ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 20)
ਨਾ ਕੋਈ
ਕਰੇ ਨ ਕਰਣੈ ਜੋਗਾ॥ ਆਪੇ ਕਰਹਿ ਕਰਾਵਹਿ ਸੁ ਹੋਇਗਾ॥
ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ॥ ੧੦॥
ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ॥ ਹਰਿ ਸਾਚੇ ਸੇਤੀ ਵਣਜੁ ਵਾਪਾਰਾ॥
ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ॥ ੧੧॥
ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ॥ ਆਪੇ ਬਖਸਿ ਲੈਹਿ ਨਾਮੁ ਦੀਜੈ॥
ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ॥ ੧੨॥
ਅੰਤਰਿ ਹਰਿ ਧਨੁ ਸਮਝ ਨ ਹੋਈ॥ ਗੁਰ ਪਰਸਾਦੀ ਬੂਝੈ ਕੋਈ॥
ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ॥ ੧੩॥
ਅਨਲ ਵਾਉ ਭਰਮਿ ਭੁਲਾਈ॥ ਮਾਇਆ ਮੋਹਿ ਸੁਧਿ ਨ ਕਾਈ॥
ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ॥ ੧੪॥
ਮਨਮੁਖ ਹਉਮੈ ਮਾਇਆ ਸੂਤੇ॥ ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ॥
ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ॥ ੧੫॥
ਆਪੇ ਕਰਤੈ ਕਾਰ ਕਰਾਈ॥ ਅਪੇ ਗੁਰਮੁਖਿ ਦੇਇ ਬੁਝਾਈ॥
ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ॥ ੧੬॥ ੫॥ (੧੦੪੯)
॥ ੧੦॥ ਨਾ ਕੋਈ ਕਰੇ ਨ ਕਰਣੈ ਜੋਗਾ॥ ਆਪੇ ਕਰਹਿ ਕਰਾਵਹਿ ਸੁ ਹੋਇਗਾ॥
ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ॥ ੧੦॥
ਹੇ ਪ੍ਰਭੂ ਇਸ ਸੰਸਾਰ ਵਿੱਚ ਕੋਈ ਵੀ ਜੀਵ, ਕੋਈ ਵੀ ਕੰਮ ਤੇਰੀ ਮਦਦ ਤੋਂ ਬਗੈਰ ਨਹੀਂ ਕਰ ਰਿਹਾ, ਨਾ
ਹੀ ਸੰਸਾਰ ਵਿੱਚ ਜਨਮ ਲੈਣ ਵਾਲੇ ਜੀਵਾਂ (ਪੁਜਾਰੀ ਸ਼੍ਰੇਣੀ ਉਨ੍ਹਾਂ ਨੂੰ ਜੋ ਮਰਜ਼ੀ ਲਕਬ ਦੇ ਕੇ,
ਉਨ੍ਹਾਂ ਦੀ ਪੂਜਾ ਕਰਨ ਦੀ ਆੜ ਵਿਚ, ਅਪਣੀ ਪੂਜਾ ਕਰਾਉਂਦਿਆਂ, ਅਗਿਆਨੀ ਜੰਤਾ ਨੂੰ ਲੁਟਦੀ ਪਈ ਹੈ।
ਅਸਲੀਅਤ ਵਿੱਚ ਇਹ, ਸਚਾਈ ਤੋਂ ਕੋਹਾਂ ਦੂਰ ਦੀ ਗੱਲ ਹੈ) ਵਿੱਚ ਏਨੀ ਸਮਰੱਥਾ ਹੈ ਹੀ ਨਹੀਂ ਕਿ ਉਹ
ਆਪ ਕੁੱਝ ਕਰ ਸਕਣ, ਫਿਰ ਇਹ ਕਿਵੇਂ ਮੁਮਕਿਨ ਹੋ ਸਕਦਾ ਹੈ ਕਿ ਉਹ ਕਿਸੇ ਦੂਸਰੇ ਦੀ ਵਿਗੜੀ ਸਵਾਰ
ਦੇਣ? ਜਿਸ ਦਾ ਉਹ ਦਾਅਵਾ ਕਰਦੇ ਹਨ।
ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਹਨ, ਅੱਜ ਤਕ ਕੋਈ ਇਹ ਵੀ ਨਹੀਂ ਕਰ ਸਕਿਆ ਕਿ ਮਰਨ ਮਗਰੋਂ ਆਪ ਹੀ
ਚਲ ਕੇ ਸ਼ਮਸ਼ਾਨ ਜਾਂ ਕਬਰਿਸਤਾਨ ਚਲੇ ਜਾਵੇ। ਜੋ ਆਪਣੀ ਦੇਹੀ ਨੂੰ ਵੀ ਆਪਣੇ ਵੱਸ ਵਿੱਚ ਨਹੀਂ ਰੱਖ
ਸਕਿਆ, ਉਸ ਤੋਂ ਹੋਰ ਕੀ ਮੁਮਕਿਨ ਮੰਨਿਆ ਜਾ ਸਕਦਾ ਹੈ? ਸੰਸਾਰ ਵਿੱਚ ਇਹ ਸਾਰਾ ਕੁੱਝ ਤਦ ਹੀ ਹੋ
ਰਿਹਾ ਹੈ, ਜਦ ਤੂੰ ਆਪ ਕਰ ਰਿਹਾ ਹੈਂ ਅਤੇ ਦੂਸਰਿਆਂ ਕੋਲੋਂ ਕਰਵਾ ਰਿਹਾ ਹੈਂ। ਨਹੀਂ ਤਾਂ ਕਿਸੇ ਲਈ
ਆਪਣੇ ਸਰੀਰ ਦਾ ਇੱਕ ਅੰਗ ਹਿਲਾਉਣਾ ਵੀ ਸੰਭਵ ਨਹੀਂ ਹੈ।
ਜਿਸ ਬੰਦੇ ਤੇ ਤੂੰ ਆਪ ਹੀ ਮਿਹਰ ਕਰ ਦੇਵੇਂ, ਓਹੀ ਬੰਦਾ ਸ਼ਬਦ ਗੁਰੂ ਕੋਲੋਂ ਸੇਧ ਲੈ ਕੇ, ਉਸ
ਅਨੁਸਾਰ ਜੀਵਨ ਢਾਲ ਕੇ, ਸੁਖ ਪਾਉਂਦਾ ਹੈ, ਤੇਰੇ ਨਾਲ ਜੁੜਦਾ ਹੈ, (ਸਦੀਵੀ ਦੁੱਖ, ਪਰਮਾਤਮਾ ਤੋਂ
ਵਿਛੋੜਾ ਅਤੇ ਸਦੀਵੀ ਸੁੱਖ ਪਰਮਾਤਮਾ ਨਾਲ ਮਿਲਾਪ ਹੀ ਹੈ) ਅਤੇ ਅਜਿਹਾ ਜੁੜਦਾ ਹੈ ਕਿ ਹਮੇਸ਼ਾ ਤੇਰੇ
ਨਾਮ ਵਿੱਚ ਹੀ ਨਿਵਾਸ ਕਰਦਾ ਹੈ, ਹਮੇਸ਼ਾ ਤੇਰੇ ਹੁਕਮ ਵਿੱਚ ਹੀ, ਖੁਸ਼ੀ ਪੂਰਵਕ ਚਲਦਾ ਹੈ।
