚਲਤ ਗੁਰੂ ਪਦ ਬਾਰੇ ਪ੍ਰੀਭਸ਼ਾਵਾਂ ਤੇ ਅਰਥਾਂ ਨੂੰ ਤਿਆਗ ਕੇ ‘ਗੁਰੂ’ ਦੇ ਅਰਥ ਤੇ ਪ੍ਰੀਭਾਸ਼ਾ ਵੀ ਗੁਰਬਾਣੀ ਵਿਚੋਂ ਹੀ ਲੈਣ ਦੀ ਲੋੜ ਹੈ। ਇਸ ਤਰ੍ਹਾਂ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ, ਉਹਨਾਂ ਦੇ ਦਸ ਸਰੂਪ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਿਚਕਾਰ ਭਿੰਨ ਭੇਦ ਨਜ਼ਰ ਨਹੀਂ ਆਵੇਗਾ; ਉਹਨਾਂ ਦਾ ਇਸ ਬਾਰੇ ਬਣ ਰਿਹਾ ਸਾਰਾ ਭਰਮ-ਭੁਲੇਖਾ ਤੇ ਕਿਉਂ-ਕਿੰਤੂ ਆਪੇ ਹੀ ਦੂਰ ਹੋ ਜਾਵੇਗਾ।

“ਜਗਤੁ ਗੁਰੂ, ਗੁਰੁ ਨਾਨਕ ਦੇਉ” -ਭਾਈ ਗੁਰਦਾਸ ਜੀ ਦੀ ਸ਼ਬਦਾਵਲੀ `ਚ ਵੀ ਗੁਰੂ ਨਾਨਕ ਪਾਤਸ਼ਾਹ ਨੂੰ “ਜਗਤੁ ਗੁਰੂ, ਗੁਰੁ ਨਾਨਕ ਦੇਉ” (ਭਾ: ਗੁ: ੨੪/੨) ਹੀ ਕਿਹਾ ਹੈ। ਸਚਾਈ ਵੀ ਇਹੀ ਹੈ ਕਿ ਇਲਾਹੀ, ਰੱਬੀ, ਸਦੀਵੀ ਤੇ ਸੱਚ ਧਰਮ ਦਾ ਸੰਸਾਰ ਪਧਰ `ਤੇ ਪ੍ਰਕਾਸ਼ ਹਨ, ਕੇਵਲ ਤੇ ਕੇਵਲ ‘ਗੁਰੂ ਨਾਨਕ ਪਾਤਸ਼ਾਹ’। ਫ਼ਿਰ “ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ” (ਪੰ: ੯੬੬) ਅਨੁਸਾਰ ਵੀ ਉਸੇ ‘ਗੁਰੂ ਨਾਨਕ’ ਜੋਤ ਦਾ ਹੀ ਪ੍ਰਗਟਾਵਾ ਹਨ ਬਾਕੀ ਨੌਂ ਗੁਰੂ ਜਾਮੇ। ਇਸੇ ਤਰ੍ਹਾਂ ਸਦੀਵ ਕਾਲ ਤੇ ਸੰਸਾਰ ਦੇ ਉਧਾਰ ਲਈ ‘ਗੁਰੂ ਨਾਨਕ ਪਾਤਸ਼ਾਹ’ ਤੇ ਦਸੋਂ ਪਾਤਸ਼ਾਹੀਆਂ ਦੇ ਹੀ ਪ੍ਰਤੱਖ ਦਰਸ਼ਨ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਤੇ ਉਹਨਾਂ ਤੋਂ ਭਿੰਨ ਨਹੀਂ ਹਨ; ਤਾਂ ਫ਼ਿਰ ਇਹ ਵਿਸ਼ਾ ਕਿਥੋਂ ਤੇ ਕਿਵੇਂ ਪੈਦਾ ਹੋ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਜਾ ਉਹਨਾਂ ਦੇ ਜਾਨਸ਼ੀਨ ਬਾਕੀ ਨੌਂ ਗੁਰੂ ਜਾਮੇ, ਗੁਰੂ ਨਹੀਂ ਹਨ?

“ਸਚਾ ਸਉਦਾ ਹਟੁ ਸਚੁ” -ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਤੋਂ ਤਨੁ ਮਨੁ ਥੀਵੈ ਹਰਿਆ” ਤੱਕ ਜੋ ਛੇ ਗੁਰੂ ਵਿਅਕਤੀਆਂ, ਪੰਦਰ੍ਹਾਂ ਭਗਤਾਂ, ਯਾਰਾਂ ਭੱਟਾਂ ਤੇ ਤਿੰਨ ਗੁਰਸਿੱਖਾਂ ਸਮੇਤ ੩੫ ਲ਼ਿਖਾਰੀਆਂ ਦੀ ਬਾਣੀ ਹੈ ਉਸ ਬਾਰੇ ਵੀ ਗੁਰਬਾਣੀ ਦਾ ਫ਼ੈਸਲਾ ਹੈ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ…” (ਪੰ: ੬੪੬)। ਇਸ ਲਈ ਬਾਣੀ ਦੇ ਅੰਗਾਂ `ਚ ਫ਼ਰਕ ਕਰਕੇ ਸੋਚਣ ਦਾ ਵੀ ਕਿਸੇ ਨੂੰ ਕੋਈ ਹੱਕ ਨਹੀਂ। ਉਪ੍ਰੰਤ ਉਸ ਦੇ ਰਚਨਹਾਰ ਤੇ ਪ੍ਰਵਾਣ ਕਰਤਾ ਗੁਰੂ ਨਾਨਕ ਪਾਤਸ਼ਾਹ ਤੇ ਉਹਨਾਂ ਦੇ ਬਾਕੀ ਨੌਂ ਜਾਮਿਆਂ ਬਾਰੇ ਕਹਿਣਾ ਕਿ ਉਹ ਮਹਾਨ ਹਸਤੀਆਂ ਇਲਾਹੀ ਤੇ ਸ਼ਬਦ ਗੁਰੂ ਦਾ ਸਰੀਰ ਰੂਪ ਪ੍ਰਗਟਾਵਾ ਨਹੀਂ ਹਨ ਜਾਂ ਗੁਰੂ ਨਹੀਂ ਹਨ, ਇਸ ਨੂੰ ਵੱਡੀ ਨਾਸਮਝੀ ਤੇ ਅਗਿਆਨਤਾ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ।

“ਸਤਿਗੁਰੁ ਮੇਰਾ ਸਦਾ ਸਦਾ… ਸਭ ਮਹਿ ਰਹਿਆ ਸਮਾਇ” - ਗੁਰਬਾਣੀ ਅਨੁਸਾਰ ਅਕਾਲਪੁਰਖ ਦੇ ਬੇਅੰਤ ਗੁਣਾਂ `ਚੋਂ ਹੀ ਉਸ ਦਾ ਨਿਜ ਗੁਣ ਹੈ ਗੁਰੂ’, ਜਿਸ ਦੀ ਲੋੜ ਵੀ ਮਨੁੱਖਾ ਜੂਨ `ਚ ਹੈ ਤੇ ਬਾਕੀ ਜੂਨਾਂ `ਚ ਨਹੀਂ। ਇਸ ‘ਗੁਰੂ’ ਪਦ `ਚ ਇਲਾਹੀ ਗਿਆਨ ਤੇ ਪ੍ਰਭੂ ਦੀ ਬਖ਼ਸ਼ਿਸ਼ ਵੀ ਸਮੋਈ ਹੁੰਦੀ ਹੈ। ਅਕਾਲਪੁਰਖ ਵੱਲੋਂ ਜੀਵ ਨੂੰ ਮਨੁੱਖਾ ਜੂਨ ਮਿਲਦੀ ਹੀ ਇਸ ਲਈ ਹੈ ਕਿ ਉਹ ‘ਗੁਰੂ ਗਿਆਨ’ ਦੀ ਵਰਤੋਂ ਕਰੇ ਤੇ ਜਨਮ ਸਫ਼ਲਾ ਕਰੇ। ਪ੍ਰਭੂ `ਚ ਅਭੇਦ ਹੋਣ ਲਈ ਤੇ ਜਨਮ-ਮਰਣ ਦੇ ਗੇੜ੍ਹ `ਚੋਂ ਛੁਟਕਾਰਾ ਪਾਉਣ ਲਈ ਹੀ ਤਾਂ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਜੀਵ ਨੂੰ ਮਨੁੱਖ ਦਾ ਜਨਮ ਮਿਲਦਾ ਹੈ।

