.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 04)

ਪੁਸਤਕ ਵਿੱਚ ਇਸ ਤੋਂ ਅੱਗੇ ਜਪੁਜੀ ਦੀ ਤੀਜੀ ਪਉੜੀ ਲਿਖੀ ਹੋਈ ਹੈ।
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥ ਗਾਵੈ ਕੋ ਦਾਤਿ ਜਾਣੈ ਨੀਸਾਣੁ॥ ਗਾਵੈ ਕੋ ਗੁਣ ਵਡਿਆਈਆ ਚਾਰ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥ ਗਾਵੈ ਕੋ ਸਾਜਿ ਕਰੇ ਤਨੁ ਖੇਹ॥ ਗਾਵੈ ਕੋ ਜੀਅ ਲੈ ਫਿਰਿ ਦੇਹ॥ ਗਾਵੈ ਕੋ ਜਾਪੈ ਦਿਸੈ ਦੂਰਿ॥ ਗਾਵੈ ਕੋ ਵੇਖੈ ਹਾਦਰਾ ਹਦੂਰਿ॥ ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥ ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥ ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ 3॥
ਮਹਾਤਮ: ਇਸ ਪਉੜੀ ਦਾ ਇੱਕ ਲਖ ਪਾਠ ਸੌ ਦਿਨਾਂ ਵਿੱਚ ਸੂਰਜ ਵਲ ਮੂੰਹ ਕਰਕੇ ਅੰਮ੍ਰਿਤ ਵੇਲੇ ਐਤਵਾਰ ਤੋਂ ਆਰੰਭ ਕਰਕੇ ਕਰੇ ਤਾਂ ਰਾਜ ਪੁਤਰੀ ਨਾਲ ਵਿਆਹ ਹੋਵੇ ਅਤੇ ਬਹੁਤ ਧਨ ਮਿਲੇ।
ਨੌਜਵਾਨਾਂ ਨੂੰ ਕਿਸੇ ਰਾਜ ਪੁੱਤਰੀ/ਅਮੀਰ ਮਾਂ ਬਾਪ ਦੀ ਬੇਟੀ ਨਾਲ ਵਿਆਹ ਕਰਾਕੇ ਦੌਲਤਵੰਦ ਬਨਣ ਦਾ ਲੇਖਕ ਨੇ ਕਿੰਨਾ ਸੌਖਾ ਜੇਹਾ ਤਰੀਕਾ ਦਰਸਾਇਆ ਹੈ। ਜਿਸ ਗੁਰਬਾਣੀ ਨੂੰ ਪੜ੍ਹ ਵਿਚਾਰ ਕੇ ਮਨੁੱਖ ਨੇ ਆਪਣੇ ਅੰਦਰ ਦੈਵੀ ਗੁਣਾਂ ਨੂੰ ਵਸਾਉਂਣਾ ਸੀ, ਲੇਖਕ ਸਿੱਖ ਨੂੰ ਉਸ ਬਾਣੀ ਦੀ ਵਰਤੋਂ, ਆਪਣੇ ਲੋਭ ਦੀ ਪੂਰਤੀ ਕਰਨ ਲਈ ਪੜ੍ਹਨ ਦੀ ਪ੍ਰੇਰਨਾ ਦੇ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰੇਕ ਨੌਜਵਾਨ ਲੜਕੇ ਲੜਕੀ ਦੀ ਇਹ ਖ਼ਾਹਿਸ਼ ਹੁੰਦੀ ਹੈ ਕਿ ਉਸ ਨੂੰ ਚੰਗਾ ਜੀਵਨ ਸਾਥੀ ਮਿਲੇ। ਪਰ ਇਸ ਇੱਛਾ ਨੂੰ ਪੂਰਿਆਂ ਕਰਨ ਲਈ ਕੇਵਲ ਚੰਗੇ ਜੀਵਨ ਸਾਥੀ ਦੀ ਚਾਹਤ ਰੱਖਣਾ ਹੀ ਕਾਫੀ ਨਹੀਂ ਹੈ, ਸਗੋਂ ਇਸ ਇੱਛਾ ਨੂੰ ਪੂਰਿਆਂ ਕਰਨ ਲਈ ਆਪਣੇ ਆਪ ਨੂੰ ਵੀ ਉਸ ਪੱਧਰ `ਤੇ ਲਿਆਉਣ ਦੀ ਲੋੜ ਹੈ। ਗੁਰਬਾਣੀ ਨੌਜਵਾਨ ਬੱਚੇ ਬੱਚੀਆਂ ਦੀ ਇਸ ਖ਼ਾਹਿਸ਼ ਨੂੰ ਮਾੜਾ ਨਹੀਂ ਕਹਿੰਦੀ ਸਗੋਂ ਵਿਆਹ ਦੇ ਅਦਰਸ਼ ਨੂੰ ਇਉਂ ਪ੍ਰਗਟ ਕਰਦੀ ਹੈ: ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਪੰਨਾ 788) ਅਰਥ: ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ: ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿੱਚ ਇਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ।
ਦੋਹਾਂ ਮੂਰਤਾਂ ਤੋਂ ਇੱਕ ਜੋਤ ਹੋਣ ਦਾ ਭਾਵ ਹੈ ਦੋਹਾਂ ਦੇ ਵਿਚਾਰਾਂ ਵਿੱਚ ਸਮਾਨਤਾ ਹੋਣੀ। ਇਸਤ੍ਰੀ ਅਤੇ ਭਰਤਾ ਦੇ ਵਿਚਾਰਾਂ ਵਿੱਚ ਸਮਾਨਤਾ ਤਦ ਹੀ ਹੋ ਸਕੇ ਗੀ ਜੇਕਰ ਦੋਹਾਂ ਦਾ ਬੌਧਕ ਤਲ ਇਕੋ ਜੇਹਾ ਹੈ। ਜੇਕਰ ਇਨਸਾਨੀਅਤ ਕਦਰਾਂ-ਕੀਮਤਾਂ ਪ੍ਰਤੀ ਦੋਹਾਂ ਦੇ ਦ੍ਰਿਸ਼ਟੀਕੋਣ ਵਿੱਚ ਅੰਤਰ ਹੈ ਤਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਤ੍ਰੇੜ ਆ ਜਾਣੀ ਸੁਭਾਵਿਕ ਹੈ।
ਗੁਰਬਾਣੀ ਸਾਡਾ ਇਸ ਪੱਖੋਂ ਮਾਰਗ ਦਰਸ਼ਨ ਕਰਦਿਆਂ ਸਪਸ਼ਟ ਕਰਦੀ ਹੈ ਕਿ ਇਹ ਖ਼ਾਹਿਸ਼ ਬਾਣੀ ਨੂੰ ਮੰਤ੍ਰ ਰੂਪ ਵਿੱਚ ਪੜ੍ਹਨ ਨਾਲ ਨਹੀਂ ਸਗੋਂ ਆਪਣੇ ਆਪ ਨੂੰ ਸੰਵਾਰਨ ਅਰਥਾਤ ਵਿਦਿਆ, ਹੁਨਰ, ਕਲਾ ਆਦਿ ਵਿੱਚ ਨਿਪੁੰਨ ਕਰਨ ਨਾਲ ਹੀ ਪੂਰੀ ਹੋਣੀ ਹੈ। ਸਦੀਆਂ ਪੁਰਾਣੇ ਇਸ ਅਖਾਣ ਵਿੱਚ ਵੀ ਇਸ ਸੱਚ ਵਲ ਹੀ ਇਸ਼ਾਰਾ ਕੀਤਾ ਗਿਆ ਹੈ ਕਿ, “ਘਰ ਹੋਣਗੀਆਂ ਰੋਟੀਆਂ ਭਜਦੀਆਂ ਆਉਣਗੀਆਂ ਵਹੁਟੀਆਂ।”
ਇਸ ਲਈ ਜੇਕਰ ਕੋਈ ਨੌਜਵਾਨ ਆਪਣੀ ਅਜਿਹੀ ਇੱਛਾ ਨੂੰ ਪੂਰਨ ਕਰਨਾ ਚਾਹੁੰਦਾ ਹੈ ਤਾਂ ਬਾਣੀ ਨੂੰ ਇਸ ਤਰ੍ਹਾਂ ਮੰਤ੍ਰ ਵਾਂਗ ਪੜ੍ਹ ਕੇ ਆਪਣੀ ਇੱਛਾ ਨੂੰ ਪੂਰਾ ਕਰਨ ਦੀ ਬਜਾਏ ਵਿਦਿਆ ਹੁਨਰ ਕਲਾ ਆਦਿ ਵਿੱਚ ਆਪਣੇ ਆਪ ਨੂੰ ਨਿਪੁੰਨ ਬਣਾਵੇ। ਇਸ ਤਰ੍ਹਾਂ ਦੇ ਉੱਦਮ ਨਾਲ ਉਸ ਦੀ ਇਹ ਖ਼ਾਹਿਸ਼ ਅਵੱਸ਼ ਪੂਰੀ ਹੋਵੇਗੀ।