॥ ੧੧॥ ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ॥ ਹਰਿ ਸਾਚੇ ਸੇਤੀ ਵਣਜੁ ਵਾਪਾਰਾ॥
ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ॥ ੧੧॥
ਹੇ ਭਾਈ ਆਪਣੇ ਇਸ ਸਰੀਰ ਨੂੰ ਧਰਤੀ ਬਣਾ, ਬੀ ਬੀਜਣ ਲਈ ਤਿਆਰ ਕਰ। ਪੰਜਾਬ ਵਿੱਚ ਇੱਕ ਕਹਾਵਤ ਮਸ਼ਹੂਰ
ਸੀ ਕਿ ਜੇ ਖਾਣ ਲਾਇਕ ਚੰਗੀ ਅਤੇ ਵੱਧ ਝਾੜ ਵਾਲੀ ਕਣਕ ਚਾਹੀਦੀ ਹੈ ਤਾਂ ਜ਼ਮੀਨ ਨੂੰ ਸੱਤ ਵਾਰੀ,
ਚੰਗੀ ਤਰ੍ਹਾਂ ਵਾਹ-ਵਾਹ ਕੇ ਤਿਆਰ ਕਰ, ਇਹ ਨਾ ਹੋਵੇ ਕਿ ਜ਼ਮੀਨ ਵਿੱਚ ਪਾੜੇ ਰਹਿ ਜਾਣ, ਜਾਂ ਵੱਤਰ
ਹੀ ਸੁੱਕ ਜਾਵੇ। ਇਸ ਲਈ ਸੁਚੇਤ ਹੋ ਕੇ ਪਾੜਾ ਛੱਡੇ ਬਗੈਰ ਇਸ ਨੂੰ ਵਾਹ ਅਤੇ ਨਾਲ ਦੀ ਨਾਲ ਸੁਹਾਗਾ
ਵੀ ਮਾਰਦਾ ਰਹੁ, ਤਾਂ ਜੋ ਵੱਤਰ ਵੀ ਬਣਿਆ ਰਹੇ। ਇਸ ਨੂੰ ਹੀ ਦਰਸਾਉਂਦੀ ਭਗਤ ਧੰਨਾ ਜੀ ਦੀ ਇੱਕ ਤੁਕ
ਹੈ,
ਅਨਾਜੁ ਮਗਉ ਸਤ ਸੀ ਕਾ॥ (੬੯੫)
ਹੇ ਪ੍ਰਭੂ ਮੈਨੂੰ ਖਾਣ ਲਈ ਵੀ ਅਜਿਹੀ ਕਣਕ ਦੇਹ, ਜੋ ਸੱਤ ਸੀਆਂ ਲਾ ਕੇ, ਸੱਤ ਵਾਰੀ ਵਾਹ ਕੇ ਤਿਆਰ
ਕੀਤੀ ਧਰਤੀ ਵਿਚੋਂ ਪੈਦਾ ਕੀਤੀ ਹੋਵੇ।
ਏਥੇ ਵੀ ਇਹੀ ਦਰਸਾਇਆ ਹੈ ਕਿ ਸਰੀਰ ਨੂੰ ਵੀ ਹਉਮੈ ਦੀ ਆਕੜ ਤੋਂ ਰਹਿਤ ਕਰ ਕੇ, ਨਿਮਰਤਾ ਸਹਿਤ
ਭੁਰਭੁਰਾ ਬਣਾ, ਜਿਸ ਵਿਚ, ਕੋਈ ਪਾੜਾ, ਕੋਈ ਅੜਚਣ ਨਾ ਹੋਵੇ। ਇਹ ਵੀ ਖਿਆਲ ਰੱਖੀਂ ਕਿ ਇਸ ਵਿੱਚ
ਪਿਆਰ ਦੀ ਨਮੀ ਵੀ ਬਰਕਰਾਰ ਰਹੇ। ਫਿਰ ਇਸ ਵਿੱਚ ਅਪਾਰ ਪ੍ਰਭੂ ਬਾਰੇ ਜਾਣਕਾਰੀ ਦੇਣ ਵਾਲਾ, ਸ਼ਬਦ
ਵਿਚਾਰ ਦਾ ਬੀ ਬੀਜ। ਫਿਰ ਵੇਖੀਂ ਇਸ ਵਿਚੋਂ ਕਿਵੇਂ, ਪਰਮਾਤਮਾ ਦੇ ਨਾਮ ਦਾ, ਉਸ ਦੀ ਰਜ਼ਾ ਵਿੱਚ
ਚੱਲਣ ਦੀ ਚਾਹ ਦਾ ਪੌਦਾ ਜੰਮਦਾ ਹੈ। ਜਿਸ ਦੇ ਝਾੜ ਵਿੱਚ ਕਦੀ ਘਾਟਾ ਨਹੀਂ ਆਵੇਗਾ, ਹਮੇਸ਼ਾ
