.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-ਪੰਜਵਾਂ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇਕ ਅੱਖਰ ਸਾਡੇ ਵਾਸਤੇ ਸਿਖਿਆ ਹੈ। ਆਵਾਗਉਣ (ਚੋਰਾਸੀ) ਇਹ ਸੰਸਾਰ ਹੈ। ਗੁਰਬਾਣੀਂ ਦਾ ਇੱਕ ਇਕ ਸ਼ਬਦ ਸਾਨੂੰ ਆਵਾਗਉਣ ਦੇ ਦੁੱਖਾਂ ਦੇ ਡਰ ਦੱਸ ਕੇ, ਇਥੋਂ ਨਿਕਲਣ ਦੀ ਸਿੱਖਿਆ (ਪ੍ਰੇਰਣਾਂ) ਦੇਂਦਾ ਹੈ। ਕਿਹੜਾ ਜੀਵ (ਮਨੁੱਖ) ਹੈ ਜੋ ਆਵਾਗਉਣ ਤੋਂ ਬਾਹਰ ਹੈ? ਅਤੇ ਕਿਹੜਾ ਮਨੁੱਖ ਹੈ, ਜੋ ਆਵਾਗਉਣ ਨੂੰ ਛੱਡਣਾਂ ਚਾਹੁੰਦਾ ਹੈ? । ਅਤੇ ਕਿਹੜਾ ਮਨੁੱਖ ਹੈ, ਜੋ ਚਾਹੁੰਣ ਦੇ ਬਾਵਜੂਦ ਵੀ, ਅਤੇ ਲੱਖ ਕੋਸ਼ਿਸ ਕਰ ਕੇ ਵੀ ਆਵਾਗਉਣ ਤੋਂ ਬਾਹਰ ਜਾ ਸੱਕਦਾ ਹੈ? । ਲੱਖ ਕੋਸ਼ਿਸ਼ ਕਰ ਲਵੇ, ਜੀਵ ਚੌਰਾਸੀ ਤੋਂ ਬਾਹਰ ਨਹੀਂ ਜਾ ਸੱਕਦਾ। ਜਿਸ ਦਾ ਸਬੂਤ ਹੈ, ਕੇ ਅਸੀਂ ਸਾਰੇ ਇਸ ਵੇਲੇ ਜੂਨੀਂ ਵਿੱਚ ਹਾਂ। ਅਤੇ ਅਸੀਂ ਉਸ ਦਿਨ ਤੋਂ ਹੀ ਚੌਰਾਸੀ ਦੇ ਚੱਕਰ ਵਿੱਚ ਹਾਂ, ਜਿਹੜਾ ਦਿਨ ਇਸ ਸ੍ਰਿਸ਼ਟੀ ਦੀ ਰਚਨਾਂ ਦਾ ਪਹਿਲਾ ਦਿਨ ਸੀ, ਅਤੇ ਅਸੀਂ ਅੱਜ ਵੀ ਇਥੇ ਹੀ ਹਾਂ।

ਜੇ ਅਸੀਂ ਅੱਜ ਤੱਕ ਜੂਨਾਂ ਤੋਂ ਮੁਕਤੀ ਹਾਸਲ ਨਹੀਂ ਕਰ ਸਕੇ ਤਾਂ, ਅੱਜ ਕਿਸ ਆਧਾਰ ਤੇ ਅਸੀਂ ਮੁਕਤ ਹੋ ਜਾਵਾਂ ਗੇ। ਅੱਜ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਬਿਰਖੈ ਹੇਠਿ ਸਭਿ ਜੰਤ ਇਕਠੇ। ਪੜ੍ਹਾਂ ਗੇ।

ਇਸ ਸ਼ਬਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ, ਇਹ ਸਾਰਾ ਸੰਸਾਰ ਇਸ ਤਰਾਂ ਸਮਝ ਲਵੋ, ਜਿਵੇਂ ਕੇ ਇੱਕ ਰੁੱਖ ਹੈ। ਰਾਤ ਪੈਂਦੀ ਹੈ, ਸੂਰਜ ਅਸਤ ਹੁੰਦੇ ਹੀ, ਤਰਾਂ ਤਰਾਂ ਦੇ ਪੰਛੀ, ਕਿਸੇ ਰੁੱਖ ਤੇ ਰਾਤ ਕੱਟਣ ਵਾਸਤੇ ਇਕੱਠੇ ਹੋ ਜਾਂਦੇ ਹਨ। ਇਹਨਾਂ ਵਿਚੋਂ ਕੁੱਝ ਪੰਛੀਆਂ ਦੀ ਬੋਲੀ ਬਹੁਤ ਹੀ ਮਿੱਠੀ, ਮਨ ਨੂੰ ਪਿਆਰੀ ਲੱਗਣ ਵਾਲੀ ਹੁੰਦੀ ਹੈ। ਅਤੇ ਕੁੱਝ ਪੰਛੀਆਂ ਦੀ ਬੋਲੀ ਮਨ ਨੂੰ ਕੌੜੀ ਜਾਂ ਖਰਵੀ ਲੱਗਦੀ ਹੈ। ਜਦ ਸੂਰਜ ਉਦੈ ਹੁੰਦਾ ਹੈ, ਤਾਂ ਪੰਛੀ ਰੁੱਖ ਤੋਂ ਉੱਡ ਜਾਂਦੇ ਹਨ।

ਇਹ ਸੰਸਾਰ (ਜਾਂ ਪਰਿਵਾਰ) ਇੱਕ ਰੁੱਖ ਦੀ ਨਿਆਈਂ ਹੈ। ਜਦ ਰਾਤ ਪੈਂਦੀ ਹੈ, (ਇਹ ਸੰਸਾਰ ਰਾਤ ਦਾ ਸੁਪਨਾਂ ਹੈ) ਤਾਂ ਪਤਾ ਨਹੀਂ ਕਿਥੋਂ ਕਿਥੋਂ ਦੇ ਜੀਵ ਇੱਕ ਪਰਿਵਾਰ ਜਾਂ ਸਮਾਜ ਦੇ ਰੂਪ ਵਿੱਚ ਇਕੱਠੇ ਹੋ ਜਾਂਦੇ ਹਨ। ਸੱਭ ਦੇ ਵੱਖ ਵੱਖ ਸੁਭਾ ਹੁੰਦੇ ਹਨ। ਕੁੱਝ ਬਹੁਤ ਮਿੱਠੇ ਸੁਭਾ ਦੇ ਹੁੰਦੇ ਹਨ, ਕੁੱਝ ਬਹੁਤ ਕੌੜੇ ਜਾਂ ਕਰੋਧੀ ਸੁਭਾ ਦੇ ਹੁੰਦੇ ਹਨ। ਜਿਵੇਂ ਜਿਵੇਂ ਜੀਵਾਂ ਦੀ ਉਮਰ ਮੁੱਕ ਜਾਂਦੀ ਹੈ, ਆਪਣੀਂ ਆਪਣੀਂ ਵਾਰੀ ਪੰਛੀਆਂ ਵਾਂਗ ਕੂਚ ਕਰ ਜਾਂਦੇ ਹਨ। ਕੌਣ ਕਿਥੋਂ ਆਇਆ ਕਿਸੇ ਨੂੰ ਨਹੀਂ ਪਤਾ, ਕੌਣ ਕਿਥੇ ਜਾਵੇ ਗਾ ਕੋਈ ਨਹੀਂ ਜਾਣਦਾ।