ਇਸ ਤਰ੍ਹਾਂ ਮਨੁੱਖਾ ਜਨਮ ਦੀ ਸਫ਼ਲਤਾ ਲਈ ਹੀ “ਸਭ ਮਹਿ ਰਹਿਆ ਸਮਾਇ” (ਪੰ: ੭੫੯) ਭਾਵ ਸਤਿਗੁਰੂ ਦਾ ਵਾਸਾ ਵੀ ਹਰੇਕ ਮਨੁੱਖ ਦੇ ਅੰਤਰ ਆਤਮੇ ਹੁੰਦਾ ਹੈ। ਉਪ੍ਰੰਤ ਹਰੇਕ `ਚ ਵੱਸ ਰਹੇ ਸਤਿਗੁਰੂ ਦਾ ਜੀਵਨ ਅੰਦਰੋਂ ਪ੍ਰਗਟਾਵਾ ਸਾਧਸੰਗਤ `ਚ ਆ ਕੇ ਤੇ “ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿਖ ਸੁਣੀ” (ਬਾਣੀ ਜਪੁ) ਭਾਵ ਤਿਗੁਰੂ ਵਾਲੇ ਗਿਆਨ ਨੂੰ ਅਰਦਾਸੀਆ ਬਣਕੇ ਜੀਵਨ `ਚ ਢਾਲਣ ਨਾਲ ਹੀ ਹੁੰਦਾ ਹੈ, ਉਂਝ ਨਹੀਂ।

“ਸਹਿ ਮੇਲੇ ਤਾ ਨਦਰੀ ਆਈਆ” -ਇਸ ਸੱਚ ਨੂੰ ਸਮਝਾਉਣ ਤੇ ਸਪਸ਼ਟ ਕਰਣ ਲਈ ਗੁਰਬਾਣੀ `ਚ ਅਨੇਕਾਂ ਸ਼ਬਦ ਤੇ ਪ੍ਰਮਾਣ ਹਨ। ਫ਼ਿਰ ਵੀ ਚੂੰਕਿ ਰਬੀ ਗਿਆਨ ਅਥਵਾ ਸ਼ਬਦ-ਗੁਰੂ ਹਰੇਕ ਮਨੁੱਖ ਦੇ ਅੰਤਰ-ਆਤਮੇ ਵਸਦਾ ਹੈ। ਉਪ੍ਰੰਤ ਜੀਵਨ `ਚੋਂ ਸਤਿਗੁਰੂ ਨੇ ਉਜਾਗਰ ਹੋਣਾ ਹੈ ਤਾਂ ਉਹ ਗੁਰਬਾਣੀ-ਗੁਰੂ ਦੇ ਆਦੇਸ਼ਾਂ ਤੇ ਅਮਲ ਤੇ ਪ੍ਰਭੂ ਦੀ ਬਖ਼ਸ਼ਿਸ਼ ਨਾਲ, ਉਸ ਬਿਨਾ ਨਹੀਂ। ਇਸੇ ਨੂੰ ਬਾਣੀ ਆਸਾ ਕੀ ਵਾਰ `ਚ ਵੀ ਇਸ ਤਰ੍ਹਾਂ ਸਪਸ਼ਟ ਕੀਤਾ ਹੈ ਜਿਵੇਂ “ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ॥ ਸਹਿ ਮੇਲੇ ਤਾ ਨਦਰੀ ਆਈਆ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ॥ ਸਹਿ ਤੁਠੈ ਨਉ ਨਿਧਿ ਪਾਈਆ॥ ੧੮॥” (ਪੰ: ੪੭੩) ਅਤੇ ਹੋਰ ਬੇਅੰਤ ਪ੍ਰਮਾਣ।

ਧੰਨ ਹਨ, ਗੁਰੂ ਨਾਨਕ ਪਾਤਸ਼ਾਹ- ਇਹ ਵੀ ਸਮਝਣਾ ਹੈ ਕਿ ਅਕਾਲਪੁਰਖ ਦੇ ਜਿਸ ਨਿਜ ਗੁਣ ਗੁਰੂ’ ਦਾ ਸਬੰਧ ਹੀ ਮਨੁੱਖ ਨਾਲ ਹੈ ਤਾਂ ਫ਼ਿਰ ਪ੍ਰਭੂ ਦੇ ਉਸ ਗੁਣ ਦਾ ਪ੍ਰਗਟਾਵਾ ਵੀ ਕਿਸੇ ਅਜਿਹੇ ਢੰਗ ਨਾਲ ਹੀ ਹੋਣਾ ਜਿਸ ਤੋਂ ਮਨੁੱਖ ਲਾਭ ਵੀ ਲੈ ਸਕੇ। ਇਥੇ ਵੀ ਅਕਾਲਪੁਰਖ ਦੀ ਗ਼ੈਬੀ ਬਖ਼ਸ਼ਿਸ਼ ਹੀ ਹੈ ਕਿ ਸ਼ਬਦ ਗੁਰੂ’ ਦੇ ਪ੍ਰਗਟਾਵੇ ਲਈ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਬਾਕੀ ਨੌ ਸਰੂਪਾਂ ਨੂੰ ਧੁਰੋਂ ਥਾਪਿਆ। ਦਰਅਸਲ ਇਸ ਵਿਸ਼ੇ ਨੂੰ ਅਸੀਂ ਗੁਰਮਤਿ ਪਾਠ (੧੭੯) ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .” ਉਪ੍ਰੰਤ ਗੁਰਮਤਿ ਪਾਠ (੭੮) ਇਲਾਹੀ ਗਿਆਨ-ਗਿਆਨ ਗੁਰੂ-ਸਰੀਰ ਗੁਰੂ? (੧੦੯) ਗੁਰਬਾਣੀ ਅਨੁਸਾਰ ‘ਗੁਰੂ-ਸਤਿਗੁਰੂ-ਸ਼ਬਦ ਗੁਰੂ” (੧੩੨) ਸਭ ਤੇ ਵਡਾ ਸਤਿਗੁਰੁ ਨਾਨਕ” `ਚ ਉਪ੍ਰੰਤ (G-10) ਅਕਾਲਪੁਰਖ ਗੁਰੂ-ਗੁਰੂ ਨਾਨਕ ਸਾਹਿਬ-ਗੁਰੂ ਗ੍ਰੰਥ ਸਾਹਿਬ; ਇੱਕ ਹਨ, ਭਿੰਨ ਭਿੰਨ ਨਹੀਂ”, (G-14) “ਵਾਹੁ ਵਾਹੁ ਬਾਣੀ ਨਿਰੰਕਾਰ ਹੈ” (G-28) “ਗੁਰੂ ਬਿਨਾ ਮੈ ਨਾਹੀ ਹੋਰ (ਗੁਰੂ ਕੌਣ)?” (G-40) “ਸਤਿਗੁਰਿ ਏਕੁ ਵਿਖਾਲਿਆ” (G-44) “ਸੰਸਾਰ ਪੱਧਰ ਦੇ ਇਕੋ ਇੱਕ ਗੁਰੂ ਹਨ-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”, (G-57) “ਬਾਣੀ ਗੁਰੂ, ਗੁਰੂ ਹੈ ਬਾਣੀ…” `ਚ ਵੀ ਲੈ ਚੁੱਕੇ ਹਾਂ। ਜਦਕਿ ਇਹ ਸਾਰੇ ਗੁਰਮਤਿ ਪਾਠ www.sikhmarg.com `ਤੇ ਪ੍ਰਾਪਤ ਹਨ ਤੇ ਇਹਨਾ ਦਾ ਲਾਭ ਵੀ ਲਿਆ ਜਾ ਸਕਦਾ ਹੈ।