ਵਧੇ-ਫੁਲੇਗਾ ਹੀ।
ਜਿਹੜਾ ਬੰਦਾ ਇਹ ਉਦਮ ਕਰਦਾ ਹੈ, ਉਹ ਹਮੇਸ਼ਾ ਪ੍ਰਭੂ ਦੀ ਰਜ਼ਾ ਵਿੱਚ ਹੀ ਟਿਕਿਆ ਰਹਿੰਦਾ ਹੈ। ਇਸ ਫਸਲ
ਦਾ ਵਣਜ-ਵਪਾਰ ਵੀ ਤੂੰ, ਹਮੇਸ਼ਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਹੀ ਕਰੀਂ, ਕਿਉਂਕਿ ਇਸ ਦੀ ਕਦਰ
ਕਰਨ ਵਾਲੀ, ਸ੍ਰਿਸ਼ਟੀ ਵਿਚ, ਇਕੋ-ਇਕ ਹਸਤੀ, ਪਰਮਾਤਮਾ ਹੀ ਹੈ। ਰਤਨਾ ਦੀ ਪਰਖ ਜੌਹਰੀ ਨੁੰ ਹੀ
ਹੁੰਦੀ ਹੈ, ਉਹੀ ਉਸ ਦੀ ਅਸਲੀ ਕੀਮਤ ਜਾਣਦਾ ਹੈ। ਇਸ ਫਸਲ ਨੂੰ, ਐਵੇਂ ਦੁਨੀਆਂ ਦੇ ਵਿਖਾਵਿਆਂ ਵਿੱਚ
ਹੀ ਨਾ ਰੋੜ੍ਹ ਦੇਵੀਂ।
॥ ੧੨॥ ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ॥ ਆਪੇ ਬਖਸਿ ਲੈਹਿ ਨਾਮੁ ਦੀਜੈ॥
ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ॥ ੧੨॥
ਹੇ ਹਰੀ ਜੀਉ, ਤੂੰ ਆਪ ਹੀ ਇਸ ਗੁਣਹੀਨ, ਔਗੁਣਾ ਦੇ ਭਰੇ ਹੋਏ ਬੰਦੇ ਨੂੰ ਗੁਣਾਂ ਦੀ ਬਖਸ਼ਿਸ਼ ਕਰ।
ਗੁਣਾਂ ਦੀ ਬਖਸ਼ਿਸ਼ ਕਿਵੇਂ ਹੁੰਦੀ ਹੈ?
ਸੰਸਾਰ ਵਿੱਚ ਹਰ ਕੰਮ ਨਿਯਮ ਬੱਧ ਹੁੰਦਾ ਹੈ, ਕੋਈ ਵੀ ਕੰਮ ਬੇ-ਨਿਯਮਾ ਨਹੀਂ ਹੁੰਦਾ। ਹਰ ਬੰਦੇ ਦੇ
ਅੰਦਰ ਇਕੋ ਜਿਹੇ ਗੁਣ ਹੁੰਦੇ ਹਨ। ਜਿਵੇਂ ਕੁਦਰਤ ਦੇ ਨਿਯਮਾਂ ਅਨੁਸਾਰ ਚਲਿਆਂ, ਸਰੀਰਕ ਗੁਣਾਂ ਵਿੱਚ
ਵਾਧਾ ਹੁੰਦਾ ਹੈ, ਬੰਦਾ ਰਿਸ਼ਟ-ਪੁਸ਼ਟ, ਅਕਲਮੰਦ, ਸੂਝਭਰਪੂਰ ਹੁੰਦਾ ਹੈ। ਕੁਦਰਤ ਦੇ ਨਿਯਮਾਂ ਦੀ
ਉਲੰਘਣਾ ਕਰਨ ਨਾਲ, ਬੰਦਾ ਸਰੀਰਕ ਪੱਖੋਂ ਕਮਜ਼ੋਰ ਹੁੰਦਾ ਹੈ, ਇਸ ਨੂੰ ਹੀ ਬਿਮਾਰੀ ਦਾ ਨਾਮ ਦਿੱਤਾ
ਗਿਆ ਹੈ। ਜਿਸ ਦਾ ਅਸਰ ਸਰੀਰ ਦੇ ਨਾਲ-ਨਾਲ ਅਕਲ ਅਤੇ ਸਮਝ ਤੇ ਵੀ ਪੈਂਦਾ ਹੈ। ਪਰਮਾਤਮਾ ਨੇ ਜੀਵ ਤੇ
ਦਯਾ ਕਰਦਿਆਂ, ਇਨ੍ਹਾਂ ਰੋਗਾਂ ਤੋਂ ਖਲਾਸੀ ਲਈ, ਕੁਦਰਤ ਵਿੱਚ ਹੀ ਜੜੀ-ਬੂਟੀਆਂ ਵੀ ਪੈਦਾ ਕੀਤੀਆਂ
