.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਖਾਕੁ ਨ ਨਿੰਦੀਐ

ਕਿਸੇ ਨਾ ਕਿਸੇ ਦੀ ਅਲੋਚਨਾ ਕਰਦੇ ਰਹਿਣਾ ਆਮ ਮਨੁੱਖ ਦੀ ਜਮਾਂਦਰੂ ਆਦਤ ਹੈ। ਹਰ ਮਨੁੱਖ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੇ ਯਤਨ ਵਿੱਚ ਲੱਗਾ ਰਹਿੰਦਾ ਹੈ। ਕਿਸੇ ਦੇ ਗੁਣਾਂ ਵਿੱਚ ਅਵਗੁਣਾਂ ਨੂੰ ਤੁੰਨਦੇ ਰਹਿਣਾ ਨਿੰਦਿਆ ਹੈ। ਨਿੰਦਿਆ ਤਾਂ ਹੀ ਸੁਣਾਈ ਜਾ ਸਕਦੀ ਹੈ ਜੇ ਅੱਗੋਂ ਕੋਈ ਹੁੰਘਾਰਾ ਦੇਵੇ। ਜਿਸ ਦੀ ਅਸੀਂ ਨਿੰਦਿਆ ਕਰ ਰਹੇ ਹੁੰਦੇ ਹਾਂ ਉਸ ਨੂੰ ਭਾਵੇਂ ਕਿਸੇ ਗੱਲ ਦਾ ਵੀ ਪਤਾ ਨਾ ਹੋਵੇ ਪਰ ਅਸੀਂ ਆਪਣੀ ਆਦਤ ਜ਼ਰੂਰ ਪੂਰੀ ਕਰ ਹੁੰਦੇ ਹਾਂ।
ਬਜ਼ਾਰ ਵਿਚੋਂ ਸੇਬਾਂ ਨੂੰ ਖਰੀਦ ਕੇ ਘਰ ਲਿਆਂਦਾ, ਖਾਣ ਲੱਗਿਆਂ ਪਤਾ ਚੱਲਿਆ ਕਿ ਇਹ ਖੱਟੇ ਹਨ। ਹੁਣ ਅਸੀਂ ਸੇਬਾਂ ਦੀ ਅਈ ਤਈ ਫੇਰੀ ਜਾਂਵਾਂਗੇ, ਬੇੜਾ ਗਰਕ ਸੇਬਾਂ ਦਾ ਇਹਨਾਂ ਨੇ ਸਾਰਾ ਸੁਆਦ ਹੀ ਮਾਰ ਦਿੱਤਾ ਹੈ। ਸੇਬਾਂ ਵਿਚਾਰਿਆ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਖੱਟੇ ਹਾਂ ਜਾਂ ਮਿੱਠੇ। ਖਰੀਦਣ ਲੱਗਿਆਂ ਜਿਸ ਸੇਬ ਦਾ ਸੁਆਦ ਚੱਖਿਆ ਸੀ ਉਹ ਮਿੱਠਾ ਸੀ। ਜਿਸ ਦੁਕਾਨ ਤੋਂ ਸੇਬ ਲਏ ਸੀ ਉਹ ਦੁਕਾਨਦਾਰ ਵੀ ਸਾਡੀ ਮਾਰ ਤੋਂ ਮੁਕਤ ਨਹੀਂ ਹੋ ਸਕਦਾ।
ਸਵੇਰੇ ਆਪਣੀ ਨੌਕਰੀ ਤੇ ਜਾਣ ਲੱਗਿਆਂ ਦੇਖਿਆ ਕਿ ਸਕੂਟਰ ਸਟਾਰਟ ਨਹੀਂ ਹੋ ਰਿਹਾ। ਕੰਮ ਤੋਂ ਲੇਟ ਹੋ ਗਿਆ ਹਾਂ। ਦਫ਼ਤਰ ਪਹੁੰਚਦਿਆਂ ਸਾਰ ਹੀ ਸਕੂਟਰ ਨੂੰ ਬੁਰਾ ਭਲਾ ਕਹੀ ਜਾਵਾਂਗੇ, ਇਹਦਾ ਸਤਿਆ ਨਾਸ ਹੋ ਜਾਏ ਸਵੇਰੇ ਧੋਖਾ ਦੇ ਗਿਆ। ਚਲੋ ਮਨੁੱਖ ਦਾ ਮਨੁੱਖ ਨਾਲ ਗ਼ਿਲਾ ਸ਼ਿੱਕਵਾ ਹੋ ਸਕਦਾ ਹੈ ਪਰ ਬੇਜਾਨ ਚੀਜ਼ਾਂ ਨਾਲ ਵੀ ਅਸੀਂ ਦੁਸ਼ਮਣੀ ਪਾਲ਼ੀ ਬੈਠੇ ਹਾਂ।