“ਪੂਜਾ ਅਕਾਲਪੁਖ ਕੀ, ਪਰਚਾ ਸ਼ਬਦ ਕਾ, ਦਿਦਾਰ ਖਾਲਸੇ ਕਾ” - ਕਮਾਲ ਤਾਂ ਇਹ ਹੋਈ ਕਿ ਜਿਉਂ ਹੀ ਸ਼ਬਦ-ਗੁਰੂ ਦੇ ਸਰੀਰਕ ਪ੍ਰਗਟਾਵੇ ਵਾਲਾ ਕਾਰਜ ਸੰਪੂਰਣ ਹੋਇਆ, ਦਸਮੇਸ਼ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਤਾਬਿਆ ਪੰਜ ਪਿਆਰਿਆਂ ਨੂੰ ਖੜਾ ਕਰਕੇ ਤੇ ਨਾਲ ਹੀ ਪੂਜਾ ਅਕਾਲਪੁਰਖ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ” ਵਾਲਾ ਆਦੇਸ਼ ਦੇ ਕੇ ਕਾਰਜ ਦੀ ਸੰਪੂਰਣਤਾ ਦਾ ਐਲਾਨ ਵੀ ਕਰ ਦਿੱਤਾ। ਇਸ ਤੋਂ ਵੱਡੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸਵੇਂ ਜਾਮੇ `ਚ ੬ ਅਕਤੂਬਰ ਸੰਨ ੧੭੦੮ ਨੂੰ ਸ਼ਾਮ ਸਮੇਂ ਐਲਾਨ ਕੀਤਾ ਤੇ ਅਗ਼ਲੇ ਹੀ ਦਿਨ ਭਾਵ ੭ ਅਕਤੂਬਰ ਸੰਨ ੧੭੦੮ ਨੂੰ ਜੋਤੀ ਜੋਤ ਵੀ ਸਮਾ ਗਏ। ਅਜਿਹੀ ਘਟਨਾ ਆਪਣੇ ਆਪ `ਚ ਸਬੂਤ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਜੀ ਤੱਕ, ਦਸੋਂ ਸਰੀਰ, ਧੁਰ ਦਰਗਾਹੋਂ ਇਸ ਇਕੋ-ਇੱਕ ਕਾਰਜ ਲਈ ਹੀ ਥਾਪੇ ਗਏ ਸਨ। ਉਪ੍ਰੰਤ, ਇਹ ਕਾਰਜ ਸੀ, ਸਦੀਵ ਕਾਲ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਰੂਪ ਨੂੰ ਪ੍ਰਗਟ ਕਰਣ ਵਾਲਾ।

ਇਥੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਵੀ ਜਦੋਂ ਆਪਣੇ ਗੁਰੂ ਦੀ ਗੱਲ ਕਰਦੇ ਹਨ ਤਾਂ ਸਪਸ਼ਟ ਲਫ਼ਜ਼ਾਂ `ਚ ਫ਼ੁਰਮਾਉਂਦੇ ਹਨ ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: ੫੯੯) ਅਤੇ ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਪੰ: ੯੪੨) ਇਸੇ ਤਰ੍ਹਾਂ ਗੁਰਬਾਣੀ ਵੀ ਰੱਬੀ ਪ੍ਰਗਟਾਵਾ ਹੈ ਇਸ ਬਾਰੇ ਵੀ ਫ਼ੁਰਮਾਣ ਹਨ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: ੭੨੨) ਗੁਰਬਾਣੀ ਵਰਤੀ ਜਗ ਅੰਤਰਿ, ਇਸੁ ਬਾਣੀ ਤੇ ਹਰਿ ਨਾਮੁ ਪਾਇਦਾ” (ਪੰ: ੧੦੬੬) ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ” (ਪੰ: ੩੩੫) ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ” (ਪੰ: ੬੨੮) ਆਦਿ। ਸਪਸ਼ਟ ਹੈ ਬਾਣੀ ਨੂੰ ਪ੍ਰਗਟ ਕਰਣ ਲਈ ਹੀ ਅਕਾਲਪੁਰਖ ਨੇ ਦਸ ਜਾਮਿਆਂ ਵਾਲੀ ਬਿਧ ਵੀ ਆਪ ਹੀ ਬਨਾਈ ਸੀ।

ਇਸ ਲਈ ਜੋ ਗੁਰਬਾਣੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਰਾਹੀਂ ਪ੍ਰਗਟ ਹੋ ਰਹੀ ਹੈ ਉਸੇ ਨੂੰ ਧੁਰ ਕੀ ਬਾਣੀ ਤੇ ‘ਗੁਰੂ’ ਵਾਲਾ ਦਰਜਾ ਵੀ ਪਹਿਲੇ ਜਾਮੇ ਤੋਂ ਪ੍ਰਾਪਤ ਸੀ। ਉਪ੍ਰੰਤ ਜਦੋਂ ਪਹਿਲੇ ਜਾਮੇ ਤੋਂ ਗੁਰਬਾਣੀ ਦਾ ਸੰਕਲਣ ਅਰੰਭ ਕਰਕੇ ੬ ਅਕਤੂਬਰ ਸੰਨ ੧੭੦੮ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸਵੇਂ ਜਾਮੇ `ਚ ਉਸ ਦੀ ਸੰਪੂਰਣਤਾ ਵਾਲਾ ਐਲਾਨ ਕੀਤਾ ਤਾਂ ਇਕੋ ਇੱਕ ‘ਗੁਰੂ’ ਵਾਲਾ ਦਰਜਾ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹੀ ਪ੍ਰਾਪਤ ਹੋਇਆ। ਆਖ਼ਿਰ ਇਹੀ ਗੁਰੂ ਵਾਲਾ ਦਰਜਾ ਪਹਿਲੇ ਜਾਮੇ ਤੋਂ ਦਸਮੇਸ਼ ਜੀ ਤੱਕ ਦਸਾਂ ਪਾਤਸ਼ਾਹੀਆਂ ਨੂੰ ਪ੍ਰਾਪਤ ਸੀ। ਇਸ ਲਈ ਇਸ `ਚ ਭੇਦ ਜਾਂ ਕਿਉਂ ਕਿੰਤੂ ਨੂੰ ਅਗਿਆਨਤਾ ਹੀ ਕਿਹਾ ਜਾ ਸਕਦਾ ਹੈ।

