.

ਸਿਖੀ ਸਿਖਿਆ ਗੁਰ ਵੀਚਾਰਿ

(ਭਾਗ-ਛੇਵਾਂ)

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ॥

ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ, ਬਾਣੀਂ ਦੁਆਰਾ ਸਾਨੂੰ ਸਮਝਾਉਂਦੇ ਹਨ,

ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ॥

ਸੱਭ ਕੁੱਝ ਨਾਮ ਤੋਂ ਹੋਇਆ ਹੈ। ਖੰਡ ਬਹ੍ਰਿਮੰਡ, ਸਾਰਾ ਸੰਸਾਰ ਨਾਮ ਨੇਂ ਪੈਦਾ ਕੀਤਾ ਹੈ। ਪਰ ਸਤਿ ਗੁਰੂ ਤੋਂ ਬਿਨਾਂ ਪਤਾ ਨਹੀਂ ਲੱਗਦਾ ਕੇ ਨਾਮ ਕੀ ਹੈ। ਗੁਰੂ ਦੇ ਸ਼ਬਦ ਦਾ ਰਸ (ਸਵਾਦ) ਮਹਾਂ ਮਿੱਠਾ (ਸ਼ਬਦ ਜਿਨੀ ਮਿੱਠੀ ਹੋਰ ਕੋਈ ਚੀਜ ਨਹੀਂ) ਹੈ। (ਸ੍ਰੀ ਗੁਰੂ ਅਮਰ ਦਾਸ ਜੀ ਸਾਨੂੰ ਸਿੱਖਿਆ ਦੇ ਰਹੇ ਹਨ) ਬਿਨਾਂ ਉਸ ਨੂੰ ਖਾਧੇ ਉਸ ਦੇ ਸਵਾਦ ਦਾ ਪਤਾ ਨਹੀਂ ਲੱਗਦਾ।

(ਇਕ ਪਾਸੇ ਤਾਂ ਬਾਣੀਂ ਦੱਸਦੀ ਹੈ ਕੇ ਸੱਭ ਕੁੱਝ ਪ੍ਰਭੂ (ਅਕਾਲ ਪੁਰਖ) ਨੇਂ ਪੈਦਾ ਕੀਤਾ ਹੈ, ਇਥੇ ਬਾਣੀਂ ਦੱਸ ਰਹੀ ਹੈ, ਕੇ ਸੱਭ ਕੁੱਝ ਨਾਮ ਨੇਂ ਪੈਦਾ ਕੀਤਾ ਹੈ, ਕਿਹੜੀ ਗੱਲ ਨੂੰ ਠੀਕ ਸਮਝਣਾਂ ਚਾਹੀਦਾ ਹੈ? । ਦੂਜੀ ਗੱਲ ਸ੍ਰੀ ਗੁਰੂ ਅਮਰ ਦਾਸ ਜੀ ਸਾਨੂੰ ਸਮਝਾ ਰਹੇ ਹਨ ਬਿਨੁ ਚਾਖੇ ਸਾਦੁ ਨ ਜਾਪੈਬਿਨਾਂ ਖਾਦੇ ਤਾਂ ਕਿਸੇ ਵੀ ਚੀਜ ਦੇ ਸਵਾਦ ਦਾ ਪਤਾ ਨਹੀਂ ਲੱਗਦਾ, ਕੀ ਸ਼ਬਦ ਐਸੀ ਹੀ ਫਾਲਤੂ ਜਿਹੀ ਚੀਜ ਹੈ, ਜਿਸ ਨੂੰ ਖਾਣ ਦੀ ਅਸੀਂ ਜਰੂਰਤ ਹੀ ਨਹੀਂ ਸਮਝਦੇ, ਅਤੇ ਆਪਣੀਂ ਮੱਤ ਨਾਲ ਅਸੀਂ ਇਸ ਦੇ ਸਵਾਦ ਨੂੰ ਨਿਰਧਾਰਿਤ ਕਰੀ ਜਾਂ ਰਹੇ ਹਾਂ, ਕਿ ਇਹ ਐਸਾ ਹੈ ਇਹ ਐਸਾ ਹੈ।

ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ॥ ੧॥

ਭਾਗਾਂ ਨਾਲ ਹੀਰਾ ਜਨਮ ਮਿਲਿਆ ਸੀ, ਪਰ ਅਸੀਂ ਕੌਡੀਆਂ ਭਾਅ ਲੁਟਾ ਦਿੱਤਾ। ਹੀਰੇ ਦੀ ਪਰਖ ਨਾਂ ਕੀਤੀ (ਅਸੀਂ ਕੀ ਹਾਂ, ਆਪਣੇਂ ਆਪ ਦੀ ਪਹਿਚਾਨ ਨਾਂ ਕੀਤੀ)। ਜੇ ਕੋਈ ਗੁਰਮੁਖ ਹੋਵੇ, ਉਹ ਹੀ ਹਰੀ ਨੂੰ ਜਾਣ ਸੱਕਦਾ ਹੈ, ਉਸ ਹਾਉਮੈਂ ਨਹੀਂ ਹੁੰਦੀ, ਕੋਈ ਦੁੱਖ ਉਸ ਨੂੰ ਦੁਖੀ ਨਹੀਂ ਕਰਦਾ।

ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ॥ ਸਬਦੁ ਚੀਨਿੑ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ॥ ੧॥ ਰਹਾਉ॥

