.

੩. ਗੁਰਬਾਣੀ ਦੇ ਸ਼ਬਦਾਂ ਦੇ ਅਰਥ/ਵਿਚਾਰ (ਕਿਸ਼ਤ ਤੀਜੀ)
ਡਾ: ਗੁਰਮੁਖ ਸਿੰਘ

ਪਿਛਲੀ (ਕਿਸ਼ਤ ਦੂਜੀ) ਤੋਂ ਚਲਦੀ ਬਾਰਹ ਮਾਹਾ ਦੀ ਵਿਚਾਰ

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਪੰਨਾ ੧੩੪

(ਗੁਰੂ ਜੀ ਹਾੜ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਕਿ ਹਾੜ ਦੀ ਤਪਸ਼ ਉਹਨਾਂ ਨੂੰ ਦੁੱਖ ਦਿੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮਤਿ ਨਾਮ ਜਪ/ਸਿਮਰਨ ਦੁਆਰਾ ਪਤੀ ਪਰਮੇਸ਼ਰ ਨਹੀਂ ਵਸਦਾ। ਐਸੇ ਮਨੁੱਖ ਜਗਤ ਜੀਵਨ ਬਖਸ਼ਨ ਵਾਲੇ ਪ੍ਰਭੂ ਦਾ ਆਸਰਾ ਛਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।)

ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥
(ਅਕਾਲ ਪੁਰਖ ਪਤੀ ਪਰਮੇਸ਼ਰ ਤੋਂ ਬਿਨਾਂ ਕਿਸੇ ਦੂਜੇ ਨਾਲ ਪ੍ਰੇਮ ਪਾਇਆਂ ਖੁਆਰ ਹੋਈਦਾ ਹੈ ਤੇ ਗਲ ਵਿੱਚ ਜਮ ਦੀ ਫਾਹੀ ਪੈਂਦੀ ਹੈ। ਅਸਲ ਵਿੱਚ ਪਤੀ ਪਰਮੇਸ਼ਰ ਨੂੰ ਭੁੱਲ ਜਾਣਾ ਵੀ ਹੁਕਮ ਦਾ ਲੇਖ ਹੈ। ਜਿਸ ਮਨੁੱਖ ਦੇ ਮਸਤਕ ਤੇ ਕਰਮਾਂ ਦੇ ਜੋ ਲੇਖ ਲਿਖੇ ਹਨ ਉਹ ਵੈਸੇ ਹੀ ਕਰਮਾਂ ਦੇ ਬੀਜ ਬੀਜਦਾ ਹੈ ਤੇ ਉਸ ਨੂੰ ਵੈਸੇ ਹੀ ਫਲ ਪ੍ਰਾਪਤ ਹੁੰਦੇ ਹਨ।)

ਐਸੀ ਜੀਵਇਸਤਰੀ ਦੀ ਉਮਰ ਰੂਪੀ ਰਾਤ ਦੀ ਵਿਚਾਰ ਗੁਰੂ ਜੀ ਅੱਗੇ ਬਖਸ਼ਦੇ ਹਨ

ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥
(ਐਸੀ ਜੀਵਇਸਤ੍ਰੀ ਉਮਰ ਰੂਪੀ ਰਾਤ ਖ਼ਤਮ ਹੋਨ ਉਪਰੰਤ ਸੰਸਾਰ ਤੋਂ ਨਿਰਾਸ ਹੋ ਕੇ ਜਾਂਦੀ ਹੈ। ਜਿਨ੍ਹਾਂ ਨੂੰ ਸਾਧ ਗੁਰੂ ਦੀ ਸੰਗਤਿ ਨਸੀਬ ਹੋਈ ਹੈ ਉਹ ਸਿਮਰਨ/ਭਗਤੀ ਕਰਦੇ ਹਨ ਉਹ ਪਰਮਾਤਮਾ ਦੀ ਹਜੂਰੀ ਵਿੱਚ ਮਾਇਆ ਦੇ ਬੰਧਨਾਂ ਤੋਂ ਛੁੱਟ ਕੇ ਜਾਂਦੇ ਹਨ।)

ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥ ੫॥
(ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਹੇ ਪ੍ਰਭੂ ਤੇਰੇ ਅੱਗੇ ਅਰਦਾਸ ਬੇਨਤੀ ਹੈ ਕਿ ਤੇਰੀ ਯਾਦ ਮੇਰੇ ਹਿਰਦੇ ਵਿੱਚ ਰਹੇ ਤੇ ਤੇਰੇ ਦਰਸ਼ਨ ਦੀ ਤਾਂਘ ਬਨੀਂ ਰਹੇ, ਤੈਥੋਂ ਬਿਨਾਂ ਦੂਜਾ ਕੋਈ ਨਹੀਂ। ਆਸਾੜ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ ਜੋ ਨਾਮ ਜਪ/ਸਿਮਰਨ ਦੁਆਰਾ ਪ੍ਰਭੂ ਚਰਨਾਂ ਵਿੱਚ ਜੁੜੇ ਰਹਿੰਦੇ ਹਨ।)

ਸਾਵਣਿ ਦੇ ਮਹੀਨੇ ਦੇ ਉਪਦੇਸ਼ ਵਿੱਚ ਗੁਰੂ ਜੀ ਆਸਾੜ ਮਹੀਨੇ ਦੀ ਵਿਚਾਰ ਨੂੰ ਅੱਗੇ ਤੋਰਦੇ ਹਨ।

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥
(ਸਾਵਣ ਦੇ ਮਹੀਨੇ ਰਾਹੀਂ ਗੁਰੂ ਜੀ ਉਪਦੇਸ਼ ਦਿੰਦੇ ਹਨ, ਉਹ ਜੀਵਇਸਤ੍ਰੀ ਨਾਮੁ ਰਸੁ ਦੇ ਸੁਖ ਨੂੰ ਮਾਣਦੀ ਹੈ ਜਿਸ ਨੇਂ ਉਸ ਪ੍ਰਭੂ ਦੇ ਚਰਨਾ ਨਾਲ ਪਿਆਰ ਪਾਇਆ ਹੈ, ਉਸਦਾ ਮਨ ਤਨ ਸੱਚੇ ਪ੍ਰੀਤਮ ਦੇ ਪਿਆਰ ਵਿੱਚ ਰੱਤਾ ਹੈ ਤੇ ਉਸ ਦੇ ਜੀਵਨ ਦਾ ਆਧਾਰ ਆਸਰਾ ਗੁਰਮਤਿ ਨਾਮੁ ਵਾਹਿਗੁਰੂ ਦਾ ਜਪ ਸਿਮਰਨ ਹੈ)

ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ॥
(ਸੰਸਾਰ ਦੀ ਹਰ ਇੱਕ ਵਸਤੂ ਨਾਲ ਪਿਆਰ ਕੂੜਾ ਹੈ, ਬਿਖ ਰੂਪ ਹੈ। ਗੁਰਬਾਣੀ ਉਪਦੇਸ਼ ਹੈ ਕਿ ਹਉਮੈਂ ਵਾਲੇ ਜੀਵਨ ਵਿੱਚ ਅਵਗੁਣਾਂ/ਵਿਕਾਰਾਂ ਦੇ ਕੂੜੇ ਬਿਖ ਰਸੁ ਹਨ। ਸੰਸਾਰ ਦੇ ਸਭ ਮੋਹ ਪਿਆਰ ਸੁਆਹ ਵਰਗੇ ਨਿਰਸੁ ਹਨ। ਸਿਮਰਨ ਤੋਂ ਪ੍ਰਾਪਤ ਨਾਮੁ ਰਸੁ, ਬਿਖ ਰਸਾਂ ਨੂੰ ਕੱਟਦਾ ਹੈ। ਨਾਮ ਅਭਿਆਸੀ ਗੁਰਮੁਖਿ ਸਾਧ ਗੁਰੂ ਦੀ ਸੰਗਤਿ ਵਿੱਚ ਨਾਮੁ ਰਸੁ ਪੀਂਦਾ ਹੈ, ਨਾਮੁ ਰਸੁ ਦੀ ਬੂੰਦ ਖੇੜਾ ਬਖਸ਼ਦੀ ਹੈ, ਸੁਹਾਵਣੀ ਤੇ ਸੁਖਦਾਇਕ ਹੈ।)

ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ॥
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ॥
(ਸੰਸਾਰ ਦੀ ਬਨਸਪਤੀ ਪ੍ਰਭੂ ਕਿਰਪਾ ਨਾਲ ਮਉਲੀ (ਖਿੜੀ ਹੈ) ਉਹ ਅਕਾਲ ਪੁਰਖ ਸਭ ਕੁੱਝ ਕਰਨ ਸੰਮ੍ਰਥ ਹੈ। ਉਸ ਪ੍ਰਭੂ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ। ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਜੀਵਇਸਤ੍ਰੀ ਨੂੰ ਆਪਣੇ ਨਾਲ ਮਿਲਾਂਦਾ ਹੈ)

ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ॥
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ॥
(ਜਿਨ੍ਹਾਂ ਗੁਰਮੁਿਖ ਸਖੀਆਂ ਨੇਂ ਪ੍ਰਭੂ ਨੂੰ ਪਾ ਲਿਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਗੁਰੂ ਨਾਨਕ ਸਾਹਿਬ ਹਰਿ ਜੀ ਅਗੇ ਬੇਨਤੀ ਕਰਦੇ ਹਨ ਤੁਸੀਂ ਕਿਰਪਾ ਕਰੋ। ਗੁਰਸਬਦੁ ਵਾਹਿਗੁਰੂ ਦਾ ਜਪ/ਸਿਮਰਨ ਕਰਨ ਨਾਲ ਜ਼ਿੰਦਗੀ ਦਾ ਮਨੋਰਥ ਪੂਰਾ ਹੋ ਸਕਦਾ ਹੈ, ਪ੍ਰਭੂ ਮਿਲਾਪ ਹੋ ਸਕਦਾ ਹੈ।)

ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ॥ ੬॥
(ਸਾਵਣੁ ਦੇ ਮਹੀਨੇਂ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ, ਸਾਵਣੁ ਦਾ ਮਹੀਨਾਂ ਉਹਨਾਂ ਭਾਗਾਂ ਵਾਲੀਆਂ ਜੀਵ ਇਸਤ੍ਰੀਆਂ ਨੂੰ ਖੇੜਾ ਤੇ ਆਨੰਦ ਦਿੰਦਾ ਹੈ ਜਿਨ੍ਹਾਂ ਨੇ ਨਾਮੁ ਜਪ/ਸਿਮਰਨ ਕੀਤਾ ਹੈ ਤੇ ਸਿਮਰਨ ਸਦਕਾ ਹਿਰਦੇ ਵਿੱਚ ਨਾਮੁ ਜਪ ਤੋਂ ਉਪਜੀਆਂ ਧੁਨਾਂ ਦਾ ਹਾਰ ਪਾਇਆ ਹੈ)

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ॥
(ਭਾਦਰੋਂ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਮਨੁੱਖ ਹਉਮੈਂ ਦੇ ਭਰਮ ਕਰਕੇ ਪਰਮੇਸ਼ਰ ਤੋਂ ਭੁੱਲਿਆ ਹੈ ਤੇ ਉਸ ਦਾ ਪ੍ਰੇਮ ਸੰਸਾਰ ਦੇ ਸਾਕ ਸੰਬੰਧਾਂ ਨਾਲ ਪੈ ਗਿਆ ਹੈ। ਉਹ ਪ੍ਰਭੂ ਨੂੰ ਪਾਓਨ ਲਈ ਬੇਦ ਮਤ ਆਦਿ ਦੇ ਕਰਮ/ਧਰਮ/ਧਿਆਨ ਦੇ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ, ਉਸ ਦੇ ਕਿਸੇ ਕੰਮ ਨਹੀਂ ਆਓਂਦੇ।)

ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ॥
(ਜਦੋਂ ਮਨੁੱਖ ਮਰ ਜਾਏਗਾ ਤੇ ਦੇਹ ਨਾਸ ਹੋ ਜਾਵੇਗੀ ਉਸ ਦਿਨ ਸਾਰੇ ਸਾਕ-ਅੰਗ ਕਹਿਨਗੇ ਇਹ ਗੁਜ਼ਰ ਗਿਆ ਹੈ ਇਸ ਦੇਹ ਨੂੰ ਬਾਹਰ ਕੱਢੋ। ਜਮਦੂਤ ਜਿੰਦ ਨੂੰ ਫੜ ਕੇ ਲੈ ਜਾਣਗੇ ਤੇ ਕਿਸੇ ਨੂੰ ਭੇਤ ਵੀ ਨਹੀਂ ਦੇਣਗੇ ਕਿ ਕਿੱਥੇ ਲੈ ਚੱਲੇ ਹਨ।)

ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥
(ਜਿਨ੍ਹਾਂ ਸੰਬੰਧੀਆਂ ਨਾਲ ਸਾਰੀ ਉਮਰ ਪਿਆਰ ਲਾਇਆ ਸੀ ਉਹ ਪਲ ਵਿੱਚ ਸਾਥ ਛੱਡ ਦਿੰਦੇ ਹਨ। ਮੌਤ ਆਓਨ ਵੇਲੇ ਜੀਵ ਔਖਾ ਹੁੰਦਾ ਹੈ ਤਨ ਰੰਗ ਬਦਲਦਾ ਹੈ ਕਦੇ ਚਿੱਟਾ ਕਦੇ ਕਾਲਾ ਹੁੰਦਾ ਹੈ।)

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ॥ ੭॥
(ਇਹ ਸਰੀਰ ਕਰਮਾਂ ਦਾ ਖੇਤ ਹੈ ਮਨੁੱਖ ਜੈਸੇ ਕਰਮਾਂ ਦਾ ਬੀਜ ਬੀਜਦਾ ਹੈ ਤੈਸੇ ਹੀ ਫਲ ਉਸ ਨੂੰ ਪ੍ਰਾਪਤ ਹੁੰਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜੇਹੜੇ ਮਨੁੱਖ ਪ੍ਰਭੂ ਦੀ ਸ਼ਰਣ ਵਿੱਚ ਆਂਉਦੇ ਹਨ, ਤੇ ਗੁਰਮਤਿ ਨਾਮ ਜਪ/ਸਿਮਰਨ ਦਾ ਨਿਰਮਲ ਕਰਮ ਕਰਦੇ ਹਨ ਉਹਨਾਂ ਲਈ ਗੁਰਸਬਦ ਤੋਂ ਉਤਪੰਨ ਹੋਈ ਧੁਨ ਉਹਨਾਂ ਲਈ ਹਰਿ ਕੇ ਚਰਣ ਬਨ ਜਾਂਦੇ ਹਨ, ਗੁਰਸਬਦੁ ਉਹਨਾਂ ਦੇ ਸੰਸਾਰ ਸਾਗਰ ਤੋਂ ਪਾਰ ਹੋਨ ਲਈ ਜਹਾਜ਼ ਬਨ ਜਾਂਦਾ ਹੈ। ਐਸੇ ਗੁਰਮੁਖਿ ਨਰਕ ਵਿੱਚ ਨਹੀਂ ਪਾਏ ਜਾਂਦੇ ਉਹ ਗੁਰੁ ਕਿਰਪਾ ਤੇ ਗੁਰੂ ਦੇ ਪਿਆਰ ਸਦਕਾ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਹਨ)

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ॥
(ਅਸੂ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਮੇਰੇ ਅੰਦਰ ਪ੍ਰਭੂ ਪਤੀ ਦੇ ਪ੍ਰੇਮ ਦਾ ਉਛਾਲਾ ਆ ਗਿਆ, ਮਨ ਕਹਿੰਦਾ ਹੈ ਹਰਿ ਨੂੰ ਕਿਵੇਂ ਮਿਲਾਂ ਮੇਰੇ ਮਨ ਤਨ ਵਿੱਚ ਹਰਿ ਦਰਸ਼ਨ ਦੀ ਬੜੀ ਤਾਂਘ ਹੈ, ਮਨ ਕਹਿੰਦਾ ਹੈ ਕੋਈ ਐਸਾ ਸਜਣ ਪੁਰਖ ਮਿਲੇ ਜੋ ਪ੍ਰਭੂ ਨਾਲ ਮਿਲਾ ਦੇਵੇ)

ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ॥
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ॥
(ਸੰਤ ਗੁਰੂ ਪ੍ਰਭੂ ਪ੍ਰੇਮ ਦੇ ਸਹਾਈ ਹਨ, ਮੈਂ ਗੁਰੂ ਦੇ ਚਰਣੀ ਜਾ ਪਵਾਂ। ਪ੍ਰਭੂ ਤੋਂ ਬਿਨਾਂ ਸੁਖ ਪ੍ਰਾਪਤ ਨਹੀਂ ਹੋ ਸਕਦਾ, ਸਦਾ ਕਾਇਮ ਰਹਿਨ ਵਾਲਾ ਸੁਖ ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦਾ)

ਜਿੰਨੀੑ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ॥
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ॥
(ਜਿਨ੍ਹਾਂ ਗੁਰਮੁਖਾਂ ਨੇਂ ਨਾਮ ਸਿਮਰਿਆ ਹੈ ਤੇ ਪ੍ਰੇਮ ਰਸੁ ਪੀਤਾ ਹੈ ਉਹ ਤ੍ਰਿਪਤ ਹੋ ਗਏ ਹਨ ਤੇ ਰੱਜ ਗਏ ਹਨ। ਉਹ ਆਪਣਾਂ ਆਪਾ ਤਿਆਗ ਕੇ ਪ੍ਰਭੂ ਚਰਣਾਂ ਵਿੱਚ ਬੇਨਤੀ ਕਰਦੇ ਹਨ ਹੇ ਅਕਾਲ ਪੁਰਖ ਪਤੀ ਪਰਮੇਸ਼ਰ ਜੀ ਮੈਨੂੰ ਆਪਣੇ ਲੜਿ ਲਾ ਲਵੋ।)

ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ॥
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ॥ ੮॥
(ਜਿਨ੍ਹਾਂ ਜੀਵ ਇਸਤ੍ਰੀਆਂ ਨੂੰ ਪ੍ਰਭੂ ਪ੍ਰੀਤਮ ਨੇਂ ਅਪਣੇ ਆਪੇ ਨਾਲ ਮਿਲਾ ਲਿਆ ਹੈ ਉਹ ਮੁੜ ਕਦੇ ਵਿਛੁੜਦੀਆਂ ਨਹੀਂ। ਪ੍ਰਭੂ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮੈਂ ਉਸ ਪ੍ਰਭੂ ਦੀ ਸ਼ਰਣ ਵਿੱਚ ਆ ਗਿਆ ਹਾਂ। ਗੁਰੂ ਜੀ ਅੱਸੂ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਉਹ ਜੀਵ ਇਸਤ੍ਰੀਆਂ ਸੁਖੀ ਵਸਦੀਆਂ ਹਨ ਜਿਨ੍ਹਾਂ ਉੱਤੇ ਹਰਿ ਪ੍ਰਭੂ ਦੀ ਕਿਰਪਾ ਹੈ।)

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥
(ਕਤਿਕਿ ਦੇ ਮਹੀਨੇਂ ਦੁਆਰਾ ਗਰੂ ਜੀ ਉਪਦੇਸ਼ ਦਿੰਦੇ ਹਨ ਮਨੁੱਖ ਪ੍ਰਭੂ ਪਤੀ ਨਾਲੋਂ ਵਿਛੁੜਿਆ ਹੈ। ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ ਕਿਸੇ ਹੋਰ ਨੂੰ ਦੋਸ਼ ਨਹੀਂ ਲਾਇਆ ਜਾ ਸਕਦਾ। ਪਰਮੇਸਰ ਦੀ ਯਾਦ/ਜਪ/ਸਿਮਰਨ ਤੋਂ ਬਿਨਾਂ ਸੰਸਾਰ ਦੇ ਸਭ ਦੁਖ ਰੋਗ ਕਲੇਸ਼ ਵਿਆਪਦੇ ਹਨ।)

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥
(ਜਿਹੜੇ ਇਸ ਜਨਮ ਵਿੱਚ ਪਰਮੇਸਰ ਨੂੰ ਨਹੀਂ ਆਰਾਧਦੇ ਉਹ ਜਨਮਾਂ ਦੇ ਗੇੜ ਵਿੱਚ ਪੈ ਜਾਂਦੇ ਹਨ। ਜਿਨ੍ਹਾਂ ਮਾਇਆ ਦੇ ਭੋਗਾਂ ਰਸਾਂ ਨੂੰ ਮਾਣਨ ਕਰ ਕੇ ਪਰਮੇਸਰ ਭੱਲਿਆ ਸੀ ਉਹ ਇੱਕ ਖਿਨ ਵਿੱਚ ਦੁਖਦਾਈ ਹੋ ਜਾਂਦੇ ਹਨ।)

ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ॥
(ਪਰਮੇਸਰ ਨੂੰ ਯਾਦ ਨਾਂ ਕਰਨ ਕਰਕੇ ਜੋ ਦੁੱਖ ਹਨ ਉਹ ਕਿਸੇ ਨੂੰ ਸੁਣਾਉਨ ਦਾ ਕੋਈ ਲਾਭ ਨਹੀਂ, ਇਸ ਦੁੱਖ ਨੂੰ ਦੂਰ ਕਰਨ ਲਈ ਕੋਈ ਸਹਾਈ ਨਹੀਂ ਹੋ ਸਕਦਾ। ਦੁਖੀ ਮਨੁੱਖ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ, ਪਿਛਲੇ ਕਰਮਾਂ ਦੇ ਕਾਰਣ ਇਹ ਧੁਰੋਂ ਲਿਖੇ ਲੇਖਾਂ ਦੀ ਬਿਧ ਬਣ ਜਾਂਦੀ ਹੈ।)

ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ॥
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ॥ ੯॥
(ਜੇ ਵਡੇ ਭਾਗਾਂ ਕਰਕੇ ਪ੍ਰਭੂ ਆਪਿ, ਆਪਣੇ ਆਪ ਨਾਲ ਮੇਲ ਲਏ ਤਾਂ ਵਿਛੋੜੇ ਤੋਂ ਪੈਦਾ ਹੋਏ ਸਭ ਦੁਖ ਦੂਰ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ ਹੇ ਪਰਮੇਸਰ ਜੀ ਤੁਸੀਂ ਮਾਇਆ ਦੇ ਬੰਧਨਾਂ ਤੋਂ ਛੁਡਾਵਨ ਵਾਲੇ ਹੋ ਮੈਨੂੰ ਬਚਾ ਲਵੋ। ਅੱਗੇ ਗੁਰੂ ਜੀ ਸੰਸਾਰ ਸਾਗਰ ਤੋਂ ਪਾਰ ਹੋਨ ਦੀ ਜਾਚ ਦਸਦੇ ਹਨ। ਸਾਧ ਗੂਰੂ ਦੀ ਸੰਗਤਿ ਨਸੀਬ ਹੋ ਜਾਵੇ ਤਾ ਸਭ ਚਿੰਤਾਵਾਂ ਮੁੱਕ ਜਾਂਦੀਆਂ ਹਨ। ਗੁਰੂ ਗੁਰਮਤਿ ਨਾਮ ਸਿਮਰਨ ਦਾ ਉਪਦੇਸ਼ ਦਿੰਦਾ ਹੈ, ਹਰਿ ਜਪ/ਸਿਮਰਨ ਸਭ ਪਾਪਾਂ, ਦੁੱਖਾਂ, ਕਲੇਸ਼ਾ ਦਾ ਨਾਸ ਕਰਦਾ ਹੈ, ਗੁਣ ਬਖਸ਼ਦਾ ਹੈ ਤੇ ਪ੍ਰਭੂ ਨਾਲ ਮਿਲਾ ਦਿੰਦਾ ਹੈ।)