ਘਰਾਂ ਵਿੱਚ ਸਵਾਣੀਆਂ ਨਿਤਾ ਪਰਤੀ ਸਫਾਈ ਕਰਦੀਆਂ ਰਹਿੰਦੀਆਂ ਹਨ। ਪਈਆਂ ਚੀਜ਼ਾਂ `ਤੇ ਧੂੜ ਪੈਂਦੀ ਰਹਿੰਦੀ ਹੈ। ਨਾਲੇ ਸਫ਼ਾਈ ਕਰੀ ਜਾਣਗੀਆਂ ਤੇ ਨਾਲੇ ਕਹੀ ਜਾਣਗੀਆਂ ਇਹ ਧੂੜ ਖਹਿੜਾ ਨਹੀਂ ਛੱਡਦੀ। ਪਤਾ ਨਹੀਂ ਕਿਥੋਂ ਔਂਤਰੀ ਅੰਦਰ ਆ ਜਾਂਦੀ ਹੈ। ਇਸ ਧੂੜ ਨੇ ਮੇਰੀ ਜਾਨ ਖਾ ਲਈ ਹੈ।
ਪਿਛਲੇ ਸਮੇਂ ਵਿੱਚ ਕੱਚੇ ਰਾਹ ਖਹਿੜੇ ਹੁੰਦੇ ਸਨ। ਤੁਰਿਆਂ ਧੂੜ ਬਹੁਤ ਉੱਡਦੀ ਸੀ। ਬੋਹੜ ਦੀ ਛਾਂ ਥੱਲੇ ਬੈਠਿਆਂ ਧੂੜ ਨਾਲ ਭਰੇ ਹੋਏ ਕਪੜਿਆਂ ਨੂੰ ਦੇਖ ਕੇ ਆਖਣਾ, ਬੇੜਾ ਗਰਕ ਹੋ ਜਾਏ ਧੂੜ ਦਾ ਇਹਨੇ ਤਾਂ ਸਾਡਾ ਹੁਲੀਆ ਹੀ ਵਿਗਾੜ ਦਿੱਤਾ ਹੈ। ਮਿੱਟੀਓ ਮਿੱਟੀ ਹੋਏ ਪਏ ਹਾਂ। ਸਾਖੀ ਸਣਾਉਣ ਵਾਲਿਆਂ ਨੇ, ਰੰਗ ਭਰਦਿਆਂ ਹੋਇਆ ਕਿਹਾ, ਕਿ ਕੋਲ ਹੀ ਬਾਬਾ ਫ਼ਰੀਦ ਜੀ ਬੈਠੇ ਹੋਏ ਸਨ। ਉਹਨਾਂ ਨੇ ਸੁਣ ਕੇ ਕਿਹਾ ਕੇ ਭਈ ਇਸ ਧੂੜ ਜਾਂ ਖਾਕ ਨੂੰ ਤੁਸੀਂ ਕਿਉਂ ਮਾੜਾ ਕਹਿੰਦੇ ਹੋ। ਦੇਖੋ ਜ਼ਿਉਦਿਆਂ ਸਾਡਿਆਂ ਪੈਰਾਂ ਥੱਲੇ ਹੈ ਤੇ ਜਦੋਂ ਅਸੀਂ ਮਰ ਜਾਵਾਂਗੇ ੳਦੋਂ ਇਸ ਨੇ ਸਾਡੇ ਉੱਪਰ ਪੈ ਜਾਣਾ ਹੈ ਤੇ ਉਹਨਾਂ ਸਲੋਕ ਉਚਾਰਨ ਕੀਤਾ---
ਫਰੀਦਾ ਖਾਕੁ ਨ ਨਿੰਦੀਐ, ਖਾਕੂ ਜੇਡੁ ਨ ਕੋਇ॥
ਜੀਵਦਿਆ ਪੈਰਾ ਤਲੈ, ਮੁਇਆ ਉਪਰਿ ਹੋਇ॥ 17॥
ਸਲੋਕ ਫਰੀਦ ਜੀ ਪੰਨਾ ੧੩੭੮
ਅੱਖਰੀਂ ਅਰਥ----ਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। (ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸ ਦੇ ਉੱਤੇ ਹੋ ਜਾਂਦੀ ਹੈ, (ਇਸੇ ਤਰ੍ਹਾਂ ‘ਗ਼ਰੀਬੀ-ਸੁਭਾਵ’ ਦੀ ਰੀਸ ਨਹੀਂ ਹੋ ਸਕਦੀ, ‘ਗ਼ਰੀਬੀ-ਸੁਭਾਵ’ ਵਾਲਾ ਬੰਦਾ ਜ਼ਿੰਦਗੀ ਵਿੱਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿੱਚ ਉਹ ਸਭ ਤੋਂ ਉੱਚਾ ਹੁੰਦਾ ਹੈ)।