ਅਸੀਂ ਆਪਣੇਂ ਗੁਰੂ ਤੋਂ ਕੁਰਬਾਨ ਜਾਂਦੇ ਹਾਂ, ਜਿਸ ਨੇਂ ਸਾਡੀ ਲਿਵ (ਸੁਰਤੀ) ਪ੍ਰਭੂ ਨਾਲ ਜੋੜ ਦਿੱਤੀ। ਸਾਨੂੰ ਸ਼ਬਦ ਦੇ ਸਵਾਦ ਦਾ ਪਤਾ ਲੱਗ ਗਿਆ, ਸਾਡੀ ਆਤਮਾਂ ਹਨੇਰੇ ਵਿਚੋਂ ਨਿਕਲ ਕੇ ਸਹਿਜ ਦੇ ਪ੍ਰਕਾਸ਼ ਵਿੱਚ ਸਮਾ ਗਈ, ਭਾਵ ਪ੍ਰਕਾਸ਼ ਦਾ ਹੀ ਰੂਪ ਹੋ ਗਈ।

ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ॥ ੨॥

ਸ਼ਬਦ ਦੀ ਵਿਚਾਰ ਸਿਰਫ ਗੁਰਮੁਖ ਹੀ ਕਰ ਸੱਕਦਾ ਹੈ, ਸ਼ੱਬਦ ਨੂੰ ਸਿਰਫ ਗੁਰਮੁਖ ਹੀ ਸਮਝ (ਬੁੱਝ) ਸੱਕਦਾ ਹੈ। ਸ਼ੱਬਦ ਨੂੰ ਗਾਉਣ ਤੋਂ ਕੀ ਭਾਵ ਹੈ ਇਹ ਵੀ ਸਿਰਫ ਗੁਰਮੁਖ ਹੀ ਬੁੱਝ ਸੱਕਦਾ ਹੈ। ਜੀਵ ਅਤੇ ਸਰੀਰ ਸੱਭ ਗੁਰੂ ਨੇਂ ਪੈਦਾ ਕੀਤੇ ਹਨ। ਜੇਹੜਾ ਗੁਰੂ ਦੀ ਗੱਲ ਮੰਨ ਲੈਦਾ ਹੈ, ਉਹ ਗੁਰਮੁਖ ਹੈ, ਅਤੇ ਉਹ ਆਪਣੇਂ ਸਾਰੇ ਕੰਮ ਸਵਾਰ ਲੈਂਦਾ ਹੈ। ਜਿਹੜੇ ਮਨਮੁਖ ਹਨ, ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ, ਸਿਰਫ ਆਪਣੇਂ ਮਨ ਦੀ ਮੱਤ ਨੂੰ ਗੁਰੂ ਤੋਂ ਵੀ ਵੱਡਾ ਸਮਝਦੇ ਹਨ, ਉਹ ਅੰਨੇਂ ਹਨ, ਉਹ ਅੱਨ੍ਹਿਆਂ ਵਾਲੇ ਕੰਮ ਕਰਦੇ ਹਨ, ਇਸ ਸੰਸਾਰ ਤੇ ਆ ਕੇ ਉਹ ਅਮ੍ਰਿਤ ਦੀ ਥਾਂ ਜ਼ਹਿਰ ਇਕੱਠਾ ਕਰ ਲੈਦੇ ਹਨ। ਗੁਰੂ ਨਾਲ ਪਿਆਰ ਨਹੀਂ ਪਾਇਆ, ਮਾਇਆ ਨਾਲ ਪਿਆਰ ਕੀਤਾ, ਐਸੇ ਪ੍ਰਾਣੀ ਸਦਾ ਦੁੱਖ ਭੋਗਦੇ ਹਨ।

(ਹੁਣ ਇਸ ਊਪਰ ਵਾਲੀ ਕੜੀ ਵਿੱਚ ਗੁਰੂ ਅਮਰ ਦਾਸ ਜੀ ਦੱਸ ਰਹੇ ਹਨ, ਕੇ ਸਰੀਰ ਅਤੇ ਜੀਵ (ਸੱਭ ਕੁਝ) ਗੁਰੂ ਨੇਂ ਪੈਦਾ ਕੀਤੇ ਹਨ, ਇਸੇ ਤਰਾਂ ਹੋਰ ਵੀ ਬਾਣੀਂ ਪੱੜ੍ਹ ਕੇ ਕਈ ਤਰਾਂ ਭਰਮ ਪੈਦਾ ਹੋ ਸੱਕਦੇ ਹਨ, ਇਹਨਾਂ ਭਰਮਾਂ ਦਾ ਹੀ ਸਾਰਾ ਝਗੜਾ ਹੈ। ਪਰ ਗੁਰਮੁਖਾਂ ਨੂੰ ਕੋਈ ਭਰਮ ਨਹੀਂ ਹੁੰਦਾ, ਗੁਰਮੁਖ ਸੱਭ ਕੁੱਝ ਜਾਣਦੇ ਹਨ। ਇਸ ਸ਼ਬਦ ਵਿੱਚ ਵੀ ਆਇਆ ਹੈ, ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ)

(ਸ਼ਬਦ ਕੀ ਹੈ ਇਸ ਵਿਸ਼ੇ ਤੇ ਵੀ ਆਮ ਵਿਚਾਰਾਂ ਹੁੰਦੀਆ ਰਹਿੰਦੀਆਂ ਹਨ, ਇਸ ਸ਼ਬਦ ਵਿੱਚ ਗੂਰੂ ਜੀ ਵੀ ਸਾਨੂੰ ਸ਼ਬਦ ਸਬੰਧੀ ਸਮਝਾ ਰਹੇ ਹਨ।)

ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ॥ ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ॥

ਗੁਰੂ ਦੀ ਸੇਵਾ ਤੋਂ ਬਿਨਾਂ ਹੋਰ ਕੋਈ ਸੇਵਾ ਪ੍ਰਵਾਨ ਨਹੀਂ ਹੁੰਦੀ, ਹਰੀ ਦਾ ਸੇਵਕ ਵੀ ਉਹ ਹੀ ਹੈ, ਜੋ ਸਤਿਗੁਰੂ ਦੀ ਸੇਵਾ ਕਰਦਾ ਹੈ, ਅਤੇ ਗੁਰੂ ਦਾ ਹੁਕਮ ਮੰਨਦਾ ਹੈ। ਹਰੀ ਸੱਚੀ ਸਿਫਤ, ਸੱਚਾ ਸ਼ਬਦ ਹੈ, ਉਸ ਸੱਚੇ ਪ੍ਰਭੂ ਦੀ ਜੇ ਸੱਚੀ ਸਿਫਤ ਕਰਾਂ ਗੇ, ਤਾਂ ਉਹ ਸਚਾ ਹਰੀ ਸਾਡੇ ਮਨ ਵਿੱਚ ਜਰੂਰ ਵੱਸ ਜਾਵੇਗਾ

(ਹੁਣ ਇਥੇ ਬਾਣੀਂ ਦੱਸ ਰਹੀ ਹੈ, ਕੇ ਹਰੀ ਦੀ “ਸੱਚੀ ਸਿਫਤ”, “ਸੱਚਾ ਸ਼ਬਦ” ਹੈ। ਹੁਣ ਇਸ ਦਾ ਮਤਲਬ ਤਾਂ ਇਹੋ ਹੀ ਨਿਕਲਦਾ ਹੈ, ਕਿ ਬਾਕੀ ਸਿਫਤਾਂ, ਜੋ ਸਿਫਤਾਂ ਸਾਰੀ ਦੁਨੀਆਂ ਕਰਦੀ ਹੈ, ਜਾਂ ਆਪਾਂ ਵੀ ਕਰਦੇ ਹਾਂ ਉਹ ਝੂਠੀਆਂ ਹਨ, ਸੱਭ ਸੁਣੀਆਂ ਸੁਨਾਈਆਂ ਮੁੰਹ ਦੀਆਂ ਗੱਲਾਂ ਹਨ) “ਹਰਿ ਆਪਣੀ ਵਡਿਆਈ ਭਾਵਦੀ” ਦੀ ਤੁਕ ਅਨੂੰਸਾਰ ਹਰੀ ਨੂੰ ਆਪਣੀਂ ਜੋ ਵਡਿਆਈ ਜਾਂ ਸਿਫਤ ਪ੍ਰਵਾਨ ਹੈ, ਉਹ ਸੱਚੀ ਸਿਫਤ, ਸੱਚਾ ਸ਼ਬਦ ਹੈ। ਇਸ ਤਰਾਂ ਉਹ ਸੱਚਾ ਹਰੀ ਸਾਡੇ ਮਨ ਵਿੱਚ ਵੱਸੇ ਗਾ। ਹੋਰ ਕੋਈ ਤਰੀਕਾ ਨਹੀਂ ਹੈ। ਕਿਉਂ ਕੇ ਹਰੀ ਸਿਰਫ ਆਪਣੀਂ ਸੱਚੀ ਸਿਫਤ ਸੁਣ ਕੇ ਹੀ ਖੁਸ਼ ਹੋਵੇ ਗਾ, (ਉਹ ਕੋਈ ਨਿਆਣਾਂ ਤਾਂ ਹੈ ਨਹੀਂ) ਹੋਰ ਕਿਸੇ ਵੀ ਝੂਠੀ ਸਿਫਤ ਨਾਲ ਹਰੀ ਖੁਸ਼ ਨਹੀਂ ਹੋ ਸੱਕਦਾ, ਏਨੀਂ ਗੱਲ ਤਾਂ ਸਾਰੇ ਹੀ ਸਮਝ ਸਕਦੇ ਹਨ।

ਹੁਣ ਵਿਚਾਰਨਾਂ ਇਹ ਹੈ, ਕੇ ਉਹ ਕਿਹੜਾ ਸ਼ਬਦ ਹੈ। ਜਿਸ ਨੂੰ ਸੁਣ ਕੇ ਹਰੀ ਖੁਸ਼ ਹੋ ਜਾਂਦਾ ਹੈ। ਇਥੇ ਮੈਂ ਬੇਨਤੀ ਕਰਨੀ ਚਾਹਵਾਂ ਗਾ, ਕਿ ਇਹ ਸੱਚ ਹੈ, ਕਿ ਗੁਰੂ ਨਾਨਕ ਦਾ ਗੁਰੂ ਉਹੋ/ਇਹੋ ਹੀ ਸ਼ਬਦ ਹੈ/ਸੀ, ਜਿਸ ਸ਼ਬਦ ਦਾ ਜਿਕਰ ਸ੍ਰੀ ਗੁਰੂ ਅਮਰ ਦਾਸ ਜੀ, ਇਸ ਸ਼ਬਦ ਵਿੱਚ ਕਰ ਰਹੇ ਹਨ। ਗੁਰਬਾਣੀਂ ਦੱਸਦੀ ਹੈ ਕਿ ਸਿਰਫ ਗੁਰ ਹੀ ਸਾਨੂੰ ਹਰੀ ਨਾਲ ਮਿਲਾ ਸੱਕਦਾ ਹੈ। ਇਹ ਊਪਰ ਵਾਲੀ ਕੜੀ ਵੀ ਸਪੱਸ਼ਟ ਕਰ ਰਹੀ ਹੈ, ਸੱਚੇ ਸ਼ਬਦ ਨਾਲ ਹਰੀ ਮਨ ਵਿੱਚ ਵੱਸ ਜਾਂਦਾ ਹੈ, (ਭਾਵ ਹਰੀ ਮਿਲ ਜਾਂਦਾ ਹੈ, ਹਰੀ ਨਾਲ ਮੇਲਾ ਹੋ ਜਾਂਦਾ ਹੈ)।