ਪਰ ਲੇਖਕ ਇਨ੍ਹਾਂ ਗੱਲਾਂ ਨੂੰ ਕਿਸੇ ਤਰ੍ਹਾਂ ਦੀ ਮਹੱਤਾ ਤਾਂ ਦੇ ਹੀ ਨਹੀਂ ਰਿਹਾ। ਪੁਸਤਕ ਕਰਤਾ ਤਾਂ ਕੇਵਲ ਵਿਧੀ ਪੂਰਵਕ ਗਿਣਤੀ ਦੇ ਪਾਠ ਕਰਨ ਦਾ ਮਹਾਤਮ ਦਰਸਾਉਣ ਦਾ ਪਰਉਪਕਾਰ ਕਰਨ ਦੀ ਧੁਨ ਵਿੱਚ ਹੀ ਮਸਤ ਹੈ। ਜੇਕਰ ਲੇਖਕ ਦੀ ਇਸ ਸਾਲਾਹ ਨੂੰ ਮੰਨ ਕੇ ਹਰੇਕ ਰਾਜ ਪੁਤਰੀ ਨਾਲ ਵਿਆਹ ਕਰਾਉਣ ਦਾ ਚਾਹਵਾਨ ਇਸ ਪਉੜੀ ਦਾ ਪਾਠ ਕਰ ਲਵੇ ਤਾਂ ਕੀ ਫਿਰ ਸਾਰਿਆਂ ਦੀ ਇਹ ਇੱਛਾ ਪੂਰੀ ਹੋ ਜਾਵੇਗੀ? ਚੂੰਕਿ ਹਰੇਕ ਨੌਜਵਾਨ ਦੀ ਰਾਜ ਪੁਤਰੀ ਨਾਲ ਵਿਆਹ ਅਤੇ ਧਨ ਦੀ ਰੁਚੀ ਸੁਭਾਵਿਕ ਹੈ। ਐਸੀ ਸਥਿੱਤੀ ਵਿੱਚ ਕਿਸ ਦੀ ਮਨੋਕਾਮਨਾ ਪੂਰੀ ਹੋਵੇਗੀ? ਲੇਖਕ ਦੀ ਦਰਸਾਈ ਹੋਈ ਜੁਗਤੀ ਤਾਂ ਹਰੇਕ ਮਨੁੱਖ ਅਪਣਾਉਣਾ ਚਾਹੇਗਾ, ਚੂੰਕਿ ਹਰੇਕ ਨੌਜਵਾਨ ਦੀ ਅਜਿਹੀ ਖ਼ਾਹਿਸ਼ ਹੋਣਾ ਸੁਭਾਵਿਕ ਹੈ। ਅਜਿਹੀ ਸਥਿੱਤੀ ਵਿੱਚ ਤਾਂ ਗੁਰਮਤਿ ਦੇ ਉਹ ਸੁਨਹਿਰੀ ਸਿਧਾਂਤ, ਜਿਨ੍ਹਾਂ ਅਨੁਸਾਰ ਬੱਚੇ ਬੱਚੀ ਦਾ ਰਿਸ਼ਤਾ ਕਰਨ ਸਮੇਂ, ਧਨ, ਪਦਵੀ ਆਦਿ ਦੇਖਣ ਦੀ ਥਾਂ ਗੁਣ, ਲਿਆਕਤ, ਹੁਨਰ ਆਦਿ ਦੇਖਣ ਦੀ ਲੋੜ ਉੱਤੇ ਜ਼ੋਰ ਹੈ, ਕੋਈ ਵੀ ਵਿਚਾਰ ਕਰਨ ਦੀ ਲੋੜ ਮਹਿਸੂਸ ਨਹੀਂ ਕਰੇਗਾ। ਸਿੱਖ ਨੂੰ ਤਾਂ ਰਹਿਤਨਾਮਿਆਂ ਵਿੱਚ ਵੀ ਇਹੀ ਹਿਦਾਇਤ ਕੀਤੀ ਹੋਈ ਹੈ ਕਿ, “ਸੰਜੋਗ ਐਸੀ ਕੁਲ ਵਿਖੈ ਕਰੈ ਜਿੱਥੇ ਸਿੱਖੀ ਅਕਾਲ ਪੁਰਖ ਦੀ ਹੋਵੇ, ਖ਼ਾਲਸਾ ਹੈ, ਗਰੀਬ ਹੈ, ਕਿਰਤੀ ਹੈ, ਤਹਾਂ ਸੰਜੋਗ ਬਿਨਾਂ ਪੁੱਛੇ ਕਰੇ, ਉਸ ਕੀ ਸ੍ਰੀ ਗੁਰੂ ਅਕਾਲ ਪੁਰਖ ਨਾਲ ਬਣ ਆਵੈ, ਮਾਯਾ ਧਨ ਦੇਖੈ ਨਾਹੀ; ਗੁਰੂ ਨਿਰੰਕਾਰ ਦੀ ਆਸ ਭਰੋਸੇ ਉੱਪਰ ਦੇਵੈ।” (ਪ੍ਰੇਮ ਸੁਮਾਰਗ) ਨੋਟ: ‘ਗਰੀਬ ਹੈ, ਅਤੇ ਕਿਰਤੀ ਹੈ’ ਦਾ ਭਾਵ ਇਤਨਾ ਹੀ ਹੈ ਕਿ ਬੱਚਿਆਂ ਦਾ ਰਿਸ਼ਤਾ ਕਰਨ ਸਮੇਂ ਇਹ ਦੇਖਣ ਦੀ ਲੋੜ ਹੈ ਕਿ ਕੀ ਲੜਕਾ ਕਿਰਤ ਕਰਕੇ ਨਿਰਬਾਹ ਕਰਨ ਦੇ ਸਮਰੱਥ ਹੈ। ਧਨਵਾਨ ਨਾਲ ਸਬੰਧ ਕਾਇਮ ਕਰਨ ਦੀ ਮਨਾਹੀ ਨਹੀਂ ਹੈ।
