.

‘ਗੁਰੂ ਨਾਨਕ ਦੀ ਵਿਸ਼ਾਲ ਮਾਨਸਿਕਤਾ'
ਹਰਦੇਵ ਸਿੰਘ, ਜੰਮੂ

ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦਾ ਨਾਮ ਧਿਆਉਂਣ ਦੀ ਜੁਗਤ ਹੈ। ਇਹ ਜੁਗਤ ਕਰਮਕਾਂਡੀ ਨਹੀਂ। ਗੁਰੂ ਦੇ ਉਪਦੇਸ਼ਾਂ ਅਤੇ ਕਿਰਤ ਨੂੰ ਪੜਨਾ ਅਤੇ ਯਾਦ ਰੱਖਣਾ ਚਾਹੀਦਾ ਹੈ ਤਾ ਕਿ ਵਿਵਹਾਰ ਰਾਹੀਂ ਨਾਮ ਜੱਪਿਆ ਜਾ ਸਕੇ। ਸਿੱਖੀ ਦੇ ਦਰਸ਼ਨ ਅੰਦਰ ਪਰਮਾਤਮਾ ਵਿੱਚ ਅਕੀਦੇ ਦੀ ਗੱਲ ਗੁਰੂ ਨਾਨਕ ਵਿੱਚ ਸਿੱਖਾਂ ਦੇ ਅਕੀਦੇ ਤੋਂ ਆਰੰਭ ਹੁੰਦੀ ਹੈ। ਗੁਰੂ ਨਾਨਕ ਫ਼ੁਰਮਾਉਂਦੇ ਹਨ:
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥ {ਪੰਨਾ 938} (ਸਿਧ ਗੋਸ਼ਟਿ)
ਸੰਖੇਪ ਭਾਵਅਰਥ: ਜੋ ਮਨੁੱਖ ਇਕਾਂਤ ਵਿੱਚ (ਅੰਜਨ ਵਿੱਚ ਨਿਰੰਜਨ ਰਹਿੰਦੇ ਹੋਏ) ਵੱਸਦੇ ਹਨ ਅਤੇ ਸੰਸਾਰ ਦੀਆਂ ਝੁਠੀਆਂ ਅਤੇ ਗਲਤ ਆਸਾਵਾਂ ਦੀ ਆਸ ਨਾ ਰੱਖਦੇ ਹੋਏ ਉਨ੍ਹਾਂ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਦੇ ਮਨ ਵਿੱਚ (ਗਲਤ ਅਸਾਵਾਂ ਦੀ ਥਾਂ) ਇੱਕ ਪ੍ਰਭੂ ਹੀ ਵੱਸਦਾ ਹੈ। ਅਜੇਹੇ ਜੀਵਨ ਵਾਲਾ ਜੋ ਮਨੁੱਖ ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ (ਸਮਝ ਕੇ) ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ। ੫।