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
(ਗੁਰੂ ਜੀ ਮੱਘਰ ਦੇ ਮਹੀਨੇਂ ਦੇ ਉਪਦੇਸ਼ ਵਿੱਚ ਕੱਤਕ ਦੀ ਵਿਚਾਰ ਨੂੰ ਅੱਗੇ ਤੋਰਦੇ ਹਨ।
ਉਹ ਜੀਵਇਸਤ੍ਰੀਆਂ ਸੋਹਣੀਆਂ ਲਗਦੀਆਂ ਹਨ ਜੋ ਹਰਿ ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ। ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਮਾਲਕ ਪਤੀ ਪਰਮਾਤਮਾਂ ਨੇਂ ਆਪਣੇ ਨਾਲ ਮਿਲਾ ਲਿਆ। ਜਦੋਂ ਗੁਰਮੁਖਿ ਹਿਰਦੇ ਵਿੱਚ ਧਿਆਨ ਰੱਖ ਕੇ ਸਿਮਰਨ ਕਰਦੇ ਹਨ ਉਹਨਾਂ ਦੇ ਹਿਰਦੇ ਵਿੱਚ ਨਾਮੁ ਜਪਨ ਤੋਂ ਸਬਦੁ ਧੁਨ ਉਪਜਦੀ ਹੈ। ਧੁਨ ਵਿੱਚ ਧਿਆਨ ਰੱਖਿਆਂ ਅਭਿਆਸੀ ਦੀ ਸੁਰਤਿ ਪਤੀ ਪਰਮਾਤਮਾਂ ਦੇ ਨਾਲ ਬੈਠੀ ਹੋਈ ਹੁੰਦੀ ਹੈ। ਦੂਜੇ ਅੱਖਰਾਂ ਵਿੱਚ ਇਸ ਨੂੰ ਗੁਰਬਾਣੀ ਸਬਦੁ ਸੁਰਤਿ ਦਾ ਮੇਲ ਕਹਿੰਦੀ ਹੈ)

ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥
(ਸਿਮਰਨ ਕਰਦਿਆਂ ਗੁਰਮੁਖਿ ਦਾ ਤਨ ਤੇ ਮਨ ਸਬਦੁ ਸੁਰਤਿ ਦੇ ਮੇਲ ਦੁਆਰਾ ਪਤੀ ਪਰਮੇਸ਼ਰ ਦੇ ਨਾਲ ਮਿਲਿਆ ਹੁੰਦਾ ਹੈ ਤੇ ਖਿੜਿਆ ਹੁੰਦਾ ਹੈ ਓਥੇ ਗੁਰੂ ਸਾਧ ਦੀ ਸੰਗਤਿ ਹੁੰਦੀ ਹੈ। ਸਾਧ ਗੁਰੂ ਦੀ ਸੰਗਤਿ ਤੋਂ ਬਿਨਾਂ ਜੀਵ ਇਸਤ੍ਰੀਆਂ ਇਕੱਲੀਆਂ ਰਹਿੰਦੀਆਂ ਹਨ। ਐਸੀਆਂ ਜੀਵਇਤ੍ਰੀਆਂ ਦੀ ਹਾਲਤ ਗੁਰੂ ਜੀ ਅਗਲੀ ਤੁਕ ਵਿੱਚ ਦਸਦੇ ਹਨ।

ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥
(ਉਹਨਾਂ ਜੀਵਇਸਤ੍ਰੀਆਂ ਦੇ ਦੁੱਖ ਕਦੇ ਨਹੀਂ ਦੂਰ ਹੁੰਦੇ ਉਹ ਜਮਾਂ ਦੇ ਵੱਸਿ ਪੈਂਦੀਆਂ ਹਨ)

ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥
(ਜਿਨ੍ਹਾਂ ਜੀਵਇਸਤ੍ਰੀਆਂ ਨੇਂ ਗੁਰਮਤਿ ਨਾਮ ਜਪ/ਸਿਮਰਨ ਕੀਤਾ ਹੈ ਉਹ ਨਿਤ ਸੁਚੇਤ ਰਹਿੰਦੀਆਂ ਹਨ। ਉਹਨਾਂ ਦਾ ਹਿਰਦੇ ਰੂਪ ਕੰਠ ਰਤਨ ਜਵੇਹਰ ਲਾਲ ਨਾਮੁ ਨਾਲ ਜੜਿਆ ਹੈ।)

ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥ ੧੦॥
(ਨਾਨਕ ਉਹਨਾਂ ਸਿਮਰਨ ਵਾਲੀਆਂ ਦੀ ਧੂੜ ਮੰਗਦਾ ਹੈ ਜੋ ਹਰਿ ਦਰੁ ਤੇ ਪ੍ਰਭੂ ਦੀ ਸਰਣ ਵਿੱਚ ਰਹਿੰਦੀਆਂ ਹਨ। ਮੱਘਰ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜੋ ਗੁਰਮੁਖਿ ਗੁਰਮਤਿ ਨਾਮ ਜਪ/ਸਿਮਰਨ ਆਰਾਧਣਾਂ ਕਰਦੇ ਹਨ ਉਹ ਜਨਮ ਮਰਨ ਦੇ ਗੇੜ ਵਿੱਚ ਮੁੜ ਨਹੀਂ ਆਉਂਦੇ।

