.

ਗੁਰਬਾਣੀ ਗੁਰ ਮੰਤ੍ਰ ਹੈ

ਬਾਬੇ ਨਾਨਕ ਦੀ ਬਾਣੀ “ਜਪ” ਦੇ ਮੰਗਲਾਚਰਨ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥” ਨੂੰ ਮੂਲ ਮੰਤ੍ਰ ਤੇ “ਵਾਹਿਗੁਰੂ” ਸਬਦ ਨੂੰ ਗੁਰਮੰਤ੍ਰ ਮੰਨਿਆ ਜਾਂਦਾ ਹੈ ਤੇ ਇਹਨਾਂ ਮੰਤ੍ਰਾਂ ਦੇ ਮੂੰਹ ਨਾਲ ਰਟਣ ਦੀ ਕਾਰਵਾਈ ਨੂੰ “ਨਾਮ ਸਿਮਰਨ” ਜਾਂ “ਨਾਮ ਜਪਣ” ਦੀ ਵਿਧੀ ਆਖਿਆ ਜਾਂਦਾ ਹੈ। ਇਹ ਵਿਧੀ ਸਿਖ ਜਗਤ ਵਿੱਚ ਇਨੀ ਪ੍ਰਚਲਤ ਹੈ ਕਿ ਇਸ ਬਾਰੇ ਵਿਚਾਰ ਕਰਨਾ ਵੀ ਵਿਰੋਧਤਾ ਹੀ ਸਮਝੀ ਜਾਂਦੀ ਹੈ। ਹਿੰਦੂ ਧਰਮ ਵਿੱਚ ਮੰਤ੍ਰਾਂ ਦੇ ਜਪਣ ਦਾ ਕਰਮਕਾਂਡ ਬਹੁਤ ਪ੍ਰਚਲਤ ਹੈ ਇਸ ਲਈ ਸਹਿਜੇ ਹੀ ਇਹ ਸ਼ੰਕਾ ਪੈਦਾ ਹੁੰਦਾ ਹੈ ਕਿ ਇਹ ਵਿਧੀ ਕਿਤੇ ਉਥੋਂ ਤਾਂ ਸਿਖ ਜਗਤ ਵਿੱਚ ਨਹੀ ਘੁਸ ਆਈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਵਿਧੀ ਦਾ ਕਿਤੇ ਜ਼ਿਕਰ ਨਹੀ ਮਿਲਦਾ ਪਰ ਇਸ ਵਿਧੀ ਦੀ ਖੰਡਣਤਾ ਜ਼ਰੂਰ ਮਿਲ ਜਾਵੇਗੀ। ਇਸ ਭੁਲੇਖੇ ਦਾ ਕਾਰਨ ਭਾਈ ਗੁਰਦਾਸ ਜੀ ਦੀ ਵਾਰ 13-ਪਉੜੀ 2 “ਵਾਹਿਗੁਰੂ ਗੁਰ ਮੰਤ੍ਰ ਹੈ ਜਪ ਹਉਮੈ ਖੋਈ” ਦੇ ਕੀਤੇ ਗਲਤ ਅਰਥ ਵੀ ਹੋ ਸਕਦੇ ਹਨ। ਇਸ ਭੁਲੇਖੇ ਦਾ ਲਾਭ ਉਠਾ ਕੇ ਅਖੌਤੀ ਸਾਧ, ਸੰਤ, ਡੇਰੇ ਤੇ ਠਾਠਾਂ ਦੇ ਬਾਬਿਆਂ ਤੇ ਉਹਨਾ ਦੇ ਵਰੋਸਾਇ ਪ੍ਰਚਾਰਕਾਂ, ਰਾਗੀਆਂ ਤੇ ਕਥਾਕਾਰਾਂ ਨੇ ਇਸ ਅਖੌਤੀ “ਨਾਮ ਜਪਣ ਦੀ” ਵਿਧੀ ਨੂੰ ਇਤਨਾਂ ਪ੍ਰਚਲਤ ਕਰ ਦਿਤਾ ਕਿ ਹੁਣ ਇਸ ਵਿਚੋਂ ਨਿਕਲਨਾ ਅਸੰਭਵ ਹੀ ਲਗਦਾ ਹੈ। ਕਿਤਨੀ ਤਰਸਯੋਗ ਹਾਲਤ ਹੈ ਕਿ ਅਗਿਆਨਤਾ ਕਾਰਨ ਗੁਰਬਾਣੀ ਨਾਲੋਂ ਜ਼ਿਆਦਾ ਲੋਕ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੇ ਬਚਨਾਂ ਤੇ ਭਰੋਸਾ ਕਰਦੇ ਹਨ। ਇੱਕ ਸਾਧਾਰਨ ਜਿਹੀ ਗਲ ਹੀ ਸਮਝ ਵਿੱਚ ਨਹੀ ਆਉਂਦੀ ਕਿ ਅਗਰ ਮੰਤਰਾਂ ਦੇ ਜਪਣ ਜਪਾਣ ਨਾਲ ਜੀਵਨ ਸੁਖੀ, ਖੁਸ਼ਹਾਲ ਤੇ ਅਨੰਦਤ ਹੋ ਸਕਦਾ ਹੁੰਦਾ, ਸੁਖਾਂ ਦੀ ਪ੍ਰਾਪਤੀ ਹੋ ਸਕਦੀ ਹੁੰਦੀ, ਕਾਰਜ ਰਾਸ ਹੋ ਸਕਦੇ ਹੁੰਦੇ, ਮਨੋਕਾਮਨਾ ਪੂਰਨ ਹੋ ਜਾਂਦੀਆਂ ਹੁੰਦੀਆਂ ਤਾਂ ਸਾਰੀ ਦੁਨੀਆਂ ਵਿਹਲੜ, ਆਲਸੀ ਤੇ ਆਰਾਮ-ਖੋਰ ਹੀ ਹੋ ਜਾਂਦੀ। ਕੌਣ ਕਠਨ ਲੱਕ ਤੋੜ ਮਿਹਨਤਾਂ ਨੂੰ ਹੱਥ ਪਾਉਂਦਾ? ਜਿਹੜੇ ਅਖੌਤੀ ਸੰਤ ਤੇ ਬਾਬੇ, ਆਪਣੇ ਕਾਰਜ ਨਹੀ ਸਵਾਰ ਸਕਦੇ, ਆਪਣੀਆਂ ਮਨੋਕਾਮਨਾਵਾਂ ਪੂਰਨ ਨਹੀ ਕਰ ਸਕਦੇ, ਆਪਣੇ ਮਨ ਨੂੰ ਕਾਬੂ ਵਿੱਚ ਨਹੀ ਰੱਖ ਸਕਦੇ, ਆਪ ਮਿਹਨਤ ਨਹੀ ਕਰ ਸਕਦੇ, ਉਹ ਦੂਸਰਿਆਂ ਦਾ ਕੀ ਸਵਾਰ ਸਕਦੇ ਹਨ? ਗ੍ਰਿਸਤ ਜੀਵਨ ਦੀਆਂ ਸਖਤ ਜ਼ਰੂਰਤਾਂ ਤੇ ਔਕੜਾਂ ਦਾ ਸਾਹਮਣਾ ਕਰਨ ਤੋਂ ਅਸਮਰੱਥ ਹੋ ਕੇ ਉਸ ਤੋਂ ਭਗੌੜੇ ਹੋਏ ਹਨ। ਜਿਨ੍ਹਾ ਵਿੱਚ ਇਕੋ ਦਿਨ ਦੀ ਮਿਹਨਤ ਮਜੂਰੀ ਕਰਨ ਦਾ ਹੌਸਲਾ ਨਹੀ, ਉਹ ਦੂਸਰਿਆਂ ਦੇ ਕਾਰਜ ਕੀ ਸਵਾਰ ਸਕਦੇ ਹਨ? ਇਸ ਤੋਂ ਪਹਿਲਾਂ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਕੀਤੀ ਜਾਵੇ, ਪਹਿਲਾਂ ਗੁਰਬਾਣੀ ਵਿਚੋਂ ਗੁਰ ਮੰਤ੍ਰ ਦੀ ਜਾਣਕਾਰੀ ਲਾਭਦਾਇਕ ਹੋਵੇਗੀ।