ਅੱਖਰੀਂ ਅਰਥ ਇਹ ਹੀ ਬਣਦੇ ਹਨ ਜੋ ਉੱਪਰ ਵਿਚਾਰ ਲਏ ਗਏ ਹਨ। ਬਾਬਾ ਫਰੀਦ ਜੀ ਇਸਲਾਮ ਮਤ ਨਾਲ ਸਬੰਧ ਰੱਖਦੇ ਸਨ ਇਸ ਲਈ ਉਹਨਾਂ ਦੀ ਰਚਨਾ ਵਿੱਚ ਜ਼ਿਆਦਾ ਪ੍ਰਤੀਕ ਇਸਲਾਮੀ ਮਤ ਨਾਲ ਸਬੰਧਤ ਹੀ ਆਏ ਹਨ। ਇਸਲਾਮੀ ਮਤ ਅਨੁਸਾਰ ਮਿਰਤਕ ਸਰੀਰ ਨੂੰ ਜ਼ਮੀਨ ਦੇ ਵਿੱਚ ਦਫਨਾਇਆ ਜਾਂਦਾ ਹੈ। ਇਹ ਠੀਕ ਹੈ ਜਦੋਂ ਅਸੀਂ ਚਲਦੇ ਹਾਂ ਓਦੋਂ ਖਾਕ ਸਾਡੇ ਪੈਰਾਂ ਥੱਲੇ ਹੁੰਦੀ ਹੈ। ਜ਼ਮੀਨ `ਤੇ ਤੁਰਿਆਂ ਬਰੀਕ ਮਿੱਟੀ ਉੱਡ ਕੇ ਸਾਡੇ ਕਪੜਿਆਂ ਤੇ ਪੈਂਦੀ ਹੈ ਅਸੀਂ ਉਸ ਨੂੰ ਬੁਰਾ ਕਹੀ ਜਾਂਦੇ ਹਾਂ। ਪਰ ਮਿਰਤਕ ਸਰੀਰ ਨੂੰ ਜ਼ਮੀਨ ਵਿੱਚ ਟੋਇਆ ਪੁੱਟ ਕੇ ਜਦੋਂ ਦਬਿਆ ਜਾਂਦਾ ਹੈ ਤਾਂ ਉਹੀ ਮਿੱਟੀ ਉਸ ਦੇ ਉੱਪਰ ਪੈਂਦੀਂ ਹੈ।
ਹੋਰ ਵਿਚਾਰ---- ਹੁਣ ਦੇਖਣਾ ਹੈ ਕਿ ਸਾਨੂੰ ਇਸ ਵਿਚੋਂ ਉਪਦੇਸ਼ ਕੀ ਮਿਲਦਾ ਹੈ—
ਗੁਰਬਾਣੀ ਵਿੱਚ ਚਰਨ-ਕਮਲ, ਧੂੜੀ ਸ਼ਬਦ ਕਈ ਵਾਰ ਆਇਆ ਹੈ। ਇਹਨਾਂ ਦੇ ਭਾਵ ਅਰਥਾਂ ਨੂੰ ਹੀ ਲ਼ਿਆ ਗਿਆ ਹੈ। ਜ਼ਿਆਦਾ ਨਹੀਂ ਕੇਵਲ ਇੱਕ ਦੋ ਉਦਾਹਰਣਾਂ ਹੀ ਸਮਝ ਲਈਆਂ ਜਾਣਗੀਆਂ। ਕਬੀਰ ਸਾਹਿਬ ਜੀ ਭੈਰਉ ਰਾਗ ਵਿੱਚ ਫਰਮਾਉਂਦੇ ਹਨ ਕਿ ਮੇਰਾ ਚਿੱਤ ਪ੍ਰਮਾਤਮਾ ਦੇ ਚਰਨਾ ਨਾਲ ਜੁੜ ਗਿਆ ਹੈ `ਚਰਨ ਕਮਲ ਚਿਤੁ ਰਹਿਓ ਸਮਾਇ’॥ ਜਦ ਕਿ ਪਰਮਾਤਮਾ ਦਾ ਕੋਈ ਰੂਪ ਰੰਗ ਹੀ ਕੋਈੌ ਨਹੀਂ ਹੈ।
ਦੂਸਰਾ ਧੂੜੀ ਵਿੱਚ ਇਸ਼ਨਾਨ ਕਰਨ ਦੀ ਵਿਚਾਰ ਵੀ ਗੁਰਬਾਣੀ ਵਿੱਚ ਆਉਂਦੀ ਹੈ ਜੇਹਾ ਕਿ—
ਮਾਘਿ ਮਜਨੁ ਸੰਗਿ ਸਾਧੂਆ, ਧੂੜੀ ਕਰਿ ਇਸਨਾਨੁ॥
ਨਾ ਤਾਂ ਰੱਬ ਜੀ ਦੇ ਚਰਨਾ ਨਾਲ ਧਿਆਨ ਧਰਿਆ ਜਾ ਸਕਦਾ ਹੈ ਤੇ ਨਾ ਹੀ ਧੂੜੀ ਇਕੱਠੀ ਕਰਕੇ ਉਸ ਵਿੱਚ ਇਸ਼ਨਾਨ ਕੀਤਾ ਜਾ ਸਕਦਾ ਹੈ।