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥
(ਪੋਹ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜਿਨ੍ਹਾਂ ਜੀਵਇਸਤ੍ਰੀਆਂ ਦੇ ਹਿਰਦੇ ਵਿੱਚ ਸਿਮਰਨ ਦੁਆਰਾ ਪਤੀ ਪਰਮੇਸਰ ਨਾਲ ਮੇਲ ਹੋਇਆ ਹੈ ਉਹਨਾਂ ਨੂੰ ਪੋਹ ਦੇ ਮਹੀਨੇ ਦੀ ਠੰਢ ਦੁਖ ਨਹੀਂ ਦਿੰਦੀ। ਉਹਨਾਂ ਦਾ ਮਨ ਪ੍ਰਭੂ ਦੇ ਚਰਣਕਮਲਾਂ ਨਾਲ ਜਾਨੀਂ ਹਿਰਦੇ ਵਿੱਚ ਨਾਮ ਜਪ/ਸਿਮਰਨ ਤੋਂ ਉਪਜੀਆਂ ਧੁਨਾਂ ਵਿੱਚ ਜੁੜਿਆ ਹੁੰਦਾ ਹੈ ਤੇ ਉਹਨਾਂ ਨੂੰ ਪਰਮਾਤਮ ਦਰਸਨ ਦੀ ਤਾਂਘ ਹੁੰਦੀ ਹੈ)

ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ॥
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥
(ਉਹਨਾਂ ਦਾ ਓਟ ਆਸਰਾ ਪਰਮਾਤਮਾਂ ਹੈ ਉਹ ਸੁਆਮੀ ਪਤੀ ਪਰਮੇਸ਼ਰ ਦੀ ਸੇਵਾ/ਸਿਮਰਨ ਦਾ ਲਾਹਾ ਲੈਂਦੀਆਂ ਹਨ। ਉਹਨਾਂ ਨੂੰ ਬਿਖ ਰੂਪ ਮਾਇਆ ਪੋਹ ਨਹੀਂ ਸਕਦੀ ਦੁੱਖ ਨਹੀਂ ਦਿੰਦੀ। ਉਹ ਸਾਧੁ ਗੁਰੂ ਦੇ ਸੰਗਿ ਵਿੱਚ ਪਤੀ ਪਰਮੇਸ਼ਰ ਦੇ ਗੁਣ ਗਾ ਰਹੀਆਂ ਹਨ। ਨਾਮੁ ਜਪ/ਸਿਮਰਨ ਪਰਮੇਸ਼ਰ ਦੇ ਗੁਣ ਗਾਵਨਾ ਹੈ)

ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ॥
(ਜੀਵਇਸਤ੍ਰੀ ਜਿਸ ਨਾਮ ਜੋਤਿ ਰੂਪ ਪਤੀ ਪਰਮੇਸਰ ਤੋਂ ਜਨਮੀ ਸੀ ਉਸ ਦੀ ਪ੍ਰੀਤ ਵਿੱਚ ਸਮਾ ਜਾਂਦੀ ਹੈ। ਪਾਰਬ੍ਰਹਮ ਪਤੀ ਪਰਮੇਸ਼ਰ ਹਥੋਂ ਫੜ ਕੇ ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ, ਉਹ ਮੁੜ ਪਤੀ ਪਰਮੇਸ਼ਰ ਤੋਂ ਵਿਛੁੜਦੀ ਨਹੀਂ।)

ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ॥
ਪੋਖੁ ਸ+ਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ॥ ੧੧॥
(ਮੈਂ ਉਸ ਅਪਹੁੰਚ ਸਜਣੁ ਪੁਰਖ ਤੋਂ ਕੁਰਬਾਨ ਜਾਂਦਾ ਹਾਂ। ਉਹ ਹਰਿ ਦਰੁ ਤੇ ਪਿਆਂ ਦੀ ਲਾਜ ਰੱਖਦਾ ਹੈ। ਪਰਮਾਤਮਾਂ ਜਿਸ ਉੱਤੇ ਬਖਸ਼ੀਸ਼ ਦੀ ਨਦਰ ਕਰਦਾ ਹੈ ਉਹਨਾਂ ਦਾ ਜੀਵਨ ਸੁਹਾਵਣਾ ਬਨ ਜਾਂਦਾ ਹੈ ਤੇ ਉਹਨਾਂ ਨੂੰ ਸਭ ਸੁਖ ਮਿਲਦੇ ਹਨ।

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
(ਮਾਘ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਨਾਮ ਜਪ/ਸਿਮਰਨ ਕਰਦਿਆਂ ਉਹਨਾਂ ਦਾ ਮਨ ਸਬਦੁ ਗੁਰੂ ਤੋਂ ਉਪਜੀਆਂ ਧੁਨਾਂ ਵਿੱਚ ਹੁੰਦਾ ਹੈ ਸਾਧ ਗੁਰੂ ਜੀ ਦੀ ਚਰਨ ਧੂੜ ਵਿੱਚ ਹੁੰਦਾ ਹੈ। ਤੂੰ ਵਾਹਿਗੁਰੂ ਨਾਮ ਨੂੰ ਜਪ ਤੇ ਜਪਣ ਤੋਂ ਉਪਜੀ ਧੁਨ ਨੂੰ ਸੁਣ। ਤੂੰ ਨਾਮੁ ਨੂੰ ਸਿਮਰ/ਧਿਆ, ਨਾਮ ਨੂੰ ਸੁਣ ਤੇ ਸਭਨਾਂ ਨੂੰ ਨਾਮ ਦਾ ਦਾਨੁ ਦੇਹ।)

ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥
(ਇਸ ਤਰ੍ਹਾਂ ਪਿਛਲੇ ਜਨਮਾਂ ਦੀ ਵਿਕਾਰਾਂ ਦੀ ਮੈਲ ਧੁਲ ਜਾਏਗੀ ਤੇ ਮਨ ਵਿੱਚੋਂ ਹਉਂਮੈਂ ਦੀ ਮਲ ਵੀ ਉਤੱਰ ਜਾਏਗੀ। ਫਿਰ ਤੂੰ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਵੱਸ ਨਹੀਂ ਹੋਏਂਗਾ ਤੇ ਲੋਭ ਕੁੱਤਾ ਵੀ ਬਿਨਸ ਜਾਏਗਾ।)