ਹਨ, ਜਿਨ੍ਹਾਂ ਦੀ ਵਰਤੋਂ ਨਾਲ ਇਹ ਸਰੀਰਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।
ਪਰ ਕਈ ਵਾਰੀ, ਪੂਰੀ ਵਾਹ ਲੌਣ ਤੇ ਵੀ, ਇਹ ਜੜੀ-ਬੂਟੀਆਂ ਜਾਂ ਹੋਰ ਤਰੀਕਿਆਂ ਦੀਆਂ ਦਵਾਈਆਂ, ਰੋਗ
ਕੱਟਣ ਵਿੱਚ ਸਫਲ ਨਹੀਂ ਹੁੰਦੀਆਂ, ਜਦ ਕਿ ਕਈ ਵਾਰੀ ਇਹ ਦਵਾਈਆਂ ਸਹਿਜ ਵਿੱਚ ਹੀ ਰੋਗ ਕੱਟ ਦਿੰਦੀਆਂ
ਹਨ। ਇਸ ਬਾਰੇ ਉਸ ਪ੍ਰਭੂ ਦੇ ਨਿਯਮ, ਉਹ ਪ੍ਰਭੂ ਹੀ ਜਾਣੇ, ਕਿਉਂਕਿ ਬੰਦਾ ਇਸ ਗੁੰਝਲ ਨੂੰ ਸਮਝਣ
ਤੋਂ ਅਸਮਰੱਥ ਹੈ।
ਏਸੇ ਤਰ੍ਹਾਂ, ਜਦ ਬੰਦਾ ਆਤਮਕ ਨਿਯਮ ਕਾਨੂਨਾਂ ਦਾ ਪਾਲਣ ਕਰਦਾ ਹੈ, ਉਸ ਵਿੱਚ ਆਤਮਕ ਗੁਣਾਂ ਦਾ
ਵਾਧਾ ਹੁੰਦਾ ਹੈ, ਉਸ ਦੀ ਸੁਰਤ ਉੱਚੀ ਹੁੰਦੀ ਹੈ, ਜੋ ਉਸ ਨੂੰ ਸ਼ਬਦ ਗੁਰੂ ਨਾਲ, ਸਤਸੰਗਤ ਨਾਲ
ਜੋੜਦੀ ਹੈ, ਜੋ ਬੰਦੇ ਦੇ ਪ੍ਰਭੂ ਨਾਲ ਜੁੜਨ ਦਾ ਵਸੀਲਾ ਬਣਦੇ ਹਨ। ਜੋ ਬੰਦਾ ਆਤਮਕ ਨਿਯਮ ਕਾਨੂਨਾਂ
ਦੀ ਉਲੰਘਣਾ ਕਰਦਾ ਹੈ, ਉਸ ਦੇ ਆਤਮਕ ਗੁਣਾਂ ਵਿੱਚ ਘਾਟਾ ਹੁੰਦਾ ਹੈ, ਮਨ ਵਿਸ਼ੇ-ਵਿਕਾਰਾਂ ਵੱਲ
ਦੌੜਦਾ ਹੈ, ਜੋ ਉਸ ਦੇ ਪਰਮਾਤਮਾ ਨਾਲੋਂ ਦੂਰ ਹੋਣ ਦਾ ਕਾਰਨ ਬਣਦਾ ਹੈ। ਇਸ ਲਈ ਵੀ ਕਰਤਾਰ ਨੇ ਮਿਹਰ
ਕੀਤੀ ਹੋਈ ਹੈ, ਬੰਦਾ ਸ਼ਬਦ ਗੁਰੂ ਨਾਲ ਜੁੜ ਕੇ, ਉਸ ਦੀ ਵਿਚਾਰ ਆਸਰੇ ਔਗੁਣ ਦੂਰ ਕਰ ਕੇ, ਪਰਮਾਤਮਾ
ਨਾਲ ਮਿਲਾਪ ਬਾਰੇ ਸੋਝੀ ਹਾਸਲ ਕਰ ਸਕਦਾ ਹੈ। (ਪਰ ਇਸ ਬਾਰੇ ਵੀ ਉਸ ਦੇ ਨਿਯਮ ਉਹੀ ਜਾਣੇ) ਵੇਖਣ
ਨੂੰ ਇਹ ਜਿੰਨਾ ਸਰਲ ਜਾਪਦਾ ਹੈ, ਓਨਾ ਹੈ ਨਹੀਂ, ਜੇ ਓਨਾ ਹੀ ਸਰਲ ਹੁੰਦਾ ਤਾਂ ਗੁਰੂ ਸਾਹਿਬ ਇਹ ਨਾ
ਕਹਿੰਦੇ ਕਿ, ਕਰੋੜਾਂ ਵਿਚੋਂ ਕੋਈ ਵਿਰਲਾ ਹੀ ਇਸ ਰਾਹ ਤੇ ਚਲਦਾ ਹੈ।