ਦਸ ਕੁ ਬੰਦੇ ਕੱਚੇ ਰਾਹ `ਤੇ ਕਤਾਰ ਬਣ ਕੇ ਤੁਰਨ ਤਾਂ ਓੱਥੇ ਇੱਕ ਪਗ ਡੰਡੀ ਬਣ ਜਾਂਦੀ ਹੈ ਫਿਰ ਲੋਕ ਉਸ ਪੱਗ ਡੰਡੀ ਤੇ ਤੁਰਦੇ ਰਹਿੰਦੇ ਹਨ। ਇਸ ਦਾ ਅਰਥ ਹੈ ਕਿ ਚਰਨ ਕਮਲ ਗੁਰੂ ਦੇ ਤੁਰਨ ਵਾਲਾ ਰਾਹ, ਜਿਸ `ਤੇ ਅਸਾਂ ਚੱਲਣਾ ਹੈ। ਏਸੇ ਤਰ੍ਹਾਂ ਖਾਕ ਦਾ ਅਰਥ ਹੈ ਗੁਰੂ ਜੀ ਦਾ ਦਰਸਾਇਆ ਮਾਰਗ।
‘ਫਰੀਦਾ ਖਾਕੁ ਨ ਨਿੰਦੀਐ’, ਦੀ ਵਿਚਾਰ ਕਰਦਿਆਂ ਸਮਝ ਆਉਂਦੀ ਹੈ ਕਿ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੋਂ ਅਸੀਂ ਕਿਉਂ ਮੁਨਕਰ ਹੋ ਰਹੇ ਹਾਂ। ਨਿੰਦੀਐ—ਮੁਨਕਰ ਹੋ ਰਹੇ ਹਾਂ। ਪਰ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਵਰਗਾ ਹੋਰ ਕੋਈ ਰਸਤਾ ਨਹੀਂ ਹੈ— ‘ਖਾਕੂ ਜੇਡੁ ਨ ਕੋਇ’ ਆਤਮਕ ਸੂਝ ਲਈ ਇਸ ਵਰਗਾ ਹੋਰ ਕੋਈ ਗਿਆਨ ਨਹੀਂ ਹੈ। ਕਰਮ-ਕਾਂਡ, ਭਰਮ-ਭੇਤ, ਆਪਸੀ ਈਰਖਾ ਤੋਂ ਮੁਕਤ ਕਰਾਉਂਦਾ ਹੈ। ਸੰਖੇਪ ਸ਼ਬਦਾਂ ਵਿੱਚ ਹੇ ਬੰਦੇ! ਗੁਰੂ ਜੀ ਦੇ ਉਪਦੇਸ਼ ਤੋਂ ਕਿਉਂ ਆਨਾ ਕਾਨੀ ਕਰ ਰਿਹਾਂ ਏਂ ਇਸ ਵਰਗਾ ਸਰਲ ਸਿੱਧ ਪੱਧਰਾ ਹੋਰ ਕੋਈ ਰਸਤਾ ਨਹੀਂ ਹੈ।
ਜਦੋਂ ਅਸੀਂ ਆਪਣੀ ਮਨ ਮਰਜ਼ੀ ਕਰਦੇ ਹਾਂ ਤਾਂ ਓਦੋਂ ਗੁਰ-ਸਿਧਾਂਤ ਨਾਲ ਖਿਲਵਾੜ ਕਰ ਰਹੇ ਹੁੰਦੇ ਹਾਂ— ‘ਜੀਵਦਿਆ ਪੈਰਾ ਤਲੈ’ ਸੰਸਾਰ ਦੇ ਬਹੁਤ ਸਾਰਿਆਂ ਗੁਰਦੁਆਰਿਆਂ ਵਿੱਚ ਜਦੋਂ ਜੁੱਤੀਆਂ ਸਮੇਤ ਪੁਲੀਸ ਆਉਂਦੀ ਹੈ, ਮੇਰੀ ਪੱਗ ਉਹਦੇ ਹੱਥ ਤੇ ਉਹਦੀ ਪੱਗ ਮੇਰੇ ਹੱਥ ਹੁੰਦੀ ਹੈ ਤਾਂ ਕੀ ਅਸੀਂ ਆਪਣੇ ਹੰਕਾਰ ਕਰਕੇ ਗੁਰ-ਸਿਧਾਂਤ ਨੂੰ ਪੈਰਾਂ ਥੱਲੇ ਨਹੀਂ ਰੋਲ ਰਹੇ ਹੁੰਦੇ? ਹੰਕਾਰੀ ਬਿਰਤੀ ਕੋਈ ਦਲੀਲ ਸੁਣਦੀ ਹੈ?