ਗੁਰਬਾਣੀ ਸਾਨੂੰ ਸੱਚੇ-ਸੁੱਚੇ ਇਨਸਾਨ ਬਨਣ ਦੀ ਪ੍ਰੇਰਨਾ ਦੇਂਦੀ ਹੈ, ਮਨੁੱਖੀ ਕਦਰਾਂ-ਕੀਮਤਾਂ ਦੀ ਅਹਿਮੀਅਤ ਸਮਝਾ ਕੇ ਇਨ੍ਹਾਂ ਦੀ ਕਦਰ ਕਰਨਾ ਸਿਖਾਉਂਦੀ ਹੈ। ਗੁਰਬਾਣੀ ਤਾਂ ਮਨੁੱਖ ਨੂੰ ਲੋਭ ਤੋਂ ਉਪਰ ਉਠਨ ਦੀ ਪ੍ਰੇਰਨਾ ਦੇਂਦੀ ਹੈ। ਪਰੰਤੂ ਲੇਖਕ ਹੁਰੀਂ ਦਾਜ ਦੇ ਰੂਪ ਵਿੱਚ ਧਨ ਦੀ ਪ੍ਰਾਪਤੀ ਦੀ ਗੱਲ ਕਰ ਰਹੇ ਹਨ। ਲੇਖਕ ਤਾਂ ਪੁਰਾਣੇ ਅਖਾਣ ਨੂੰ ਹੀ ਮਾਨੋਂ ਮੂਰਤੀ ਮਾਨ ਕਰ ਰਿਹਾ ਹੈ, ਜਿਸ ਅਨੁਸਾਰ ਕਿਸੇ ਪਰਵਾਰ ਨੂੰ ਆਪਣੇ ਸਪੁੱਤਰ ਦੇ ਵਿਆਹ ਮਗਰੋਂ ਲੜਕੀ ਦੇ ਪੇਕਿਓਂ ਕੱਪੜਾ-ਲੱਤਾ ਆਉਣ ਦੀ ਆਸ/ਝਾਕ ਬੱਝ ਜਾਂਦੀ ਹੈ: ਮੁੰਡਾ ਮੰਗਿਆ ਤੇ ਚਰਖਾ ਕਿੱਲੀ ਟੰਗਿਆ।
ਇਹੋ ਜੇਹੀਆਂ ਲਿਖਤਾਂ ਦਹੇਜ ਦੇ ਲੋਭੀਆਂ ਨੂੰ ਹੋਰ ਉਤਸ਼ਾਹਤ ਕਰਦੀਆਂ ਹਨ। ਆਮ ਮਨੁੱਖ ਇਹ ਸਮਝਦਾ ਹੈ ਕਿ ਸ਼ਾਇਦ ਗੁਰੂ ਸਾਹਿਬ ਨੇ ਗੁਰਬਾਣੀ ਸਾਡੀ ਇਸ ਲਾਲਸਾ ਨੂੰ ਪੂਰਿਆਂ ਕਰਨ ਲਈ ਹੀ ਉਚਾਰੀ ਹੈ। ਅੱਜ ਹਰੇਕ ਜਾਗਰੂਕ ਇਨਸਾਨ ਦਹੇਜ ਨੂੰ ਇੱਕ ਲਾਹਨਤ ਦੇ ਰੂਪ ਵਿੱਚ ਹੀ ਦੇਖਦਾ ਹੈ; ਚੂੰਕਿ ਆਏ ਦਿਨ ਅਜਿਹੀਆਂ ਦੁੱਖਦਾਇਕ ਦਿਲ ਕੰਬਾਊ ਖ਼ਬਰਾਂ ਨਿਤ ਹੀ ਸੁਨਣ ਪੜ੍ਹਨ ਵਿੱਚ ਆਉਂਦੀਆਂ ਹਨ, ਜਿਨ੍ਹਾਂ `ਚ ਬਹੂ-ਬੇਟੀਆਂ ਨੂੰ ਦਾਜ ਨਾ ਲਿਆਉਣ ਜਾਂ ਘੱਟ ਲਿਆਉਣ ਕਾਰਨ ਸਹੁਰੇ ਪਰਵਾਰ ਵਲੋਂ ਕਈਆਂ ਨੂੰ ਕਈ ਤਰ੍ਹਾਂ ਤਾਨ੍ਹੇ ਮਿਹਣੇ, ਮਾਰ ਕੁਟਾਈ ਅਤੇ ਕਈਆਂ ਨੂੰ ਆਪਣੀਆਂ ਜਾਨਾਂ ਤੋਂ ਵੀ ਹੱਥ ਧੋਣੇ ਪੈਂਦੇ ਹਨ। ਭਰੂਣ ਹਤਿੱਆ ਦਾ ਇੱਕ ਕਾਰਨ ਦਹੇਜ ਹੀ ਹੈ। ਜੇਹੜੇ ਸੱਜਣ ਇਹੋ ਜੇਹੀਆਂ ਲਿਖਤਾਂ ਦੀ ਵਕਾਲਤ ਕਰਦਿਆਂ ਇਹ ਆਖਦੇ ਹਨ ਕਿ ਇਸ ਬਹਾਨੇ ਲੋਕੀਂ ਬਾਣੀ ਪੜ੍ਹਦੇ ਹਨ। ਇਹੋ ਜੇਹੇ ਬਹਾਨੇ ਨਾਲ ਗੁਰਬਾਣੀ ਪੜ੍ਹਨ ਵਾਲੇ ਬਾਣੀ ਦਾ ਸਤਿਕਾਰ ਕਰ ਰਹੇ ਹਨ ਜਾਂ ਨਿਰਾਦਰ? ਗੁਰਬਾਣੀ ਮਨੁੱਖ ਨੂੰ ਇਨ੍ਹਾਂ ਕਮਜ਼ੋਰੀਆਂ ਤੋਂ ਉਪਰ ਉਠਾਉਂਦੀ ਹੈ ਨਾ ਕਿ ਇਨ੍ਹਾਂ ਨੂੰ ਬੜ੍ਹਾਵਾ ਦੇਂਦੀ ਹੈ। ਬਾਣੀ ਤਾਂ ਲੋਭੀਆਂ ਬਾਰੇ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਇਉਂ ਕਹਿੰਦੀ ਹੈ, “ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ॥” (ਪੰਨਾ 1417) ਅਰਥ: ਹੇ ਭਾਈ! ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ, (ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ।
ਇਸ ਲਈ ਗੁਰਬਾਣੀ ਨੇ ਤਾਂ ਇਸ ਸਬੰਧ ਵਿੱਚ ਸਪਸ਼ਟ ਰੂਪ ਵਿੱਚ ਨਿਰਣਾਇਕ ਫ਼ੈਸਲਾ ਦੇਂਦਿਆਂ ਹੋਇਆਂ ਸਪਸ਼ਟ ਕੀਤਾ ਹੈ ਕਿ ਜਿੱਥੇ ਲੋਭ ਹੈ ਉੱਥੇ ਰਿਸ਼ਤੇ ਦੀ ਪਕਿਆਈ ਦੀ ਸੰਭਾਵਨਾ ਨਹੀਂ ਹੋ ਸਕਦੀ: ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ (ਪੰਨਾ 1378) ਅਰਥ: ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ। ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ)।
ਅਸੀਂ ਇਸ ਗੱਲ ਦੀ ਵੀਚਾਰ ਨਹੀਂ ਕਰਦੇ ਕਿ ਜੇਕਰ ਇਨ੍ਹਾਂ ਗੱਲਾਂ ਵਿੱਚ ਸਚਾਈ ਹੁੰਦੀ ਤਾਂ ਸਮੁੱਚੀ ਇਨਸਾਨੀਅਤ ਦਾ ਭਲਾ ਚਾਹੁਣ ਵਾਲੇ ਗੁਰਦੇਵ ਮਨੁੱਖਤਾ ਨੂੰ ਇਸ ਤੋਂ ਵਾਂਝਿਆਂ ਨਾ ਰੱਖਦੇ। ਗੁਰੂ ਸਾਹਿਬ ਜੀ ਨੇ ਹਰੇਕ ਉਸ ਪਹਿਲੂ ਵਲ ਮਨੁੱਖ ਦਾ ਧਿਆਨ ਦੁਵਾਇਆ ਹੈ, ਜਿਸ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਹੈ।
ਸਾਨੂੰ ਇਹੋ ਜੇਹੇ ਭਰਮਾਂ ਤੋਂ ਉਪਰ ਉੱਠ ਕੇ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਇਸ ਵਿੱਚ ਦਰਸਾਈ ਜੀਵਨ-ਜੁਗਤ ਨੂੰ ਅਪਣਾਉਣ ਦੀ ਲੋੜ ਹੈ। ਜੇਕਰ ਅਸੀਂ ਬਾਣੀ ਨੂੰ ਕਿਸੇ ਅਜਿਹੇ ਭਰਮ ਅਧੀਨ ਹੀ ਪੜ੍ਹਦੇ ਰਹੇ ਤਾਂ ਭਰਮ ਵਿੱਚ ਭਟਕਣਾ ਦਾ ਹੀ ਸ਼ਿਕਾਰ ਹੁੰਦੇ ਰਹਾਂਗੇ; ਕਦੀ ਵੀ ਗੁਰਬਾਣੀ ਤੋਂ ਸਹੀ ਲਾਭ ਨਹੀਂ ਉਠਾ ਸਕਾਂਗੇ। ਲਾਭ ਨਾ ਉਠਾ ਸਕਣ ਦੀ ਹਾਲਤ ਵਿੱਚ ਆਤਮਕ ਸੁਖ ਤੋਂ ਵਾਂਝੇ ਹੀ ਰਹਿ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਅਕਾਲ ਪੁਰਖ ਦੇ ਹੁਕਮ ਦੀ ਸੋਝੀ ਕਰਾਕੇ ਸਚਿਆਰ ਬਨਣ ਦੀ ਪ੍ਰੇਰਨਾ ਦੇਂਦੇ ਹਨ। ਮਨੁੱਖੀ ਮਨ ਨੂੰ ਗਿਆਨ ਦੀਆਂ ਕਿਰਨਾਂ ਨਾਲ ਰੁਸ਼ਨਾ ਕੇ ਇਸ ਨੂੰ ਅੰਧ-ਵਿਸ਼ਵਾਸ ਦੇ ਘੁੱਪ ਹਨੇਰੇ ਵਿਚੋਂ ਬਾਹਰ ਕਢਦੇ ਹਨ।
ਪੁਸਤਕ ਕਰਤਾ ਬਾਣੀ ਦਾ ਇਸ ਤਰ੍ਹਾਂ ਦਾ ਮਹਾਤਮ ਦਰਸਾ ਕੇ ਮਨੁੱਖ ਨੂੰ ਹੋਰ ਅਗਿਆਨਤਾ ਦੇ ਅੰਧੇਰੇ ਵਿੱਚ ਠੋਕਰਾਂ ਖਾਣ ਲਈ ਉਤਸ਼ਾਹਤ ਕਰ ਰਿਹਾ ਹੈ। ਇਹੋ ਜੇਹੀਆਂ ਲਿਖਤਾਂ ਦੀ ਬਦੌਲਤ ਹੀ ਗੁਰਬਾਣੀ ਨੂੰ ਮੰਤਰ ਦੇ ਰੂਪ ਵਿੱਚ ਦੇਖਿਆ/ਸਮਝਿਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵੀ ਅਖੌਤੀ ਧਾਰਮਕ ਆਗੂਆਂ ਨੇ, ਮਨੁੱਖ ਨੂੰ ਇਸ ਤਰ੍ਹਾਂ ਮੰਤ੍ਰਾਂ ਦੇ ਖ਼ਾਸ ਵਿਧੀ-ਵਿਧਾਨ ਨਾਲ ਗਿਣਤੀ-ਮਿਣਤੀ ਦੇ ਪਾਠ ਕਰਨ ਦੇ ਮਹਾਤਮ ਦਰਸਾ ਕੇ ਮਨੁੱਖ ਨੂੰ ਕਰਮਕਾਂਡਾਂ ਦੀ ਦਲਦਲ ਵਿੱਚ ਫਸਾਇਆ ਹੋਇਆ ਸੀ। ਅਜਿਹੇ ਕਰਮ ਕਾਂਡਾਂ ਨੂੰ ਦੇਖ ਕੇ ਹੀ ਤਾਂ ਗੁਰੂ ਸਾਹਿਬ ਨੇ ਮਨੁੱਖ ਨੂੰ ਇਨ੍ਹਾਂ ਕਰਮ ਕਾਂਡਾਂ ਤੋਂ ਉਪਰ ਉਠਾਇਆ ਸੀ। ਪਰ ਅੱਜ ਅਸੀਂ ਬਾਣੀ ਦੀ ਹੀ ਮੰਤਰ ਵਾਂਗ ਵਰਤੋਂ ਕਰਨ ਲੱਗ ਪਏ ਹਾਂ। ਇਸ ਵਿੱਚ ਦਰਸਾਈ ਜੀਵਨ-ਜੁਗਤ ਨੂੰ ਅਪਣਾਉਣ ਦੀ ਥਾਂ ਰਸਮੀ ਪਾਠ ਕਰਕੇ ਜਾਂ ਕਰਾਕੇ ਮਨਇੱਛਤ ਫਲ ਦੀ ਪ੍ਰਾਪਤ ਕਰਨ ਦੀ ਦੌੜ ਵਿੱਚ ਲੱਗੇ ਹੋਏ ਹਾਂ।
ਇਸ ਤਰ੍ਹਾਂ ਦੀਆਂ ਵਿਧੀਆਂ ਜੋਤਸ਼ੀ ਆਦਿ ਵੀ ਦੱਸਦੇ ਹਨ ਕਿ ਇਸ ਰਾਸ਼ੀ ਵਾਲਾ ਪ੍ਰਾਣੀ ਜੇਕਰ ਫਲਾਣਾ ਨਗ ਫਲਾਣੇ ਦਿਨ, ਫਲਾਣੇ ਸਮੇਂ ਪਾਏਗਾ ਤਾਂ ਇਸ ਦਾ ਇਹ ਲਾਭ ਹੈ, ਜੇਕਰ ਇਸ ਰਾਸ਼ੀ ਵਾਲਾ ਵਿਅਕਤੀ ਅਮਕੇ ਨਗ ਨੂੰ ਫਲਾਣੇ ਦਿਨ ਪਾਵੇਗਾ ਤਾਂ ਇਸ ਨਾਲ ਉਸ ਨੂੰ ਇਹ ਲਾਭ ਹਾਸਲ ਹੋਵੇਗਾ। ਇਤਿਆਦਿ।