‘ਗੁਰੂ ਪਦ’ ਤੇ ‘ਗੁਰੂ ਨਾਨਕ ਪਾਤਸ਼ਾਹ’ -ਇਸੇ ਰੱਬੀ ਸੱਚ ਨੂੰ ਪਛਾਨਣ ਲਈ- ਗੁਰਬਾਣੀ `ਚ ਖੁਦ ਗੁਰੂ ਹਸਤੀਆਂ ਨੇ ਉਪ੍ਰੰਤ ਭਟਾਂ ਨੇ, ਸਤਾ ਬਲਵੰਡ ਨੇ, ਭਗਤ ਸੁੰਦਰ ਜੀ ਨੇ ਫ਼ਿਰ ਭਾਈ ਗੁਰਦਾਸ ਜੀ ਨੇ ਵੀ ਜਿੱਥੇ ਕਿੱਥੇ ਗੁਰੂ ਨਾਨਕ ਪਾਤਸ਼ਾਹ ਜਾਂ ਬਾਕੀ ਗੁਰੂ ਹਸਤੀਆਂ ਨਾਲ ਗੁਰੂ ਪਦ ਵਰਤਿਆ, ਉਥੇ ਉਹਨਾਂ ਨੂੰ ਗੁਰੂ ਅਤੇ ਉਹਨਾਂ ਦੇ ਸਰੀਰਾਂ ਨੂੰ, ਸਤਿਗੁਰੂ ਦੇ ਪ੍ਰਗਟਾਵੇ ਲਈ ਅਕਾਲਪੁਰਖੀ ਸਾਧਨ ਹੀ ਕਿਹਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅੱਜ ਸਦੀਵੀ ਤੇ ਸਦਾ ਥਿਰ ਗੁਰੂ ਨੂੰ ਪ੍ਰਗਟ ਕਰਣ ਦਾ ਸਾਧਨ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”।

ਅੰਦਾਜ਼ਾ ਲਗਾਓ! ਜੇ ਅੱਜ ਸਾਡੇ ਕੋਲ ਗੁਰਬਾਣੀ ਵਾਲਾ ਇਹ ਸਰੂਪ ਹੀ ਨਾ ਹੁੰਦਾ ਤਾਂ ਅੱਜ ਸਾਡਾ ਕੀ ਹਾਲ ਹੁੰਦਾ? ਜਦਕਿ ਇਥੇ ਵੀ ਕਾਗ਼ਜ਼, ਜਿਲਦ, ਸਿਆਹੀ ਜਾਂ ਅੱਖਰ ਸਾਡੇ ਗੁਰੂ ਨਹੀਂ ਹਨ ਪਰ ਉਸ ਇਕੋ ਇੱਕ ਸਦੀਵੀ ਗੁਰੂ ਦੀ ਸੰਪੂਰਣਤਾ ਨੂੰ ਪ੍ਰਗਟ ਕਰਣ ਦਾ ਢੰਗ ਇਹੀ ਹਨ। ਇਸੇ ਤਰ੍ਹਾਂ ਦਸ ਜਾਮੇ ਵੀ ਉਸੇ ਇਕੋ “ਗੁਰੂ” ਦਾ ਸਾਕਾਰ ਪ੍ਰਗਟਾਵਾ ਤੇ ਇੱਕ ਹੀ ਹਨ। ਉਹੀ ‘ਗੁਰੂ’ ਜੋ ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨) ਭਾਵ ਪ੍ਰਭੂ ਦਾ ਹੀ ਨਿਜ ਗੁਣ ਤੇ ਉਸ ਤੋਂ ਭਿੰਨ ਨਹੀਂ। ਇਸ ਤਰ੍ਹਾਂ ਦਸ ਪਾਤਸ਼ਾਹੀਆਂ ਵੀ ਉਸੇ ‘ਗੁਰੂ’ ਦਾ ਸਾਕਾਰ ਪ੍ਰਗਟਾਵਾ ਹੋਣ ਕਰਕੇ ਇਕੋ ਜੋਤ ਤੇ ਇਕੋ ਹੀ ਗੁਰੂ ਹਨ, ਉਹ ਦਸ ਗੁਰੂ ਨਹੀਂ, ਜਾਮੇ ਦਸ ਹਨ।

ਉਂਝ ‘ਸਤਿਗੁਰੂ’ ਚੂੰਕਿ ਅਕਾਲਪੁਰਖ ਦਾ ਹੀ ਨਿਜ ਗੁਣ ਹੈ ਜਿਸ ਬਿਨਾ ਮਨੁੱਖਾ ਜਨਮ ਦੀ ਸੰਭਾਲ ਹੀ ਸੰਭਵ ਨਹੀਂ। ਇਸ ਲਈ ਜਿਵੇਂ ਅਕਾਲਪੁਰਖ ਰੂਪ, ਰੇਖ, ਰੰਗ ਤੋਂ ਨਿਆਰਾ, ਜ਼ਰੇ ਜ਼ਰੇ `ਚ ਵਿਆਪਕ, ਸਰਬਕਾਲੀ ਤੇ ਸਰਬਦੇਸ਼ੀ ਹੈ। ਸਪਸ਼ਟ ਹੈ, ਉਸ ਦੇ ਨਿਜ ਗੁਣ ‘ਗੁਰੂ’ `ਤੇ ਵੀ “ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ, ਤ੍ਰਿਭਵਣ ਜੋਤਿ ਸੁ ਸਬਦਿ ਲਹੈ” (ਪੰ: ੯੪੫) ਜਾਂ “ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ” (ਪੰ: ੬੩੫) ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ, ਜਹ ਦੇਖਾ ਤਹ ਸੋਈ” (ਪੰ: ੯੪੪) ਭਾਵ ਸਰਵ-ਵਿਆਪਕ ਵਾਲਾ ਉਹੀ ਸਿਧਾਂਤ ਲਾਗੂ ਹੁੰਦਾ ਹੈ। ਇਸੇ ਲਈ ਗੁਰਬਾਣੀ ਫ਼ੁਰਮਾਨ ਵੀ ਹਨ ਜਿਵੇਂ “ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯)।

(੨) ਦੂਜਾ ਵਿਸ਼ਾ, ਜਨਮ ਮਰਣ ਦਾ-ਬੇਸ਼ੱਕ ਅਨਜਾਣੇ `ਚ, ਪਰ ਇਹ ਵੀ ਸਿਧਾ ਹਮਲਾ ਗੁਰਬਾਣੀ ਵਿਚਾਰਧਾਰਾ `ਤੇ ਹੈ। ਉਪ੍ਰੰਤ ਸਮੇਂ ਨਾਲ ਇਸ ਨੇ ਜੋ ਰੂਪ ਲੈ ਲਿਆ ਹੈ ਉਹ ਕੌਮ ਨੂੰ ਇਸ ਵਿਸ਼ੇ `ਤੇ ਸਾਮਵਾਦੀਆਂ ਭਾਵ ਕਮਿਉਨਿਸਟਾਂ ਦੇ ਨੇੜੇ ਲਿਜਾਣ ਦਾ ਕਾਰਨ ਬਣ ਰਿਹਾ ਹੈ। ਦਰਅਸਲ ਇਸ ਸਬੰਧ `ਚ ਦਾਸ ਨੇ ਜਿਸ ਵੀ ਸਬੰਧਤ ਵਿਦਵਾਨ ਨਾਲ ਵਿਚਾਰ ਵਿਟਾਂਦਰਾ ਕੀਤਾ ਤਾਂ ਉਥੋਂ ਤਿੰਨ ਚਾਰ ਵਿਸ਼ੇ ਹੀ ਉਭਰ ਕੇ ਸਾਹਮਣੇ ਆਏ ਜੋ ਇਸ ਤਰ੍ਹਾਂ ਹਨ

