.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 19)

ਸਚੁ ਸਾਲਾਹੀ ਗਹਿਰ ਗੰਭੀਰੈ॥ ਸਭੁ ਜਗੁ ਹੈ ਤਿਸ ਹੀ ਕੈ ਚੀਰੈ॥
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ॥ ੧॥ (੧੦੪੮)
ਸਚਾ ਸਾਹਿਬੁ ਸਚੀ ਨਾਈ॥ ਗੁਰ ਪਰਸਾਦੀ ਮੰਨਿ ਵਸਾਈ॥
ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ॥ ੨॥
ਕਿਸੁ ਸੇਵੀ ਤੈ ਕਿਸੁ ਸਾਲਾਹੀ॥ ਸਤਿਗੁਰੁ ਸੇਵੀ ਸਬਦਿ ਸਾਲਾਹੀ॥
ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ॥ ੩॥
ਦੇਹੀ ਕਾਚੀ ਕਾਗਦ ਮਿਕਦਾਰਾ॥ ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ॥
ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ॥ ੪॥
ਸਚਾ ਚੌਕਾ ਸੁਰਤਿ ਕੀ ਕਾਰਾ॥ ਹਰਿ ਨਾਮੁ ਭੋਜਨੁ ਸਚੁ ਆਧਾਰਾ॥
ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਹਾਮੁ ਨਿਵਾਸੀ ਹੇ॥ ੫॥
ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ॥ ਹਰਿ ਗੁਣ ਗਾਵਹਿ ਅਨਦਿਨੁ ਜਾਗੇ॥
ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ॥ ੬॥
ਹਰਿ ਨਾਮੁ ਚੇਤਾ ਅਵਰੁ ਨ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥
ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ॥ ੭॥
ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ॥ ਆਪਿ ਭੂਲਾ ਜਾ ਖਸਮਿ ਭੁਲਾਇਆ॥
ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ॥ ੮॥
ਕਾਮਿ ਕ੍ਰੋਧਿ ਭਰੇ ਹਮ ਅਪਰਾਧੀ॥ ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ॥
ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ॥ ੯॥

॥ ੧॥ ਸਚੁ ਸਾਲਾਹੀ ਗਹਿਰ ਗੰਭੀਰੈ॥ ਸਭੁ ਜਗੁ ਹੈ ਤਿਸ ਹੀ ਕੈ ਚੀਰੈ॥
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ॥ ੧॥ (੧੦੪੮)
ਹੇ ਭਾਈ ਮੈਂ ਤਾਂ, ਉਸ ਇਕੋ ਇੱਕ ਸੱਚ, ਜੋ ਬਹੁਤ ਗਹਿਰਾ ਅਤੇ ਗੰਭੀਰ ਹੈ, ਦੀ ਸਿਫਤ ਸਾਲਾਹ ਕਰਦਾ ਹਾਂ। ਇਹ ਸਾਰਾ ਸੰਸਾਰ, ਇਸ ਵਿਚਲੇ ਸਾਰੇ ਆਕਾਰ, ਉਸ ਦੇ ਹੀ ਨਿਵਾਸ ਅਸਥਾਨ ਹਨ। ਉਹ ਪਰਮਾਤਮਾ ਆਪ ਹੀ ਸਾਰੇ ਸਰੀਰਾਂ ਵਿੱਚ ਵਿਚਰ ਕੇ, ਉਨ੍ਹਾਂ ਨੂੰ ਦਿਨ ਰਾਤ, ਆਪਣੇ ਹੁਕਮ ਵਿੱਚ ਚਲਾਉਂਦਾ ਹੈ। ਉਹ ਆਪ ਹੀ ਸਾਰੇ ਸੁੱਖਾਂ ਦਾ ਸੋਮਾ ਹੈ, ਉਸ ਨਾਲ ਮਿਲ ਕੇ ਹੀ ਸਦੀਵੀ ਸੁੱਖ ਮਿਲਦਾ ਹੈ।
॥ ੨॥ ਸਚਾ ਸਾਹਿਬੁ ਸਚੀ ਨਾਈ॥ ਗੁਰ ਪਰਸਾਦੀ ਮੰਨਿ ਵਸਾਈ॥
ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ॥ ੨॥
ਹੇ ਭਾਈ ਉਹ ਸੱਚਾ ਮਾਲਕ, ਹਮੇਸ਼ਾ ਕਾਇਮ ਰਹਣ ਵਾਲਾ ਹੈ, ਉਸ ਦਾ ਨਿਆਂ ਵੀ, ਹਮੇਸ਼ਾ ਇੱਕ ਸਾਰ, ਉਕਾਈ ਰਹਿਤ ਸਦੀਵੀ ਅਟੱਲ ਹੈ। ਉਸ ਪ੍ਰਭੂ ਨੂੰ ਗੁਰੂ ਦੀ ਕਿਰਪਾ ਸਦਕਾ, ਸ਼ਬਦ ਦੀ ਵਿਚਾਰ ਆਸਰੇ ਮੰਨਿਆ ਅਤੇ ਮਨ ਵਿੱਚ ਵਸਾਇਆ ਜਾ ਸਕਦਾ ਹੈ। ਜਿਸ ਮਨੁੱਖ ਤੇ ਕਿਰਪਾ ਕਰ ਕੇ, ਉਸ ਦੇ ਹਿਰਦੇ ਵਿੱਚ ਪ੍ਰਭੂ ਆਪ ਆ ਵਸਦਾ ਹੈ, ਉਸ ਦੀ ਜਮਾਂ ਦੀ ਫਾਹੀ ਟੁੱਟ ਜਾਂਦੀ ਹੈ, ਉਸ ਦੇ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ।
॥ ੩॥ ਕਿਸੁ ਸੇਵੀ ਤੈ ਕਿਸੁ ਸਾਲਾਹੀ॥ ਸਤਿਗੁਰੁ ਸੇਵੀ ਸਬਦਿ ਸਾਲਾਹੀ॥
ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ॥ ੩॥