1. ਬਾਣੀ ਮੰਤ੍ਰ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਨ ਕਉ॥ ਖੋਜਿ ਲਹਿਉ ਨਾਨਕ ਸੁਖ ਥਾਨਾ ਹਰਿ ਨਾਮਾ ਬਿਸ੍ਰਾਮ ਕਉ॥ (ਮ: 5 … 1208)

ਭਾਵ:- ਮਹਾਂ ਪੁਰਖਾਂ ਦੀ ਬਾਣੀ (ਉਪਦੇਸ਼) ਹੀ ਮੰਤ੍ਰ ਹੈ ਜੋ ਮਨ ਦਾ ਮਾਣ ਦੂਰ ਕਰਨ ਲਈ ਸਮਰੱਥ ਹੈ। ਹੇ ਨਾਨਕ ਆਤਮਕ ਸ਼ਾਤੀ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਸੁਖਾਂ ਦਾ ਥਾਂ ਹੈ ਜੋ ਖੋਜ ਕੀਤਿਆਂ ਲਭਦਾ ਹੈ। ਗੁਰਮਤਿ ਅਨੁਸਾਰ ਗੁਰਬਾਣੀ ਹੀ ਨਾਮ ਹੈ (ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥ 1239)। ਗੁਰਬਾਣੀ ਪੜ੍ਹ, ਸੁਣ ਤੇ ਵਿਚਾਰ ਕਰਕੇ ਉਸਤੇ ਚਲਣਾ ਹੀ ਨਾਮ ਧਿਆਉਣਾ ਹੈ। ਗੁਰਬਾਣੀ ਨੇ ਹੀ ਮਨ ਦਾ ਮਾਣ ਦੂਰ ਕਰਕੇ ਆਤਮਕ ਸ਼ਾਤੀ ਪ੍ਰਧਾਨ ਕਰਨੀ ਹੈ। ਇਸ ਲਈ ਗੁਰਬਾਣੀ (ਗੁਰਉਪਦੇਸ਼, ਗੁਰਗਿਆਨ) ਹੀ ਗੁਰਮੰਤ੍ਰ ਹੈ।

2. ਬੀਜ ਮੰਤ੍ਰ ਸਰਬ ਕੋ ਗਿਆਨੁ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ॥ (274)। ਭਾਵ: ਗਿਆਨ (ਗੁਰਬਾਣੀ) ਹੀ ਸਾਰਿਆਂ ਮੰਤ੍ਰਾਂ ਦਾ ਮੁਢ ਹੈ। ਚਾਰੇ ਵਰਨਾ ਵਿਚੋਂ ਭਾਵੇ ਕੋਈ ਵੀ ਜਪ ਕੇ (ਬੁਝ ਕੇ) ਵੇਖ ਲਵੇ। ਗੁਰਬਾਣੀ (ਗੁਰਗਿਆਨ) ਨੂੰ ਹੀ ਸਾਰੇ ਮੰਤ੍ਰਾਂ ਦਾ ਸਿਰਮੌਰ ਮੰਨਿਆ ਹੈ।

3. ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤ੍ਰ ਮਨੁ ਮਾਨੁ॥ (864)। ਭਾਵ: ਮੈ ਗੁਰੂ ਦੇ ਸਬਦ (ਗੁਰਬਾਣੀ) ਦਾ ਹੀ ਮਨ ਵਿੱਚ ਧਿਆਨ ਰਖਦਾ ਹਾਂ ਤੇ ਮੇਰਾ ਮਨ ਗੁਰਸਬਦ (ਗੁਰਬਾਣੀ) ਨੂੰ ਹੀ ਮੰਤ੍ਰ ਮੰਨਦਾ ਹੈ। ਗੁਰ ਪ੍ਰਮਾਣਾਂ ਤੋਂ ਸਪਸ਼ਟ ਹੈ ਕਿ ਗੁਰਮਤ ਵਿੱਚ ਗੁਰਬਾਣੀ ਨੂੰ ਹੀ ਮੂਲ ਮੰਤ੍ਰ (ਮੁੱਢਲਾ ਮੰਤ੍ਰ) ਤੇ ਗਰੁ ਮੰਤ੍ਰ ਮੰਨਿਆ ਗਿਆ ਹੈ। ਹੁਣ ਵੇਖਣਾ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਗੁਰ ਮੰਤ੍ਰ ਤੇ ਮੂਲ ਮੰਤ੍ਰ ਕਿਵੇਂ ਆਇਆ ਹੈ।

1. ਮੰਤ੍ਰ ਮੂਲੁ ਸਤਿਗੁਰ ਬਚਨ ਇੱਕ ਮਨਿ ਹੋਇ ਅਰਾਧੇ ਕੋਈ। (ਵਾਰ 26 ਪੳ: 6) ਭਾਵ: ਸਤਿਗੁਰੂ ਦਾ ਬਚਨ (ਗੁਰਬਾਣੀ) ਹੀ ਸਾਰੇ ਮੰਤ੍ਰਾਂ ਦਾ ਮੂਲ (ਮੁਢ) ਹੈ ਜਿਸਨੂੰ ਇਕਾਗਰ ਮਨ ਨਾਲ (ਧਿਆਨ ਨਾਲ) ਆਰਾਧਨਾ (ਬੁਝਣਾ) ਹੈ। ਸਪਸ਼ਟ ਹੀ ਹੈ ਕਿ ਗੁਰਬਾਣੀ ਹੀ ਮੂਲ ਮੰਤ੍ਰ ਹੈ ਜਿਸਦੀ ਵਿਚਾਰ ਪੂਰੇ ਧਿਆਨ ਨਾਲ ਕਰਨੀ ਤੇ ਉਸ ਤੇ ਚਲਣਾ ਹੈ।