ਗੁਰੂ ਨਾਨਕ ਐਸੇ ਬੰਦੇ ਦੇ ਜਰੂਰ ਦਾਸ ਬਣਦੇ ਪਰ ਐਸਾ ਹੋਈਆ ਨਹੀਂ ਸੀ ਕਿਉਂਕਿ ਸਾਡੇ ਲਈ ਉਹ ਆਪ ਪਹਿਲੇ ਐਸੇ ਸੰਪੁਰਣ ਮਨੁੱਖ ਸਨ ਜਿਨ੍ਹਾਂ ਤੋਂ ਪ੍ਰਰੇਨਾ ਲੇ ਹੋਰ ਗੁਰੂ ਠੀਕ ਐਸੀ ਅਵਸਥਾ ਦੇ ਮਾਲਕ ਬਣੇਂ ਜਿਨ੍ਹਾਂ ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਸਮਝ ਕੇ ਆਪਣੇ ਸ਼ਬਦਾਂ ਰਾਹੀਂ ਸਿੱਖਾਂ ਨੂੰ ਇਸ ਬਾਰੇ ਮਤਿ ਦਿੱਤੀ। ਗੁਰੂ ਨਾਨਕ ਨੇ ਇਹ ਸ਼ਬਦ ਗਿਆਨ ਇੱਕ ਲੱਤ ਤੇ ਖੜੇ ਹੋ ਕੇ ਜਾਂ ਕਿਸੇ ਜੰਗਲ ਵਿੱਚ ਉਲਟਾ ਲਟਕ ਕੇ ਇੱਕ ਵਰਦਾਨ ਦੇ ਰੂਪ ਵਿੱਚ ਹਾਸਲ ਨਹੀਂ ਸੀ ਕੀਤਾ। ਸ਼ਬਦ ਗਿਆਨ ਗੁਰੂ ਨਾਨਕ ਦੇ ਬਿਬੇਕ ਦੀ ਪ੍ਰਾਪਤੀ ਸੀ ਉਸਦੀ ਆਪਣੀ ਕਮਾਈ ਸੀ। ਉਹ ਨਾਮ ਦਾ ਵਪਾਰੀ ਸੀ। ਵਪਾਰ ਵਿੱਚ ਅਤੇ ਭੀਖ ਮੰਗਣ ਵਿੱਚ ਫ਼ਰਕ ਹੁੰਦਾ ਹੈ। ਰੱਬ ਨੇ ਗਿਆਨ ਦੀ ਕੋਈ ਪੰਡ ਨਹੀਂ ਸੀ ਸੁੱਟੀ ਕਿ ਪੰਡ ਭਾਰੀ ਹੋ ਗਈ ਤੇ ਗੁਰੁ ਨਾਨਕ ਹਲਕਾ। ਰੱਬ ਬਿਬੇਕ ਦੀ ਬਖ਼ਸ਼ੀਸ਼ ਕਰਦਾ ਹੈ। ਇਹ ਰੱਬ ਬਾਰੇ ਗੁਰੂ ਨਾਨਕ ਦੀ ਰੱਬੀ ਵਿਚਾਰਧਾਰਾ ਹੈ। ਅਸੀਂ ਸ਼ਬਦ ਗਿਆਨ ਨੂੰ ਗੁਰੂ ਨਾਨਕ ਦੀ ਵਿਚਾਰਧਾਰ ਦੇ ਮਾਰਫ਼ਤ ਹੀ ਸਿੱਖਣ ਦਾ ਜਤਨ ਕਰਨਾ ਹੈ। ਅਸੀਂ ਤਾਂ ਗੁਰੂ ਨਾਨਕ ਦੀ ਕਮਾਈ (ਗੁਰੂ ਗ੍ਰੰਥ ਸਾਹਿਬ) ਵਿਚੋਂ ਕੁੱਝ ਪ੍ਰਾਪਤ ਕਰਨ ਦਾ ਜਤਨ ਕਰਨ ਜੋਗੇ ਹੀ ਹੋ ਸਕਦੇ ਹਾਂ।
ਇਹੀ ਕਾਰਣ ਹੈ ਕਿ ਬਾਦ ਦੇ ਗੁਰੂ ਬਾਣੀ ਵਿੱਚ ਬਾਰ-ਬਾਰ ਨਾਨਕ ਲਿਖ ਕੇ ਗੁਰੂ ਨਾਨਕ ਵਿਚਾਰਧਾਰਾ ਵਿੱਚ ਆਪਣੇ ਅਕੀਦੇ ਨੂੰ ਦਰਸਾਉਂਦੇ ਹਨ। ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਬਾਣੀ ਪੜਨ ਵੇਲੇ ਮਹਲਿਆਂ ਦੇ ਸੰਕੇਤ, ਇਹ ਚੇਤੇ ਕਰਵਾਉਂਣ ਵਾਸਤੇ ਹਨ ਕਿ ਅਸੀਂ ਯਾਦ ਰੱਖੀਏ ਕਿ ਕਿਹੜੇ ਸ਼ਬਦ ਵਿੱਚ ਕਿਹੜੇ ਗੁਰੂ ਗੱਲ ਸਮਝਾ ਰਹੇ ਹਨ।