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥
(ਨਾਮੁ ਜਪ ਸਿਮਰਨ ਦੇ ਮਾਰਗ ਤੇ ਚਲਦਿਆਂ ਜਗਤ ਸੋਭਾ ਕਰਦਾ ਹੈ। ਨਾਮੁ ਸਿਮਰਨ ਕਰਨ ਨਾਲ ਹਿੰਦੂ ਧਰਮ ਦੇ ਅਠਾਹਠ ਤੀਰਥਾਂ ਦੇ ਇਸ਼ਨਾਨ, ਸਾਰੇ ਪੁੰਨ ਕਰਮ, ਜੀਆਂ ਤੇ ਦਇਆ ਕਰਨੀ ਸਭ ਆ ਜਾਂਦੇ ਹਨ।)

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ॥
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥ ੧੨॥
(ਗੁਰੂ ਪਰਮਾਤਮਾਂ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਬਖਸ਼ਦਾ ਹੈ ਉਹ ਸਿਆਣੇ ਹਨ ਤੇ ਸਿਆਣੇ ਹੋ ਜਾਂਦੇ ਹਨ। ਸਿਮਰਨ ਸਦਕਾ ਜਿਨ੍ਹਾਂ ਨੂੰ ਪ੍ਰਭੂ ਮਿਲ ਜਾਂਦਾ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਮਾਘ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਉਹੀ ਸੁੱਚੇ ਨਿਰਮਲ ਵਿਕਾਰ ਰਹਿਤ ਤੇ ਗੁਣਾਂ ਵਾਲੇ ਹੁੰਦੇ ਹਨ ਜਿਨ੍ਹਾਂ ਤੇ ਗੁਰੂ ਮਿਹਰਵਾਨ ਹੁੰਦਾ ਹੈ।)

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥
(ਫੱਗਨ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਜਿਨ੍ਹਾਂ ਜੀਵਇਸਤ੍ਰੀਆਂ ਦਾ ਮੇਲ ਸੱਜਣ ਪੁਰਖ ਪ੍ਰਭੂ ਨਾਲ ਹੋਇਆ ਹੈ ਉਹ ਸਦਾ ਆਨੰਦ ਦੀ ਅਵਸਥਾ ਪ੍ਰਾਪਤ ਕਰ ਲੈਂਦੀਆਂ ਹਨ। ਸੰਤ ਗੁਰੂ ਪਰਮਾਤਮਾਂ ਨਾਲ ਪਿਆਰ ਦੇ ਸਹਾਈ ਹਨ ਉਹ ਕਿਰਪਾ ਕਰਕੇ ਪ੍ਰਭੂ ਪਤੀ ਨਾਲ ਮੇਲ ਕਰਾ ਦਿੰਦੇ ਹਨ)

ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ॥
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ॥
(ਉਹਨਾਂ ਦੀ ਹਿਰਦਾ ਰੂਪੀ ਸੇਜ ਸੁੰਦਰ ਬਨ ਜਾਂਦੀ ਹੈ ਤੇ ਉਹਨਾਂ ਨੂੰ ਸਭ ਸੁਖ ਪ੍ਰਾਪਤ ਹਨ ਉੱਥੇ ਦੁਖਾਂ ਲਈ ਕੋਈ ਥਾਂ ਨਹੀਂ। ਵਡਭਾਗੀ ਜੀਵਇਸਤ੍ਰੀ ਦੀ ਇੱਛਾ ਪੂਰੀ ਹੋ ਗਈ ਉਸ ਨੇ ਹਰਿ ਵਰ ਨੂੰ ਪਾ ਲਿਆ)

ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ॥
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ॥
(ੳਹ ਵਡਭਾਗੀ ਜੀਵਇਸਤ੍ਰੀਆਂ ਸਤ ਸੰਗੀ ਸਹੇਲੀਆ ਨਾਲ ਮਿਲ ਕੇ ਪ੍ਰਭੂ ਦੀ ਸਿਫ਼ਤ ਸਾਲਾਹ ਦੇ ਗੀਤ ਗਾਓਂਦੀਆਂ ਹਨ। ਉਹ ਹਿਰਦੇ ਵਿੱਚ ਨਾਮ ਜਪ ਸਿਮਰਨ ਕਰਦਿਆਂ ਨਾਮ ਦਾ ਕੀਰਤਨ ਕਰਦੀਆਂ ਹਨ। ਉਹਨਾਂ ਨੂੰ ਪ੍ਰਭੂ ਪਤੀ ਵਰਗਾ ਹੋਰ, ਕਿਤੇ ਨਹੀਂ ਦਿਸਦਾ।)

ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ॥
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ॥
(ਨਾਮੁ ਜਪ/ਸਿਮਰਨ ਕਰਨ ਵਾਲੀਆਂ ਜੀਵਇਸਤਰੀਆਂ ਦਾ ਲੋਕ ਪਰਲੋਕ ਸਵਾਰ ਦਿੱਤਾ ਤੇ ਉਹਨਾਂ ਨੂੰ ਅਬਿਨਾਸ਼ੀ ਪਦ ਦੀ ਪ੍ਰਾਪਤੀ ਹੋ ਗਈ। ਉਹ ਸੰਸਾਰ ਸਾਗਰ ਤੋਂ ਪਾਰ ਹੋ ਗਈਆਂ ਉਹਨਾਂ ਦਾ ਜਨਮ ਮਰਨ ਦਾ ਗੇੜ ਕੱਟਿਆ ਗਿਆ)

ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ॥
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥ ੧੩॥
(ਸਾਡੀ ਜਿਹਵਾ ਇੱਕ ਹੈ ਤੇ ਪਰਮੇਸ਼ਰ ਦੇ ਗੁਣ ਬੇਅੰਤ ਹਨ। ਜਿਹੜੇ ਉਸ ਦੇ ਚਰਨੀਂ ਪੈਂਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਫੱਗਨ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਅਸੀਂ ਉਸ ਨੂੰ ਨਿੱਤ ਹਰ ਵੇਲੇ ਸਲਾਹੀਏ/ਜਪੀਏ/ਸਿਮਰੀਏ ਜਿਸ ਨੂੰ ਆਪਣੀ ਵਡਿਆਈ ਦੀ ਤਿਲ ਜਿੰਨੀਂ ਵੀ ਲਾਲਸਾ ਨਹੀਂ।)