2. ਧ੍ਰਿਗੁ ਸਰਵਣਿ ਉਪਦੇਸ ਵਿਣੁ ਸੁਣਿ ਸੁਰਤਿ ਨ ਧਰਣੀ। ਧ੍ਰਿਗੁ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ। (ਵਾਰ 27 ਪਉ: 10) ਭਾਵ: ਫਿਟਕਾਰ ਯੋਗ ਹਨ ਉਹ ਕੰਨ ਜੋ ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਨਹੀ ਸੁਣਦੇ, ਫਿਟਕਾਰ ਯੋਗ ਹੈ ਉਹ ਜੀਭਾ ਜੋ ਗੁਰਬਾਣੀ ਨੂੰ ਛਡ ਕੇ ਹੋਰ ਮੰਤ੍ਰਾਂ ਨੂੰ ਸਿਮਰਦੀ ਰਹਿੰਦੀ ਹੈ। ਹੁਣ ਜੇ ਕੋਈ ਗੁਰਬਾਣੀ ਉਤੇ ਚਲੇ ਬਿਨਾ ਕਿਸੇ ਸਬਦ ਨੂੰ ਮੰਤ੍ਰ ਬਣਾ ਕੇ ਜ਼ਬਾਨ ਨਾਲ ਰੱਟੀ ਜਾਵੇ ਉਸਨੂੰ ਗੁਰਬਾਣੀ ਕੀ ਆਖੇਗੀ?

3. ਧਿਆਨ ਮੂਲ ਮੂਰਤ ਗੁਰੂ ਪੂਜ ਮੂਲ ਗੁਰ ਚਰਣ ਪੁਜਾਏ। ਮੰਤ੍ਰ ਮੂਲ ਗੁਰਵਾਕ ਹੈ ਸਚੁ ਸਬਦੁ ਸਤਿਗੁਰੂ ਸੁਣਾਏ। (ਵਾਰ 40 ਪਉ: 22)। ਭਾਵ: ਧਿਆਨ ਦਾ ਮੂਲ (ਮੁੱਢ) ਗੁਰੂ ਦਾ ਸਬਦ ਹੈ, ਤੇ ਇਹੀ ਪੂਜਾ ਦਾ ਮੂਲ (ਮੁੱਢ) ਹੈ। ਮੂਲ ਮੰਤ੍ਰ ਗੁਰੂ ਦਾ ਬਚਨ (ਗੁਰਬਾਣੀ) ਹੈ ਤੇ ਇਹੀ ਸਚਾ ਸਬਦ (ਸਚੀ ਗੁਰਬਾਣੀ) ਸਤਿਗੁਰੂ ਸੁਣਾਂਵਦਾ ਹੈ। ਸਪਸ਼ਟ ਹੈ ਕਿ ਭਾਈ ਗੁਰਦਾਸ ਜੀ ਵੀ ਉਹੀ ਗਲ ਕਹਿ ਰਹੇ ਹਨ ਜੋ ਗੁਰਬਾਣੀ ਵਿੱਚ ਹੈ ਕਿ ਗੁਰਸਬਦ (ਗੁਰਬਾਣੀ, ਗੁਰਗਿਆਨ, ਗੁਰਉਪਦੇਸ਼, ਗੁਰਵਾਕ) ਹੀ ਮੂਲ ਮੰਤ੍ਰ ਤੇ ਗੁਰ ਮੰਤ੍ਰ ਹੈ।

ਗੁਰਬਾਣੀ ਵਿੱਚ “ਵਾਹਿਗੁਰੂ” ਸਬਦ ਭੱਟਾਂ ਦੀ ਬਾਣੀ ਵਿੱਚ ਆਇਆ ਹੈ ਜੋ ਦੋ ਸਬਦਾਂ ਦਾ ਮੇਲ ਹੈ “ਵਾਹ” ਅਤੇ “ਗੁਰੂ”। ਇਸ ਨੂੰ ਗੁਰਬਾਣੀ ਵਿੱਚ ਪਰਮਾਤਮਾ ਦੇ ਨਾਮ ਲਈ ਨਹੀ ਵਰਤਿਆ ਗਿਆ ਤੇ ਇਸ ਸਿਧਾਂਤ ਤੋਂ ਭਾਈ ਗੁਰਦਾਸ ਜੀ ਵੀ ਪੂਰੀ ਤਰਾ ਜਾਣੂ ਸਨ।