ਗੁਣ ਹਾਸਲ ਕਰਨ ਦਾ ਇਕੋ-ਇਕ ਢੰਗ ਹੈ, ਸ਼ਬਦ ਗੁਰੂ ਕੋਲੋਂ ਪ੍ਰਭੂ ਦੇ ਗੁਣਾਂ ਬਾਰੇ, ਉਨ੍ਹਾਂ ਨੂੰ
ਹਾਸਲ ਕਰਨ ਦੇ ਢੰਗ ਬਾਰੇ ਸੋਝੀ ਹਾਸਲ ਕੀਤੀ ਜਾਵੇ। ਗੁਰੂ ਨਾਲ ਮਿਲਾਪ ਦੀ ਬਖਸ਼ਿਸ਼, ਪਰਮਾਤਮਾ ਤੋਂ
ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਗੁਰੂ ਸਾਹਿਬ ਏਸੇ ਬਖਸ਼ਿਸ਼ ਲਈ ਯਾਚਨਾ ਕਰ ਰਹੇ ਹਨ। (ਇਹ ਗੁਣ
ਕਿਸੇ ਚਕਤਕਾਰ ਨਾਲ ਨਹੀਂ ਪੈਦਾ ਹੁੰਦੇ)
ਜਿਸ ਬੰਦੇ ਤੇ ਬਖਸ਼ਿਸ਼ ਕਰ ਕੇ, ਪਰਮਾਤਮਾ ਉਸ ਨੂੰ ਸ਼ਬਦ ਗੁਰੂ ਨਾਲ ਜੋੜ ਕੇ, ਗੁਰਮੁਖ ਬਣਾ ਦੇਵੇ, ਉਸ
ਨੂੰ ਹੀ ਅਕਾਲ ਦੇ ਨਾਮ, ਉਸ ਦੀ ਰਜ਼ਾ ਬਾਰੇ ਸੋਝੀ ਹੁੰਦੀ ਹੈ, ਉਹੀ ਬੰਦਾ ਫਿਰ ਹਮੇਸ਼ਾ ਪ੍ਰਭੂ ਦੇ
ਨਾਮ, ਉਸ ਦੀ ਰਜ਼ਾ ਨਾਲ ਜੁੜਿਆ ਰਹਿੰਦਾ ਹੈ, ਉਸ ਦੇ ਹੁਕਮ ਵਿੱਚ ਚਲਦਾ ਰਹਿੰਦਾ ਹੈ।
॥ ੧੩॥ ਅੰਤਰਿ ਹਰਿ ਧਨੁ ਸਮਝ ਨ ਹੋਈ॥ ਗੁਰ ਪਰਸਾਦੀ ਬੂਝੈ ਕੋਈ॥
ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ॥ ੧੩॥
ਹੇ ਭਾਈ, ਹਰੇਕ ਬੰਦੇ ਦੇ ਅੰਦਰ ਪਰਮਾਤਮਾ ਦਾ ਧਨ ਹੈ, ਪਰ ਬੰਦੇ ਨੂੰ ਇਹ ਸਮਝ ਨਹੀਂ ਹੈ। ਕੋਈ
ਵਿਰਲਾ ਮਨੁੱਖ ਹੀ, ਸ਼ਬਦ ਗੁਰੂ ਦੀ ਕਿਰਪਾ ਸਦਕਾ, ਉਸ ਦੇ ਵਿਚਾਰ ਆਸਰੇ, ਇਹ ਭੇਦ ਸਮਝਦਾ ਹੈ। ਜਿਹੜਾ
ਬੰਦਾ ਸ਼ਬਦ ਗੁਰੂ ਦੀ ਸਰਨ ਪੈ ਕੇ ਗੁਰਮੁਖ ਹੋ ਜਾਂਦਾ ਹੈ, ਗੁਰੂ ਦੇ ਦੱਸੇ ਅਨੁਸਾਰ ਚਲਣ ਲਗ ਜਾਂਦਾ
ਹੈ, ਉਹ ਆਪਣੇ ਅੰਦਰੋਂ ਹੀ ਇਹ ਧਨ ਲੱਭ ਲੈਂਦਾ ਹੈ। ਫਿਰ ਉਹ ਸਦਾ ਹੀ ਕਰਤਾਰ ਦੇ ਹੁਕਮ ਵਿੱਚ ਟਿਕਿਆ
ਰਹਿੰਦਾ ਹੈ।
॥ ੧੪॥ ਅਨਲ ਵਾਉ ਭਰਮਿ ਭੁਲਾਈ॥ ਮਾਇਆ ਮੋਹਿ ਸੁਧਿ ਨ ਕਾਈ॥
ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ॥ ੧੪॥