ਸ਼ਬਦ ਬਾਰੇ ਸੱਭ ਦੇ ਵੱਖ ਵੱਖ ਕਿਆਫੇ ਹਨ, ਇਹ ਇੱਕ ਵਿਵਾਦ ਹੈ। ਕਿਆਫਿਆਂ ਨਾਲ ਨਾ ਗੁਰੂ ਮਿਲਦਾ ਹੈ ਨਾਂ ਰੱਬ। ਅਤੇ ਨਾਂ ਹੀ ਸ਼ਬਦ ਦਾ ਪੱਤਾ (ਭੇਦ) ਲੱਗਦਾ ਹੈ। ਬਿਨਾਂ ਚੱਖੇ (ਖਾਧੇ) ਸ਼ਬਦ ਦੇ ਸਵਾਦ/ਭੇਦ ਦਾ ਪਤਾ ਨਹੀਂ ਲੱਗਦਾ। ਗੁਰੂ ਦਾ ਸੱਚਾ ਰੂਪ ਸ਼ਬਦ ਹੈ।

(ਸੱਭ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹੋਇ, ਇਥੇ ਮੈਂ ਇਹ ਗੱਲ ਸਪੱਸ਼ਟ ਕਰ ਦੇਣਾਂ ਚਾਹੁੰਦਾ ਹਾਂ। ਕੇ ਲਿਖਦੇ ਜਾਂ ਅਰਥ ਕਰਦੇ ਸਮੇਂ, ਜੱਦ ਮੈ ਕਿਸੇ ਥਾਂ ਗੁਰੂ ਜਾਂ ਪੂਰੇ ਸੰਤ ਦਾ ਜਿਕਰ ਕਰਦਾ ਹਾਂ, ਤਾਂ ਮੈਂ ਵੀ ਸ਼ਬਦ ਗੁਰੂ ਦਾ ਜਿਕਰ ਕਰ ਰਿਹਾ ਹੁੰਦਾ ਹਾਂ। ਕੋਈ ਭਲੇਖਾ ਨਾਂ ਖਾ ਜਾਵੇ ਕੇ ਮੈਂ ਕਿਸੇ ਬਨਾਰਸੀ ਠੱਗ ਦੀ ਗੱਲ ਜਾਂ ਸਿਫਤ ਕਰ ਰਿਹਾ ਹਾਂ। ਹੁਣ ਬਾਣੀਂ ਦੀ ਵਿਚਾਰ ਕਰਕੇ ਅਸੀਂ ਲੱਭਣਾਂ ਹੈ, ਕੇ ਸ਼ਬਦ ਅਸਲ ਵਿੱਚ ਕੀ ਹੈ।)

ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ॥ ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ॥ ੩॥

ਗੁਰਮੁੱਖਾਂ ਵਿੱਚ ਹਉਮੈਂ ਨਹੀਂ ਹੁੰਦੀ, ਕਿਉਂ ਕੇ ਉਹਨਾਂ ਨੂੰ ਸੱਚ ਦਾ ਗਿਆਨ ਹੁੰਦਾ ਹੈ। ਗੁਰਮੁਖ ਹਮੇਸ਼ਾਂ ਸੱਚੀ ਬਾਣੀਂ ਬੋਲਦੇ ਹਨ, ਸੱਚ ਕਹਿੰਦੇ ਹਨ। ਸੱਚੀ ਬਾਣੀਂ ਹੀ ਸੱਚਾ ਕਰਮ ਹੈ, ਪ੍ਰਭੂ ਦਾਤਾ ਆਪ ਹੀ ਸੱਚਾ ਕਰਮ ਕਰਾਉਂਦਾ ਹੈ। ਅਤੇ ਆਪ ਹੀ ਸੱਚਾ ਸ਼ਬਦ ਵੀ ਬਖਸ਼ਦਾ ਹੈ।