1. ਗੁਰ ਸਿਖੀ ਗੁਰ ਸਿਖ ਸੁਣ ਅੰਦਰਿ ਸਿਆਣਾ ਬਾਹਰਿ ਭੋਲਾ। ਸਬਦ ਸੁਰਤਿ ਸਾਵਧਾਨ ਹੋਇ ਵਿਣੁ ਗੁਰ ਸਬਦ ਨ ਸੁਣਾਈ ਬੋਲਾ। ਸਤਿਗੁਰੂ ਦਰਸਨੁ ਦੇਖਣਾ ਸਾਧ ਸੰਗਤਿ ਵਿਣੁ ਅੰਨ੍ਹਾ ਖੋਲਾ। ਵਾਹਿਗੁਰੂ ਗੁਰ ਸਬਦ ਲੈ ਪਿਰਮ ਪਿਆਲਾ ਚੁਪਿ ਚਬੋਲਾ। ਪੈਰੀ ਪੈ ਪਾਖਾਕ ਹੋਇ ਚਰਣ ਧੋਇ ਚਰਣੋਦਕ ਝੋਲਾ। ਚਰਣ ਕਵਲ ਚਿਤੁ ਭਵਰੁ ਕਰਿ ਭਵਜਲ ਅੰਦਰਿ ਰਹੈ ਨਿਰੋਲਾ। ਜੀਵਣਿ ਮੁਕਤਿ ਸਚਾਵਾ ਚੋਲਾ। (ਵਾਰ4-ਪਉ: 17)। ਇਸ ਪਉੜੀ ਵਿੱਚ ਭਾਈ ਗੁਰਦਾਸ ਜੀ ਗੁਰਸਬਦ (ਗੁਰਬਾਣੀ) ਦੀ ਹੀ ਪ੍ਰਸੰਸਾ ਕਰਦੇ ਹਨ। ਗੁਰਸਿਖਿਆ ਦੁਆਰਾ ਹੀ ਗੁਰਸਿਖ ਨੇ ਅੰਦਰੋਂ ਸਿਆਣਾ ਤੇ ਬਾਹਰੋਂ ਭੋਲਾ ਹੋਣਾ ਹੈ, ਗੁਰਬਾਣੀ ਨੂੰ ਹੀ ਧਿਆਨ ਨਾਲ ਸਾਵਧਾਨ ਹੋ ਕੇ ਸੁਣਨਾ ਤੇ ਉਸ ਬਿਨਾ ਹੋਰ ਕੁਛ ਨਹੀ ਸੁਣਨਾ, ਸਾਧ ਸੰਗਤਿ (ਗੁਰਬਾਣੀ ਦੀ ਸੰਗਤਿ) ਬਿਨਾ ਹੋਰ ਕਿਸੇ ਬਾਣੀ ਨੂੰ ਨਹੀ ਮੰਨਣਾ, ਧੰਨ ਗੁਰੂ ਦੀ ਬਾਣੀ ਦਾ ਚੁਪ ਕਰਕੇ ਪਿਆਲਾ ਪੀਣਾ (ਗੁਰਬਾਣੀ ਤੇ ਚਲਣਾ) ਹੈ, ਨਿਮਰਤਾ ਨਾਲ ਗੁਰਬਾਣੀ ਦੇ ਭਾਵ ਨੂੰ ਅੰਦਰ ਵਸਾਉਣਾ ਹੀ ਗੁਰੂ ਦੀ ਚਰਣਾਮ੍ਰਿਤ ਲੈਣਾ ਹੈ, ਚਿੱਤ ਨੂੰ ਚਰਨ ਕਵਲ (ਗੁਰਬਾਣੀ) ਨਾਲ ਜੋੜ ਕੇ ਸੰਸਾਰ ਤੋਂ ਨਿਰਲੇਪ ਰਹਿਣਾ ਹੈ। ਇਹੀ ਜੀਵਨ ਨੂੰ ਸਫਲ ਕਰਨਾ ਹੈ। ਅਗਰ ਇਥੇ “ਵਾਹਿਗੁਰੂ” ਸਬਦ ਨੂੰ ਮੰਤ੍ਰ ਬਣਾ ਕੇ ਜਪਣ ਦੀ ਤਾਕੀਦ ਕੀਤੀ ਮੰਨੀ ਜਾਵੇ ਤਾਂ ਬਾਕੀ ਪੰਗਤੀਆਂ ਵਿੱਚ ਕੀਤੀ ਗੁਰਬਾਣੀ ਦੀ ਮਹੱਤਾ ਨਿਰਾਰਥ ਹੋ ਜਾਂਦੀ ਹੈ ਪਰ ਕਿਉਂਕਿ ਇਥੇ ਸਾਰੀ ਵਿਸ਼ੇਸ਼ਤਾ ਗੁਰਬਾਣੀ ਦੀ ਹੀ ਹੈ ਇਸ ਲਈ “ਵਾਹਿਗੁਰੂ” ਦੇ ਅਰਥ “ਧੰਨ ਗੁਰਬਾਣੀ” ਜ਼ਿਆਦਾ ਢੁਕਵੇਂ ਹਨ।