ਹੇ ਭਾਈ ਸੰਸਾਰ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਤ੍ਰਿਸ਼ਨਾ ਦਾ ਝੱਖੜ ਝੁੱਲ ਰਿਹਾ ਹੈ। ਇਸ ਦੇ
ਪ੍ਰਭਾਵ ਹੇਠ ਬੰਦਾ, ਭਟਕਣਾ ਵਚ ਪੈ ਕੇ, ਕੁਰਾਹੇ ਪਿਆ ਰਹਿੰਦਾ ਹੈ। ਮਾਇਆ ਦੇ ਮੋਹ ਦੇ ਕਾਰਨ,
ਮਨੁੱਖ ਨੂੰ ਰਤਾ ਭਰ ਵੀ, ਇਸ ਭਟਕਣਾ ਦੀ ਸੋਝੀ ਨਹੀਂ ਹੁੰਦੀ।
ਆਪਣੇ ਮਨ ਦੇ ਪਿੱਛੇ ਚਲਣ ਵਾਲੇ ਅੰਨ੍ਹੇ ਬੰਦੇ ਨੂੰ ਕੁੱਝ ਵੀ ਨਹੀਂ ਸੁਝਦਾ। ਜਿਹੜਾ ਬੰਦਾ ਸ਼ਬਦ
ਗੁਰੂ ਕੋਲੋਂ, ਗਿਆਨ ਹਾਸਲ ਕਰਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਹੁਕਮ ਜ਼ਾਹਰ ਹੋ ਜਾਂਦਾ ਹੈ।
॥ ੧੫॥ ਮਨਮੁਖ ਹਉਮੈ ਮਾਇਆ ਸੂਤੇ॥ ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ॥
ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ॥ ੧੫॥
ਹੇ ਭਾਈ ਮਨ ਦੀ ਮੱਤ ਪਿੱਛੇ ਚਲਣ ਵਾਲੇ ਬੰਦੇ, ਹਉਮੈ ਅਤੇ ਮਾਇਆ ਦੇ ਮੋਹ ਵਿੱਚ ਆਪਣੇ ਜੀਵਨ ਦੇ
ਟੀਚੇ ਵਲੋਂ ਅਵੇਸਲੇ ਰਹਿੰਦੇ ਹਨ। ਵਿਕਾਰਾਂ ਦੇ ਹੱਲਿਆਂ ਤੋਂ ਆਪਣਾ ਆਪ ਨਹੀਂ ਬਚਾਉਂਦੇ, ਜਿਸ ਕਾਰਨ
ਆਖਿਰ ਨੂੰ ਖੁਆਰ ਹੁੰਦੇ ਹਨ। ਮਨ ਦੇ ਕਹੇ ਚੱਲਣ ਵਾਲੇ ਮਨੁੱਖ, ਅਪਣੇ ਆਪ ਨੂੰ ਭਲਾ ਅਖਵਾਉਣ ਦੀ ਲਲਕ
ਵਿਚ, ਦੂਸਰਿਆਂ ਦੀ ਨਿੰਦਾ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਅੰਦਰ ਦੀ ਚਿੰਤਾ, ਉਨ੍ਹਾਂ ਨੂੰ ਬਹੁਤ
ਸਾੜਦੀ ਰਹਿੰਦੀ ਹੈ, (ਕਿ ਕਿਤੇ ਮੇਰਾ ਪਾਜ ਨਾ ਉੱਘੜ ਜਾਵੇ) ਉਹ ਸਦਾ ਦੁੱਖਾਂ ਵਿੱਚ ਹੀ ਘਿਰੇ
ਰਹਿੰਦੇ ਹਨ।
॥ ੧੬॥ ਆਪੇ ਕਰਤੈ ਕਾਰ ਕਰਾਈ॥ ਅਪੇ ਗੁਰਮੁਖਿ ਦੇਇ ਬੁਝਾਈ॥
ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ॥ ੧੬॥ ੫॥ (੧੦੪੯)