(ੳ) ਕੁੱਝ ਦਾ ਉੱਤਰ ਸੀ ਕਿ ਇਸ ਪੱਖੋਂ ਚੂੰਕਿ ਅੱਜ ਕੌਮ ਬੁਰੀ ਤਰ੍ਹਾਂ ਬ੍ਰਾਹਮਣੀ ਜਕੜ `ਚ ਹੈ, ਜਦਕਿ ਇਸ ਵਿਸ਼ੇ `ਤੇ ਗੁਰੂ ਪਾਤਸ਼ਾਹ ਨੇ ਬ੍ਰਾਹਮਣ ਨੂੰ ੧੦੦% (ਪ੍ਰਤੀਸ਼ਤ) ਕਟਿਆ ਹੈ। ਬ੍ਰਾਹਮਣੀ ਦੇਣ ਨੂੰ ਪਾਖੰਡ ਤੇ ਲੋਕਾਈ ਨਾਲ ਧੋਖਾ ਤੱਕ ਕਿਹਾ ਹੈ। ਇਸ ਲਈ ਸੁਆਲ ਪੈਦਾ ਹੁੰਦਾ ਹੈ ਕਿ ਕੌਮ ਨੂੰ ਉਸ ਦੇ ਚੁੰਗਲ `ਚੋ ਕਢਿਆ ਕਿਵੇਂ ਜਾਵੇ? ਸਪਸ਼ਟ ਹੈ ਕਿ ਅਜਿਹੇ ਵਿਦਵਾਨਾਂ ਦੀ ਨੀਯਤ `ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਜਦਕਿ ਇਹ ਢੰਗ ਹੋਰ ਵੀ ਖ਼ਤਰਨਾਕ ਹੈ। ਲੋੜ ਸੀ ਤਾਂ ਇਸ ਪੱਖੋਂ ਗੁਰਮਤਿ ਵਿਚਾਰਧਾਰਾ ਨੂੰ ਘੋਖਣ ਦੀ ਤੇ ਨਿਖੇੜ ਕੇ ਪੇਸ਼ ਕਰਣ ਦੀ। ਨਾ ਕਿ ਦੂਜੇ ਦੇ ਡਰ `ਚ ਆਪਣੇ ਘਰ ਨੂੰ ਹੀ ਖੋਰਾ ਲਗਾਉਣ ਦੀ। ਘੋਖਿਆ ਜਾਵੇ ਤਾਂ ਇਸ ਤਰ੍ਹਾਂ ਅਨਜਾਣੇ `ਚ ਅਸੀਂ ਆਪ ਹੀ ਗੁਰਬਾਣੀ ਵਿਚਾਰਧਾਰਾ ਦੇ ਵਿਰੁਧ ਪ੍ਰਚਾਰ ਕਰਣ ਦੇ ਦੋਸ਼ੀ ਬਣ ਰਹੇ ਹਾਂ।

ਸਪਸ਼ਟ ਹੋਣਾ ਪਵੇਗਾ ਕਿ ਗੁਰਮਤਿ ਜਨਮ ਮਰਣ ਦੇ ਵਿਸ਼ੇ ਨੂੰ ਮੰਣਦੀ ਹੈ ਤੇ ਇਹ ਕਹਿਣਾ ਕਿ ਗੁਰਮਤਿ ਅਨੁਸਾਰ ਜਨਮ ਮਰਣ ਦਾ ਵਿਸ਼ਾ ਹੈ ਹੀ ਨਹੀਂ, ਇਉਂ ਹੈ ਜਿਵੇਂ ਦਿਨ ਨੂੰ ਰਾਤ ਕਹਿੰਦੇ ਜਾਣਾ। ਦਰਅਸਲ ਇਸ ਬਾਰੇ ਗੁਰਮਤਿ ਦਾ ਫ਼ੈਸਲਾ ਬਿਲਕੁਲ ਨਿਵੇਕਲਾ, ਭਿੰਨ ਤੇ ਦਲੀਲ ਭਰਪੂਰ ਹੈ। ਇਸ ਪੱਖ `ਤੇ ਇਥੇ ਨਾ ਬ੍ਰਾਹਮਣੀ ਵਿਸ਼ਵਾਸਾਂ ਨੂੰ ਜਗ੍ਹਾ ਹੈ ਤੇ ਨਾ ਕਮਿਉਨਿਸਟਾਂ ਤੇ ਨਾ ਹੀ ਸੰਸਾਰ ਭਰ ਦੀ ਕਿਸੇ ਵੀ ਹੋਰ ਵਿਚਾਰਧਾਰਾ ਨੂੰ। ਇਸ ਸਬੰਧ `ਚ ਗੁਰਮਤਿ ਪਾਠ ੧੯੭ “ਜੂਨੀਆਂ ਵਾਲਾ ਵਿਸ਼ਾ-ਗੁਰਮਤਿ ਤੇ ਕਮਿਉਨਿਜ਼ਮ” ਅਤੇ ਗੁਰਮਤਿ ਪਾਠ ਨੰ: ੨੫੪ “ਜਨਮ ਮਰਣ ਦਾ ਵਿਸ਼ਾ- ਸਿੱਖ ਧਰਮ ਬਨਾਮ ਬ੍ਰਾਹਮਣ ਮੱਤ” ਘੋਖੇ ਜਾ ਸਕਦੇ ਹਨ।

ਧਿਆਨ ਰਹੇ, ਗੁਰਮਤਿ ਅਨੁਸਾਰ ਪਿਛਲੇ ਜਨਮਾਂ ਦੀ ਗੱਲ ਸਪਸ਼ਟ ਹੈ। ਉਪ੍ਰੰਤ ਇਸ ਜਨਮ ਦੇ ਸਫ਼ਲ ਤੇ ਅਸਫ਼ਲ ਹੋਣ ਵਾਲੀ ਗੱਲ ਨੂੰ ਵੀ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੈ। ਸਚਿਆਰੇ ਤੇ ਸਫ਼ਲ ਜੀਵਨ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦੇ ਹਨ ਤੇ ਮੌਤ ਤੋਂ ਬਾਅਦ ਜਨਮ ਮਰਣ ਦੇ ਗੇੜ੍ਹ `ਚ ਨਹੀਂ ਪੈਂਦੇ। ਇਸ ਲਈ ਪ੍ਰਾਪਤ ਜਨਮ ਨੂੰ ਸਫ਼ਲ ਕਰਣ ਲਈ ਹੀ ਜ਼ੋਰ ਦਿੱਤਾ ਹੈ। ਜਦਕਿ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” (ਪੰ: ੨੭੮) ਭਾਵ ਹਉਮੈ ਅਧੀਨ ਕੀਤੇ ਕਰਮਾਂ-ਸੰਸਕਾਰਾਂ ਕਾਰਨ ਮਨਮੁਖ ਨੇ ਫ਼ਿਰ ਤੋਂ ਜਨਮ-ਮਰਣ ਦੇ ਗੇੜ੍ਹਾਂ `ਚ ਪੈਣਾ ਹੈ ਤੇ ਭਿੰਨ ਭਿੰਨ ਸਰੀਰ ਭੋਗਣੇ ਹਨ। ਇਸ ਤਰ੍ਹਾਂ ਗੁਰਬਾਣੀ `ਚ ਜਨਮ-ਮਰਣ ਦੇ ਵਿਸ਼ੇ ਨੂੰ ਬਹੁਤੇਰੇ ਪੱਖਾਂ ਤੋਂ ਤੇ ਬੜਾ ਖੁੱਲ ਕੇ ਅਤੇ ਵੱਡੇ ਦਲੀਲ ਭਰਪੂਰ ਢੰਗ ਨਾਲ ਸਮਝਾਇਆ ਹੈ, ਫ਼ਿਰ ਵੀ ਅਸੀਂ ਨਾ ਸਮਝੀਏ ਤਾਂ ਕਸੂਰ ਕਿਸ ਦਾ?