2. ਸਤਿਗੁਰ ਪੁਰਖ ਦਇਆਲੁ ਹੋਇ ਵਾਹਿਗੁਰੂ ਸਚੁ ਮੰਤ੍ਰ ਸੁਣਾਇਆ। (ਵਾਰ11 ਪਉ: 3)। ਸਤਿਗੁਰ ਪੁਰਖ (ਪਰਮਾਤਮਾ) ਨੇ ਦਇਆਲ ਹੋ ਕੇ (ਗੁਰੂ ਦੁਆਰਾ ਆਈ ਧੰਨ ਗੁਰਬਾਣੀ ਦਾ) ਸਚਾ ਮੰਤ੍ਰ ਸੁਣਾਇਆ। ਪਿਛੇ ਵੇਖ ਆਏ ਹਾਂ ਕਿ ਭਾਈ ਗੁਰਦਾਸ ਜੀ ਨੇ ਗੁਰਮੰਤ੍ਰ ਗੁਰਬਾਣੀ ਨੂੰ ਹੀ ਆਖਿਆ ਹੈ।

3. ਹਰਿ ਵਾਹਿਗੁਰੂ ਮੰਤ੍ਰ ਅਗਮ ਹੈ ਜਗ ਤਾਰਨ ਹਾਰਾ। ਜੋ ਸਿਮਰਹਿ ਨਰ ਪ੍ਰੇਮ ਸੋਂ ਪਹੁੰਚੈ ਦਰਬਾਰਾ। (ਵਾਰ 41 ਪਉ: 18)। ਪਰਮਾਤਮਾ ਦੀ (ਗੁਰੂ ਦੁਆਰਾ ਆਈ) ਗੁਰਬਾਣੀ ਹੀ ਅਗਮ ਮੰਤ੍ਰ ਹੈ ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ। ਜੋ ਮਨੁਖ, ਪ੍ਰੇਮ ਨਾਲ, ਇਸ ਨੂੰ ਜਾਣਦਾ ਜਾਂ ਬੁੱਝਦਾ ਹੈ ਤੇ ਇਸ ਤੇ ਚਲਦਾ ਹੈ, ਉਹ ਪਰਮਾਤਮਾ ਦੇ ਦਰ ਕਬੂਲ ਹੋ ਜਾਂਦਾ ਹੈ।

4. ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ। ਆਪੁ ਗਵਾਏ ਆਪਿ ਹੈ ਗੁਣ ਗੁਣੀ ਪਰੋਈ। (ਵਾਰ 13 ਪਉ: 2)। ਗੁਰਬਾਣੀ ਹੀ ਗਰੁਮੰਤ੍ਰ ਹੈ ਜਿਸਤੇ ਚਲ ਕੇ ਹਉਮੈ ਤੋਂ ਮੁਕਤ ਹੋਇਆ ਜਾ ਸਕਦਾ ਹੈ। ਆਪਣੀ ਮਤ ਗਵਾ ਕੇ ਗੁਰੂ ਦੀ ਮਤ ਦੁਆਰਾ ਆਪੇ ਦੀ ਸੋਝੀ ਹੁੰਦੀ ਹੈ ਤੇ ਗੁਣਾਂ ਨੂੰ ਧਾਰਨ ਕਰਕੇ ਗੁਣੀ ਨਿਧਾਨ ਨਾਲ ਮੇਲ ਹੋ ਜਾਂਦਾ ਹੈ। ਇਥੇ ਸਪਸ਼ਟ ਕੀਤਾ ਗਿਆ ਹੈ ਕਿ ਗੁਰਬਾਣੀ ਹੀ ਗੁਰਮੰਤ੍ਰ ਹੈ ਜਿਸਨੂੰ ਜਾਨਣਾ ਹੈ, ਜਪਣਾ ਨਹੀ, ਜਿਵੇਂ ਗੁਰਪ੍ਰਮਾਣ ਹੈ: “ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥” (192)। ਗੁਰਬਾਣੀ ਨੂੰ ਜਾਣਿਆ ਜਾਂਦਾ ਹੈ ਜਪਿਆ ਨਹੀ। ਅਗਰ ਇਸ ਵਾਰ ਦਾ ਭਾਵ ਗੁਰਮਤ ਸਿਧਾਂਤ ਦੇ ਉਲਟ, ਕਿਸੇ ਇੱਕ ਸਬਦ ਦੇ ਜਪਣ ਜਪਾਣ ਦਾ, ਹੁੰਦਾ ਤਾਂ ਭਾਈ ਗੁਰਦਾਸ ਜੀ ਨੂੰ ਆਪਣੀਆਂ ਵਾਰਾਂ ਵਿੱਚ ਗੁਰਬਾਣੀ ਦੀ ਵਿਸ਼ੇਸ਼ਤਾ ਲਿਖਣ ਦੀ ਕੀ ਲੋੜ ਸੀ? ਉਹ ਗੁਰਮਤ ਦੇ ਸਿਧਾਂਤਾਂ ਤੋ ਪੂਰੀ ਤਰਾਂ ਜਾਣੂ ਸਨ। ਇਸ ਲਈ ਉਹਨਾ ਨੇ ਵੀ ਗੁਰਬਾਣੀ ਦੀ ਹੀ ਵਿਸ਼ੇਸ਼ਤਾ ਦਰਸਾਈ ਹੈ, ਕਿਸੇ ਕਰਮ ਕਾਂਡ ਦੀ ਨਹੀ। ਟੀਕਾ ਕਾਰਾਂ ਦੀ ਭੁਲ ਨੇ ਹੀ ਇਸ ਅਖੌਤੀ ਨਾਮ ਜਪਣ ਦੇ ਕਰਮ ਕਾਂਡ ਨੂੰ ਜਨਮ ਦਿੱਤਾ ਹੈ। ਭਾਈ ਗੁਰਦਾਸ ਜੀ ਗੁਰਬਾਣੀ ਦੀ ਮਹੱਤਾ ਦਰਸਾਉਂਦੇ ਹੋਏ ਲਿਖਦੇ ਹਨ:

1. ਪਾਰਬ੍ਰਹਿਮ ਗੁਰਸਬਦ ਹੈ ਨਿਝਰ ਧਾਰ ਵਰ੍ਹੈ ਗੁਣ ਗੁਝੈ। (ਵਾਰ 7 ਪਉ: 19)। ਗੁਰੂ ਦਾ ਸਬਦ ਪਾਰਬ੍ਰਹਮ ਦਾ ਸਰੂਪ ਹੈ ਜਿਸ ਵਿੱਚ ਰੱਬੀ ਗੁਣਾ ਨੂੰ ਧਾਰਨ ਕਰਨ ਦਾ ਹੀ ਉਪਦੇਸ਼ ਹੈ

2. ਸਬਦ ਗੁਰੂ ਗੁਰ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ। (ਵਾਰ 7 ਪਉ: 20)। ਗੁਰਬਾਣੀ ਨੂੰ ਹੀ ਗੁਰੂ ਦਾ ਸਰੂਪ ਜਾਨਣਾ ਹੈ ਤੇ ਏਸੇ ਵਿੱਚ ਹੀ ਧਿਆਨ ਨੂੰ ਜੋੜਨਾ (ਧਿਆਨ ਨਾਲ ਵਿਚਾਰਨਾ ਤੇ ਇਸ ਤੇ ਚਲਣਾ) ਗੁਰਮੁਖਿ ਹੋਣਾ ਹੈ।

3. ਗੁਰਮੁਖਿ ਮਾਰਗ ਆਖੀਐ ਗੁਰਮਤਿ ਹਿਤਕਾਰੀ। ਹੁਕਮਿ ਰਜਾਈ ਚਲਣਾ ਗੁਰ ਸਬਦ ਵਿਚਾਰੀ। (ਵਾਰ 9 ਪਉ: 3) ਗੁਰੂ ਦਾ ਮਾਰਗ ਓਹੀ ਆਖਿਆ ਜਾਂਦਾ ਹੈ ਜਦੋਂ ਗੁਰੂ ਦੀ ਮਤ ਨਾਲ ਪਿਆਰ ਹੋ ਜਾਵੇ। ਗੁਰਬਾਣੀ ਦੀ ਵਿਚਾਰ ਕਰਕੇ ਉਸਤੇ ਚਲਣਾ ਹੀ ਗੁਰੂ ਦੀ ਰਜ਼ਾ ਵਿੱਚ ਚਲਣਾ ਹੈ।

4. ਗੁਰ ਉਪਦੇਸੁ ਅਵੇਸੁ ਕਰਿ ਅਨਭਉ ਪਦ ਪਾਈ। (ਵਾਰ 9 ਪਉ: 5) ਗੁਰ ਉਪਦੇਸ਼ ਤੇ ਚਲ ਕੇ ਹੀ ਪਰਮ ਪਦ ਦੀ ਪ੍ਰਾਪਤੀ ਹੋ ਸਕਦੀ ਹੈ।