ਗੁਰੂ ਨਾਨਕ ਸਿੱਖੀ ਦੇ ਦਰਸ਼ਨ ਦਾ ਸ਼ੁਰੂਆਤੀ ਨੁੱਕਤਾ ਸਨ। ਸੰਕੀਰਣਤਾ ਤੋਂ ਉੱਪਰ ਮਾਨਵਤਾ ਦੇ ਕਰੀਬ। ਲੋਕ ਮਾਨਸਿਕਤਾ ਵਿੱਚ ਕ੍ਰਾਂਤੀ ਦਾ ਬੀਜ ਬੋਣ ਵਾਲੇ। ਧਾਰਮਕ ਅਡੰਬਰਾਂ ਨਾਲ ਉਹ ਸਹਿਮਤਿ ਨਹੀਂ ਸਨ। ਸੰਕੀਰਣ ਮਾਨਸਿਕਤਾ ਨਾਲ ਆਪਣੀ ਅਸਹਿਮਤਿ ਜਤਾਉਂਦੇ ਗੁਰੂ ਨਾਨਕ ਕਦੇ ਵੀ ਸੰਕੀਰਣ ਨਜ਼ਰ ਨਹੀਂ ਆੳਂਦੇ। ਇਹੀ ਨਾਨਕ ਦੀ ਵਿਸ਼ਾਲਤਾ ਹੈ। ਆਉ ਦੋ ਉਦਾਰਣਾ ਤੋਂ ਸਮਝੀਏ:
(੧) ਜਿਸ ਵੇਲੇ ਗੁਰੂ ਨਾਨਕ ਨੇ ਬਾਣੀ ਉਚਾਰੀ ਸੀ ਉਸ ਸਮੇਂ ਭਾਰਤ ਵਿੱਚ ‘ਰਾਮ` ਸ਼ਬਦ ਸੰਗਿਆ ਵਜੋਂ ਹਿੰਦੂਮਤ ਦੇ ਅਕੀਦੇ ਮੁਤਾਬਕ ਦਸ਼ਰਥ ਜੀ ਦੇ ਵੱਡੇ ਸਪੁੱਤਰ ਰਾਮਚੰਦਰ ਜੀ ਵਾਸਤੇ ਵਰਤਿਆ ਜਾਂਦਾ ਸ਼ਬਦ ਸੀ। ਅਤੇ ਉਹ ‘ਰਾਮ` ਹਿੰਦੂ ਮਤ ਦੇ ਅਕੀਦੇ ਮੁਤਾਬਕ ਪਰਮਾਤਮਾ ਦਾ ਅਵਤਾਰ ਸੀ। ਇਹ ਅਕੀਦਾ ਅੱਜ ਵੀ ਕਾਇਮ ਹੈ। ਗੁਰੂ ਨਾਨਕ ਪਰਮਾਤਮਾ ਦੇ ਅਵਤਾਰਵਾਦ ਨਾਲੋਂ ਬੜੇ ਸਪਸ਼ਟ ਰੂਪ ਵਿੱਚ ਬਿਲਕੁਲ ਅਸਹਿਮਤ ਸਨ। ਪਰ ਗੁਰੂ ਨਾਨਕ ਸੰਕੀਰਣ ਨਹੀਂ ਸਨ। ਵਿਚਾਰਾਂ ਦੀ ਅਸਹਿਮਤੀ ਸੀ ਪਰ ਸ਼ਬਦਾਂ ਨਾਲ ਬਿਲਕੁਲ ਨਹੀਂ। ਮਿਸਾਲ ਵਜੋਂ ਗੁਰੂ ਨਾਨਕ ਨੇ, ਮੂਲ ਮੰਤਰ ਤੋਂ ਬਾਦ ਪਰਮਾਤਮਾ ਲਈ ‘ਰਾਮ` ਸ਼ਬਦ ਦੀ ਵਰਤੋਂ ਤੋਂ ਪਰਹੇਜ਼ ਨਹੀਂ ਕੀਤਾ ਕਿਉਂਕਿ ਐਸੇ ਸ਼ਬਦ ਕਸੂਰਵਾਰ ਨਹੀਂ ਹੁੰਦੇ। ਗੁਰੂ ਨਾਨਕ ਨੇ ਜਪੁ ਦੀ ਬਾਣੀ ਵਿੱਚ ਲਿਖਿਆ:
ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥
ਅਤੇ
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ (ਜਪੁ, ਪੰਨਾ 8, ਆਦਿ ਗੁਰੂ ਗ੍ਰੰਥ ਸਾਹਿਬ)
ਹਾਲਾਂਕਿ ਇਹ ਸ਼ਬਦ ਹਿੰਦੂਮਤ ਦੇ ਅਕੀਦੇ ਵਿੱਚ ਰਾਜਾ ਦਸ਼ਰਥ ਦੇ ਸਪੁੱਤਰ ਰਾਮਚੰਦਰ ਨਾਲ ਜੁਿੜਆ ਸੰਬੋਧਨ ਸੀ ਪਰ ਗੁਰੂ ਨਾਨਕ ਲਈ ਉਸ ਜਾਣੇ ਪਛਾਣੇ ਸੰਬੋਧਨ ਦਾ ਸੰਧਰਭ ਵੱਖਰਾ ਸੀ। ਗੁਰੂ ਨਾਨਕ ਲਈ ਇਹ ਦਸ਼ਰਥ ਸਪੁੱਤਰ ‘ਰਾਮ` ਨਹੀਂ ਸੀ ਬਲਕਿ ਇਹ ਉਹ ਅਕਾਲ ਪੁਰਖ ਸੀ ਜਿਸਦਾ ਪਰਿਚੈ ਗੁਰੂ ਨਾਨਕ ਨੇ ਮੂਲ ਮੰਤਰ ਵਿੱਚ ਲੋਕਾਈ ਨੂੰ ਦਿੱਤਾ ਸੀ। ਹਾਲਾਂਕਿ ਇਸ ਸ਼ਬਦ ਨਾਲ ਕਈਆਂ ਨੇ ਭੁਲੇਖਾ ਖਾਦਾ ਵੀ ਅਤੇ ਦਿੱਤਾ ਵੀ ਪਰ ਗੁਰੂ ਸੰਕੀਰਣ ਨਹੀਂ ਸਪਸ਼ਟ ਸਨ।
ਜਿਸ ਵੇਲੇ ਬਾਣੀ ਵਿੱਚ ਇਹ ਸ਼ਬਦ ਵਰਤਿਆ ਗਿਆ ਸੀ ਉਸ ਸਮੇਂ ਵੀ ਦੋ ਪ੍ਰਕਾਰ ਦੀ ਮਾਨਸਿਕਤਾ ਦੇ ਲੋਗ ਗੁਰੂ ਨਾਲ ਜੁੜੇ ਸੀ। ਇੱਕ ਉਹ ਮਾਨਸਿਕਤਾ ਸੀ ਜੋ ਗੁਰੂ ਨਾਨਕ ਵਿਚਾਰਧਾਰਾ ਦੇ ਪਰਿਪੇਖ ਵਿੱਚ ‘ਰਾਮ` ਸ਼ਬਦ ਦੇ ਸੰਧਰਭ ਨੂੰ ਚੰਗੀ ਤਰਾਂ ਸਮਝਦੇ ਸੀ। ਦੁਜੀ ਉਹ ਮਾਨਸਿਕਤਾ ਸੀ ਜਿਹੜੀ ਆਸਥਾ ਤਾਂ ਰੱਖਦੀ ਸੀ ਪਰ ‘ਰਾਮ` ਸ਼ਬਦ ਦੇ ਅਸਲ ਸੰਧਰਭ ਨੂੰ ਨਾ ਸਮਝਦੇ ਉਸਦਾ ਅਰਥ ਕੁੱਝ ਹੋਰ ਲੇਂਦੀ ਸੀ। ਇਹ ਸੁਭਾਵਕ ਮਾਨਸਕ ਸੱਚਾਈਆਂ ਹੁੰਦੀਆਂ ਹਨ ਜੋ ਕਮੋ-ਬੇਸ਼ ਹਰ ਦੋਰ ਵਿੱਚ ਰਹਿੰਦੀਆਂ ਹੀ ਹਨ।