ਹੇ ਭਾਈ ਜੇ ਕੋਈ ਮੈਨੂੰ ਪੁੱਛੇ ਕਿ ਮੈਂ ਕਿਸ ਨੂੰ ਸੇਂਵਦਾ ਹਾਂ? ਕਿਸ ਦੀ ਸੇਵਾ ਕਰਦਾ ਹਾਂ? ਅਤੇ ਕਿਸ ਦੀ ਸਿਫਤ-ਸਾਲਾਹ ਕਰਦਾ ਹਾਂ? ਤਾਂ ਮੇਰਾ ਜਵਾਬ ਹੈ ਕਿ ਮੈਂ ਸਤਿਗੁਰੁ, ਪਰਮਾਤਮਾ ਦੀ ਸਾੇਵਾ ਕਰਦਾ ਹਾਂ, (ਇਹ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਪਰਮਾਤਮਾ ਦੀ ਸੇਵਾ, ਉਸ ਦੇ ਹੁਕਮ ਵਿੱਚ ਚੱਲਣ ਤੋਂ ਵੱਧ ਕੁੱਝ ਵੀ ਨਹੀਂ) ਅਤੇ ਮੈਂ ਸ਼ਬਦ ਦੀ ਸਿਖਿਆ ਅਨੁਸਾਰ, ਉਸ ਪ੍ਰਭੂ ਦੀ ਹੀ ਸਿਫਤ-ਸਾਲਾਹ ਕਰਦਾ ਹਾਂ।
ਹੇ ਭਾਈ, ਸੱਚੇ ਸ਼ਬਦ, ਉਕਾਈ ਰਹਿਤ ਸ਼ਬਦ ਨਾਲ ਜੁੜਿਆਂ, ਬੰਦੇ ਦੀ ਅਕਲ ਹਮੇਸ਼ਾ, ਨਿਰਮਲ ਸ੍ਰੇਸ਼ਟ ਰਹਿੰਦੀ ਹੈ, ਹਿਰਦਾ ਹਮੇਸ਼ਾ ਫੁੱਲ ਵਾਙ ਖਿੜਿਆ ਰਹਿੰਦਾ ਹੈ।
॥ ੪॥ ਦੇਹੀ ਕਾਚੀ ਕਾਗਦ ਮਿਕਦਾਰਾ॥ ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ॥
ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ॥ ੪॥
ਸ਼ਬਦ ਗੁਰੂ ਦੀ ਸ਼ਰਨ ਲੈਣ ਤੋਂ ਬਗੈਰ, ਵਿਸ਼ੇ-ਵਿਕਾਰਾਂ ਵਿੱਚ ਫਸੇ ਬੰਦੇ ਦਾ ਸਰੀਰ ਕਾਗਜ਼ ਵਾਙ ਹੁੰਦਾ ਹੈ। ਜਿਵੇਂ ਕਾਗਜ਼ ਤੇ ਪਾਣੀ ਦੀ ਬੂੰਦ ਪੈਣ ਨਾਲ, ਉਹ ਗੱਲ ਕੇ ਨਾਸ ਹੁੰਦਿਆਂ ਦੇਰ ਨਹੀਂ ਲਾਉSਦਾ, ਓਵੇਂ ਹੀ ਉਸ ਬੰਦੇ ਦਾ ਸਰੀਰ, ਵਿਸ਼ੇ- ਵਿਕਾਰਾਂ ਅਧੀਨ ਪਲ ਪਲ ਨਾਸ ਹੁੰਦਾ ਰਹਿੰਦਾ ਹੈ।
ਫਿਰ ਜਿਹੜਾ ਮਨੁੱਖ, ਗੁਰਮੁਖਿ ਹੋ ਕੇ, ਸ਼ਬਦ ਦੀ ਸਿਖਿਆ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਢਾਲ ਲੈਂਦਾ ਹੈ, ਉਸ ਦੇ ਅੰਦਰ ਹੀ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਰਜ਼ਾ ਅਨੁਸਾਰ, ਖੁਸ਼ੀ ਪੂਰਵਕ ਚੱਲਣ ਦੀ ਚਾਹ, ਪੈਦਾ ਹੋ ਜਾਂਦੀ ਹੈ, ਉਸ ਦਾ ਸਰੀਰ, ਸ਼ੁੱਧ ਸੋਨੇ ਵਰਗਾ, ਖੋਟ ਰਹਿਤ, ਵਿਕਾਰਾਂ ਤੋਂ ਅਣਭਿੱਜ ਬਣਿਆ ਰਹਿੰਦਾ ਹੈ।