ਹੁਣ ਸਾਚੀ ਬਾਣੀਂ ਕੀ ਹੈ। ਸਾਚੀ ਬਾਣੀਂ ਦਾ ਜਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵਾਰ ਆਇਆ ਹੈ, ਇਸ ਤੋਂ ਇਲਾਵਾ ਚਾਰ ਕਿਸਮ ਦੀ ਬਾਣੀਂ ਹੋਰ ਵੀ ਹੈ, ਇਸ ਦਾ ਜਿਕਰ ਜਾਂ ਇਸ਼ਾਰਾ ਵੀ ਗੁਰਬਾਣੀਂ ਵਿੱਚ ਇੱਕ ਜਗਹਾ ਮਿਲਦਾ ਹੈ। ਇਹਨਾਂ ਚਾਰ ਬਾਣੀਆਂ ਦੇ ਨਾਂ ਹਨ, ਪ੍ਰਾ, ਪਸ਼ਯੰਤੀ, ਮੱਧਮਾਂ ਅਤੇ ਬੈਖਰੀ। ਪ੍ਰਾ ਬਾਣੀਂ ਸੂਖਸ਼ਮ ਰੂਪ ਵਿੱਚ ਨਾਭੀ ਦੇ ਸਥਾਨ ਤੋਂ ਪੈਦਾ ਹੁੰਦੀ ਹੈ। ਨਾਭੀ ਦੇ ਸਥਾਨ ਦੇ ਨਾਲ ਹੀ ਥੋੜਾ ਜਿਹਾ ਊਪਰ “ਮਨੀਂ ਪੁਰਕਾ ਚੱਕਰ” ਹੈ। ਜਦ ਅਸੀਂ ਸਵਾਸ ਲੈਦੇ ਹਾਂ ਤਾਂ, ਸਾਡੇ ਫੇਫੜਿਆਂ ਦਾ ਡਾਇਆ ਫਰਾਮ “ਮਨੀਂ ਪੁਰਕਾ ਚੱਕਰ” ਨਾਲ ਟਕਰਾਉਂਦਾ ਹੈ। ਜੋ ਅਸੀਂ ਬੋਲਦੇ ਹਾਂ, ਸੱਭ ਤੋਂ ਪਹਿਲੇ ਇਹ ਸਵਾਸਾਂ ਦੀ ਕਿਰਿਆ ਨਾਲ, ਮਨੀਪੁਰ ਚੱਕਰ (ਨਾਭੀ) ਵਿੱਚ ਸੂਖਸ਼ਮ ਰੂਪ ਵਿੱਚ ਪੈਦਾ ਹੁੰਦੇ ਹਨ, ਅਤੇ ਇਸ ਤੋਂ ਬਾਦ ਇਹ, ਸਾਡੇ ਹਿਰਦੇ ਵਿੱਚ ਪਹੁੰਚ ਕੇ ਵਿਚਾਰਾਂ ਦਾ ਰੂਪ ਧਾਰ ਲੈਂਦੇ ਹਨ। ਉਸ ਤੋਂ ਬਾਦ ਇਹ ਵਿਚਾਰ ਸਾਡੇ ਕੰਠ ਤੱਕ ਆਉਂਦੇ ਹਨ, ਜੇ ਅਸੀਂ ਕਿਸੇ ਸ਼ਬਦ ਦਾ ਜਾਪ (ਉਚਾਰਨ) ਆਪਣੇਂ ਕੰਠ ਵਿੱਚ ਹੌਲੀ ਹੌਲੀ ਕਰਦੇ ਹਾਂ, (ਜਿਸ ਨੂੰ ਕੋਈ ਹੋਰ ਨਾਂ ਸੁਣ ਸਕੇ) ਤਾਂ ਇਹ ਮੱਧਮਾਂ ਬਾਣੀਂ ਅਖਵਾਉਂਦੀ ਹੈ, ਜੇ ਅਸੀਂ ਇਹਨਾਂ ਵਿਚਾਰਾਂ ਨੂੰ ਉਚੀ ਬੋਲ ਕੇ ਕਿਸੇ ਨੂੰ ਸੁਣਾਉਂਦੇ ਹਾਂ ਤਾਂ, ਇਸ ਨੂੰ ਬੈਖਰੀ ਬਾਣੀਂ ਕਹਿੰਦੇ ਹਾਂ।

ਇਹਨਾਂ ਬਾਣੀਆਂ ਦਾ ਗਿਆਨ (ਵਿਸ਼ਵਾਸ) ਸਾਨੂੰ ਕਿਵੇਂ ਹੋ ਸੱਕਦਾ ਹੈ, ਕਿ ਇਹ ਬਾਣੀਂਆਂ ਸੱਚ ਮੁਚ ਹੀ ਇਸ ਤਰਾਂ ਪੈਦਾ ਹੁੰਦੀਆਂ ਹਨ। ਇਸ ਦਾ ਗਿਆਨ ਸਾਨੂੰ ਇਸ ਤਰੀਕੇ ਹੋ ਸੱਕਦਾ ਹੈ। ਕੇ ਅਸੀਂ ਬੈਖਰੀ ਬਾਣੀਂ ਨੂੰ ਪਕੜ ਕੇ, ਇਸ ਦਾ ਜਾਪ ਕਰਦੇ ਹੋਇ, ਜਿਸ ਪਾਸੇ (ਸਥਾਨ) ਤੋਂ ਇਹ ਬਾਣੀਂ ਆ ਰਹੀ ਹੈ, ਉਸ ਰਸਤੇ ਤੇ ਬਾਣੀਂ ਦੇ ਪਿੱਛੇ ਪਿੱਛੇ ਚੱਲ ਕੇ ਉਸ ਸਥਾਨ ਤੱਕ ਜਾਣਾਂ ਹੈ, ਜਿੱਥੋਂ ਇਹ ਬਾਣੀਂ ਪੈਦਾ ਹੋ ਰਹੀ ਹੈ। ਮੈਂ ਇਸ ਦੀ ਹੋਰ ਜਿਆਦਾ ਵਿਸਥਾਰ ਵਿੱਚ ਨਹੀਂ ਜਾਵਾਂ ਗਾ, ਕਿਉਂ ਕੇ ਇਹਨਾਂ ਚਾਰਾਂ ਬਾਣੀਆਂ ਦੀ ਗੁਰਮੱਤ ਅਨੂਸਾਰ ਕੋਈ ਕੀਮਤ ਨਹੀਂ ਹੈ, ਗੁਰਮੱਤਿ ਵਿੱਚ ਇਹਨਾਂ ਬਾਣੀਆਂ ਦਾ ਕੋਈ ਸਥਾਨ ਨਹੀਂ ਹੈ। ਮਨਾਹੀਂ ਹੈ।