ਪਰ ਗੁਰਬਾਣੀ ਵਿੱਚ ‘ਰਾਮ` ਸ਼ਬਦ ਨਹੀਂ ਬਦਲਿਆ ਗਿਆ ਕਿੳਂਕਿ ਸੰਧਰਭ ਸਪਸ਼ਟ ਸੀ। ਕੋਈ ਰੋਕ ਨਹੀਂ ਸੀ ਸ਼ਬਦ ਦੇ ਇਸਤੇਮਾਲ ਵਿਚ, ਭਾਵੇਂ ਕੋਈ ਉਸਦਾ ਭਾਵ ਰਾਮਚੰਦਰ ਜੀ ਕਰਕੇ ਕਿਉਂ ਨਾ ਲੈਂਦਾ ਰਿਹਾ ਹੋਵੇ। ਗੁਰੂ ਆਪਣੇ ਲਈ ਆਪਣੇ ਸਮਕਾਲੀ ਸਿੰਘਾਂ ਅਤੇ ਲੋਕਾਈ ਪਾਸਿਯੋਂ ਇਸਤੇਮਾਲ ਕੀਤੇ ਜਾਂਦੇ ਰਹੇ ਸੰਬੋਧਨ ਗੁਰੂ ਤੋਂ ਵੀ ਜਾਂਣੁ ਸਨ। ਗੁਰੂ ਇਸ ਸੰਬੋਧਨ ਦਾ ਅਸਲ ਸੰਧਰਭ ਜਾਣਦੇ ਸੀ। ਇਸੀ ਲਈ ਉਨ੍ਹਾਂ ਬਾਣੀ ਅਤੇ ਬੋਲਚਾਲ ਵਿੱਚ ਇਸ ਸੰਬੋਧਨ ਦੀ ਵਰਤੋਂ ਤੇ ਕੋਈ ਰੋਕ ਨਹੀਂ ਲਗਾਈ। ਬੇਸ਼ਕ ਉਹ ਜਾਣਦੇ ਸੀ ਕੀ ਕਈ ਕੁਦਰਤੀ ਪੱਖੋਂ ਘਟ ਜਾਗਰੂਕ ਲੋਕ ਇਸਦਾ ਅਰਥ ਦੇਹ ਮਤਾਰ ਨਾਲ ਜੋੜ ਕੇ ਸਮਝਦੇ ਹੋਂਣ ਗੇ। ਬਿਬੇਕ ਸ਼ਕਤੀ ਤਾਂ ਰੱਬ ਦੀ ਦੇਂਣ ਹੁੰਦੀ ਹੈ।
(੨) ਗੁਰੂ ਨਾਨਕ ਜੀ ਦੇ ਸਮੇਂ ਅਤੇ ਫਿਰ ਮੱਧਕਾਲੀ ਭਾਰਤ ਵਿੱਚ ਅਯਾਸ਼ ਰਾਜ ਦਰਬਾਰਾਂ ਵਿੱਚ ਨਰਿਤ ਕਰਦੀਆਂ ਨਰਤਕੀਆਂ ਰਾਗਾਂ ਦੀਆਂ ਧੁਨਾਂ ਤੇ ਨੱਚਣ ਵਾਲੀਆਂ ਗੁਲਾਮ ਸਨ। ਉਸ ਸਮੇਂ ਰਾਗਾਂ ਅਤੇ ਸਾਜਾਂ ਦੀ ਵਰਤੋਂ ਜ਼ਿਆਦਾ ਤਰ ਦਰਬਾਰੀ ਮਹਫ਼ਿਲਾਂ ਵਿੱਚ ਵੀ ਹੁੰਦੀ ਸੀ ਜਿਸ ਨੂੰ ਇੱਕ ਸਮੇਂ ਔਰੰਗਜ਼ੇਬ ਨੇ, ਸੱਤਾ ਦੇ ਕਾਬਿਜ਼ ਹੋਣ ਬਾਦ, ਗ਼ੈਰ ਇਸਲਾਮਕ ਕਰਾਰ ਦੇ ਕੇ ਬੰਦ ਵੀ ਕਰਵਾਇਆ ਸੀ। ਪਰ ਗੁਰੂਆਂ ਨੇ ਇਸ ਵਿੱਚ ਰਾਗਾਂ ਜਾਂ ਸਾਜਾਂ ਨੂੰ ਅਛੂਤ ਨਹੀਂ ਮੰਨਿਆ। ਗੁਰੁਬਾਣੀ ਰਾਗਾਂ ਵਿੱਚ ਲਿਖੀ ਗਈ ਅਤੇ ਉਸ ਸਮੇਂ ਮੁੱਖ ਰੂਪ ਵਿੱਚ ਗਾਇਨ ਅਤੇ ਵਾਦਨ ਕਲਾ ਰਾਹੀਂ ਪ੍ਰਚਾਰੀ ਵੀ ਗਈ ਕਿਉਂਕਿ ਪੜਨ ਦਾ ਰਿਵਾਜ ਵੀ ਉਦੋਂ ਘਟ ਸੀ।