ਮਾਰੂ ਮਹਲਾ ੫॥ ਬਿਰਖੈ ਹੇਠਿ ਸਭਿ ਜੰਤ ਇਕਠੇ॥ ਇਕਿ ਤਤੇ ਇਕਿ ਬੋਲਨਿ ਮਿਠੇ॥ ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ॥ ੧॥

ਸੰਸਾਰ ਦੇ ਬਿਰਖ ਹੇਠ ਸੱਭ ਜੀਵ (ਕਰਮਾਂ ਦੇ ਹਿਸਾਬ ਨਾਲ) ਰੈਣ ਬਸਰ ਕਰਨ ਵਾਸਤੇ ਇਕੱਠੇ ਹੁੰਦੇ ਹਨ। ਲੜਦੇ ਝਗੜਦੇ ਹਨ, ਕੁੱਝ ਇੱਕ ਪਿਆਰ ਵੀ ਕਰਦੇ ਹਨ। ਦਿਨ ਚੜਦਾ ਹੈ ਪੰਛੀਆਂ ਵਾਗ ਸਾਰੇ ਹੀ (ਕੌੜੇ ਵੀ ਮਿੱਠੇ ਵੀ) ਉਮਰ ਭੋਗ ਕੇ ਕੂਚ ਕਰ ਜਾਂਦੇ ਹਨ।

ਪਾਪ ਕਰੇਦੜ ਸਰਪਰ ਮੁਠੇ॥ ਅਜਰਾਈਲਿ ਫੜੇ ਫੜਿ ਕੁਠੇ॥ ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ॥ ੨॥

(ਸੰਸਾਰ ਤੇ ਆਕੇ ਕੀ ਕੀਤਾ) ਪਾਪ ਕੀਤੇ ਸਮਝੋ ਲੁਟੇ ਗਏ। (ਲੁੱਟੇ ਗਏ ਬੰਦੇ ਦੇ ਪੱਲੇ ਕੀ ਰਹਿ ਜਾਂਦਾ ਹੈ) ਮੌਤ ਦੇ ਫਰਿਸਤੇ ਨੇਂ ਆਨ ਫੜਿਆ, ਫੜ ਫੜ ਕੇ ਕੋਹੀ ਜਾਂਦਾ ਹੈ (ਗੁਰੂ ਜੀ ਇਹ ਕੋਈ ਮਨ ਘੜਤ ਗੱਲ ਨਹੀਂ ਕਹਿ ਰਹੇ) ਫਿਰ ਸਿਰਜਨਣ ਹਾਰੇ ਨੇਂ ਫੜ ਕੇ ਦੋਜ਼ੁਕ ਵਿੱਚ ਪਾ ਦਿੱਤਾ। ਇਥੇ ਹੀ ਬੱਸ ਨਹੀਂ ਬਾਣੀਏਂ (ਧਰਮਰਾਜ) ਦਾ ਲੇਖਾ ਤਾਂ ਅਜੇ ਬਾਕੀ ਹੈ।

ਕਈ ਮਨੁਖ ਆਪਣੇਂ ਇਸ ਜੀਵਨ ਵਿੱਚ ਸੱਚ ਮੁਚ ਹੀ ਬੜੇ ਨੇਕ ਹੁੰਦੇ ਹਨ। ਉਹਨਾਂ ਨੇਂ ਆਪਣੇਂ ਸਾਰੇ ਜੀਵਨ ਵਿੱਚ ਕੋਈ ਪਾਪ ਜਾਂ ਬੁਰਾ ਕਰਮ ਨਹੀਂ ਕੀਤਾ ਹੁੰਦਾ। ਬਹੁਤ ਹੀ ਪੁਨੀਂ ਧਰਮੀਂ ਹੁੰਦੇ ਹਨ। ਬਹੁਤ ਹੀ ਗਿਆਨਵਾਨ ਵੀ ਹੁੰਦੇ ਹਨ। ਪਰ ਜਿਸ ਤਰਾਂ ਖੂਹ ਵਿੱਚ ਡਿੱਗੀ ਇੱਟ ਕਦੇ ਸੁੱਕੀ ਨਹੀਂ ਨਿਕਲਦੀ, ਇਸੇ ਤਰਾਂ ਇਸ ਸੰਸਾਰ ਆਇਆ ਹੋਇਆ ਮਨੁੱਖ, ਪਾਪਾਂ ਤੋਂ ਨਿਰਲੇਪ ਨਹੀਂ ਰਹਿ ਸੱਕਦਾ। ਰੋਜ਼ ਹੀ ਹਰ ਮਨੁੱਖ ਕੁੱਝ ਅਜੇਹੇ ਪਾਪ ਕਰ ਰਿਹਾ ਹੈ, ਜਿਸ ਦਾ ਕੇ ਇਨਸਾਨ ਨੂੰ ਗਿਆਨ ਨਹੀਂ ਹੁੰਦਾ, ਗੁਰਬਾਣੀਂ ਉਸ ਨੂੰ ਅਚੇਤ ਪਾਪ ਕਹਿੰਦੀ ਹੈ। ਅਚੇਤ ਲਫਜ ਦੇ ਕਈ ਅਰਥ ਨਿਕਲਦੇ ਹਨ। ਜਿਵੇਂ, ਭੁਲਿਆ ਹੋਇਆ, ਵਿਸਾਰਿਆ ਹੋਇਆ, ਗਾਫਲ, ਲਾਪ੍ਰਵਾਹ, ਅਨਜਾਣ, ਆਦਿ। ਨੌਵੇਂ ਗੁਰੂ ਦੀ ਬਾਣੀਂ ਦੇ ਇੱਕ ਸ਼ਬਦ ਦੀ ਪਹਿਲੀ ਤੁਕ ਹੈ ਨਰ ਅਚੇਤ ਪਾਪ ਤੇ ਡਰੁ ਰੇ ਇਸ ਤੁਕ ਦਾ ਭੁਲੇਖਾ ਵੀ, ਬਾਣੀਂ ਦੀ ਇੱਕ ਹੋਰ ਤੁਕ ਸਭਿ ਤੇ ਵਡਾ ਸਤਿਗੁਰ ਨਾਨਕ ਵਾਲੀ ਤੁਕ ਵਾਂਗ ਲੱਗ ਸੱਕਦਾ ਹੈ