ਸ੍ਰੀ ਗੁਰੂ ਅਮਰਦਾਸ ਜੀ ਮਹਾਂਰਾਜ, ਇਹਨਾਂ ਬਾਣੀਆਂ ਬਾਰੇ ਸਾਨੂੰ, ਇੱਕ ਸ਼ਬਦ ਦੀ ਅਗਲੀ ਕੜੀ ਵਿੱਚ ਦੱਸਦੇ ਹਨ।

ਤੇਰੀਆ ਖਾਣੀ ਤੇਰੀਆ ਬਾਣੀ॥ ਬਿਨੁ ਨਾਵੈ ਸਭ ਭਰਮਿ ਭੁਲਾਣੀ॥ ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ॥ ੧॥ ੧੧੬

ਚਾਰ ਕਿਸਮ ਦੀਆਂ ਖਾਣੀਆਂ ਹਨ, (ਅੰਡ, ਜੇਰ ਸੇਤਜ, ਉਤਭੁਜ) ਅਤੇ ਚਾਰ ਕਿਸਮ ਦੀਆਂ ਹੀ ਬਾਣੀਆਂ ਹਨ (ਪਰਾ, ਪਸੰਤੀ, ਮੱਧਮਾਂ, ਬੈਖਰੀ)। ਗੁਰੂ ਜੀ ਦੱਸਦੇ ਹਨ, ਇਹ ਚਾਰੋਂ ਕਿਸਮ ਦੀਆਂ ਖਾਣੀਆਂ ਅਤੇ ਚਾਰੋਂ ਕਿਸਮ ਦੀਆਂ ਹੀ ਬਾਣੀਆਂ, ਨਾਮ ਤੋਂ ਖਾਲੀ ਹਨ। ਇਹ ਭਰਮ ਭੁਲੇਖਿਆਂ ਵਿੱਚ ਪਾਉਂਣ ਵਾਲੀਆਂ ਹਨ। ਨਾਮ ਜਾਂ ਸ਼ਬਦ ਇਕੋ ਹੀ ਗੱਲ ਹੈ। ਇਸ ਵਾਸਤੇ ਇਹਨਾਂ ਚਾਰੋਂ ਹੀ ਬਾਣੀਆਂ ਵਿਚੋਂ ਕਿਸੇ ਬਾਣੀਂ ਨੂੰ ਸੱਚਾ ਸ਼ਬਦ (ਗੁਰੂ ਨਾਨਕ ਦਾ ਗੁਰੂ) ਨਹੀਂ ਕਿਹਾ ਜਾ ਸੱਕਦਾ।

ਸ਼ਬਦ ਅਤੇ ਨਾਮ ਇੱਕ ਹੀ ਚੀਜ ਹੈ, ਇਸ ਦਾ ਪ੍ਰਮਾਣ, ਸ੍ਰੀ ਗੁਰੂ ਅਮਰਦਾਸ ਜੀ ਮਹਾਂਰਾਜ ਦੀ ਬਾਣੀਂ ਵਿੱਚ ਹੀ ਮੌਜ਼ੂਦ ਹੈ।

“ਨਾਮੈ ਹੀ ਤੇ ਸਭੁ ਕਿਛੁ ਹੋਆ” ਅਤੇ “ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਓਪਤਿ ਹੋਵੈ” ਦੋਹਾਂ ਹੀ ਪੰਗਤੀਆਂ ਦਾ ਇਕੋ ਹੀ ਅਰਥ ਹੈ। ਸ਼ਬਦ ਖੁਦ ਹੀ ਉਸਾਰਨ ਵਾਲਾ ਹੈ, ਸ਼ਬਦ ਖੁਦ ਹੀ ਢਾਉਣ ਵਾਲਾ ਹੈ, ਅਤੇ ਸ਼ਬਦ ਹੀ ਫਿਰ ਉਤਪਤੀ ਕਰਨ ਵਾਲਾ ਹੈ। (ਇਹੀ ਕੰਮ ਅਕਾਲ ਪੁਰਖ ਕਰਦਾ ਹੈ ਇਸ ਵਾਸਤੇ) ਸ਼ਬਦ ਅਕਾਲ ਪੁਰਖ ਹੈ, ਅਤੇ ਅਕਾਲ ਪੁਰਖ ਹੀ ਸ਼ਬਦ ਹੈ। ਉਹ ਹੀ ਸ਼ਬਦ, ਗੁਰੂ ਨਾਨਕ ਦਾ ਗੁਰੂ ਹੈ, ਉਹੀ ਸ਼ਬਦ ਸਾਰਿਆਂ ਦਾ ਪ੍ਰਭੂ ਹੈ।

ਹੁਣ ਅਸੀਂ ਆਪ ਹੀ ਸੋਚ ਸੱਕਦੇ ਹਾਂ ਕੇ ਸ਼ਬਦ ਕੀ ਹੈ, ਅਤੇ ਉਹ ਕਿਥੇ ਹੋ ਸੱਕਦਾ ਹੈ। ਅਤੇ ਸ਼ਬਦ ਬਾਰੇ ਸਾਡੇ ਆਪਣੇਂ ਕਿਆਫੇ ਕਿਨੇਂ ਕੂ ਸਹੀ ਹਨ।

ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ॥ ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ॥ ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ॥ ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ॥ ੪॥

ਗੁਰਮੁਖ ਕਰੜੀ ਮੇਹਨਤ ਕਰਦੇ ਹਨ, ਨਾਮ ਜੱਪਦੇ ਹਨ, ਅਤੇ ਜਪਾਉਂਦੇ ਹਨ। ਮੇਹਨਤ ਕਰਨ ਵਾਲਾ ਹੀ ਖੱਟਦਾ ਹੈ, (ਵਿਹਲੜ ਜੁਬਾਨੀਂ ਗੱਲਾਂ ਕਰਨ ਵਾਲਿਆ ਦਾ ਇਹ ਕੰਮ ਨਹੀਂ ਹੈ। ਬਾਣੀਂ ਸਿੱਧ ਕਰਦੀ ਹੈ, ਕੇ ਨਾਮ ਹੀ ਪ੍ਰਮਾਤਮਾਂ ਹੈ, ਪ੍ਰਮਾਤਮਾਂ ਗੱਲਾਂ ਨਾਲ ਨਹੀਂ ਮਿਲਦਾ, ਬੜੀ ਮਿਹਨਤ ਕਰਨੀ ਪੈਂਦੀ ਹੈ।) ਗੁਰਮੁਖ ਮਾਇਆ ਤੋਂ ਰਹਿਤ ਹੁੰਦੇ ਹਨ, ਉਹ ਗੁਰੂ ਪਿਆਰੇ, ਸਚੇ ਦੇ ਰੰਗ ਵਿੱਚ ਰੰਗੇ ਹੁੰਦੇ ਹਨ। ਮਨਮੁਖ ਹਮੇਸ਼ਾਂ ਝੂਠੇ ਹੁੰਦੇ ਹਨ/ਝੂਠ ਬੋਲਦੇ ਹਨ, ਉਹ ਅਮ੍ਰਿਤ ਛੱਡ ਕੇ ਜ਼ਹਿਰ ਬੀਜਦੇ ਹਨ (ਆਪਣੇਂ ਵਾਸਤੇ ਵੀ ਅਤੇ ਦੂਸਰਿਆਂ ਵਾਸਤੇ ਵੀ) ਅਤੇ ਜ਼ਹਿਰ ਹੀ ਖਾਦੇ ਹਨ। ਉਹ ਹਮੇਸ਼ਾਂ ਤ੍ਰਿਸ਼ਨਾਂ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ, ਜਮਾਂ ਦੀ ਫਾਹੀ ਵਿੱਚ ਬੱਝੇ ਹੋਇ ਹਨ, ਗੁਰੂ ਤੋਂ ਬਿਨਾਂ ਕੌਣ ਛੁਡਾਇ।

ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ॥ ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ॥ ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ॥ ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ॥ ੫॥

ਸੱਚਾ ਤੀਰਥ ਜਿੱਥੇ ਸੱਚਾ ਸਰੋਵਰ ਹੈ, ਵਿੱਚ ਇਸ਼ਨਾਨ ਕਰਨ ਦਾ ਰਾਹ/ਤਰੀਕਾ ਗੁਰਮੁਖ ਦੱਸਦੇ ਹਨ। ਗੁਰੂ ਨੇਂ ਸ਼ਬਦ ਦੁਆਰਾ ਅਠਾਹਠ ਤੀਰਥ ਦਿਖਾ ਦਿੱਤੇ, ਜਿੱਥੇ ਨਹਾਕੇ ਮਨੁਖ ਦੀਆਂ ਸਾਰੀਆਂ ਮੈਲਾਂ ਉੱਤਰ ਜਾਂਦੀਆਂ ਹਨ। ਉਹ ਸੱਚਾ ਸ਼ਬਦ ਸਦਾ ਨਿਰਮਲ ਹੈ, ਉਹ ਕਦੇ ਮੈਲਾ ਨਹੀਂ ਹੁੰਦਾ। ਹਰੀ ਦੀ ਸੱਚੀ ਸਿਫਤ, ਸੱਚੀ ਸਲਾਹੁਤਾ, (ਜਿਸ ਨਾਲ ਹਰੀ ਖੁਸ਼ ਹੁੰਦਾ ਹੈ) ਪੂਰੇ ਗੁਰੂ ਪਾਸੋਂ ਮਿਲਦੀ ਹੈ।

ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ॥ ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ॥ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ॥ ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ॥ ੬॥

ਤਨ ਮਨ ਧਨ ਸੱਭ ਕੁੱਝ ਹਰੀ ਦਾ ਹੈ, ਖੋਟੀ ਮੱਤ ਵਾਲੇ (ਮਨਮੁੱਖ) ਇਹ ਗੱਲ ਨਹੀਂ ਮੰਨਦੇ। ਜਦ ਹਰੀ ਦਾ ਹੁਕਮ ਹੋਵੇ ਗਾ, ਤਾਂ ਨਿਰਮਲ ਹੋ ਜਾਵੇਗਾ, ਫਿਰ ਅੰਦਰੋਂ ਹਉਮੈਂ ਨਿਕਲ ਜਾਵੇਗੀ। ਗੁਰੂ ਦੀ ਸਿੱਖਿਆ ਤੇ ਚਲੇ ਗਾ, ਫਿਰ ਡੋਲੇਗਾ ਨਹੀਂ, ਤ੍ਰਿਸ਼ਨਾਂ ਦੀ ਅੱਗ ਬੁਝ ਜਾਵੇ ਗੀ। ਗੁਰੂ ਦੇ ਸ਼ਬਦ ਨਾਲ ਸਹਿਜ ਅਵਸਥਾ ਵਿੱਚ ਰੰਗਿਆ ਜਾਵੇਗਾ, ਫਿਰ ਸਹਿਜ (ਚੌਥੇ ਪਦ) ਵਿੱਚ ਸਮਾ ਜਾਵੇ ਗਾ।

ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ॥ ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ॥ ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ॥ ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ॥ ੭॥

ਗੁਰੂ ਤੇ ਪਿਆਰ ਭਾਉ ਭਰੋਸਾ ਆ ਗਿਆ, ਸਚੇ ਨਾਮ ਨੂੰ ਸੱਚ ਕਰਕੇ ਜਾਣ ਲਿਆ। ਗੁਰੂ ਪਾਸੋਂ ਸੱਚੀ ਵਡਿਆਈ (ਦੁਨੀਆਂ ਦੀਆਂ ਵਡਿਆਈਆਂ ਝੂਠੀਆਂ ਹਨ) ਮਿਲ ਗਈ। ਸੱਸੇ ਨਾਮ ਨਾਲ ਪਿਆਰ ਲੱਗ ਗਿਆ। ਸਾਰਿਆਂ ਦੇ ਅੰਦਰ ਇਕੋ ਹੀ ਪ੍ਰਮਾਤਮਾਂ ਹੈ, ਮੁੰਹ ਨਾਲ ਤਾਂ ਭਾਵੇਂ ਸਾਰੇ ਹੀ ਕਹਿੰਦੇ ਹਨ, ਪਰ ਮੰਨਦਾ ਕੋਈ ਨਹੀਂ, ਇਸ ਗੱਲ ਨੂੰ ਕੋਈ ਵਿਰਲਾ ਹੀ ਵਿਚਾਰੇ ਗਾ। ਉਹ ਹਰੀ ਆਪ ਹੀ ਬਖਸ਼ ਕੇ, ਆਪਣੇਂ ਨਾਲ ਮਿਲਾ ਲੈਦਾ ਹੈ। ਆਪਣੀਂ ਭਗਤੀ ਕਰਵਾ ਕੇ, ਜੀਵ ਦਾ ਜਨਮ ਸਵਾਰ ਦੇਂਦਾ ਹੈ।

ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ॥ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ॥ ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ॥ ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ॥ ੮॥ ੧॥

(੭੬੯)

ਸੱਚਾ ਸੱਭ ਥਾਂ ਮੌਜ਼ੂਦ ਹੈ, ਸੱਭ ਦੇ ਅੰਦਰ ਹੈ, ਸੱਭ ਕੁੱਝ ਸਚੇ ਦਾ ਹੀ ਕੀਤਾ ਹੋ ਰਿਹਾ ਹੈ, (ਇਹ ਗੱਲ ਵੀ ਸਾਰੇ ਕਹਿੰਦੇ ਹਨ, ਇਹ ਬੜੀ ਸਧਾਰਨ ਜਿਹੀ ਗੱਲ ਲੱਗਦੀ ਹੈ, ਪਰ ਮੰਨਦਾ ਕੋਈ ਨਹੀਂ, ਇਸ ਗੱਲ ਨੂੰ ਇੱਕ ਚੈਲੰਜ ਦੇ ਰੂਪ ਵਿੱਚ ਲਿਆ ਜਾਵੇ ਤਾਂ, ਮੰਨਣ ਵਾਲਾ ਇੱਕ ਵੀ ਨਹੀਂ ਮਿਲੇਗਾ) ਇਸ ਗੱਲ ਨੂੰ ਕੋਈ ਗੁਰਮੁਖ ਹੀ ਬੁੱਝ ਸੱਕਦਾ ਹੈ। ਕਿਉਂ ਕਿ ਗੁਰਮੁਖ ਆਪਣੇਂ ਆਪ ਦੀ ਪਹਿਚਾਣ ਕਰ ਲੈਦਾ ਹੈ, “ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ॥” ਉਹ ਜਾਣ ਲੈਦਾ ਹੈ ਕਿ ਸੱਭ ਜੰਮਣ ਮਰਣ ਹੁਕਮ ਵਿੱਚ ਹੋ ਰਿਹਾ ਹੈ। ਜਿਹੜੇ ਨਾਮ ਦਾ ਸਿਮਰਨ ਕਰਦੇ ਹਨ, ਉਹ ਗੁਰੂ ਨੂੰ ਪਿਆਰੇ ਲੱਗਦੇ ਹਨ, ਗੁਰੂ ਉਹਨਾਂ ਦੀ ਮਨ ਦੀ ਹਰ ਮੁਰਾਦ ਪੂਰੀ ਕਰਦਾ ਹੈ। ਗੁਰੂ ਜੀ ਕਹਿੰਦੇ ਹਨ, ਜੇ ਆਪਾ (ਹਉਮੈਂ) ਛੱਡ ਦੇਈਏ ਤਾਂ ਸੱਭ ਕੁੱਝ ਆਪਣਾਂ ਹੋ ਜਾਂਦਾ ਹੈ।

ਬਲਦੇਵ ਸਿੰਘ ੩੧-੧੦-੨੦੧੦
.