ਗੁਰੂ ਸ਼ਬਦਾ ਦੀ ਵਰਤੋਂ ਤੋਂ ਇਨਕਾਰੀ ਨਹੀਂ ਹੋਏ ਉਹ ਤਾਂ ਕੇਵਲ ਸ਼ਬਦਾਂ ਦੇ ਸੰਧਰਭਾਂ ਦੀ ਦੁਰਵਰਤੋਂ ਨਾਲ ਅਸਹਿਮਤ ਸੀ। ਉਹ ਸ਼ਬਦਾ ਦੀ ਵਰਤੋਂ ਸ਼ਬਦਾਂ ਦੇ ਸਹੀ ਸੰਧਰਭਾਂ ਵਿੱਚ ਹੀ ਕਰਦੇ ਸੀ। ਉਨਾਂ ਯੋਗੀ ਮਾਨਤਾਂਵਾਂ ਦਾ ਵਿਰੋਧ ਕੀਤਾ ਪਰ ਯੋਗੀ ਸ਼ਬਦ ਦਾ ਨਹੀਂ।
ਉਨ੍ਹਾਂ ਸ਼ਬਦਾਂ ਦੀ ਵਰਤੋਂ ਵੱਖਰੇ-ਵੱਖਰੇ ਸੰਧਰਭਾਂ ਵਿੱਚ ਕੀਤੀ। ਐਸਾ ਹੁੰਦਾ ਹੀ ਹੈ। ਗੁਰੂ ਇਸ ਨੂੰ ਜਾਣਦੇ ਸੀ। ਉਨ੍ਹਾਂ ਪਰਮਾਤਮਾ ਲਈ, ਸ਼ਬਦ ਲਈ, ਪਵਣ ਲਈ ਅਤੇ ਗੁਰੂ ਨਾਨਕ ਲਈ ਗੁਰੂ ਸ਼ਬਦ ਦੀ ਵਰਤੋਂ ਵੱਖ-ਵੱਖ ਸੰਧਰਭਾਂ ਵਿੱਚ ਕੀਤੀ। ਪਰ ਸਾਨੂੰ ਕੀ ਹੋ ਗਿਆ ਹੈ? ਅਸੀਂ ਜਾਣੇ-ਅਨਜਾਣੇ ਇੰਨੇ ਸੰਕੀਰਣ ਕਿਵੇਂ ਹੋ ਸਕਦੇ ਹਾਂ? ਅਸੀਂ ਸ਼ਬਦਾ ਦੇ ਇਸਤੇਮਾਲ ਦਾ ਸਹੀ ਸੰਧਰਭ ਨਹੀਂ ਸਮਝ ਸਕਦੇ? ਹਾਂ ਸਮਝ ਸਕਦੇ ਹਾਂ ਜੇ ਸੰਕੀਰਣਤਾ ਤੋਂ ਬਾਹਰ ਨਿਕਲੀਏ।
ਗੁਰੂ ਨਾਨਕ ਨੇ ਗੁਰੂ ਅੰਗਦ ਦੇ ਹੱਥ ਸ਼ਬਦ ਗਿਆਨ ਅਤੇ ਅਚਾਰ ਦੀ ਜਿੰਮੇਵਾਰੀ ਸੋਂਪ ਦਿੱਤੀ ਸੀ। ਜਾਹਿਰ ਜਿਹੀ ਗੱਲ ਹੈ ਕਿ ਗੁਰੂ ਨਾਨਕ ਅਤੇ ਗੁਰੂ ਅੰਗਦ ਵਿਚਕਾਰ ਡੁੰਗੇ ਵਿਚਾਰ ਵਟਾਂਦਰੇ ਹੁੰਦੇ ਰਹੇ ਸੀ ਜਿਸ ਰਾਹੀ ਭਾਈ ਲਹਿਣਾ ਜੀ ਨੇ ਸਮੁਚੀ ਨਾਨਕ ਵਿਚਾਰਧਾਰਾ ਨੂੰ ਸਮਝਿਆ ਹੋਣਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਨੇ ਕੇਵਲ ਆਪਣੀ ਬਾਣੀ ਗੁਰੂ ਅੰਗਦ ਨੂੰ ਸੋਂਪੀ ਸੀ। ਬਲਕਿ ਇਸਦਾ ਮਤਲਬ ਇਹ ਹੈ ਕਿ ਗੁਰੂ ਅੰਗਦ ਨੂੰ ਗੁਰੂ ਨਾਨਕ ਨੇ ਬਾਣੀ ਦੇ ਭਾਵਅਰਥਾਂ ਦੀ ਸਮਝ ਸਮੇਤ ਆਪਣੀ ਬਾਣੀ ਗੁਰੂ ਅੰਗਦ ਨੂੰ ਸੋਂਪੀ ਸੀ।