ਗੁਰਬਾਣੀ ਬਾਰੇ ਵੀ ਇਹੋ ਜੇਹੀਆਂ ਲਿਖਤਾਂ ਦੁਆਰਾ ਜਾਂ ਕਥਾ ਵਿਆਖਿਆਣਾ ਰਾਂਹੀ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਹੋਣ ਦੀ ਬਜਾਏ ਅਸੀਂ ਉਨ੍ਹਾਂ ਨੂੰ ਆਦਰ-ਮਾਣ ਦੇਂਦੇ ਹਾਂ। ਅਜਿਹੇ ਲੋਕਾਂ ਦੇ ਆਦਰ-ਮਾਣ ਦਾ ਹੀ ਇੱਕ ਰੂਪ ਇਹ ਹੈ ਕਿ ਅਸੀਂ ਇਨ੍ਹਾਂ ਲਿਖਤਾਂ ਆਦਿ ਬਾਰੇ ਇਹ ਸੋਚਦੇ ਜਾਂ ਕਹਿੰਦੇ ਹਾਂ ਕਿ ਇਸ ਬਹਾਨੇ ਨਾਲ ਲੋਕੀਂ ਬਾਣੀ ਪੜ੍ਹ ਲੈਂਦੇ ਹਨ। ਜਾਂ ਕਈ ਸੱਜਣ ਇਸ ਨੂੰ ਇਸ ਤਰ੍ਹਾਂ ਨਾਲ ਵੇਖਦੇ ਹਨ ਕਿ ਇਸ ਤਰ੍ਹਾਂ ਲੋਕੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦੇ ਹਨ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸਜਣ ਇਹ ਨਹੀਂ ਸਮਝਦੇ ਕਿ ਅਜਿਹੀਆਂ ਲਿਖਤਾਂ ਅਤੇ ਪ੍ਰਚਾਰ ਕਰਨ ਵਾਲੇ ਗੁਰਬਾਣੀ ਪੜ੍ਹਨ ਅਤੇ ਸਮਝਣ ਦੇ ਰਾਹ ਵਿੱਚ ਰੋੜਾ ਬਣ ਰਹੇ ਹਨ। ਗੁਰਬਾਣੀ ਤਾਂ ਮਨੁੱਖ ਨੂੰ ਆਪੇ ਦੀ ਸੋਝੀ ਕਰਾਕੇ ਇੱਕ ਸੱਚਾ-ਸੁੱਚਾ ਇਨਸਾਨ ਬਣਾਉਂਦੀ ਹੈ। ਕੁੱਝ ਬਨਣ ਲਈ ਉੱਦਮ ਦੀ ਪ੍ਰੇਰਨਾ ਦੇਂਦੀ ਹੈ ਨਾ ਕਿ ਹੱਥ `ਤੇ ਹੱਥ ਰੱਖਕੇ ਕਿਸੇ ਮੰਤਰ ਦੀ ਸ਼ਕਤੀ ਨਾਲ ਚਮਤਕਾਰ ਦੇ ਵਾਪਰਨ ਦਾ ਭਰੋਸਾ ਦਿਵਾਉਂਦੀ ਹੈ। ਜੇਹੜੇ ਲੋਕ ਕੁੱਝ ਕਰਨ ਦੀ ਬਜਾਏ ਇਸ ਤਰ੍ਹਾਂ ਦੇ ਅੰਧ-ਵਿਸਵਾਸ਼ ਦੇ ਧਾਰਨੀ ਹੋ ਜਾਂਦੇ ਹਨ, ਉਹ ਕਦੀ ਵੀ ਆਤਮਕ ਬੁਲੰਦੀਆਂ ਨੂੰ ਨਹੀਂ ਛੁਹ ਸਕਦੇ।
ਇਸ ਪਉੜੀ ਦਾ ਅਰਥ ਹੈ:-
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥ ਗਾਵੈ ਕੋ ਦਾਤਿ ਜਾਣੈ ਨੀਸਾਣੁ॥ ਅਰਥ: ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ)। ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ।
ਗਾਵੈ ਕੋ ਗੁਣ ਵਡਿਆਈਆ ਚਾਰ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥ ਅਰਥ:- ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ। ਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਔਖੇ ਵਿਸ਼ਿਆਂ `ਤੇ ਵਿਚਾਰ ਕਰਦਾ ਹੈ)।