ਜਦਕਿ ਗੁਰਬਾਣੀ ਨੇ ਸੁਰਗਾਂ-ਨਰਕਾਂ, ਭੂਤਾਂ-ਪ੍ਰੁਤਾਂ, ਰੂਹਾਂ-ਬਦਰੂਹਾਂ, ਧਰਮਰਾਜ, ਜਮਰਾਜ ਸ਼ਿਵਪੁਰੀ, ਪਿਤ੍ਰਲੋਕ ਆਦਿ ਵਾਲੇ ਹਜ਼ਾਰਾਂ ਸਾਲਾਂ ਤੋਂ ਹੋ ਰਹੇ ਬ੍ਰਾਹਮਣੀ ਜਨਮ-ਮਰਣ ਵਾਲੇ ਪ੍ਰਚਾਰ ਨੂੰ ਉੱਕਾ ਪ੍ਰਵਾਣ ਨਹੀਂ ਕੀਤਾ ਅਤੇ ਉਸ ਨੂੰ ਪੂਰੀ ਤਰ੍ਹਾਂ ਨਕਾਰਿਆ ਵੀ ਹੈ।

(ਅ) ਇਸ ਤੋਂ ਬਾਅਦ ਸਾਡੇ ਕੁੱਝ ਵਿਦਵਾਨ ਉਹ ਵੀ ਹਨ ਜੋ ਜ਼ਿਆਦਾਤਰ ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ” (ਪੰ: ੮੮੫) ਵਾਲੇ ਪ੍ਰਮਾਣ ਨੂੰ ਆਧਾਰ ਬਣਾ ਕੇ ਗੱਲ ਕਰਦੇ ਹਨ। ਉਹਨਾਂ ਅਨੁਸਾਰ ਜਦੋਂ ਜੋਤ, ਜੋਤ `ਚ ਰੱਲ ਗਈ ਤੇ ਤੱਤ, ਤੱਤਾਂ `ਚ; ਤਾਂ ਬਾਕੀ ਰਿਹਾ ਹੀ ਕੀ? ਦਰਅਸਲ ਗੁਰਬਾਣੀ ਅਨੁਸਾਰ ਇੱਕ ਹੋਰ ਚੀਜ਼ ਵੀ ਹੈ ਜਿਸ ਤੋਂ ਸਾਡੇ ਬਹੁਤੇ ਵਿਦਵਾਨ ਉਖੜੇ ਨਜ਼ਰ ਆਏ ਹਨ।

ਉਹ ਹੈ ਮਨ, ਜੋ ਮਿਲਦਾ ਵੀ ਕੇਵਲ ਮਨੁੱਖ ਜੂਨ `ਚ ਹੈ, ਬਾਕੀ ਜੂਨਾਂ `ਚ ਨਹੀਂ ਮਿਲਦਾ। ਉਪ੍ਰੰਤ ਮਨ, ਵਿਚਾਰਾਂ ਦਾ ਸਮ੍ਹੂਹ ਹੁੰਦਾ ਹੈ, ਮਨੁੱਖਾ ਜੂਨ `ਚ ਮਿਲਦਾ ਤਾਂ ਹੈ ਪ੍ਰਭੂ `ਚ ਅਭੇਦ ਹੋਣ ਲਈ। ਜਦਕਿ ਮਨ ਹਉਮੈ ਕਾਰਨ, ਪ੍ਰਭੂ `ਚ ਅਭੇਦ ਹੋਣ ਦੀ ਬਜਾਇ, ਦੁਨੀਆਦਾਰੀ, ਮੋਹ-ਮਾਇਆ, ਵਿਕਾਰਾਂ ਆਦਿ `ਚ ਖਚਤ ਹੋ ਕੇ ਆਪਣੀ ਵੱਖਰੀ ਹੋਂਦ ਬਣਾ ਲੈਂਦਾ ਹੈ। ਇਸੇ ਤੋਂ ਇਸ ਦਾ ਫ਼ਿਰ ਤੋਂ ਜੂਨਾਂ ਵਾਲਾ ਚੱਕਰ ਅਰੰਭ ਹੋ ਜਾਂਦਾ ਹੈ। ਉਪ੍ਰੰਤ ਇਹ ਚੱਕਰ ਉਦੋਂ ਤੱਕ ਕਾਇਮ ਰਹਿੰਦਾ ਹੈ ਜਦੋਂ ਤੱਕ ਫ਼ਿਰ ਕਿਸੇ ਮਨੁੱਖਾ ਜੂਨ ਸਮੇਂ, ਗੁਰੂ-ਗੁਰਬਾਣੀ ਦੀ ਆਗਿਆ `ਚ ਜੀਵਨ ਦੀ ਸੰਭਾਲ ਕਰਕੇ ਇਸ ਮਨ ਵਾਲੀ ਬਣੀ ਹੋਈ ਵੱਖਰੀ ਹੋਂਦ ਮੁੱਕ ਹੀ ਨਹੀਂ ਜਾਂਦੀ। ਇਸ ਵਿਸ਼ੇ `ਤੇ ਗੁਰਮਤਿ ਪਾਠ ਨੰ ੮੧ ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ” ਪ੍ਰਾਪਤ ਹੈ ਜੀ।

(ੲ) ਕੁੱਝ ਵਿਦਵਾਨਾਂ ਨਾਲ ਇਸ ਬਾਰੇ ਵਿਚਾਰ-ਵਟਾਂਦਰੇ ਸਮੇਂ ਤੇ ਕੁੱਝ ਦੀਆਂ ਲਿਖਤਾਂ ਪੜ੍ਹ ਕੇ ਦੇਖਣ `ਚ ਆਇਆ ਕਿ ਸਾਡੇ ਬਹੁਤੇ ਵਿਦਵਾਨ ਗੁਰਬਾਣੀ ਵਿਚਲੇ ਸੁਰਤ, ਰਿਦਅੰਤਰ, ਮਨ, ਆਤਮਾ, ਦਿਮਾਗ਼ ਤੇ ਸਰੀਰ ਆਦਿ ਵਿਸ਼ਿਆਂ ਨੂੰ ਵੱਖ-ਵੱਖ ਕਰਕੇ ਸਮਝਣ `ਚ ਵੀ ਧੋਖਾ ਖਾ ਰਹੇ ਹਨ। ਮਿਸਾਲ ਵੱਜੋਂ, ਕੁੱਝ ਸੱਜਨ ਦਿੱਲ ਤੇ ਮਨ ਨੂੰ ਇਕੋ ਮੰਨ ਕੇ ਚੱਲ ਰਹੇ ਹਨ। ਜਦਕਿ ਸਾਡੇ ਸਰੀਰ ਅੰਦਰ ਦਿੱਲ ਇੱਕ ਮਾਸ ਦਾ ਟੁਕੜਾ ਹੈ ਜਿਸ ਦੀ ਡਾਕਟਰ ਚੀਰ-ਫਾੜ ਕਰਕੇ ਇਲਾਜ ਕਰਦੇ ਹਨ। ਦੂਜੇ ਪਾਸੇ ਗੁਰਬਾਣੀ ਅਨੁਸਾਰ ਮਨ, ਸਥੂਲ ਵਸਤੂ ਨਹੀਂ ਬਲਕਿ ਵਿਚਾਰਾਂ ਦਾ ਸਮੂਹ ਹੈ ਤੇ ਇਸ ਦਾ ਸਿਧਾ ਸਬੰਧ ਹੀ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ”॥ (ਪੰ: ੪੪੧) ਭਾਵ ਆਤਮਾ ਨਾਲ ਹੈ।