ਫਿਰ ਵੀ ਇਹ ਅਚੇਤ ਲਫਜ਼ ਭਾਵੇਂ “ਨਰ” ਵਾਸਤੇ ਹੈ ਜਾਂ “ਪਾਪ” ਵਾਸਤੇ ਹੈ। ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਮਤਲਬ ਤਾਂ ਇਹ ਹੈ, ਕਿ ਗੁਰੂ ਜੀ ਸਾਨੂੰ ਕੀਤੇ ਹੋਏ ਪਾਪਾਂ ਤੋਂ ਡਰਨ ਦੀ ਚਿਤਾਵਨੀਂ ਦੇ ਰਹੇ ਹਨ। ਕੌਣ ਮੰਨਦਾ ਹੈ ਕੇ ਮੈਂ ਪਾਪ ਕਰਦਾ ਹਾਂ, ਪਰ ਪਾਪ ਸਾਰੇ ਹੀ ਕਰ ਰਹੇ ਹਨ, ਭਾਵ ਜਾਣੇਂ ਅਨਜਾਣੇਂ ਵਿੱਚ ਸੱਭ ਤੋਂ ਪਾਪ ਹੋ ਰਹੇ ਹਨ। ਇਸ ਨੂੰ ਅਚੇਤ ਪਾਪ (ਜੋ ਪਾਪ ਸਾਡੇ ਚਿੱਤ ਚੇਤੇ ਵੀ ਨਹੀਂ ਹਨ) ਵੀ ਕਹਿ ਸੱਕਦੇ ਹਾਂ। ਕਿਸੇ ਦੀ ਨਿੰਦਾ ਕਰਨਾਂ, ਕਿਸੇ ਨੂੰ ਕੌੜਾ ਬਚਨ ਕਹਿਣਾਂ, ਕਿਸੇ ਦਾ ਮਨ ਦੁਖਾਉਣਾਂ, ਆਦੀ ਵੀ ਵੱਡੇ ਪਾਪਾਂ ਜਾਂ ਗੁਨਾਹਾਂ ਵਿੱਚ ਸ਼ਾਮਲ ਹਨ। ਇਹਨਾਂ ਗੁਨਾਹਾ ਦੀ ਗੁਰਮੱਤਿ ਵਿੱਚ ਮਨਾਹੀਂ ਹੈ। ਜੋ ਥੋੜਾ ਜਾਂ ਬਹੁਤ ਇਹ ਪਾਪ ਆਪਾਂ ਸਾਰੇ ਹੀ ਕਰ ਰਹੇ ਹਾਂ। ਇਹਨਾਂ ਪਾਪਾਂ ਵਿੱਚ ਕੋਈ ਸਵਾਦ ਨਹੀਂ, ਕੋਈ ਲੱਜ਼ਤ ਨਹੀ, ਇਸ ਨਾਲ ਸਾਡਾ ਪੇਟ ਨਹੀਂ ਭਰਦਾ, ਇਸ ਵਿੱਚ ਸਾਡਾ ਕੋਈ ਵੀ ਫਾਇਦਾ ਨਹੀਂ, ਫਿਰ ਵੀ ਅਸੀਂ ਕਰ ਰਹੇ ਹਾਂ। ਕਿਉਂ ਕੇ ਇਹ ਸਾਡਾ ਮਨ ਚਾਹੁੰਦਾ ਹੈ। ਗੁਰੂ ਦਾ ਇਹ ਹੁਕਮ ਨਹੀਂ ਹੈ। ਇਸ ਗੱਲ ਤੋਂ ਅਸੀਂ ਆਪਣੀਂ ਇੱਕ ਹੋਰ ਪਰਖ ਵੀ ਕਰ ਸੱਕਦੇ ਹਾਂ, ਕਿ ਅਸੀਂ ਮਨਮੁਖਤਾ ਵਿੱਚ ਵਰਤ ਰਹੇ ਹਾਂ ਜਾਂ ਗੁਰਮੁਖਤਾ ਵਿਚ। ਕਿਸੇ ਦੀ ਨਿੰਦਾ ਕਰਨਾਂ ਵੱਡਾ ਗੁਨਾਂਹ ਹੈ, ਸਤਿਗੁਰ ਸਾਚੀ ਸਿਖ ਸੁਣਾਈ ] ਮਨਮੁਖਿ ਅੰਧੇ ਸੁਧਿ ਨ ਕਾਈ॥ ਆਤਮ ਘਾਤੀ ਹੈ ਜਗਤ ਕਸਾਈ॥ ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ॥ ੪॥

ਮਹਲਾ ੯॥ ਨਰ ਅਚੇਤ ਪਾਪ ਤੇ ਡਰੁ ਰੇ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ॥ ੧॥ ਰਹਾਉ॥ ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ॥ ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ॥ ੨॥