ਇਸ ਤੋਂ ਅੱਗੇ ਗੁਰੂ ਜੀ ਬਾਰਾ ਮਾਹਾ ਦਾ ਸਾਰ ਦਸਦੇ ਹਨ। ਬਾਰਾ ਮਾਹਾ ਦੇ ਸਭ ਮਹੀਨਿਆਂ ਦੇ ਉਪਦੇਸ਼ ਵਿੱਚ ਇਹ ਦ੍ਰਿੜ ਕਰਾਇਆ ਗਿਆ ਹੈ। ਇਹ ਹੀ ਗੁਰਬਾਣੀ ਦਾ ਸਾਰ ਉਪਦੇਸ਼ ਹੈ। ਗੁਰਬਾਣੀ ਉਪਦੇਸ਼ ਵਿੱਚ ਗੁਰਸਿੱਖ ਦੀ ਭਗਤੀ ਦੇ ਇਹ ਮੇਖ ਅੰਗ ਹਨ।
੧. ਗੁਰਬਾਣੀ ਦਾ ਪਾਠ
੨. ਗੁਰਬਾਣੀ ਦੀ ਮਨ ਬੁਧੀ ਦੀ ਵਿਚਾਰ
੩. ਨਾਮੁ ਜਪ/ਸਿਮਰਨ ਤੋਂ ਉਪਜੀ ਗੁਰੂ ਜੀ ਤੋਂ ਪ੍ਰਾਪਤ ਅਨੁਭਵੀ ਗੁਰਬਾਣੀ ਵਿਚਾਰ ਤੇ ਗਿਆਨ
੪. ਗੁਰਬਾਣੀ ਦਾ ਕੀਰਤਨ ਕਰਨਾ ਤੇ ਸੁਣਨਾ
੫. ਗੁਰਸਬਦੁ/ਗੁਰਮੰਤ੍ਰ ਨਾਮ ਵਾਹਿਗੁਰੂ ਦਾ ਜਪ/ਸਿਮਰਨ/ਆਰਾਧਨਾਂ/ਬੰਦਗੀ/ਭਗਤੀ
੬. ਸਤ ਸੰਗਤਿ

ਗੁਰੂ ਰਾਮ ਦਾਸ ਜੀ ਗੁਰਸਿੱਖ ਦੀ ਭਗਤੀ ਦੇ ਮੁਖ ਅੰਗ ਹੇਠ ਲਿਖੇ ਸ਼ਬਦ ਵਿੱਚ ਸਪਸ਼ਟ ਕਰਦੇ ਹਨ।
॥ ਮ: ੪॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਾਅਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪ ਜਪੈ ਅਵਰਹ ਨਾਮੁ ਜਪਾਵੈ॥ ਪੰਨਾ ੩੦੫/੧੬

ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ॥
ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ॥
(ਜਿਸ ਜਿਸ ਮਨੁੱਖ ਨੇ ਪਰਮਾਤਮਾਂ ਦਾ ਨਾਮ ਜਪਿਆ/ਸਿਮਰਿਆ ਹੈ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ। ਜਿਨ੍ਹਾਂ ਨੇਂ ਪ੍ਰਭੂ ਨੂੰ ਤੇ ਪੂਰੇ ਗੁਰੂ ਨੂੰ ਆਰਾਧਿਆ ਹੈ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੁੰਦੇ ਹਨ।)

ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ॥
ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ॥
(ਹਰਿ ਪ੍ਰਭੂ ਦੇ ਚਰਨ ਸੁਖਾਂ ਦਾ ਖ਼ਜ਼ਾਨਾ ਹਨ ਜੋ ਜੋ ਉਸ ਦੇ ਨਾਮ ਨੂੰ ਜਪਦੇ ਹਨ ਉਹ ਔਖੇ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਨੇ ਪ੍ਰਭੂ ਦੀ ਪ੍ਰੇਮਾ ਭਗਤੀ/ਸਿਮਰਨ ਕੀਤੀ ਹੈ ਉਹਨਾਂ ਨੂੰ ਬਿਖ ਰੂਪ ਸੰਸਾਰ ਨਹੀਂ ਸਾੜਦਾ)

ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ॥
ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ॥
(ਉਹਨਾਂ ਨੂੰ ਇੱਕੋ ਇੱਕ ਸਦਾ ਸਤ ਹਸਤੀ ਅਕਾਲ ਪੁਰਖ ਦਾ ਗਿਆਨ ਹੋ ਜਾਂਦਾ ਹੈ, ਉਹਨਾਂ ਦੀ ਕੂੜੀ ਹਉਂ ਦੀ ਦੁਬਿਧਾ ਖ਼ਤਮ ਹੋ ਜਾਂਦੀ ਹੈ। ਉਹ ਪਾਰਬ੍ਰਹਮ ਪਰਮੇਸਰ ਨੂੰ ਸੇਵਦੇ/ਅਰਾਧਦੇ ਹਨ ਤੇ ਉਨ੍ਹਾਂ ਦੇ ਮਨ ਵਿੱਚ ਇੱਕੋ ਨਾਮ ਦਾ ਵਾਸਾ ਹੁੰਦਾ ਹੈ)

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥ ੧੪॥ ੧॥
(ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਤੇ ਜਿਨ੍ਹਾਂ ਨੂੰ ਨਾਮ ਦੀ ਦਾਤ ਦਿੰਦਾ ਹੈ ਉਹਨਾਂ ਲਈ ਸਾਰੇ ਮਹੀਨੇ, ਦਿਹਾੜੇ, ਮਹੂਰਤ ਸੁਲੱਖਨੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਹੇ ਪ੍ਰਭੂ ਜੀ ਮੈਂ ਤੇਰੇ ਦੀਦਾਰ ਦੀ ਦਾਤਿ ਮੰਗਦਾ ਹਾਂ) ਪੰਨਾ ੧੩੬
.