ਪਰ ਹੇ ਭਾਈ, ਮਨੁਖਾਂ ਦੇ ਆਪਣੇ ਵੱਸ ਵਿੱਚ ਕੀ ਹੈ? ਕਰਤਾਰ ਨੇ ਆਪ ਹੀ, ਹਮੇਸ਼ਾ ਉਨ੍ਹਾਂ ਕੋਲੋਂ
ਨਿੰਦਾ ਦਾ ਕੰਮ ਕਰਵਾਇਆ ਹੈ। ਆਪ ਹੀ ਉਨ੍ਹਾਂ ਨੂੰ ਗੁਰਮੁੱਖ ਬਣਾ ਕੇ, ਸਹੀ ਆਤਮਕ ਸੋਝੀ ਬਖਸ਼ਦਾ ਹੈ।
ਹੇ ਨਾਨਕ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ, ਉਸ ਦੀ ਰਜ਼ਾ ਵਿੱਚ ਰਾਜ਼ੀ
ਰਹਿੰਦੇ ਹਨ, ਉਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ, ਉਹ ਸਦਾ ਪਰਮਾਤਮਾ ਦੇ ਹੁਕਮ ਵਿੱਚ ਹੀ ਟਿਕੇ
ਰਹਿੰਦੇ ਹਨ।
(ਨੋਟ:- ਆਪਾਂ ਗੁਰੂ ਬਾਰੇ ਵਿਚਾਰ, ਨਿਕੀਆਂ ਤੁਕਾਂ ਤੋਂ ਸ਼ੁਰੂ ਕੀਤੀ ਸੀ। ਫਿਰ ਪੂਰੇ ਸ਼ਬਦਾਂ ਆਸਰੇ
ਵਿਚਾਰ ਕੀਤੀ। ਹੁਣ ਪੂਰੀ ਬਾਣੀ ਦੀ ਵਿਚਾਰ ਚਲ ਰਹੀ ਸੀ, ਪਰ ਬਾਣੀ ਬਹੁਤ ਲੰਮੀ ਹੈ, ਅਜੇ ਉਸ ਦਾ
ਪੰਜਵਾਂ ਹਿੱਸਾ ਕਰੀਬ ਹੀ ਵਿਚਾਰਿਆ ਗਿਆ ਹੈ। ਪੂਰੀ ਬਾਣੀ ਵਿਚਾਰਨ ਲਈ ਕਰੀਬ ੨੫ ਕਿਸਤਾਂ ਹੋਰ ਬਣਨ
ਗੀਆਂ। ਜਿਸ ਲਈ ਛੇ ਮਹੀਨੇ ਕਰੀਬ ਸਮਾ ਲੱਗ ਜਾਵੇਗਾ। ਇਸ ਲਈ ਹੁਣ ਕੁੱਝ ਸ਼ਬਦਾਂ ਦੀ ਵਿਚਾਰ ਕਰਨ
ਮਗਰੋਂ, (ਜਿਨ੍ਹਾਂ ਵਿੱਚ ਪੁਜਾਰੀਆਂ ਨੇ ਜ਼ਬਰਦਸਤੀ, ਨਾਨਕ ਜਾਮਿਆਂ ਨੂੰ ਹੀ ਗੁਰੂ ਬਣਾ ਕੇ,
ਭੁਲੇਖਿਆਂ ਵਿੱਚ ਵਾਧਾ ਕੀਤਾ ਹੈ) ਇਸ ਲੜੀ ਨੂੰ ਏਥੇ ਹੀ ਬੰਦ ਕਰ ਕੇ, “ਗੁਰਮਤਿ ਅਨੁਸਾਰ ਆਵਾ-ਗਵਣ
“ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਸਿੱਖੀ ਬਹੁਤ ਤਿੱਖਾ ਮੋੜ ਕੱਟ ਰਹੀ ਹੈ, ਇਸ ਲਈ ਸਿੱਖਾਂ ਨੂੰ ਸਮੇ
ਦਾ ਹਾਣੀ ਬਨਾਉਣ ਲਈ, ਇਹ ਲੜੀ ਛੇਤੀ ਤੋਂ ਛੇਤੀ ਪੇਸ਼ ਕਰਨੀ ਜ਼ਰੂਰੀ ਹੈ)
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