॥ ੫॥ ਸਚਾ ਚੌਕਾ ਸੁਰਤਿ ਕੀ ਕਾਰਾ॥ ਹਰਿ ਨਾਮੁ ਭੋਜਨੁ ਸਚੁ ਆਧਾਰਾ॥
ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਹਾਮੁ ਨਿਵਾਸੀ ਹੇ॥ ੫॥
ਹੇ ਭਾਈ, ਜਿਸ ਬੰਦੇ ਦੇ ਹਿਰਦੇ ਵਿਚ, ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਹੁਕਮ, ਹਰ ਵੇਲੇ ਟਿਕਿਆ ਰਹਿੰਦਾ ਹੈ, ਜੋ ਬੰਦਾ, ਹਰੀ ਦੀ ਰਜ਼ਾ ਨੂੰ ਹਮੇਸ਼ਾ ਦਿਲੋਂ ਮਾਨਤਾ ਦਿੰਦਾ ਹੈ, ਉਹ ਹਮੇਸ਼ਾ ਤ੍ਰਿਸ਼ਨਾਵਾਂ ਤੋਂ ਰਹਿਤ, ਆਤਮ ਸੰਤੁਸ਼ਟ ਰਹਿੰਦਾ ਹੈ। ਉਸ ਦਾ ਹਿਰਦਾ ਸਦਾ ਪਵਿਤ੍ਰ, ਕਦੀ ਵੀ ਨਾ ਭਿਟਿਆ ਜਾਣ ਵਾਲਾ ਚੌਂਕਾ ਹੈ। ਪ੍ਰਭੂ ਚਰਨਾਂ ਵਿੱਚ ਜੁੜੀ ਉਸ ਦੀ ਸੁਰਤ ਹੀ, ਉਸ ਦੀ ਰਖਵਾਲੀ ਕਰਨ ਵਾਲੀ ਕਾਰ (ਬ੍ਰਾਹਮਣ ਵਲੋਂ ਖਿੱਚੀ, ਆਪਣਾ ਚੌਂਕਾ ਸੁੱਚਾ ਰੱਖਣ ਵਾਲੀ ਲਕੀਰ) ਹੁੰਦੀ ਹੈ। ਉਸ ਬੰਦੇ ਦੇ ਹਿਰਦੇ ਦਾ ਆਧਾਰ, ਉਸ ਦੀ ਸੱਚੀ ਖੁਰਾਕ, ਪਰਮਾਤਮਾ ਦਾ ਪਿਆਰ, ਪ੍ਰਭੂ ਦੀ ਰਜ਼ਾ ਵਿੱਚ ਖੁਸ਼ ਰਹਿਣਾ ਹੀ ਹੁੰਦੀ ਹੈ।
॥ ੬॥ ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ॥ ਹਰਿ ਗੁਣ ਗਾਵਹਿ ਅਨਦਿਨੁ ਜਾਗੇ॥
ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ॥ ੬॥
ਮੈਂ ਉਨ੍ਹਾਂ ਬੰਦਿਆਂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਨ੍ਹਾਂ ਦੀ ਲਿਵ ਹਮੇਸ਼ਾ ਕਰਤਾਰ ਨਾਲ ਜੁੜੀ ਰਹਿੰਦੀ ਹੈ। ਜਿਹੜੇ ਦਿਨ-ਰਾਤ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ, ਵਿਕਾਰਾਂ ਦੇ ਹੱਲਿਆਂ ਵਲੋਂ ਸਦਾ ਸੁਚੇਤ ਰਹਿੰਦੇ ਹਨ। ਉਨ੍ਹਾਂ ਬੰਦਿਆਂ ਦੇ ਅੰਦਰ, ਸਦਾ ਕਾਇਮ ਰਹਿਣ ਵਾਲਾ ਆਨੰਦ ਬਣਿਆ ਰਹਿੰਦਾ ਹੈ। ਉਨ੍ਹਾਂ ਦੀ ਰਸਨਾ, ਉਨ੍ਹਾਂ ਦਾ ਹਿਰਦਾ, ਹਮੇਸ਼ਾ ਪ੍ਰਭੂ ਦੇ ਪਿਆਰ ਰਸ ਨਾਲ, ਰਸ-ਭਰਪੂਰ ਰਹਿੰਦਾ ਹੈ।