ਸ੍ਰੀ ਗੁਰੂ ਤੇਗ ਬਹਾਦਰ ਜੀ ਸਮਝਾਉਂਦੇ ਹਨ। ਹੇ ਪ੍ਰਾਣੀਂ ਡਰ, ਅਚੇਤ ਪਾਪ ਤੇ ਡਰ, ਹੰਕਾਰ ਛੱਡ, ਅਤੇ ਦੀਨ ਹੋ ਜਾ, ਦੀਨ ਦਇਆਲ ਦੀ ਸਰਨ ਲੈ, ਉਹ ਸਾਰੇ ਦੁੱਖਾਂ ਦਾ ਨਾਸ ਕਰ ਦੇਵੇ ਗਾ। (ਸਿਰਫ ਪੱੜ੍ਹ/ਸੁਣ ਲੈਣ ਨਾਲ ਜਾਂ ਵਿਚਾਰ ਕਰ ਲੈਣ ਨਾਲ, ਜਾਂ ਦੂਜਿਆਂ ਨੂੰ ਸਮਝਾ ਲੈਣ ਨਾਲ, ਹੀ ਦੀਨ ਦਇਆਲ ਦੀ ਸਰਨ ਨਹੀਂ ਲਈ ਜਾ ਸੱਕਦੀ। ਦੀਨ ਦਇਆਲ ਜੇ ਸਾਨੂੰ ਆਪਣੀਂ ਸਰਨ ਵਿੱਚ ਲਵੇ ਗਾ ਹੀ ਨਹੀਂ, ਤਾਂ ਕੀ ਅਸੀਂ ਧੱਕੇ ਨਾਲ ਹੀ ਉਸ ਦੀ ਸਰਨ ਕਿਵੇਂ ਲੈ ਲਵਾਂਗੇ? । ਉਸ ਦਾ ਨਾਂ ਹੈ “ਦੀਨ ਦਇਆਲ” ਉਹ ਸਿਰਫ ਦੀਨਾਂ ਤੇ ਦਿਆਲ ਹੁੰਦਾ ਹੈ, (ਸਾਡੇ ਵਰਗੇ ਹੰਕਾਰੀਆਂ ਤੇ ਨਹੀਂ) ਜੇ ਤਾਂ ਅਸੀਂ (ਸਾਡਾ ਮਨ) ਸੱਚ ਮੁਚ ਦੀਨ ਹੋ ਗਏ ਹਾਂ, ਤਾਂ ਜਰੂਰ ਉਹ ਸਾਨੂੰ ਆਪਣੀਂ ਸਰਨ ਵਿੱਚ ਲੈ ਸੱਕਦਾ ਹੈ, ਪਰ ਖਾਲੀ ਦੀਨ ਹੋਣ ਨਾਲ ਵੀ ਕੰਮ ਨਹੀਂ ਸਰਨਾਂ, ਦੀਨ ਤਾਂ ਬਥੇਰੀ ਦੁਨੀਆਂ ਹੋਈ ਫਿਰਦੀ ਹੈ, ਜੇ ਹੰਕਾਰੀਆਂ ਦੀ ਇਸ ਦੁਨੀਆਂ ਵਿੱਚ ਕਮੀਂ ਨਹੀਂ, ਤਾਂ ਦੀਨਾਂ ਦੁਖੀਆਂ ਦੀ ਵੀ ਕਮੀਂ ਨਹੀਂ ਹੈ। ਕੀ ਸਾਰਿਆਂ ਦੀਨਾਂ ਦੁਖੀਆਂ ਨੂੰ ਪ੍ਰਮਾਤਮਾਂ ਆਪਣੀਂ ਸਰਨ ਵਿੱਚ ਲੈ ਕੇ ਤਾਰ ਦੇਂਦਾ ਹੈ? । ਜੇ ਅਜੇਹਾ ਹੁੰਦਾ ਤਾਂ ਅੱਜ ਨੂੰ ਸਾਰੀ ਦੁਨੀਆਂ ਹੀ ਤਰ ਜਾਂਦੀ। ਕਿਉਂ ਕੇ ਬਾਣੀਂ ਵਿੱਚ ਲਿਖਿਆ ਹੈ “ਨਾਨਕ ਦੁਖੀਆ ਸਭੁ ਸੰਸਾਰ”। ਦੀਨ ਹੋਣ ਦੇ ਨਾਲ ਨਾਲ ਸਰਨ (ਸੱਚੀ ਸਰਨ) ਲੈਣੀਂ ਵੀ ਜਰੂਰੀ ਹੈ, ਸੱਚੀ ਸਰਨ ਲੈਣ ਵਾਸਤੇ ਪਹਿਲੇ ਸੱਚੀ ਦੀਨਤਾ, ਜਰੂਰੀ ਹੈ। ਸੱਚੀ ਦੀਨਤਾ ਸੱਚੇ ਗਿਆਨ ਤੋਂ ਬਿਨਾਂ ਨਹੀ ਆ ਸੱਕਦੀ। ਆਉ ਆਪਾਂ ਸਾਰੇ ਆਪਣੇਂ ਮਨ ਵਿੱਚ ਝਾਂਕ ਕੇ ਦੇਖੀਏ ਕੀ ਅਸੀਂ ਅੰਦਰੋਂ ਵੀ ਦੀਨ ਹਾਂ। ਜੇ ਸਾਡੇ ਅੰਦਰ ਰਾਈ ਦਾ ਦਸਵਾਂ ਹਿੱਸਾ ਵੀ ਹੰਕਾਰ ਹੈ, ਤਾਂ ਭੁੱਲ ਜਾਣਾਂ ਚਾਹੀਦਾ ਹੈ, ਕੇ ਹਰੀ ਸਾਨੂੰ ਆਪਣੀਂ ਸਰਨ ਵਿੱਚ ਲੈ ਲਵੇ ਗਾ। ਦੀਨ ਹੋਣ ਦੇ ਨਾਲ ਜਰੂਰੀ ਗੱਲ ਇਹ ਹੈ, ਕੇ ਸਾਨੂੰ ਇਹ ਵੀ ਗਿਆਨ ਹੋਣਾਂ ਚਾਹੀਦਾ ਹੈ, ਕੇ ਸਰਨ ਲੈਣੀਂ ਕਿਵੇਂ ਹੈ। ਗਿਆਨ ਹੋ ਜਾਵੇ, ਅਤੇ ਦੀਨ ਹੋ ਜਾਵੇ, ਫਿਰ ਬਾਕੀ ਕੀ ਰਹਿ ਗਿਆ, ਸਾਰਾ ਝਗੜਾ ਹੀ ਖਤਮ ਹੋ ਗਿਆ।

ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗਲੀ ਤੁਕ ਵਿੱਚ ਸਮਝਾਉਂਦੇ ਹਨ, ਹੇ ਪ੍ਰਾਣੀਂ ਇਹ ਮਨੁੱਖਾ ਦੇਹੀ ਤੈਨੂੰ ਦੁਬਾਰਾ ਨਹੀਂ ਮਿਲਣੀਂ ਇਸ ਵਾਸਤੇ ਤੂੰ ਹੁਣ ਇਸ ਵੇਲੇ ਦਾ, ਇਸ ਦੇਹੀ ਦਾ ਕੁੱਝ ਫਾਇਦਾ ਉਠਾ ਲੈ। ਆਪਣੀਂ ਮੁਕਤੀ ਵਾਸਤੇ ਕੁੱਝ ਉਪਾਉ ਕਰ ਲੈ। ਹੁਣ ਵੇਲਾ ਹੈ ਭਵ ਸਾਗਰ ਤੋਂ ਲੰਘ ਜਾ, ਗੁਰੂ ਜੀ ਕਹਿੰਦੇ ਹਨ, ਸਾਡਾ ਤਾਂ ਭਾਈ ਤੈਨੂੰ ਇਹੋ ਹੀ ਕਹਿਣਾਂ ਹੈ।

ਸੰਗਿ ਨ ਕੋਈ ਭਈਆ ਬੇਬਾ॥ ਮਾਲੁ ਜੋਬਨੁ ਧਨੁ ਛੋਡਿ ਵਞੇਸਾ॥ ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ॥ ੩॥

ਕਿਸੇ ਵੀ ਰਿਸਤੇਸਾਰ, ਮਾਂ ਨੇ ਜਾਂ ਭਰਾ ਨੇਂ ਤੇਰਾ ਸਾਥ ਨਹੀਂ ਦੇਣਾਂ, ਪਾਪ ਕਰ ਕਰ ਕੇ ਇਕੱਠਾ ਕੀਤਾ ਧਨ ਮਾਲ, ਅਤੇ ਦੇਹ ਜਿਸ ਦੇ ਜੋਬਨ ਦਾ ਕਦੇ ਤੈਨੂੰ ਮਾਨ ਹੁੰਦਾ ਸੀ, ਇੱਕ ਦਿਨ ਸੱਭ ਕੁੱਝ ਛੱਡ ਕੇ ਤੈਨੂੰ ਇਥੋਂ ਖਾਲੀ ਹੱਥ ਕੂਚ ਕਰਨਾਂ ਪੈਣਾਂ ਹੈ। ਤੂੰ ਸੰਸਾਰ ਦੇ ਰਚਣ ਹਾਰੇ ਨੂੰ ਨਹੀਂ ਜਾਤਾ (ਬੁਝਿਆਂ), ਅਤੇ ਨਾਂ ਹੀ ਬਖਸ਼ਣ ਹਾਰ ਨੂੰ ਜਾਣਿਆਂ। ਇਸ ਵਾਸਤੇ ਤੂੰ ਇਸ ਤਰਾਂ ਪੀੜਿਆ ਜਾਵੇਂ ਗਾ। ਜਿਵੇਂ ਕੋਹਲੂ ਦੇ ਵਿੱਚ ਤਿਲ ਪੀੜੇ ਜਾਂਦੇ ਹਨ।

ਖੁਸਿ ਖੁਸਿ ਲੈਦਾ ਵਸਤੁ ਪਰਾਈ॥ ਵੇਖੈ ਸੁਣੇ ਤੇਰੈ ਨਾਲਿ ਖੁਦਾਈ॥ ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ॥ ੪॥

ਤੂੰ ਪਰਾਇਆ ਧਨ, ਹਰ ਹੀਲੇ ਆਪਣਾਂ ਬਨਾਉਣਾਂ ਚਾਹੁੰਦਾ ਹੈ (ਤੂੰ ਭੁੱਲ ਗਿਆ ਤੇਰੀ ਤਾਂ ਆਪਣੀਂ ਕੋਈ ਚੀਜ ਵੀ ਆਪਣੀਂ ਨਹੀਂ, ਦੇਹ ਵੀ ਅਪਣੀਂ ਨਹੀਂ) ਪਰ ਪ੍ਰਭੂ ਤੇਰੇ ਹਰ ਕੰਮ ਨੂੰ ਵੇਖ/ਸੁਣ ਰਿਹਾ ਰਿਹਾ ਹੈ। ਤੂੰ ਦੁਨੀਆਂ ਦੀਆਂ ਵਸਤਾਂ ਦੇ ਲਾਲਚ ਦੇ ਟੋਏ/ਖੂਹ ਵਿੱਚ ਡਿਗ ਪਿਆ, ਤੈਨੂੰ ਅਗੇ ਕੀ ਸਜਾ ਮਿਲੇ ਗੀ, ਤੂੰ ਨਹੀਂ ਜਾਣਦਾ।

ਜਮਿ ਜਮਿ ਮਰੈ ਮਰੈ ਫਿਰਿ ਜੰਮੈ॥ ਬਹੁਤੁ ਸਜਾਇ ਪਇਆ ਦੇਸਿ ਲμਮੈ॥ ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ॥ ੫॥

ਕੀਤੇ ਕਰਮਾਂ ਦਾ ਹਿਸਾਬ (ਬਦਲਾ) ਦੇਣ ਵਾਸਤੇ ਬਾਰ ਬਾਰ ਜੰਮੇਂ ਗਾ, ਬਾਰ ਬਾਰ ਮਰੇਂ ਗਾ, ਫਿਰ ਜੰਮੇਂ ਗਾ, ਕਰੋੜਾਂ ਵਾਰ ਮਰੇਂ ਗਾ। ਜੰਮਣ ਮਰਨ ਦੀ ਇਹ ਸਜਾ, ਬਹੁਤ ਲੰਮੀਂ ਸਜਾ ਹੈ, ਇਸ ਨੂੰ ਭੋਗਣ ਵਾਸਤੇ ਜਨਮ ਮਰਨ ਦੇ ਲੰਮੇ ਗੇੜ, (ਲੰਮੇਂ ਰਾਹ) ਪੈ ਜਾਵੇਂ ਗਾ। ਜਿਸ ਨੇਂ ਇਸ ਸੰਸਾਰ ਦੀ ਰਚਨਾਂ ਕੀਤੀ, ਅੱਨ੍ਹਾਂ ਪ੍ਰਾਣੀਂ ਉਸ ਨੂੰ ਤਾਂ ਜਾਣਦਾ ਨਹੀਂ, ਇਸ ਵਾਸਤੇ ਮਨੁੱਖ ਦੁਖ ਸਹਿੰਦਾ ਹੈ