ਇਸ ਸਾਰੇ ਸਲੋਕ ਦਾ ਭਾਵ ਅਰਥ ਸਮਝਿਆ ਜਾਏਗਾ ਕਿ ਹੇ ਭਾਈ ਗੁਰੂ ਸਾਹਿਬ ਜੀ ਦੀ ਵਿਚਾਧਾਰਾ ਤੋਂ ਕਿਉਂ ਮੁਨਕਰ ਹੋ ਰਿਹਾ ਏਂ? ਇਸ ਵਰਗਾ ਮਿੱਠਾ ਉਪਦੇਸ਼ ਜਾਂ ਜੀਵਨ ਜਾਚ ਦਾ ਕੋਈ ਮੁਕਾਬਲਾ ਨਹੀਂ ਹੈ। ਦੁੱਖ ਇਸ ਗੱਲ ਦਾ ਹੈ ਕਿ ਇਸ ਨੇ ਗੁਰੂ ਸਿੱਖਿਆ ਨੂੰ ਆਪਣੇ ਪੈਰਾਂ ਥੱਲੇ ਰੱਖਿਆ ਹੋਇਆ ਹੈ ਭਾਵ ਗੁਰੂ ਆਗਿਆ ਮੰਨਣ ਲਈ ਤਿਆਰ ਨਹੀਂ ਹੈ।
ਹਾਂ ਜਦੋਂ ਸਮਝ ਵਾਲਾ ਦੀਵਾ ਜੱਗਦਾ ਹੈ ਆਤਮਕ ਸੂਝ ਜਨਮ ਲੈਂਦੀ ਹੈ ਤਾਂ ਵਿਕਾਰ ਮਰਦੇ ਹਨ ਤਾਂ ਓਦੋਂ ਨਵਾਂ ਜਨਮ ਹੁੰਦਾ ਹੈ। ‘ਮੁਇਆ ਉਪਰਿ ਹੋਇ’ ਉਹ ਸਾਡੇ ਦਿਮਾਗ਼ ਵਿੱਚ ਬੈਠ ਜਾਂਦੀ ਹੈ। ਗੁਰੂ ਦੀ ਮਤ ਨੂੰ ਸ੍ਰੇਸ਼ਠ ਸਮਝਣ ਲੱਗ ਜਾਂਦਾ ਹੈ।
ਸਮੁੱਚੇ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਅਸੀਂ ਆਪਣੀ ਮਤ ਵਿੱਚ ਤੁਰਦੇ ਹਾਂ ਤਾਂ ਓਦੋਂ ਗੁਰੂ ਦੀ ਮਤ ਨੂੰ ਲੈਣ ਲਈ ਤਿਆਰ ਨਹੀਂ ਹੁੰਦੇ ਪਰ ਜਦੋਂ ਗੁਰ-ਉਪਦੇਸ਼ ਰਾਂਹੀ ਸਮਝ ਆਉਂਦੀ ਹੈ ਤਾਂ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਚਰਨਾ ਨਾਲ ਜੁੜਦੇ ਹਾਂ। ਖ਼ਾਕ ਦਾ ਭਾਵ ਅਰਥ ਗੁਰਉਪਦੇਸ਼, ਗੁਰ-ਗਿਆਨ ਹੈ।
.