॥ ੭॥ ਹਰਿ ਨਾਮੁ ਚੇਤਾ ਅਵਰੁ ਨ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥
ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ॥ ੭॥
ਹੇ ਭਾਈ, ਮੈਂ ਤਾਂ ਪਰਮਾਤਮਾ ਦੇ ਨਾਮ, ਓਸੇ ਦੇ ਹੁਕਮ ਨੂੰ ਹਮੇਸ਼ਾ ਯਾਦ ਰਖਦਾ ਹਾਂ, ਕਦੀ ਨਹੀਂ ਵਿਸਾਰਦਾ, ਅਤੇ ਉਸ ਤੋਂ ਇਲਾਵਾ ਹੋਰ ਕਿਸੇ ਦੇਵੀ-ਦੇਵਤੇ, ਅਵਤਾਰ, ਪੀਰ-ਪੈਗੰਬਰ, ਮਹਾਂਪੁਰਖ, ਬ੍ਰਹਮਗਿਆਨੀ (ਜਿਸ ਨੇ ਜੰਮ ਕੇ ਮਰ ਜਾਣਾ ਹੈ ਜਾਂ ਬਣ ਕੇ ਟੁੱਟ ਜਾਣਾ ਹੈ) ਦੀ ਪੂਜਾ ਨਹੀਂ ਕਰਦਾ। ਮੈਂ ਹਮੇਸ਼ਾ ਉਸ ਇਕ, ਸਭ ਨੂੰ ਸਿਰਜਣਹਾਰ ਦੀ ਹੀ ਸੇਵਾ ਕਰਦਾ ਹਾਂ, ਉਸ ਦੇ ਹੁਕਮ ਵਿੱਚ ਹੀ ਚਲਦਾ ਹਾਂ, ਹੋਰ ਕਿਸੇ ਦੂਸਰੇ ਨੂੰ ਇਸ ਲਾਇਕ ਨਹੀਂ ਸਮਝਦਾ।
ਜਿਸ ਬੰਦੇ ਨੂੰ ਪੂਰੇ ਗੁਰ, ਸ਼ਬਦ ਗੁਰੂ ਨੇ ਪ੍ਰਤੱਖ, ਸਾਕਸ਼ਾਤ, ਸੱਚ ਦੇ ਦਰਸ਼ਨ ਕਰਵਾ ਦਿੱਤੇ ਹੋਣ, ਇਹ ਸਿਧਾਂਤ ਦ੍ਰਿੜ੍ਹ ਕਰਵਾ ਦਿੱਤਾ ਹੋਵੇ ਕਿ ਦੁਨੀਆਂ ਦੀ ਹਰ ਚੀਜ਼, ਪਰਮਾਤਮਾ ਦਾ ਆਪਣਾ ਹੀ ਰੂਪ ਹੈ, ਉਹ ਬੰਦਾ ਸਚੇ ਨਾਮ ਵਿਚ, ਪ੍ਰਭੂ ਦੇ ਹੁਕਮ ਵਿੱਚ ਹੀ ਲੀਨ ਰਹਿੰਦਾ ਹੈ, ਉਸ ਦੇ ਹੁਕਮ ਦੀ ਹੀ ਪਾਲਣਾ ਕਰਦਾ ਰਹਿੰਦਾ ਹੈ, ਕਦੀ ਉਸ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
॥ ੮॥ ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ॥ ਆਪਿ ਭੂਲਾ ਜਾ ਖਸਮਿ ਭੁਲਾਇਆ॥
ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ॥ ੮॥