ਜਨਮ ਜਾਂ ਮਰਨ, ਕਿਸੇ ਬਹ੍ਰਿਮੰਡੀ ਸਥਾਨ, ਜਾਂ ਪ੍ਰਭੂ ਦੇ ਘਰ ਤਾਂ ਹੋਣਾਂ ਨਹੀਂ, ਇਹ ਤਾਂ ਇਸੇ ਸੰਸਾਰ ਵਿੱਚ ਹੀ ਹੋਣਾਂ ਹੈ, ਅਤੇ ਜਦ ਤੱਕ ਮਨੁੱਖ ਜਨਮ ਮਰਨ ਦੇ (ਲੰਮੇਂ) ਗੇੜ ਵਿੱਚ ਪਿਆ ਹੋਇਆ ਹੈ, ਜੂਨਾਂ ਵਿੱਚ ਹੈ। ਅਤੇ ਜੂਨਾਂ ਵਿੱਚ ਫਿਰਨਾਂ ਹੀ ਆਵਾਗਉਣ ਹੈ। ਅਤੇ ਅਸੀਂ ਸਾਰੇ ਇਸ ਵੇਲੇ ਆਵਾਗਉਣ ਵਿੱਚ ਹਾਂ, ਕੌਣ ਦੱਸ ਸੱਕਦਾ ਹੈ, ਕਿ ਅਸੀਂ ਆਵਾਗਉਣ ਵਿਚੋਂ ਕਿਵੇਂ ਛੁੱਟ ਸੱਕਦੇ ਹਾਂ। ਅਸੀਂ ਪ੍ਰਭੂ ਦੀ ਉਸਤਤ ਕਰਦੇ ਹਾਂ, ਉਸਤਤ ਵਿੱਚ ਕਹਿੰਦੇ ਹਾਂ, ਇੱਕ ਪ੍ਰਭੂ ਹੈ, ਸਾਰਿਆਂ ਧਰਮਾਂ ਦਾ ਇਕੋ ਹੀ ਪ੍ਰਭੂ ਹੈ, ਉਹ ਬਹੁਤ ਵੱਡਾ ਹੈ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਉਹ ਸਾਰਿਆਂ ਨੂੰ ਪਾਲਦਾ ਹੈ, ਰਿਜ਼ਕ ਦੇਂਦਾ ਹੈ, ਸੰਭਾਲ ਕਰਦਾ ਹੈ, ਉਹ ਦਇਆਲ ਹੈ, ਉਸ ਦੇ ਅਨੇਕਾਂ ਰੂਪ ਹਨ, ਉਸ ਦੇ ਅਨੇਕਾਂ ਗੁਣ ਹਨ, ਉਸ ਨੂੰ ਕੋਈ ਦੇਖ ਨਹੀਂ ਸੱਕਦਾ, ਉਸ ਦੀ ਮਹਿਮਾਂ ਕੋਈ ਵੀ ਵਰਨਣ ਨਹੀਂ ਕਰ ਸੱਕਦਾ, ਉਹ ਪਲ ਵਿੱਚ ਉਸਾਰ ਸੱਕਦਾ ਹੈ, ਪਲ ਵਿੱਚ ਢਾਹ ਸੱਕਦਾ ਹੈ। ਉਹ ਸ਼ੇਰਾਂ ਨੂੰ ਘਾਹ ਖੁਆ ਸੱਕਦਾ ਹੈ, ਅਤੇ ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਸੱਕਦਾ ਹੈ। ਗਿਆਨੀ ਨੂੰ ਮੂਰਖ ਕਰ ਸੱਕਦਾ ਹੈ ਮੂਰਖ ਨੂੰ ਗਿਆਨੀਂ ਬਨਾ ਸੱਕਦਾ ਹੈ। ਆਦੀ ਆਦੀ ਉਸ ਦੀਆਂ ਹਜਾਰਾਂ ਜਾਂ ਲੱਖਾਂ ਹੀ ਸਿਫਤਾਂ ਕਰਦੇ ਹਾਂ, ਪਰ ਇਹ ਸਿਫਤ ਤਾਂ ਅਸੀਂ ਪੱੜ੍ਹ ਕੇ ਕਰ ਰਹੇ ਹਾਂ, ਜੋ ਕੋਈ ਵੀ ਕਰ ਸੱਕਦਾ ਹੈ। ਇਹ ਗੱਲਾਂ ਤਾਂ ਕੋਈ ਵੀ ਮਨੁੱਖ, ਕਿਸੇ ਵੀ ਧਰਮ ਵਿੱਚ ਮਮੂਲੀ ਦਿਲਚਸਪੀ ਰੱਖਣ ਵਾਲਾ ਵੀ ਪੱੜ੍ਹ ਸੁਣ ਕੇ ਕਹਿ ਸੱਕਦਾ ਹੈ। ਅਤੇ ਇਹ ਗੱਲ ਸਾਰੇ ਧਰਮਾਂ ਵਾਲੇ ਦੱਸਦੇ ਵੀ ਹਨ, ਅਤੇ ਉਸੇ ਤਰਾਂ ਮੁੰਹ ਨਾਲ ਹਰੀ ਦੀਆਂ ਸਿਫਤਾਂ ਅਸੀਂ ਵੀ ਕਰੀ ਜਾਂਦੇ ਹਾਂ। ਗੁਰੂ ਨਾਨਕ ਦੇਵ ਜੀ ਨੇਂ ਬਾਕੀ ਧਰਮਾਂ ਨਾਲੋਂ ਸਾਨੂੰ ਜੋ ਅਲੱਗ ਸਿਖਿਆ ਦਿੱਤੀ ਹੈ, ਜਿਸ ਨੂੰ ਕੇ ਹੋਰ ਧਰਮਾਂ ਵਾਲੇ ਮੰਨਣ ਤੋ ਇਨਕਾਰੀ ਸਨ। ਉਹਨਾਂ ਹੀ ਗੱਲਾਂ ਨੂੰ ਮੰਨਣ ਤੋਂ ਅਸੀਂ ਵੀ ਇਨਕਾਰੀ ਹਾਂ। ਫਿਰ ਉਹਨਾਂ ਨਾਲੋਂ ਸਾਡਾ ਫਰਕ ਕੀ ਹੋਇਆ। ਗੁਰਬਾਣੀਂ ਸਾਨੂੰ ਬਾਰ ਬਾਰ, ਤੁਕ ਤੁਕ ਵਿੱਚ ਜੋ ਸਿੱਖਿਆ ਦੇਂਦੀ ਹੈ, ਜੋ ਬੁਝਾਉਂਦੀ ਹੈ, ਜੋ ਸਮਝਾਉਂਦੀ ਹੈ, ਉਹ ਗੱਲ ਸਾਡੀ ਸਮਝ ਵਿੱਚ ਨਹੀਂ ਆਉਂਦੀ, ਉਸ ਨੂੰ ਅਸੀਂ ਮੰਨਦੇ ਨਹੀਂ। ਇਸ ਸ਼ਬਦ ਦੀ ਕਿਹੜੀ ਗੱਲ ਨੂੰ ਅਸੀਂ ਝੂਠਾ ਕਰ ਸੱਕਦੇ ਹਾਂ।

॥ ਜਪੁ॥ ਸਾਹਿਬ ਵਾਲੀ ਬਾਣੀਂ ਪੂਰੀ ਦੀ ਪੂਰੀ “ਅਕਾਲ ਪੁਰਖ” ਦੇ ਗੁਣਾਂ ਦਾ ਗਾਇਣ ਕਰਦੀ ਹੈ। ਪ੍ਰਭੂ ਦੀ ਵਡਿਆਈ, ਪ੍ਰਭੂ ਦੇ ਗੁਣ, ਪ੍ਰਭੂ ਦੀ ਰਚਨਾਂ, ਰਚਨਾਂ ਦਾ ਪਸਾਰਾ। ਪ੍ਰਭੂ ਕਿਡਾ ਉਚਾ ਜਾਂ ਵੱਡਾ ਹੈ, ਕਿਨੇ ਉਸ ਨੂੰ ਧਿਆਉਣ (ਜੱਸ ਕਰਨ) ਵਾਲੇ ਹਨ। ਕਿਨੇਂ ਪਾਪ ਕਰਨ ਵਾਲੇ ਹਨ, ਕਿਨੇ ਪੁੰਨ ਕਰਨ ਵਾਲੇ ਹਨ, ਆਕਾਸ਼ ਪਾਤਾਲ, ਆਦਿ ਪ੍ਰਭੂ ਦੀ ਰਚਨਾਂ ਗਿਨਤੀਆਂ ਮਿਨਤੀਆਂ ਤੋਂ ਬਾਹਰ ਹੈ।

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥ ਨਾਨਕ ਆਖਣਿ ਸਭੁ ਕੋ ਆਖੈ ਇੱਕ ਦੂ ਇਕੁ ਸਿਆਣਾ॥

ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਮੈਂ ਪ੍ਰਭੂ ਦੀ ਵਡਿਆਈ ਕਿਵੇਂ ਦੱਸਾਂ, ਉਸ ਦੀ ਸਲਾਹੁਤਾ ਕਿਵੇਂ ਕਰਾਂ, ਉਸ ਦਾ ਭੇਦ ਕਿਵੇਂ ਵਰਣਨ ਕਰਾਂ, ਉਸ ਪ੍ਰਭੂ ਨੂੰ ਕਿਵੇਂ ਜਾਣਾਂ (ਬੁੱਝਾਂ)। ਸਾਰੇ ਹੀ ਇੱਕ ਦੂਜੇ ਤੋਂ ਸਿਆਣੇਂ ਬਣਦੇ ਹਨ। ਸਾਰੇ ਹੀ ਆਪਣੇਂ ਆਪ ਨੂੰ ਸੱਭ ਤੋਂ ਸਿਆਣਾਂ ਸਮਝ ਕੇ ਪ੍ਰਭੂ ਦੀ ਵਡਿਆਈ ਦੱਸਣ ਦੀ ਕੋਸ਼ਿਸ਼ ਕਰਦੇ ਹਨ।