ਨਿਰਸੰਦੇਹ, ਬਿਲਕੁਲ ਇਹੀ ਤਰੀਕਾ ਗੁਰੂ ਅੰਗਦ ਨੇ ਅਤੇ ਬਾਦ ਦੇ ਗੁਰੂਆਂ ਨੇ ਅਪਨਾਇਆ ਸੀ। ਇਹ ਕਸਵਟੀ ਤਾਂ ਉਨ੍ਹਾਂ ਨਾਨਕ ਪਾਸਿਯੋਂ ਸਮਝੀ ਸੀ ਕਿ ਬਾਣੀ ਅਤੇ ਸਿੱਖਾਂ ਦੀ ਵਾਗਡੋਰ ਉਸ ਸ਼ਖ਼ਸੀਅਤ ਨੂੰ ਸੋਂਪੀ ਜਾਂਦੀ ਸੀ ਜੋ ਕਿ ਬਾਣੀ ਨੂੰ ਉਸਦੇ ਅਰਥਾਂ-ਭਾਵਅਰਥਾਂ ਸਮੇਤ ਸੰਪੁਰਣ ਰੂਪ ਵਿੱਚ ਸਮਝਦਾ ਸੀ ਅਤੇ ਉਸ ਅਨੁਸਾਰ ਵਿਚਰਦਾ ਸੀ। ਬਾਣੀ ਤਾਂ ਗੁਰੂਘਰ (ਮੁੱਖ ਪ੍ਰਚਾਰ ਕੇਂਦਰ) ਤੋਂ ਬਾਹਿਰ ਵੀ ਹੁੰਦੀ ਸੀ। ਪਰ ਬਾਣੀ ਦੀ ਸਮਝ ਦਾ ਧਾਰਣੀ ਹੀ ਅਗਲਾ ਗੁਰੂ ਹੁੰਦਾ ਸੀ। ਕੇਵਲ ਗੁਰੁਬਾਣੀ ਲਿਖਣਾ ਗੁਰਤਾ ਦੀ ਸ਼ਰਤ ਨਹੀਂ ਸੀ ਬਲਕਿ ਗੁਰਬਾਣੀ ਦੀ ਸਮਝ ਅਤੇ ਦਰਸ਼ਨ ਦੀ ਹਿਫ਼ਾਜ਼ਤ ਦਾ ਅਮਲ ਅਸਲ ਕਸਵਟੀ ਸੀ। ਕਈ ਗੁਰੂਆਂ ਨੇ ਬਾਣੀ ਲਿਖੀ ਵੀ ਨਹੀਂ। ਕੋਈ ਫ਼ਰਕ ਨਹੀਂ ਸੀ ਪੈਂਦਾ।
ਇਹ ਕੇਵਲ ਲਿਖਤੀ ਬਾਣੀ ਸੋਂਪ ਦੇਣ ਵਰਗੀ ਕੋਈ ਰਸਮੀ ਗੱਲ ਨਹੀਂ ਸੀ। ਬਾਣੀ ਦੇ ਸਿਧਾਂਤਾਂ ਦੀ ਹਿਫ਼ਾਜ਼ਤ ਅਤੇ ਸਮਝ ਰੱਖਣ ਵਾਲਾ ਹੀ ਅਗਲਾ ਗੁਰੂ ਹੁੰਦਾ ਸੀ। ਇਸ ਲਈ ਜਿਸ ਵੇਲੇ ਬਾਦ ਦੇ ਗੁਰੂਆਂ ਨੇ ਜੋ ਵੀ ਬਾਣੀ ਲਿਖੀ ਉਹ ਸਪਸ਼ਟ ਰੂਪ ਵਿੱਚ ਗੁਰੂ ਨਾਨਕ ਦਾ ਨਾਮ ਵਰਤਦਿਆਂ ਲਿਖੀ ਅਤੇ ਨਿਸ਼ਚਤ ਤੋਰ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਅਨੁਸਾਰ ਲਿਖੀ ਜਾਂ ਪਰਵਾਣ ਕੀਤੀ।
ਗੁਰਬਾਣੀ ਵਿੱਚ ਗੁਰੂ ਨਾਨਕ ਦੀ ਵਿਸ਼ਾਲ ਮਾਨਸਕ ਸੋਚ ਦਾ ਪ੍ਰਗਟਾਵਾ ਹੈ। ਸਾਨੂੰ ਇਸ ਤੋਂ ਸਬਕ ਸਿੱਖਣੇ ਚਾਹੀਦੇ ਹਨ।
ਹਰਦੇਵ ਸਿੰਘ, ਜੰਮੂ




.