ਹੇ ਭਾਈ, ਭਾਵੇਂ ਬੰਦਾ ਮਾਇਆ ਮੋਹ ਦਾ ਸ਼ਿਕਾਰ ਹੋ ਕੇ, ਵਿਕਾਰਾਂ ਵਿੱਚ ਫਸਿਆ, ਆਪ ਵਾਹਿਗੁਰੂ ਨੂੰ ਭੁਲਾ ਬੈਠਾ ਹੋਵੇ, ਜਾਂ ਪੁਰਾਣੇ ਕੀਤੇ ਕਰਮਾਂ ਦੇ ਲੇਖੇ ਵਜੋਂ, ਕਰਤਾਰ ਨੇ ਆਪ ਹੀ ਉਸ ਨੂੰ ਕੁਰਾਹੇ ਪਾਇਆ ਹੋਵੇ, ਉਸ ਦਾ ਸਿੱਟਾ ਇਕੋ ਨਿਕਲਦਾ ਹੈ, ਉਹ ਵਹਿਮਾਂ-ਭਰਮਾਂ ਵਿੱਚ ਫਸਿਆ, ਮੁੜ ਮੁੜ ਜੂਨਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਇਸ ਗੇੜ ਵਿਚੋਂ ਨਿਕਲਣ ਦਾ, ਇਕੋ ਰਾਹ ਹੈ, ਸ਼ਬਦ ਗੁਰੂ ਦੀ ਸਰਨ ਲੈਣੀ। ਪਰ ਇਹ ਵੀ ਤਦ ਹੀ ਸੰਭਵ ਹੈ, ਜਦ ਪਰਮਾਤਮਾ ਬਖਸ਼ਿਸ਼ ਕਰ ਕੇ, ਉਸ ਦਾ ਮਿਲਾਪ ਆਪ ਹੀ ਸ਼ਬਦ ਨਾਲ ਕਰਵਾ ਦੇਵੇ। ਇਸ ਬਾਰੇ ਹੀ ਕਿਹਾ ਹੇ ਕਿ ਜਦ ਅਕਾਲ ਆਪ ਉਸ ਦੀ ਬਹੁੜੀ ਕਰਦਾ ਹੈ, ਤਾਂ ਹੀ ਉਹ ਗੁਰਮੁਖ ਹੋ ਕੇ, ਗੁਰੂ ਦਾ ਸਿੱਖ ਹੋ ਕੇ, ਅਬਿਨਾਸੀ ਪ੍ਰਭੂ ਨੂੰ ਮਿਲਾਉਣ ਦੇ ਸਮਰੱਥ ਸ਼ਬਦ ਨੂੰ ਚੀਨਦਾ ਹੈ, ਉਸ ਦੀ ਵਿਚਾਰ ਕਰਦਾ ਹੈ, ਉਸ ਅਨੁਸਾਰ ਆਪਣਾ ਜੀਵਨ ਢਾਲਦਾ ਹੈ।
॥ ੯॥ ਕਾਮਿ ਕ੍ਰੋਧਿ ਭਰੇ ਹਮ ਅਪਰਾਧੀ॥ ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ॥
ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ॥ ੯॥
ਹੇ ਪ੍ਰਭੂ ਅਸੀਂ ਭੁਲਣਹਾਰ, ਅਪਰਾਧ ਕਰਨ ਵਾਲੇ ਜੀਵ, ਕਾਮ ਅਤੇ ਕ੍ਰੋਧ ਆਦਿ ਪੰਜਾਂ ਵਿਕਾਰਾਂ ਵਿੱਚ ਫਸੇ ਹੋਏ, ਤੇਰੇ ਨਾਲੋਂ ਵਿਛੁੜ ਕੇ, ਮਾਇਆ ਮੋਹ ਦੇ ਗੰਦ ਨਾਲ ਭਰੇ ਪਏ ਹਾਂ।
ਹੁਣ ਅਸੀਂ ਕਿਹੜਾ ਮੂੰਹ ਲੈ ਕੇ, ਤੇਰੇ ਅੱਗੇ ਕੁੱਝ ਸਫਾਈ ਦੇਈਏ? ਜਾਂ ਆਪਣੀਆਂ ਭੁੱਲਾਂ ਬਖਸ਼ਣ ਦੀ ਅਰਦਾਸ ਕਰੀਏ? ਸਾਨੂੰ ਮਨ ਵਿੱਚ ਇਹ ਬੋਧ ਹੈ ਕਿ ਅਸੀਂ ਨਾ ਤਾਂ ਕਦੀ ਤੇਰੇ ਗੁਣਾਂ ਦੀ ਵਿਚਾਰ ਹੀ ਕੀਤੀ ਹੈ, ਅਤੇ ਨਾ ਹੀ ਕਦੀ ਤੇਰੀ ਸੇਵਾ ਹੀ ਕੀਤੀ ਹੈ, ਯਾਨੀ ਤੇਰੇ ਹੁਕਮ ਵਿੱਚ ਵੀ ਕਦੀ ਨਹੀਂ ਚੱਲੇ। ਇਹ ਸਾਰਾ ਜਾਣਦੇ, ਅਸੀਂ ਪੁਜਾਰੀ ਜਮਾਤ ਵਾਙ ਤੇਰੇ ਹਜ਼ੂਰ ਖੜੇ ਹੋ ਕੇ, ਢੀਠਤਾਈ ਨਾਲ ਇਹ ਵੀ ਦਾਹਵਾ ਨਹੀਂ ਕਰ ਸਕਦੇ ਕਿ,

“ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥” (੮੧੯)
ਫਿਰ ਅਸੀਂ ਕਿਸ ਆਸਰੇ ਇਹ ਮੰਨ ਲਈਏ ਕਿ ਸਾਡੀ ਅਰਦਾਸ, ਸਾਡੀ ਬੇਨਤੀ ਵਿਅਰਥ ਨਹੀਂ ਜਾਵੇਗੀ? ਜਨ ਬਣੇ ਬਗੈਰ, ਅਸੀਂ ਜੋ ਵੀ ਤੇਰੇ ਕੋਲੋਂ ਮੰਗਾਂਗੇ, ਉਹ ਮੰਗ ਵੀ ਦੁਨਿਆਵੀ, ਨਾਸ ਹੋ ਜਾਣ ਵਾਲੇ ਪਦਾਰਥਾਂ ਲਈ ਹੀ ਹੋਵੇਗੀ। ਜਿਨ੍ਹਾਂ ਦੀ ਪਰਾਪਤੀ ਹੋਣ ਨਾਲ ਵੀ, ਅਸੀਂ ਮਾਇਆ ਨਾਲ ਜੁੜੇ, ਤੇਰੇ ਤੋਂ ਹੋਰ ਦੂਰ ਹੋਵਾਂਗੇ। ਪਰਾਪਤੀ ਨਾ ਹੋਣ ਦੀ ਸੂਰਤ ਵਿੱਚ ਵੀ, ਤੇਰੇ ਤੇ ਗਿਲ੍ਹੇ-ਸ਼ਿਕਵੇ ਕਰਦੇ ਵੀ ਤੇਰੇ ਤੋਂ ਦੂਰ ਹੀ ਹੋਵਾਂਗੇ। ਸਾਡੀ ਅਰਦਾਸ ਵਿੱਚ ਇਹ ਬੋਲ ਤਾਂ ਹੋ ਹੀ ਨਹੀਂ ਸਕਦੇ,
ਦੁਇ ਕਰ ਜੋੜਿ ਕਰੀ ਅਰਦਾਸਿ॥ ਸਦਾ ਜਪੇ ਨਾਨਕੁ ਗੁਣਤਾਸੁ॥ (੧੩੪੦) ਜਾਂ,
ਮਨੁ ਤਨੁ ਆਗੈ ਜੀਅੜਾ ਤੁਝ ਪਾਸਿ। ਜਿਉ ਭਾਵੈ ਤਿਉ ਰਖਹੁ ਅਰਦਾਸਿ॥ (੧੩੪੫) ਜਾਂ,
ਗੁਰ ਅਪਨੇ ਆਗੈ ਅਰਦਾਸਿ॥ ਕਰਿ ਕਿਰਪਾ ਪੁਰਖ ਗੁਣਤਾਸਿ॥
ਕਹੁ ਨਾਨਕ ਤੁਮਰੀ ਸਰਣਾਈ॥ ਜਿਉ ਭਾਵੈ ਤਿਉ ਰਖਹੁ ਗੁਸਾਈ॥ (੧੧੪੮) ਜਾਂ,
ਦੁਇ ਕਰ ਜੋੜਿ ਕਰਉ ਅਰਦਾਸਿ॥ ਤੁਧੁ ਭਾਵੈ ਤਾ ਆਣਹਿ ਰਾਸਿ॥
ਕਰਿ ਕਿਰਪਾ ਅਪਨੀ ਭਗਤੀ ਲਾਇ॥ ਜਨ ਨਾਨਕ ਪ੍ਰਭੁ ਸਦਾ ਧਿਆਇ॥ (੭੩੭)
ਇਸ ਲਈ ਹੇ ਪਰਮਾਤਮਾ ਤੂੰ ਆਪ ਹੀ, ਸਾਨੂੰ ਵਿਕਾਰਾਂ ਦੀ ਦਲਦਲ ਦੇ ਵਿੱਚ ਡੁੱਬ ਰਹੇ, ਪੱਥਰ ਦਿਲਾਂ ਨੂੰ ਅਪਣੇ ਨਾਮ ਵਿੱਚ ਜੋੜ ਲੈ, ਆਪਣੇ ਹੁਕਮ ਵਿੱਚ ਚਲਾ ਲੈ, ਕਿਉਂਕਿ ਤੇਰਾ ਨਾਮ, ਤੇਰਾ ਹੁਕਮ ਹੀ ਸਦਾ ਅਟੱਲ, ਨਾਸ ਰਹਿਤ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧




.