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥ ੨੧॥

ਇਸ ਤੁਕ ਵਿੱਚ ਗੁਰੂ ਜੀ ਆਪ ਹੀ ਦੱਸਦੇ ਹਨ, ਪ੍ਰਭੂ ਸੱਭ ਤੋਂ ਵੱਡਾ ਹੈ, ਉਸ ਵਡਿਆਈ ਸਮਝ ਤੋਂ ਦੂਰ ਹੈ, ਜਗਤ ਵਿੱਚ ਸੱਭ ਕੁੱਝ ਉਸੇ ਦਾ ਹੀ ਕੀਤਾ ਹੋ ਰਿਹਾ ਹੈ। ਜੇ ਕੋਈ ਆਪਣੀਂ ਅਕਲ ਨਾਲ ਉਸ ਪ੍ਰਭੂ ਦੇ ਭੇਦ ਨੂੰ ਜਾਣਨ ਦਾ ਜਤਨ ਕਰੇ, ਜਾਂ ਆਪਣੀਂ ਅਕਲ ਨਾਲ ਪ੍ਰਭੂ ਦੀ ਸਿਫਤ ਸਲਾਹੁ ਜਾਂ ਵਡਿਆਈ ਕਰੇ, ਤਾਂ ਐਸਾ ਮਨੁੱਖ ਅਕਾਲ ਪੁਰਖ ਦੇ ਦਰ ਤੇ ਪ੍ਰਵਾਣ ਨਹੀਂ ਹੁੰਦਾ।

ਸੁਣਿ ਵਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥ ਕੀਮਤਿ ਪਾਇ ਨ ਕਹਿਆ ਜਾਇ॥ ਕਹਣੈ ਵਾਲੇ ਤੇਰੇ ਰਹੇ ਸਮਾਇ॥ ੧॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ॥ ੧॥ ਰਹਾਉ॥

ਖਾਲਕ ਥਾਵਹੁ ਭੁਲਾ ਮੁਠਾ॥ ਦੁਨੀਆ ਖੇਲੁ ਬੁਰਾ ਰੁਠ ਤੁਠਾ॥ ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ॥ ੬॥

ਇਹ ਜੀਵ ਖਾਲਕ (ਸਿਰਜਨਹਾਰੇ) ਨੂੰ ਭੁਲਾ ਬੈਠਾ, ਇਸ ਨਾਲ ਠੱਗੀ ਹੋ ਗਈ ਹੈ। ਦੁਨੀਆਂ ਦੇ ਭੈੜੇ ਤਮਾਸ਼ੇ ਵਿੱਚ ਫਸ ਕੇ, ਇੱਕ ਪਲ ਖੁਸ਼ ਹੁੰਦਾ ਹੈ, ਦੂਜੇ ਪਲ ਨਿਰਾਸ ਹੋ ਜਾਂਦਾ ਹੈ। ਕਿਉਂ ਕੇ ਕੋਈ ਸਿਦਕ ਤਸੱਲੀ ਵਾਲਾ ਪੂਰਾ ਸੰਤ ਨਾਂ ਮਿਲਿਆ, ਜੋ ਮੱਤ ਦੇਂਦਾ। ਇਸ ਵਾਸਤੇ (ਆਪਣ ਭਾਣੀਆ) ਭਾਵ, ਜੋ ਆਪਣਾਂ ਮਨ ਕਹਿੰਦਾ ਉਹ ਹੀ ਕਰਦਾ ਹੈ, (ਵਤੈ) ਮਨ ਦੇ ਕਹੇ ਲੱਗ ਕੇ ਭਟਕਦਾ ਫਿਰਦਾ ਹੈ।

ਮਉਲਾ ਖੇਲ ਕਰੇ ਸਭਿ ਆਪੇ॥ ਇਕਿ ਕਢੇ ਇਕਿ ਲਹਰਿ ਵਿਆਪੇ॥ ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ॥ ੭॥

ਵਿਚਾਰੇ ਜੀਵ ਦੇ ਵੀ ਕੀ ਵੱਸ, ਪ੍ਰਮਾਤਮਾਂ ਹੀ ਜੀਵ ਨੂੰ ਖੇਲ ਖਿਲਾ ਰਿਹਾ ਹੈ। ਕਿਸੇ ਨੂੰ ਕੱਢ ਲੈਂਦਾ ਹੈ, ਕਈਆਂ ਨੂੰ ਭਵ ਸਾਗਰ ਦੀਆਂ ਲਹਿਰਾਂ ਵਿੱਚ ਗੋਤੇ ਦਿਵਾਉਂਦਾ ਹੈ। ਜਿਵੇਂ ਉਹ ਨਚਾਉਂਦਾ ਹੈ, ਤਿਵੇਂ ਤਿਵੇਂ ਜੀਵ ਨਚੀ ਜਾਂਦੇ ਹਨ, (ਆਪਾਂ ਸਾਰੇ ਵੀ ਵਿਚੇ ਹੀ ਹਾਂ, ਅਤੇ ਇਹ ਸਿਖਿਆ ਸਾਡੇ ਵਾਸਤੇ ਹੈ, ਜੇ ਅਸੀਂ ਇਹ ਦਾਅਵਾ ਕਰਦੇ ਹਾਂ ਕੇ ਬਾਣੀਂ ਸਾਡੀ ਹੈ ਤਾਂ ਇਸ ਵਿੱਚ ਜੋ ਸਿਖਿਆ ਹੈ, ਉਹ ਵੀ ਸਾਡੀ ਹੀ ਹੈ) ਹਰ ਇੱਕ ਦੇ ਸਿਰ ਤੇ ਕਿਰਤ (ਪਿਛਲੇ ਜਨਮ ਦੇ ਕਰਮ) ਦਾ ਭਾਰ ਹੈ, ਜੋ ਅਸੀਂ ਢੋ ਰਹੇ ਹਾਂ।

ਮਿਹਰ ਕਰੇ ਤਾ ਖਸਮੁ ਧਿਆਈ॥ ਸੰਤਾ ਸੰਗਤਿ ਨਰਕਿ ਨ ਪਾਈ॥ ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ॥ ੮॥

ਜੇ ਕਰਤੇ ਨੂੰ ਭਾ ਜਾਵੇ, ਜੇ ਉਹ ਮੇਹਰ ਕਰੇ, ਤਾਂ ਜੀਵ ਪ੍ਰਭੂ ਦਾ ਸਿਮਰਨ ਕਰ ਸੱਕਦਾ ਹੈ। ਕਿਸੇ ਸਿਦਕ ਸਬੂਰੀ ਸੰਤ ਦੀ ਸੰਗਤ ਕਰਕੇ, ਨਰਕਾਂ ਵਿੱਚ ਜਾਣ ਤੋਂ ਬਚ ਜਾਵੇ ਗਾ। ਸ਼ਬਦ ਦੀ ਅਖੀਰਲੀ ਤੁਕ ਵਿੱਚ ਕਹਿੰਦੇ ਹਨ, ਹੇ ਪ੍ਰਭੂ ਮੈਨੂੰ ਅਮ੍ਰਿਤ ਨਾਮ ਦਾ ਦਾਨ ਦੇ ਦਿਉ, ਜਿਸ ਨੂੰ ਪੀ ਕੇ ਮੈਂ ਨਿੱਤ ਤੇਰੇ ਗੁਣ ਗਾਉਂਦਾ ਰਹਾਂ।