ਇਸੇ ਤਰ੍ਹਾਂ ਕੁੱਝ ਸੱਜਨਾਂ ਨਾਲ ਗਲਬਾਤ ਸਮੇਂ ਪਤਾ ਲੱਗਾ ਕਿ ਉਹ ਸੁਰਤ ਤੇ ਦਿਮਾਗ਼ ਨੂੰ ਇੱਕ ਕਰਕੇ ਮੰਨ ਰਹੇ ਹਨ। ਜਦਕਿ ਇਥੇ ਵੀ ਉਹੀ ਗੱਲ ਹੈ। ਦਿਮਾਗ਼ ਵੀ ਦਿੱਲ ਦੀ ਤਰ੍ਹਾਂ ਸਰੀਰ ਦਾ ਅਜਿਹਾ ਅੰਗ ਹੈ ਜਿਸ ਦਾ ਇਲਾਜ, ਸਰੀਰ ਦੇ ਡਾਕਟਰ ਕਰਦੇ ਹਨ। ਜਦਕਿ ਦੂਜੇ ਪਾਸੇ, ਮਾਟੀ ਅੰਧੀ ਸੁਰਤਿ ਸਮਾਈ” (ਪੰ: ੧੦੦) ਉਪ੍ਰੰਤ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ” (ਬਾਣੀ ਜਪੁ) ਭਾਵ ਸੁਰਤ ਦਾ ਵਿਕਾਸ ਮੱਤ ਹੈ। ਉਪ੍ਰੰਤ ਇਸ ਮੱਤ ਦਾ ਹੀ ਵਿਕਾਸ ਹੈ ਮਨ ਉਹ ਵੀ ਕੇਵਲ ਮਨੁੱਖਾ ਜੂਨ `ਚ। ਇਸੇ ਲਈ ਗੁਰਬਾਣੀ `ਚ ਸਾਰਾ ਜ਼ੋਰ ਹੀ ਸਾਧਸੰਗਤ `ਚ ਗੁਰੂ ਦੀ ਸਿਖਿਆ ਨਾਲ ਇਸ ਸੁਰਤ ਨੂੰ ਘੜਣ ਲਈ ਹੈ। ਉਪ੍ਰੰਤ ਇਸ ਮਨ ਦੇ ਹੀ ਅਗ਼ਲੇ ਪੜਾਅ ਹਨ ਕਬੁਧ, ਸਬੁਧ, ਵਿਵੇਕ ਬੁਧ ਤੇ ਇਸ ਦਾ ਅੰਤ ਹੈ ਪ੍ਰਭੂ ਮਿਲਾਪ।

ਇਸ ਤਰ੍ਹਾਂ ਸ਼ਬਦ ਨਾਲ ਘੜੀ ਹੋਈ ਸੁਰਤ ਤੋਂ ਤਿਆਰ ਮਨ ਅੰਦਰ ਵਿਵੇਕ ਬੁਧ ਹੀ ਪ੍ਰਭੂ ਮਿਲਾਪ ਦਾ ਕਾਰਨ ਹੁੰਦੀ ਹੈ। ਇਸ ਸੁਰਤ ਦੀ ਨਿਵਾਣ ਹੀ ਮਨੁਖ ਦੇ ਮਨ ਨੂੰ ਦੁਨਆਦਾਰੀ, ਕਰਮਕਾਂਡਾਂ ਇਥੋਂ ਤੱਕ ਕਿ ਚੋਰਾਂ, ਡਾਕੂਆਂ, ਠੱਗਾਂ, ਵਿਭਚਾਰੀਆਂ ਤੇ ਵੱਡੇ ਤੋਂ ਵੱਡੇ ਜੁਰਮਾਂ-ਗੁਨਾਹਾਂ, ਉਧਾਲੇ ਕਰਣ ਵਾਲਿਆਂ `ਚ ਬਦਲ ਦਿੰਦੀ ਹੈ। ਇਸੇ ਤੋਂ ਜੀਵ ਨੂੰ ਫ਼ਿਰ ਤੋਂ ਬੇਅੰਤ ਜੂਨਾਂ ਤੇ ਸਰੀਰ ਭੋਗਣੇ ਪੈਂਦੇ ਹਨ। ਉਦੋਂ ਤੱਕ ਭੋਗਣੇ ਪੈਂਦੇ ਹਨ, ਜਦੋਂ ਤੱਕ ਕਿ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਜੀਵਨ ਨੂੰ ਸਫ਼ਲ ਹੀ ਨਾ ਕਰ ਲਵੇ; ਭਾਵ ਅਕਾਲਪੁਰਖ ਤੋਂ ਮਨ ਦਾ ਇਹ ਵਖ੍ਰੇਵਾਂ ਮੁੱਕ ਹੀ ਨਾ ਜਾਵੇ। ਦੇਖਣ `ਚ ਆਇਆ ਕਿ ਸਾਡੇ ਕੁੱਝ ਸੁਲਝੇ ਵਿਦਵਾਨ ਵੀ ਮਨ ਦੇ ਅਰੰਭ ਨੂੰ ਸਰੀਰ ਦੇ ਅਰੰਭ ਨਾਲ ਤੇ ਸਰੀਰ ਦੇ ਖਾਤਮੇ ਨਾਲ ਮਨ ਦੇ ਖ਼ਾਤਮੇ ਨੂੰ ਵੀ ਮੰਨ ਰਹੇ ਹਨ, ਜੋ ਗੁਰਬਾਣੀ ਅਨੁਸਾਰ ਠੀਕ ਨਹੀਂ। ਇਸੇ ਤਰ੍ਹਾਂ ਸਾਡੇ ਕੁੱਝ ਵਿਦਵਾਨ ਇਸ ਮਨ ਨੂੰ ਬ੍ਰਾਹਮਣੀ ਸੂਖਮ ਸਰੀਰ ਨਾਲ ਮਿਲਾਅ ਰਹੇ ਹਨ ਤੇ ਅਜਿਹਾ ਸਮਝਣਾ ਵੀ ਗੁਰਬਾਣੀ ਅਨੁਸਾਰ ਗ਼ਲਤ ਹੈ। ਕਿਉਂਕਿ ਗੁਰਬਾਣੀ ਸੂਖਮ ਸਰੀਰ ਸਮੇਤ ਬ੍ਰਾਹਮਣੀ ਵਿਚਾਰਧਾਰਾ ਨੂੰ ਹੀ ਕੱਟਦੀ ਹੈ ਤੇ ਉੱਕਾ ਪ੍ਰਵਾਣ ਨਹੀਂ ਕਰਦੀ।

ਸ਼ਾਇਦ ਇਹ ਵਿਚਾਰਾਂ ਤੇ ਗੁਰਮਤਿ ਤਿਆਰੀ ਦਾ ਹੀ ਅੰਤਰ ਹੈ- ਇਸ ਤਰ੍ਹਾਂ ਜੋ ਨਜ਼ਰ ਆ ਰਿਹਾ ਹੈ ਤੇ ਅੱਜ ਜਨਮ-ਮਰਣ ਦੇ ਵਿਸ਼ੇ `ਤੇ ਪੰਥ `ਚ ਜੋ ਬਵੰਡਰ ਉਠਿਆ ਪਿਆ ਹੈ ਉਸ ਦਾ ਹੱਲ ਵਿਦਵਾਨਾਂ ਰਾਹੀਂ, ਗੁਰਬਾਣੀ ਵਿਚਲੇ ਸੁਰਤ, ਰਿਦਅੰਤਰ, ਮਨ, ਆਤਮਾ, ਦਿਮਾਗ਼ ਤੇ ਸਰੀਰ ਆਦਿ ਵਿਸ਼ਿਆਂ ਨੂੰ ਵੱਖ-ਵੱਖ ਕਰਕੇ ਨਿਰੋਲ ਗੁਰਬਾਣੀ ਵਿਚੋਂ ਸਮਝਣ ਦੀ ਲੋੜ ਹੈ: ਮਸਲਾ ਹੱਲ ਹੋ ਜਾਵੇਗਾ। ਉਪ੍ਰੰਤ ਇਹਨਾ ਵਿਚੋਂ ਵੀ ਮਨ, ਸੁਰਤ ਤੇ ਆਤਮਾ ਵਿਸ਼ੇਸ਼ ਹਨ।