ਗਾਵੈ ਕੋ ਸਾਜਿ ਕਰੇ ਤਨੁ ਖੇਹ॥ ਗਾਵੈ ਕੋ ਜੀਅ ਲੈ ਫਿਰਿ ਦੇਹ॥ ਅਰਥ:- ਕੋਈ ਮਨੁੱਖ ਇਉਂ ਗਾਉਂਦਾ ਹੈ, ‘ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ’। ਕੋਈ ਇਉਂ ਗਾਉਂਦਾ ਹੈ, ‘ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ’।
ਗਾਵੈ ਕੋ ਜਾਪੈ ਦਿਸੈ ਦੂਰਿ॥ ਗਾਵੈ ਕੋ ਵੇਖੈ ਹਾਦਰਾ ਹਦੂਰਿ॥ ਅਰਥ:- ਕੋਈ ਮਨੁੱਖ ਆਖਦਾ ਹੈ, ‘ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ’ ; ਪਰ ਕੋਈ ਆਖਦਾ ਹੈ, ‘(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ’।
ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥ ਅਰਥ:- ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ)।
ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥ ਅਰਥ:- ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। (ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।
ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ 3॥ ਅਰਥ:- ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ। ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ। (ਭਾਵ, ਭਾਵੇਂ ਰੱਬ ਹਰ ਵੇਲੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਅਤੁੱਟ ਪਦਾਰਥ ਤੇ ਰਿਜ਼ਕ ਪਹੁੰਚਾ ਰਿਹਾ ਹੈ, ਪਰ ਏਡੀ ਵੱਡੀ ਕਾਰ ਨਾਲ ਉਸ ਨੂੰ ਕੋਈ ਘਬਰਾਹਟ ਨਹੀਂ ਹੈ। ਉਹ ਸਦਾ ਖਿੜਿਆ ਹੋਇਆ ਹੈ। ਉਸ ਨੂੰ ਏਡੇ ਵੱਡੇ ਪਸਾਰੇ ਵਿੱਚ ਖਚਿਤ ਨਹੀਂ ਹੋਣਾ ਪੈਂਦਾ। ਉਸ ਦੀ ਇੱਕ ਹੁਕਮ-ਰੂਪ ਸੱਤਾ ਹੀ ਸਾਰੇ ਵਿਹਾਰ ਨੂੰ ਨਿਬਾਹ ਰਹੀ ਹੈ)। 3.
ਜਸਬੀਰ ਸਿੰਘ ਵੈਨਕੂਵਰ




.