5. ਗੁਰਮਤਿ ਅੰਦਰਿ ਚਿਤੁ ਹੈ ਚਿਤੁ ਗੁਰਮਤਿ ਜਿਸੈ। ਪਾਰਬ੍ਰਹਮ ਪੂਰਨ ਬ੍ਰਹਮੁ ਸਤਿਗੁਰ ਹੈ ਤਿਸੈ। (ਵਾਰ 9 ਪਉ: 11) ਜਿਸ ਦਾ ਮਨ ਗੁਰਮਤ ਨਾਲ ਜੁੜ ਜਾਂਦਾ ਹੈ, ਗੁਰੂ ਦੀ ਮਤ ਹਿਰਦੇ ਵਿੱਚ ਵਸ ਜਾਂਦੀ ਹੈ ਉਹ ਪੂਰਨ ਤੌਰ ਤੇ ਪਰਮਾਤਮਾ ਦਾ ਹੋ ਜਾਂਦਾ ਹੈ।

ਹੁਣ ਤਾਂ ਕੋਈ ਭੁਲੇਖਾ ਨਹੀ ਰਹਿ ਜਾਣਾ ਚਾਹੀਦਾ ਕਿ ਗੁਰਬਾਣੀ ਹੀ ਸਿਰਮੌਰ ਗੁਰਮੰਤ੍ਰ ਜਾਂ ਮੂਲ ਮੰਤ੍ਰ ਹੈ। ਅਗਰ ਵਾਹਿਗੁਰੂ ਸਬਦ ਦੇ ਜਪਣ ਜਪਾਣ ਦੀ ਕੋਈ ਮਹੱਤਾ ਹੁੰਦੀ ਤਾਂ ਗੁਰਬਾਣੀ ਦੇ ਪੜਨ, ਸੁਣਨ, ਵਿਚਾਰਨ ਤੇ ਉਸ ਉਤੇ ਚਲਣ ਦਾ ਕੋਈ ਲਾਭ ਨਹੀ ਰਹਿ ਜਾਂਦਾ ਇਸ ਲਈ ਸਪਸ਼ਟ ਹੈ ਕਿ ਟੀਕਾ ਕਾਰਾਂ ਦੀ ਇਸ ਭੁਲ ਨੇ ਇੱਕ ਕਰਮ ਕਾਂਡ ਨੂੰ ਜਨਮ ਦੇ ਕੇ ਵ੍ਹਡੀ ਉਲਝਣ ਪੈਦਾ ਕਰ ਦਿੱਤੀ ਜਿਸ ਵਿਚੋਂ ਨਿਕਲਨਾ ਬਹੁਤ ਕਠਨ ਜਾਪਦਾ ਹੈ। (ਕਬਿਤ 439) ਪੂਛਤ ਪਥਕ ਤਿਹ ਮਾਰਗ ਨ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਕੈ ਜਾਈਐ। ਪੂਛਤ ਹੈ ਬੈਦ ਖਾਤ ਔਖਧਿ ਨ ਸੰਜਮ ਸੇ, ਕੈਸੇ ਮਿਟੈ ਰੋਗ ਸੁਖਿ ਸਹਜ ਸਮਾਈਐ ਪੂਛਤਿ ਸੁਹਾਗਣਿ, ਹੈ ਕਰਮ ਦੁਹਾਗਣਿ ਕੈ, ਰਿਦੈ ਬਿਭਚਾਰ ਕਤ ਸਿਹਜਾ ਬੁਲਾਈਐ ਗਾਏ ਸੁਣੇ ਆਂਖੇ ਮੀਚੈ ਪਾਈਐ ਨ ਪਰਮਪਦ, ਗੁਰ ਉਪਦੇਸ਼ ਗਹਿ ਜੌਲੌ ਨ ਕਮਾਈਐ। ਜਿਤਨੀ ਦੇਰ ਗੁਰ ਉਪਦੇਸ਼ ਤੇ ਨਹੀ ਚਲਿਆ ਜਾਂਦਾ ਉਤਨੀ ਦੇਰ ਪ੍ਰੀਤਮ ਕੇ ਦੇਸ ਜਾਣਾ ਸੰਭਵ ਨਹੀ ਭਾਵੇਂ ਕੋਈ ਵੀ ਜਪਣ ਜਪਾਣ ਦਾ ਕਰਮ ਕਾਂਡ ਕੀਤਾ ਜਾਵੇ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.