ਨਤੀਜਾ ਹੋਵੇਗਾ ਕਿ ਆਪਸੀ ਪਿਆਰ ਵਧੇਗਾ ਤੇ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਗੁਰਬਾਣੀ ਅਨੁਸਾਰ ਜੋ ਜਨਮ-ਮਰਣ ਦਾ ਵਿਸ਼ਾ ਹੈ ਉਹ ਸਾਰਿਆਂ ਤੋਂ ਭਿੰਨ, ਨਿਵੇਕਲਾ ਤੇ ਦਲੀਲ ਭਰਪੂਰ ਹੈ। ਇਸ ਦਾ ਇਹ ਲਾਭ ਵੀ ਹੋਵੇਗਾ ਕਿ ਕੌਮ ਨੂੰ ਇਸ ਪੱਖ ਤੋਂ ਬ੍ਰਾਹਮਣ ਦੇ ਚੁੰਗਲ `ਚੋਂ ਸੌਖਾ ਕਢਿਆ ਜਾ ਸਕੇਗਾ। ਇਸ ਤੋਂ ਬਾਅਦ ਇਸ ਤੋਂ ਵੀ ਵੱਡਾ ਲਾਭ ਹੋਵੇਗਾ ਕਿ ਇਸ ਵਿਸ਼ੇ `ਤੇ ਅੱਜ ਆਪਸ `ਚ ਉਲਝ ਕੇ ਕੌਮ ਦੀ ਜੋ ਬੇਅੰਤ ਤਾਕਤ ਖ਼ਰਾਬ ਹੋ ਰਹੀ ਹੈ, ਆਪਸੀ ਵਿੱਥਾਂ ਤੇ ਪਾੜੇ ਵੱਧ ਰਹੇ ਹਨ, ਬਲਕਿ ਹੁਣ ਤਾਂ ਗੁਰਬਾਣੀ ਸ਼ਬਦਾਂ ਦੇ ਅਰਥਾਂ ਦੇ ਵੀ ਅਨਰਥ ਹੋਣ ਤੱਕ ਨੋਬਤ ਆ ਚੁੱਕੀ ਹੈ, ਪੰਥਕ ਪੱਧਰ `ਤੇ ਇਹ ਸਾਰਾ ਦਾ ਸਾਰਾ ਬਚਾਅ ਆਪਣੇ ਆਪ ਹੋ ਜਾਵੇਗਾ।

ਉਂਝ ਇਸ ਵਿਸ਼ੇ ਨਾਲ ਸਬੰਧਤ ਵੱਖ ਵੱਖ ਪੱਖਾਂ ਨੂੰ ਲੈ ਕੇ ਜੋ ਗੁਰਮਤਿ ਪਾਠ ਅੱਜ ਤੱਕ ਦਿੱਤੇ ਜਾ ਚੁੱਕੇ ਹਨ, ਲੋੜ ਅਨੁਸਾਰ ਉਹਨਾਂ ਦਾ ਲਾਭ ਵੀ ਲਿਆ ਜਾ ਸਕਦਾ ਹੈ। ਇਹ ਸਾਰੇ ਗੁਰਮਤਿ ਪਾਠ www.sikhmarg.com `ਤੇ ਪ੍ਰਾਪਤ ਹਨ ਤੇ ਇਸ ਤਰ੍ਹਾਂ ਹਨ ਜੀ:-

ਗੁਰਮਤਿ ਪਾਠ ਨੰ: (੮੧) ੦ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ (੮੨) ਮਨ ਤੇ ਆਤਮਾ ਦਾ ਸੁਮੇਲ ਕਿੱਥੇ? (੧੦੮) ਸਰੀਰਕ ਮੌਤ ਅਤੇ ਆਤਮਕ ਮੌਤ (੧੨੭) ਆਵਾ ਗਵਨੁ ਮਿਟੈ ਪ੍ਰਭ ਸੇਵ (੧੨੮) ਕਵਨੁ ਨਰਕੁ ਕਿਆ ਸੁਰਗੁ ਬਿਚਾਰਾ… (੧੨੯) ਬਾਣੀ ‘ਅਲਾਹਣੀਆ’ ਵਾਲੀ ਪੰਥ ਨੂੰ ਦੇਣ (੧੩੦) ਬਾਣੀ ‘ਸਦੁ’ ਰਾਹੀਂ ਸੰਗਤਾਂ ਨੂੰ ਆਦੇਸ਼ (੧੫੫) ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹ (੧੫੯) “ਜੀਆ ਕਾ ਆਹਾਰੁ ਜੀਅ. .” (੧੬੦) “ਮਨ ਤੂੰ ਜੋਤਿ ਸਰੂਪੁ ਹੈ…” ਮਨੁੱਖੀ ਮਨ ਅਤੇ ਇਸਦਾ ਸਫ਼ਰ (੧੬੫) ਜਨਮ ਮਰਣ ਦਾ ਝਮੇਲਾ (੧੬੬) “ਪੁਨਰਪਿ ਜਨਮਿ ਨ ਆਵੈ” (੧੬੮) ਗੁਰਮਤਿ ਅਨੁਸਾਰ ਨਰਕ ਕੀ ਹੈ? (੧੬੯) “ਫੀਲੁ ਰਬਾਬੀ ਬਲਦੁ ਪਖਾਵਜ” (੧੭੦) “ਨਾਂਗਾ ਆਇਆ ਨਾਂਗੋ ਜਾਸੀ” (ਪੰ: 380) (175) ਗੁਰਮਤਿ ਅਨੁਸਾਰ ਮੁੱਕਤੀ (੧੮੦) ਅੰਤਿ ਕਾਲਿ ਜੋ…… (੧੮੭) ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ (੧੮੮) “ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ” (੧੯੨) ਮਨੁੱਖਾ ਜੂਨੀ ਅਤੇ ਬੇਅੰਤ ਜੂਨੀਆਂ (੧੯੩ ਮਨੁੱਖਾ ਜੂਨੀ ਅਤੇ ਬੇਅੰਤ ਜੂਨੀਆਂ (ਭਾਗ ੨) (੧੯੪) “ਦੁਖੁ ਦਾਰੂ ਸੁਖੁ ਰੋਗੁ ਭਇਆ” (੧੯੭) ਜੂਨੀਆਂ ਵਾਲਾ ਵਿਸ਼ਾ, ਗੁਰਮਤਿ ਬਨਾਮ ਕਮਿਉਨਿਜ਼ਮ (੧੯੮) ਗੁਰਬਾਣੀ `ਚ ਜੂਨੀਆਂ ਦੇ ਭਿੰਨ ਭਿੰਨ ਰੂਪ (੧੯੯) ਗੁਰਬਾਣੀ ਦੀ ਹੋ ਰਹੀ ਘੋਰ ਬੇਅਦਬੀ (੨੫੨) ਆਤਮਕ ਜੀਵਨ ਬਨਾਮ ਆਤਮਕ ਮੌਤ (੨੫੩) ਬਾਣੀ ‘ਸਦੁ’ ਅਰਥਾਂ ਸਹਿਤ ਬਨਾਮ ਗੁਰੂ ਕੀਆਂ ਸੰਗਤਾਂ (੨੫੪) ਜਨਮ ਮਰਣ ਦਾ ਵਿਸ਼ਾ, ਸਿੱਖ ਧਰਮ ਬਨਾਮ ਬ੍ਰਾਹਮਣ ਮੱਤ #208s10.03s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ।

Including this Self Learning Gurmat Lesson No 208

ਖੱਤਰੇ ਦੀ ਘੰਟੀ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ `ਤੇ ਜ਼ਬਰਦਸਤ ਹਮਲਾ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.