ਹੋਣਾਂ ਉਹ ਹੈ ਜੋ ਕਰਤੇ ਨੂੰ ਭਾਵੇ, ਪਰ ਅਸੀਂ ਸਾਰੇ ਮੈਂ ਮੈਂ ਦਾ ਝਗੜਾ ਕਰਦੇ ਹਾਂ। ਜੇ ਸਾਨੂੰ ਗੁਰਬਾਣੀਂ ਦੀ ਇਸ ਗੱਲ ਤੇ ਯਕੀਨ ਆ ਜਾਵੇ, ਕੇ ਸਾਡੇ ਵੱਸ ਕੁੱਝ ਨਹੀਂ, ਜੋ ਕਰਦਾ ਹੈ ਕਰਤਾਰ ਕਰਦਾ ਹੈ, ਤਾਂ ਸਾਡੀ ਹਉਮੈਂ ਖਤਮ ਹੋ ਜਾਵੇ ਗੀ। ਅਸੀਂ ਨਿਮਾਣੇ ਹੋ ਜਾਵਾਂ ਗੇ, ਫਿਰ ਕੋਈ ਝਗੜਾ ਨਹੀਂ ਕਰੇ ਗਾ, ਗੁਰਬਾਣੀਂ ਦੀ ਇੱਕ ਵੀ ਕੜੀ ਜਾਂ ਅੱਖਰ ਐਸਾ ਨਹੀਂ ਜੋ ਝਗੜੇ ਦੀ ਸਿੱਖਿਆ ਦੇਂਦੀ/ਦੇਂਦਾ ਹੋਵੇ।

ਗੁਰਬਾਣੀਂ ਨਹੀਂ ਕਹਿੰਦੀ ਕਿਸੇ ਨੂੰ ਬੁਰਾ ਕਹੋ। ਗੁਰਬਾਣੀਂ ਤਾਂ ਕਹਿੰਦੀ ਹੈ, ਆਪਣੇਂ ਆਪ ਨੂੰ ਸੱਭ ਤੋਂ ਬੁਰਾ ਸਮਝੋ, ਛੋਟਾ ਸਮਝੋ, ਸੱਭ ਤੋਂ ਮੂਰਖ ਸਮਝੋ, ਸੱਭ ਦੀ ਰੇਨ ਹੋਵੋ, ਇੱਕ ਪਾਸੇ ਤਾਂ ਗੁਰੂ ਦੀ ਇਹ ਮੱਤ (ਗੁਰਮਤਿ) ਹੈ। ਦੂਜੇ ਪਾਸੇ ਸਾਡੀ ਆਪਣੀਂ ਮੱਤ (ਮਨਮਤਿ) ਹੈ। ਕਿਹੜਾ ਸੂਰਮਾਂ ਹੈ ਜੋ ਮਨਮਤਿ ਨੂੰ ਛੱਡ ਕੇ, ਗੁਰਮਤਿ ਨੂੰ ਅਪਣਾ ਲਵੇ ਗਾ।

ਹੈਨ ਵਿਰਲੇ ਸੂਰਮੇਂ, ਪਰ ਉਹਨਾਂ ਨੂੰ ਦੁਨੀਆਂ ਕਮਲੇ ਜਾਂ ਮੂਰਖ ਕਹਿੰਦੀ ਹੈ। ਇਜ਼ਤਦਾਰ ਦਾਰ ਲੋਕਾਂ ਵਿਚੋਂ ਕਿਹੜਾ ਸੂਰਮਾਂ ਹੈ, ਜੋ ਮੂਰਖਾਂ ਦੀ ਕਤਾਰ ਵਿੱਚ ਖੜਾ ਹੋਣਾਂ ਚਾਹੇ ਗਾ।

ਜਹ ਜਹ ਦੇਖਉ ਤਹ ਤਹ ਸਾਚਾ॥ ਬਿਨੁ ਬੂਝੇ ਝਗਰਤ ਜਗੁ ਕਾਚਾ॥ ੪॥ ਗੁਰੁ ਸਮਝਾਵੈ ਸੋਝੀ ਹੋਈ॥ ਗੁਰਮੁਖਿ ਵਿਰਲਾ ਬੂਝੈ ਕੋਈ॥ ੫॥ ਕਰਿ ਕਿਰਪਾ ਰਾਖਹੁ ਰਖਵਾਲੇ॥ ਬਿਨੁ ਬੂਝੇ ਪਸੂ ਭਏ ਬੇਤਾਲੇ॥ ੬॥ (੨੨੪

ਗੁਰੂ ਜੀ ਦੱਸ ਰਹੇ ਹਨ, ਅਸੀਂ ਜਿੱਧਰ ਵੀ ਦੇਖਦੇ ਹਾਂ, ਸਭ ਪਾਸੇ ਸਾਨੂੰ ਸਾਚਾ ਪ੍ਰਭੂ ਨਜਰ ਆਉਂਦਾ ਹੈ। ਸਾਚਾ ਸੱਭ ਦੇ ਅੰਦਰ ਵੀ ਤੇ ਬਾਹਰ ਵੀ ਹਰ ਥਾਂ ਮੌਜ਼ੂਦ ਹੈ, ਲੇਕਿਨ ਸਾਰਾ ਜਗਤ ਫਿਰ ਵੀ ਝਗੜਾ ਰਿਹਾ ਹੈ। ਕਿਉਂ ਕੇ ਸੋਝੀ ਨਹੀਂ ਹੈ, ਸੋਝੀ ਤਾਂ ਹੋਵੇ ਜੇ ਗੁਰੂ ਸਮਝਾਵੇ, ਗੁਰੂ ਤਾਂ ਸਮਝਾਉਣ ਵਲੋਂ ਕੋਈ ਕਸਰ ਨਹੀਂ ਛੱਡਦਾ। ਪਰ ਕੋਈ ਵਿਰਲਾ ਹੀ ਸਮਝੇ ਗਾ, ਕੋਈ ਵਿਰਲਾ ਹੀ ਗੁਰਮੁੱਖ ਹੋਵੇ ਜੋ ਬੁੱਝੇ ਗਾ। ਜਿਨਾਂ ਨੇ ਭੇਦ ਨੂੰ ਬੁਝਿਆ ਨਹੀਂ, ਉਹ ਪਸੂਆਂ ਸਮਾਨ ਹਨ, ਉਹ ਭੂਤਨਿਆਂ ਵਰਗੇ ਹਨ। ਗੁਰੂ ਜੀ ਪ੍ਰਭੂ ਪਾਸ ਬੇਨਤੀ ਕਰਦੇ ਹਨ, ਹੇ ਰਾਖਣ ਹਾਰੇ ਕ੍ਰਿਪਾ ਕਰ ਕੇ ਰਾਖ ਲਵੋ।

ਬਲਦੇਵ ਸਿੰਘ ੨੪-੧੦-੨੦੧੦
.